੧੦ ਚੇਤ ੨੦੧੯ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁਘੇ ਜ਼ਿਲਾ ਅੰਮ੍ਰਿਤਸਰ
ਮਨੀ ਸਿੰਘ ਆਇਆ ਬੁੱਢਾ ਨੱਢਾ ਬਾਬਾ, ਬਿਹਬਲ ਰਿਹਾ ਕੁਰਲਾਈਆ। ਮੈਂ ਨਾ ਜਾਣਾ ਤੇਰਾ ਕੇਡਾ ਵੱਡਾ ਛਾਬਾ, ਜੁਗ ਚੌਕੜੀ ਗੁਰ ਅਵਤਾਰ ਵਿਚ ਤੁਲਾਈਆ। ਮੈਂ ਹੋਕਾ ਦੇਦਾਂ ਰਿਹਾ ਨੇੜੇੇ ਨੇੜੇ ਮਾਝਾ ਮਾਲਵਾ ਦੁਆਬਾ, ਤੂੰ ਬ੍ਰਹਿਮੰਡਾਂ ਖੰਡਾਂ ਵਿਚ ਰਿਹਾ ਸਮਾਈਆ। ਮੈਂ ਰਸਨਾ ਜਿਹਵਾ ਵਜੌਂਦਾ ਰਿਹਾ ਤੇਰਾ ਵਾਜਾ, ਤੇਰਾ ਅਨਰਾਗੀ ਰਾਗ ਹੱਥ ਕੋਇ ਨਾ ਆਈਆ। ਮੈਂ ਲੱਤਾਂ ਪੈਰਾਂ ਨਾਲ ਫਿਰਿਆ ਭਾਜਾ, ਭੱਜ ਭੱਜ ਤੇਰਾ ਪੰਧ ਮੁਕਾਈਆ। ਮੈਂ ਵੇਖਿਆ ਤੂੰ ਮੇਰਾ ਰਾਜਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਨਾ ਪਾਰਾਵਾਰ, ਤੇਰੇ ਅੱਗੇ ਚਲੇ ਨਾ ਕੋਇ ਚਤੁਰਾਈਆ। ਤੇਰੇ ਅੱਗੇ ਕੀ ਚਤੁਰਾਈ, ਚਤੁਰਭੁਜ ਭੇਵ ਨਾ ਆਇਆ। ਲਿਖ ਲਿਖ ਥੱਕੀ ਮੇਰੀ ਕਲਮ ਸ਼ਾਹੀ, ਸ਼ਹਿਨਸ਼ਾਹ ਤੇਰਾ ਰਾਗ ਨਾ ਕਿਸੇ ਮੁਕਾਇਆ। ਮੈਂ ਦੇ ਦੇ ਗਿਆ ਦੁਹਾਈ, ਦੋਹਰਾ ਇਕੋ ਇਕ ਸੁਣਾਇਆ। ਤੂੰ ਪਰਦਾ ਰਿਹਾ ਪਾਈ, ਤੇਰਾ ਪਰਦਾ ਨਾ ਕੋਇ ਉਠਾਇਆ। ਤੇਰੇ ਹੱਥ ਤੇਰੀ ਵਡਿਆਈ, ਮੇਰਾ ਕੀਤਾ ਕੁਛ ਨਾ ਹੋਇਆ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਨਾ ਪਾਰਾਵਰ, ਬੇਅੰਤ ਤੇਰੀ ਵਡਿਆਇਆ। ਬੇਅੰਤ ਵਡਿਆਈ ਮੇਰੇ ਦਾਤਾਰ, ਮਹਿਮਾ ਅਕਥ ਕਥੀ ਨਾ ਜਾਈਆ। ਤੂੰ ਮੇਰਾ ਮੈਂ ਤੇਰਾ ਤੇਰੇ ਦਰ ਮੇਰਾ ਵਿਹਾਰ, ਮੇਰਾ ਘਰ ਤੋਹੇ ਸੁਹਾਈਆ। ਤੂੰ ਸਾਹਿਬ ਕੰਤ ਮੈਂ ਕੋਝੀ ਕਮਲੀ ਨਾਰ, ਬਿਨ ਤੇਰੇ ਰੰਗ ਬਸੰਤ ਨਾ ਕੋਇ ਚੜ੍ਹਾਈਆ। ਮੈਂ ਥੱਕੀ ਮਾਂਦੀ ਵਿਚ ਸੰਸਾਰ, ਬਾਂਦੀ ਤੇਰੀ ਸੇਵ ਕਮਾਈਆ। ਚਾਰੋਂ ਕੁੰਟ ਫਿਰਾ ਗਾਂਦੀ, ਤੇਰਾ ਢੋਲਾ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਤੇਰਾ ਭੇਵ ਕੋਇ ਨਾ ਪਾਈਆ। ਤੇਰਾ ਭੇਵ ਨਾ ਜਾਣੇ ਕੋਇ, ਭੇਵ ਅਭੇਦ ਰਖਾਇਆ। ਪਹਿਲੋਂ ਆਪਣੇ ਸਿਰ ਤੋਂ ਲਾਹੇ ਚੰਦੋਏ, ਪੜਦਾ ਸਭ ਦਾ ਦਏ ਚੁਕਾਇਆ। ਬਿਨ ਸਤਿਗੁਰ ਮਿਲੇ ਨਾ ਕਿਸੇ ਢੋਏ, ਖਾਲੀ ਮੰਦਰ ਰਹੇ ਕੁਰਲਾਇਆ। ਬਿਨ ਸਤਿਗੁਰ ਚਰਨ ਫੂਲਨਹਾਰ ਕਿਸੇ ਗਲ ਨਾ ਸੋਹੇ, ਤਨ ਮਾਟੀ ਖ਼ਾਕੀ ਕੰਮ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਦੇਵੇ ਵਰ, ਤੇਰਾ ਪ੍ਰੇਮ ਪਿਆਰ ਆਪਣੇ ਚਰਨਾਂ ਵਿਚ ਰਖਾਇਆ। ਬਿਨ ਚਰਨਾਂ ਨਾ ਕੋਇ ਪਿਆਰ, ਦੂਜੀ ਓਟ ਨਾ ਕੋਇ ਜਣਾਈਆ। ਬਿਨ ਚਰਨਾਂ ਨਾ ਕੋਇ ਆਧਾਰ, ਜਗਤ ਆਧਾਰ ਨਾ ਕੋਇ ਕਰਾਈਆ। ਬਿਨ ਚਰਨਾਂ ਨਾ ਕੋਇ ਵਪਾਰ, ਦੋ ਜਹਾਨ ਨਾ ਕੋਇ ਵਡਿਆਈਆ। ਬਿਨ ਚਰਨਾਂ ਨਾ ਕੋਇ ਸਿੰਗਾਰ, ਜੋਬਨ ਮਾਤ ਨਾ ਕੋਇ ਹੰਢਾਈਆ। ਪੁਰਖ ਅਬਿਨਾਸ਼ੀ ਆਪਣਾ ਕਰਕੇ ਸਚ ਵਿਹਾਰ, ਭੇਵ ਨਾ ਕਿਸੇ ਜਣਾਈਆ। ਫੂਲਨ ਮਾਲਾ ਗੁੰਦ ਗੁੰਦ ਹਾਰ, ਗੁਰਸਿਖਾਂ ਹੱਥ ਫੜਾਈਆ। ਅਛਲ ਛਲ ਕਰਕੇ ਅੱਖਾਂ ਸਾਮ੍ਹਣੇ ਆਪ ਨਿਰੰਕਾਰ, ਵਸਤ ਅਮਾਨਤ ਇਕ ਰਖਾਈਆ। ਸੋਲਾਂ ਮੱਘਰ ਬੀਸ ਦਸ ਸਿੰਘ ਮਨਜੀਤਾ ਕਰ ਤਿਆਰ, ਸਦਾ ਅਤੀਤਾ ਇਕ ਵਖਾਈਆ। ਕਿਸੇ ਭੇਵ ਨਾ ਆਇਆ ਕੀ ਕਰਕੇ ਗਿਆ ਬਣ ਠੱਗ ਚੋਰ ਯਾਰ, ਚੋਰੀ ਕਰਦਾ ਨਜ਼ਰ ਕਿਸੇ ਨਾ ਆਈਆ। ਖਾਲੀ ਕਰਕੇ ਗਿਆਂ ਭਾਂਡੇ ਘੜੇ ਘੁਮਿਆਰ, ਕਾਚੀ ਮਾਟੀ ਠੀਕਰ ਕੰਮ ਕਿਸੇ ਨਾ ਆਈਆ। ਏਥੋ ਚੁਕਿਆ ਓਥੇ ਰੱਖਿਆ ਆਪਣਾ ਕੀਤਾ ਸਚ ਵਿਹਾਰ, ਨਾਨਕ ਪੂਰੀ ਆਸ ਕਰਾਈਆ। ਹਰਿ ਗੋਬਿੰਦ ਖਿਚ ਕੇ ਗਿਆ ਲਕਾਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਸ਼ਬਦ ਵਿਚੋਲਾ ਬਣੇ ਆਪ ਨਿਰੰਕਾਰ, ਤੋਲ ਤੋਲੇ ਸੱਚਾ ਮਾਹੀਆ। ਪੜਦਾ ਉਹਲਾ ਰੱਖੇ ਵਿਚ ਸੰਸਾਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਨੀ ਸਿੰਘ ਤੇਰੀ ਲੱਜਿਆ ਪੱਤ ਆਪ ਰਖਾਈਆ। ਮਨੀ ਸਿੰਘ ਵੇਖ ਮਾਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਤੇਰੇ ਸੰਗੀ ਸਾਥੀ ਭਗਵੰਤ ਕਰ ਪਰਵਾਨ, ਆਪਣੇ ਰੰਗ ਰੰਗਾਇੰਦਾ। ਦਰਗਹਿ ਸਾਚੀ ਦਾ ਸਚ ਨਿਸ਼ਾਨ, ਲੋਕਮਾਤ ਆਪ ਚੜ੍ਹਾਇੰਦਾ। ਸਚਖੰਡ ਦਾ ਸਚ ਮਕਾਨ, ਭਗਤ ਦੁਆਰ ਆਪ ਬਣਾਇੰਦਾ। ਅੰਦਰ ਬਾਹਰ ਬੈਠ ਭਗਵਾਨ, ਬਣ ਸੇਵਕ ਸੇਵ ਕਮਾਇੰਦਾ। ਤੇਰਾ ਲੇਖਾ ਕਰ ਪਰਧਾਨ, ਲੇਖੇ ਆਪਣੇ ਵਿਚ ਰਖਾਇੰਦਾ। ਸ਼ਬਦੀ ਮੇਲਾ ਤੇਰਾ ਕਰੇ ਆਣ, ਪੰਜ ਤੱਤ ਨਾ ਕੋਇ ਵਡਿਆਇੰਦਾ। ਚਰਨ ਕਵਲ ਦੇ ਕੇ ਜਾਏ ਇਕ ਧਿਆਨ, ਨੇਤਰ ਨੈਣ ਨਾ ਕੋਇ ਉਠਾਇੰਦਾ। ਅੱਗੇ ਦੂਜਾ ਗੁਰੂ ਨਾ ਰਹੇ ਕੋਈ ਵਿਚ ਜਹਾਨ, ਗੁਰੂਆਂ ਪੀਰਾਂ ਸਦ ਸਦ ਪਿਛਲਾ ਲੇਖਾ ਸਰਬ ਮੁਕਾਇੰਦਾ। ਫੇਰ ਆ ਕੇ ਦੇਵੇ ਤੈਨੂੰ ਮਾਣ, ਆਪਣਾ ਮਾਣ ਵਧਾਇੰਦਾ। ਬਿਨ ਨੇਤਰਾਂ ਕਰ ਪਛਾਣ, ਬਿਨਾਂ ਅੱਖੀਆਂ ਰੰਗ ਵਖਾਇੰਦਾ। ਬਿਨ ਰਸਨਾ ਬੋਲ ਫ਼ਰਮਾਣ, ਬਿਨ ਦੰਦਾਂ ਮੁਖ ਸਲਾਹਿੰਦਾ। ਪੰਚਮ ਜੇਠ ਚੰਦ ਚੰਦੋਆਂ ਦੇਣਾ ਤਾਣ, ਹੁਕਮੀ ਹੁਕਮ ਆਪ ਸੁਣਾਇੰਦਾ। ਬਿਨ ਹਰਿ ਚਰਨ ਕਿਸੇ ਮਿਲੇ ਨਾ ਕੋਈ ਮਾਣ, ਅਭਿਮਾਨ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪਣੇ ਵਿਚ ਰਖਾਇੰਦਾ।
