Granth 11 Likhat 164: 22 Chet 2019 Bikarmi Chaanan Singh de Ghar Pind Handola Jila Karnal

੨੨ ਚੇਤ ੨੦੧੯ ਬਿਕ੍ਰਮੀ ਚਾਨਣ ਸਿੰਘ ਦੇ ਘਰ ਪਿੰਡ ਹੰਡੋਲਾ ਜ਼ਿਲਾ ਕਰਨਾਲ

ਪੰਜ ਤੱਤ ਕਾਇਆ ਜਗਤ ਸਰੀਰ, ਤ੍ਰੈਗੁਣ ਬੰਧਨ ਤੱਤ ਰਖਾਈਆ। ਆਤਮ ਅੰਤਰ ਸਾਚਾ ਨੀਰ, ਸਚ ਸਰੋਵਰ ਇਕ ਜਣਾਈਆ। ਕਾਇਆ ਹਾਡੀ ਤਨ ਜਗਤ ਪੀੜ, ਦੁਖੜਾ ਦੁਖ ਦੁਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖੀਆਂ ਦਰਦ ਦਏ ਮਿਟਾਈਆ। ਕਾਇਆ ਰੋਗ ਜਾਏ ਲੱਥ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਮਸਤਕ ਲੇਖ ਲੇਖਾ ਦੇਵੇ ਲਿਖ, ਪੂਰਬ ਲੇਖਾ ਆਪ ਚੁਕਾਇੰਦਾ। ਜਨਮ ਕਰਮ ਦੀ ਲੱਥੇ ਵਿਸ, ਵਿਖ ਅੰਮ੍ਰਿਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਸੁਖ ਏਕਾ ਰੰਗ ਵਖਾਇੰਦਾ। ਦੁਖ ਸੁਖ ਏਕਾ ਰੰਗ, ਗੁਰਮੁਖ ਹਰਿ ਹਰਿ ਦਇਆ ਕਮਾਈਆ। ਜਨਮ ਜਨਮ ਦੀ ਪੂਰੀ ਕਰੇ ਮੰਗ, ਆਸਾ ਤ੍ਰਿਸਨਾ ਨਾਲ ਮਿਲਾਈਆ। ਆਤਮ ਸੇਜਾ ਸਚ ਪਲੰਘ, ਘਰ ਮੰਦਰ ਦਏ ਵਖਾਈਆ। ਨਾਦ ਸ਼ਬਦ ਵੱਜੇ ਮਰਦੰਗ, ਧੁੰਨ ਆਤਮਕ ਇਕ ਸੁਣਾਈਆ। ਕੱਟਣਹਾਰਾ ਭੁੱਖ ਨੰਗ, ਜਗਤ ਤ੍ਰਿਸਨਾ ਦਏ ਬੁਝਾਈਆ। ਸਚ ਮਹੱਲੇ ਇਕ ਅਨੰਦ, ਏਕਾ ਘਰ ਵੱਜੇ ਵਧਾਈਆ। ਰੋਗ ਸੋਗ ਹੋਏ ਖੰਡ, ਜੋ ਜਨ ਹਰਿ ਹਰਿ ਨਾਮ ਧਿਆਈਆ। ਰਸਨਾ ਜਿਹਵਾ ਗਾਏ ਹਰਿ ਹਰਿ ਛੰਦ, ਬੱਤੀ ਦੰਦ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੁੱਖ ਦਰਦ ਦਏ ਗਵਾਈਆ। ਦੁੱਖ ਦਰਦ ਲੱਥੇ ਤਨ, ਤੱਤੀ ਵਾਉ ਨਾ ਲਾਗੇ ਰਾਈਆ। ਸਾਂਤਕ ਸਤਿ ਕਰ ਕੇ ਮਨ, ਮਨ ਵਾਸਨਾ ਦਏ ਮਿਟਾਈਆ। ਏਕਾ ਦੇਵੇ ਨਾਮ ਧਨ, ਸਾਚੀ ਵਸਤ ਝੋਲੀ ਪਾਈਆ। ਜਗਤ ਵਿਕਾਰਾ ਦੇਵੇ ਡੰਨ, ਏਕਾ ਡੰਕਾ ਨਾਮ ਵਜਾਈਆ। ਕੂੜੀ ਕਿਰਿਆ ਕਰੇ ਖੰਨ ਖੰਨ, ਖੰਡਾ ਖੜਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਦੁਖ ਪੰਜ ਤੱਤ ਨਾੜ ਬਹੱਤਰ ਵੇਖੇ ਰੱਤ, ਰੱਤੀ ਰੱਤ ਆਪਣਾ ਭੇਵ ਖੁਲ੍ਹਾਈਆ। ਰੋਗ ਸੋਗ ਮਿਟੇ ਚਿੰਤਾ ਦੁੱਖ, ਦਰਦੀ ਦਰਦ ਆਪ ਗਵਾਇੰਦਾ। ਕਾਇਆ ਅੰਦਰ ਸਾਚਾ ਸੁਖ, ਘਰ ਘਰ ਵਿਚ ਮੇਲ ਮਿਲਾਇੰਦਾ। ਉਜਲ ਕਰੇ ਮਾਤ ਮੁੱਖ, ਜਿਸ ਜਨ ਆਪਣਾ ਨਾਉਂ ਜਪਾਇੰਦਾ। ਆਵਣ ਜਾਵਣ ਲੱਖ ਚੁਰਾਸੀ ਕੱਟੇ ਦੁੱਖ, ਦੂਜਾ ਦੁੱਖ ਨੇੜ ਨਾ ਕੋਇ ਆਇੰਦਾ। ਸਫ਼ਲ ਕਰੇ ਮਾਤ ਕੁੱਖ, ਜਨ ਜਨਨੀ ਵੇਖ ਵਖਾਇੰਦਾ। ਮਾਤ ਗਰਭ ਨਾ ਹੋਏ ਉਲਟਾ ਰੁਖ਼, ਜੋ ਜਨ ਰਸਨਾ ਸੋਹੰ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜੁਗਤ ਜਗ ਦਾਤਾ ਇਕ ਸਮਝਾਇੰਦਾ। ਜੀਵਣ ਜੀਵਣ ਸਤਿ ਸਤਿ, ਸਾਂਤਕ ਸਤਿ ਕਰਾਈਆ। ਗੁਰ ਉਪਦੇਸ਼ ਬ੍ਰਹਮ ਮਤ, ਪਾਰਬ੍ਰਹਮ ਵਡਿਆਈਆ। ਹਰਿ ਸਰਨਾਈ ਏਕਾ ਨਾਤ, ਦੂਜਾ ਨਾਤਾ ਨਾ ਕੋਇ ਬਣਾਈਆ। ਰਸਨਾ ਜਿਹਵਾ ਗਾਏ ਗਾਥ, ਆਤਮ ਪਰਮਾਤਮ ਵੱਜੇ ਵਧਾਈਆ। ਸਗਲ ਵਿਸੂਰੇ ਜਾਇਨ ਲਾਥ, ਜੋ ਜਨ ਆਏ ਸਰਨਾਈਆ। ਲਹਿਣਾ ਚੁਕਾਏ ਮਸਤਕ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦੁੱਖ ਦਰਦ ਦਲਿੱਦਰ ਤਨ ਮੰਦਰ ਅੰਦਰ ਰਹਿਣ ਨਾ ਪਾਈਆ। ਸੋ ਪੁਰਖ ਨਿਰਜੰਣ ਸਾਚੀ ਧਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰ, ਜੁਗਾ ਜੁਗੰਤਰ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਾਰ, ਅੰਤਮ ਆਪਣੇ ਵਿਚ ਛੁਪਾਇੰਦਾ। ਕਲਜੁਗ ਖੇਲ ਕਰੇ ਅਗੰਮ ਅਪਾਰ, ਜੁਗ ਚੌਕੜੀ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਧੂੰਆਂਧਾਰ, ਜਗਤ ਅੰਧੇਰਾ ਏਕਾ ਛਾਇੰਦਾ। ਸਾਚਾ ਨੂਰ ਨਾ ਕੋਇ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਵੇਸ ਪੁਰਖ ਸਮਰਥ, ਏਕੰਕਾਰਾ ਆਪ ਵਟਾਈਆ। ਚਾਰ ਜੁਗ ਦੀ ਮਹਿਮਾ ਜਾਣੇ ਅਕੱਥ, ਕਥਨੀ ਕਥ ਨਾ ਕੋਇ ਜਣਾਈਆ। ਜੁਗ ਚੌਕੜੀ ਚਲਾਵਣਹਾਰਾ ਰਥ, ਬਣ ਰਥਵਾਹੀ ਵੇਸ ਵਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਰਿਹਾ ਦੱਸ, ਸਚ ਸੰਦੇਸਾ ਇਕ ਸੁਣਾਈਆ। ਦੋ ਜਹਾਨ ਰੱਖੇ ਵਸ, ਨਾਮ ਡੋਰੀ ਬੰਧਨ ਪਾਈਆ। ਕਲਜੁਗ ਅੰਤਮ ਕਰ ਪਰਕਾਸ਼, ਨਿਰਗੁਣ ਆਪਣਾ ਨੂਰ ਪਰਗਟਾਈਆ। ਬ੍ਰਹਿਮੰਡ ਖੰਡ ਕਰ ਨਿਵਾਸ, ਜੇਰਜ ਅੰਡਜ ਉਤਭੁਜ ਸੇਤਜ ਵੇਖੇ ਥਾਉਂ ਥਾਈਂਆ। ਜਨ ਭਗਤਾਂ ਕਰੇ ਪੂਰੀ ਆਸ, ਸਾਚੇ ਸੰਤਾਂ ਮੇਲ ਮਿਲਾਵਾ ਸਹਿਜ ਸੁਭਾਈਆ। ਗੁਰਮੁਖਾਂ ਹੋਏ ਦਾਸੀ ਦਾਸ, ਗੁਰ ਗੁਰ ਆਪਣੀ ਸੇਵ ਕਮਾਈਆ। ਗੁਰਸਿਖ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਸਾਹਿਬ ਦਿਆਲ ਸੁਖ ਅਨੰਦ ਸਰਬ ਗੁਣਤਾਸ, ਗੁਣਵੰਤਾ ਬੇਪਰਵਾਹੀਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਨਿਰਗੁਣ ਸਰਗੁਣ ਅੰਦਰ ਪਾਏ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਕਲਜੁਗ ਅੰਤਮ ਕਰੇ ਬੰਦ ਖੁਲਾਸ, ਕੂੜੀ ਕਿਰਿਆ ਦਏ ਗਵਾਈਆ। ਜੂਠ ਝੂਠ ਹੋਏ ਨਾਸ, ਮਾਇਆ ਮਮਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਈਆ। ਜੁਗ ਜੁਗ ਮਾਰਗ ਹਰਿ ਗੋਬਿੰਦ, ਗੋਬਿੰਦ ਆਪਣੀ ਧਾਰ ਚਲਾਇੰਦਾ। ਦੀਨ ਦਿਆਲ ਠਾਕਰ ਸੁਆਮੀ ਸਾਹਿਬ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਭੇਵ ਅਭੇਦ ਆਪ ਖੁਲ੍ਹਾਇੰਦਾ। ਕਲਜੁਗ ਧਾਰ ਵੇਖੇ ਸਾਗਰ ਸਿੰਧ, ਨੌਂ ਖੰਡ ਪ੍ਰਿਥਮੀ ਸਰਬ ਕੁਰਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਹਰਿ ਨਿਰੰਕਾਰਾ, ਆਦਿ ਜੁਗਾਦਿ ਕਰਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਲੇਖਾ ਜਾਣੇ ਤੇਈ ਅਵਤਾਰਾਂ, ਭਗਤ ਅਠਾਰਾਂ ਭੇਵ ਚੁਕਾਈਆ। ਈਸਾ ਮੂਸਾ ਸੰਗ ਮੁਹੰਮਦ ਖੋਲ੍ਹ ਕਿਵਾੜਾ, ਚਾਰ ਯਾਰੀ ਵੇਖੇ ਥਾਉਂ ਥਾਈਂਆ। ਨਾਨਕ ਗੋਬਿੰਦ ਇਕ ਸਿਤਾਰਾ ਸਤਿ ਨਾਮ ਜਗਤ ਵਣਜਾਰਾ, ਚਾਰ ਵਰਨ ਅਠਾਰਾਂ ਬਰਨ ਏਕਾ ਰਾਹ ਚਲਾਈਆ। ਧੁਰਦਰਗਾਹੀ ਇਕ ਜੈਕਾਰਾ, ਡੰਕਾ ਵੱਜੇ ਅਗੰਮ ਅਪਾਰਾ, ਫਤਹਿ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਜੋੜ ਕਰਨ ਪੁਕਾਰਾ, ਪੁਰਖ ਅਬਿਨਾਸ਼ੀ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਕਹਿ ਕਹਿ ਲੋਕਮਾਤ ਗਏ ਜਸ ਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜ਼ੀਲ ਕੁਰਾਨ ਲਿਖ ਲਿਖ ਗਏ ਵਾਰਾ, ਖਾਣੀ ਬਾਣੀ ਬੋਧ ਅਗਾਧ ਇਕ ਸਮਝਾਈਆ। ਗੁਰ ਗੁਰ ਰੂਪ ਸਦਾ ਨਿਆਰਾ, ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਡੰਕਾ ਏਕਾ ਨਾਮ ਵਜਾਈਆ। ਦੀਆ ਬਾਤੀ ਕਰੇ ਉਜਿਆਰਾ, ਕਮਲਾਪਾਤੀ ਖੇਲ ਨਿਆਰਾ ਗ੍ਰਹਿ ਮੰਦਰ ਅੰਦਰ ਮਹੱਲ ਅਟੱਲ ਬੈਠਾ ਆਸਣ ਲਾਈਆ। ਵਸਣਹਾਰਾ ਸਚਖੰਡ ਦੁਆਰਾ, ਥਿਰ ਘਰ ਪਾਵੇ ਆਪੇ ਸਾਰਾ, ਸੁੰਨ ਅਗੰਮ ਵੇਖਣਹਾਰਾ ਧੂੰਆਂਧਾਰਾ, ਲੋਕ ਪਰਲੋਕ ਆਪਣਾ ਹੁਕਮ ਵਰਤਾਈਆ। ਅਵਣ ਗਵਣ ਵੇਖ ਅਖਾੜਾ, ਬ੍ਰਹਿਮੰਡ ਖੰਡ ਦਏ ਸਹਾਰਾ, ਜ਼ਿਮੀਂ ਅਸਮਾਨਾ ਇਕ ਨਿਸ਼ਾਨਾ ਸ੍ਰੀ ਭਗਵਾਨਾ ਆਪ ਝੁਲਾਈਆ। ਕਲਜੁਗ ਅੰਤਮ ਹੋ ਪਰਧਾਨਾ, ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਬੰਨ੍ਹੇ ਗਾਨਾ, ਜੀਵ ਜੰਤ ਸਾਧ ਸੰਤ ਲੁਕਿਆ ਕੋਇ ਰਹਿਣ ਨਾ ਪਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲ ਵੇਖ ਵਖਾਨਾ, ਤੀਰਥ ਤਟ ਹੋਏ ਪਰਧਾਨਾ, ਅਠ ਸਠ ਵੇਖੇ ਗੁਣ ਨਿਧਾਨਾ, ਗੁਣ ਆਪਣਾ ਨਾ ਕਿਸੇ ਜਣਾਈਆ। ਏਕਾ ਰਾਗ ਸ਼ਬਦ ਤਰਾਨਾ, ਆਤਮ ਪਰਮਾਤਮ ਦੇਵੇ ਗਿਆਨਾ, ਬ੍ਰਹਮ ਪਾਰਬ੍ਰਹਮ ਵਖਾਨਾ, ਈਸ਼ ਜੀਵ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਅਵਤਾਰ ਆਪਣੀ ਸੇਵਾ ਲਾਈਆ। ਗੁਰ ਅਵਤਾਰ ਸਾਚੀ ਸੇਵਾ ਲਾ, ਹਰਿ ਜੂ ਆਪਣਾ ਹੁਕਮ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਖੇਲ ਕਰਾ, ਕਲਜੁਗ ਅੰਤਮ ਵੰਡ ਵੰਡਾਇੰਦਾ। ਰਸਨਾ ਜਿਹਵਾ ਕੂਕ ਕੂਕ ਸਰਬ ਗਏ ਸੁਣਾ, ਹਰਿ ਕੀ ਓਟ ਓਟ ਸਰਬ ਤਕਾਇੰਦਾ। ਮਹਾਂਬਲੀ ਨਰ ਨਰਾਇਣ ਕਲਜੁਗ ਅੰਤਮ ਉਤਰੇ ਆ, ਲੋਕਮਾਤ ਦਿਸ ਕਿਸੇ ਨਾ ਆਇੰਦਾ। ਪੁਰਖ ਅਕਾਲ ਵੇਸ ਵਟਾ, ਸੰਬਲ ਬੈਠੇ ਡੇਰਾ ਲਾ, ਗੋਬਿੰਦ ਇਕੋ ਆਸ ਰਖਾਇੰਦਾ। ਕਲਜੁਗ ਕੂੜਾ ਦਏ ਮਿਟਾ, ਸਤਿਜੁਗ ਸਾਚਾ ਰਾਹ ਚਲਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਏਕਾ ਖੋਜ ਖੁਜਾਇੰਦਾ । ਧੁਰ ਫ਼ਰਮਾਣਾ ਨਾਦ ਅਨਾਦੀ ਨਾਉਂ ਨਿਧਾਨਾ ਬੋਧ ਅਗਾਧੀ ਬਿਨ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਹਰਿ, ਹਰੀ ਹਰਿ ਆਪਣਾ ਖੇਲ ਕਰਾਇੰਦਾ। ਨਾਉਂ ਰੱਖਾ ਨਰਾਇਣ ਨਰ, ਨਰ ਹਰਿ ਆਪਣਾ ਰੂਪ ਵਟਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਭੇਵ ਨਾ ਆਇੰਦਾ। ਸਚ ਮਹੱਲੇ ਆਪੇ ਚੜ੍ਹ, ਸ਼ਾਹ ਪਾਤਸ਼ਾਹ ਰਾਜ ਰਾਜਾਨ ਆਪਣਾ ਨਾਉਂ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ ਕਰੋੜ ਤੇਤੀਸਾ ਲਏ ਫੜ, ਫੜ ਫੜ ਆਪਣਾ ਬੰਧਨ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜ਼ੀਲ ਕੁਰਾਨ ਖਾਣੀ ਬਾਣੀ ਵੇਖੇ ਚੋਟੀ ਜੜ੍ਹ, ਮਧ ਆਪਣੀ ਧਾਰ ਚਲਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਸੱਜਣ ਲਏ ਫੜ, ਫੜ ਫੜ ਆਪਣੀ ਬੂਝ ਬੁਝਾਇੰਦਾ। ਪੰਚ ਵਿਕਾਰਾ ਕਾਮ ਕਰੋਧ ਲੋਭ ਮੋਹ ਜਾਏ ਝੜ, ਝੂਠੀ ਤ੍ਰਿਸਨਾ ਆਸਾ ਨਾਲ ਮਿਟਾਇੰਦਾ। ਏਕਾ ਨਾਦ ਸੁਣਾਏ ਸ਼ਬਦ ਧੁੰਨਕਾਰਾ, ਨਿਰਮਲ ਦੀਆ ਕਰ ਉਜਿਆਰਾ ਕਾਇਆ ਮੰਦਰ ਅੰਦਰ ਸਾਚਾ ਬੰਕ ਆਪ ਵਡਿਆਇੰਦਾ। ਲੱਖ ਚੁਰਾਸੀ ਹਾਹਾਕਾਰਾ, ਨੌਂ ਖੰਡ ਪ੍ਰਿਥਮੀ ਰੋਵੇ ਜ਼ਾਰੋ ਜ਼ਾਰਾ, ਆਤਮ ਪਰਮਾਤਮ ਮੇਲ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਆਪ ਧਰਾਇੰਦਾ। ਜੁਗ ਜੁਗ ਨਾਉਂ ਹਰਿ ਨਿਰੰਕਾਰ, ਆਪਣਾ ਆਪ ਪਰਗਟਾਈਆ। ਕੋਟਨ ਕੋਟ ਰਸਨਾ ਜਿਹਵਾ ਰਹੇ ਉਚਾਰ, ਅੰਤ ਕੋਇ ਨਾ ਪਾਈਆ। ਲਿਖ ਲਿਖ ਲੇਖ ਨਾ ਸਕੇ ਕੋਈ ਵਿਚਾਰ, ਬਣ ਲੇਖਕ ਪੰਧ ਨਾ ਕੋਇ ਮੁਕਾਈਆ। ਬ੍ਰਹਮਾ ਵੇਤਾ ਗਿਆ ਹਾਰ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਜਗਤ ਵਿਦਿਆ ਚੌਦਾਂ ਲੋਕ ਚੌਦਾਂ ਤਬਕ ਹੋਈ ਖੁਆਰ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਆਤਮ ਪਰਮਾਤਮ ਨਾ ਕੋਇ ਅਧਾਰ, ਈਸ਼ ਜੀਵ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਆਪਣਾ ਵੇਸ ਆਪ ਵਟਾਈਆ। ਕਲਜੁਗ ਅੰਤਮ ਵੇਸ ਅਵੱਲਾ, ਸ੍ਰੀ ਭਗਵਾਨ ਆਪ ਕਰਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਐਨਲਹਕ ਖੋਜ ਖੋਜਾਇੰਦਾ। ਮੁਹੰਮਦ ਮੁਹੰਮਦੀ ਫੜਾਏ ਪੱਲਾ, ਯਾਰ ਯਾਰੀ ਪੜਦਾ ਲਾਹਿੰਦਾ। ਸਚ ਸਿੰਘਾਸਣ ਏਕਾ ਮੱਲਾ, ਮੁਕਾਮੇ ਹੱਕ ਸੋਭਾ ਪਾਇੰਦਾ। ਪਰਵਰਦਿਗਾਰ ਨਰ ਨਰੇਸ਼ ਆਪ ਫੜਾਏ ਆਪਣਾ ਪੱਲਾ, ਨੂਰ ਨੂਰ ਨਾਲ ਮਿਲਾਇੰਦਾ। ਨਵ ਨੌਂ ਹੋਏ ਝੱਲਾ, ਦਹਿ ਦਿਸ਼ਾ ਫੇਰਾ ਪਾਇੰਦਾ। ਵੇਖਣਹਾਰਾ ਡੂੰਘੀ ਡੱਲਾ, ਕਾਇਆ ਭਵਰੀ ਫੋਲ ਫੋਲਾਇੰਦਾ। ਆਪੇ ਖਾਹਿਸ਼ ਆਪੇ ਅੱਲਾ, ਆਪੇ ਮੁਹੰਮਦ ਨੂਰ ਵਖਾਇੰਦਾ। ਆਪੇ ਵਸੇ ਨਿਹਚਲ ਧਾਮ ਅਟੱਲਾ, ਕੋਹਤੂਰ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਸਾਚਾ ਮੰਤਰ ਆਪ ਦ੍ਰਿੜਾਇੰਦਾ। ਸਾਚਾ ਮੰਤਰ ਇਕੋ ਨਾਮ, ਹਰਿਜਨ ਹਰਿ ਹਰਿ ਕਰੇ ਪੜ੍ਹਾਈਆ। ਸ਼ਬਦ ਅਗੰਮੀ ਧੁਰ ਪੈਗ਼ਾਮ, ਪੀਰ ਪੈਗ਼ੰਬਰ ਦਏ ਸਮਝਾਈਆ। ਸ਼ਾਹ ਸੁਲਤਾਨਾ ਸਚ ਇਮਾਮ, ਸਚ ਸਿੰਘਾਸਣ ਸੋਭਾ ਪਾਈਆ। ਨਿਹਕਰਮੀ ਕਰੇ ਆਪਣਾ ਕਾਮ, ਕਰਮ ਕਾਂਡ ਨਾ ਕੋਇ ਵਖਾਈਆ। ਚਾਰ ਵਰਨ ਭੁੱਲੇ ਹਰਿ ਕਾ ਨਾਮ, ਸਤਿਨਾਮ ਸਤਿ ਸਤਿ ਨਜ਼ਰ ਕਿਸੇ ਨਾ ਆਈਆ। ਪੰਚ ਵਿਕਾਰੇ ਪਾਈ ਸ਼ਾਮ, ਅੰਧ ਅੰਧੇਰਾ ਗਿਆ ਛਾਈਆ। ਮਨ ਮਤ ਬੁਧ ਨਾ ਕੋਈ ਸਿਆਣ, ਸਾਚੀ ਸਿਖਿਆ ਨਾ ਕੋਇ ਵਖਾਈਆ। ਵੇਖਣਹਾਰ ਸ੍ਰੀ ਭਗਵਾਨ, ਲੱਖ ਚੁਰਾਸੀ ਅੰਦਰ ਬੈਠਾ ਧਿਆਨ ਲਗਾਈਆ । ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਬੇਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕੂੜੀ ਕਿਰਿਆ ਦਏ ਮਿਟਾਈਆ। ਕੂੜੀ ਕਿਰਿਆ ਮਿਟੇ ਪੰਧ, ਕਲਜੁਗ ਅੰਤ ਰਹਿਣ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨ ਨੂਰ ਨੁਰਾਨਾ ਚੜ੍ਹੇ ਸਾਚਾ ਚੰਦ, ਸੋ ਪੁਰਖ ਨਿਰੰਜਣ ਇਕ ਚੜ੍ਹਾਈਆ। ਰਸਨਾ ਜਿਹਵਾ ਏਕਾ ਗੀਤ ਬੱਤੀ ਦੰਦ, ਬੰਧਨ ਸਭ ਦੇ ਦਏ ਤੁੜਾਈਆ। ਸਤਿ ਸਤਿਵਾਦੀ ਇਕ ਵਖਾਏ ਆਤਮ ਅਨੰਦ, ਅਨੰਦ ਅਨੰਦ ਵਿਚ ਮਿਲਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੁਰਮੁਖ ਸਾਚੇ ਲਏ ਉਠਾਈਆ। ਆਪ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਆਪੇ ਗਾਈਆ। ਨਾਤਾ ਤੁਟੇ ਨਾਰ ਦੁਹਾਗਣ ਰੰਡ, ਹਰਿ ਕੰਤ ਕੰਤੂਹਲ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਰੂਪ ਅਨੂਪ ਆਪ ਵਟਾਈਆ। ਨਿਹਕਲੰਕ ਨਰ ਨਰਾਇਣ, ਹਰਿ ਜੂ ਨਜ਼ਰ ਕਿਸੇ ਨਾ ਆਇੰਦਾ। ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਸਿਫ਼ਤ ਨਾ ਕੋਇ ਸਾਲਾਹਿੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਆਪ ਚੁਕਾਏ ਲਹਿਣਾ ਦੇਣ, ਲਹਿਣਾ ਦੇਣਾ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਬਣੇ ਸਾਕ ਸੱਜਣ ਸੈਣ, ਕੂੜਾ ਬੰਧਨ ਮੋਹ ਮਿਟਾਇੰਦਾ। ਦਰਸ ਦਿਖਾਏ ਲੋਚਣ ਨੇਤਰ ਨੈਣ, ਅੱਖ ਪਰਤੱਖ ਆਪ ਖੁਲ੍ਹਾਇੰਦਾ। ਗੀਤ ਸੁਹਾਗੀ ਏਕਾ ਗਾਇਨ, ਗੋਬਿੰਦ ਗੁਰ ਗੁਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੁਰਖ ਅਕਾਲ ਇਕ ਅਖਵਾਇੰਦਾ। ਪੁਰਖ ਅਕਾਲ ਨਿਹਕਲੰਕ, ਪੰਜ ਤੱਤ ਨਾ ਕੋਇ ਵਡਿਆਈਆ। ਨਾਮ ਨਿਧਾਨ ਵਜਾਏ ਡੰਕ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਈਆ। ਲੇਖਾ ਜਾਣੇ ਰਾਓ ਰੰਕ, ਊਚ ਨੀਚ ਵੇਖੇ ਥਾਉਂ ਥਾਈਂਆ। ਨਵ ਨੌਂ ਕੱਢੇ ਸ਼ੰਕ, ਸੰਸਾ ਕੋਇ ਰਹਿਣ ਨਾ ਪਾਈਆ। ਇਕ ਸੁਹਾਏ ਸਾਚਾ ਬੰਕ, ਜਿਸ ਦੁਆਰੇ ਆਸਣ ਲਾਈਆ। ਗੁਰਸਿਖ ਦੇਵੇ ਵਡਿਆਈ ਜਿਉਂ ਜਨ ਜਨਕ, ਜਨ ਜਨਨੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਲਏ ਪਰਗਟਾਈਆ। ਏਕਾ ਨਾਉਂ ਹਰਿ ਨਿਰੰਕਾਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਏਕਾ ਨਾਮ ਵਣਜ ਵਪਾਰ, ਏਕਾ ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਮੰਦਰ ਖੋਲ੍ਹ ਕਿਵਾੜ, ਘਰ ਘਰ ਵਿਚ ਆਪ ਵਖਾਇੰਦਾ। ਮੇਟ ਮਿਟਾਏ ਅਗਨੀ ਤੱਤੀ ਹਾੜ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਲੇਖਾ ਜਾਣੇ ਪੁਰਖ ਨਾਰ, ਨਾਰੀ ਨਰ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਮੋਹ ਚੁਕਾਇੰਦਾ। ਕੂੜੀ ਕਿਰਿਆ ਹੋਏ ਦੂਰ, ਕਲਜੁਗ ਅੰਤ ਰਹਿਣ ਨਾ ਪਾਈਆ। ਗ਼ਰੀਬ ਨਿਮਾਣਿਆਂ ਪ੍ਰਭ ਬਖ਼ਸ਼ੇ ਏਕਾ ਨੂਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਦਰਸ਼ਨ ਦੇਵੇ ਹਾਜ਼ਰ ਹਜ਼ੂਰ, ਹਰਿ ਕੇ ਪੌੜੇ ਲਏ ਚੜ੍ਹਾਈਆ। ਮਨ ਵਾਸਨਾ ਤੁਟੇ ਗਰੂਰ, ਗਫ਼ਲਤ ਕੋਇ ਨਜ਼ਰ ਨਾ ਆਈਆ। ਆਤਮ ਅੰਤਰ ਇਕ ਸਰੂਰ, ਸਚ ਖੁਮਾਰੀ ਦਏ ਚੜ੍ਹਾਈਆ। ਸਰਬ ਕਲਾ ਆਪ ਭਰਪੂਰ, ਸਮਰਥ ਪੁਰਖ ਵਡੀ ਵਡਿਆਈਆ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਲੇਖੇ ਲਾਈਆ। ਗੁਰਮੁਖ ਲੇਖਾ ਸਦਾ ਅਲੱਗ, ਲੱਖ ਚੁਰਾਸੀ ਬੰਧਨ ਨਾ ਕੋਇ ਰਖਾਇੰਦਾ। ਕਿਰਪਾ ਕਰੇ ਸੂਰਾ ਸਰਬੱਗ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਦੀਪਕ ਜੋਤੀ ਜਾਏ ਜਗ, ਅਗਿਆਨ ਅੰਧੇਰ ਗਵਾਇੰਦਾ। ਫੜ ਫੜ ਹੰਸ ਬਣਾਏ ਕੱਗ, ਕਾਗ ਹੰਸ ਰੂਪ ਵਖਾਇੰਦਾ। ਤ੍ਰੈਗੁਣ ਮਾਇਆ ਬੁਝਾਏ ਅੱਗ, ਤੱਤਵ ਤੱਤ ਨਾ ਕੋਇ ਬੁਝਾਇੰਦਾ। ਧੁਰ ਦਰਬਾਰੇ ਆਪੇ ਸੱਦ, ਨਾਮ ਸਦਾ ਇਕ ਰਖਾਇੰਦਾ। ਨੌਂ ਦੁਆਰੇ ਕਰੇ ਪਾਰ ਹੱਦ, ਜਗਤ ਤ੍ਰਿਸਨਾ ਮੋਹ ਮੁਕਾਇੰਦਾ। ਦਸਮ ਦੁਆਰੀ ਬਹੇ ਸਜ, ਗੁਰਮੁਖ ਸਾਚਾ ਸੋਭਾ ਪਾਇੰਦਾ। ਏਕਾ ਨਾਦ ਅਨਾਦੀ ਜਾਏ ਵੱਜ, ਅਨਹਦ ਆਪਣੀ ਸੇਵ ਕਮਾਇੰਦਾ। ਅੰਮ੍ਰਿਤ ਜਾਮ ਪਿਆਏ ਰੱਜ, ਤ੍ਰਿਸਨਾ ਭੁੱਖ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਗੁਰਸਿਖ ਤੇਰਾ ਰੰਗ ਅਮੋਲ, ਨਜ਼ਰ ਕਿਸੇ ਨਾ ਆਈਆ। ਜਗਤ ਕੰਡਾ ਨਾ ਸਕੇ ਕੋਈ ਤੋਲ, ਤੋਲਾ ਨਜ਼ਰ ਕੋਇ ਨਾ ਪਾਈਆ। ਜੋ ਜਨ ਹਰਿ ਕਾ ਨਾਉਂ ਰਸਨਾ ਜਿਹਵਾ ਰਿਹਾ ਬੋਲ, ਅਨਬੋਲਤ ਆਪ ਸਮਝਾਈਆ। ਨੌਂ ਖੰਡ ਪ੍ਰਿਥਮੀ ਚਾਰ ਵਰਨ ਅਠਾਰਾਂ ਬਰਨ ਸਾਚੀ ਵਸਤ ਕਿਸੇ ਨਾ ਕੌਲ, ਭਰਮੇ ਭੁਲੀ ਸਰਬ ਲੋਕਾਈਆ। ਨੇਤਰ ਰੋਵੇ ਧਰਨੀ ਧਰਤ ਧੌਲ, ਪ੍ਰਭ ਅੱਗੇ ਸੀਸ ਝੁਕਾਈਆ। ਗੋਬਿੰਦ ਕੀਤਾ ਸੱਚਾ ਕੌਲ, ਕਲਜੁਗ ਵੇਲੇ ਅੰਤਮ ਪਰਗਟ ਹੋਏ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਾਚੀ ਓਟ ਤਕਾਈਆ। ਸਾਚੀ ਓਟ ਰੱਖੀ ਆਸ, ਏਕਾ ਨੈਣ ਨੈਣ ਉਠਾਇਆ। ਕਲਜੁਗ ਅੰਤ ਬੁਝਾ ਪਿਆਸ, ਜਗਤ ਤ੍ਰਿਸਨਾ ਦੇ ਗਵਾਇਆ। ਸਦ ਵਸਾਂ ਤੇਰੇ ਪਾਸ, ਪੁਰਖ ਅਬਿਨਾਸ਼ੀ ਦਰ ਤੇਰਾ ਮੋਹੇ ਭਾਇਆ। ਸਤਿਜੁਗ ਸਾਚਾ ਕਰ ਪਰਕਾਸ਼, ਜਨ ਭਗਤਾਂ ਮੇਲ ਮਿਲਾਇਆ। ਤੇਰੇ ਸੰਤ ਹੋਏ ਉਦਾਸ, ਕਲਜੁਗ ਠੋਕਰ ਰਿਹਾ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇਆ। ਸਿਰ ਰੱਖ ਹੱਥ ਕਰਤਾਰ, ਆਪਣੀ ਦਇਆ ਕਮਾਈਆ। ਧਰਨੀ ਤੇਰੀ ਸੁਣ ਪੁਕਾਰ, ਨਿਹਕਲੰਕ ਫੇਰਾ ਪਾਈਆ। ਮੇਟ ਮਿਟਾਏ ਜਗਤ ਵਿਭਚਾਰ, ਵਿਭਚਾਰੀ ਕੋਇ ਰਹਿਣ ਨਾ ਪਾਈਆ। ਭਗਤ ਭਗਵੰਤ ਲਏ ਉਠਾਲ, ਸਾਚੇ ਸੰਤ ਸੰਗ ਨਿਭਾਈਆ। ਗੁਰਮੁਖਾਂ ਬਣੇ ਆਪ ਦਲਾਲ, ਜਗਤ ਵਣਜ਼ਾਰਾ ਆਪ ਅਖਵਾਈਆ। ਗੁਰਸਿਖ ਵੇਖੇ ਸਾਚੇ ਲਾਲ, ਲਾਲਨ ਆਪਣੀ ਗੋਦ ਉਠਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਸਚਖੰਡ ਬੈਠਾ ਸੱਚਾ ਮਾਹੀਆ। ਨਾਤਾ ਤੋੜੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਸਦਾ ਸੁਹੇਲਾ ਵਸੇ ਨਾਲ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਗਿਆਨ, ਆਤਮ ਪਰਮਾਤਮ ਦੇਵੇ ਮਾਣ, ਬ੍ਰਹਮ ਪਾਰਬ੍ਰਹਮ ਮਿਲਾਈਆ।