Granth 12 Likhat 015: 3 Visakh 2019 Bikarmi Harnam Kaur Verka Jila Amritsar

੩ ਵਸਾਖ ੨੦੧੯ ਬਿਕਰਮੀ ਹਰਨਾਮ ਕੌਰ ਵੇਰਕਾ ਜ਼ਿਲਾ ਅੰਮ੍ਰਿਤਸਰ

ਸਤਿ ਦੁਆਰਾ ਪਦ ਨਿਰਬਾਣੀ, ਨਿਰਬਾਣ ਪਦ ਸੁਹਾਈਆ। ਨਿਤ ਨਵਿਤ ਤੇਰੀ ਬਾਣੀ, ਹਰਿ ਜੂ ਤੇਰਾ ਨਾਮ ਸਮਝਾਈਆ। ਜੁਗ ਚੌਕੜੀ ਅਕੱਥ ਕਹਾਣੀ, ਕਥਨੀ ਕਥਾ ਸਿਫ਼ਤ ਸਾਲਾਹੀਆ। ਲੋਕਮਾਤ ਸਤਿ ਨਿਸ਼ਾਨੀ, ਸਤਿ ਪੁਰਖ ਨਿਰੰਜਣ ਇਕ ਰਖਾਈਆ। ਪੰਜ ਤਤ ਕਾਇਆ ਅੰਤਰ ਜਾਣ ਜਾਣੀ, ਜਾਨਣਹਾਰ ਖੇਲ ਕਰਾਈਆ। ਕਲਜੁਗ ਅੰਤਮ ਕਰ ਮਿਹਰਵਾਨੀ, ਮਿਹਰਵਾਨ ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਸਚਖੰਡ ਦੁਆਰਾ ਖੋਲ੍ਹ ਦੁਕਾਨੀ, ਦਰ ਦਰਵਾਜ਼ਾ ਇਕ ਵਖਾਈਆ। ਸਾਚੇ ਤਖ਼ਤ ਬੈਠ ਸ਼ਾਹ ਸੁਲਤਾਨੀ, ਸਚ ਸਿੰਘਾਸਣ ਸੋਭਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਮਾਣੀ, ਚਰਨ ਕਵਲ ਸੱਚੀ ਸਰਨਾਈਆ। ਲੇਖਾ ਚੁਕਾ ਚਾਰ ਖਾਣੀ, ਚਾਰ ਜੁਗ ਪੰਧ ਮੁਕਾਈਆ। ਹੁਕਮ ਮੰਨਣਾ ਇਕ ਭਗਵਾਨੀ, ਸ੍ਰੀ ਭਗਵਾਨ ਆਪ ਸਮਝਾਈਆ। ਮੇਲ ਮਿਲਾਵਾ ਨੂਰ ਨੁਰਾਨੀ, ਜੋਤੀ ਨੂਰ ਨੂਰ ਸਮਾਈਆ। ਲੇਖਾ ਜਾਣੇ ਆਵਣ ਜਾਣੀ, ਆਵਤ ਜਾਵਤ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਦੀ ਸਾਚੀ ਗਾਥਾ, ਸਤਿ ਸਤਿਵਾਦੀ ਆਪ ਜਣਾਇੰਦਾ। ਨਿਰਗੁਣ ਨਿਰਗੁਣ ਚਲਾਏ ਰਾਥਾ, ਰਥ ਰਥਵਾਹੀ ਦਿਸ ਨਾ ਆਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਹੁਕਮ ਵਰਤਾਇੰਦਾ। ਪਰਗਟ ਹੋ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣਾ ਭੇਵ ਚੁਕਾਇੰਦਾ। ਚਾਰ ਜੁਗ ਚੌਕੜੀ ਕਰ ਕਰ ਦਾਸੀ ਦਾਸਾ, ਸੇਵਕ ਸੇਵਾ ਰੂਪ ਜਣਾਇੰਦਾ। ਇਕੋ ਮੰਤਰ ਦੇ ਭਰਵਾਸਾ, ਹਰਿ ਨਾਮੋ ਨਾਮ ਦ੍ਰਿੜਾਇੰਦਾ। ਸਰਨ ਸਰਨਾਈ ਸਚ ਭਰਵਾਸਾ, ਸਤਿ ਸਤਿਵਾਦੀ ਆਪ ਰਖਾਇੰਦਾ। ਅੰਤਮ ਕਰੇ ਪੂਰੀ ਆਸਾ, ਤ੍ਰਿਸ਼ਨਾ ਤ੍ਰਿਖਾ ਸਰਬ ਬੁਝਾਇੰਦਾ। ਪਰਗਟ ਹੋ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਧਾਰ ਰਖਾਇੰਦਾ। ਵੇਖਣਹਾਰਾ ਖੇਲ ਤਮਾਸ਼ਾ, ਦੋ ਜਹਾਨਾਂ ਵੇਖ ਵਖਾਇੰਦਾ। ਸਾਚੇ ਮੰਦਰ ਪਾਵੇ ਰਾਸਾ, ਸਚਖੰਡ ਸਾਚਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਚਲਾਇੰਦਾ। ਧੁਰ ਦੀ ਧਾਰ ਧੁਰ ਦਰਬਾਰਾ, ਹਰਿ ਸਾਚਾ ਸਚ ਚਲਾਈਆ। ਆਦਿ ਪੁਰਖ ਹਰਿ ਕਰ ਪਸਾਰਾ, ਅੰਤ ਆਪੇ ਵੇਖ ਵਖਾਈਆ। ਲੇਖਾ ਜਾਣ ਗੁਰ ਅਵਤਾਰਾ, ਪੂਰਬ ਲਹਿਣਾ ਰਿਹਾ ਸਮਝਾਈਆ। ਉਠੋ ਵੇਖੋ ਨੈਣ ਨਜ਼ਾਰਾ, ਨਜ਼ਰ ਨਜ਼ਰ ਨਾਲ ਮਿਲਾਈਆ। ਪਰਗਟ ਹੋਏ ਪਰਵਰਦਿਗਾਰਾ, ਪਾਰਬ੍ਰਹਮ ਵਡੀ ਵਡਿਆਈਆ। ਜਿਸ ਦੀਆਂ ਗੌਂਦੇ ਆਏ ਵਾਰਾਂ, ਖਾਣੀ ਬਾਣੀ ਨਾਲ ਸਾਲਾਹੀਆ। ਜਿਸ ਦੀ ਸਿਫ਼ਤ ਕਰ ਕਰ ਬਣੇ ਲਿਖਾਰਾ, ਲਿਖ ਲਿਖ ਲੇਖ ਮਾਤ ਧਰਾਈਆ। ਜਿਸ ਨੇ ਅੰਤਮ ਕੀਆ ਪਾਰ ਕਿਨਾਰਾ, ਬਚਿਆ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਹੋ ਨਿਆਰਾ, ਸਚਖੰਡ ਬੈਠਾ ਆਸਣ ਲਾਈਆ। ਲੇਖਾ ਜਾਣ ਗੁਰ ਅਵਤਾਰਾ, ਪੂਰਬ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰ, ਅਪਰੰਪਰ ਆਪ ਕਰਾਇੰਦਾ। ਸਚਖੰਡ ਦਾ ਸਚ ਵਿਹਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਜੁਗ ਚੌਕੜੀ ਕਿਸੇ ਨਾ ਪਾਈ ਸਾਰ, ਗੁਰ ਅਵਤਾਰ ਸੀਸ ਝੁਕਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਪੁਕਾਰ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜਿਸ ਜਨ ਦੇਵੇ ਆਪ ਦੀਦਾਰ, ਦਰਸੀ ਆਪਣਾ ਤਰਸ ਕਮਾਇੰਦਾ। ਸੋ ਜਨ ਬੋਲੇ ਮਾਤ ਗੁਫ਼ਤਾਰ, ਅੱਖਰ ਵੱਖਰ ਆਪ ਪੜ੍ਹਾਇੰਦਾ। ਅੰਤਮ ਪੰਜ ਤਤ ਕਾਇਆ ਚੋਲਾ ਗਏ ਹਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਜੁਗਾ ਜੁਗੰਤਰ ਵੇਖਣਹਾਰ, ਸਚਖੰਡ ਦੁਆਰੇ ਆਸਣ ਲਾਇੰਦਾ। ਕਲਜੁਗ ਅੰਤਮ ਖੋਲ੍ਹ ਕਿਵਾੜ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹ ਸਾਚੀ ਧਾਮ ਵਡਿਆਇੰਦਾ। ਦਰਗਹਿ ਸਾਚੀ ਸਚ ਸਿੰਘਾਸਣ, ਹਰਿ ਸਾਚਾ ਆਪੇ ਲਾਈਆ। ਚਾਰ ਜੁਗ ਕਰ ਕਰ ਦਾਸੀ ਦਾਸਨ, ਸੇਵਕ ਸੇਵਾ ਇਕ ਸਮਝਾਈਆ। ਕਲਜੁਗ ਅੰਤਮ ਕਰੇ ਖੇਲ ਖੇਲ ਤਮਾਸ਼ਨ, ਪਾਰਬ੍ਰਹਮ ਵਡੀ ਵਡਿਆਈਆ। ਜਨ ਭਗਤਾਂ ਕਰੇ ਪੂਰੀ ਆਸਣ, ਆਸਾ ਆਪਣੀ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਧਾਮ ਸੁਹਾਈਆ। ਦਰਗਹਿ ਸਾਚੀ ਸਚ ਸੁਲਤਾਨਾ, ਏਕਾ ਆਸਣ ਲਾਇੰਦਾ। ਤੇਈ ਅਠਾਰਾਂ ਦਸ ਤ੍ਰੈ ਦੇ ਗਿਆਨਾ, ਚਾਰ ਚਾਰ ਆਪ ਸਮਝਾਇੰਦਾ। ਪੰਚਮ ਪੰਚ ਕਰ ਪਰਧਾਨਾ, ਨਾਦੀ ਨਾਦ ਨਾਦ ਵਜਾਇੰਦਾ। ਨਰ ਨਰੇਸ਼ ਇਕ ਸੁਣਾਏ ਗਾਨਾ, ਗੀਤ ਗੋਬਿੰਦ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਖੇਲ ਕਰਾਇੰਦਾ। ਦਰਗਹਿ ਸਾਚੀ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਕਰਨ ਨਿਮਸਕਾਰਾ, ਦਰ ਬੈਠੇ ਸੀਸ ਝੁਕਾਈਆ। ਅੰਤਮ ਹੋਇਆ ਪਾਰ ਕਿਨਾਰਾ, ਲੋਕਮਾਤ ਬੰਧਨ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਏਕਾ ਮਿਲੇ ਤੇਰਾ ਦੁਆਰਾ, ਦੂਜੀ ਓਟ ਨਾ ਕੋਇ ਤਕਾਈਆ। ਦਿਵਸ ਰੈਣ ਦਰਸ ਦੀਦਾਰਾ, ਦੀਦ ਦੀਦ ਨਾਲ ਮਿਲਾਈਆ। ਚਰਨ ਸਰਨ ਧੂੜੀ ਖ਼ਾਕ ਮਿਲੇ ਛਾਰਾ, ਮਸਤਕ ਟਿੱਕਾ ਏਕਾ ਲਾਈਆ। ਤੇਰੇ ਨਾਮ ਵੱਜਦੀ ਰਹੇ ਸਤਾਰਾ, ਦੂਸਰ ਰਾਗ ਨਾ ਕੋਇ ਅਲਾਈਆ। ਏਕਾ ਅਲਫ਼ ਤੇਰਾ ਨਿਆਰਾ, ਆਰਫ਼ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਹਿ ਸਾਚੀ ਬੈਠੇ ਸੀਸ ਝੁਕਾਈਆ। ਦਰਗਹਿ ਸਾਚੀ ਝੁਕਿਆ ਸੀਸ, ਸਿਰ ਨਜ਼ਰ ਕੋਇ ਨਾ ਆਇੰਦਾ। ਕਿਰਪਾ ਕਰੇ ਆਪ ਜਗਦੀਸ਼, ਜਗਦੀਸ਼ਰ ਖੇਲ ਕਰਾਇੰਦਾ। ਦੇਵਣਹਾਰਾ ਆਪ ਅਸੀਸ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਪੀਸਣ ਲਿਆ ਪੀਸ, ਮਾਤ ਚੱਕੀ ਇਕ ਵਖਾਇੰਦਾ। ਅੰਤਮ ਸਭ ਨੂੰ ਦੇਵੇ ਇਕ ਹਦੀਸ, ਸ਼ਰਅ ਸ਼ਰੀਅਤ ਇਕ ਜਣਾਇੰਦਾ। ਪੁਰਖ ਅਬਿਨਾਸ਼ੀ ਆਪ ਜਣਾਏ ਆਪਣੀ ਪ੍ਰੀਤ, ਦੂਜੀ ਓਟ ਨਾ ਕੋਇ ਰਖਾਇੰਦਾ। ਸਤਿਜੁਗ ਚਲਾਏ ਸਾਚੀ ਰੀਤ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰੇ ਸਾਰੇ ਗਾਓ ਸੋਹੰ ਗੀਤ, ਗੀਤ ਅਤੀਤ ਆਪ ਕਰਾਇੰਦਾ। ਲੋਕਮਾਤ ਨਾਤਾ ਤੁਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਚਾਰ ਦੀਵਾਰ ਵੰਡ ਨਾ ਕੋਇ ਵੰਡਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਆਪਣਾ ਆਸਣ ਲਾਇੰਦਾ। ਜਨ ਭਗਤਾਂ ਕਾਇਆ ਕਰੇ ਠਾਂਡੀ ਸੀਤ, ਅੰਮ੍ਰਿਤ ਰਸ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਏਕਾ ਨਾਮ ਪੜ੍ਹਾਇੰਦਾ।

Leave a Reply

This site uses Akismet to reduce spam. Learn how your comment data is processed.