੧੧ ਚੇਤ ੨੦੧੯ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਚੰਬਲ ਜ਼ਿਲਾ ਅੰਮ੍ਰਿਤਸਰ
ਸਚਖੰਡ ਨਿਵਾਸੀ ਹਰਿ ਨਿਰੰਕਾਰਾ, ਧੁਰ ਫ਼ਰਮਾਣਾ ਹੁਕਮ ਜਣਾਈਆ। ਸ਼ਬਦੀ ਸੁਤ ਉਠ ਬਲਕਾਰਾ, ਬਲ ਆਪਣਾ ਆਪ ਪਰਗਟਾਈਆ। ਸਰਗੁਣ ਅੰਤਮ ਮਾਤ ਹਾਰਾ, ਪੰਜ ਤੱਤ ਦਏ ਦੁਹਾਈਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਨਵ ਨੌਂ ਪਈ ਲੜਾਈਆ। ਨੇਤਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਭਰਮੇ ਭੁੱਲਾ ਸਰਬ ਸੰਸਾਰਾ, ਭਰਮ ਗੜ੍ਹ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ । ਸਚ ਸੰਦੇਸਾ ਸ਼ਬਦੀ ਸੁਤ ਹਰਿ ਹਰਿ ਆਖ ਸੁਣਾਇੰਦਾ। ਹੁਕਮ ਦੇਵੇ ਅਬਿਨਾਸ਼ੀ ਅਚੁੱਤ, ਏਕਾ ਵਾਰ ਜਣਾਇੰਦਾ। ਨਿਰਗੁਣ ਰੂਪ ਬਣਿਆ ਪੁਰਖ, ਤੱਤਵ ਤੱਤ ਨਾ ਕੋਇ ਬਣਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਨੇਤਰ ਲੋਚਣ ਪੇਖ, ਜਗਤ ਅੰਧੇਰਾ ਏਕਾ ਛਾਇੰਦਾ। ਸਚ ਸੁੱਚ ਮਿਟੀ ਰੇਖ, ਜੂਠ ਝੂਠ ਅੰਧੇਰਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਜਣਾਇੰਦਾ। ਸੁਤ ਸ਼ਬਦ ਜਾਏ ਜਾਗ, ਆਪਣੀ ਲਏ ਅੰਗੜਾਈਆ। ਥਿਰ ਘਰ ਸਾਚੇ ਲੱਗੇ ਭਾਗ, ਗ੍ਰਹਿ ਮੰਦਰ ਵੱਜੇ ਵਧਾਈਆ। ਦੋ ਜਹਾਨ ਵਜਾਏ ਨਾਦ, ਏਕਾ ਧੁੰਨ ਸੁਣਾਈਆ। ਖ਼ਬਰ ਕਰਾਏ ਬ੍ਰਹਮ ਬ੍ਰਹਿਮਾਦਿ, ਲੋਆਂ ਪੁਰੀਆਂ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਸੁਤ ਕਹੇ ਬੋਲ, ਪ੍ਰਭ ਅੱਗੇ ਸੀਸ ਝੁਕਾਈਆ। ਤੁੰ ਸਾਹਿਬ ਵਸਣਾ ਮੇਰੇ ਕੋਲ, ਮੈਂ ਤੇਰੀ ਓਟ ਤਕਾਈਆ। ਲੱਖ ਚੁਰਾਸੀ ਦੇਵਾਂ ਤੋਲ, ਨਾਮ ਕੰਡਾ ਹੱਥ ਉਠਾਈਆ। ਦੋ ਜਹਾਨਾਂ ਪੜਦਾ ਦੇਵਾਂ ਖੋਲ੍ਹ, ਦਰ ਦਰਵਾਜ਼ਾ ਇਕ ਵਖਾਈਆ। ਲੱਖ ਚੁਰਾਸੀ ਅੰਦਰ ਮੰਦਰ ਵਜਾਵਾਂ ਢੋਲ, ਮਰਦੰਗਾ ਆਪਣਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਵੇਖਾਂ ਚਾਈਂ ਚਾਈਂਆ। ਸ਼ਬਦ ਸੁਤ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਤਖ਼ਤ ਨਿਵਾਸੀ ਏਕੰਕਾਰ, ਤੇਰਾ ਭੇਵ ਕੋਇ ਨਾ ਪਾਇੰਦਾ। ਜੁਗ ਜੁਗ ਪੰਜ ਤੱਤ ਦੇਂਦਾ ਰਿਹਾ ਅਧਾਰ, ਕਾਇਆ ਚੋਲਾ ਆਪ ਹੰਢਾਇੰਦਾ। ਰੂਪ ਧਰ ਧਰ ਗੁਰ ਅਵਤਾਰ, ਗੁਰ ਗੁਰ ਆਪਣਾ ਖੇਲ ਕਰਾਇੰਦਾ। ਅਨਹਦ ਨਾਦ ਸੱਚੀ ਗੁਫ਼ਤਾਰ, ਗੁਫ਼ਤ ਸ਼ੁਨੀਦ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹਿੰਦਾ। ਤੇਰੇ ਅੱਗੇ ਝੋਲੀ ਡਾਹ, ਏਕਾ ਮੰਗ ਮੰਗਾਈਆ। ਤੂੰ ਪੁਰਖ ਅਬਿਨਾਸ਼ੀ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਤੂੰ ਸਚਖੰਡ ਵਸੇਂ ਸਾਚੇ ਥਾਂ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਮੈਂ ਥਿਰ ਘਰ ਬੈਠਾ ਡੇਰਾ ਲਾ, ਤੇਰੇ ਚਰਨਾਂ ਓਟ ਤਕਾਈਆ। ਤੂੰ ਮੇਰਾ ਮੈਂ ਤੇਰਾ ਤੁਧ ਬਿਨ ਕੋਈ ਨਾ ਦਿਸੇ ਥਾਂ, ਸੀਸ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਅੱਗੇ ਕਰਾਂ ਅਰਜ਼ੋਈਆ। ਤੁਧ ਅੱਗੇ ਕਰਾਂ ਅਰਜ਼ੋਈ ਅਰਦਾਸ, ਦੋਏ ਦੋਏ ਜੋੜ ਬੇਨੰਤੀਆ। ਮੈਂ ਸੇਵਕ ਤੇਰਾ ਦਾਸੀ ਦਾਸ, ਤੂੰ ਸਾਹਿਬ ਸੁਲਤਾਨ ਸੋਭਾਵੰਤੀਆ। ਤੂੰ ਸਦਾ ਸੁਹੇਲੇ ਵਸਣਾ ਪਾਸ, ਕਰਨਾ ਖੇਲ ਨਾਰੀ ਕੰਤੀਆ। ਮੇਰੀ ਪੂਰੀ ਕਰਨੀ ਆਸ, ਸਾਚੀ ਸੇਜਾ ਇਕ ਸੁਹੰਤੀਆ। ਤੇਰਾ ਨੂਰ ਜੋਤ ਪਰਕਾਸ਼, ਮੇਰਾ ਨਾਦ ਧੁਨ ਵਜੰਤੀਆ। ਤੂੰ ਆਦਿ ਪੁਰਖ ਅਬਿਨਾਸ਼, ਮੈਂ ਜੁਗ ਜੁਗ ਖੇਲ ਵਖੰਤੀਆ। ਤੂੰ ਸਾਹਿਬ ਸਰਬ ਗੁਣਤਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੀਨ ਦਿਆਲ ਸੁਣ ਬੇਨੰਤੀਆ। ਦੀਨ ਦਿਆਲ ਅੰਤਰਜਾਮੀ, ਤੇਰੀ ਵਡ ਵਡੀ ਵਡਿਆਈਆ। ਤੂੰ ਆਦਿ ਜੁਗਾਦਿ ਸਦਾ ਨੇਹਕਾਮੀ, ਨਿਹਚਲ ਬੈਠਾ ਆਸਣ ਲਾਈਆ। ਤੂੰ ਘਟ ਘਟ ਦਾਤਾ ਅੰਤਰਜਾਮੀ, ਤੇਰਾ ਭੇਵ ਕੋਇ ਨਾ ਆਈਆ। ਆਦਿ ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਨ ਤੇਰੀ ਬਾਣੀ, ਤੇਰੀ ਤਾਰ ਸਿਤਾਰ ਹਿਲਾਈਆ। ਜੁਗਾ ਜੁਗੰਤਰ ਅਕਥ ਕਹਾਣੀ, ਕਥਨੀ ਕਥ ਕਥ ਆਪ ਸੁਣਾਈਆ। ਜਿਸ ਜਨ ਦੇਵੇਂ ਆਪਣੀ ਸਚ ਨਿਸ਼ਾਨੀ, ਸੋ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਸਰਨ ਤੇਰੀ ਤਕਾਈਆ। ਸਾਚੀ ਸਰਨ ਤੇਰੀ ਤੱਕ, ਆਸਰਾ ਤੇਰਾ ਰਖਾਇਆ। ਤੂੰ ਸਾਹਿਬ ਸੁਲਤਾਨ ਪੁਰਖ ਸਮਰਥ, ਬੇਅੰਤ ਤੇਰੀ ਸ਼ਹਿਨਸ਼ਾਹਿਆ। ਜੁਗ ਜੁਗ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਇਆ। ਗੁਰ ਗੁਰ ਗਾਏ ਤੇਰੀ ਗਾਥ, ਸ਼ਬਦੀ ਸ਼ਬਦ ਨਾਉਂ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਸੀਸ ਝੁਕਾਇਆ। ਤੇਰੇ ਚਰਨਾਂ ਸੀਸ ਗਿਆ ਝੁਕ, ਝੁਕ ਝੁਕ ਸੀਸ ਨਿਵਾਈਆ। ਜੁਗ ਚੌਕੜੀ ਪੈਂਡਾ ਰਿਹਾ ਮੁੱਕ, ਗੇੜਾ ਗੇੜੇ ਵਿਚ ਭੁਵਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਤੇਰੀ ਰੁੱਤ, ਰੁੱਤ ਰੁੱਤੜੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤੁਧ ਬਿਨ ਅਵਰ ਨਾ ਕੋਇ ਸਹਾਰਾ, ਗੁਰ ਸ਼ਬਦੀ ਮੰਗ ਮੰਗਾਇੰਦਾ। ਆਦਿ ਜੁਗਾਦਿ ਤੇਰਾ ਪਸਾਰਾ, ਤੂੰ ਕਰ ਕਰ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਕਰੋੜ ਤੇਤੀਸਾ ਤੇਰਾ ਰਾਹ ਤਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਮ ਅਧਾਰਾ, ਤੁਧ ਬਿਨ ਲੋਕਮਾਤ ਨਜ਼ਰ ਕੋਇ ਨਾ ਆਇੰਦਾ। ਤੇਰਾ ਰਾਗ ਤੇਰਾ ਧੁੰਨਕਾਰਾ, ਰਾਗੀ ਰਾਗ ਨਾ ਕੋਇ ਅਲਾਇੰਦਾ। ਤੇਰਾ ਮੰਗਲ ਤੇਰਾ ਅਖਾੜਾ, ਤੁਧ ਬਿਨ ਨਾਚ ਨਾ ਕੋਇ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਜੋੜ ਵਾਸਤਾ ਪਾਇੰਦਾ। ਦੋਏ ਜੋੜ ਚਰਨੀ ਢੱਠ, ਸੁਤ ਸ਼ਬਦੀ ਸੀਸ ਨਿਵਾਈਆ। ਏਕਾ ਦੇ ਦੇ ਆਪਣੀ ਵੱਥ, ਵਸਤ ਅਮੋਲਕ ਮੰਗ ਮੰਗਾਈਆ। ਤੇਰੇ ਅੰਦਰ ਤੇਰਾ ਹੋ ਕੇ ਜਾਵਾਂ ਵਸ, ਦੂਸਰ ਮੰਦਰ ਕੋਇ ਨਾ ਭਾਈਆ। ਤੇਰਾ ਮਾਰਗ ਦੇਵਾਂ ਦੱਸ, ਬਣ ਦਾਸੀ ਦਾਸ ਸੇਵ ਕਮਾਈਆ। ਤੇਰਾ ਪੰਧ ਮੁਕਾਵਾਂ ਨੱਸ ਨੱਸ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸੋ ਪੁਰਖ ਨਿਰੰਜਣ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਹੋ ਪ੍ਰਿਤਪਾਲਾ, ਪ੍ਰਿਤਪਾਲਕ ਸਿਰ ਆਪਣਾ ਹੱਥ ਟਿਕਾਇੰਦਾ। ਏਕੰਕਾਰਾ ਮਾਰਗ ਦੱਸੇ ਸੁਖਾਲਾ, ਸਾਚਾ ਰਾਹ ਆਪ ਜਣਾਇੰਦਾ। ਆਦਿ ਨਿਰੰਜਣ ਨੂਰ ਕਰ ਉਜਾਲਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨਿਭੇ ਨਾਲਾ, ਸਗਲਾ ਸੰਗ ਨਿਭਾਇੰਦਾ। ਸ੍ਰੀ ਭਗਵਨ ਵਖਾਏ ਇਕ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਬਣ ਪਰਧਾਨਾ, ਸਾਚੇ ਤਖ਼ਤ ਸੋਭਾ ਪਾਇੰਦਾ। ਸ਼ਾਹ ਪਾਤਸ਼ਾਹ ਬਣ ਰਾਜ ਰਾਜਾਨਾ, ਹੁਕਮੀ ਹੁਕਮ ਆਪ ਵਰਤਾਇੰਦਾ। ਸਚਖੰਡ ਸੁਹਾਏ ਸਚ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਦੀਪਕ ਦੀਆ ਇਕ ਮਹਾਨਾ, ਜੋਤੀ ਜਾਤਾ ਆਪ ਜਗਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣਾ, ਸਚ ਸੰਦੇਸਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਦੀਨ ਦਿਆਲ ਹਰਿ ਨਿਰੰਕਾਰਾ, ਆਪਣੀ ਦਇਆ ਕਮਾਈਆ। ਸ਼ਬਦ ਸੁਤ ਤੇਰਾ ਬਲਕਾਰਾ, ਬਲ ਤੇਰੇ ਵਿਚ ਧਰਾਈਆ। ਜੁਗ ਚੌਕੜੀ ਪਾਰ ਕਿਨਾਰਾ, ਪੰਜ ਤੱਤ ਗੁਰ ਅਵਤਾਰ ਲੋਕਮਾਤ ਗਏ ਸੇਵ ਕਮਾਈਆ। ਅੱਖਰ ਅੱਖਰ ਨਾਮ ਬੋਲ ਜੈਕਾਰਾ, ਜੀਵ ਜੰਤ ਜੰਤ ਪੜ੍ਹਾਈਆ। ਲੇਖਾ ਲਿਖ ਲਿਖ ਗਏ ਬਣ ਲਿਖਾਰਾ, ਕਲਮ ਸ਼ਾਹੀ ਨਾਲ ਮਿਲਾਈਆ। ਸਿਖਿਆ ਦੇ ਦੇ ਗਏ ਹਾਰਾ, ਮਨ ਮਤ ਬੁਧ ਸਮਝ ਨਾ ਰਾਈਆ। ਭਿਛਿਆ ਪਾ ਪਾ ਵਣਜ ਕਰ ਕਰ ਗਏ ਵਾਪਾਰਾ, ਜਗਤ ਹਟਵਾਣਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਚਾਰ ਜੁਗ ਗੁਰ ਅਵਤਾਰ, ਲੋਕਮਾਤ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰ, ਰੂਪ ਅਨੂਪ ਆਪ ਵਟਾਈਆ। ਖਾਣੀ ਬਾਣੀ ਦੋ ਜਹਾਨ ਕਰ ਤਿਆਰ, ਸ਼ਬਦੀ ਰਾਗ ਨਾਦ ਅਲਾਈਆ। ਕਾਗਜ ਕਲਮ ਨਾ ਪਾਵੇ ਸਾਰ, ਲਿਖ ਲਿਖ ਥੱਕੀ ਕਲਮ ਸ਼ਾਹੀਆ। ਬੇਅੰਤ ਬੇਅੰਤ ਬੇਅੰਤ ਸਭ ਗਏ ਪੁਕਾਰ, ਅੰਤ ਕੋਇ ਨਾ ਪਾਈਆ। ਪੰਜ ਤੱਤ ਕਾਇਆ ਚੋਲਾ ਗਏ ਪਾੜ, ਜਗਤ ਨਿਸ਼ਾਨ ਨਾ ਕੋਇ ਵਖਾਈਆ। ਇਕ ਨਿਸ਼ਾਨਾ ਦੱਸ ਕੇ ਗਏ ਵਿਚ ਸੰਸਾਰ, ਬਿਨ ਹਰਿ ਨਿਰੰਕਾਰ ਦੂਜਾ ਕੋਇ ਰਹਿਣ ਨਾ ਪਾਈਆ। ਚਾਕਰ ਚਾਕ ਦਾਸੀ ਦਾਸ ਬਣ ਬਣ ਸੇਵਾਦਾਰ, ਖਾਕੀ ਖ਼ਾਕ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ । ਹਰਿ ਕਾ ਭੇਵ ਨਾ ਪਾਏ ਭੇਦ, ਭੇਦ ਕਿਸੇ ਨਾ ਪਾਇਆ। ਬ੍ਰਹਮਾ ਗਾ ਗਾ ਥੱਕਾ ਵੇਦ, ਵੇਦ ਵਿਆਸਾ ਪੁਰਾਨ ਅਠਾਰਾਂ ਸੋਹਲਾ ਗਾਇਆ। ਆਦਿ ਜੁਗਾਦੀ ਅਛਲ ਅਛੇਦ, ਗੁਰ ਅਵਤਾਰਾਂ ਧੰਦੇ ਰਿਹਾ ਲਗਾਇਆ। ਲੱਖ ਚੁਰਾਸੀ ਆਪੇ ਵੇਖ, ਘਟ ਘਟ ਆਪ ਸਮਾਇਆ। ਵਸਣਹਾਰਾ ਸਚਖੰਡ ਸਾਚੇ ਦੇਸ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਨਾਚ ਨਚਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਅਵੱਲੜਾ ਵੇਸ, ਵੇਸ ਅਨੇਕਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਸਾਚਾ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਿਖਾਈਆ। ਨਿਰਗੁਣ ਸਰਗੁਣ ਗੁਪਤ ਜ਼ਾਹਰਾ, ਦੋਏ ਦੋਏ ਆਪਣੀ ਧਾਰ ਚਲਾਈਆ। ਜੋਤ ਸ਼ਬਦ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਸ੍ਰੀ ਭਗਵਾਨ, ਸ਼ਬਦੀ ਸ਼ਬਦ ਆਪ ਜਣਾਇੰਦਾ। ਪਰਗਟ ਹੋਣਾਂ ਵਿਚ ਜਹਾਨ, ਬਲ ਤੇਰਾ ਆਪ ਧਰਾਇੰਦਾ। ਨਵ ਨੌਂ ਚਾਰ ਆਈ ਹਾਣ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਗਿਆਨ, ਜੀਵ ਜੰਤ ਧਿਆਨ ਨਾ ਕੋਇ ਲਗਾਇੰਦਾ। ਮਨ ਬੁੱਧੀ ਹੋਈ ਪਰਧਾਨ, ਮਤ ਮਤਵਾਲੀ ਖੇਲ ਖਿਲਾਇੰਦਾ। ਹਰਿ ਕਾ ਨਾਉਂ ਨਾ ਮਿਲੇ ਕਿਸੇ ਨਿਸ਼ਾਨ, ਸਚ ਨਿਸ਼ਾਨਾ ਨਾ ਕੋਇ ਲਗਾਇੰਦਾ। ਚਾਰੇ ਖਾਣੀ ਬੇਈਮਾਨ, ਬੇਐਬ ਭੇਵ ਕੋਇ ਨਾ ਪਾਇੰਦਾ। ਚਾਰੇ ਬਾਣੀ ਹੋਈ ਹੈਰਾਨ, ਹਰਿ ਕਾ ਰੂਪ ਨਾ ਕੋਇ ਦਰਸਾਇੰਦਾ। ਚਾਰੇ ਵਰਨ ਹੋਏ ਸ਼ੈਤਾਨ, ਸ਼ਰੀਅਤ ਹੱਕ ਨਾ ਕੋਇ ਰਖਾਇੰਦਾ। ਚਾਰੇ ਜੁਗ ਹੋਏ ਪਰਧਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਵਖਾਇੰਦਾ। ਸ਼ਬਦ ਗੁਰ ਵੇਖ ਮਾਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇਆ। ਕਲਜੁਗ ਵੱਡਾ ਵਡ ਬਲਵਾਨ, ਲੱਖ ਚੁਰਾਸੀ ਰਿਹਾ ਭੁਲਾਇਆ। ਚਾਰ ਬਾਣੀ ਨਾ ਜਾਣੇ ਕੋਈ ਗਿਆਨ, ਪੜ੍ਹ ਪੜ੍ਹ ਵਾਦ ਵਧਾਇਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਘਰ ਘਰ ਆਪਣਾ ਨਾਚ ਨਚਾਇਆ। ਜੂਠ ਝੂਠ ਹੋਇਆ ਪਰਧਾਨ, ਡੌਰੂ ਡੰਕਾ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਇਆ। ਸਚ ਸੰਦੇਸਾ ਸੁਣ ਲੈ ਮੀਤ, ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਵੇਖ ਅੰਤਮ ਰੀਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜਗਤ ਅੰਧੇਰਾ ਗੁਰਦੁਆਰ ਮੰਦਰ ਮਸੀਤ, ਸ਼ਿਵਦਵਾਲਾ ਮੱਠ ਸਰਬ ਕੁਰਲਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧਾ ਕੋਇ ਨਾ ਰੱਖੇ ਸਾਚੀ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਇੰਦਾ। ਸਭ ਦੀ ਬੁੱਧੀ ਹੋਈ ਪੁਲੀਤ, ਪਵਿਤ ਰੂਪ ਨਾ ਕੋਇ ਵਟਾਇੰਦਾ। ਹਰਿ ਕਾ ਗਾਏ ਨਾ ਕੋਇ ਗੀਤ, ਗੀਤ ਗੋਬਿੰਦ ਨਾ ਕੋਇ ਗਾਇੰਦਾ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਤਬਕ ਸਰਬ ਕੁਰਲਾਇੰਦਾ। ਕਰੇ ਖੇਲ ਆਪ ਅਨਡੀਠ, ਆਲਮ ਉਲਮਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਜਗਾਇੰਦਾ। ਸ਼ਬਦੀ ਸ਼ਬਦ ਵੇਖ ਚਾਰ ਕੁੰਟ, ਹਰਿ ਸਾਚਾ ਸਚ ਜਣਾਈਆ। ਕਿਸੇ ਕੂਟ ਦਿਸੇ ਨਾ ਰੁੱਤ ਬਸੰਤ, ਖ਼ਿਜ਼ਾ ਆਪਣੀ ਰੁੱਤ ਵਖਾਈਆ। ਲੱਖ ਚੁਰਾਸੀ ਸੇਜ ਖਾਲੀ ਬਿਨ ਹਰਿ ਜੂ ਕੰਤ, ਨਾਰ ਦੁਹਾਗਣ ਦਏ ਦੁਹਾਈਆ। ਗੁਰ ਕਾ ਸ਼ਬਦ ਨਾ ਮਣੀਆ ਮੰਤ, ਮਨ ਕੀ ਵਾਸਨਾ ਨਾ ਕੋਇ ਮਿਟਾਈਆ। ਘਰ ਘਰ ਗੜ੍ਹ ਬਣਿਆ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਪਈ ਲੜਾਈਆ। ਸ੍ਰਿਸ਼ਟ ਸਬਾਈ ਹੋਈ ਨੰਗਤ, ਬਿਨ ਹਰਿ ਨਾਮੇ ਪੜਦਾ ਕੋਇ ਨਾ ਪਾਈਆ। ਮਾਨਸ ਜਨਮ ਹੋਣਾ ਭੰਗਤ, ਮਨੁਖ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਦਏ ਵਖਾਈਆ। ਏਕਾ ਵਾਰ ਲੈਣਾ ਵੇਖ, ਹਰਿ ਜੂ ਹਰਿ ਹਰਿ ਆਖ ਆਖ ਸੁਣਾਇਆ। ਲੱਖ ਚੁਰਾਸੀ ਮਿਟਣੀ ਰੇਖ, ਰੂਪ ਰੇਖ ਨਾ ਕੋਇ ਵਡਿਆਇਆ। ਪੁਰਖ ਅਗੰਮਾ ਧਾਰੇ ਭੇਸ, ਜੋਤੀ ਜਾਤਾ ਰੂਪ ਵਟਾਇਆ। ਸ਼ਬਦੀ ਸ਼ਬਦ ਬਣ ਨਰੇਸ਼, ਨਰ ਨਰਾਇਣ ਆਪ ਜਣਾਇਆ। ਜੀਵ ਜੰਤ ਹੋਏ ਮਲੇਛ, ਮੈਲ ਦੁਰਮਤ ਨਾ ਕੋਇ ਧੁਵਾਇਆ। ਬਾਹਰੋਂ ਕਰ ਕਰ ਬੈਠੇ ਭੇਖ, ਅੰਤਰ ਭਵਿਖਤ ਵਾਕ ਨਾ ਕੋਇ ਜਣਾਇਆ। ਕਿਸੇ ਨਜ਼ਰ ਨਾ ਆਏ ਗੁਰ ਦਸਮੇਸ਼, ਦਹਿ ਦਿਸ਼ਾ ਨੈਣ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਰਿਹਾ ਖੁਲ੍ਹਾਇਆ। ਏਕਾ ਭੇਵ ਖੋਲ੍ਹੇ ਕਰਤਾਰਾ, ਆਪਣਾ ਆਪ ਜਣਾਈਆ। ਕਲਜੁਗ ਅੰਤਮ ਕੂੜ ਕੁੜਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਭਰਮੇ ਭੁੱਲਾ ਭਰਮ ਸੰਸਾਰਾ, ਭਰਮ ਗੜ੍ਹ ਨਾ ਕੋਇ ਤੁੜਾਈਆ। ਨਾਤਾ ਤੁਟਾ ਪੁਰਖ ਨਾਰਾ, ਵਿਭਚਾਰ ਕਰੇ ਸਰਬ ਲੋਕਾਈਆ। ਨਾ ਕੋਈ ਦੀਸੇ ਹਰਿ ਮੰਦਰ ਸੱਚਾ ਗੁਰੂਦੁਆਰਾ, ਸਤਿਗੁਰ ਰੂਪ ਨਜ਼ਰ ਕਿਸੇ ਨਾ ਆਈਆ। ਪੰਜ ਤੱਤ ਕਾਇਆ ਅਗਨੀ ਲੱਗੀ ਤੱਤੀ ਹਾੜਾ, ਤੱਤਵ ਤੱਤ ਰਿਹਾ ਜਲਾਈਆ। ਅੰਮ੍ਰਿਤ ਮਿਲੇ ਨਾ ਠੰਡਾ ਠਾਰਾ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਦੀਪਕ ਦੀਆ ਨਾ ਹੋਏ ਉਜਿਆਰਾ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਚਰਨ ਕਵਲ ਨਾ ਦੇਵੇ ਕੋਈ ਸਹਾਰਾ, ਧਰਨੀ ਧਵਲ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਗੁਰ ਤੇਰੀ ਸੇਵਾ ਇਕ ਲਗਾਈਆ। ਸਾਚੀ ਸੇਵਾ ਜਾਣਾ ਲੱਗ, ਸਚਖੰਡ ਨਿਵਾਸੀ ਆਪ ਜਣਾਇਆ । ਪਰਗਟ ਹੋ ਸੂਰੇ ਸਰਬੱਗ, ਤੇਰਾ ਵੇਲਾ ਅੰਤਮ ਆਇਆ। ਲੱਖ ਚੁਰਾਸੀ ਹੰਸ ਹੋਇਆ ਕੱਗ, ਕਾਗ ਵਾਂਗ ਕੁਰਲਾਇਆ। ਨੌਂ ਖੰਡ ਪ੍ਰਿਥਮੀ ਲੱਗੀ ਅੱਗ, ਹਵਨ ਕੁੰਡ ਤਪਾਇਆ। ਕੂੜ ਨਗਾਰਾ ਰਿਹਾ ਵੱਜ, ਕਲਜੁਗ ਡੰਕਾ ਹੱਥ ਉਠਾਇਆ। ਕੋਈ ਨਾ ਸਕੇ ਪੜਦਾ ਕੱਜ, ਗੁਰ ਅਵਤਾਰ ਬੈਠੇ ਮੁੱਖ ਛੁਪਾਇਆ। ਮੱਕਾ ਕਾਅਬਾ ਕੋਈ ਨਾ ਹੱਜ, ਪੀਰ ਦਸਤਗੀਰ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਇਆ। ਸਚ ਸੰਦੇਸਾ ਸੁਣ ਲੈ ਗੱਲ, ਹਰਿ ਜੂ ਆਪਣੀ ਦਇਆ ਕਮਾਈਆ। ਨਵ ਨੌਂ ਚਾਰ ਕਰਦਾ ਆਇਆ ਵਲ ਛਲ, ਗੁਰ ਅਵਤਾਰ ਸੇਵ ਲਗਾਈਆ। ਆਪ ਬੈਠਾ ਰਿਹਾ ਨਿਹਚਲ ਧਾਮ ਅਟੱਲ, ਸਚਖੰਡ ਡੇਰਾ ਲਾਈਆ। ਸਰਬ ਵਿਆਪੀ ਹੋ ਕੇ ਘਟ ਘਟ ਗਿਆ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਨਾਮ ਸੰਦੇੇਸਾ ਘੱਲ ਘੱਲ, ਜੀਵਾਂ ਜੰਤਾਂ ਰਾਹ ਚਲਾਈਆ। ਕਲਜੁਗ ਅੰਤਮ ਚਾਰ ਜੁਗ ਦਾ ਵੇਖੇ ਫਲ, ਸਤਿਜੁਗ ਤ੍ਰੇਤਾ ਦੁਆਪਰ ਪੂਰਬ ਲਹਿਣਾ ਵੇਖ ਵਖਾਈਆ। ਕਲਜੁਗ ਅੰਧੇਰਾ ਡੂੰਘੀ ਡਲ, ਸ੍ਰਿਸ਼ਟ ਸਬਾਈ ਨੈਣ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਏਕਾ ਗੁਣ ਜਣਾਈਆ। ਗੁਣਵੰਤਾ ਹਰਿ ਗੁਣ ਨਿਧਾਨ, ਏਕਾ ਗੁਣ ਸਮਝਾਇੰਦਾ। ਕਲਜੁਗ ਮੇਟਣਾ ਅੰਤ ਨਿਸ਼ਾਨ, ਨਿਸ਼ਾਨਾ ਜਗਤ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੁੱਟੇ ਮਾਣ, ਅਭਿਮਾਨ ਆਪਣੇ ਹੱਥ ਰਖਾਇੰਦਾ। ਚਾਰ ਵੇਦ ਹੋਣ ਹੈਰਾਨ, ਸ਼ਾਸਤਰ ਸਿਮਰਤ ਪੁਰਾਨ ਨੈਣ ਸ਼ਰਮਾਇੰਦਾ। ਗੀਤਾ ਮੁੱਕੇ ਅੰਤ ਗਿਆਨ, ਅੱਠ ਦਸ ਨਾ ਕੋਇ ਪੜ੍ਹਾਇੰਦਾ। ਅੰਜ਼ੀਲ ਕੁਰਾਨ ਸਰਬ ਕੁਰਲਾਣ, ਨੇਤਰ ਨੈਣ ਨੀਰ ਵਹਾਇੰਦਾ। ਬਾਣੀ ਮਾਰੇ ਨਿਰਾਲਾ ਬਾਣ, ਅਣਿਆਲਾ ਤੀਰ ਹੱਥ ਕਿਸੇ ਨਾ ਆਇੰਦਾ। ਜੀਵ ਜੰਤ ਹੋਏ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕੂੜੋ ਕੂੜ ਹੋਇਆ ਪਰਧਾਨ, ਸਚ ਸੁੱਚ ਮੁਖ ਸ਼ਰਮਾਇੰਦਾ। ਗੁਰ ਕਾ ਗਿਆਨ ਨਾ ਸਕੇ ਕੋਈ ਵਖਾਨ, ਰਸਨਾ ਜਿਹਵਾ ਸਰਬ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਆਪ ਸਮਝਾਇੰਦਾ। ਸਾਚੇ ਸ਼ਬਦ ਚੜ੍ਹਿਆ ਚਾਅ, ਸੁਣਿਆ ਹਰਿ ਫ਼ਰਮਾਣਾ। ਪੰਜ ਤੱਤ ਨਾਤਾ ਤੋੜਿਆ ਸ਼ਹਿਨਸ਼ਾਹ, ਨਜ਼ਰ ਨਾ ਆਏ ਜਗਤ ਨਿਸ਼ਾਨਾ। ਸਾਚਾ ਹੁਕਮ ਦਿਆਂ ਵਰਤਾ, ਪੁਰਖ ਅਬਿਨਾਸ਼ੀ ਤੇਰਾ ਭਾਣਾ। ਵਿਸ਼ਨ ਬ੍ਰਹਮਾ ਸ਼ਿਵ ਅੰਤ ਦਿਆਂ ਕਰਾ, ਸੁਰਪਤ ਇੰਦ ਪੰਧ ਮੁਕਾਣਾ। ਕਰੋੜ ਤੇਤੀਸਾ ਡੇਰਾ ਦੇਵਾਂ ਢਾਹ, ਬਣ ਮਰਦ ਮਰਦ ਮਰਦਾਨਾ। ਚਾਰ ਜੁਗ ਦਾ ਪਿਛਲਾ ਲੇਖਾ ਦਿਆਂ ਮੁਕਾ, ਅੱਗੇ ਗਾਏ ਨਾ ਕੋਈ ਗਾਣਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੰਧ ਦਿਆਂ ਮੁਕਾ, ਅੱਗੇ ਕਰੇ ਨਾ ਕੋਈ ਸਲਾਮਾ। ਸਚਖੰਡ ਦੁਆਰੇ ਤੇਰੇ ਚਰਨਾਂ ਦਿਆਂ ਬਹਾ, ਏਕਾ ਵਾਰ ਦਿਆਂ ਪੈਗ਼ਾਮਾ। ਭਗਤੀ ਭਗਤਾਂ ਦਿਆਂ ਦ੍ਰਿੜਾ, ਤੇਰਾ ਭੇਵ ਖੁਲਾ। ਆਪਣਾ ਮਾਰਗ ਆਪ ਲਗਾ, ਲੱਖ ਚੁਰਾਸੀ ਲਹਿਣਾ ਦਿਆਂ ਚੁਕਾ। ਮਨਮੁਖ ਜੀਵ ਦਿਆਂ ਖਪਾ, ਰਾਏ ਧਰਮ ਹੱਥ ਫੜਾ, ਲਾੜੀ ਮੌਤ ਨਾਲ ਦਿਆਂ ਪਰਨਾ। ਜੂਨ ਅਜੂਨੀ ਆਪ ਭੁਵਾ, ਲੱਖ ਚੁਰਾਸੀ ਗੇੜਾ ਪਾ। ਸਾਚੇ ਸੰਤਾਂ ਲਵਾਂ ਉਠਾ, ਆਤਮ ਅੰਤਮ ਇਕ ਗਿਆਨ ਦ੍ਰਿੜਾ। ਭੇਵ ਅਭੇਦਾ ਪੜਦਾ ਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲੇਖਾ ਸਭ ਦਾ ਦਿਆਂ ਮੁਕਾ। ਸਭ ਦਾ ਲੇਖਾ ਮੁਕਾਵਾਂ ਜਗ, ਤੇਰੇ ਹੱਥ ਤੇਰੀ ਵਡਿਆਈਆ। ਕਿਸੇ ਲੌਣ ਨਾ ਦੇਵਾਂ ਅੱਜ ਪੱਜ, ਲੱਖ ਚੁਰਾਸੀ ਵੇਖਾਂ ਥਾਉਂ ਥਾਈਂਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਪੜਦਾ ਸਕੇ ਨਾ ਕੋਇ ਕੱਜ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਰਨ ਸੱਚੀ ਸਰਨਾਈਆ। ਤੇਰੀ ਸਰਨ ਮੇਰਾ ਜ਼ੋਰ, ਜ਼ੋਰਾਵਰ ਤੇਰੀ ਵਡਿਆਈਆ। ਤੇਰੇ ਹੁਕਮੇ ਅੰਦਰ ਕਲਜੁਗ ਦੇਵਾਂ ਤੋਰ, ਲੋਕਮਾਤ ਰਹਿਣ ਨਾ ਪਾਈਆ। ਤੇਰੇ ਹੁਕਮੇ ਅੰਦਰ ਲੱਖ ਚੁਰਾਸੀ ਦੇਵਾਂ ਫੋਰ, ਫੁਰਨਾ ਤੇਰਾ ਪੂਰ ਕਰਾਈਆ। ਤੇਰੇ ਹੁਕਮੇ ਅੰਦਰ ਜੀਵ ਜੰਤ ਵੇਖਾਂ ਰੀਠਾ ਕੌੜ, ਕੌੜਾ ਰੀਠਾ ਭੰਨ ਵਖਾਈਆ। ਤੇਰੇ ਹੁਕਮੇ ਅੰਦਰ ਫੇਰਾ ਪਾਵਾਂ ਦੌੜ, ਬਣ ਬਣ ਪਾਂਧੀ ਪੰਧ ਮੁਕਾਈਆ। ਤੇਰੇ ਹੁਕਮੇ ਅੰਦਰ ਵੇਸ ਵਟਾਵਾਂ ਬ੍ਰਹਿਮਣ ਗੌੜ, ਪਾਰਬ੍ਰਹਮ ਨਾਉਂ ਧਰਾਈਆ। ਤੇਰੇ ਹੁਕਮੇ ਅੰਦਰ ਦੋ ਜਹਾਨਾਂ ਲਾਵਾਂ ਪੌੜ, ਡੰਡਾ ਆਪਣੇ ਹੱਥ ਰਖਾਈਆ। ਤੇਰੇ ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਏਂ ਮਾਣ ਵਡਿਆਈਆ। ਮਾਣ ਵਡਿਆਈ ਤੇਰੇ ਹੱਥ, ਮੇਰੇ ਸਾਹਿਬ ਸੱਚੇ ਸੁਲਤਾਨਾ। ਕਲਜੁਗ ਅੰਤਮ ਕਰਾਂ ਭੱਠ, ਮਿਟੇ ਮਾਤ ਨਿਸ਼ਾਨਾ। ਸਤਿਜੁਗ ਚਲੇ ਸਾਚਾ ਰਥ, ਕਰੇ ਖੇਲ ਸ੍ਰੀ ਭਗਵਾਨਾ। ਸਾਚੇ ਭਗਤਾਂ ਮਾਰਗ ਦੱਸ, ਏਕਾ ਰਾਹ ਵਖਾਨਾ। ਹਿਰਦੇ ਅੰਦਰ ਵਸ ਵਸ, ਦੇਵਾਂ ਧੁਰ ਫ਼ਰਮਾਣਾ। ਆਤਮ ਅੰਤਰ ਇਕੋ ਰਸ, ਅੰਮ੍ਰਿਤ ਰਸ ਇਕ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗਾਂ ਸਾਚਾ ਵਰ, ਦੇ ਦੇ ਧੁਰ ਪਰਵਾਨਾ। ਧੁਰ ਪਰਵਾਨਾ ਦੇ ਸਰਕਾਰ, ਤੇਰੇ ਅੱਗੇ ਮੰਗ ਮੰਗਾਈਆ। ਚੌਥਾ ਜੁਗ ਰਹੇ ਵਿਚ ਸੰਸਾਰ, ਸੰਸਾਰੀ ਰੂਪ ਨਾ ਕੋਇ ਵਟਾਈਆ। ਕਾਗਜ ਕਲਮ ਲੇਖਾ ਦਿਆਂ ਨਿਵਾਰ, ਲੇਖਾ ਆਪਣਾ ਆਪ ਸਮਝਾਈਆ। ਗੁਰ ਪੀਰ ਪੈਗ਼ੰਬਰ ਕਰਕੇ ਗਏ ਪੁਕਾਰ, ਪੁਕਾਰ ਸੁਣੇ ਸੱਚਾ ਮਾਹੀਆ। ਕਲਜੁਗ ਅੰਤਮ ਆਵੇ ਪਰਵਰਦਿਗਾਰ, ਪਰਦਾ ਸਭ ਦਾ ਦਏ ਉਠਾਈਆ। ਮਹਾਂਬਲੀ ਉਤਰੇ ਏਕੰਕਾਰ, ਅਕਲ ਕਲ ਆਪਣੀ ਖੇਲ ਵਖਾਈਆ। ਪਰਗਟ ਹੋਵੇ ਜੋਧਾ ਸੂਰ ਬਲੀ ਬਲਕਾਰ, ਪੁਰਖ ਅਕਾਲ ਸੱਚਾ ਸ਼ਹਿਸ਼ਾਹੀਆ। ਸਭ ਦਾ ਲਹਿਣਾ ਦਏ ਨਿਵਾਰ, ਦੇਣਾ ਕੋਇ ਨਜ਼ਰ ਨਾ ਆਈਆ। ਗੁਰ ਅਵਤਾਰਾਂ ਪੂਰਬ ਲੇਖਾ ਦਏ ਵਖਾਲ, ਜੁਗ ਚੌਕੜੀ ਕਰ ਗਏ ਜੋ ਪੜ੍ਹਾਈਆ। ਵੇਖੋ ਆਪਣੇ ਨੇਤਰਾਂ ਨਾਲ, ਕਵਣ ਮਾਰਗ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰ ਲੇਖਾ ਜਾਣੇ ਤੇਰਾ ਧੁਰ, ਧੁਰ ਦੀ ਬਾਣ ਆਪ ਲਗਾਈਆ। ਧੁਰ ਦੀ ਬਾਣ ਸੱਚੇ ਸ਼ਹਿਨਸ਼ਾਹ, ਹੱਥ ਤੇਰੇ ਵਡਿਆਈਆ। ਕਲਜੁਗ ਅੰਤ ਦੇਣਾ ਕਰਾ, ਕਰ ਕਰ ਖ਼ੁਸ਼ੀ ਮਨਾਈਆ। ਮੁਹੰਮਦ ਮਾਰੇ ਏਕਾ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਬੇਐਬ ਮੇਰੇ ਖ਼ੁਦਾ, ਮੇਰੀ ਖ਼ੁਦੀ ਕੰਮ ਕਿਸੇ ਨਾ ਆਈਆ। ਮੇਰੀ ਉਮਤ ਤੇਰਾ ਸਬਕ ਗਈ ਭੁਲਾ, ਕਲਮਾ ਤੇਰਾ ਨਾ ਕੋਇ ਜਣਾਈਆ। ਅਲਫ਼ ਯੇ ਤੇਰੀ ਪੱਟੀ ਸਕੇ ਨਾ ਕੋਈ ਪੜ੍ਹਾ, ਆਰਫ਼ ਭੇਵ ਕੋਇ ਨਾ ਪਾਈਆ। ਕਾਤਬ ਬਣ ਕੇ ਲੇਖਾ ਸਕੇ ਨਾ ਕੋਇ ਲਿਖਾ, ਲੇਖਾ ਲਿਖਤ ਵਿਚ ਨਾ ਆਈਆ। ਬਣ ਗੁਸਤਾਖ਼ ਤੈਨੂੰ ਗਏ ਭੁਲਾ, ਗੁਸਤਾਖੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਸਹਾਈ ਨਾ ਕੋਈ ਦੋ ਜਹਾਨ, ਦੋਏ ਦੋਏ ਨੈਣ ਮੇਰੇ ਸ਼ਰਮਾਈਆ। ਨੈਣ ਮੇਰੇ ਰਹੇ ਸ਼ਰਮਾ, ਅੱਖ ਅੱਖ ਨਾ ਕੋਇ ਉਠਾਇੰਦਾ। ਤੂੰ ਕਲਮਾ ਦਿਤਾ ਪੜ੍ਹਾ, ਇਲਾਹੀ ਕਲਾਮ ਇਕ ਸਮਝਾਇੰਦਾ। ਆਬਹਯਾਤ ਦਿਤਾ ਪਿਆ, ਸਚ ਪਿਆਲਾ ਇਕ ਵਖਾਇੰਦਾ। ਨਬੀ ਰਸੂਲਾਂ ਦਿਤਾ ਸਿਖਾ, ਸਾਚੀ ਸਿਖਿਆ ਇਕ ਸਮਝਾਇੰਦਾ। ਤੀਸ ਬਤੀਸਾ ਢੋਲਾ ਗਾ, ਸ਼ਰਅ ਹਦੀਸ ਵੰਡ ਵੰਡਾਇੰਦਾ। ਮੁਖ ਨਕ਼ਾਬ ਪੜਦਾ ਪਾ, ਬੇਐਬ ਆਪਣਾ ਮੁਖ ਛੁਪਾਇੰਦਾ। ਪਰਦਾਨਸੀਂ ਨਾ ਹੋਇਆ ਖ਼ੁਦਾ, ਸੁਹਰਤ ਆਪਣੀ ਨਾ ਕੋਇ ਜਣਾਇੰਦਾ। ਰਹਿਬਰ ਬਣ ਬਣ ਮਾਰਗ ਗਿਆ ਲੱਗਾ, ਸਾਚਾ ਰਾਹ ਆਪ ਚਲਾਇੰਦਾ। ਸਾਚੀ ਵਸਤ ਚੌਦਾਂ ਸਦ ਝੋਲੀ ਪਾ, ਚੌਦਾਂ ਤਬਕ ਨਜ਼ਰ ਨਜ਼ਰ ਉਠਾਇੰਦਾ। ਬੇਸਬਰ ਹੋਇਆ ਬੇਪਰਵਾਹ, ਸਿਦਕ ਸਬੂਰੀ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਰੇ ਖੇਲ ਪਰਵਰਦਿਗਾਰ, ਆਪਣਾ ਭੇਵ ਜਣਾਈਆ। ਉਠ ਮੁਹੰਮਦ ਹੋ ਤਿਆਰ, ਵੇਲਾ ਅੰਤਮ ਗਿਆ ਆਈਆ। ਨਾਤਾ ਤੁਟੇ ਚਾਰ ਯਾਰ, ਚਾਰ ਯਾਰੀ ਨਾ ਸੰਗ ਨਿਭਾਈਆ। ਅੱਲਾ ਰਾਣੀ ਨਾਰ ਮੁਟਿਆਰ, ਖੁਲ੍ਹੜੇ ਕੇਸ ਰਹੀ ਵਖਾਈਆ। ਨੇਤਰ ਕੱਜਲ ਨਾ ਕੋਇ ਧਾਰ, ਨੈਣ ਨੈਣ ਨਾ ਕੋਇ ਮਟਕਾਈਆ। ਹੱਥੀਂ ਮੈਂਹਦੀ ਨਾ ਕੋਇ ਸ਼ਿੰਗਾਰ, ਸੂਹਾ ਵੇਸ ਨਾ ਕੋਇ ਕਰਾਈਆ। ਸੀਸ ਦੋਸ਼ਾਲਾ ਨਾ ਕੋਈ ਪਿਆਰ, ਸ਼ਾਲਾ ਸੰਗ ਨਾ ਕੋਇ ਨਿਭਾਈਆ। ਬੇਹਾਲਾ ਹੋ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਅੱਲਾ ਰਾਣੀ ਮਾਰੇ ਧਾਂਹ, ਨੇਤਰ ਨੈਣ ਖੁਲ੍ਹਾਈਆ। ਤੇਰਾ ਅੰਤ ਨਾ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਮੇਰਾ ਹੋਇਆ ਨਾ ਅਜੇ ਨਿਕਾਹ, ਕੁਵਾਰ ਕੰਨਿਆਂ ਦਏ ਦੁਹਾਈਆ। ਚੌਦਾਂ ਸਦੀਆਂ ਤੇਰਾ ਰਾਹ ਰਹੀ ਤਕਾ, ਕਵਣ ਕੂਟੇ ਆਏ ਮੇਰਾ ਮਾਹੀਆ। ਤੇਰੇ ਉਤੋਂ ਮੇਰੀ ਫਿਤਰਤ ਹੋਈ ਫ਼ਿਦਾ, ਮੇਰਾ ਰੂਪ ਰੰਗ ਕਿਸੇ ਕੰਮ ਨਾ ਆਈਆ। ਮੇਰੇ ਮੀਆਂ ਐ ਖ਼ੁਦਾ, ਖ਼ੁਦੀ ਮੇਰੀ ਮੋਹੇ ਨਾ ਭਾਈਆ। ਤੇਰੇ ਨਾਲੋਂ ਨਾ ਹੋਵਾਂ ਜੁਦਾ, ਮੁਹੰਮਦ ਸੰਗ ਨਾ ਕੋਇ ਰਖਾਈਆ। ਲੋਕਮਾਤ ਵਿਚੋਂ ਬਾਹਰ ਕਢਾ, ਤੇਰੀ ਇਕੋ ਓਟ ਤਕਾਈਆ। ਤੇਰਾ ਕਲਮਾ ਨਬੀ ਰਸੂਲਾਂ ਸਕੀ ਪੜ੍ਹਾ, ਉਮਤ ਜਾਵੇ ਨਾ ਕੋਇ ਲੋਕਾਈਆ। ਵੇਲਾ ਅੰਤ ਦਿਸੇ ਨਾ ਕੋਈ ਗਵਾਹ, ਕਾਤਲ ਮਕਤੂਲ ਭੇਵ ਕੋਇ ਨਾ ਰਾਈਆ। ਕੋਈ ਨਾ ਪਕੜੇ ਬਾਂਹ, ਯਾਰੀ ਯਾਰ ਨਾ ਕੋਇ ਰਖਾਈਆ। ਚਾਰ ਕੁੰਟ ਕਰ ਗਏ ਸਾਰੇ ਨਾਂਹ, ਅੱਗੇ ਹੱਥ ਨਾ ਕੋਇ ਮਿਲਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖਿਆ ਥਾਂ, ਜਲਵਾ ਨਜ਼ਰ ਕਿਸੇ ਨਾ ਆਈਆ। ਕੋਹਤੂਰ ਫੇਰਾ ਲਿਆ ਪਾ, ਮੂਸਾ ਨੈਣ ਨਾ ਕੋਇ ਖੁਲ੍ਹਾਈਆ। ਹਜ਼ਰਤ ਕਹੇ ਈਸਾ ਮੇਰਾ ਇਕ ਖ਼ੁਦਾ, ਸਭ ਦੀ ਹਸਰਤ ਦਏ ਮਿਟਾਈਆ। ਮੈਂ ਮੰਗਾਂ ਚਰਨ ਤੇਰੇ ਪਨਾਹ, ਦੋਏ ਜੋੜ ਸੀਸ ਝੁਕਾਈਆ। ਸਿਰ ਮੇਰੇ ਹੱਥ ਟਿਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤੁਧ ਬਿਨ ਅਵਰ ਨਾ ਕੋਇ ਸਹਾਰਾ, ਮੇਰੇ ਸਾਹਿਬ ਸੱਚੇ ਗੁਸਾਈਆ। ਚੌਦਾਂ ਸਦੀਆਂ ਪਾਰ ਕਿਨਾਰਾ, ਮੈਂ ਦਿਆਂ ਦਰ ਤੇਰੇ ਦੁਹਾਈਆ। ਆ ਮਿਲ ਮੇਰੇ ਪਰਵਰਦਿਗਾਰਾ, ਮੈਂ ਦੋਵੇਂ ਭੁਜਾਂ ਉਠਾਈਆ। ਚੌਦਾਂ ਤਬਕਾਂ ਤੇਰਾ ਨਾਅਰਾ, ਏਕਾ ਐਨਲਹੱਕ ਸੁਣਾਈਆ। ਚਾਰੋਂ ਕੁੰਟ ਜੀਵ ਗਵਾਰਾ, ਪੰਜ ਸ਼ੈਤਾਨ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੰਗਾ ਚਰਨ ਸੱਚੀ ਸਰਨਾਈਆ। ਚਰਨ ਸਰਨ ਦੇ ਮੀਤ, ਮਿੱਤਰ ਪਿਆਰੇ ਤੇਰੀ ਓਟ ਤਕਾਈਆ। ਗਲੀ ਗਲੀ ਮੈਂ ਗਾਵਾਂ ਤੇੇਰੇ ਗੀਤ, ਇਕੋ ਢੋਲਾ ਸੱਚੇ ਮਾਹੀਆ। ਮੈਂ ਫਿਰ ਫਿਰ ਆਈ ਵਿਚ ਮਸੀਤ, ਤੇਰਾ ਮੁਸੱਲਾ ਨਜ਼ਰ ਕਿਤੇ ਨਾ ਆਈਆ। ਤੇਰਾ ਵੁਜ਼ੂ ਹੋਇਆ ਪਲੀਤ, ਪਾਕੀ ਪਾਕ ਨਾ ਕੋਇ ਸਫ਼ਾਈਆ। ਤੇਰਾ ਸਯਦਾ ਨਾ ਝੁਕੇ ਤੈਨੂੰ ਸੀਸ, ਹੱਕ ਨਿਮਾਜ਼ ਨਾ ਕੋਇ ਖ਼ੁਦਾਈਆ। ਤੂੰ ਬੈਠਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਮੈਂ ਕੀ ਜਾਣਾ ਬਾਲ ਅਞਾਣੀ ਤੇਰੀ ਰੀਤ, ਰੀਤ ਮੇਰੀ ਸਮਝ ਵਿਚ ਨਾ ਆਈਆ । ਜੁਗ ਜੁਗ ਖੇਲ ਤੇਰਾ ਬੇਪ੍ਰੀਤ, ਕੋਟਨ ਕੋਟ ਰੂਪ ਬਣਾਏ, ਕੋਟਨ ਕੋਟ ਪੀਰ ਪੈਗ਼ੰਬਰ ਸੇਵਾ ਲਾਏ, ਕੋਟਨ ਕੋਟ ਗੁਰ ਅਵਤਾਰ ਲਏ ਪਰਗਟਾਏ, ਕੋਟਨ ਕੋਟ ਘੜੇ ਭੰਨੇ ਭੰਨਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਝੁਕਾਈਆ। ਤੇਰੇ ਅੱਗੇ ਮੇਰਾ ਸਯਦਾ, ਸੀਸ ਤੇਰੀ ਭੇਟ ਚੜ੍ਹਾਇਆ। ਮੇਰਾ ਨੂਰ ਤੇਰਾ ਬਰਦਾ, ਬਣ ਸੇਵਕ ਸੇਵ ਕਮਾਇਆ। ਮੇਰਾ ਜ਼ੋਰ ਤੇਰੇ ਕੋਲੋ ਡਰਦਾ, ਆਪਣਾ ਬਲ ਨਾ ਕੋਇ ਰਖਾਇਆ। ਮੈਂ ਨਾਤਾ ਛੱਡਿਆ ਸੀਸ ਧੜ ਦਾ, ਇਕੋ ਤੇਰਾ ਰਾਹ ਤਕਾਇਆ। ਤੂੰ ਕਿਉਂ ਨਹੀਂ ਬਾਂਹੋਂ ਫੜਦਾ, ਬੇਰਹਿਮ ਮੇਰੇ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤਮ ਤੇਰੇ ਅੱਗੇ ਵਾਸਤਾ ਪਾਇਆ। ਤੇਰੇ ਅੱਗੇ ਵਾਸਤਾ ਪਾਏ ਤੇਰੀ ਗੋਲੀ, ਗੁਣ ਆਪਣਾ ਨਾ ਕੋਇ ਜਣਾਈਆ। ਤੇਰੇ ਪ੍ਰੇਮ ਮੌਲਾ ਗਈ ਮੌਲੀ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਤੂੰ ਪੜਦਾ ਚੁੱਕ ਹੌਲੀ ਹੌਲੀ, ਮੇਰਾ ਘੁੰਗਟ ਦੇਣਾ ਉਠਾਈਆ। ਨਬੀ ਰਸੂਲਾਂ ਹਥ ਫੜੀ ਮੌਲੀ, ਤੰਦੀ ਤੰਦ ਰਹੇ ਬੰਧਾਈਆ। ਤੂੰ ਰੱਖ ਲੈ ਆਪਣੀ ਡੋਲੀ, ਇਕ ਤੇਰੀ ਓਟ ਤਕਾਈਆ। ਚਾਰ ਕਹਾਰ ਚੁੱਕ ਲੈਣ ਤੇਰੀ ਗੋਲੀ, ਚਾਰ ਜੁਗ ਚਾਰ ਯਾਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤੇਰੀ ਗੋਲੀ ਤੇਰੇ ਦਰ, ਸਯਦਾ ਸੀਸ ਝੁਕਾਇਆ। ਰਹੀਮ ਰਹਿਮਾਨ ਦੇਣਾ ਵਰ, ਵਰ ਇਕੋ ਮੰਗ ਮੰਗਾਇਆ। ਆਪ ਲਗੌਣਾ ਆਪਣੇ ਲੜ, ਕਲਮਾ ਪੱਲੂ ਇਕ ਫੜਾਇਆ। ਤੇਰੇ ਮੰਦਰ ਜਾਵਾਂ ਵੜ, ਮੁਕਾਮੇ ਹੱਕ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਜ਼ਰ ਕੋਇ ਨਾ ਆਇਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਰਹੀਮ ਰਹਿਮਾਨ ਦਇਆ ਕਮਾਇੰਦਾ। ਛੋਟੀ ਬਾਲੀ ਸੁਣ ਨਿਧਾਨ, ਗੁਣ ਨਿਧਾਨ ਆਪ ਸਮਝਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਸ਼ਬਦ ਸੁਤ ਬਲਵਾਨ, ਪੀਰਨ ਪੀਰਾ ਆਪ ਪਰਗਟਾਇੰਦਾ। ਤੇਰਾ ਲੇਖਾ ਚੁਕਾਏ ਆਣ, ਪਿਛਲਾ ਮੂਲ ਝੋਲੀ ਪਾਇੰਦਾ। ਚੌਦਾਂ ਤਬਕ ਮੇਟੇ ਨਿਸ਼ਾਨ, ਚੌਦਾਂ ਸਦੀਆਂ ਡੇਰਾ ਢਾਹਿੰਦਾ। ਨਾਤਾ ਤੋੜ ਅੰਜੀਲ ਕੁਰਾਨ, ਸ਼ਰਅ ਸ਼ਰੀਅਤ ਮੂਲ ਮੁਕਾਇੰਦਾ। ਸਾਚਾ ਦੇਵੇ ਇਕ ਗਿਆਨ, ਕਲਮਾ ਕਲਾਮ ਆਪ ਪੜ੍ਹਾਇੰਦਾ। ਸਚ ਸੰਦੇਸਾ ਧੁਰ ਫ਼ਰਮਾਨ, ਸਤਿ ਸਤਿਵਾਦੀ ਆਪ ਜਣਾਇੰਦਾ। ਚਲ ਕੇ ਔਣਾ ਚਰਨ ਸ੍ਰੀ ਭਗਵਾਨ, ਸਚ ਸਿੰਘਾਸਣ ਇਕ ਵਖਾਇੰਦਾ। ਮੁਹੰਮਦ ਮੇਲਾ ਨਾਰ ਰਕਾਨ, ਏਕਾ ਹੁਕਮ ਵਰਤਾਇੰਦਾ। ਦੋਹਾਂ ਨਿਉਂ ਨਿਉਂ ਕਰਨਾ ਸਲਾਮ, ਸਲਾਮ ਅਲੈਕਮ ਆਪ ਸਮਝਾਇੰਦਾ। ਜ਼ਬਰਾਈਲ ਅਸਰਾਫ਼ੀਲ ਇਜ਼ਰਾਈਲ ਮੇਕਾਈਲ ਜੋ ਦੇਦਾਂ ਰਿਹਾ ਪੈਗ਼ਾਮ, ਪੈਗ਼ੰਬਰ ਆਪਣੀ ਝੋਲੀ ਪਾਇੰਦਾ। ਸਹੀ ਸਲਾਮਤ ਇਕ ਇਸਲਾਮ, ਇਸਮ ਆਜ਼ਮ ਆਪ ਜਣਾਇੰਦਾ। ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਖੇਲ ਕਰੇ ਮਹਿਬਾਨ, ਰਹਿਮਤ ਆਪਣੀ ਆਪ ਕਮਾਇੰਦਾ। ਈਸਾ ਮੂਸਾ ਮੁਹੰਮਦ ਬਣਾ ਆਪਣੇ ਆਪ ਗ਼ੁਲਾਮ, ਆਪਣਾ ਬੰਧਨ ਆਪੇ ਪਾਇੰਦਾ। ਨਬੀ ਰਸੂਲ ਨਾ ਕੋਇ ਕਲਾਮ, ਕਾਇਨਾਤ ਨਾ ਕੋਇ ਜਣਾਇੰਦਾ। ਆਲਮੀਨ ਖੇਲੇ ਖੇਲ ਦੋ ਜਹਾਨ, ਨਜ਼ਰ ਨਜ਼ਰੀਆ ਇਕ ਰਖਾਇੰਦਾ। ਪੀਰਨ ਪੀਰ ਵਡ ਬਲਵਾਨ, ਕਲਮਾ ਕਲਾਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਵਡ ਵਡਿਆਇੰਦਾ। ਸ਼ਬਦ ਗੁਰ ਉਠੇ ਬਲ ਧਾਰ, ਬਲ ਏਕਾ ਏਕ ਵਖਾਈਆ। ਲੇਖਾ ਚੁੱਕੇ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਅੱਲਾ ਰਾਣੀ ਤੇਰੀ ਸੁਣ ਪੁਕਾਰ, ਪੀਆ ਤੇਰੀ ਕੂਕ ਆਪਣੇ ਵਿਚ ਰਖਾਈਆ। ਤੇਰਾ ਮੇਲਾ ਤੇਰੇ ਕੰਤ ਭਤਾਰ, ਤੇਰਾ ਮਾਹੀ ਦਏ ਕਰਾਈਆ। ਠਾਂਡਾ ਸੀਤਾ ਬੈਠ ਸੱਚੇ ਦਰਬਾਰ, ਹੱਕ ਹਕ਼ੀਕ਼ਤ ਵੇਖ ਵਖਾਈਆ। ਜਗਤ ਤਾਰੀਕ ਮਿਟੇ ਸੰਸਾਰ, ਸ਼ਰੀਕਤ ਹੋਰ ਨਾ ਕੋਇ ਵਧਾਈਆ। ਇਕ ਤੌਫ਼ੀਕ ਪਰਵਰਦਿਗਾਰ, ਸਾਚਾ ਤੋਫਾ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਆਪਣਾ ਬਲ ਧਰਾਈਆ। ਸ਼ਬਦੀ ਬਲ ਪਰਗਟ ਮਾਤ, ਆਪਣਾ ਬਲ ਵਖਾਇੰਦਾ। ਚਾਰ ਯੁਗ ਦਾ ਤੋੜੇ ਨਾਤ, ਨਾਤਾ ਆਪਣਾ ਮਾਤ ਜੁੜਾਇੰਦਾ। ਪਿਛਲਾ ਲੇਖਾ ਪਾਏ ਖ਼ਾਤ, ਆਪਣਾ ਖਾਤਾ ਨਾ ਕਿਸੇ ਵਖਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਗਾਥ, ਕਲਮਾ ਨਬੀ ਇਕ ਪੜ੍ਹਾਇੰਦਾ। ਨਜ਼ਰੀ ਆਏ ਏਕਾ ਕਮਲਾਪਾਤ, ਕਵਲ ਨੈਣ ਨੈਣ ਮਟਕਾਇੰਦਾ। ਦੋ ਜਹਾਨਾਂ ਸੱਜਣ ਸਾਕ, ਜਗਤ ਕੁਟੰਬ ਵੇਖ ਵਖਾਇੰਦਾ। ਭਗਤਾਂ ਦੇਵੇ ਏਕਾ ਦਾਤ, ਨਾਮ ਵਸਤ ਅਮੋਲਕ ਝੋਲੀ ਪਾਇੰਦਾ। ਰਾਤੀ ਸੁੱਤਿਆਂ ਪੁੱਛੇ ਵਾਤ, ਆਲਸ ਨਿੰਦਰਾ ਵਿਚ ਕਦੇ ਨਾ ਆਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਤਿ ਪੁਰਖ ਨਿਰੰਜਣ ਵਜਾਏ ਸਾਚਾ ਨਾਦ, ਅਨਾਦੀ ਸੁਤ ਨਾਲ ਮਿਲਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਦੁਰਮਤ ਮੈਲ ਸਰਬ ਧੁਵਾਇੰਦਾ। ਅੱਖਰ ਵੱਖਰ ਬੋਧ ਅਗਾਧ, ਬੋਧ ਅਗਾਧਾ ਆਪ ਪੜ੍ਹਾਇੰਦਾ। ਭਗਤ ਭਗਵੰਤ ਲੱਖ ਚੁਰਾਸੀ ਵਿਚੋਂ ਕਾਢ, ਹਰਿ ਜੂ ਆਪਣਾ ਮੇਲ ਮਿਲਾਇੰਦਾ। ਸਾਚੇ ਸੰਤ ਲਡਾਏ ਲਾਡ, ਗੁਰ ਗੁਰ ਆਪਣੀ ਗੋਦ ਸੁਹਾਇੰਦਾ। ਗੁਰਮੁਖ ਸੱਜਣ ਆਪੇ ਲਾਧ, ਆਪ ਆਪਣੀ ਬੂਝ ਬੁਝਾਇੰਦਾ। ਗੁਰਸਿਖਾਂ ਸੁਣਾਏ ਏਕਾ ਰਾਗ, ਛੱਤੀ ਰਾਗ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸਤਿਗੁਰ ਆਪਣਾ ਨਾਉਂ ਚਲਾਇੰਦਾ। ਸਤਿਗੁਰ ਨਾਉਂ ਚਲਾਏ ਨਿਰੰਕਾਰਾ, ਸਤਿ ਸਤਿ ਆਪ ਅਖਵਾਈਆ। ਸਤਿ ਸਤਿ ਸਰਬ ਪਸਾਰਾ, ਸਤਿ ਸਤਿ ਵੱਜੇ ਵਧਾਈਆ। ਸਤਿ ਸਤਿ ਨਿਰਗੁਣ ਉਜਿਆਰਾ, ਸਤਿ ਸਤਿ ਸਰਗੁਣ ਵਿਚ ਸਮਾਈਆ। ਸਤਿ ਸਤਿ ਨਾਮ ਭੰਡਾਰਾ, ਸਤਿ ਸਤਿ ਸਤਿ ਵਸਤੂ ਆਪਣੀ ਝੋਲੀ ਆਪ ਭਰਾਈਆ। ਸਤਿ ਪੁਰਖ ਨਿਰੰਜਣ ਸਾਚੀ ਧਾਰਾ, ਸੋਹੰ ਏਕਾ ਨਾਉਂ ਵਡਿਆਈਆ। ਆਤਮ ਪਰਮਾਤਮ ਕਰੇ ਪਿਆਰਾ, ਜ਼ਾਤ ਪਾਤ ਨਾ ਕੋਇ ਰਖਾਈਆ। ਗੁਰਸਿਖ ਕੋਈ ਨਾ ਰਹੇ ਕੁਵਾਰਾ, ਜੋ ਸੋਹੰ ਨਾਉਂ ਧਿਆਈਆ। ਹਰਿ ਜੂ ਮਿਲੇ ਕੰਤ ਭਤਾਰਾ, ਗੁਰਮੁਖ ਨਾਰੀ ਆਪ ਪਰਨਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਇਕ ਵਖਾਏ ਸਚ ਦੁਆਰਾ, ਸਚਖੰਡ ਸਾਚਾ ਸੱਚਾ ਮਾਹੀਆ। ਸ਼ਬਦ ਅਗੰਮ ਵੱਜੇ ਧੁੰਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਪੰਚਮ ਸਖੀਆਂ ਮੰਗਲਚਾਰਾ, ਗੀਤ ਗੋਬਿੰਦ ਆਪ ਅਲਾਈਆ। ਨਜ਼ਰੀ ਆਏ ਏਕਾ ਏਕੰਕਾਰਾ, ਦੂਜਾ ਇਸ਼ਟ ਨਾ ਕੋਇ ਜਣਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਪੁਰਖ ਅਕਾਲ ਬੇਪਰਵਾਹੀਆ। ਕਲਜੁਗ ਕਰੇ ਪਾਰ ਕਿਨਾਰਾ, ਸਤਿਜੁਗ ਸਾਚਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਹੋ ਆਈਆ। ਸ਼ਬਦ ਗੁਰ ਏਕੋ ਏਕ, ਆਦਿ ਜੁਗਾਦਿ ਸਮਾਇੰਦਾ। ਜੁਗ ਜੁਗ ਗੁਰ ਅਵਤਾਰਾਂ ਦੇਦਾਂ ਆਇਆ ਟੇਕ, ਹਰਿ ਹਰਿ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਸਰਬ ਚੁਕਾਏ ਲਹਿਣਾ ਲੇਖ, ਪੂਰਬ ਲੇਖਾ ਝੋਲੀ ਪਾਇੰਦਾ। ਕੋਈ ਨਾ ਰਹੇ ਪੰਡਤ ਪਾਂਧਾ ਮੁੱਲਾਂ ਸ਼ੇਖ਼, ਗ੍ਰੰਥੀ ਪੰਥੀ ਵੰਡ ਨਾ ਕੋਇ ਵੰਡਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਅਵਤਾਰਾਂ ਏਕੋ ਏਕ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਮੁਛ ਦਾੜ੍ਹੀ ਨਾ ਕੋਇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਸਚਖੰਡ ਵਸੇ ਆਪਣੇ ਦੇਸ, ਜੋਤੀ ਜਾਤਾ ਡਗਮਗਾਇੰਦਾ। ਸੂਰਬੀਰ ਸੁਲਤਾਨ ਨਰ ਨਰੇਸ਼, ਨਿਹਕਲੰਕ ਆਪਣਾ ਨਾਉਂ ਰਖਾਇੰਦਾ। ਮੇਲ ਮਿਲਾਵਾ ਦਸ ਦਸਮੇਸ਼, ਗੋਬਿੰਦ ਆਪਣੇ ਰੰਗ ਰੰਗਾਇੰਦਾ। ਜਗਤ ਅਵੱਲੜਾ ਧਰਿਆ ਭੇਖ, ਭੇਖਾ ਧਾਰੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਆਪ ਅਖਵਾਇੰਦਾ। ਸ਼ਬਦ ਗੁਰੂ ਆਏ ਆਖਰ, ਆਖਰ ਏਕਾ ਓਟ ਸਰਬ ਤਕਾਈਆ। ਨਿਰਗੁਣ ਨਿਰ ਨਿਰਗੁਣ ਮੌਲਿਆ ਘਟ ਘਟ ਪਾਥਰ, ਪਾਥਰ ਪਾਹਨ ਦਏ ਤਰਾਈਆ। ਸੇਜ ਹੰਢਾਈ ਯਾਰੜਾ ਸੱਥਰ, ਸੱਥਰ ਸੇਜ ਆਪ ਸੁਹਾਈਆ। ਜਗਤ ਪਿਆਰ ਨਾ ਵਹਾਇਆ ਅੱਥਰ, ਭਗਤ ਪਿਆਰ ਆਪਣਾ ਆਪ ਭੇਟ ਕਰਾਈਆ। ਸੋ ਸਤਿਗੁਰ ਆਦਿ ਜੁਗਾਦਿ ਗੁਰਮੁਖਾਂ ਨਾਲੋਂ ਨਾ ਹੋਏ ਵੱਖਰ, ਵੱਖਰ ਆਪਣੀ ਧਾਰ ਚਲਾਈਆ। ਜੁਗ ਜੁਗ ਸ਼ਬਦ ਸੁਨੇਹੜਾ ਦੇਵੇ ਅੱਖਰ, ਅੱਖਰ ਨਾਮ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੇਵੇ ਇਕ ਗਿਆਨ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਏਕਾ ਘਰ ਮਿਲਾਈਆ। ਏਕਾ ਘਰ ਦਰ ਦਰਵਾਜ਼ਾ, ਹਰਿ ਦਰਦੀ ਦਰਦ ਵੰਡਾਇੰਦਾ। ਜੁਗ ਜੁਗ ਭਗਤਾਂ ਰੱਖੇ ਲਾਜਾ, ਰੂਪ ਅਨੂਪ ਵਟਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਰਚ ਰਚ ਆਪੇ ਵੇਖ ਵਖਾਇੰਦਾ। ਸੰਬਲ ਨਗਰੀ ਸਾਜਨ ਸਾਜਾ, ਗੋਬਿੰਦ ਏਕਾ ਰੰਗ ਚੜ੍ਹਾਇੰਦਾ। ਅੰਦਰ ਵੜ ਗ਼ਰੀਬ ਨਿਵਾਜ਼ਾ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਗੰਮੀ ਵੱਜੇ ਵਾਜਾ, ਸੁਰ ਤਾਲ ਨਾ ਕੋਇ ਬਣਾਇੰਦਾ। ਦੋ ਜਹਾਨਾਂ ਰਾਜਨ ਰਾਜਾ, ਲੋਕਮਾਤ ਹੁਕਮ ਵਰਤਾਇੰਦਾ। ਕਰੇ ਖੇਲ ਦੇਸ ਮਾਝਾ, ਭੇਵ ਕੋਇ ਨਾ ਪਾਇੰਦਾ। ਕਲਜੁਗ ਜੀਵ ਥੱਕਾ ਮਾਂਦਾ, ਆਪਣਾ ਨੈਣ ਨਾ ਕੋਇ ਖੁਲ੍ਹਾਇੰਦਾ। ਗੁਰਸਿਖ ਵਿਰਲਾ ਗੀਤ ਸੁਹਾਗੀ ਗਾਂਦਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਜ਼ਰ ਨਾ ਆਏ ਔਂਦਾ ਜਾਂਦਾ, ਨਿਰਗੁਣ ਰੂਪ ਅਨੂਪ ਵਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਪੀਰ ਸਾਂਝਾ, ਗੁਰ ਅਵਤਾਰ ਆਪ ਅਖਵਾਇੰਦਾ।
