੧੦ ਚੇਤ ੨੦੧੯ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਉਸਮਾਂ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਹੁਕਮਰਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਏਕੰਕਾਰਾ ਵਡ ਬਲਵਾਨ, ਸ਼ਾਹੋ ਭੂਪ ਆਪਣਾ ਬਲ ਆਪ ਧਰਾਇੰਦਾ। ਆਦਿ ਨਿਰੰਜਣ ਖੇਲ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਗੁਣ ਨਿਧਾਨ, ਭੇਵ ਅਭੇਦਾ ਭੇਵ ਰਖਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰਾ, ਅਨਭਵ ਆਪਣੀ ਧਾਰ ਚਲਾਈਆ । ਆਪਣੀ ਇਛਿਆ ਭਰ ਭੰਡਾਰਾ, ਸਾਚੀ ਵਸਤ ਆਪ ਵਰਤਾਈਆ। ਆਪਣਾ ਮੰਦਰ ਖੋਲ੍ਹ ਦੁਆਰਾ, ਸਚਖੰਡ ਸਾਚਾ ਆਪ ਬਣਾਈਆ। ਛੱਪਰ ਛੰਨ ਨਾ ਚਾਰ ਦੀਵਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚ ਸਿੰਘਾਸਣ ਅਗੰਮ ਅਪਾਰਾ, ਅਲੱਖ ਅਗੋਚਰ ਆਪ ਬਣਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਰਾਜ ਰਾਜਾਨ ਸੋਭਾ ਪਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਊਚ ਅਗੰਮ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਨਿਰਗੁਣ ਨਿਰਵੈਰ ਨਿਰੰਕਾਰ ਅਜੂਨੀ ਰਹਿਤ ਰੂਪ ਵਟਾਇੰਦਾ। ਜੋਤੀ ਜੋਤ ਪਰਕਾਸ਼ ਪਰਕਾਸ਼ ਆਪੇ ਬਲਾ, ਨੂਰ ਨੂਰ ਨੂਰ ਸਮਾਇੰਦਾ। ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਆਸਣ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਪਾਵਾ ਚੂਲ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸੋਭਾਵੰਤ, ਸਤਿਗੁਰ ਪੂਰਾ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਨਿਰਗੁਣ ਆਪਣੀ ਧਾਰ ਚਲਾਈਆ। ਪੁਰਖ ਅਕਾਲ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਰਖਾਈਆ। ਆਪ ਬਣਾਏ ਆਪਣੀ ਬਣਤ, ਘਾੜਤ ਸਾਚੀ ਲਏ ਘੜਾਈਆ। ਰੂਪ ਧਰਾਏ ਨਾਰੀ ਕੰਤ, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਵਡਿਆਈਆ। ਸਚਖੰਡ ਦੁਆਰਾ ਸਾਚਾ ਮਾਣ, ਸਤਿਗੁਰ ਪੂਰਾ ਆਪ ਰਖਾਇੰਦਾ। ਕਰ ਖੇਲ ਸ੍ਰੀ ਭਗਵਾਨ, ਆਪਣੀ ਖੇਲ ਆਪ ਜਣਾਇੰਦਾ। ਦਾਤਾ ਦਾਨੀ ਹੋ ਮਿਹਰਵਾਨ, ਵਸਤ ਆਪਣੀ ਝੋਲੀ ਪਾਇੰਦਾ। ਜੋਤੀ ਜਾਤਾ ਵਡ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਦਾਈ ਦਾਇਆ ਖੇਲ ਮਹਾਨ, ਸੇਵਕ ਸੇਵ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਸਾਚਾ ਘਰ, ਹਰਿ ਜੂ ਹਰਿ ਹਰਿ ਆਪ ਉਪਾਇੰਦਾ। ਨਿਰਗੁਣ ਨਿਰਵੈਰ ਅੰਦਰ ਵੜ, ਦਰ ਘਰ ਸਾਚਾ ਆਪ ਸੁਹਾਇੰਦਾ। ਸਾਚੇ ਤਖ਼ਤ ਆਪੇ ਚੜ੍ਹ, ਤਖ਼ਤ ਨਿਵਾਸੀ ਆਸਣ ਲਾਇੰਦਾ। ਸੀਸ ਜਗਦੀਸ ਤਾਜ ਧਰ, ਰੂਪ ਅਨੂਪ ਵਟਾਇੰਦਾ। ਹੁਕਮੀ ਹਾਕਮ ਆਪੇ ਕਰ, ਨਿਉਂ ਨਿਉਂ ਸੀਸ ਆਪ ਝੁਕਾਇੰਦਾ। ਦਰ ਦਰਵੇਸ਼ ਆਪੇ ਬਣ, ਆਪਣੀ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਏਕਾ ਏਕ, ਆਦਿ ਪੁਰਖ ਬਣਾਈਆ। ਏਕੰਕਾਰਾ ਆਪੇ ਰੱਖੇ ਆਪਣੀ ਟੇਕ, ਦੂਜੀ ਓਟ ਨਾ ਕੋਇ ਤਕਾਈਆ। ਆਪਣੇ ਨੇਤਰ ਆਪਾ ਲਏ ਪੇਖ, ਪੇਖਣਹਾਰਾ ਆਪ ਹੋ ਆਈਆ। ਨਾ ਕੋਈ ਲੇਖਾ ਨਾ ਕੋਈ ਲੇਖ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਆਪੇ ਨਰ ਆਪ ਨਰੇਸ਼, ਨਰ ਨਰਾਇਣ ਬੇਪਰਵਾਹੀਆ। ਵਸਣਹਾਰਾ ਸਾਚੇ ਦੇਸ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਬਣਤ ਬਣਾਈਆ। ਬਣਾਏ ਬਣਤ ਆਪ ਬਨਵਾਰੀ, ਦੂਸਰ ਸੰਗ ਨਾ ਕੋਇ ਰਲਾਇੰਦਾ। ਨਿਰਮਲ ਦੀਆ ਜੋਤ ਕਰ ਉਜਿਆਰੀ, ਨੂਰੋ ਨੂਰ ਡਗਮਗਾਇੰਦਾ। ਕਰੇ ਖੇਲ ਅਗੰਮ ਅਪਾਰੀ, ਬੇਪਰਵਾਹ ਆਪਣਾ ਰਾਹ ਚਲਾਇੰਦਾ। ਮਹੱਲ ਅਟੱਲ ਉਚ ਮਨਾਰੀ, ਸੋਭਾਵੰਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਆਪਣੇ ਵਿਚੋਂ ਆਪਾ ਕੱਢ, ਹਰਿ ਆਪੇ ਵੇਖ ਵਖਾਇੰਦਾ। ਆਪੇ ਜਾਣੇ ਪਾਰ ਹੱਦ, ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਆਪੇ ਤਖ਼ਤ ਬਹੇ ਸਜ, ਸਾਚਾ ਤਖ਼ਤ ਆਪ ਵਡਿਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਹਰਿ ਨਿਰੰਕਾਰਾ ਆਪਣਾ ਮਤਾ ਆਪ ਪਕਾਇੰਦਾ। ਸਾਚਾ ਮਤਾ ਹਰਿ ਨਿੰਰਕਾਰ, ਸਚਖੰਡ ਨਿਵਾਸੀ ਆਪ ਪਕਾਈਆ। ਇਕ ਇਕੱਲਾ ਬਣ ਗਵਾਰ, ਬੈਠਾ ਆਸਣ ਲਾਈਆ। ਆਪਣੀ ਇਛਿਆ ਭਰ ਭੰਡਾਰ, ਸਾਚੀ ਵਸਤ ਆਪ ਵਰਤਾਈਆ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਨਾਰੀ ਕੰਤ ਭਤਾਰ, ਨਿਰਗੁਣ ਸੇਜ ਸੁਹੰਜਣੀ ਆਪ ਹੰਢਾਈਆ। ਨਿਰਗੁਣ ਵਸੇ ਸਚਖੰਡ ਸੱਚੇ ਘਰ ਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਕਰਨੇਹਾਰਾ, ਕਰਤਾ ਪੁਰਖ ਦਇਆ ਕਮਾਇੰਦਾ। ਆਪਣੇ ਅੰਦਰ ਬਣ ਵਣਜਾਰਾ, ਸਾਚਾ ਹੱਟ ਇਕ ਚਲਾਇੰਦਾ। ਸਾਚੀ ਵਸਤ ਵਸਤ ਹਰਿ ਥਾਰਾ, ਨਿਰਗੁਣ ਆਪਣੀ ਆਪ ਟਿਕਾਇੰਦਾ। ਨਿਰਗੁਣ ਮੇਲਾ ਨਿਰਗੁਣ ਚੇਲਾ ਨਿਰਗੁਣ ਖੇਲ ਏਕੰਕਾਰਾ, ਅਕਲ ਕਲ ਆਪਣੀ ਆਪ ਪਰਗਟਾਇੰਦਾ। ਨਿਰਗੁਣ ਵਸਤ ਨਿਰਗੁਣ ਭੰਡਾਰਾ, ਨਿਰਗੁਣ ਹੋਏ ਦੇਵਣਹਾਰਾ, ਨਿਰਗੁਣ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਤਮਾਸ਼ਾ ਪੁਰਖ ਅਬਿਨਾਸ਼ਾ ਨਿਰਗੁਣ ਨਿਰਗੁਣ ਆਪ ਕਰਾਇੰਦਾ। ਨਿਰਗੁਣ ਖੇਲ ਪੁਰਖ ਅਗੰਮ, ਭੇਵ ਕੋਇ ਨਾ ਪਾਇੰਦਾ। ਕਰੇ ਵੇਸ ਸ੍ਰੀ ਭਗਵਨ, ਰੂਪ ਅਨੂਪ ਆਪ ਵਟਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਸਾਇੰਦਾ। ਸਚਖੰਡ ਦੁਆਰਾ ਜਾਏ ਵਸ, ਸੋ ਪੁਰਖ ਨਿਰੰਜਣ ਆਪ ਵਸਾਈਆ। ਹਰਿ ਪੁਰਖ ਨਿਰੰਜਣ ਪੂਰੀ ਕਰੇ ਆਸ, ਏਕੰਕਾਰ ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਕਰ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਹੋ ਹੋ ਦਾਸ, ਸੇਵਕ ਬਣ ਬਣ ਸੇਵ ਕਮਾਈਆ। ਸ੍ਰੀ ਭਗਵਾਨ ਵਸੇ ਸਾਥ, ਸਗਲਾ ਸੰਗ ਆਪ ਨਿਭਾਈਆ। ਪਾਰਬ੍ਰਹਮ ਪ੍ਰਭ ਵੇਖੇ ਖੇਲ ਤਮਾਸ਼, ਖੇਲਣਹਾਰਾ ਆਪ ਹੋ ਜਾਈਆ। ਸਾਚੇ ਮੰਦਰ ਆਪਣੀ ਰਾਸ, ਨਿਰਗੁਣ ਨਿਰਗੁਣ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵੇਖੇ ਚਾਈਂ ਚਾਈਂਆ। ਸਚਖੰਡ ਵਸੇ ਆਪ ਨਿਰੰਕਾਰਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਆਦਿ ਜੁਗਾਦੀ ਹੋ ਉਜਿਆਰਾ, ਰੂਪ ਅਨੂਪ ਆਪ ਵਟਾਇੰਦਾ। ਅਲਖ ਅਗੋਚਰ ਬੇਪਰਵਾਹ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰਾ, ਅਨਭਵ ਆਪਣੀ ਧਾਰ ਚਲਾਇੰਦਾ। ਦਾਈ ਦਾਇਆ ਖੇਲ ਨਿਆਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਪੁਰਖ ਕਰਾਇੰਦਾ। ਜਨਨੀ ਜਨ ਬਣ ਸੱਚੀ ਸਰਕਾਰਾ, ਪੂਤ ਸਪੂਤਾ ਕਰੇ ਪਿਆਰਾ, ਪਿਤਾ ਪੂਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਿਨਾਸ਼ੀ ਅਚੁੱਤ, ਸ਼ਬਦੀ ਜਾਏ ਸਾਚਾ ਸੁਤ, ਸਾਚੀ ਗੋਦ ਆਪ ਬਹਾਇੰਦਾ। ਸ਼ਬਦੀ ਸੁਤ ਗੋਦ ਸਹਾਰਾ, ਸਤਿਗੁਰ ਪੂਰਾ ਆਪ ਰਖਾਈਆ। ਨਿਰਗੁਣ ਨਿਰਗੁਣ ਕਰੇ ਪਿਆਰਾ, ਨਿਰਗੁਣ ਪਿਤਾ ਨਿਰਗੁਣ ਮਾਈਆ। ਕਰੇ ਕਰਾਏ ਸਚ ਵਿਹਾਰਾ, ਬਿਵਹਾਰੀ ਵਡ ਵਡਿਆਈਆ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਆਪਣੀ ਸੇਵਾ ਆਪ ਕਮਾਈਆ। ਪਰਕਾਸ਼ ਵਿਚੋਂ ਪਰਕਾਸ਼ ਦੇ ਆਧਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦਏ ਵਡਿਆਈਆ। ਸ਼ਬਦੀ ਸੁਤ ਹਰਿ ਛੋਟਾ ਬਾਲਾ, ਪੁਰਖ ਅਬਿਨਾਸ਼ੀ ਆਪ ਪਰਗਟਾਇੰਦਾ। ਥਿਰ ਘਰ ਬਹਾਏ ਸੱਚੀ ਧਰਮਸਾਲਾ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਆਦਿ ਪੁਰਖ ਚਲੀ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇੰਦਾ। ਸਦਾ ਸੁਹੇਲਾ ਵਸੇ ਨਾਲਾ, ਵਿਛੜ ਕਦੇ ਨਾ ਜਾਇੰਦਾ। ਸਾਚਾ ਮਾਰਗ ਦੱਸ ਸੁਖਾਲਾ, ਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਉਪਜਾਇੰਦਾ। ਸ਼ਬਦੀ ਸੁਤ ਕਰ ਪਿਆਰ, ਹਰਿ ਸਤਿਗੁਰ ਖੇਲ ਕਰਾਈਆ। ਆਪਣੀ ਇਛਿਆ ਆਪੇ ਧਾਰ, ਕਰ ਕਿਰਪਾ ਮੇਲ ਮਿਲਾਈਆ। ਜਨਨੀ ਜਨ ਅਗੰਮ ਅਪਾਰ, ਦਾਈ ਦਾਇਆ ਸੇਵ ਕਮਾਈਆ। ਥਿਰ ਘਰ ਦਰਬਾਰੇ ਆਪੇ ਵਾੜ, ਸਿਰ ਆਪਣਾ ਹੱਥ ਰਖਾਈਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਸੁਤ ਸਮਝਾਈਆ। ਸਾਚੇ ਸੁਤ ਦੇਵੇ ਗਿਆਨ, ਹਰਿ ਜੂ ਆਪਣੀ ਦਇਆ ਕਮਾਇੰਦਾ। ਸਾਚੇ ਸੁਤ ਦੇਵੇ ਧਿਆਨ, ਹਰਿ ਜੂ ਏਕਾ ਧਿਆਨ ਜਣਾਇੰਦਾ। ਸਾਚੇ ਸੁਤ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਸਾਚੇ ਸੁਤ ਦੇਵੇ ਨਿਸ਼ਾਨ, ਸਤਿ ਨਿਸ਼ਾਨਾ ਇਕ ਵਖਾਇੰਦਾ। ਸਾਚੇ ਸੁਤ ਦੇਵੇ ਪਹਿਚਾਨ, ਸਵੱਛ ਸਰੂਪੀ ਰੂਪ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਉਠਾਇੰਦਾ। ਸ਼ਬਦੀ ਸੁਤ ਜਾਏ ਉਠ, ਸਚਖੰਡ ਨਿਵਾਸੀ ਆਪ ਉਠਾਈਆ। ਆਦਿ ਪੁਰਖ ਅਬਿਨਾਸ਼ੀ ਕਰਤਾ ਜਾਏ ਤੁਠ, ਅਜੂਨੀ ਰਹਿਤ ਹੋਏ ਸਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੱਜੇ ਸਚ ਵਧਾਈਆ। ਥਿਰ ਘਰ ਵੱਜੇ ਸਾਚਾ ਵਾਜਾ, ਵਜਾਵਣਹਾਰਾ ਆਪ ਵਜਾਇੰਦਾ। ਕਰੇ ਖੇਲ ਗ਼ਰੀਬ ਨਿਵਾਜ਼ਾ, ਭੇਵ ਕੋਇ ਨਾ ਪਾਇੰਦਾ। ਭੂਪਤ ਭੂਪ ਰਾਜਨ ਰਾਜਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਪੜਦਾ ਆਪ ਉਠਾਇੰਦਾ। ਪੂਤ ਸਪੂਤਾ ਸਾਜਣ ਸਾਜਾ, ਬਾਲ ਅਞਾਣਾ ਆਪ ਜਗਾਇੰਦਾ। ਆਪੇ ਰਚ ਰਚ ਆਪਣਾ ਕਾਜਾ, ਆਪੇ ਖ਼ੁਸ਼ੀ ਵਖਾਇੰਦਾ। ਆਪੇ ਸਚਖੰਡ ਨਿਵਾਸੀ ਥਿਰ ਘਰ ਫਿਰੇ ਭਾਜਾ, ਆਪਣੀ ਅਲਖ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਆਪ ਖੁਲ੍ਹਾਇੰਦਾ। ਥਿਰ ਘਰ ਸਾਚਾ ਗਿਆ ਖੁਲ੍ਹ, ਹਰਿ ਜੂ ਆਪ ਖੁਲ੍ਹਾਇਆ। ਆਪ ਉਪਾਈ ਆਪਣੀ ਕੁਲ, ਸ਼ਬਦੀ ਵੇਸ ਵਟਾਇਆ। ਆਪੇ ਖੇਲ ਕਰੇ ਅਤੁਲ, ਤੋਲ ਸਕੇ ਨਾ ਕੋਇ ਰਾਇਆ। ਆਪੇ ਹੋਏ ਸਦਾ ਅਭੁੱਲ, ਭੁੱਲ ਕਦੇ ਨਾ ਜਾਇਆ। ਆਪੇ ਹੋਏ ਸਦਾ ਅਡੁਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਇਆ। ਸਚਖੰਡ ਸੁਹਾਏ ਆਪ ਨਿਰੰਕਾਰਾ, ਨਿਰਗੁਣ ਆਪਣਾ ਨੂਰ ਧਰਾਈਆ। ਥਿਰ ਘਰ ਖੋਲ੍ਹ ਆਪ ਕਿਵਾੜਾ, ਸ਼ਬਦੀ ਸੁਤ ਦਏ ਵਡਿਆਈਆ। ਹੁਕਮੀ ਹੁਕਮ ਸਤਿ ਜੈਕਾਰਾ, ਸਤਿ ਸਤਿਵਾਦੀ ਆਪ ਸੁਣਾਈਆ। ਮੇਰਾ ਤੇਰਾ ਇਕ ਸਹਾਰਾ, ਏਕਾ ਘਰ ਵੱਜੇ ਵਧਾਈਆ। ਤੇਰਾ ਮੇਰਾ ਏਕਾ ਨਾਅਰਾ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਤੇਰਾ ਮੇਰਾ ਇਕ ਪਸਾਰਾ, ਪਸਰ ਪਸਾਰੀ ਰਿਹਾ ਸਮਝਾਈਆ। ਤੇਰਾ ਮੇਰਾ ਇਕ ਅਖਾੜਾ, ਨਿਰਗੁਣ ਨਿਰਗੁਣ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦਏ ਵਡਿਆਈਆ। ਦੇਵੇ ਮਾਣ ਪੁਰਖ ਅਬਿਨਾਸ਼ਾ, ਆਪਣੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਪਾਏ ਸਾਚੀ ਰਾਸਾ, ਥਿਰ ਘਰ ਆਪਣਾ ਖੇਲ ਕਰਾਇੰਦਾ। ਤੇਰੇ ਅੰਤਰ ਕਰੇ ਵਾਸਾ, ਆਪਣਾ ਮੇਲ ਮਿਲਾਇੰਦਾ। ਕਰ ਕਰ ਮੇਲਾ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਸੁਤ ਦੁਲਾਰੇ ਤੇਰੀ ਕਰੇ ਪੂਰੀ ਆਸਾ, ਨਿਰਾਸਾ ਰੂਪ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਇੰਦਾ। ਧੁਰ ਫ਼ਰਮਾਣਾ ਸਾਚਾ ਗੀਤ, ਬੋਧ ਅਗਾਧੀ ਹਰਿ ਜਣਾਇੰਦਾ । ਸ਼ਬਦੀ ਸੁਤ ਤੇਰੀ ਰੀਤ, ਪੁਰਖ ਅਬਿਨਾਸ਼ੀ ਆਪ ਚਲਾਇੰਦਾ। ਚਰਨ ਸਰਨ ਸਚ ਪ੍ਰੀਤ, ਪ੍ਰੀਤੀਵਾਨ ਆਪ ਬੰਨਾਇੰਦਾ। ਖੇਲ ਕਰਾਏ ਇਕ ਅਨਡੀਠ, ਨੇਤਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਸਿਖਿਆ ਆਪ ਸਮਝਾਇੰਦਾ। ਆਦਿ ਪੁਰਖ ਦੇਵੇ ਸਿਖਿਆ, ਲੇਖਾ ਆਪਣਾ ਆਪ ਜਣਾਇੰਦਾ। ਸਚਖੰਡ ਨਿਵਾਸੀ ਪਾਏ ਭਿਛਿਆ, ਭਿਖਕ ਝੋਲੀ ਆਪ ਭਰਾਇੰਦਾ। ਆਪ ਵੰਡਾਏ ਸਾਚਾ ਹਿੱਸਿਆ, ਹਿੱਸਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸੁਤ ਸਮਝਾਇੰਦਾ। ਸ਼ਬਦੀ ਸੁਤ ਦੋਏ ਜੋੜ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸਾਹਿਬ ਸੁਲਤਾਨ ਤੇਰਾ ਅੰਤ ਨਾ ਪਾਰਾਵਾਰ, ਹਉਂ ਬਾਲਕ ਭੇਵ ਨਾ ਆਇੰਦਾ। ਕਰ ਕਿਰਪਾ ਚਰਨ ਕਵਲ ਦੇ ਪਿਆਰ, ਏਕਾ ਤੇਰੀ ਓਟ ਰਖਾਇੰਦਾ। ਤੇਰੇ ਹੁਕਮੇ ਅੰਦਰ ਕਰਾਂ ਕਾਰ, ਕੀਤਾ ਕੌਲ ਭੁੱਲ ਨਾ ਜਾਇੰਦਾ। ਤੂੰ ਸਾਹਿਬ ਸੁਲਤਾਨ ਪਰਵਰਦਿਗਾਰ, ਬੇਐਬ ਆਪ ਅਖਵਾਇੰਦਾ। ਮੁਕਾਮੇ ਹੱਕ ਤੇਰਾ ਪਸਾਰ, ਨੂਰ ਨੂਰਾਨਾ ਡਗਮਗਾਇੰਦਾ। ਮੈਂ ਬਰਦਾ ਚਾਕਰ ਸੇਵਾਦਾਰ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਦੇਣੀ ਕਰ, ਤੇਰੇ ਅੱਗੇ ਸੀਸ ਝੁਕਾਇੰਦਾ। ਤੇਰੇ ਚਰਨਾਂ ਸੀਸ ਅੱਗੇ ਰੱਖ, ਨੇਤਰ ਨੈਣਾਂ ਨੀਰ ਵਹਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਮੈਂ ਚਲਾਂ ਤੁਧ ਰਜ਼ਾਈਆ। ਤੂੰ ਮੇਰਾ ਨੂਰ ਕੀਤਾ ਪਰਤੱਖ, ਬਣ ਮੇਰਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਦੇਣੀ ਕਰ, ਇਕੋ ਤੇਰੀ ਓਟ ਤਕਾਈਆ। ਇਕੋ ਤੇਰੀ ਆਸ, ਮੇਰੇ ਹਰਿ ਪਰਵਰਦਿਗਾਰਾ। ਸਦਾ ਵਸਾਂ ਤੇਰੇ ਪਾਸ, ਮੋਹੇ ਭਾਏ ਤੇਰਾ ਦੁਆਰਾ। ਤੇਰੇ ਦਰਸ ਬੁਝੇ ਪਿਆਸ, ਤੇਰਾ ਨੂਰ ਠੰਡਾ ਠਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਥਿਰ ਘਰ ਵਸਦਾ ਰਹੇ ਦੁਆਰਾ। ਥਿਰ ਘਰ ਮੇਰਾ ਵਸੇ ਦੁਆਰ, ਸ਼ਬਦੀ ਮੰਗ ਮੰਗਾਇੰਦਾ। ਤੇਰੇ ਚਰਨ ਧੂੜੀ ਮੰਗਾ ਛਾਰ, ਮਸਤਕ ਟਿੱਕਾ ਇਕ ਲਗਾਇੰਦਾ। ਤੇਰਾ ਨਾਉਂ ਗੀਤ ਸੁਹਾਗੀ ਗਾਵਾ ਵਾਰ, ਨਾਉਂ ਨਿਰੰਕਾਰਾ ਇਕ ਸਲਾਹਿੰਦਾ। ਸਚਖੰਡ ਵੇਖਾਂ ਤੇਰਾ ਦੀਦਾਰ, ਨੇਤਰ ਨੈਣ ਨੈਣ ਮਿਲਾਇੰਦਾ। ਤੂੰ ਸਾਹਿਬ ਸੱਚਾ ਬਖ਼ਸ਼ਣਹਾਰ, ਤੇਰਾ ਭੇਵ ਕੋਇ ਨਾ ਆਇੰਦਾ। ਮੈਂ ਬਾਲ ਅਞਾਣਾ ਸੁਤ ਦੁਲਾਰ, ਤੇਰੇ ਚਰਨਾਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਭਾਇੰਦਾ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਕਮਾਈਆ। ਤੇਰੀ ਸਦਾ ਸਦਾ ਕਰਾਂ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਤੂੰ ਉਪਜਿਆ ਮੇਰਾ ਲਾਲ, ਲਾਲਣ ਮੇਰੀ ਗੋਦ ਸੁਹਾਈਆ। ਮੈਂ ਮਾਰਗ ਦੱਸਾਂ ਇਕ ਸੁਖਾਲ, ਰਹਿਬਰ ਤੇਰਾ ਨਾਉਂ ਵਡਿਆਈਆ। ਥਿਰ ਘਰ ਵਸਦੀ ਰਹੇ ਤੇਰੀ ਧਰਮਸਾਲ, ਧਰਮ ਦੁਆਰਾ ਇਕ ਬਣਾਈਆ। ਦੀਪਕ ਦੀਆ ਦਿਤਾ ਬਾਲ, ਨਾ ਸਕੇ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਗੁਣ ਸਮਝਾਈਆ। ਏਕਾ ਗੁਣ ਪੁਰਖ ਅਕਾਲਾ, ਆਦਿ ਆਦਿ ਜਣਾਇਆ। ਤੇਰਾ ਮਾਰਗ ਦੱਸਾਂ ਸੁਖਾਲਾ, ਆਪਣਾ ਭੇਵ ਖੁਲ੍ਹਾਇਆ। ਤੇਰੀ ਗੋਦ ਬਹਾਵਾਂ ਲਾਲਾ, ਵਿਸ਼ਨ ਬ੍ਰਹਮਾ ਸ਼ਿਵ ਨਾਉਂ ਧਰਾਇਆ। ਕਰਾਂ ਖੇਲ ਇਕ ਨਿਰਾਲਾ, ਏਕੰਕਾਰਾ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਸੁਤ ਵਡਿਆਇਆ। ਸ਼ਬਦੀ ਸੁਤ ਸੁਣ ਬਾਲ ਨਿਧਾਨ, ਹਰਿ ਜੂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਿਤਾ ਦਾਨ, ਤ੍ਰੈ ਤ੍ਰੈ ਤੇਰੀ ਝੋਲੀ ਪਾਇੰਦਾ। ਤ੍ਰੈ ਤ੍ਰੈ ਕਰਨ ਇਕ ਧਿਆਨ, ਏਕਾ ਰਾਹ ਵਖਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਤੇਰੀ ਮਹਿਮਾ ਆਪ ਜਣਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਚਮ ਮੇਲਾ ਮੇਲ ਮਿਲਾਇੰਦਾ। ਸ਼ਬਦੀ ਸ਼ਬਦ ਧੁਰ ਫ਼ਰਮਾਣ, ਸਚ ਸੰਦੇਸਾ ਇਕ ਅਲਾਇੰਦਾ। ਵਿਸ਼ਨੂੰ ਵਿਸ਼ਵ ਲਏ ਪਛਾਣ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਸ਼ੰਕਰ ਕਰੇ ਇਕ ਕਲਿਆਣ, ਸੁੰਨ ਅਗੰਮ ਧੂੰਆਂਧਾਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਇੰਦਾ। ਸਾਚੀ ਸੇਵਾ ਸੁਤ ਦੁਲਾਰੇ, ਹਰਿ ਜੂ ਹਰਿ ਹਰਿ ਆਪ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰੇ, ਤ੍ਰੈ ਪੰਜ ਮੇਲ ਸਮਝਾਈਆ। ਲੱਖ ਚੁਰਾਸੀ ਭਾਂਡੇ ਘੜ ਬਣ ਠਠਿਆਰੇ, ਘਟ ਘਟ ਆਪਣਾ ਰੂਪ ਸਮਾਈਆ। ਚਾਰੇ ਖਾਣੀ ਕਰ ਵਣਜਾਰੇ, ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਈਆ। ਚਾਰੇ ਬਾਣੀ ਬੋਲ ਜੈਕਾਰੇ, ਚਾਰੋਂ ਕੁੰਟ ਕੁੰਟ ਸੁਣਾਈਆ। ਚਾਰੋਂ ਜੁਗ ਕਰ ਪਨਿਹਾਰੇ, ਲੋਕਮਾਤ ਸੇਵ ਕਮਾਈਆ। ਚਾਰ ਵਰਨ ਦੇ ਸਹਾਰੇ, ਚਾਰ ਯਾਰੀ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਆਦਿ ਪੁਰਖ ਏਕਾ ਵਾਰ ਸੁਣਾਈਆ। ਆਦਿ ਪੁਰਖ ਸਚ ਸੰਦੇਸਾ, ਏਕਾ ਵਾਰ ਜਣਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਆਂ ਵਸਾ ਦੇਸਾ, ਗਗਨ ਮੰਡਲ ਤੇਰਾ ਰਾਗ ਸੁਣਾਇੰਦਾ। ਖਾਣੀ ਬਾਣੀ ਬਣ ਨਰੇਸ਼ਾ, ਨਰ ਨਰਾਇਣ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਇੰਦਾ। ਸਾਚੀ ਸੇਵਾ ਜਾਣਾ ਲੱਗ, ਹਰਿ ਹਰਿ ਆਪ ਜਣਾਇੰਦਾ। ਹੁਕਮ ਵਰਤਾਏ ਸੂਰਾ ਸਰਬੱਗ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਲੱਖ ਚੁਰਾਸੀ ਨਾਤਾ ਤੋੜ ਜਗ, ਜਾਗਰਤ ਜੋਤ ਜੋਤ ਮਿਲਾਇੰਦਾ। ਤ੍ਰੈਗੁਣ ਮਾਇਆ ਅਗਨੀ ਅੱਗ, ਤੱਤਵ ਤੱਤ ਤੱਤ ਪਰਗਟਾਇੰਦਾ। ਨਿਰਗੁਣ ਸਰਗੁਣ ਅੰਦਰ ਬਹੇ ਸਜ, ਨਵ ਨੌਂ ਖੇਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਅਲਾਇੰਦਾ। ਸਚ ਸੰਦੇਸਾ ਏਕਾ ਵਾਰ, ਹਰਿ ਹਰਿ ਆਖ ਸੁਣਾਇਆ। ਲੱਖ ਚੁਰਾਸੀ ਕਰ ਤਿਆਰ, ਧਰਤ ਧਵਲ ਦਏ ਬਹਾਇਆ। ਜਲ ਬਿੰਬ ਪਾਏ ਸਾਰ, ਨੀਰ ਸਰੋਵਰ ਆਪਣਾ ਭੇਸ ਵਟਾਇਆ। ਰਵ ਸਸ ਕਰ ਉਜਿਆਰ, ਕਿਰਨ ਕਿਰਨ ਨਾਲ ਚਮਕਾਇਆ। ਜ਼ਿਮੀਂ ਅਸਮਾਨ ਵੇਖ ਅਖਾੜ, ਬ੍ਰਹਿਮੰਡ ਖੰਡ ਨਾਚ ਨਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਇਆ। ਸਾਚੀ ਸੇਵਾ ਕਰ ਪਰਵਾਨ, ਹਰਿ ਸ਼ਬਦ ਖ਼ੁਸ਼ੀ ਮਨਾਇੰਦਾ। ਤੇਰਾ ਝੁਲਾਵਾਂ ਸਚ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਲੱਖ ਚੁਰਾਸੀ ਜੀਵ ਜਹਾਨ, ਜੀਵਣ ਜੁਗਤ ਜੁਗਤ ਜਣਾਇੰਦਾ। ਖਾਣੀ ਬਾਣੀ ਹੋ ਪਰਧਾਨ, ਲੋਕਮਾਤ ਵੰਡ ਵੰਡਾਇੰਦਾ। ਆਪਣਾ ਭੇਵ ਦੱਸ ਭਗਵਾਨ, ਕਵਣ ਦੁਆਰੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹਿੰਦਾ। ਤੇਰੇ ਅੱਗੇ ਮੰਗਾਂ ਮੰਗ, ਮੇਰੇ ਸਾਹਿਬ ਸੱਚੇ ਸੁਲਤਾਨਾ। ਜੁਗ ਚੌਕੜੀ ਵੰਡਾਂ ਵੰਡ, ਲੱਖ ਚੁਰਾਸੀ ਖੇਲ ਮਹਾਨਾ। ਗੀਤ ਸੁਹਾਗੀ ਸੁਣਾਵਾਂ ਛੰਦ, ਅਨਰਾਗੀ ਰਾਗ ਤਰਾਨਾ। ਲੇਖਾ ਜਾਣਾ ਬੱਤੀ ਦੰਦ, ਰਸਨਾ ਜਿਹਵਾ ਨਾਲ ਜ਼ਬਾਨਾ। ਕਰ ਪਰਕਾਸ਼ ਵੇਖਾਂ ਸੂਰਜ ਚੰਦ, ਧਰਤ ਧਵਲ ਅਕਾਸ਼ ਜ਼ਿਮੀਂ ਅਸਮਾਨਾ। ਲੱਖ ਚੁਰਾਸੀ ਪਾਵਾਂ ਬੰਦ, ਬੰਦੀਖਾਨਾ ਇਕ ਵਖਾਨਾ। ਦੋ ਜਹਾਨਾਂ ਰੱਖਾ ਕੰਧ, ਕਰਾਂ ਖੇਲ ਜਗਤ ਮਹਾਨਾ। ਉਤਭੁਜ ਸੇਤਜ ਜੇਰਜ ਅੰਡ ਆਪੇ ਵੰਡ, ਹੁਕਮੀ ਹੁਕਮ ਦਿਆਂ ਪਰਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਸੀਸ ਝੁਕਾਨਾ। ਦਰ ਤੇਰੇ ਝੁਕਿਆ ਸੀਸ, ਮੇਰੇ ਸਤਿਗੁਰ ਸੱਚੇ ਮੀਤਾ। ਏਕਾ ਦੇ ਸਚ ਅਸੀਸ, ਮੈਂ ਚਲਾਵਾਂ ਤੇਰੀ ਰੀਤਾ। ਇਕ ਪੜ੍ਹਾਵਾਂ ਧੁਰ ਹਦੀਸ, ਇਕ ਜਪਾਵਾਂ ਤੇਰਾ ਨਾਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਹੋ ਮਿਹਰਵਾਨਾ। ਮਿਹਰਵਾਨ ਦਿਆਲ ਪ੍ਰਭ ਮੀਤਾ, ਆਪਣੀ ਦਇਆ ਕਮਾਇੰਦਾ। ਸ਼ਬਦ ਸੁਤ ਤੇਰੀ ਸਾਚੀ ਰੀਤਾ, ਜੁਗ ਚੌਕੜੀ ਆਪ ਚਲਾਇੰਦਾ। ਆਪਣਾ ਨਾਮ ਸੁਣਾਏ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਸਮਝਾਇੰਦਾ। ਸਾਚੀ ਧਾਰ ਸੁਣ ਕੰਨ ਲਾ, ਹਰਿ ਜੂ ਹਰਿ ਜਣਾਈਆ। ਜੁਗ ਜੁਗ ਬਣਾਂ ਮਾਤ ਮਲਾਹ, ਰੂਪ ਅਨੂਪ ਵਟਾਈਆ। ਗੁਰ ਅਵਤਾਰ ਨਾਉਂ ਧਰਾ, ਜੀਵ ਜੰਤ ਸੇਵ ਕਮਾਈਆ। ਨਾਉਂ ਨਿਧਾਨਾ ਆਪੇ ਗਾ, ਲੱਖ ਚੁਰਾਸੀ ਕਰਾਂ ਪੜ੍ਹਾਈਆ। ਤੇਰਾ ਮਾਰਗ ਦੇਵਾਂ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਰਹਿਮ ਕਮਾਏ ਹਰਿ ਰਹਿਮਾਨ, ਰਹਿਮਤ ਆਪਣੀ ਆਪ ਜਣਾਇੰਦਾ। ਤੇਰਾ ਖੇਲ ਦੋ ਜਹਾਨ, ਹਰਿ ਸ਼ਬਦੀ ਆਪ ਵਖਾਇੰਦਾ। ਲੋਕਮਾਤ ਰਖਾਏ ਤੇਰਾ ਮਾਣ, ਆਪਣਾ ਮਾਣ ਨਾ ਕੋਇ ਜਣਾਇੰਦਾ। ਗੁਰ ਗੁਰ ਰੂਪ ਹੋ ਪਰਧਾਨ, ਤੇਰਾ ਨਾਦ ਵਜਾਇੰਦਾ। ਬ੍ਰਹਮਾ ਵੇਤਾ ਦੇਵੇ ਇਕ ਗਿਆਨ, ਨੇਤਰ ਨੈਣ ਨੈਣ ਇਕ ਖੁਲ੍ਹਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਸੁਣਾਇੰਦਾ। ਚਾਰੇ ਵੇਦਾਂ ਕਰ ਵਖਿਆਨ, ਚਾਰੇ ਜੁਗ ਸੋਭਾ ਪਾਇੰਦਾ। ਸ਼ਾਸਤਰ ਸਿਮਰਤ ਦੇ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਪੁਰਾਨੀ ਦੇ ਪਰਾਨ, ਪਵਣ ਸੁਆਸੀ ਖੇਲ ਮਹਾਨ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਨਿਰਗੁਣ ਸਰਗੁਣ ਸ਼ਬਦੀ ਧਾਰ, ਹਰਿ ਨਾਮੇ ਡੰਕ ਵਜਾਈਆ। ਲਿਖ ਲਿਖ ਲੇਖਾ ਜੁਗ ਚਾਰ, ਚਾਰ ਵੇਦ ਕਰੇ ਪੜ੍ਹਾਈਆ । ਸ਼ਾਸਤਰ ਸਿਮਰਤ ਕਰ ਤਿਆਰ, ਪੁਰਾਨ ਅਠਾਰਾਂ ਨਾਲ ਵਡਿਆਈਆ। ਗੀਤਾ ਗਿਆਨ ਕਰ ਉਧਾਰ, ਅਠ ਦਸ ਬੰਧਨ ਪਾਈਆ। ਅੰਜੀਲ ਕੁਰਾਨ ਖੋਲ੍ਹ ਕਿਵਾੜ, ਤੀਸ ਬਤੀਸਾ ਢੋਲਾ ਗਾਈਆ। ਖਾਣੀ ਬਾਣੀ ਕਰ ਪਸਾਰ, ਪਸਰ ਪਸਾਰੀ ਵੇਖ ਵਖਾਈਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਆਤਮ ਪਰਮਾਤਮ ਦਏ ਸਹਾਰ, ਈਸ਼ ਜੀਵ ਕਰੇ ਕੁੜਮਾਈਆ। ਲੇਖਾ ਜਾਣੇ ਜੁਗ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਈਆ। ਨਵ ਨੌਂ ਖੇਲ ਵੇਖੇ ਅਖਾੜ, ਚਾਰ ਚਾਰ ਆਪਣਾ ਨਾਚ ਨਚਾਈਆ। ਨਵ ਨੌਂ ਚਾਰ ਦਏ ਆਧਾਰ, ਜਗਤ ਅਧਾਰੀ ਏਕਾ ਮਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣ ਬਣ ਸੇਵਾਦਾਰ, ਚਾਕਰ ਆਪਣੀ ਸੇਵ ਕਮਾਈਆ। ਨੌਂ ਸੌ ਚੁਰਾਨਵੇ ਚੌਕੜੀ ਆਵੇ ਜਾਵੇ ਵਾਰੋ ਵਾਰ, ਰੂਪ ਅਨੂਪ ਆਪ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਪਾਇਣ ਸਾਰ, ਲਿਖ ਲਿਖ ਲੇਖ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਊਚੀ ਕੂਕ ਕੂਕ ਕਰਨ ਪੁਕਾਰ, ਸੋਹਲਾ ਢੋਲਾ ਇਕ ਸੁਣਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਮੁਕਾਮੇ ਹੱਕ ਡੇਰਾ ਲਾਈਆ। ਤਖ਼ਤ ਨਿਵਾਸੀ ਏਕੰਕਾਰ, ਸਾਚੇ ਤਖ਼ਤ ਬੈਠਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਖੇਲ ਵਖਾਈਆ। ਸ਼ਬਦੀ ਗੁਰ ਏਕੋ ਦਾਤਾ, ਜੁਗ ਜੁਗ ਵੇਸ ਵਟਾਇੰਦਾ। ਲੱਖ ਚੁਰਾਸੀ ਸੁਣਾਏ ਗਾਥਾ, ਬੋਧ ਅਗਾਧ ਆਪ ਪਰਗਟਾਇੰਦਾ। ਆਪ ਚਲਾਏ ਆਪਣਾ ਸਾਕਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਵੇਸ ਵਟਾਇੰਦਾ। ਸਮਰਥ ਪੁਰਖ ਹਰਿ ਖੇਲ ਅਪਾਰਾ, ਜੁਗ ਜੁਗ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪੀਰ ਪੈਗ਼ੰਬਰ ਗੁਰ ਅਵਤਾਰਾ, ਸਚਖੰਡ ਬੈਠਾ ਸੱਚਾ ਮਾਹੀਆ। ਭਗਤ ਭਗਵੰਤ ਦੇ ਸਹਾਰਾ, ਭਗਵਨ ਆਪਣੀ ਬੂਝ ਬੁਝਾਈਆ। ਸਾਚੇ ਸੰਤਾਂ ਖੋਲ੍ਹ ਕਿਵਾੜਾ, ਆਤਮ ਤਾਕੀ ਏਕਾ ਲਾਹੀਆ। ਗੁਰਮੁਖਾਂ ਦੇਵੇ ਦਰਸ ਅਪਾਰਾ, ਦਰਸੀ ਆਪਣੀ ਦਰਸ ਦਰਸਾਈਆ। ਗੁਰਸਿਖਾਂ ਦੇਵੇ ਚਰਨ ਸਹਾਰਾ, ਚਰਨ ਓਟ ਸੱਚੀ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਔਂਦਾ ਰਿਹਾ ਵਾਰੋ ਵਾਰਾ, ਵੇਸ ਅਨੇਕਾ ਰੂਪ ਵਟਾਈਆ। ਜੁਗ ਚੌਕੜੀ ਕਰ ਕਰ ਪਾਰ ਕਿਨਾਰਾ, ਹਰਿ ਜੂ ਆਪਣੀ ਖ਼ੁਸ਼ੀ ਮਨਾਈਆ। ਆਪੇ ਘੜੇ ਆਪੇ ਭੰਨੇ ਆਪੇ ਹੋਏ ਵੇਖਣਹਾਰਾ, ਆਪੇ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਕਾਰ ਕਰਾਏ ਕਰਤਾ ਪੁਰਖ, ਕਰਨਹਾਰ ਅਖਵਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਕਰੇ ਪਰਖ, ਹਰਿਜਨ ਸਾਚੇ ਆਪ ਉਠਾਇੰਦਾ। ਬਿਨ ਨੇਤਰ ਦੇਵੇ ਦਰਸ, ਬਿਨ ਅੱਖੋਂ ਅੱਖ ਖੁਲ੍ਹਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਸਾਂਤਕ ਸਤਿ ਸਤਿ ਵਰਤਾਇੰਦਾ। ਸਤਿ ਸਤਿਵਾਦੀ ਇਕ ਵਖਾਏ ਅਦਰਸ਼, ਇਸ਼ਟ ਆਪਣਾ ਆਪ ਜਣਾਇੰਦਾ। ਲੇਖਾ ਜਾਣੇ ਅਰਸ਼ ਫਰਸ਼, ਦੋ ਜਹਾਨਾਂ ਫੇਰੀ ਪਾਇੰਦਾ। ਜੁਗ ਜੁਗ ਤਾਰੇ ਪਿਛਲਾ ਕਰਜ਼, ਕਰਜ਼ਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਇਕ ਸਮਝਾਇੰਦਾ। ਸ਼ਬਦੀ ਸੁਤ ਸੁਣ ਕੰਨ ਲਾ, ਆਦਿ ਪੁਰਖ ਸੁਣਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਨਿਰਗੁਣ ਸਰਗੁਣ ਬਣੇ ਮਲਾਹ, ਬੇੜਾ ਲੋਕਮਾਤ ਚਲਾਇਆ। ਸ਼ਬਦੀ ਸ਼ਬਦ ਦਏ ਸਲਾਹ, ਸਲਾਹਕਾਰ ਆਪ ਹੋ ਜਾਇਆ। ਚਾਰ ਵੇਦ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਆਪ ਸੁਣਾ, ਰਾਗ ਰਾਗਨੀ ਰਾਗ ਅਲਾਇਆ। ਖਾਣੀ ਬਾਣੀ ਧੁਰ ਦੀ ਰਾਣੀ ਬੋਧ ਅਗਾਧ ਪੜਦਾ ਦਏ ਚੁਕਾ, ਚੁੱਕ ਆਪਣਾ ਮੁਖ ਵਖਾਇਆ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼, ਚਾਰ ਕੁੰਟ ਉੱਤਰ ਪੂਰਬ ਪੱਛਮ ਦੱਖਣ, ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਚਾਰ ਬਾਣੀ ਪਰਾ ਪਸੰਤੀ ਮਧਮ ਬੈਖਰੀ ਦਏ ਸੁਣਾ, ਗੀਤ ਸੁਹਾਗੀ ਅਨਰਾਗੀ ਆਪਣਾ ਰਾਗ ਅਲਾਈਆ। ਅੰਤਮ ਚੌਕੜ ਵੇਖੇ ਆ, ਏਕਾ ਏਕੰਕਾਰਾ ਖੇਲ ਕਰਾ, ਚੌਥੇ ਪਦ ਰਿਹਾ ਸਮਾ, ਏਕਾ ਚੌਕਾ ਮੇਲ ਮਿਲਾ, ਚੌਦਾਂ ਹੱਟਾਂ ਵੇਖੇ ਥਾਉਂ ਥਾਂ, ਚੌਦਾਂ ਤਬਕਾਂ ਫੇਰਾ ਪਾਈਆ। ਚੌਦਾਂ ਵਿਦਿਆ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਰਿਹਾ ਸਮਝਾਈਆ। ਸ਼ਬਦ ਸੁਤ ਦੋਏ ਜੋੜ, ਪ੍ਰਭ ਚਰਨੀ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਮੋਹੇ ਤੇਰੀ ਲੋੜ, ਤੁਧ ਬਿਨ ਮੇਰਾ ਕਾਜ਼ ਨਾ ਕੋਇ ਕਰਾਇੰਦਾ। ਦੋ ਜਹਾਨਾਂ ਵੇਖਣਾ ਦੌੜ ਦੌੜ, ਇਕ ਤੇਰੀ ਓਟ ਤਕਾਇੰਦਾ। ਸਚਖੰਡ ਲਗਾਉਣਾ ਸੱਚਾ ਪੌੜ, ਉਚਾ ਡੰਡਾ ਇਕ ਬਣਾਇੰਦਾ। ਤੇਰਾ ਰੂਪ ਬ੍ਰਹਿਮਣ ਗੌੜ, ਦਿਸ ਕਿਸੇ ਨਾ ਆਇੰਦਾ। ਮੈਂ ਤੇਰਾ ਸੁਤ ਦੁਲਾਰਾ ਘਰ ਤੇਰੇ ਜੰਮਿਆ ਕੌਰ, ਏਕੋ ਤੇਰਾ ਟਿੱਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਮੇਲ ਮਿਲਾਇੰਦਾ। ਕਵਣ ਵੇਲਾ ਮੇਲੇਂ ਆਣ, ਮੇਰੇ ਸਾਹਿਬ ਸੱਚੇ ਗੁਸਾਇਆ। ਮੈਂ ਜੁਗ ਜੁਗ ਮੰਨਾਂ ਤੇਰੀ ਆਣ, ਦਰ ਤੇਰੇ ਸੀਸ ਝੁਕਾਇਆ। ਤੂੰ ਦਰਸ਼ਨ ਦੇਣਾ ਆਣ, ਮੇਰੀ ਪੂਰੀ ਆਸ ਕਰਾਇਆ। ਮੈਂ ਖੇਲਾਂ ਖੇਲ ਵਿਚ ਜਹਾਨ, ਨਿਰਗੁਣ ਸਰਗੁਣ ਰੂਪ ਵਟਾਇਆ। ਤੇਰਾ ਹੱਟ ਚਲਾਵਾਂ ਦੁਕਾਨ, ਤੇਰਾ ਨਾਉਂ ਨਾਉਂ ਵਰਤਾਇਆ। ਤੂੰ ਸਾਹਿਬ ਸੱਚਾ ਸੁਲਤਾਨ, ਸਾਚੇ ਤਖ਼ਤ ਆਸਣ ਲਾਇਆ। ਕਵਣ ਵੇਲਾ ਹੋਏ ਮਿਹਰਵਾਨ, ਮੇਰਾ ਵਿਛੋੜਾ ਦਏ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਆਦਿ ਆਦਿ ਤੇਰੇ ਅੱਗੇ ਮੰਗ ਮੰਗਾਇਆ। ਦੇ ਦੇ ਵਰ ਕਰ ਇਕਰਾਰ, ਕੌਲ ਆਪਣਾ ਆਪ ਨਿਭਾਈਆ। ਜੁਗ ਚੌਕੜੀ ਸੇਵਾ ਕਰਾਂ ਵਾਰੋ ਵਾਰ, ਸੇਵਕ ਆਪਣਾ ਨਾਉਂ ਧਰਾਈਆ। ਪਰਗਟ ਕਰ ਗੁਰ ਅਵਤਾਰ, ਤੇਰਾ ਨਾਉਂ ਨਾਦ ਵਜਾਈਆ। ਪੀਰ ਪੈਗ਼ੰਬਰ ਕਰ ਖ਼ਬਰਦਾਰ, ਕਲਮਾ ਅਮਾਮ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਈਆ। ਦੇਵੇ ਵਰ ਹਰਿ ਨਿਰੰਕਾਰਾ, ਆਦਿ ਆਦਿ ਸੁਣਾਇਆ। ਜੁਗ ਚੌਕੜੀ ਖੇਲ ਨਿਆਰਾ, ਜੁਗ ਜੁਗ ਵੇਸ ਵਟਾਇਆ। ਅੰਤਮ ਚੌਕੜ ਪਾਵੇ ਸਾਰਾ, ਹੁਕਮੀ ਹੁਕਮ ਆਪ ਜਣਾਇਆ। ਤੇਰਾ ਰੂਪ ਵਖਾਏ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਇਆ। ਤੇਰਾ ਨੂਰ ਈਸਾ ਮੂਸਾ ਹੋਏ ਉਜਿਆਰਾ, ਅਹਿਮਦ ਮੁਹੰਮਦ ਨਾਲ ਮਿਲਾਇਆ। ਤੇਰੇ ਨਾੳਂੁ ਹੱਕ ਜੈਕਾਰਾ, ਹਕ਼ੀਕ਼ਤ ਤੇਰੀ ਦਏ ਸਮਝਾਇਆ। ਤੇਰਾ ਖੇਲ ਪਰਵਰਦਿਗਾਰਾ, ਪਰਦਾਨਸ਼ੀ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਇਆ। ਆਪਣਾ ਭੇਵ ਦੱਸੇ ਭਗਵਾਨ, ਭੇਵ ਅਭੇਦ ਖੁਲ੍ਹਾਈਆ। ਸਤਿਜੁਗ ਤ੍ਰੇਤਾ ਪਰਗਟ ਹੋਵੇ ਵਿਚ ਜਹਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਸਤਿਜੁਗ ਕਲਜੁਗ ਖੇਲ ਵੇਖੇ ਆਣ, ਵੇਖਣਹਾਰਾ ਇਕ ਹੋ ਜਾਈਆ। ਏਕਾ ਨੂਰ ਵਡ ਬਲਵਾਨ, ਜੋਤੀ ਜਾਤਾ ਰੂਪ ਧਰਾਈਆ। ਗੁਰ ਗੁਰ ਖੇਲ ਸ੍ਰੀ ਭਗਵਾਨ, ਸਤਿਗੁਰ ਪੂਰਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਜਣਾਈਆ। ਅੰਤਮ ਲੇਖਾ ਹਰਿ ਕਰਤਾਰਾ, ਸ਼ਬਦੀ ਆਪ ਜਣਾਇੰਦਾ। ਸਤਿਜੁਗ ਉਪਜੇ ਅਠਾਰਾਂ ਵਾਰਾ, ਤ੍ਰੇਤਾ ਦੋਏ ਦੋਏ ਰੂਪ ਵਟਾਇੰਦਾ। ਦੁਆਪਰ ਦੋਏ ਲਾਏ ਅਖਾੜਾ, ਕਲਜੁਗ ਆਪਣਾ ਰੰਗ ਰੰਗਾਇੰਦਾ । ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਪੱਲੂ ਆਪ ਬੰਧਾਇੰਦਾ। ਨਾਨਕ ਨਿਰਗੁਣ ਕਰ ਤਿਆਰਾ, ਪੰਜ ਤੱਤ ਚੋਲਾ ਵੇਖ ਵਖਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਹਰਿ ਨਿਰੰਕਾਰਾ ਆਪ ਸੁਣਾਇੰਦਾ। ਕਰੇ ਖੇਲ ਅਗੰਮ ਅਪਾਰਾ, ਸਚਖੰਡ ਵਖਾਏ ਇਕ ਦੁਆਰਾ, ਚਰਨ ਕਵਲ ਕਵਲ ਬਹਾਇੰਦਾ। ਨਾਨਕ ਨਿਰਗੁਣ ਕਰੇ ਦੀਦਾਰਾ, ਬਿਨ ਰਸਨਾ ਜਿਹਵਾ ਗਾਏ ਏਕੰਕਾਰਾ, ਸਚਖੰਡ ਵਸੇ ਸੱਚਾ ਮਾਹੀਆ। ਤੇਰੀ ਕੁਦਰਤ ਤੇਰਾ ਪਸਾਰਾ, ਤੂੰ ਖ਼ੁਦਾਈ ਬੇਐਬ ਪਰਵਰਦਿਗਾਰਾ, ਰਾਮ ਰਹੀਮ ਤੇਰਾ ਅਖਾੜਾ ਲੱਖ ਚੁਰਾਸੀ ਚਾਰ ਕੁੰਟ ਚਾਰ ਖਾਣੀ ਚਾਰ ਵਰਨ ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਨਾਨਕ ਨਿਰਗੁਣ ਸਚਖੰਡ, ਸਚਖੰਡ ਵਾਸੀ ਆਪ ਬਹਾਇੰਦਾ। ਆਪਣਾ ਨਾਮ ਦੇਵੇ ਵੰਡ, ਸਾਚੀ ਵਸਤ ਝੋਲੀ ਪਾਇੰਦਾ। ਚਾਰ ਜੁਗ ਦਾ ਭੇਖ ਪਖੰਡ, ਏਕਾ ਵਾਰ ਮਿਟਾਇੰਦਾ। ਧੁਰ ਦਰਗਾਹੀ ਸਾਚਾ ਛੰਦ, ਸਤਿਨਾਮ ਪੜ੍ਹਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਅਨੰਦ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਦੂਈ ਦਵੈਤੀ ਭਰਮਾਂ ਢਾਹੇ ਕੰਧ, ਹਉਮੇ ਗੜ੍ਹ ਆਪ ਤੁੜਾਇੰਦਾ। ਆਤਮ ਪਰਮਾਤਮ ਨੰਗੀ ਹੋਣ ਨਾ ਦੇਵੇ ਕੰਡ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਦਸ ਦਸ ਧਾਰ, ਕਰੇ ਖੇਲ ਅਗੰਮ ਅਪਾਰ, ਪੁਰਖ ਅਕਾਲਾ ਦੀਨ ਦਿਆਲਾ ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੱਸੇ ਖੋਲ੍ਹ, ਆਪਣੀ ਗਾਥਾ ਆਪ ਜਣਾਈਆ। ਚਾਰ ਜੁਗ ਤੋਲੇ ਤੋਲ, ਤੋਲਣਹਾਰਾ ਏਕਾ ਮਾਹੀਆ। ਕਲਜੁਗ ਅੰਤਮ ਲੱਖ ਚੁਰਾਸੀ ਨਾਮ ਮਧਾਣੇ ਲਏ ਵਿਰੋਲ, ਜਗਤ ਰਿੜਕਣਾ ਏਕਾ ਪਾਈਆ। ਸੁਤ ਸ਼ਬਦ ਤੇਰਾ ਦੁਆਰਾ ਦੇਵੇ ਖੋਲ੍ਹ, ਪੁਰਖ ਅਕਾਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ। ਆਪਣਾ ਪੜਦਾ ਦੇਵੇ ਲਾਹ, ਕਿਰਪਾ ਕਰੇ ਗੁਣ ਨਿਧਾਨਾ। ਨਾਨਕ ਜੋਤੀ ਕਰ ਰੁਸ਼ਨਾ, ਖੇਲੇ ਖੇਲ ਜਹਾਨਾ। ਅੰਤਮ ਵੇਖੇ ਚੜ੍ਹੇ ਚਾਅ, ਵੇਸ ਵਟਾਏ ਜੋਧਾ ਸੂਰਬੀਰ ਬਲੀ ਬਲਵਾਨਾ। ਸੁਤ ਅਨਾਦੀ ਏਕਾ ਜਾ, ਪੰਜ ਤੱਤ ਦੇਵੇ ਸੱਚਾ ਦਾਨਾ। ਗੋਬਿੰਦ ਗੋਬਿੰਦ ਨਾਉਂ ਧਰਾ, ਗੋਬਿੰਦ ਪਿਤਾ ਗੋਬਿੰਦ ਪੂਤ ਗੋਬਿੰਦ ਮੇਲਾ ਵਿਚ ਜਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨਾ। ਸ੍ਰੀ ਭਗਵਾਨ ਰਿਹਾ ਦੱਸ, ਭੇਵ ਅਭੇਦ ਖੁਲ੍ਹਾਈਆ। ਸ਼ਬਦੀ ਗੁਰ ਹੋ ਪਰਗਟ, ਕਲਜੁਗ ਡੰਕਾ ਦਏ ਵਜਾਈਆ। ਸਤਿ ਸਤਿਵਾਦੀ ਖੋਲ੍ਹੇ ਹੱਟ, ਸਤਿ ਪੁਰਖ ਨਿਰੰਜਣ ਦਇਆ ਕਮਾਈਆ। ਵਸਣਹਾਰਾ ਘਟ ਘਟ, ਗ੍ਰਹਿ ਮੰਦਰ ਅੰਦਰ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਖੇਲ ਬਾਜ਼ੀਗਰ ਨਟ, ਬਣ ਸਵਾਂਗੀ ਸਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਈਆ। ਧੁਰ ਫ਼ਰਮਾਣਾ ਏਕੰਕਾਰ, ਏਕਾ ਏਕ ਜਣਾਇੰਦਾ। ਜੁਗ ਜੁਗ ਸੰਦੇਸਾ ਦੇਵਾਂ ਵਿਚ ਸੰਸਾਰ, ਵਾਕ ਭਵਿਖਤ ਆਪ ਸੁਣਾਇੰਦਾ। ਗੁਰ ਅਵਤਾਰਾਂ ਖੋਲ੍ਹ ਕਿਵਾੜ, ਪੀਰ ਪੈਗ਼ੰਬਰ ਪੜਦਾ ਲਾਹਿੰਦਾ। ਧੁਰ ਦੀ ਬਾਣੀ ਧੁਰ ਦੀ ਧਾਰ, ਧੁਰ ਦਾ ਕਲਮਾ ਆਪ ਪੜ੍ਹਾਇੰਦਾ। ਧੁਰ ਦਾ ਗੁਰ ਧੁਰ ਅਵਤਾਰ, ਧੁਰ ਦਾ ਨਬੀ ਰਸੂਲ ਬਣਾਇੰਦਾ। ਧੁਰ ਦਾ ਹੁਕਮ ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਆਪਣਾ ਕਰਮ ਆਪ ਕਮਾਇੰਦਾ। ਨਿਹਕਰਮੀ ਕਰੇ ਆਪਣੀ ਕਾਰ, ਕਰਤਾ ਪੁਰਖ ਭੇਵ ਨਾ ਆਈਆ। ਵੇਦ ਵਿਆਸਾ ਦੇ ਅਧਾਰ, ਪੁਰਾਨ ਅਠਾਰਾਂ ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਣਾਈਆ। ਉਚੀ ਕੂਕ ਕਰੇ ਪੁਕਾਰ, ਕਲਜੁਗ ਆਏ ਅੰਤਮ ਵਾਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਨਾ ਕੋਈ ਪਿਤਾ ਨਾ ਕੋਈ ਮਾਈਆ। ਜੁਗ ਜੁਗ ਕਰਤਾ ਕਰੇ ਖ਼ਬਰਦਾਰ, ਈਸਾ ਮੂਸਾ ਨੈਣ ਖੁਲ੍ਹਾਈਆ। ਮੂਸਾ ਕਹੇ ਮੇਰਾ ਆਏ ਪਰਵਰਦਿਗਾਰ, ਨੂਰੀ ਜਲਵਾ ਨੂਰ ਵਖਾਈਆ। ਮੁਹੰਮਦ ਕਹੇ ਮੇਰਾ ਸਾਂਝਾ ਯਾਰ, ਰਸੂਲ ਰਸੂਲਾ ਸੱਚਾ ਮਾਹੀਆ। ਨਾਨਕ ਕਹੇ ਮਹਾਂਬਲੀ ਉਤਰੇ ਆਪਣੀ ਧਾਰ, ਧਾਰੋਂ ਧਾਰ ਲਏ ਪਰਗਟਾਈਆ। ਗੋਬਿੰਦ ਕਹੇ ਆਏ ਪੁਰਖ ਅਕਾਲ, ਅਕਲ ਕਲ ਆਪਣਾ ਰੂਪ ਵਟਾਈਆ। ਸੰਬਲ ਵਸੇ ਧਰਮਸਾਲ, ਧਰਮਸਾਲਾ ਇਕ ਬਣਾਈਆ। ਤ੍ਰੈਗੁਣ ਮਾਇਆ ਤੋੜੇ ਜ਼ੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤ ਭਗਵੰਤ ਲਏ ਭਾਲ, ਲੱਖ ਚੁਰਾਸੀ ਫੋਲ ਫੋਲਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਖੋਲ੍ਹੇ ਭੇਦ, ਹਰਿ ਸਾਚਾ ਸਚ ਜਣਾਇੰਦਾ। ਅੰਤਮ ਲੇਖਾ ਚੁੱਕਣਾ ਚਾਰ ਵੇਦ, ਸ਼ਾਸਤਰ ਸਿਮਰਤ ਪੁਰਾਨ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸਾਧ ਸੰਤ ਵੇਖੇ ਖੇਡ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਅਨਭਵ ਪਰਕਾਸ਼ਾ ਖੇਲ ਤਮਾਸ਼ਾ ਕਰੇ ਅਛਲ ਅਛੇਦ, ਵਲ ਛੱਲ ਆਪਣੀ ਕਾਰ ਕਮਾਇੰਦਾ। ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਵੇਖਣਹਾਰਾ ਬਾਲੂ ਰੇਤ, ਉਚੇ ਟਿੱਲੇ ਪਰਬਤ ਸੋਭਾ ਪਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਲੱਖ ਚੁਰਾਸੀ ਪਰਖਣਹਾਰਾ ਅੰਦਰ ਵੜ ਵੜ ਕਾਇਆ ਖੇਤ, ਸਰਗੁਣ ਨਿਰਗੁਣ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੱਸੇ ਖੋਲ੍ਹ, ਖੋਲ੍ਹਣਹਾਰ ਹਰਿ ਨਿਰੰਕਾਰਾ। ਕਲਜੁਗ ਅੰਤਮ ਤੋਲੇ ਪੂਰਾ ਤੋਲ, ਤੋਲਣਹਾਰਾ ਹੋ ਉਜਿਆਰਾ। ਜੁਗ ਚੌਕੜੀ ਪੂਰਾ ਕਰੇ ਕੀਤਾ ਕੌਲ, ਭੁੱਲ ਨਾ ਜਾਏ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਏ ਆਪ ਨਿਰੰਕਾਰਾ। ਨਿਰੰਕਾਰ ਹੋਏ ਪਰਗਟ, ਪਰਗਨਾ ਆਪਣਾ ਦਏ ਜਣਾਈਆ। ਚੋਦਾਂ ਲੋਕ ਚੌਦਾਂ ਤਬਕ ਚਰਨਾਂ ਹੇਠ ਦਬਾਏ ਝੱਟ, ਸੀਸ ਸਕੇ ਨਾ ਕੋਈ ਉਠਾਈਆ। ਦੋ ਜਹਾਨਾਂ ਸ੍ਰੀ ਭਗਵਾਨ ਵੇਖੇ ਹੱਟ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਈਆ। ਭੇਵ ਚੁਕਾਏ ਤੀਰਥ ਤਟ, ਕਿਨਾਰਾ ਕੋਇ ਨਜ਼ਰ ਨਾ ਆਈਆ। ਨਾਮ ਨਗਾਰੇ ਲਗਾਏ ਸੱਟ, ਸਾਚਾ ਡੰਕਾ ਇਕ ਵਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਗਣਾਈਆ। ਲੇਖਾ ਜਾਣੇ ਹਰਿ ਹਰਿ ਧਾਰ, ਦੂਸਰ ਭੇਵ ਕੋਇ ਨਾ ਆਇੰਦਾ। ਸ਼ਬਦੀ ਸੁਤ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਆਪ ਜਗਾਇੰਦਾ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਰੂਪ ਅਨੂਪ ਵੇਸ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਸਮੁੰਦ ਸਾਗਰ ਮਸ ਬਣ ਬਣ ਨੇਤਰ ਨੈਣਾਂ ਨੀਰ ਵਹਾਇੰਦਾ। ਹਰਿ ਕਾ ਅੰਤ ਨਾ ਪਾਰਾਵਰ, ਬੇਅੰਤ ਕਹਿ ਕਹਿ ਗਏ ਗੁਰ ਅਵਤਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਆਪਣੇ ਹੱਥ ਰਖਾਇੰਦਾ। ਅੰਤਮ ਮੇਲਾ ਮਾਤ ਕਰੌਣਾ, ਹਰਿ ਸਤਿਗੁਰ ਆਪ ਜਣਾਇਆ। ਨਿਰਗੁਣ ਨਿਰਵੈਰ ਪੁਰਖ ਅਕਾਲ ਰੂਪ ਵਟੌਣਾ, ਜੋਤੀ ਜਾਮਾ ਵੇਸ ਵਟਾਇਆ। ਸਾਢੇ ਤਿੰਨ ਹੱਥ ਬੰਕ ਦੁਆਰਾ ਇਕ ਸੁਹੌਣਾ, ਸੰਬਲ ਨਗਰੀ ਨਾਉਂ ਧਰਾਇਆ। ਸ਼ਬਦੀ ਗੁਰ ਗੋਬਿੰਦ ਵੇਸ ਕਰੌਣਾ ਨਜ਼ਰ ਕਿਸੇ ਨਾ ਆਇਆ। ਜੋਤ ਉਜਾਲਾ ਇਕ ਵਖੌਣਾ, ਦੀਨ ਦਿਆਲਾ ਦਇਆ ਕਮਾਇਆ। ਚਾਰ ਜੁਗ ਦਾ ਡੇਰਾ ਢੌਹੁਣਾ, ਢਾਹ ਢਾਹ ਢੇਰ ਖ਼ਾਕ ਮਿਲਾਇਆ। ਰਾਜਾ ਰਾਣਾ ਤਖ਼ਤੋ ਲਾਹੁਣਾ, ਸੀਸ ਤਾਜ਼ ਨਾ ਕੋਇ ਟਿਕਾਇਆ। ਚਾਰ ਵਰਨ ਦਾ ਪੰਧ ਮੁਕੌਣਾ, ਆਤਮ ਬ੍ਰਹਮ ਸਰਬ ਵਖਾਇਆ। ਊਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਬਹੌਣਾ, ਏਕਾ ਘਰ ਦਏ ਵਡਿਆਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੁਕਮ ਸੁਨੌਣਾ, ਧੁਰ ਸੰਦੇਸਾ ਆਪ ਅਲਾਇਆ। ਲੋਕਮਾਤ ਹਰਿ ਖੇਲ ਖਿਲੌਣਾ, ਸਤਿਜੁਗ ਸਾਚਾ ਰਾਹ ਚਲਾਇਆ। ਜਨਮ ਜਨਮ ਦੇ ਵਿਛੜੇ ਮੇਲ ਮਿਲੌਣਾ, ਜੁਗ ਜੁਗ ਦਾ ਪੰਧ ਮੁਕਾਇਆ। ਬਹੱਤਰ ਭਗਤਾਂ ਆਪ ਉਠੌਣਾ, ਉਠ ਉਠ ਆਪਣੇ ਗਲੇ ਲਗਾਇਆ। ਸਾਚਾ ਮੰਦਰ ਇਕ ਬਣੌਣਾ, ਛੱਤੀ ਛੱਤੀ ਮੂਲ ਨਾ ਰਾਇਆ। ਅੰਦਰ ਵੜ ਕੇ ਆਸਣ ਲੌਣਾ, ਉਤਰ ਚੜ੍ਹ ਕੇ ਵੇਖ ਵਖੌਣਾ, ਦੋ ਜਹਾਨਾਂ ਵੰਡ ਵੰਡਾਇਆ। ਸਚ ਸਿੰਘਾਸਣ ਇਕ ਰਖੌਣਾ, ਪੁਰਖ ਅਬਿਨਾਸ਼ੀ ਦਏ ਸੁਹਾਇਆ। ਪੰਚਮ ਮੁਖ ਤਾਜ ਪਹਿਨਾਉਣਾ, ਪੰਚਮ ਆਪਣਾ ਹੁਕਮ ਵਰਤਾਇਆ। ਪੰਚ ਪਰਧਾਨ ਆਪ ਬੰਣੌਣਾ, ਪੰਚਮ ਰਾਗ ਅਲਾਇਆ। ਪੰਜਾਂ ਦਰਗਹਿ ਮਾਣ ਦਵੌਣਾ, ਪੰਜਾਂ ਏਕਾ ਘਰ ਵਸੌਣਾ, ਕਰੇ ਖੇਲ ਬੇਪਰਵਾਹਿਆ। ਗੋਬਿੰਦ ਸੂਰਾ ਨਾਲ ਮਿਲੌਣਾ, ਸਾਚਾ ਚਿੱਲਾ ਤੀਰ ਚੜ੍ਹੌਣਾ, ਸ਼ਬਦ ਕਮੰਦ ਆਪ ਉਠਾਇਆ। ਕਲਗੀ ਤੋੜਾ ਇਕ ਚਮਕੌਣਾ, ਜੋਤੀ ਸ਼ਬਦੀ ਜੋੜ ਜੁੜੌਣਾ, ਸਾਚਾ ਅਸਵ ਘੌੜ ਦੁੜੌਣਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇਆ। ਲੱਖ ਚੁਰਾਸੀ ਰੀਠਾ ਕੌੜਾ ਵੇਖ ਵਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਮਿਲਾਵਾ ਦਏ ਸਮਝਾਇਆ। ਅੰਤ ਮਿਲਾਵਾ ਕਰੇ ਕਰਤਾਰ, ਕਲਜੁਗ ਅੰਤ ਵੱਜੇ ਵਧਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੱਦੇ ਸਚ ਦਰਬਾਰ, ਧੁਰ ਦਰਬਾਰੀ ਆਪ ਲਗਾਈਆ। ਚਾਰ ਜੁਗ ਦੀ ਕਰਨੀ ਕਰਤਾ ਦਏ ਵਖਾਲ, ਨੇਤਰ ਨੈਣ ਸਰਬ ਖੁਲ੍ਹਾਈਆ। ਉਠੋ ਵੇਖੋ ਆਪਣੇ ਆਪਣੇ ਲਓ ਸੰਭਾਲ, ਹਿੰਦੂ ਮੁਸਲਮ ਸਿੱਖ ਈਸਾਈ ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਨੈਣ ਵੇਖਣ ਉਠਾਲ, ਲੋਕਮਾਤ ਧਿਆਨ ਲਗਾਈਆ। ਬਿਨ ਹਰਿ ਨਾਮੇ ਹੋਏ ਸਰਬ ਕੰਗਾਲ, ਸਾਚੀ ਵਸਤ ਹੱਥ ਨਾ ਕਿਸੇ ਵਖਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲੇ ਜੂਠ ਝੂਠ ਕੂੜੀ ਕਿਰਿਆ ਵੱਜੇ ਤਾਲ, ਗੁਰੂਦੁਆਰੇ ਧੀਆਂ ਭੈਣਾਂ ਰਹੇ ਤਕਾਈਆ। ਗੁਰ ਕੀ ਬਾਣੀ ਕਿਸੇ ਨਾ ਵੱਜਾ ਬਾਣ, ਆਤਮ ਰਾਮ ਨਾ ਸਕੇ ਪਛਾਣ, ਏਕਾ ਭੁੱਲਿਆ ਹਰਿ ਭਗਵਾਨ, ਨਾਨਕ ਗੋਬਿੰਦ ਦਏ ਨਾ ਗਵਾਹੀਆ। ਉਮਤ ਨਬੀ ਹੋਈ ਹੈਰਾਨ, ਚਾਰੋਂ ਕੁੰਟ ਬੇਈਮਾਨ, ਘਰ ਘਰ ਸ਼ਰਅ ਵੜਿਆ ਸ਼ੈਤਾਨ, ਆਬੇਹਯਾਤ ਨਾ ਕੋਇ ਪਿਆਈਆ। ਤੀਸ ਬਤੀਸ ਸਾਰੇ ਗਾਣ, ਮਸਲਾ ਹੱਲ ਨਾ ਕੋਇ ਕੁਰਾਨ, ਕਾਇਆ ਕੁਰਾ ਨਾ ਕੋਈ ਵਖਾਈਆ। ਮੱਕਾ ਕਾਅਬਾ ਵੇਖ ਦੁਕਾਨ, ਹਾਜ਼ੀ ਹੱਜ਼ ਨਾ ਕਰੇ ਕੋਈ ਕਰ ਧਿਆਨ, ਨੇਤਰ ਨੈਣਾਂ ਨੂਰ ਨੂਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਮਾਰਨ ਝਾਕੀ, ਹਰਿ ਸਾਚਾ ਆਪ ਵਖਾਇੰਦਾ। ਚਾਰੋਂ ਕੁੰਟ ਵੇਖਣ ਤਾਕੀ, ਕਾਇਆ ਮੰਦਰ ਅੰਦਰ ਤਾਕ ਨਾ ਕੋਈ ਖੁਲ੍ਹਾਇੰਦਾ। ਸਾਧ ਸੰਤ ਪੜ੍ਹ ਪੜ੍ਹ ਥੱਕੇ ਵਿਦਿਆ ਸਾਖੀ, ਸਾਖਿਆਤ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਲਹਿਣਾ ਦੇਣਾ ਚੁੱਕੇ ਮਾਤ ਨਾ ਬਾਕੀ, ਪਿਛਲਾ ਮੂਲ ਨਾ ਕੋਈ ਵਖਾਇੰਦਾ। ਨਾ ਕੋਈ ਪੜਦਾ ਰਿਹਾ ਢਾਕੀ, ਖੁਲ੍ਹੀ ਮੈਂਡੀ ਸਰਬ ਵਖਾਇੰਦਾ। ਚਾਰੋਂ ਕੁੰਟ ਰੈਣ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਮਿਲਿਆ ਮੇਲ ਨਾ ਕਮਲਾਪਾਤੀ, ਸਾਚੀ ਸੇਜ ਨਾ ਕੋਈ ਹੰਢਾਇੰਦਾ। ਪਿਆਲਾ ਪਿਆਏ ਨਾ ਕੋਈ ਸਾਕੀ, ਅੰਮ੍ਰਿਤ ਰਸ ਹੱਥ ਕਿਸੇ ਨਾ ਆਇੰਦਾ। ਸ਼ਬਦ ਗੁਰ ਲਹਿਣਾ ਦੇਣਾ ਦੇਣਾ ਬਾਕੀ, ਬਾਕੀ ਤੇਰੇ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਆਪ ਜਣਾਇੰਦਾ। ਅੰਤਮ ਮੇਲਾ ਸ੍ਰੀ ਭਗਵਾਨ, ਸ਼ਬਦੀ ਸ਼ਬਦ ਕਰਾਈਆ। ਕਲਜੁਗ ਅੰਤਮ ਮੇਟ ਨਿਸ਼ਾਨ, ਕੂੜੀ ਕਿਰਿਆ ਦਏ ਖਪਾਈਆ। ਹਉਮੇ ਹੰਗਤਾ ਮਾਇਆ ਮਮਤਾ ਨਾ ਰਹੇ ਦੁਕਾਨ, ਆਸਾ ਤ੍ਰਿਸਨਾ ਨਾ ਕੋਈ ਵਧਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਪਰਧਾਨ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਮੁਸਲਮ ਹਿੰਦੂ ਸਿੱਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖੋ ਗਾਨ, ਏਕਾ ਨਾਮ ਏਕਾ ਰਾਮ ਏਕਾ ਕਲਮਾ ਦਏ ਪੜ੍ਹਾਈਆ। ਚਾਰ ਖਾਣੀ ਚਾਰ ਬਾਣੀ ਹੋਈ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪਰਗਟ ਹੋਏ ਨੌਜਵਾਨ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਧਰਮ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਸਾਰੇ ਗਾਣ, ਪਾਰਬ੍ਰਹਮ ਤੇਰੀ ਵਡੀ ਵਡਿਆਈਆ। ਤੂੰ ਆਦਿ ਜੁਗਾਦੀ ਇਕ ਭਗਵਾਨ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਆਪਣੇ ਹੱਥ ਰਖਾਈਆ। ਆਪਣਾ ਮੇਲ ਰੱਖੇ ਹੱਥ, ਹਰਿ ਸਤਿਗੁਰ ਦੀਨ ਦਿਆਲਾ। ਚਾਰ ਵਰਨ ਸੁਣਾਏ ਆਪਣੀ ਗਾਥ, ਕਰ ਕਿਰਪਾ ਗੁਰ ਗੋਪਾਲਾ। ਹੋਏ ਸਹਾਈ ਅਨਾਥਾਂ ਨਾਥ, ਨਾਥ ਅਨਾਥਾਂ ਹੋਏ ਰਖਵਾਲਾ। ਏਕਾ ਅੱਖਰ ਏਕਾ ਪਾਠ, ਏਕਾ ਵਖਾਏ ਸੱਚੀ ਧਰਮਸਾਲਾ। ਏਕਾ ਤੀਰਥ ਏਕਾ ਤਾਟ, ਏਕਾ ਅੰਮ੍ਰਿਤ ਪਿਆਏ ਪਿਆਲਾ। ਏਕਾ ਬ੍ਰਹਮ ਏਕਾ ਜ਼ਾਤ, ਏਕਾ ਹੋਏ ਸਦਾ ਰਖਵਾਲਾ। ਏਕਾ ਪੁਰਖ ਬੰਧਾਏ ਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕਰੇ ਖੇਲ ਨਿਰਾਲਾ। ਕਲਜੁਗ ਅੰਤਮ ਖੇਲ ਕਰੌਣਾ, ਹਰਿ ਕਰਤਾ ਆਪ ਜਣਾਈਆ। ਚਾਰ ਜੁਗ ਦਾ ਪੰਧ ਮੁਕੌਣਾ, ਕਲਜੁਗ ਕੂੜਾ ਦਏ ਖਪਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਤਿ ਸਤਿਵਾਦੀ ਹੋਏ ਸਹਾਈਆ। ਧਰਤ ਮਾਤ ਦੀ ਗੋਦ ਬਹੌਣਾ, ਸਾਚੀ ਕੁੱਖ ਦਏ ਸੁਹਾਈਆ। ਜਗਤ ਭੁੱਲੇ ਨਾਲ ਰਲੌਣਾ, ਏਕਾ ਬੰਧਨ ਪਾਈਆ। ਧੁਰ ਦਰਗਾਹੀ ਢੋਲਾ ਇਕ ਸੁਨੌਣਾ, ਨਾਨਕ ਗੋਬਿੰਦ ਗਿਆ ਸਮਝਾਈਆ। ਸੋ ਪੁਰਖ ਨਿਰੰਜਣ ਫੇਰਾ ਪੌਣਾ, ਹੰ ਬ੍ਰਹਮ ਲਏ ਪਰਨਾਈਆ। ਸੋਹੰ ਸਾਚਾ ਸ਼ਬਦ ਚਲੌਣਾ, ਆਤਮ ਪਰਮਾਤਮ ਵੱਜੇ ਵਧਾਈਆ। ਵਰਨ ਬਰਨ ਕੋਈ ਰਹਿਣ ਨਾ ਪੌਣਾ, ਜ਼ਾਤ ਪਾਤ ਨਜ਼ਰ ਨਾ ਆਈਆ। ਸੋਹੰ ਸਾਚਾ ਸ਼ਬਦ ਚਲੌਣਾ, ਆਤਮ ਪਰਮਾਤਮ ਵੱਜੇ ਵਧਾਈਆ। ਕਲਮਾ ਕਲਾਮ ਨਾ ਕਿਸੇ ਪੜ੍ਹੌਣਾ, ਸਯਦਾ ਸੀਸ ਨਾ ਕੋਈ ਝੁਕਾਈਆ। ਧਰਤ ਮਸੱਲਾ ਨਾ ਕਿਸੇ ਵਿਛੌਣਾ, ਰੋਜ਼ਾ ਨਿਮਾਜ਼ ਨਾ ਕੋਈ ਜਣਾਈਆ। ਚੌਧਵੀਂ ਸਦੀ ਪੰਧ ਮੁਕੌਣਾ, ਚੌਦਾਂ ਤਬਕਾਂ ਆਪਣੇ ਵਿਚ ਛੁਪਾਈਆ। ਸ੍ਰਿਸ਼ਟ ਸਬਾਈ ਏਕ ਸਬਕ ਪੜ੍ਹੌਣਾ, ਅਲਫ਼ ਯੇ ਕਰੇ ਕੁੜਮਾਈਆ। ਸਾਚੀ ਯਾਦ ਇਕ ਰਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੁਗ ਜੁਗ ਹੁਕਮ ਵਰਤੇ ਜਗ, ਜਗ ਜੀਵਣ ਦਾਤਾ ਆਪ ਵਰਤਾਇੰਦਾ। ਕਰੇ ਖੇਲ ਸੂਰਾ ਸਰਬੱਗ, ਬਲ ਆਪਣਾ ਆਪ ਪਰਗਟਾਇੰਦਾ। ਲੱਖ ਚੁਰਾਸੀ ਫੂਕੇ ਤ੍ਰੈਗੁਣ ਮਾਇਆ ਅੱਗ, ਕੂੜੀ ਕਿਰਿਆ ਲੰਬੂ ਲਾਇੰਦਾ। ਬਿਨ ਹਰਿ ਕਿਰਪਾ ਕੋਇ ਨਾ ਸਕੇ ਬਚ, ਜੀਵ ਜੰਤ ਸਰਬ ਕੁਰਲਾਇੰਦਾ। ਕਾਇਆ ਭਾਂਡਾ ਟੁੱਟੇ ਕੱਚ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਗੋਬਿੰਦ ਕਹੇ ਪੁਰਖ ਅਕਾਲ ਪਰਗਟ ਹੋਵੇ ਸੱਚ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਾਚੇ ਭਗਤਾਂ ਅੰਦਰ ਜਾਏ ਵਸ, ਘਰ ਆਪਣਾ ਡੇਰਾ ਲਾਇੰਦਾ। ਕੋਟਨ ਕੋਟ ਕਰ ਪਰਕਾਸ਼, ਰਵ ਸਸ ਮੁਖ ਸ਼ਰਮਾਇੰਦਾ। ਅਗਿਆਨ ਅੰਧੇਰਾ ਜਾਏ ਵਿਨਾਸ, ਨੂਰ ਨੁਰਾਨਾ ਚੰਦ ਚੜ੍ਹਾਇੰਦਾ। ਗੁਰਮੁਖਾਂ ਵਸੇ ਸਦਾ ਪਾਸ, ਗੋਬਿੰਦ ਵਿਛੜ ਕਦੇ ਨਾ ਜਾਇੰਦਾ। ਮਨਮੁਖ ਸਦਾ ਰਹੇ ਉਦਾਸ, ਨਾਨਕ ਨਜ਼ਰ ਕਿਸੇ ਨਾ ਆਇੰਦਾ। ਹਰਿਮੰਦਰ ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਸੱਚੀ ਕਰੇ ਨਾ ਕੋਈ ਅਰਦਾਸ, ਜਗਤ ਵਿਹਾਰਾ ਅਰਦਾਸਾ ਸਰਬ ਸੁਧਾਇੰਦਾ। ਅੰਤਮ ਹੋਣਾ ਪੈਣਾ ਨਾਸ, ਅੱਗੇ ਹੋ ਨਾ ਕੋਈ ਬਚਾਇੰਦਾ। ਪੁਰਖ ਅਕਾਲ ਦੀ ਪੰਥ ਖਾਲਸਾ ਸਾਖ, ਸ਼ੱਤਰੀ ਬ੍ਰਹਮਿਣ ਸ਼ੂਦਰ ਵੈਸ਼ ਵੰਡ ਨਾ ਕੋਈ ਵੰਡਾਇੰਦਾ। ਅੰਤਮ ਅੰਤ ਖਾਲਸਾ ਖਾਲਸ ਵੇਖੇ ਆਪ, ਆਪਣਾ ਖਾਲਸ ਰੂਪ ਆਪ ਪਰਗਟਾਇੰਦਾ। ਲੱਖ ਚੁਰਾਸੀ ਬਣ ਬਣ ਮਾਈ ਬਾਪ, ਪਿਤਾ ਪੂਤ ਗੋਦ ਸੁਹਾਇੰਦਾ। ਸਤਿਜੁਗ ਚਲਾਏ ਆਪਣਾ ਜਾਪ, ਗੁਰ ਪੀਰ ਨਾ ਕੋਇ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰਾ, ਕਰਨਹਾਰ ਆਪ ਅਖਵਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਸਾਰਾ, ਨਾਮ ਖੰਡਾ ਇਕ ਚਮਕਾਇੰਦਾ। ਚੰਡ ਪਰਚੰਡ ਦੋਹਰੀ ਧਾਰਾ, ਨੌਂ ਖੰਡ ਆਪ ਵਖਾਈਆ। ਪ੍ਰਿਥਮੀ ਅਕਾਸ਼ਾ ਇਕ ਅਖਾੜਾ ਆਪ ਲਗਾਏ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਭੇਵ ਅਭੇਦ ਧਰਮ ਅਧਰਮ, ਹਰਿ ਜੂ ਵੇਖ ਵਖਾਇੰਦਾ। ਲੱਖ ਚੁਰਾਸੀ ਭੁੱਲੇ ਭਰਮ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਜੀਵ ਜੰਤ ਬੱਧਾ ਵਰਨ ਬਰਨ, ਸ਼ਰਅ ਸੰਗਲ ਨਾ ਕੋਈ ਤੁੜਾਇੰਦਾ। ਬਿਨ ਗੁਰਮੁਖ ਕਿਸੇ ਨਾ ਖੁਲ੍ਹੇ ਨੇਤਰ ਹਰਨ ਫਰਨ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸਾਧ ਸੰਤ ਇਕ ਦੂਜੇ ਨਾਲ ਲੜਨ, ਜਗਤ ਹੰਕਾਰ ਵਿਕਾਰ ਨਾ ਕੋਇ ਮਿਟਾਇੰਦਾ। ਆਪਣਾ ਕੀਤਾ ਅੰਤਮ ਸਾਰੇ ਭਰਨ, ਚਿਤਰ ਗੁਪਤ ਹਿਸਾਬ ਵਖਾਇੰਦਾ। ਰਾਏ ਧਰਮ ਕੋਲੋਂ ਸਾਰੇ ਡਰਨ, ਅੱਗੇ ਸੀਸ ਨਾ ਕੋਈ ਉਠਾਇੰਦਾ। ਲਾੜੀ ਮੌਤ ਘਰ ਘਰ ਆਏ ਵਰਨ, ਸਾਚਾ ਸਗਨ ਸਗਨ ਮਨਾਇੰਦਾ। ਗੁਰਮੁਖ ਵਿਰਲੇ ਲੋਕਮਾਤ ਤਰਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਤਿਗੁਰ ਸ਼ਬਦ ਜੋ ਪੱਲੂ ਫੜਨ, ਅਧਵਿਚਕਾਰ ਨਾ ਕੋਈ ਡੁਬਾਇੰਦਾ। ਪਾਰ ਕਿਨਾਰਾ ਅੰਤਮ ਕਰਨ, ਔਖੀ ਘਾਟੀ ਆਪ ਚੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੁਰਖ ਅਕਾਲ ਦੀ ਮੰਗਣ ਸਰਨ, ਬਿਨ ਪੁਰਖ ਅਕਾਲ ਆਪਣੀ ਜੋਤ ਨਾ ਕੋਈ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਮਿਲਾਵਾ ਆਪ ਸਮਝਾਇੰਦਾ। ਅੰਤ ਮਿਲਾਵਾ ਸਾਚੇ ਦੇਸ, ਦੇਸ ਦਸੰਤਰ ਆਪ ਸਮਝਾਈਆ। ਨਿਰਗੁਣ ਕਰੇ ਨਿਰਗੁਣ ਵੇਸ, ਸਰਗੁਣ ਨਜ਼ਰ ਕਿਸੇ ਨਾ ਆਈਆ। ਲਹਿਣਾ ਦੇਣਾ ਚੁਕਾਏ ਪੀਰ ਪੈਗ਼ੰਬਰ ਔਲੀਏ ਮੁੱਲਾਂ ਸ਼ੇਖ਼, ਮੁਸਾਇਕ ਕੋਇ ਰਹਿਣ ਨਾ ਪਾਈਆ। ਪੰਡਤ ਪਾਂਧਾ ਥੱਕਾ ਮਾਂਦਾ ਅੰਤਮ ਝੂਝੇ ਕਲਜੁਗ ਖੇਤ, ਬਚਿਆ ਕੋਇ ਰਹਿਣ ਨਾ ਪਾਈਆ। ਚਾਰ ਵਰਨ ਪੁਰਖ ਅਬਿਨਾਸ਼ੀ ਇਕੋ ਕਰੇ ਹੇਤ, ਮਿਲ ਆਤਮ ਪਰਮਾਤਮ ਖ਼ੁਸ਼ੀ ਮਨਾਈਆ। ਰੁੱਤ ਬਸੰਤੀ ਰਹੇ ਚੇਤ, ਚੇਤਨ ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣੀ ਕਰਨੀ ਆਪ ਕਰਾਈਆ। ਆਪਣੀ ਕਰਨੀ ਕਰੇ ਕਰਨੇਜੋਗ, ਕਰਨਹਾਰਾ ਕਰਤਾਰਾ। ਜੁਗਾ ਜੁਗੰਤਰ ਸੰਜੋਗ ਵਿਜੋਗ, ਵੇਖੇ ਵਿਗਸੇ ਪਾਵੇ ਸਾਰਾ। ਆਦਿ ਅੰਤ ਰਸ ਭੋਗ, ਭੋਗੀ ਭੋਗੇ ਅਗੰਮ ਅਪਾਰਾ। ਹੁਕਮੀ ਹੁਕਮ ਲੋਕ ਪਰਲੋਕ, ਦੋ ਜਹਾਨਾ ਦਏ ਸਹਾਰਾ। ਸ਼ਬਦ ਅਨਾਦੀ ਨਾਦ ਸਲੋਕ, ਗੀਤ ਗਾਵੇ ਗਾਵਣਹਾਰਾ ਆਦਿ ਜੁਗਾਦਿ ਨਾ ਸਕੇ ਕੋਈ ਰੋਕ, ਹਰਿ ਕਾ ਭਾਣਾ ਅਪਰ ਅਪਾਰਾ। ਕਲਜੁਗ ਅੰਤਮ ਗੁਰਮੁਖ ਵਿਰਲਾ ਸ਼ਬਦੀ ਖੋਜੇ ਖੋਜ। ਪੜ੍ਹ ਪੜ੍ਹ ਥੱਕਾ ਸਰਬ ਸੰਸਾਰਾ। ਭਗਤ ਭਗਵੰਤ ਪੁਰਖ ਅਕਾਲ ਇਕੋ ਰੱਖੇ ਓਟ, ਇਕੋ ਮੰਗੇ ਦਰਸ ਦੀਦਾਰਾ। ਭਾਗ ਲਗਾਏ ਦਇਆ ਕਮਾਏ ਕਾਇਆ ਮੰਦਰ ਕਿਲਾ ਕੋਟ, ਮਹੱਲ ਅਟੱਲ ਅਚੱਲ ਵੇਖੇ ਮੁਨਾਰਾ। ਗੁਰਸਿਖ ਜਗਾਏ ਨਿਰਮਲ ਜੋਤ, ਮੇਟ ਮਿਟਾਏ ਅੰਧ ਅੰਧਿਆਰਾ। ਸ਼ਬਦੀ ਸ਼ਬਦ ਮਿਲਾਵਾ ਓਤ ਪੋਤ, ਪਿਤਾ ਪੂਤ ਖੇਲ ਅਪਾਰਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਾਚਾ ਕਾਹਨ, ਸਚਖੰਡ ਵਸੇ ਸਚ ਮਕਾਨ, ਥਿਰ ਘਰ ਦੇਵੇ ਸ਼ਬਦੀ ਦਾਨ, ਲੋਕਮਾਤ ਵੇਖੇ ਮਾਰ ਧਿਆਨ, ਆਦਿ ਅੰਤ ਇਕ ਅਵਤਾਰਾ। ਆਦਿ ਅੰਤ ਇਕ ਅਵਤਾਰਾ, ਅਵਰ ਨਾ ਕੋਇ ਵਡਿਆਈਆ। ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਵੇਖ ਵਖਾਈਆ। ਜੁਗਾ ਜੁਗੰਤਰ ਸਾਚਾ ਨਾਅਰਾ, ਬੋਧ ਅਗਾਧ ਸੁਣਾਈਆ। ਕਾਤਬ ਲੇਖਕ ਬਣ ਬਣ ਲਿਖਾਰਾ, ਲਿਖ ਲਿਖ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤ ਲਏ ਜਗਾਈਆ । ਭਗਤ ਜਗਾਏ ਆਪ ਪ੍ਰਭ, ਆਪਣੀ ਕਿਰਪਾ ਧਾਰ। ਲੱਖ ਚੁਰਾਸੀ ਵਿਚੋਂ ਲਏ ਲੱਭ, ਘਰ ਘਰ ਅੰਦਰ ਮੰਦਰ ਪਾਵੇ ਸਾਰ। ਅੰਮ੍ਰਿਤ ਚੁਆਏ ਕਵਲ ਨਭ, ਕਵਲ ਕਵਲਾ ਖਿਲੇ ਗੁਲਜਾਰ। ਸਾਚੇ ਮੰਦਰ ਬਹੇ ਫ਼ਬ, ਆਤਮ ਸੇਜਾ ਕੰਤ ਭਤਾਰ। ਅੰਮ੍ਰਿਤ ਜਾਮ ਪਿਆਏ ਮਦਿ, ਦਿਵਸ ਰੈਣ ਰਹੇ ਖੁਮਾਰ। ਅਨਹਦ ਨਾਦ ਵਜਾਏ ਨਦ, ਧੁਨ ਆਤਮਕ ਇਕ ਸੁਨਾਰ। ਬਜਰ ਕਪਾਟੀ ਪਾਰ ਹੱਦ, ਤੋੜੇ ਗੜ੍ਹ ਹੰਕਾਰ। ਪੰਚ ਵਿਕਾਰਾ ਵਿਚੋਂ ਕੱਢ, ਦੇਵੇ ਨਾਮ ਅਧਾਰ। ਕਰੇ ਪਰਕਾਸ਼ ਅੰਧੇਰੀ ਖੱਡ, ਨਾਤਾ ਤੁੱਟੇ ਧੂੰਆਂਧਾਰ। ਆਤਮ ਪਰਮਾਤਮ ਜਾਏ ਬੱਝ, ਮੇਲ ਮਿਲਾਵਾ ਸੱਚੇ ਘਰ ਬਾਹਰ। ਇਕ ਦੂਜੇ ਦੀ ਰੱਖਣਹਾਰਾ ਲੱਜ, ਈਸ਼ ਜੀਵ ਜੀਵ ਸਹਾਰ। ਅੰਤਮ ਪੜਦਾ ਲਏ ਕੱਜ, ਜਨਮ ਜਨਮ ਦੁਰਮਤ ਮੈਲ ਦਏ ਉਤਾਰ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖੇ ਭੱਜ ਭੱਜ, ਪਾਂਧੀ ਆਪਣਾ ਪੰਧ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਮਾਤ ਖੁਆਰ।
