Granth 12 Likhat 019: 4 Visakh 2019 Bikarmi Swaran Singh de Greh pind Daburji Jila Amritsar

੪ ਵਸਾਖ ੨੦੧੯ ਬਿਕਰਮੀ ਸਵਰਨ ਸਿੰਘ ਦੇ ਗ੍ਰਹਿ ਪਿੰਡ ਦਬੁਰਜੀ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਸੱਚਾ ਸ਼ਹਿਨਸ਼ਾਹ, ਨਿਰਗੁਣ ਜੁਗ ਜੁਗ ਖੇਲ ਕਰਾਇੰਦਾ। ਸਾਚੇ ਤਖ਼ਤ ਬੈਠ ਬੇਪਰਵਾਹ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਲੱਖ ਚੁਰਾਸੀ ਘਾੜਨ ਘੜਤ ਲਏ ਘੜਾ, ਘਟ ਘਟ ਅੰਤਰ ਆਪਣਾ ਆਸਣ ਲਾਇੰਦਾ। ਚਾਰ ਖਾਣੀ ਵੰਡ ਵੰਡਾ, ਵੇਦ ਸ਼ਾਸਤਰ ਸਿਮਰਤ ਪੁਰਾਨ ਸਿਫ਼ਤ ਸਾਲਾਹ ਆਪ ਜਣਾਇੰਦਾ। ਜੁਗ ਚੌਕੜੀ ਵੰਡ ਵੰਡਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਨਵ ਨੌਂ ਧਾਰਾ ਆਪ ਚਲਾ, ਦੋ ਜਹਾਨਾਂ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸ਼ਾਹ ਪਾਤਸ਼ਾਹ ਰਾਜ ਰਾਜਾਨ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਤਖ਼ਤ ਨਿਵਾਸੀ ਵਡ ਮਿਹਰਵਾਨ, ਸਚਖੰਡ ਵਸੇ ਸਾਚਾ ਮਾਹੀਆ। ਆਦਿ ਜੁਗਾਦੀ ਧੁਰ ਫ਼ਰਮਾਣ, ਸਚ ਸੰਦੇਸ਼ਾ ਨਾਮ ਸੁਣਾਈਆ। ਗੁਰ ਅਵਤਾਰ ਦੇ ਦੇ ਦਾਨ, ਪੀਰ ਪੈਗ਼ੰਬਰ ਭੇਵ ਖੁਲ੍ਹਾਈਆ। ਭਗਤ ਭਗਵੰਤ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਸੰਤਨ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੁਗ ਜੁਗ ਲੇਖਾ ਜੀਵ ਜਹਾਨ, ਜੁਗ ਕਰਤਾ ਆਪ ਚੁਕਾਈਆ। ਸਤਿਜੁਗ ਤ੍ਰੇਤਾ ਖੋਲ੍ਹ ਦੁਕਾਨ, ਦੁਆਪਰ ਆਪਣਾ ਹੱਟ ਚਲਾਈਆ। ਕਲਜੁਗ ਖੇਲ ਸ੍ਰੀ ਭਗਵਾਨ, ਨਿਰਗੁਣ ਸਰਗੁਣ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ਼ਾਹੋ ਭੂਪ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਵਸਣਹਾਰੇ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਲੱਖ ਚੁਰਾਸੀ ਤਾਣਾ ਪੇਟਾ ਜਾਣੇ ਸੂਤ, ਆਪਣਾ ਬੰਧਨ ਨਾਮ ਰਖਾਇੰਦਾ। ਸ਼ਬਦ ਦੁਲਾਰਾ ਸਾਚਾ ਦੂਤ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜ਼ਿਮੀਂ ਅਸਮਾਨਾਂ ਆਪ ਫਿਰਾਇੰਦਾ। ਕਲਜੁਗ ਕੂੜੀ ਕਿਰਿਆ ਵੇਖੇ ਜੂਠ ਝੂਠ, ਨੌਂ ਖੰਡ ਪ੍ਰਿਥਮੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਹਰਿ ਨਿਰੰਕਾਰਾ, ਜੁਗ ਜੁਗ ਲੋਕਮਾਤ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਹੁਲਾਰਾ, ਸਾਚਾ ਮਾਰਗ ਏਕਾ ਲਾਈਆ। ਕਲਜੁਗ ਮੰਗੀ ਮੰਗ, ਬਣ ਭਿਖਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਤੇਰਾ ਵਿਛੋੜਾ ਝੱਲਿਆ ਨਾ ਜਾਏ ਪਰਵਰਦਿਗਾਰਾ, ਬੇਐਬ ਬੇਪਰਵਾਹੀਆ। ਤੇਰਾ ਨੂਰ ਮੁਕਾਮੇ ਹੱਕ ਨਜ਼ਾਰਾ, ਨਜ਼ਰ ਕਿਸੇ ਨਾ ਆਈਆ। ਤੂੰ ਵਸਣਹਾਰਾ ਠਾਂਡੇ ਦਰਬਾਰਾ, ਤੇਰੇ ਚਰਨ ਸੱਚੀ ਸਰਨਾਈਆ। ਲੋਕਮਾਤ ਤ੍ਰੈਗੁਣ ਅੱਗ ਤਪੇ ਅੰਗਿਆਰਾ, ਪੰਜ ਤਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਧੁਰ ਦਰਬਾਰੀ ਆਪ ਵਰਤਾਇੰਦਾ। ਸਤਿਜੁਗ ਚਲਾਏ ਆਪਣੇ ਭਾਣਾ, ਕਲਜੁਗ ਅੰਤਮ ਮੇਟ ਮਿਟਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਜੂਠ ਝੂਠ ਕੂੜੀ ਕਿਰਿਆ ਪੰਧ ਮੁਕਾਨਾ, ਬਣ ਪਾਂਧੀ ਫੇਰਾ ਪਾਇੰਦਾ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਏਕਾ ਰੰਗ ਰੰਗਾਨਾ, ਰੰਗ ਰੰਗੀਲਾ ਖੇਲ ਕਰਾਇੰਦਾ। ਲੱਖ ਚੁਰਾਸੀ ਆਤਮ ਸਵਾਮੀ ਏਕਾ ਏਕ ਨਾਉਂ ਜਪਾਣਾ, ਰਸਨਾ ਜਪਤ ਜਪਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਵੇਖ ਵਖਾਇੰਦਾ। ਕਲਜੁਗ ਕੂੜੀ ਕਿਰਿਆ ਡੰਕ, ਨੌਂ ਖੰਡ ਕਰੇ ਸ਼ਨਵਾਈਆ। ਨੇਤਰ ਰੋਵੇ ਰਾਓ ਰੰਕ, ਧੀਰਜ ਧੀਰ ਨਾ ਕੋਇ ਧਰਾਈਆ। ਵੇਲਾ ਆਇਆ ਅੰਤਮ ਅੰਤ, ਗੋਬਿੰਦ ਵੇਖੇ ਚਾਈਂ ਚਾਈਂਆ। ਆਪ ਬਣਾਵਣਹਾਰਾ ਆਪਣੀ ਬਣਤ, ਸਾਚੀ ਸਾਜਣ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਠ ਝੂਠ ਦਏ ਮਿਟਾਈਆ। ਜੂਠ ਝੂਠ ਮੇਟੇ ਪਖੰਡ, ਹਰਿ ਜੂ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਆਇਆ ਕੰਢ, ਕੰਢੀ ਪਾਰ ਆਪ ਕਰਾਇੰਦਾ। ਰਾਜ ਰਾਜਾਨਾਂ ਦੇਵੇ ਦੰਡ, ਨਾਮ ਖੰਡਾ ਇਕ ਚਮਕਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਸਚ ਸੁਚ ਚੜ੍ਹਾਏ ਸਾਚਾ ਚੰਦ, ਸਤਿ ਸਤਿਵਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਨਾਤਾ ਤੋੜ ਤੁੜਾਇੰਦਾ। ਕੂੜਾ ਨਾਤਾ ਜਾਏ ਤੁੱਟ, ਲੋਕਮਾਤ ਰਹਿਣ ਨਾ ਪਾਈਆ। ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਜੀਵ ਜੰਤ ਜਗਤ ਬੰਧਨ ਕੋਲੋਂ ਜਾਇਣ ਛੁੱਟ, ਸਤਿਗੁਰ ਪੂਰਾ ਆਪ ਛੁਡਾਈਆ। ਕੋਈ ਨਾ ਰੱਖੇ ਕਿਸੇ ਓਟ, ਸੀਸ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਦਏ ਸਮਝਾਈਆ। ਵੇਲਾ ਅੰਤਮ ਰਿਹਾ ਆ, ਹਰਿ ਜੂ ਆਪਣਾ ਪੰਧ ਮੁਕਾਇੰਦਾ। ਜੂਠ ਝੂਠ ਦਏ ਮਿਟਾ, ਸਚ ਸੁਚ ਆਪ ਵਰਤਾਇੰਦਾ। ਕੂੜਾ ਰਾਜਾ ਕੋਈ ਦਿਸੇ ਨਾ, ਰੱਯਤ ਆਪਣੇ ਰੰਗ ਰੰਗਾਇੰਦਾ। ਗੁਰਮੁਖ ਸਾਚੇ ਲਏ ਪਰਗਟਾ, ਸਾਚੇ ਮਾਰਗ ਆਪੇ ਲਾਇੰਦਾ। ਸਤਿ ਸਤਿਵਾਦੀ ਸਤਿ ਵਿਧਾਨ ਲਏ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪਣੇ ਹੱਥ ਰਖਾਇੰਦਾ। ਸਤਿ ਵਿਧਾਨ ਬਣੇ ਜਗ, ਜਗ ਜੀਵਣ ਦਾਤਾ ਆਪ ਬਣਾਈਆ। ਸ੍ਰਿਸ਼ਟ ਸਬਾਈ ਬੁਝੇ ਅੱਗ, ਤਤੀ ਵਾ ਨਾ ਲਾਗੇ ਰਾਈਆ। ਮੂਰਖ ਮੁਗਧ ਅਞਾਣ ਕਰੇ ਅੱਡ, ਆਪ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦਏ ਖਪਾਈਆ। ਕੂੜੀ ਕਿਰਿਆ ਬੀਸ ਬੀਸ, ਹਰਿ ਬੀਸਾ ਆਪ ਮਿਟਾਇੰਦਾ। ਅੱਗੇ ਚਲੇ ਸਚ ਹਦੀਸ, ਸਚ ਹਦੀਸਾ ਆਪ ਚਲਾਇੰਦਾ। ਛਤਰ ਝੁੱਲੇ ਏਕਾ ਸੀਸ, ਨੌਂ ਖੰਡ ਪ੍ਰਿਥਮੀ ਏਕਾ ਰਾਹ ਵਖਾਇੰਦਾ। ਕਲਜੁਗ ਅੰਤਮ ਪੀਸਣ ਲਿਆ ਪੀਸ, ਕੂੜੀ ਚੱਕੀ ਪੰਧ ਮੁਕਾਇੰਦਾ। ਸ਼ਾਹ ਸੁਲਤਾਨਾ ਕਰੇ ਖ਼ਾਲੀ ਖ਼ੀਸ, ਦਰ ਦਰ ਭਿਖਿਆ ਆਪ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭੇਖ ਪਖੰਡ ਲੋਕਮਾਤ ਮਟਾਇੰਦਾ। ਭੇਖ ਪਖੰਡ ਮਿਟੇ ਜੋਰੂ ਜ਼ੋਰ, ਜ਼ਰ ਲੋਕਮਾਤ ਰਹਿਣ ਨਾ ਪਾਈਆ। ਆਪਣੇ ਹੱਥ ਪਕੜੇ ਡੋਰ, ਦੂਜਾ ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਨਾ ਕੋਈ ਲੁੱਟੇ ਠੱਗ ਚੋਰ, ਯਾਰੀ ਯਾਰ ਨਾ ਕੋਇ ਕਮਾਈਆ। ਗ਼ਰੀਬ ਨਿਮਾਣਿਆਂ ਪੁਰਖ ਅਬਿਨਾਸ਼ੀ ਨਿਰਗੁਣ ਦਾਤਾ ਦਰ ਦਰ ਘਰ ਘਰ ਆਪੇ ਜਾਏ ਬੌਹੁੜ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਧਰ, ਬੀਸ ਬੀਸਾ ਪਿਛਲੀ ਕਰੇ ਸਰਬ ਸਫ਼ਾਈਆ। ਆਦਿ ਪੁਰਖ ਹਰਿ ਖੇਲ ਰਚਾਇਆ, ਭੇਵ ਕੋਇ ਨਾ ਪਾਇੰਦਾ। ਸ਼ਬਦੀ ਸੁਤ ਇਕ ਉਪਜਾਇਆ, ਬ੍ਰਹਿਮੰਡ ਖੰਡ ਵੰਡ ਵੰਡਾਇੰਦਾ। ਰਵ ਸਸ ਨੂਰ ਨੂਰ ਚਮਕਾਇਆ, ਮੰਡਲ ਮੰਡਪ ਆਪ ਸੁਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੋਦ ਉਠਾਇਆ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਰੰਗ ਰੰਗਾਇਆ, ਪੰਚਮ ਆਪਣਾ ਪਰਦਾ ਲਾਹਿੰਦਾ। ਲੱਖ ਚੁਰਾਸੀ ਘਾੜਨ ਆਪ ਘੜਾਇਆ, ਘੜ ਘੜ ਭਾਂਡੇ ਵੇਖ ਵਖਾਇੰਦਾ। ਸ਼ਬਦੀ ਨਾਦ ਬ੍ਰਹਮਾ ਵੇਤਾ ਇਕ ਪੜ੍ਹਾਇਆ, ਅੱਖਰ ਵੱਖਰ ਆਪ ਜਣਾਇੰਦਾ। ਚਾਰੇ ਵੇਦਾਂ ਰਾਗ ਅਲਾਇਆ, ਚਾਰੇ ਜੁਗ ਵੰਡ ਵੰਡਾਇੰਦਾ। ਚਾਰੇ ਖਾਣੀ ਖੇਲ ਕਰਾਇਆ, ਉਤਭੁਜ ਸੇਤਜ ਜੇਰਜ ਅੰਡਜ ਆਪਣਾ ਬੰਧਨ ਪਾਇੰਦਾ। ਚਾਰੇ ਬਾਣੀ ਬੋਲ ਸੁਣਾਇਆ, ਪਰਾ ਪਸੰਤੀ ਮਧਮ ਬੈਖ਼ਰੀ ਆਪੇ ਗਾਇੰਦਾ। ਲੱਖ ਚੁਰਾਸੀ ਖੇਲ ਰਚਾਇਆ, ਆਪ ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਵੇਸ ਵਟਾਇਆ, ਜੋਤੀ ਜਾਤਾ ਡਗਮਗਾਇੰਦਾ। ਆਤਮ ਪਰਮਾਤਮ ਮੇਲ ਮਿਲਾਇਆ, ਘਰ ਘਰ ਵਿਚ ਵੇਸ ਵਟਾਇੰਦਾ। ਬ੍ਰਹਮ ਪਾਰਬ੍ਰਹਮ ਲਏ ਉਪਜਾਇਆ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਈਸ਼ ਜੀਵ ਕਰੇ ਕੁੜਮਾਇਆ, ਘਰ ਸਾਚਾ ਸਗਨ ਮਨਾਇੰਦਾ। ਨਿਰਮਲ ਦੀਆ ਬਾਤੀ ਇਕ ਜਗਾਇਆ, ਨੂਰ ਨੁਰਾਨਾ ਡਗਮਗਾਇੰਦਾ। ਅਨਹਦ ਨਾਦੀ ਨਾਦ ਵਜਾਇਆ, ਰਾਗੀ ਆਪਣਾ ਰਾਗ ਸੁਣਾਇੰਦਾ। ਸਰ ਸਰੋਵਰ ਇਕ ਭਰਾਇਆ, ਗ੍ਰਹਿ ਅੰਮ੍ਰਿਤ ਆਪ ਰਖਾਇੰਦਾ। ਆਪਣੀ ਵੰਡ ਆਪ ਵੰਡਾਇਆ, ਕਰਨੀ ਕਰਤਾ ਆਪ ਕਰਾਇੰਦਾ। ਗੁਰ ਗੁਰ ਰੂਪ ਮਾਤ ਧਰਾਇਆ, ਸ਼ਬਦੀ ਸ਼ਬਦ ਹੁਕਮ ਸੁਣਾਇੰਦਾ। ਸੰਤ ਕੁਮਾਰਾ ਬਰਾਹ ਆਪਣਾ ਖੇਲ ਕਰਾਇਆ, ਯਗੈ ਪੁਰਸ਼ ਨਾਦ ਵਜਾਇੰਦਾ। ਹਾਵ ਗ਼ਰੀਵ ਵੇਖ ਵਖਾਇਆ, ਨਰ ਨਰਾਇਣ ਹੁਕਮ ਵਰਤਾਇੰਦਾ। ਕਪਲ ਮੁਨ ਜੋਤ ਜਗਾਇਆ, ਦਤਾ ਤ੍ਰੈ ਆਪ ਸਮਝਾਇੰਦਾ। ਰਿਖਪ ਆਪਣਾ ਮਾਰਗ ਲਾਇਆ, ਪਿਰਥੂ ਏਕਾ ਸੇਵ ਲਗਾਇੰਦਾ। ਮਤਸ ਜਲ ਥਲ ਵਿਚ ਸਮਾਇਆ, ਕਛਪ ਮਿੰਦਰਾ ਪਿੱਠ ਉਠਾਇੰਦਾ। ਧਨੰਤਰ ਏਕਾ ਮੰਤਰ ਪੜ੍ਹਾਇਆ, ਮੋਹਣੀ ਆਪਣਾ ਰੂਪ ਵਟਾਇੰਦਾ। ਹੰਸਾ ਸੋਹੰ ਸਾਚੀ ਚੋਗ ਚੁਗਾਇਆ, ਮਾਣਕ ਮੋਤੀ ਆਪ ਵਖਾਇੰਦਾ। ਨਰ ਸਿੰਘ ਆਪਣਾ ਖੇਲ ਕਰਾਇਆ, ਆਪ ਆਪਣੀ ਦਇਆ ਕਮਾਇੰਦਾ। ਬਾਵਣ ਬਲ ਵੰਡ ਵੰਡਾਇਆ, ਧਰਤ ਧਵਲ ਵੇਖ ਵਖਾਇੰਦਾ। ਨਰ ਨਰਾਇਣ ਫੇਰਾ ਪਾਇਆ, ਬਾਲਕ ਧਰੂ ਰਾਹ ਚਲਾਇੰਦਾ। ਹਰੀ ਹਰਿ ਆਪਣੇ ਅੰਗ ਲਗਾਇਆ, ਗਜ ਬੇੜਾ ਪਾਰ ਕਰਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇਆ। ਸਿਮਰਤ ਸ਼ਾਸਤਰ ਆਪ ਲਿਖਾਇੰਦਾ। ਏਕਾ ਪਰਸ ਰਾਮ ਮਿਲਾਇਆ, ਰਾਮ ਆਪਣਾ ਰੂਪ ਵਖਾਇੰਦਾ। ਵੇਦ ਵਿਆਸਾ ਜਸ ਹਰਿ ਹਰਿ ਗਾਇਆ, ਪੁਰਾਨ ਅਠਾਰਾਂ ਭੇਵ ਚੁਕਾਇੰਦਾ। ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਣਾਇਆ, ਬਾਰਾਂ ਅੱਖਰ ਅੰਕ ਬਣਾਇੰਦਾ। ਮੁਕੰਦ ਮਨੋਹਰ ਲਖ਼ਮੀ ਨਰਾਇਣ ਨਾਮ ਧਰਾਇਆ, ਕਾਹਨਾ ਕ੍ਰਿਸ਼ਨਾ ਭੇਵ ਅਭੇਦ ਖੁਲ੍ਹਾਇੰਦਾ। ਸਾਚੀ ਸਖੀਆਂ ਮਿਲ ਮਿਲ ਮੰਗਲ ਗਾਇਆ, ਮੰਡਲ ਰਾਸ ਆਪ ਰਚਾਇੰਦਾ। ਭਗਤ ਭਗਵਾਨ ਆਪ ਸਮਝਾਇਆ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਨੂਰੀ ਜਲਵਾ ਨੂਰ ਧਰਾਇਆ, ਨੂਰ ਨੁਰਾਨਾ ਡਗਮਗਾਇੰਦਾ। ਮੂਸਾ ਕੋਹਤੂਰ ਸਮਝਾਇਆ, ਈਸਾ ਆਪਣਾ ਜ਼ਹੂਰ ਬਣਾਇੰਦਾ। ਪਰਵਰਦਿਗਾਰ ਖੇਲ ਕਰਾਇਆ, ਬੇਐਬ ਨਜ਼ਰ ਕਿਸੇ ਨਾ ਆਇੰਦਾ। ਹੱਕ ਹਕ਼ੀਕ਼ਤ ਦਏ ਪੜ੍ਹਾਇਆ, ਲਾਸ਼ਰੀਕ ਕਲਮਾ ਨਬੀ ਆਪ ਸੁਣਾਇੰਦਾ। ਮੁਹੰਮਦ ਢੋਲਾ ਏਕਾ ਗਾਇਆ, ਰਹਿਮਤ ਰਹੀਮ ਰਹਿਮਾਨ ਆਪ ਕਮਾਇੰਦਾ। ਅੰਜੀਲ ਕੁਰਾਨਾ ਮਾਰਗ ਲਾਇਆ, ਸ਼ਾਹ ਸੁਲਤਾਨਾ ਖੇਲ ਕਰਾਇੰਦਾ। ਸਚਖੰਡ ਆਪਣਾ ਮਤਾ ਪਕਾਇਆ, ਨਿਰਗੁਣ ਨੂਰ ਨੂਰ ਪਰਗਟਾਇੰਦਾ। ਪੰਜ ਤਤ ਚੋਲਾ ਆਪ ਹੰਢਾਇਆ, ਨਾਨਕ ਨਾਮ ਰਖਾਇੰਦਾ। ਸਤਿਗੁਰ ਪੁਰਖ ਅਕਾਲ ਦੀਨ ਦਿਆਲ ਆਪਣੀ ਦਇਆ ਕਮਾਇਆ, ਨਿਰਗੁਣ ਨਾਨਕ ਆਪਣੇ ਦਰ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਨਾਨਕ ਨਿਰਗੁਣ ਸਚ ਦੁਆਰ, ਸਚਖੰਡ ਸਾਚੇ ਸੋਭਾ ਪਾਈਆ। ਦਰਸ਼ਨ ਕਰ ਏਕੰਕਾਰ, ਅਕਲ ਕਲ ਕਰੇ ਵਡਿਆਈਆ। ਤੇਰਾ ਮੇਰਾ ਇਕ ਆਧਾਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਕਰ ਕਿਰਪਾ ਦੇ ਵਸਤ ਅਪਾਰ, ਸਾਚੀ ਮੰਗ ਮੰਗਾਈਆ। ਬਿਨ ਤੇਰੇ ਨਾਮੇ ਸ੍ਰਿਸ਼ਟ ਸਬਾਈ ਹੋਈ ਛਾਰ, ਕਲਜੁਗ ਕੂੜ ਅੰਧੇਰਾ ਗਿਆ ਛਾਈਆ। ਪੁਰਖ ਅਬਿਨਾਸ਼ੀ ਵਡ ਦਾਤਾਰ, ਦੀਨਨ ਆਪਣੀ ਦਇਆ ਕਮਾਈਆ। ਸਤਿਨਾਮ ਵਣਜ ਵਪਾਰ, ਸਾਚਾ ਹੱਟ ਆਪ ਖੁਲ੍ਹਾਈਆ। ਵਰਨ ਬਰਨ ਕਰੇ ਪਾਰ ਕਿਨਾਰ, ਊਚ ਨੀਚ ਜ਼ਾਤ ਪਾਤ ਨਾ ਕੋਇ ਰਖਾਈਆ। ਏਕਾ ਜੋਤੀ ਦਸ ਅਵਤਾਰ, ਪੁਰਖ ਅਕਾਲ ਵੇਖ ਵਖਾਈਆ। ਪੂਤ ਸਪੂਤਾ ਕਰ ਤਿਆਰ, ਗੁਰ ਗੋਬਿੰਦ ਨਾਉਂ ਧਰਾਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਅੰਮ੍ਰਿਤ ਆਤਮ ਠੰਡਾ ਠਾਰ, ਸਚ ਸਰੋਵਰ ਇਕ ਵਖਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਕਰੇ ਖੇਲ ਅਗੰਮ ਅਪਾਰ, ਪੁਰਖ ਅਕਾਲ ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਹੁਕਮੀ ਹੁਕਮ ਕਰੇ ਵਰਤਾਰ, ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਨਿਉਂ ਨਿਉਂ ਸੀਸ ਕਰਨ ਨਿਮਸਕਾਰ, ਸਜਦਾ ਏਕਾ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਲੋਕਮਾਤ ਮਾਰਗ ਆਪ ਚਲਾਈਆ। ਲੋਕਮਾਤ ਮਾਰਗ ਦੱਸ, ਹਰਿ ਜੂ ਆਪਣੀ ਖੇਲ ਕਰਾਇੰਦਾ। ਭਗਤਾਂ ਅੰਤਰ ਆਪੇ ਵਸ, ਆਪਣਾ ਪਰਦਾ ਲਾਹਿੰਦਾ। ਜਿਸ ਜਨ ਮੇਲਾ ਮੇਲੇ ਸਚ ਘਰ ਹੱਸ, ਤਿਸ ਮਤ ਕੋਇ ਨਜ਼ਰ ਨਾ ਆਇੰਦਾ। ਜ਼ਾਤ ਪਾਤ ਦੀਨ ਮਜ਼੍ਹਬ ਵਰਨ ਗੋਤ ਗੁਰਮੁਖ ਚਰਨਾਂ ਹੇਠਾਂ ਦੇਵੇ ਝਸ, ਸਚ ਪੁਰਖ ਅਕਾਲ ਹਰ ਘਟ ਰਵਿਆ ਨਜ਼ਰੀ ਆਇੰਦਾ। ਕਲਜੁਗ ਅੰਤਮ ਕਰੇ ਖੇਲ ਆਪ ਸਮਰਥ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵੇਸ ਸਰਬ ਮਿਟਾਇੰਦਾ। ਜਗਤ ਵੇਸ ਹਰਿ ਮਿਟੌਣਾ, ਕਲਜੁਗ ਅੰਤ ਕਰੇ ਸਫ਼ਾਈਆ। ਤੇਈ ਅਵਤਾਰ ਆਪਣੇ ਦਰ ਬਹੌਣਾ, ਭਗਤ ਅਠਾਰਾਂ ਦਏ ਸਰਨ ਸਰਨਾਈਆ। ਈਸਾ ਮੂਸਾ ਮੁਹੰਮਦ ਸੰਗ ਯਾਰ ਬਰਦਾ ਆਪ ਕਰੌਣਾ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਏਕਾ ਜੋਤੀ ਦਸ ਦਸ ਧਾਰ ਜੋਤੀ ਜੋਤ ਜੋਤ ਸਮੌਣਾ, ਨੂਰ ਨੂਰ ਵਿਚ ਰਖਾਈਆ। ਸ੍ਰਿਸ਼ਟ ਸਬਾਈ ਨੌਂ ਖੰਡ ਲੱਖ ਚੁਰਾਸੀ ਏਕਾ ਇਸ਼ਟ ਹਰਿ ਵਖੌਣਾ, ਗੁਰ ਅਵਤਾਰ ਇਕ ਸਮਝਾਈਆ। ਮੰਦਰ ਮਸਜਿਦ ਮੱਠ ਸ਼ਿਵਦੁਆਲਾ ਏਕਾ ਨਜ਼ਰੀ ਔਣਾ, ਘਟ ਘਟ ਕਰੇ ਆਪ ਰੁਸ਼ਨਾਈਆ। ਰਸਨਾ ਜਿਹਵਾ ਗਾਣਾ ਏਕਾ ਗੌਣਾ, ਪਾਰਬ੍ਰਹਮ ਪ੍ਰਭ ਸਿਫ਼ਤ ਸਾਲਾਹੀਆ। ਜਿਸ ਨੇ ਆਦਿ ਜੁਗਾਦਿ ਜੁਗ ਜੁਗ ਆਪਣਾ ਰਾਹ ਵਖੌਣਾ, ਸੋ ਅੰਤਮ ਵੇਖੇ ਚਾਈਂ ਚਾਈਂਆ। ਸਭ ਦਾ ਲੇਖਾ ਆਪ ਮੁਕੌਣਾ, ਪੁਰਖ ਅਬਿਨਾਸ਼ੀ ਆਪਣਾ ਹੁਕਮ ਆਪ ਰਿਹਾ ਵਰਤਾਈਆ। ਸਤਿ ਸਤਿਵਾਦੀ ਮਾਰਗ ਲੌਣਾ, ਵਰਨ ਬਰਨ ਅਠਾਰਾਂ ਚਾਰ ਵੰਡ ਨਾ ਕੋਇ ਵੰਡਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭਾਈ ਭੈਣ ਬਣੌਣਾ, ਸਾਕ ਸੱਜਣ ਸੈਣ ਏਕਾ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਵੇਸ ਮਾਤ ਧਰ, ਬਣ ਬਣ ਰਹਿਬਰ ਰਾਹ ਵਖਾਈਆ। ਜਮ ਕੀ ਫਾਸੀ ਲੱਥੇ ਫਾਹ, ਜਮ ਨੇੜ ਅੰਤ ਨਾ ਆਈਆ। ਰਾਏ ਧਰਮ ਨਾ ਦਏ ਸਜ਼ਾ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਲਏ ਪਰਨਾ, ਸਾਚਾ ਸਗਨ ਨਾ ਕੋਇ ਮਨਾਈਆ। ਸਤਿਗੁਰ ਸ਼ਬਦੀ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਆਵਣ ਜਾਵਣ ਪੰਧ ਦਏ ਮੁਕਾ, ਮਾਤ ਗਰਭ ਅਗਨ ਨਾ ਕੋਇ ਤਪਾਈਆ। ਉਜਲ ਮੁਖ ਦਏ ਕਰਾ, ਜੋ ਮੰਗੇ ਹਰਿ ਸਰਨਾਈਆ। ਜੜ੍ਹ ਬੂਟਾ ਦੇਵੇ ਲਾ, ਕਿਰਪਾਨਿਧ ਦਇਆ ਕਮਾਈਆ। ਏਥੇ ਓਥੇ ਦੋ ਜਹਾਨਾਂ ਅੰਮ੍ਰਿਤ ਰਸ ਦਏ ਖੁਵਾ, ਤ੍ਰਿਸ਼ਨਾ ਤ੍ਰਿਖਾ ਭੁੱਖ ਗਵਾਈਆ। ਗੁਰਮੁਖਾਂ ਦੇਵੇ ਸੱਚਾ ਥਾਂ, ਚਰਨ ਕਵਲ ਸੱਚੀ ਸਰਨਾਈਆ। ਸਦਾ ਸੁਹੇਲਾ ਰੱਖੇ ਠੰਡੀ ਛਾਂ, ਅਗਨੀ ਤਤ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਆਪ ਉਡਾਈਆ। ਜਿਸ ਜਨ ਸਤਿਗੁਰ ਪੂਰਾ ਪਕੜੇ ਬਾਂਹ, ਅੱਧਵਿਚਕਾਰ ਨਾ ਕੋਇ ਅਟਕਾਈਆ। ਹੋਵੇ ਸੁਖ ਪੁੱਤ ਮਾਂ, ਘਰ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ।

Leave a Reply

This site uses Akismet to reduce spam. Learn how your comment data is processed.