Granth 12 Likhat 017: 3 Visakh 2019 Bikarmi Manjit Singh de Greh Verka Jila Amritsar

੩ ਵਸਾਖ ੨੦੧੯ ਬਿਕਰਮੀ ਮਨਜੀਤ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ

ਨਿਰਗੁਣ ਸਰਗੁਣ ਸਤਿ ਸਹਾਰਾ, ਨਿਰਾਕਾਰ ਆਕਾਰ ਬਣਾਇੰਦਾ। ਤਤਵ ਤਤ ਦੇ ਆਧਾਰਾ, ਨਰ ਨਰਾਇਣ ਖੇਲ ਕਰਾਇੰਦਾ। ਪੁਰਖ ਅਬਿਨਾਸ਼ੀ ਬਣ ਵਣਜਾਰਾ, ਸਾਚਾ ਵਣਜ ਕਰਾਇੰਦਾ। ਸ਼ਬਦ ਅਗੰਮੀ ਖੋਲ੍ਹ ਭੰਡਾਰਾ, ਬਣ ਵਰਤਾਰਾ ਆਪ ਵਰਤਾਇੰਦਾ। ਸਚ ਮਹੱਲੇ ਦੇਵਣਹਾਰਾ, ਏਕੰਕਾਰਾ ਆਪ ਅਖਵਾਇੰਦਾ। ਕਰੇ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਨਿਰਗੁਣ ਕਰ ਪਸਾਰਾ, ਨਿਰਵੈਰ ਵੇਖ ਵਖਾਇੰਦਾ। ਮੇਲ ਮਿਲਾਏ ਧੁਰ ਦਰਬਾਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਨਾਰੀ ਕੰਤ ਬਣ ਪਿਆਰਾ, ਪੀਆ ਪ੍ਰੀਤਮ ਵੇਸ ਵਟਾਇੰਦਾ। ਜਨਨੀ ਜਨ ਸੁਤ ਦੁਲਾਰਾ, ਪੂਤ ਸਪੂਤਾ ਆਪ ਪਰਗਟਾਇੰਦਾ। ਵਸਤ ਅਮੋਲਕ ਦੇਵੇ ਥਾਰਾ, ਥਿਰ ਘਰ ਵਾਸੀ ਆਪਣੀ ਦਇਆ ਕਮਾਇੰਦਾ। ਘਾੜਤ ਘੜੇ ਬਣ ਠਠਿਆਰਾ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣੀ ਖੇਲ ਵਖਾਇੰਦਾ। ਅਨਭਵ ਖੇਲ ਕਰੇ ਕਰਤਾਰ, ਨੇਤਰ ਨਜ਼ਰ ਕਿਸੇ ਨਾ ਆਈਆ। ਆਪਣੀ ਇਛਿਆ ਆਪੇ ਧਾਰ, ਰੂਪ ਅਨੂਪ ਆਪ ਪਰਗਟਾਈਆ। ਵਿਸ਼ਨ ਵਿਸ਼ਵ ਦੇ ਆਧਾਰ, ਰੂਪ ਰੰਗ ਰੰਗ ਰੂਪ ਵਿਚ ਸਮਾਈਆ। ਚਰਨ ਕਵਲ ਅੰਮ੍ਰਿਤ ਠੰਡਾ ਠਾਰ, ਰਗੜ ਰਗੜ ਨਾਲ ਮਿਲਾਈਆ। ਜੋਤੀ ਜੋਤ ਜੋਤ ਪਸਾਰ, ਬਿਮਲ ਆਪਣਾ ਰੂਪ ਵਖਾਈਆ। ਕਵਲੀ ਕਵਲ ਖੇਲ ਨਿਆਰ, ਨਿਰਾਕਾਰ ਆਪ ਕਰਾਈਆ। ਅੰਦਰ ਵੜ ਹੋਏ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਹਰਿ ਕਰਤਾਰਾ, ਅਬਿਨਾਸ਼ੀ ਕਰਤਾ ਆਪ ਖੁਲ੍ਹਾਇੰਦਾ। ਵਿਸ਼ਨੂੰ ਵਿਸ਼ਵ ਕਰ ਪਸਾਰਾ, ਪਾਰਬ੍ਰਹਮ ਆਪਣੀ ਵੰਡ ਵੰਡਾਇੰਦਾ। ਬ੍ਰਹਮ ਦੇ ਇਕ ਆਧਾਰਾ, ਅੰਸ ਬੰਸ ਆਪ ਸੁਹਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦਰਬਾਰੀ ਵੇਸ ਵਟਾਇੰਦਾ। ਵੇਖਣਹਾਰਾ ਸੁੰਨ ਅਗੰਮ ਧੂਆਂਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸੁਨ ਅਗੰਮ ਦੇਵੇ ਸਾਥ, ਏਕਾ ਸੰਗ ਨਿਭਾਈਆ। ਆਪੇ ਇਛਿਆ ਭੋਲਾ ਨਾਥ, ਭੋਲੇ ਭਾਉ ਲਏ ਪਰਗਟਾਈਆ। ਤਿੰਨਾਂ ਵਿਚੋਲਾ ਬਣ ਰਘੁਨਾਥ, ਰਘੁਪਤ ਆਪਣੀ ਸੇਵ ਕਮਾਈਆ। ਨਿਰਗੁਣ ਹੋ ਕੇ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਨਾਮ ਨਿਧਾਨਾ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਰੂਪ ਵਖਾਏ ਇਕ ਇਕਾਂਤ, ਅਕਲ ਕਲਾ ਵਡ ਵਡਿਆਈਆ। ਸਾਚੀ ਭਿਛਿਆ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਵ ਸੰਦੇਸ਼ਾ ਇਕ ਸੁਣਾਈਆ। ਵਿਸ਼ਨੂੰ ਸੰਦੇਸ਼ਾ ਏਕੰਕਾਰ, ਏਕਾ ਵਾਰ ਜਣਾਇੰਦਾ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਖੇਲ ਕਰਾਇੰਦਾ। ਸ਼ੰਕਰ ਤੇਰੀ ਸ਼ਰਅ ਧਾਰ, ਸ਼ਰੀਅਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸ਼ਾ, ਪੁਰਖ ਅਕਾਲ ਸੁਣਾਈਆ। ਸਚਖੰਡ ਦੁਆਰੇ ਕਰੇ ਵੇਸਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਆਦਿ ਜੁਗਾਦਿ ਰਹੇ ਹਮੇਸ਼ਾ, ਨਾ ਮਰੇ ਨਾ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਦਸਾਇਆ ਏਕਾ ਪੇਸ਼ਾ, ਲੱਖ ਚੁਰਾਸੀ ਘਾੜਨ ਲੈਣਾ ਘੜਾਈਆ। ਪਾਰਬ੍ਰਹਮ ਪ੍ਰਭ ਸਚ ਸੰਦੇਸ਼ਾ, ਸਤਿ ਸਤਿਵਾਦੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਆਪ ਵਰਤਾਈਆ। ਵਿਸ਼ਨੂੰ ਸੁਣਿਆ ਹਰਿ ਫ਼ਰਮਾਣਾ, ਨੇਤਰ ਨੈਣ ਨੈਣ ਉਠਾਇੰਦਾ। ਬ੍ਰਹਮਾ ਵੇਖੇ ਮਾਰ ਧਿਆਨਾ, ਚਾਰੋਂ ਕੁੰਟ ਵੇਖ ਵਖਾਇੰਦਾ। ਸ਼ੰਕਰ ਕਰੇ ਚਰਨ ਧਿਆਨਾ, ਨੇਤਰ ਨੈਣ ਨਾ ਕੋਇ ਦਸਾਇੰਦਾ। ਸ਼ਬਦ ਅਗੰਮੀ ਇਕ ਤਰਾਨਾ, ਸਚਖੰਡ ਨਿਵਾਸੀ ਆਪੇ ਗਾਇੰਦਾ। ਵਸਤ ਅਮੋਲਕ ਦੇਵੇ ਦਾਨਾ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਪੁਰਖ ਅਗੰਮ, ਅਲੱਖ ਅਗੋਚਰ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬੇੜਾ ਬੰਨ੍ਹ, ਸਾਚਾ ਮਾਰਗ ਦਏ ਲਗਾਈਆ। ਤਿੰਨਾਂ ਦੇਵੇ ਆਪਣਾ ਧੰਨ, ਤ੍ਰੈਗੁਣ ਮਾਇਆ ਝੋਲੀ ਪਾਈਆ। ਸਤੋ ਰਜੋ ਤਮੋ ਬਣਿਆ ਆਪੇ ਜਨਨੀ ਜਨ, ਜਨ ਜਣੇਂਦੀ ਹੋਇਆ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰਜੋ ਤਮੋ ਬੱਧਾ ਨਾਤਾ, ਸਤੋ ਸਤਿ ਸਤਿ ਦ੍ਰਿੜਾਇੰਦਾ। ਆਪੇ ਜਾਣੇ ਆਪਣਾ ਡੂੰਘਾ ਖਾਤਾ, ਨਜ਼ਰ ਕਿਸੇ ਨਾ ਆਇੰਦਾ। ਤ੍ਰੈ ਤ੍ਰੈ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਨਾਦ ਅਨਾਦੀ ਏਕਾ ਗਾਥਾ, ਬੋਧ ਅਗਾਧੀ ਆਪ ਪੜ੍ਹਾਇੰਦਾ। ਸੋ ਪੁਰਖ ਨਿਰੰਜਣ ਦੇਵਣਹਾਰਾ ਦਾਤਾ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਵਰਤਾਇੰਦਾ। ਤ੍ਰੈ ਤ੍ਰੈ ਮੇਲਾ ਅਗੰਮ ਅਪਾਰਾ, ਅਲੱਖ ਅਲੱਖਣਾ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਨਿਮਸਕਾਰਾ, ਦਰ ਬੈਠੇ ਸੀਸ ਝੁਕਾਈਆ। ਹਉਂ ਬਾਲ ਬਾਲ ਨਾਦਾਨ, ਨਾ ਚਲੇ ਕੋਇ ਚਤੁਰਾਈਆ। ਤ੍ਰੈਗੁਣ ਮਿਲਿਆ ਤੇਰਾ ਦਾਨ, ਵਸਤ ਆਪਣੀ ਝੋਲੀ ਪਾਈਆ। ਪਾਰਬ੍ਰਹਮ ਪ੍ਰਭ ਹੋ ਮਿਹਰਵਾਨ, ਸਾਡੀ ਆਸਾ ਪੂਰ ਕਰਾਈਆ। ਅੰਤਮ ਦੇਣਾ ਇਕ ਨਿਸ਼ਾਨ, ਸਚ ਨਿਸ਼ਾਨਾ ਦਏ ਸਮਝਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੀ ਵੰਡਣ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨ ਤਿੰਨ ਪੰਜ ਜੋੜ ਜੁੜਾਈਆ। ਤ੍ਰੈਗੁਣ ਮਾਇਆ ਪੰਜ ਤਤ, ਹਰਿ ਜੂ ਹਰਿ ਹਰਿ ਝੋਲੀ ਪਾਇੰਦਾ। ਆਪ ਉਪਜਾਏ ਆਪਣੀ ਰੱਤ, ਰੱਤੀ ਰੱਤ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਏਕਾ ਸਤਿ, ਸਤਿ ਸਤਿਵਾਦੀ ਆਪਣੇ ਹੱਥ ਰਖਾਇੰਦਾ। ਵਿਸ਼ਨੂੰ ਮਾਰਗ ਦੇਵੇ ਦੱਸ, ਸਾਚੀ ਸਿਖਿਆ ਇਕ ਸਮਝਾਇੰਦਾ। ਬ੍ਰਹਮੇ ਦੇਵੇ ਬ੍ਰਹਮ ਰਸ, ਸਾਚੀ ਵੰਡਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਆਦਿ ਪੁਰਖ ਜਣਾਈਆ। ਪੰਜ ਤਤ ਮੇਲਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਕਰਾਈਆ। ਲੱਖ ਚੁਰਾਸੀ ਹੋਏ ਪਰਧਾਨ, ਘੜ ਭਾਂਡੇ ਵੇਖ ਵਖਾਈਆ। ਵਿਸ਼ਨੂੰ ਸੇਵਾ ਕਰੇ ਬਣ ਬਲਵਾਨ, ਘਰ ਘਰ ਆਪਣਾ ਰਿਜ਼ਕ ਪੁਚਾਈਆ। ਬ੍ਰਹਮਾ ਬ੍ਰਹਮ ਕਰੇ ਨਿਸ਼ਾਨ, ਆਪਣੀ ਵੰਡ ਵੰਡਾਈਆ। ਸ਼ੰਕਰ ਅੰਤਮ ਲੇਖਾ ਚੁਕਾਏ ਆਣ, ਬਚਿਆ ਕੋਇ ਰਹਿਣ ਨਾ ਪਾਈਆ। ਪੰਜ ਤਤ ਬਣੇ ਮਕਾਨ, ਪੰਜ ਦੱਸ ਵੰਡ ਵੰਡਾਈਆ। ਪੰਜੀ ਆਪੇ ਵੇਖੇ ਆਣ, ਕਿਰਤੀ ਪਰਕਿਰਤੀ ਬੰਧਨ ਪਾਈਆ। ਹੱਡ ਮਾਸ ਨਾੜੀ ਬੂੰਦ ਰਕਤ ਕਰ ਪਰਧਾਨ, ਸਾਚਾ ਮੇਲਾ ਆਪ ਮਿਲਾਈਆ। ਪੰਚਮ ਪੰਚ ਇਕ ਨਿਸ਼ਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਆਸਾ ਤ੍ਰਿਸ਼ਨਾ ਵਡ ਬਲਵਾਨ, ਮਾਇਆ ਮਮਤਾ ਝੋਲੀ ਪਾਈਆ। ਹਉਮੇ ਹੰਗਤਾ ਇਕ ਨਿਸ਼ਾਨ, ਬੰਕ ਦੁਆਰੇ ਦਏ ਵਸਾਈਆ। ਜੂਠ ਝੂਠ ਕਰ ਪਰਧਾਨ, ਘਰ ਘਰ ਆਪਣਾ ਖੇਲ ਕਰਾਈਆ। ਨੌਂ ਦੁਆਰੇ ਖੋਲ੍ਹ ਦੁਕਾਨ, ਜਗਤ ਵਾਸਨਾ ਵਿਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਾੜਨ ਲਏ ਘੜਾਈਆ। ਸਾਚਾ ਘਾੜਨ ਹਰਿ ਜੂ ਘੜ, ਪੰਜ ਤਤ ਕਾਇਆ ਖੇਲ ਕਰਾਇੰਦਾ। ਆਪ ਉਪਾਏ ਘਰ ਵਿਚ ਘਰ, ਬਾਡੀ ਹੋਰ ਨਾ ਕੋਇ ਲਗਾਇੰਦਾ। ਸਚ ਮਹੱਲੇ ਆਪੇ ਵੜ, ਸਚ ਸਿੰਘਾਸਣ ਸੋਭਾ ਪਾਇੰਦਾ। ਉਚੇ ਟਿੱਲੇ ਆਪੇ ਚੜ੍ਹ, ਸਚ ਮਨਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਵੰਡਾਇੰਦਾ। ਆਪਣੀ ਵੰਡ ਨਿਰਗੁਣ ਧਾਰ, ਸਰਗੁਣ ਬੂਝ ਬੁਝਾਈਆ। ਆਪਣੀ ਇਛਿਆ ਕਰ ਤਿਆਰ, ਸਾਚੀ ਸਿਖਿਆ ਇਕ ਰਖਾਈਆ। ਮਨ ਮਤ ਬੁਧ ਦੇ ਆਧਾਰ, ਆਪ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਤ ਏਕਾ ਗੁਣ ਜਣਾਈਆ। ਮਤ ਮਤਵਾਲੀ ਆਪਣਾ ਗੁਣ, ਗੁਣਵੰਤਾ ਆਪ ਜਣਾਇੰਦਾ। ਬੁੱਧ ਬਬੇਕੀ ਛਾਣ ਪੁਣ, ਗੁਣ ਅਵਗੁਣ ਆਪ ਸਮਝਾਇੰਦਾ। ਮਨ ਮਨੂਆ ਹਰਿ ਜੂ ਆਪੇ ਚੁਣ, ਜਗਤ ਦੁਆਰੇ ਤਖ਼ਤ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਜਗਤ ਨਿਵਾਸੀ ਮਨੂਆ ਰਾਜ, ਮਨ ਮਮਤਾ ਨਾਲ ਰਲਾਈਆ। ਘਟ ਘਟ ਅੰਦਰ ਬਣਾਏ ਸਮਾਜ, ਪੰਚ ਵਿਕਾਰਾ ਨਾਲ ਰਲਾਈਆ। ਆਸਾ ਤ੍ਰਿਸ਼ਨਾ ਮਾਰੇ ਵਾਜ, ਹਉਂਮੇ ਹੰਗਤਾ ਲਏ ਉਠਾਈਆ। ਕੂੜੀ ਕਿਰਿਆ ਕਰੇ ਨਾਚ, ਨਟੂਆ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਵਾਸਨਾ ਜਗਤ ਬੰਧਨ ਪਾਈਆ। ਮਨ ਵਾਸਨਾ ਜਗਤ ਅਖਾੜਾ, ਨਵ ਨੌਂ ਖੇਲ ਕਰਾਇੰਦਾ। ਨਵ ਨੌਂ ਖੋਲ੍ਹ ਦੁਆਰਾ, ਦਰ ਦਵਾਰੀ ਭੇਵ ਛੁਪਾਇੰਦਾ। ਮੰਦਰ ਅੰਦਰ ਡੂੰਘੀ ਗਾਰਾ, ਕਾਇਆ ਭਵਰੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਆਪਣਾ ਵੇਸ ਆਪੇ ਕਰ, ਸਰਗੁਣ ਨਿਰਗੁਣ ਦਏ ਵਡਿਆਈਆ। ਸੁਰਤੀ ਸੁਰਤ ਆਪੇ ਧਰ, ਮੂਰਤ ਅਕਾਲ ਵੇਖ ਵਖਾਈਆ। ਨਾ ਪੁਰਖ ਨਾ ਨਾਰੀ ਨਰ, ਨਿਰਵੈਰ ਆਪਣਾ ਖੇਲ ਕਰਾਈਆ। ਏਕਾ ਜੋਤੀ ਨੂਰ ਵਰ, ਵਰ ਦਾਤਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਬੰਕ ਦਏ ਵਡਿਆਈਆ। ਕਾਇਆ ਬੰਕ ਡੂੰਘਾ ਸਾਗਰ, ਹਰਿ ਹਰਿ ਜੂ ਆਪ ਬਣਾਇੰਦਾ। ਮਨ ਵਾਸਨਾ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਇੰਦਾ। ਸਬਰ ਸਬੂਰੀ ਦੇਵੇ ਸਾਬਰ, ਬੁੱਧ ਬਬੇਕੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਵੇਸ ਵਟਾਇੰਦਾ। ਘਰ ਘਰ ਵਿਚ ਵੇਸ ਅਪਾਰਾ, ਹਰਿ ਹਰਿ ਹਰਿ ਆਪ ਕਰਾਇੰਦਾ। ਲੇਖਾ ਜਾਣੇ ਨੌਂ ਦੁਆਰਾ, ਨਵ ਨੌਂ ਆਪਣਾ ਪੰਧ ਮੁਕਾਇੰਦਾ। ਕੌਸਤਕ ਮਣੀਆ ਮਸਤਕ ਟਿੱਕਾ ਜੋਤੀ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਆਪ ਜਗਾਇੰਦਾ। ਕਵਰੀ ਭਵਰੀ ਭੇਵ ਨਿਆਰਾ, ਭੇਵ ਆਪ ਖੁਲ੍ਹਾਇੰਦਾ। ਇਕ ਵਖਾਏ ਡੂੰਘੀ ਗਾਰਾ, ਸੁਖਮਨ ਟੇਢੀ ਬੰਕ ਬਣਾਇੰਦਾ। ਈੜਾ ਪਿੰਗਲ ਚੋਬਦਾਰਾ, ਸਾਚੀ ਸੇਵਾ ਸੇਵਕ ਆਪ ਸਮਝਾਇੰਦਾ। ਅੱਠੇ ਪਹਿਰ ਕਰੇ ਖ਼ਬਰਦਾਰਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਨੌਂ ਅਠਾਰਾਂ ਖੇਲ ਅਪਾਰਾ, ਆਪ ਆਪਣਾ ਰੰਗ ਰੰਗਾਇੰਦਾ। ਲੇਖਾ ਜਾਣੇ ਆਰ ਪਾਰ ਕਿਨਾਰਾ, ਦਿਸ ਕਿਸੇ ਨਾ ਆਇੰਦਾ। ਕੋਟਨ ਕੋਟ ਜੀਵ ਜੰਤ ਵੜ ਵੜ ਥੱਕਾ ਵਿਚ ਸੰਸਾਰਾ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰਾ, ਆਪ ਆਪਣਾ ਨਾਉਂ ਦ੍ਰਿੜਾਇੰਦਾ। ਨਿਰਗੁਣ ਰੂਪ ਹੋ ਉਜਿਆਰਾ, ਗੁਰ ਗੁਰ ਆਪਣਾ ਸੰਗ ਨਿਭਾਇੰਦਾ। ਸਤਿਗੁਰ ਬਣ ਮੀਤ ਮੁਰਾਰਾ, ਆਪਣਾ ਪੱਲੂ ਆਪ ਫੜਾਇੰਦਾ। ਅੱਗੇ ਪਿਛੇ ਦੇ ਸਹਾਰਾ, ਪੰਚ ਵਿਕਾਰਾ ਆਪੇ ਢਾਹਿੰਦਾ। ਮਨੂਆ ਮਨ ਤੋੜ ਹੰਕਾਰਾ, ਸਾਂਤਕ ਸਤਿ ਸਤਿ ਕਰਾਇੰਦਾ। ਦਹਿ ਦਿਸ਼ਾ ਨਾ ਲਾਏ ਉਡਾਰਾ, ਚਾਰ ਕੁੰਟ ਨਾ ਫੇਰਾ ਪਾਇੰਦਾ। ਕਰੇ ਖੇਲ ਆਪ ਕਰਤਾਰਾ, ਗੁਰ ਗੁਰ ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ । ਸਤਿਗੁਰ ਪੂਰਾ ਹਰਿ ਹਰਿ ਮੀਤ, ਆਪਣੀ ਦਇਆ ਕਮਾਈਆ। ਨਾਮ ਸੁਣਾਏ ਸਾਚਾ ਗੀਤ, ਗੀਤ ਗੋਬਿੰਦ ਆਪ ਅਲਾਈਆ। ਆਪ ਚਲਾਈ ਭਗਤਾਂ ਰੀਤ, ਭਗਤਨ ਦੇਵੇ ਮਾਣ ਵਡਿਆਈਆ। ਜਗਤ਼ ਵਾਸਨਾ ਕਰੇ ਠੰਡੀ ਸੀਤ, ਅਗਨੀ ਤਤ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਖਮਨ ਟੇਢੀ ਬੰਕ ਡੂੰਘੀ ਗਾਰ ਆਪੇ ਪਾਰ ਕਰਾਈਆ। ਆਪੇ ਕਰੇ ਪਾਰ ਕਿਨਾਰਾ, ਗੁਰਮੁਖਾਂ ਪੱਲੂ ਆਪ ਫੜਾਇੰਦਾ। ਈੜਾ ਪਿੰਗਲ ਕਰਨ ਨਿਮਸਕਾਰਾ, ਜਿਸ ਦੁਆਰੇ ਸਤਿਗੁਰ ਜਾਇੰਦਾ। ਅੱਗੇ ਸ਼ਬਦ ਨਾਦ ਅਨਹਦ ਸੱਚੀ ਧੁਨਕਾਰਾ, ਧੁੰਨ ਆਤਮਕ ਰਾਗ ਸੁਣਾਇੰਦਾ। ਨਿਰਗੁਣ ਦੀਆ ਬਾਤੀ ਕਮਲਾਪਾਤੀ ਕਰ ਉਚਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਸੁਰਤੀ ਸ਼ਬਦੀ ਇਕ ਪਿਆਰਾ, ਪ੍ਰੀਤਮ ਪਿਆਰਾ ਆਪ ਕਰਾਇੰਦਾ। ਕਾਗੋਂ ਹੰਸ ਉਡਾ ਉਡਾਰਾ, ਹੰਸ ਕਾਗ ਰੂਪ ਵਟਾਇੰਦਾ। ਕਰੇ ਖੇਲ ਅਪਰ ਅਪਾਰਾ, ਏਕਾ ਆਪਣਾ ਬੰਧਨ ਪਾਇੰਦਾ। ਬਜ਼ਰ ਕਪਾਟੀ ਪਾਰ ਕਿਨਾਰਾ, ਸਾਚੀ ਹਾਟੀ ਇਕ ਵਖਾਇੰਦਾ। ਆਤਮ ਸੇਜਾ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਵਖਾਇੰਦਾ। ਸਚ ਸਿੰਘਾਸਣ ਹਰਿ ਜੂ ਬੈਠਾ ਬਣ ਭਤਾਰਾ, ਕੰਤ ਕੰਤੂਹਲ ਵੇਸ ਵਟਾਇੰਦਾ। ਗੁਰਮੁਖ ਸੁਰਤੀ ਪਰਨਾਏ ਨਾਰਾ, ਨਾਰੀ ਨਰ ਏਕਾ ਰੰਗ ਹੋ ਜਾਇੰਦਾ। ਦਸਮ ਦੁਆਰੀ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਪੰਜ ਤਤ ਨਾ ਕੋਇ ਆਕਾਰਾ, ਤ੍ਰੈਗਣ ਰੂਪ ਨਾ ਕੋਇ ਰਖਾਇੰਦਾ। ਆਪਣੀ ਇਛਿਆ ਕਰ ਵਰਤਾਰਾ, ਦਸਮ ਦੁਆਰੀ ਪਾਰ ਕਰਾਇੰਦਾ। ਸੁਨ ਅਗੰਮ ਖੇਲ ਨਿਆਰਾ, ਅਲੱਖ ਅਗੋਚਰ ਆਪ ਕਰਾਇੰਦਾ। ਸੁਨ ਅਗੰਮ ਚਰਨਾਂ ਹੇਠ ਲਤਾੜਾ, ਆਪਣਾ ਪੰਧ ਆਪ ਮੁਕਾਇੰਦਾ। ਥਿਰ ਘਰ ਸਾਚੇ ਬੋਲ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਸ਼ਬਦੀ ਸ਼ਬਦ ਸ਼ਬਦ ਵਣਜਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਆਪੇ ਕਰੇ ਆਪਣਾ ਸਤਿ ਵਰਤਾਰਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਚਰਨ ਛੁਹਾਏ ਸਚਖੰਡ ਦਵਾਰਾ, ਥਿਰ ਘਰ ਆਪਣੇ ਹੇਠ ਰਖਾਇੰਦਾ। ਨਿਰਮਲ ਦੀਆ ਇਕ ਉਜਿਆਰਾ, ਆਦਿ ਜੁਗਾਦਿ ਡਗਮਗਾਇੰਦਾ। ਸ਼ਬਦ ਨਾਦ ਨਾ ਕੋਇ ਧੁਨਕਾਰਾ, ਰਾਗੀ ਰਾਗ ਨਾ ਕੋਇ ਸੁਣਾਇੰਦਾ। ਅੰਮ੍ਰਿਤ ਜਲ ਨਾ ਕੋਇ ਠੰਡਾ ਠਾਰਾ, ਰਸੀਆ ਰਸ ਨਾ ਕੋਇ ਵਖਾਇੰਦਾ। ਗੁਰ ਅਵਤਾਰ ਨਾ ਗਾਏ ਕੋਈ ਵਾਰਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਪੀਰ ਪੈਗ਼ੰਬਰ ਮਾਰੇ ਨਾ ਕੋਈ ਨਾਅਰਾ, ਜਲਵਾ ਨੂਰ ਏਕਾ ਡਗਮਗਾਇੰਦਾ। ਆਦਿ ਜੁਗਾਦੀ ਹੋ ਉਜਿਆਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਗੁਰ ਗੁਰ ਰੂਪ ਕਰ ਪਸਾਰਾ, ਸਤਿਗੁਰ ਆਪਣੀ ਧਾਰ ਚਲਾਇੰਦਾ। ਭਗਤਾਂ ਕਰਾਏ ਨਾਮ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਇੰਦਾ। ਨੌਂ ਦੁਆਰੇ ਕਰੇ ਖ਼ੁਵਾਰਾ, ਦਸਵੇਂ ਆਪਣਾ ਮੇਲ ਮਿਲਾਇੰਦਾ। ਸੁਖਮਨ ਦੇਵੇ ਆਪ ਇਸ਼ਾਰਾ, ਸੁਰਤੀ ਸ਼ਬਦ ਘੋੜ ਚੜ੍ਹਾਇੰਦਾ। ਆਪੇ ਵੇਖੇ ਬਣ ਅਸਵਾਰਾ, ਸ਼ਾਹਸਵਾਰਾ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਭਗਵੰਤ ਨੇਤਰ ਪੇਖ ਗਾ ਗਾ ਗਏ ਵਾਰਾ, ਜਗਤ ਲੇਖ ਜਗਤ ਸਮਝਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਮੰਜ਼ਲ ਚੜ੍ਹ ਦਰਸ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸਾਚੇ ਆਪੇ ਫੜ, ਸਚ ਦੁਆਰੇ ਆਪ ਬਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਲਗਾਏ ਆਪਣੇ ਲੜ, ਤਿਸ ਨਿਰਮਲ ਜੋਤ ਮਿਲਾਇੰਦਾ।

Leave a Reply

This site uses Akismet to reduce spam. Learn how your comment data is processed.