੧੨ ਚੇਤ ੨੦੧੯ ਬਿਕ੍ਰਮੀ ਨਿਰੰਜਨ ਸਿੰਘ, ਕਰਤਾਰ ਸਿੰਘ ਦੇ ਗ੍ਰਹਿ ਚੰਬਲ ਜ਼ਿਲਾ ਅੰਮ੍ਰਿਤਸਰ
ਗੁਰਸਿਖ ਮੰਗ ਸਤਿਗੁਰ ਆਸ, ਆਸਾ ਪੂਰਨ ਹਰਿ ਰਘੁਰਾਈਆ। ਜਨਮ ਜਨਮ ਦੀ ਮਿਟੇ ਪਿਆਸ, ਜਿਸ ਜਨ ਆਪਣਾ ਭੇਵ ਚੁਕਾਈਆ। ਮਾਨਸ ਜਨਮ ਆਵੇ ਰਾਸ, ਜੂਨ ਅਜੂਨੀ ਪੰਧ ਮੁਕਾਈਆ। ਲੇਖੇ ਲੱਗੇ ਪਵਣ ਸਵਾਸ, ਸਵਾਸ ਸਵਾਸਾਂ ਲੇਖੇ ਪਾਈਆ। ਮੇਲ ਮਿਲਾਵਾ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਇਕੋ ਆਸ ਵਖਾਈਆ। ਇਕੋ ਆਸ ਸਤਿਗੁਰ ਚਰਨ, ਚਰਨ ਓਟ ਇਕ ਜਣਾਇੰਦਾ। ਨੇਤਰ ਖੁਲ੍ਹੇ ਹਰਨ ਫਰਨ, ਅਗਿਆਨ ਅੰਧੇਰ ਮਿਟਾਇੰਦਾ। ਦਾਤਾ ਮਿਲੇ ਕਰਨੀ ਕਰਨ, ਕਰਤਾ ਪੁਰਖ ਨਜ਼ਰੀ ਆਇੰਦਾ। ਨਾਤਾ ਤੁਟੇ ਜਨਮ ਮਰਨ, ਜੀਵਣ ਮੁਕਤ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਇਕੋ ਆਸ ਵਖਾਇੰਦਾ। ਇਕੋ ਆਸ ਸਤਿਗੁਰ ਰੰਗ, ਰੰਗ ਰੰਗੀਲਾ ਇਕ ਵਡਿਆਈਆ। ਆਤਮ ਅੰਤਰ ਮੇਲ ਮਿਲਾਵਾ ਸੇਜ ਪਲੰਘ, ਸੁਹੰਜਣੀ ਸੇਜ ਇਕ ਸੁਹਾਈਆ। ਗ੍ਰਹਿ ਮੰਦਰ ਵਜਾਏ ਅਨਹਦ ਮਰਦੰਗ, ਅਨਾਦੀ ਨਾਦ ਵਜਾਈਆ। ਪੰਚ ਵਿਕਾਰਾ ਕਰੇ ਖੰਡ ਖੰਡ, ਨਾਮ ਖੰਡਾ ਇਕ ਚਮਕਾਈਆ। ਜੂਠ ਝੂਠ ਦੇਵੇ ਦੰਡ, ਬਲ ਆਪਣਾ ਆਪ ਧਰਾਈਆ। ਸੁਰਤੀ ਸ਼ਬਦੀ ਟੁੱਟੀ ਦੇਵੇ ਗੰਢ, ਗੰਢਣਹਾਰ ਬੇਪਰਵਾਹੀਆ। ਆਤਮ ਬਖ਼ਸ਼ੇ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਬਿਨ ਰਸਨਾ ਜਿਹਵਾ ਸੁਣਾਏ ਛੰਦ, ਗੀਤ ਸੁਹਾਗੀ ਆਪੇ ਗਾਈਆ। ਗੁਰਸਿਖ ਅੰਤ ਹੋਵੇ ਨਾ ਨੰਗੀ ਕੰਡ, ਸਮਰਥ ਦੇਵੇ ਮਾਣ ਵਡਿਆਈਆ। ਏਥੇ ਓਥੇ ਦੋ ਜਹਾਨ ਰੱਖੇ ਠੰਡ, ਤੱਤੀ ਵਾ ਨਾ ਲੱਗੇ ਰਾਈਆ। ਸਤਿਗੁਰ ਦਿਆਲ ਠਾਕਰ ਸੁਆਮੀ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਸਾ ਚਰਨ ਭਰਵਾਸਾ, ਚਰਨ ਚਰਨੋਦਕ ਚਰਨਾਮਤ ਏਕਾ ਰਸ ਪਿਆਈਆ।
