੩ ਵਸਾਖ ੨੦੧੯ ਬਿਕਰਮੀ ਪਿੰਡ ਪੰਡੋਰੀ ਵੜੈਚ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਅਗੰਮ ਅਥਾਹ, ਸਤਿ ਸਤਿਵਾਦੀ ਆਪਣੀ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਭੇਵ ਅਭੇਦ ਆਪਣੇ ਵਿਚ ਛੁਪਾਇੰਦਾ। ਏਕੰਕਾਰਾ ਸਿਫ਼ਤ ਸਲਾਹ, ਸਿਫ਼ਤ ਵਿਚ ਕਦੇ ਨਾ ਆਇੰਦਾ। ਆਦਿ ਨਿਰੰਜਣ ਨੂਰ ਰੁਸ਼ਨਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਵਸੇ ਸਾਚੇ ਥਾਂ, ਮਹੱਲ ਅਟੱਲ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਝੁਲਾਏ ਸਚ ਨਿਸ਼ਾਂ, ਦਰਗਹਿ ਸਾਚੀ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਪਰਗਟਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਵਸਣਹਾਰਾ ਸਚ ਮਕਾਂ, ਸਚਖੰਡ ਦੁਆਰਾ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸਚ ਮਹੱਲਾ, ਸਤਿ ਸਤਿਵਾਦੀ ਆਪ ਕਰਾਈਆ। ਨਿਰਗੁਣ ਨਿਰਵੈਰ ਇਕ ਇਕੱਲਾ, ਪੁਰਖ ਅਕਾਲ ਆਸਣ ਲਾਈਆ। ਜੋਤੀ ਧਾਰ ਆਪੇ ਰਲਾ, ਨੂਰ ਨੂਰ ਨੂਰ ਸਮਾਈਆ। ਸਚ ਦੁਆਰੇ ਆਪੇ ਖਲਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਵੇਸ ਵਟਾਏ ਜੁਗਾ ਜੁਗੰਤ, ਜੁਗ ਕਰਤਾ ਨਾਉਂ ਰਖਾਇੰਦਾ। ਆਪ ਜਣਾਏ ਆਪਣਾ ਮੰਤ, ਮੰਤਰ ਆਪਣਾ ਨਾਉਂ ਦ੍ਰਿੜਾਇੰਦਾ। ਲੇਖਾ ਜਾਣੇ ਨਾਰ ਕੰਤ, ਕੰਤ ਕੰਤੂਹਲ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਇੰਦਾ। ਆਪਣੀ ਧਾਰ ਸ੍ਰੀ ਭਗਵਾਨ, ਆਦਿ ਪੁਰਖ ਆਪ ਪਰਗਟਾਈਆ। ਸਚਖੰਡ ਵਸ ਸੱਚੇ ਮਕਾਨ, ਸਚ ਸਿੰਘਾਸਣ ਸੋਭਾ ਪਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਭੂਪਤ ਭੂਪ ਵਡ ਵਡਿਆਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਮਹੱਲ ਅਟੱਲ ਉਚ ਮਕਾਨ, ਸਚ ਦੁਆਰੇ ਸੋਭਾ ਪਾਈਆ। ਹੁਕਮੀ ਹੁਕਮ ਹੁਕਮਰਾਨ, ਧੁਰ ਫ਼ਰਮਾਣਾ ਆਪ ਸੁਣਾਈਆ। ਲੇਖਾ ਜਾਣੇ ਦੋ ਜਹਾਨ, ਅਭੁਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਮੁਕਾਮੇ ਹੱਕ ਡੇਰਾ ਲਾਈਆ। ਮੁਕਾਮੇ ਹੱਕ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਕਰੇ ਖੇਲ ਅਗੰਮ ਅਪਾਰ, ਅਗੋਚਰ ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਧਾਮ ਨਿਆਰ, ਦਰਗਹਿ ਸਾਚੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਹਰਿ ਜੂ ਹਰਿ, ਆਦਿ ਜੁਗਾਦਿ ਆਪ ਵਡਿਆਈਆ। ਨਿਰਗੁਣ ਰੂਪ ਅੰਦਰ ਵੜ, ਸਚ ਸਿੰਘਾਸਣ ਆਸਣ ਲਾਈਆ। ਸਚ ਮਹੱਲੇ ਆਪੇ ਖੜ੍ਹ, ਸਵਛ ਸਰੂਪ ਰੂਪ ਅਨੂਪ ਵਟਾਈਆ। ਆਪਣਾ ਅੱਖਰ ਆਪੇ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਮਾਣ ਵਡਿਆਈਆ। ਸਚਖੰਡ ਦੁਆਰਾ ਏਕਾ ਘਰ, ਹਰਿ ਜੂ ਹਰਿ ਹਰਿ ਆਪ ਵਸਾਇੰਦਾ। ਲੇਖਾ ਜਾਣੇ ਨਰਾਇਣ ਨਰ, ਦੂਸਰ ਸੰਗ ਨਾ ਕੋਇ ਰਖਾਇੰਦਾ। ਬਣ ਬਾਡੀ ਘਾੜਤ ਲਏ ਘੜ, ਘੜਨ ਭੰਨਣਹਾਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਬੰਕ ਬਣਾਇੰਦਾ। ਬੰਕ ਦੁਆਰਾ ਸਚਖੰਡ, ਸਤਿ ਸਤਿਵਾਦੀ ਆਪ ਬਣਾਈਆ। ਆਪੇ ਜਾਣੇ ਆਪਣੀ ਵੰਡ, ਵੰਡਣਹਾਰਾ ਦਿਸ ਨਾ ਆਈਆ। ਇਕ ਇਕੱਲਾ ਵਸੇ ਸਚ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਪਾਰ ਕਿਨਾਰਾ ਕੋਇ ਨਾ ਜਾਣੇ ਪੰਧ, ਪਾਂਧੀ ਬਣ ਪੰਧ ਨਾ ਕੋਇ ਮੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਗਾਏ ਏਕਾ ਛੰਦ, ਸੋਹਲਾ ਢੋਲਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਸਾਚੇ ਸੋਭਾਵੰਤ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖ ਨਾ ਕੋਇ ਮੁਕਾਇੰਦਾ। ਰੂਪ ਵਟਾਏ ਨਾਰੀ ਕੰਤ, ਸਾਚੀ ਸੇਜ ਆਪ ਹੰਢਾਇੰਦਾ। ਜਨਨੀ ਜਨ ਬਣਾਏ ਬਣਤ, ਦਾਈ ਦਾਇਆ ਸੇਵ ਕਮਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸਾਚੇ ਦਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਦਰ ਦਰਵਾਜਾ ਏਕੰਕਾਰ, ਹਰਿ ਜੂ ਆਪਣਾ ਆਪ ਖੁਲ੍ਹਾਈਆ। ਦੂਸਰ ਕੋਇ ਨਾ ਪਾਵੇ ਸਾਰ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਦਿਸ਼ਾ ਕੁੰਟ ਨਾ ਕੋਇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਮਾਣ ਵਡਿਆਈਆ। ਸਚਖੰਡ ਦੇਵੇ ਆਪੇ ਮਾਣ, ਆਪਣੀ ਦਇਆ ਕਮਾਇੰਦਾ। ਆਪੇ ਵੇਖੇ ਮਾਰ ਧਿਆਨ, ਬਿਨ ਨੇਤਰ ਨੈਣ ਉਠਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਇੰਦਾ। ਸਾਚੇ ਤਖ਼ਤ ਬੈਠ ਰਾਜਾਨ, ਹੁਕਮੀ ਹੁਕਮ ਆਪ ਵਰਤਾਇੰਦਾ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਇੰਦਾ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਹੰ ਬ੍ਰਹਮ ਕਰ ਪਰਵਾਨ, ਸ਼ਬਦੀ ਸੁਤ ਏਕਾ ਜਾਇੰਦਾ। ਘਰ ਵਿਚ ਘਰ ਖੋਲ੍ਹ ਦੁਕਾਨ, ਸਾਚਾ ਬੰਕ ਆਪ ਸੁਹਾਇੰਦਾ। ਥਿਰ ਘਰ ਦੇਵਣਹਾਰਾ ਮਾਣ, ਸਚਖੰਡ ਨਿਵਾਸੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਨਿਰਗੁਣ ਧਾਰ, ਜੋਤੀ ਸ਼ਬਦ ਕਰ ਉਜਿਆਰ, ਸੋਹੰ ਆਪਣਾ ਰੂਪ ਪਰਗਟਾਇੰਦਾ। ਹੰ ਰੂਪ ਸ਼ਬਦ ਨਾਤਾ, ਸੋ ਪੁਰਖ ਨਿਰੰਜਣ ਆਪ ਜੁੜਾਈਆ। ਸਚਖੰਡ ਨਿਵਾਸੀ ਸਚਖੰਡ ਦੁਆਰੇ ਬਹਿ ਬਹਿ ਗਾਏ ਆਪਣੀ ਗਾਥਾ, ਲੇਖਾ ਲਿਖਣ ਵਿਚ ਨਾ ਆਈਆ। ਆਪਣੀ ਇਛਿਆ ਰਚ ਰਚ ਵੇਖੇ ਪੁਰਖ ਸਮਰਾਥਾ, ਸਮਰਥ ਪੁਰਖ ਬੇਪਰਵਾਹੀਆ। ਆਦਿ ਜੁਗਾਦਿ ਦੇਵੇ ਸਗਲਾ ਸਾਥਾ, ਸਗਲਾ ਸੰਗ ਆਪ ਹੋ ਜਾਈਆ। ਆਪੇ ਸੋਇਆ ਆਪਣੀ ਖਾਟਾ, ਸੇਜ ਸੁਹੰਜਣੀ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਧਾਰ ਰੂਪ ਪਰਗਟਾਈਆ। ਜੋਤੀ ਧਾਰ ਸਚਖੰਡ, ਪਰਕਾਸ਼ ਪਰਕਾਸ਼ ਵਿਚ ਰਖਾਇੰਦਾ। ਪੁਰਖ ਅਬਿਨਾਸ਼ੀ ਵੰਡੇ ਵੰਡ, ਵੰਡਣਹਾਰਾ ਦਿਸ ਨਾ ਆਇੰਦਾ। ਥਿਰ ਘਰ ਚੜ੍ਹਾਏ ਆਪਣਾ ਚੰਦ, ਸੂਰਜ ਚੰਦ ਨਾਲ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਆਪ ਬਹਾਇੰਦਾ। ਸੁਤ ਦੁਲਾਰਾ ਛੋਟਾ ਬਾਲ, ਹਰਿ ਸ਼ਬਦੀ ਆਪ ਪਰਗਟਾਈਆ। ਕਰੇ ਖੇਲ ਦੀਨ ਦਿਆਲ, ਦਇਆਨਿਧ ਵਡ ਵਡਿਆਈਆ। ਥਿਰ ਘਰ ਬਣਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਪਰਗਟਾਈਆ। ਸਾਚਾ ਦੀਪਕ ਜੋਤੀ ਬਾਲ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਸ਼ਬਦੀ ਖੇਲ ਖਲਾਈਆ। ਜੋਤੀ ਜਾਤਾ ਪੁਰਖ ਬਿਧਾਤਾ, ਏਕਾ ਆਪਣੀ ਕਾਰ ਕਮਾਇੰਦਾ। ਸਚਖੰਡ ਨਿਵਾਸੀ ਵੇਖੇ ਖੇਲ ਤਮਾਸ਼ਾ, ਵੇਖਣਹਾਰਾ ਆਪਣੀ ਖੇਲ ਖਲਾਇੰਦਾ। ਥਿਰ ਘਰ ਕਰੇ ਆਪੇ ਵਾਸਾ, ਸ਼ਬਦੀ ਸ਼ਬਦ ਰੰਗ ਚੜ੍ਹਾਇੰਦਾ। ਦੇਵਣਹਾਰਾ ਸਾਚੀ ਦਾਤਾ, ਵਸਤ ਅਮੋਲਕ ਆਪ ਵਰਤਾਇੰਦਾ। ਆਪੇ ਪਿਤਾ ਆਪੇ ਮਾਤਾ, ਪੂਤ ਸਪੂਤਾ ਗੋਦ ਸੁਹਾਇੰਦਾ। ਆਪ ਸੁਣਾਏ ਆਪਣੀ ਗਾਥਾ, ਬੋਧ ਅਗਾਧ ਆਪ ਪੜ੍ਹਾਇੰਦਾ। ਆਪ ਚਲਾਏ ਆਪਣਾ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਇੰਦਾ। ਆਪਣੀ ਰਚਨਾ ਰਚ ਨਿਰੰਕਾਰ, ਸਚਖੰਡ ਦੁਆਰੇ ਸੋਭਾ ਪਾਈਆ। ਦਾਈ ਦਾਇਆ ਬਣ ਅਪਰ ਅਪਾਰ, ਜਨਨੀ ਜਨ ਵੇਖੇ ਚਾਈਂ ਚਾਈਂਆ। ਪੂਤ ਸਪੂਤਾ ਕਰ ਤਿਆਰ, ਸੁਤ ਦੁਲਾਰੇ ਦਏ ਵਡਿਆਈਆ। ਨਾਮ ਨਿਧਾਨਾ ਏਕਾ ਵਾਰ, ਸਚ ਨਿਸ਼ਾਨਾ ਦਏ ਵਖਾਈਆ। ਸਾਚੇ ਮੰਦਰ ਖੋਲ੍ਹ ਕਿਵਾੜ, ਥਿਰ ਘਰ ਸਾਚੇ ਆਪ ਬਹਾਈਆ। ਉਚੀ ਬੋਲ ਬੋਲ ਜੈਕਾਰ, ਬਿਨ ਰਸਨਾ ਜਿਹਵਾ ਗਾਈਆ। ਮੇਰਾ ਤੇਰਾ ਇਕ ਵਿਹਾਰ, ਦੂਜੀ ਧਾਰ ਨਾ ਕੋਇ ਰਖਾਈਆ। ਪਿਤਾ ਪੂਤ ਸਤਿ ਵਰਤਾਰ, ਸਤਿ ਸਤਿਵਾਦੀ ਸਾਚੀ ਕਾਰ ਕਰਾਈਆ। ਨਿਰਗੁਣ ਨਿਰਗੁਣ ਖੇਲ ਅਪਾਰ, ਨਿਰਗੁਣ ਨਿਰਗੁਣ ਵੇਖੇ ਚਾਈਂ ਚਾਈਂਆ। ਜੋਤੀ ਸ਼ਬਦੀ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਏਕਾ ਮੰਦਰ ਇਕ ਦੁਆਰ, ਏਕਾ ਘਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਖੁਲ੍ਹਾਈਆ। ਆਦਿ ਪੁਰਖ ਖੇਲ ਅਪਾਰਾ, ਭੇਵ ਕੋਇ ਨਾ ਪਾਇੰਦਾ। ਸ਼ਬਦੀ ਸੁਤ ਸੁਤ ਦੁਲਾਰਾ, ਥਿਰ ਘਰ ਸਾਚੇ ਆਪ ਬਹਾਇੰਦਾ। ਪੁਰਖ ਅਗੰਮ ਬਣ ਵਣਜਾਰਾ, ਵਸਤ ਅਗੰਮੜੀ ਆਪ ਵਰਤਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਮਾਣ ਆਪ ਦਿਵਾਇੰਦਾ। ਸ਼ਬਦ ਦੁਲਾਰਾ ਥਿਰ ਘਰ ਸਾਚੇ ਗਿਆ ਵਸ, ਹਰਿ ਸਤਿਗੁਰ ਆਪ ਵਸਾਈਆ। ਏਕਾ ਮਾਰਗ ਦਿਤਾ ਦੱਸ, ਰਹਿਬਰ ਬਣੇ ਬੇਪਰਵਾਹੀਆ। ਆਦਿ ਜੁਗਾਦਿ ਤੇਰੀ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਰਖਾਈਆ। ਨਿਰਗੁਣ ਜੋਤ ਨਿਰਗੁਣ ਪਰਕਾਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਸੇਵਕ ਨਿਰਗੁਣ ਦਾਸ, ਨਿਰਗੁਣ ਸਾਚੀ ਸੇਵ ਕਮਾਈਆ। ਪੁਰਖ ਅਕਾਲ ਦੀਨ ਦਿਆਲ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਥਿਰ ਘਰ ਪਾਏ ਆਪਣੀ ਰਾਸ, ਮੰਡਲ ਮੰਡਪ ਆਪ ਸੁਹਾਈਆ। ਨੇਤਰ ਵੇਖੇ ਖੇਲ ਤਮਾਸ਼, ਬੰਸ ਸਰਬੰਸ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਮਾਣ ਰਖਾਈਆ। ਸ਼ਬਦੀ ਸੁਤ ਸੁਣ ਸੰਦੇਸ਼ਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਸ਼ਾਹ ਪਾਤਸ਼ਾਹ ਤੂੰ ਸਚ ਨਰੇਸ਼ਾ, ਤਖ਼ਤ ਨਿਵਾਸੀ ਸਚਖੰਡ ਦੁਆਰੇ ਸੋਭਾ ਪਾਇੰਦਾ। ਨਿਤ ਨਵਿਤ ਆਦਿ ਜੁਗਾਦਿ ਦਰਸ਼ਨ ਤੇਰਾ ਪੇਖਾ, ਦੂਸਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹਿੰਦਾ। ਝੋਲੀ ਅੱਡੇ ਛੋਟਾ ਬਾਲਾ, ਪ੍ਰਭ ਅੱਗੇ ਸੀਸ ਝੁਕਾਈਆ। ਸਚਖੰਡ ਵਸੇਂ ਧਾਮ ਨਿਰਾਲਾ, ਪੁਰਖ ਅਕਾਲਾ ਤੇਰਾ ਅੰਤ ਕੋਇ ਨਾ ਪਾਈਆ। ਥਿਰ ਘਰ ਮਿਲੀ ਸੱਚੀ ਧਰਮਸਾਲਾ, ਜਿਸ ਦੁਆਰੇ ਦਏਂ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਆਪਣੇ ਨਾਲ ਮਿਲਾਈਆ। ਕਵਣ ਵੇਲਾ ਮੇਲੇਂ ਮੇਲ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਅੰਤ ਬਣੇਂ ਸੱਜਣ ਸੁਹੇਲ, ਸਗਲਾ ਸੰਗ ਨਿਭਾਇੰਦਾ। ਤੇਰਾ ਵਿਛੋੜਾ ਨਾ ਝੱਲਾਂ ਕੋਇ ਵੇਲ, ਬਿਨ ਤੁਧ ਮੇਰਾ ਸੰਗ ਨਾ ਕੋਇ ਨਿਭਾਇੰਦਾ। ਕਰਨਾ ਖੇਲ ਗੁਰੂ ਗੁਰ ਚੇਲ, ਚੇਲਾ ਗੁਰ ਤੇਰੀ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਦਿ ਪੁਰਖ ਦਇਆ ਕਮਾਈਆ। ਸੁਤ ਦੁਲਾਰੇ ਵਡ ਬਲਵਾਨ, ਤੇਰਾ ਬਲ ਦਏ ਪਰਗਟਾਈਆ। ਨਿਰਗੁਣ ਝੁਲਾਏ ਤੇਰਾ ਸਚ ਨਿਸ਼ਾਨ, ਸਤਿ ਸਤਿਵਾਦੀ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਬਿਠਾਏ ਆਣ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਜ ਤਤ ਖੇਲ ਕਰੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਈਆ। ਸਚ ਸੰਦੇਸ਼ਾ ਏਕਾ ਵਾਰ, ਏਕੰਕਾਰ ਆਪ ਜਣਾਇੰਦਾ। ਸ਼ਬਦ ਦੁਲਾਰੇ ਹੋ ਤਿਆਰ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਮਹੱਲ ਉਸਾਰ, ਰਵ ਸਸ ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਸੁਣਾਈਆ। ਸਤਿ ਸਤਿਵਾਦੀ ਦੇਵੇ ਦਾਨ, ਅਨਡਿਠੜੀ ਵਸਤ ਆਪ ਵਰਤਾਈਆ। ਸ਼ਬਦੀ ਸ਼ਬਦ ਖੇਲ ਮਹਾਨ, ਹਰਿ ਸ਼ਬਦ ਆਪ ਪਰਗਟਾਈਆ। ਤ੍ਰੈਗੁਣ ਦੇਵੇ ਦਾਨ, ਪੰਜ ਤਤ ਲਏ ਪਰਗਟਾਈਆ। ਲੱਖ ਚੁਰਾਸੀ ਕਰੇ ਪਰਧਾਨ, ਘਟ ਘਟ ਤੇਰਾ ਆਸਣ ਲਾਈਆ। ਖੇਲੇ ਖੇਲ ਦੋ ਜਹਾਨ, ਦੋਏ ਦੋਏ ਆਪਣਾ ਰੂਪ ਪਰਗਟਾਈਆ। ਨਿਰਗੁਣ ਸਰਗੁਣ ਦੇਵੇ ਮਾਣ, ਸਾਖਯਾਤ ਰੂਪ ਧਰਾਈਆ। ਸਚ ਸੰਦੇਸ਼ਾ ਧੁਰ ਫ਼ਰਮਾਣ, ਬੋਧ ਅਗਾਧ ਕਰੇ ਪੜ੍ਹਾਈਆ। ਤੇਰਾ ਲੇਖਾ ਜ਼ਿਮੀ ਅਸਮਾਨ, ਗਗਨ ਮੰਡਲ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਸਮਝਾਈਆ। ਸੁਤ ਦੁਲਾਰੇ ਸੁਣ ਰੇ ਮੀਤ, ਹਰਿ ਸਤਿਗੁਰ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗਾਏ ਗੀਤ, ਗੀਤ ਗੋਬਿੰਦ ਆਪ ਅਲਾਇੰਦਾ। ਨਿਰਗੁਣ ਸਰਗੁਣ ਚਲਾਏ ਰੀਤ, ਰੀਤੀਵਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਸ੍ਰੀ ਭਗਵਾਨ ਆਪ ਜਣਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਨਾ, ਸਾਚੀ ਸੇਵਾ ਇਕ ਲਗਾਈਆ। ਜੁਗ ਚੌਕੜੀ ਵੰਡ ਵੰਡਾਨਾ, ਵੰਡਣ ਆਪਣੇ ਹੱਥ ਰਖਾਈਆ। ਵੇਦ ਸ਼ਾਸਤਰ ਸਿਮਰਤ ਗਾਏ ਗਾਣਾ, ਗੁਰ ਅਵਤਾਰ ਕਰੇ ਪੜ੍ਹਾਈਆ। ਭਗਤ ਭਗਵੰਤ ਦੇਵੇ ਦਾਨਾ, ਦਾਤਾ ਦਾਨੀ ਦਇਆ ਕਮਾਈਆ। ਸਾਚੇ ਸੰਤਾਂ ਵਖਾਏ ਤੇਰਾ ਨਿਸ਼ਾਨਾ, ਨਾਮ ਨਿਸ਼ਾਨਾ ਇਕ ਝੁਲਾਈਆ। ਗੁਰਮੁਖਾਂ ਵਖਾਏ ਪਦ ਨਿਰਬਾਣਾ, ਪਰਮ ਪੁਰਖ ਬੇਪਰਵਾਹੀਆ। ਗੁਰਸਿਖਾਂ ਤੋੜੇ ਮਾਣ ਅਭਿਮਾਨਾ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਪਰਗਟ ਹੋਏ ਵਿਚ ਜਹਾਨਾਂ, ਨਿਰਗੁਣ ਸਰਗੁਣ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਈਆ। ਸਾਚੇ ਸੁਤ ਨੇਤਰ ਖੋਲ੍ਹ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਜੁਗ ਚੌਕੜੀ ਤੋਲਣਾ ਤੋਲ, ਚਾਰ ਚਾਰ ਵੰਡ ਵੰਡਾਇੰਦਾ। ਚਾਰੇ ਖਾਣੀ ਜਾਣਾ ਮੌਲ, ਅੰਡਜ ਜੇਰਜ ਉਤਭੁਜ ਸੇਤਜ ਤੇਰਾ ਰੰਗ ਰੰਗਾਇੰਦਾ। ਚਾਰੇ ਬਾਣੀ ਬੋਲਣਾ ਬੋਲ, ਪਰਾ ਪਸੰਤੀ ਮਧਮ ਬੈਖ਼ਰੀ ਤੇਰਾ ਰਾਗ ਅਲਾਇੰਦਾ। ਚਾਰ ਵਰਨ ਲੇਖਾ ਲੌਣਾ ਉਪਰ ਧੌਲ, ਧਰਨੀ ਧਰਤ ਧਵਲ ਸੁਹਾਇੰਦਾ। ਚਾਰੋਂ ਕੁੰਟ ਕਰਨਾ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਚਾਰ ਯਾਰੀ ਜਾਣਾ ਮੌਲ, ਮੌਲਾ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸ੍ਰੀ ਭਗਵੰਤ, ਆਦਿ ਆਦਿ ਜਣਾਈਆ। ਤੇਰਾ ਲੇਖਾ ਜੁਗਾ ਜੁਗੰਤ, ਜੁਗ ਜੁਗ ਆਪ ਸਮਝਾਈਆ। ਲੱਖ ਚੁਰਾਸੀ ਬਣਾਏ ਬਣਤ, ਘੜ ਭਾਂਡੇ ਸੋਭਾ ਪਾਈਆ। ਤੇਰੀ ਮਹਿਮਾ ਜਣਾਏ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਤੇਰੀ ਸੇਵਾ ਲਾਏ ਸਾਧ ਸੰਤ, ਭਗਤ ਭਗਵੰਤ ਆਪ ਉਠਾਈਆ। ਤੇਰਾ ਨਾਉਂ ਪਰਗਟਾਏ ਮੰਤ, ਅੱਖਰ ਅੱਖਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਝੋਲੀ ਪਾਈਆ। ਸੁਤ ਦੁਲਾਰਾ ਕਰ ਪਰਵਾਨ, ਪ੍ਰਭ ਅੱਗੇ ਸੀਸ ਝੁਕਾਇੰਦਾ। ਜੁਗ ਚੌਕੜੀ ਸੇਵਾ ਕਰਾਂ ਮਹਾਨ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਗੁਰ ਅਵਤਾਰਾਂ ਸਚ ਸੰਦੇਸ਼ਾ ਧੁਰ ਫ਼ਰਮਾਣ, ਅੱਖਰ ਵੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਖੇਲ ਮਹਾਨ, ਬ੍ਰਹਮ ਪਾਰਬ੍ਰਹਮ ਵਡਿਆਇੰਦਾ। ਈਸ਼ ਜੀਵ ਦੇ ਗਿਆਨ, ਜਗਤ ਗਿਆਨਾ ਆਪ ਕਰਾਇੰਦਾ। ਸਤਿਜੁਗ ਸਾਚਾ ਵੇਖਾਂ ਆਣ, ਰੂਪ ਅਨੂਪ ਆਪ ਧਰਾਇੰਦਾ। ਜੀਵਾਂ ਜੰਤਾਂ ਦੇ ਦੇ ਮਾਣ, ਜੀਵਣ ਜੁਗਤ ਜਗਤ ਸਮਝਾਇੰਦਾ। ਆਤਮ ਸਰੋਵਰ ਪੀਣ ਖਾਣ, ਅੰਮ੍ਰਿਤ ਰਸ ਇਕ ਵਖਾਇੰਦਾ। ਸਾਚਾ ਨਾਦ ਅਗੰਮੀ ਧੁਨਕਾਨ, ਧੁਨ ਆਤਮਕ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਸੇਵ ਕਮਾਇੰਦਾ। ਜੁਗ ਚੌਕੜੀ ਸੇਵਾ ਕਰ, ਹਰਿ ਤੇਰੀ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਏ ਹਰ, ਥਿਰ ਕੋਇ ਰਹਿਣ ਨਾ ਪਾਈਆ। ਨਵ ਨੌਂ ਚਾਰ ਵੇਖਾਂ ਘਰ ਘਰ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਸਤਿ ਸਤਿਵਾਦੀ ਸੱਤਾਂ ਦੀਪਾਂ ਅੰਦਰ ਵੜ, ਪਰਦਾ ਪਰਦਾ ਦਏ ਉਠਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾਉਂ ਨਿਰੰਕਾਰਾ ਨਿਸ਼ਅੱਖਰ ਆਪੇ ਪੜ੍ਹ, ਜਗਤ ਵਿਦਿਆ ਕਰੇ ਪੜ੍ਹਾਈਆ। ਏਕਾ ਚੌਕਾ ਲਾਏ ਲੜ, ਚੌਦਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਸਚ ਕਮਾਈਆ। ਸਾਚੀ ਸੇਵਾ ਲੋਕਮਾਤ, ਬਣ ਸੇਵਕ ਸੇਵ ਕਮਾਇੰਦਾ। ਜੁਗ ਜੁਗ ਸੁਣਾਏ ਸਾਚੀ ਗਾਥ, ਸਾਚੀ ਗਾਥਾ ਆਪ ਅਲਾਇੰਦਾ। ਕਰ ਖੇਲ ਪੁਰਖ ਸਮਰਾਥ, ਸਮਰਥ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਹੋ ਪਰਗਟ, ਗੁਰ ਅਵਤਾਰ ਨਾਉਂ ਰਖਾਇੰਦਾ। ਵਸਣਹਾਰਾ ਘਟ ਘਟ, ਨਜ਼ਰ ਕਿਸੇ ਨਾ ਆਇੰਦਾ। ਨਿਤ ਨਵਿਤ ਮਾਰਗ ਦੱਸ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਏਹ ਸਮਝਾਇੰਦਾ। ਸੁਤ ਦੁਲਾਰੇ ਰੱਖਣਾ ਯਾਦ, ਸ੍ਰੀ ਭਗਵਾਨ ਆਪ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੁਣਦਾ ਰਹੇ ਫਰਯਾਦ, ਨਿਤ ਨਵਿਤ ਮੇਲ ਮਿਲਾਈਆ। ਕਲਜੁਗ ਅੰਤਮ ਆਪਣਾ ਖੇਲ ਕਰੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤੇ ਸੰਸਾਰ, ਸੰਸਾ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਆਦਿ ਆਦਿ ਕੀਤਾ ਖ਼ਬਰਦਾਰ, ਬੇਖ਼ਬਰ ਆਪ ਜਗਾਈਆ। ਸਚਖੰਡ ਦੁਆਰੇ ਨਾ ਬਣੇ ਕੋਈ ਲਿਖਾਰ, ਬਿਨ ਲਿਖਿਆਂ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸਮਝਾਈਆ। ਸਚ ਸੰਦੇਸ਼ਾ ਏਕੰਕਾਰਾ, ਏਕਾ ਏਕ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਖੇ ਵਾਰੋ ਵਾਰਾ, ਵੇਸ ਅਨੇਕ ਵਟਾਇੰਦਾ। ਗੁਰ ਅਵਤਾਰ ਦੇ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਪੀਰ ਪੈਗ਼ੰਬਰ ਕਰ ਪਿਆਰਾ, ਕਲਮਾ ਨਬੀ ਆਪ ਪੜ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੇ ਸਹਾਰਾ, ਖਾਣੀ ਬਾਣੀ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਵਡਿਆਇੰਦਾ। ਸਾਚੇ ਸੁਤ ਕਰ ਧਿਆਨ, ਸਚਖੰਡ ਨਿਵਾਸੀ ਆਪ ਸੁਣਾਈਆ। ਕਲਜੁਗ ਅੰਤਮ ਹੋਏ ਮਿਹਰਵਾਨ, ਮਿਹਰਵਾਨ ਦਇਆ ਕਮਾਈਆ। ਪੁਰਖ ਅਬਿਨਾਸ਼ੀ ਹੋਏ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇ ਦੇ ਗਏ ਨਿਸ਼ਾਨ, ਅੰਤ ਨਿਸ਼ਾਨਾ ਦਏ ਵਖਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣੇ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਜਣਾਈਆ। ਸਚ ਸੰਦੇਸ਼ਾ ਲੈਣਾ ਜਾਣ, ਨਿਸ਼ਅੱਖਰ ਆਪ ਪੜ੍ਹਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਖੇਲ ਵਰਤਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮੇਟ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਇੰਦਾ। ਗੁਰ ਅਵਤਾਰਾਂ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਪਰਗਟ ਹੋਏ ਵਿਚ ਜਹਾਨ, ਦੋ ਜਹਾਨਾਂ ਵਾਲੀ ਫੇਰਾ ਪਾਇੰਦਾ। ਨਾਉਂ ਰਖਾਏ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਧੁਰ ਫ਼ਰਮਾਣਾ ਦੇਵੇ ਆਣ, ਸਚ ਸੰਦੇਸ਼ਾ ਇਕ ਜਣਾਇੰਦਾ। ਸ੍ਰਿਸ਼ਟ ਸਬਾਈ ਦਏ ਗਿਆਨ, ਲੱਖ ਚੁਰਾਸੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਖੋਲ੍ਹੇ ਭੇਵ ਆਪ ਕਰਤਾਰਾ, ਹਰਿ ਜੂ ਹਰਿ ਹਰਿ ਦਇਆ ਕਮਾਈਆ। ਕਲਜੁਗ ਆਏ ਅੰਤਮ ਵਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਨਵ ਨੌਂ ਹੋਏ ਹਾਹਾਕਾਰਾ, ਚਾਰ ਚਾਰ ਕਰੇ ਲੜਾਈਆ। ਨਾ ਕੋਈ ਦੇਵੇ ਜਗਤ ਸਹਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਤ੍ਰੈ ਪੰਜ ਮਾਰੇ ਲਲਕਾਰਾ, ਪੰਚਮ ਆਪਣਾ ਜ਼ੋਰ ਵਧਾਈਆ। ਨਾਤਾ ਤੁਟੇ ਤੇਈ ਅਵਤਾਰਾ, ਸਗਲਾ ਸੰਗ ਨਾ ਕੋਇ ਰਖਾਈਆ। ਭਗਤ ਅਠਾਰਾਂ ਨਾ ਕੋਇ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਆਪਣਾ ਪਰਦਾ ਦੇਵੇ ਲਾਹ, ਸ੍ਰੀ ਭਗਵਾਨ ਖੇਲ ਕਰਾਈਆ। ਈਸਾ ਮੂਸਾ ਮੁਹੰਮਦ ਬਣੇ ਨਾ ਕੋਇ ਮਲਾਹ, ਨੱਯਾ ਨਾਮ ਨਾ ਕੋਇ ਚੜ੍ਹਾਈਆ। ਚਾਰ ਯਾਰੀ ਨਾ ਕੋਇ ਸਲਾਹ, ਸਲਾਹਗੀਰ ਕੋਇ ਰਹਿਣ ਨਾ ਪਾਈਆ। ਚਾਰੋਂ ਕੁੰਟ ਅੰਧੇਰਾ ਜਾਏ ਛਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨਾਨਕ ਨਿਰਗੁਣ ਕਲਜੁਗ ਜੀਵ ਦੇਣ ਭੁਲਾ, ਨਾਮ ਸਤਿ ਢੋਲਾ ਕੋਇ ਨਾ ਗਾਈਆ। ਗੋਬਿੰਦ ਸਿਖਿਆ ਦੇਣ ਰੁਲਾ, ਗੁਰਸਿਖ ਸਿਖ ਰੂਪ ਨਾ ਕੋਇ ਵਟਾਈਆ। ਅੰਮ੍ਰਿਤ ਜਾਮ ਨਾ ਦੇਵੇ ਕੋਈ ਪਿਲਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਚਾਰੋਂ ਕੁੰਟ ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਵਿਭਚਾਰ ਜਾਏ ਛਾ, ਸਤਿ ਸਤਿ ਨਜ਼ਰ ਕਿਤੇ ਨਾ ਆਈਆ। ਕਰੇ ਖੇਲ ਬੇਪਰਵਾਹ, ਆਪਣਾ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਹਰਿ ਕਰਤਾਰਾ, ਏਕਾ ਏਕ ਏਕ ਜਣਾਇੰਦਾ। ਅੰਤਮ ਪਰਗਟ ਹੋਏ ਆਪ ਨਿਰੰਕਾਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਲਿਖ ਲਿਖ ਲੇਖ ਸਰਬ ਸਮਝਾਇੰਦਾ। ਈਸਾ ਕੂਕ ਕੂਕ ਕਰੇ ਪੁਕਾਰਾ, ਪਰਵਰਦਿਗਾਰ ਓਟ ਤਕਾਇੰਦਾ। ਮੁਹੰਮਦ ਕਹੇ ਸਾਂਝਾ ਯਾਰਾ, ਹਜ਼ਰਤ ਅੰਤਮ ਫੇਰਾ ਪਾਇੰਦਾ। ਨਾਨਕ ਨਿਰਗੁਣ ਸਰਗੁਣ ਕਹੇ ਮਹਾਬਲੀ ਉਤਰੇ ਅਵਤਾਰਾ, ਮਾਤ ਪਿਤ ਨਾ ਕੋਇ ਬਣਾਇੰਦਾ। ਗੁਰ ਗੋਬਿੰਦ ਬੋਲੇ ਇਕ ਲਲਕਾਰਾ, ਚਾਰ ਵਰਨ ਆਪ ਸਮਝਾਇੰਦਾ। ਕਲ ਕਲਕੀ ਖੇਲ ਕਰੇ ਨਿਆਰਾ, ਸੰਬਲ ਆਪਣਾ ਆਸਣ ਲਾਇੰਦਾ। ਨਾਮ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਆਪ ਚਮਕਾਇੰਦਾ। ਵੰਡ ਵੰਡਾਂ ਵੰਡੇ ਵਿਚ ਸੰਸਾਰਾ, ਵੰਡਣਹਾਰਾ ਦਿਸ ਨਾ ਆਇੰਦਾ। ਕਲਜੁਗ ਮੇਟੇ ਧੁੰਦੂਕਾਰਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਚਾਰ ਵਰਨਾਂ ਕਰੇ ਪਿਆਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਨਾ ਕੋਇ ਰਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ੁਵਾਰਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਬੁਲਾਏ ਸਤਿ ਜੈਕਾਰਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਲੱਖ ਚੁਰਾਸੀ ਆਤਮ ਪਰਮਾਤਮ ਘਟ ਘਟ ਵੇਖੇ ਲੱਗਾ ਅਖਾੜਾ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਇੰਦਾ। ਆਤਮਕ ਧੁਨ ਅਨਹਦ ਨਾਦ ਵਜਾਏ ਸੱਚੀ ਧੁਨਕਾਰਾ, ਧੁਨ ਰਾਗ ਆਪ ਅਲਾਇੰਦਾ। ਅੰਮ੍ਰਿਤ ਆਤਮ ਸਰ ਸਰੋਵਰ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਦੀਵਾ ਬਾਤੀ ਕਮਲਾਪਾਤੀ ਜੋਤ ਨਿਰੰਜਣ ਕਰੇ ਉਜਿਆਰਾ, ਬੰਦ ਕਿਵਾੜੀ ਤਾਕੀ ਆਪੇ ਕੁੰਡਾ ਲਾਹਿੰਦਾ। ਕਰੇ ਖੇਲ ਅਗੰਮ ਅਪਾਰਾ, ਕਲਜੁਗ ਅੰਤਮ ਹੋਏ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਜਣਾਇਆ, ਆਪਣੀ ਦਇਆ ਕਮਾਈਆ। ਸੁਤ ਦੁਲਾਰਾ ਸਤਿ ਸਮਝਾਇਆ, ਸਾਚੀ ਸਿਖਿਆ ਇਕ ਰਖਾਈਆ। ਨਵ ਨੌਂ ਬੇੜਾ ਪਾਰ ਕਰਾਇਆ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਪੁਰਖ ਅਬਿਨਾਸ਼ੀ ਖੇਲ ਰਚਾਇਆ, ਭੇਵ ਅਭੇਦ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖ ਰਿਹਾ ਜਣਾਈਆ। ਸਾਚਾ ਲੇਖਾ ਲੈਣਾ ਜਾਣ, ਪਿਤਾ ਪੂਤ ਖੇਲ ਕਰਾਇੰਦਾ। ਨਿਰਗੁਣ ਸਰਗੁਣ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਕਲਜੁਗ ਅੰਤਮ ਪਰਗਟ ਹੋਏ ਵਾਲੀ ਦੋ ਜਹਾਨ, ਦੋਏ ਦੋਏ ਰੂਪ ਵਖਾਇੰਦਾ। ਸਾਢੇ ਤਿੰਨ ਹੱਥ ਵੇਖੇ ਸਚ ਮਕਾਨ, ਸੰਬਲ ਆਪਣਾ ਆਸਣ ਲਾਇੰਦਾ। ਸਤਿਗੁਰ ਪੂਰਾ ਗੁਰ ਗੋਬਿੰਦ ਸੂਰਾ ਨੌਜਵਾਨ, ਜਨਮ ਮਰਨ ਵਿਚ ਨਾ ਆਇੰਦਾ। ਨਾਮ ਖੰਡਾ ਤੇਜ਼ ਕਿਰਪਾਨ, ਕਾਇਆ ਗਾਤਰੇ ਰੱਖੇ ਵਿਚ ਮਿਆਨ, ਲੋਹਾਰ ਤਰਖਾਣ ਘਾੜਤ ਘੜਤ ਨਾ ਕੋਇ ਰਖਾਇੰਦਾ। ਬਹੱਤਰ ਨਾੜੀ ਕਰੇ ਪਰਵਾਨ, ਤਿੰਨ ਸੌ ਸੱਠ ਹਾਡੀ ਦੇਵੇ ਦਾਨ, ਮਨ ਮਨੂਆ ਤੋੜੇ ਅਭਿਮਾਨ, ਸਾਚਾ ਨਾਮ ਝੁਲਾਏ ਨਿਸ਼ਾਨ, ਸਤਿ ਸਤਿਵਾਦੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਆਪਣਾ ਭੇਵ ਜਣਾਇੰਦਾ। ਅੰਤਮ ਖੋਲ ਹਰਿ ਜੂ ਭੇਵ, ਅਭੇਦ ਆਪ ਖੁਲ੍ਹਾਈਆ। ਲਹਿਣਾ ਚੁੱਕੇ ਚਾਰ ਵੇਦ, ਸ਼ਾਸਤਰ ਸਿਮਰਤ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮੇ ਅੰਦਰ ਗਏ ਖੇਡ, ਜਗਤ ਖਡਾਰੀ ਆਪ ਖਡਾਈਆ। ਅੰਤਮ ਸਾਚੀ ਸੇਜਾ ਗਏ ਲੇਟ, ਪੁਰਖ ਅਬਿਨਾਸ਼ੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਭਗਵੰਤ ਆਪਣੀ ਖੇਲ ਵਰਤਾਈਆ। ਸ਼ਬਦੀ ਸੁਤ ਤੇਰਾ ਮਾਰਗ ਏਕਾ ਲੌਣਾ, ਇਸ਼ਟ ਏਕਾ ਆਪ ਦਰਸਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਏਕਾ ਅੱਖਰ ਆਪ ਪੜ੍ਹੌਣਾ, ਚੌਦਾਂ ਵਿਦਿਆ ਮਾਣ ਗਵਾਇੰਦਾ। ਚੌਦਾਂ ਤਬਕਾਂ ਫੇਰਾ ਪੌਣਾ, ਚੌਦਾਂ ਲੋਕ ਪੰਧ ਮੁਕਾਇੰਦਾ। ਅਵਣ ਗਵਣ ਫੇਰਾ ਪੌਣਾ, ਤ੍ਰੈਭਵਣ ਧਨੀ ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪੱਤਤ ਪਾਪੀ ਆਪ ਆਪ ਤਰਾਇੰਦਾ। ਲੱਖ ਚੁਰਾਸੀ ਪਰਖੇ ਨੀਤਾ, ਲੇਖਾ ਜਾਣੇ ਹਸਤ ਕੀਟਾ, ਊਚਾਂ ਨੀਚਾਂ ਰਾਉ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪਣੇ ਹੁਕਮ ਚਲਾਇੰਦਾ। ਕਲਜੁਗ ਅੰਤਮ ਵੇਲਾ ਬੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਆਪ ਸਮਝਾਇੰਦਾ। ਸ਼ਬਦੀ ਸ਼ਬਦ ਵੇਲਾ ਅੰਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਏਕਾ ਪਰਗਟ ਹੋਏ ਮੰਤ, ਮੰਤਰ ਹਰਿ ਹਰਿ ਨਾਮ ਦ੍ਰਿੜਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਹਰਿ ਸਤਿਗੁਰ ਬੂਝ ਬੁਝਾਈਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਪਰਦਾ ਸਕੇ ਨਾ ਕੋਇ ਉਠਾਈਆ। ਨਵ ਨੌਂ ਗੜ੍ਹ ਬਣੇ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਦਰਸਾਈਆ। ਜੀਵ ਜੰਤ ਹੋਏ ਨੰਗਤ, ਨਾਮ ਦੋਸ਼ਾਲਾ ਉਪਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਵਡਿਆਈਆ। ਦੇਵੇ ਵਡਿਆਈ ਵੱਡਾ ਵਡ, ਸਿਰ ਆਪਣਾ ਹੱਥ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਮਾਤ ਸੱਦ, ਸਾਚੀ ਸਿਖਿਆ ਸਿਖ ਸਮਝਾਇੰਦਾ। ਅੰਤਮ ਆਪਣਾ ਭਾਰ ਗਏ ਲਦ, ਪੰਜ ਤਤ ਕਾਇਆ ਚੋਲਾ ਥਿਰ ਰਹਿਣ ਨਾ ਪਾਇੰਦਾ। ਹੁਕਮੇ ਅੰਦਰ ਵੰਡ ਕੇ ਗਏ ਹੱਦ, ਹਦੂਦ ਅਰਬਾ ਆਪਣੇ ਹੱਥ ਰਖਾਇੰਦਾ। ਸਚ ਸੰਦੇਸ਼ਾ ਨਿਰਗੁਣ ਕਹਿ ਗਏ ਨਦ, ਰਾਗੀ ਰਾਗ ਰਾਗ ਅਲਾਇੰਦਾ। ਅੰਤਮ ਪਾਰਬ੍ਰਹਮ ਪਰਮੇਸ਼ਵਰ ਸਵਾਮੀ ਚਰਨ ਕਵਲ ਦੁਆਰੇ ਲਏ ਸੱਦ, ਸਾਚਾ ਹੁਕਮ ਆਪ ਵਰਤਾਇੰਦਾ। ਆਪਣਾ ਆਪਣਾ ਨਾਉਂ ਲੋਕਮਾਤ ਪਿਛੇ ਗਏ ਛੱਡ, ਜੀਵ ਜੰਤ ਸਰਬ ਗਾਇੰਦਾ। ਨਾਨਕ ਗੋਬਿੰਦ ਕਹਿ ਕੇ ਗਏ ਪੁਰਖ ਸਮਰਥ, ਪੁਰਖ ਅਕਾਲ ਏਕਾ ਗੁਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਅੰਤਮ ਲਹਿਣਾ ਦੇਣਾ ਚੁਕਾਏ ਤੇਈ ਅਵਤਾਰਾ, ਭਗਤ ਅਠਾਰਾਂ ਆਪਣੇ ਖਾਤੇ ਪਾਈਆ। ਵੇਖ ਵਖਾਏ ਏਕਾ ਜੋਤੀ ਦਸ ਅਵਤਾਰਾ, ਦਹਿ ਦਿਸ਼ਾ ਨੂਰ ਰੁਸ਼ਨਾਈਆ। ਪੁਰਖ ਅਕਾਲ ਬੋਲ ਜੈਕਾਰਾ, ਗੋਬਿੰਦ ਗੁਰ ਗਿਆ ਸਮਝਾਈਆ। ਅੰਤਮ ਆਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਸਾਚਾ ਮਾਰਗ ਚਲਾਏ ਵਿਚ ਸੰਸਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਮ ਵਣਜ ਕਰਾਏ ਇਕ ਵਪਾਰਾ, ਬ੍ਰਹਿਮੰਡ ਖੰਡ ਆਪਣਾ ਹੱਟ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਸੋਹੰ ਬੋਲਣ ਸ਼ਬਦ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਸਤਿਜੁਗ ਦੱਸੇ ਇਕ ਦੁਆਰਾ, ਸਤਿ ਸਤਿਵਾਦੀ ਏਕਾ ਨਜ਼ਰੀ ਆਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰਾ, ਆਤਮ ਪਰਮਾਤਮ ਖ਼ੁਸ਼ੀ ਮਨਾਈਆ। ਈਸ਼ ਜੀਵ ਇਕ ਅਖਾੜਾ, ਘਰ ਘਰ ਵਿਚ ਨਾਚ ਨਚਾਈਆ। ਮੇਟੇ ਅਗਨੀ ਤਤੀ ਹਾੜਾ, ਅੰਮ੍ਰਿਤ ਮੇਘ ਇਕ ਬਰਸਾਈਆ। ਲੇਖਾ ਜਾਣੇ ਪੁਰਖ ਨਾਰਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਲਹਿਣਾ ਚੁੱਕੇ ਚਾਰ ਯਾਰਾ, ਚਾਰ ਯਾਰੀ ਪੰਧ ਮੁਕਾਈਆ। ਮੁਹੰਮਦ ਲੇਖਾ ਮੁੱਕੇ ਅੰਤਮ ਵਾਰਾ, ਸਦੀ ਚੌਧਵੀਂ ਦਏ ਦੁਹਾਈਆ। ਅੱਲਾ ਰਾਣੀ ਰੋਵੇ ਨੇਤਰ ਜ਼ਾਰੋ ਜ਼ਾਰਾ, ਨੈਣਾਂ ਨੀਰ ਰਹੀ ਵਹਾਈਆ। ਈਸਾ ਮੂਸਾ ਕਰਨ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਗੋਬਿੰਦ ਬੋਲੇ ਸਚ ਜੈਕਾਰਾ, ਫ਼ਤਹਿ ਡੰਕਾ ਇਕ ਵਜਾਈਆ। ਨੌਂ ਖੰਡ ਪ੍ਰਿਥਮੀ ਬਣੇ ਸਚੀ ਸਰਕਾਰਾ, ਪੁਰਖ ਅਕਾਲ ਆਪ ਬਣਾਈਆ। ਬੀਸ ਬੀਸਾ ਪਰਗਟ ਹੋਏ ਅਗੰਮ ਅਪਾਰਾ, ਜਗਤ ਜਗਦੀਸ਼ਾ ਏਕਾ ਛਤਰ ਸੀਸ ਝੁਲਾਈਆ। ਸ਼ਬਦੀ ਸੁਤ ਤੇਰਾ ਪਿਆਰਾ, ਅੰਤਮ ਆਪਣੇ ਨਾਲ ਕਰਾਈਆ। ਏਥੇ ਓਥੇ ਦੋ ਜਹਾਨ ਖੇਲ ਨਿਆਰਾ, ਨਿਰਗੁਣ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹੁਕਮੀ ਹੁਕਮ ਹੁਕਮ ਵਰਤਾਈਆ। ਹੁਕਮੇ ਅੰਦਰ ਹੁਕਮ ਸਮਾਇਆ, ਬਚਿਆ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੂਪ ਵਟਾਇਆ, ਰੇਖ ਸਭ ਦੀ ਦਏ ਗਵਾਈਆ। ਨਰ ਨਰੇਸ਼ ਸਚ ਸੰਦੇਸ਼ ਇਕ ਸੁਣਾਇਆ, ਸੋਹੰ ਢੋਲਾ ਏਕਾ ਗਾਈਆ। ਵਿਸ਼ਨ ਬ੍ਰਹਮਾ ਮਹੇਸ਼ ਆਪ ਜਗਾਇਆ, ਸ਼ੰਕਰ ਏਕਾ ਹੁਕਮ ਵਰਤਾਈਆ। ਬਾਸ਼ਕ ਤਸ਼ਕਾ ਸਾਂਗੋ ਪਾਂਗ ਸੇਜ ਆਪ ਤਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣੀ ਸੇਵਾ ਆਪੇ ਲਾਇਆ । ਹੁਕਮੇ ਅੰਦਰ ਸੇਵਾ ਲੱਗ, ਹਰਿ ਸਾਚੀ ਸੇਵ ਕਮਾਈਆ। ਹੁਕਮੇ ਅੰਦਰ ਸੂਰਾ ਸਰਬੱਗ, ਸੂਰਬੀਰ ਫਿਰੇ ਚਾਈਂ ਚਾਈਂਆ। ਹੁਕਮੇ ਅੰਦਰ ਵੇਖਣਹਾਰਾ ਸਾਰਾ ਜਗ, ਜਗਤ ਜੁਗਤ ਆਪ ਬਣਾਈਆ। ਹੁਕਮੇ ਅੰਦਰ ਆਪੇ ਗਿਆ ਬੱਝ, ਤੋੜਨਹਾਰਾ ਆਪ ਹੋ ਜਾਈਆ। ਸ਼ਬਦ ਦੁਲਾਰੇ ਮਾਰਗ ਦੱਸ, ਸਾਚਾ ਰਾਹ ਵਖਾਈਆ। ਪੁਰਖ ਅਬਿਨਾਸ਼ੀ ਮੇਲਾ ਹੱਸ ਹੱਸ, ਸਚਖੰਡ ਵੱਜੇ ਵਧਾਈਆ। ਲੋਕਮਾਤ ਭਗਤਾਂ ਅੰਦਰ ਗਿਆ ਵਸ, ਭਗਤ ਦੁਆਰਾ ਇਕ ਸੁਹਾਈਆ। ਨਿਰਗੁਣ ਨਿਰਾਕਾਰ ਨਿਰਵੈਰ ਅਜੂਨੀ ਰਹਿਤ ਪੁਰਖ ਅਕਾਲ ਅਬਿਨਾਸ਼ੀ ਕਰਤਾ ਆਇਆ ਨੱਸ, ਬਣ ਪਾਂਧੀ ਪੰਧ ਮੁਕਾਈਆ। ਗੁਰਮੁਖ ਪ੍ਰੇਮ ਪਿਆਰ ਅੰਦਰ ਗਿਆ ਫਸ, ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਸ਼ਬਦ ਸਰੂਪੀ ਗੁਰਸਿਖਾਂ ਗਾਏ ਜਸ, ਜਸ ਆਪਣਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਮੇਲਾ ਗੁਰੂ ਗੁਰ ਚੇਲਾ, ਗੁਰ ਚੇਲਾ ਨਿਰਗੁਣ ਨਿਰਗੁਣ ਆਪ ਅਖਵਾਈਆ। ਆਪੇ ਚੇਲਾ ਆਪੇ ਗੁਰ, ਗੁਰ ਕਰਤਾ ਆਪ ਅਖਵਾਇੰਦਾ। ਆਪੇ ਲੇਖਾ ਜਾਣੇ ਧੁਰ, ਧੁਰਦਰਗਾਹੀ ਵੇਖ ਵਖਾਇੰਦਾ। ਆਪੇ ਸ਼ਬਦ ਨਾਦ ਸੁਰ, ਤਾਲ ਤਲਵਾੜਾ ਆਪ ਵਜਾਇੰਦਾ। ਆਪੇ ਸੁਰਤੀ ਸ਼ਬਦੀ ਜਾਏ ਜੁੜ, ਆਪੇ ਮਿਲ ਮਿਲ ਖ਼ੁਸ਼ੀ ਮਨਾਇੰਦਾ। ਆਪੇ ਸੱਸੇ ਉਪਰ ਲਾਇਆ ਹੋੜ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਆਪੇ ਹੰ ਬ੍ਰਹਮ ਵੇਖੇ ਦੌੜ, ਆਤਮ ਪਰਮਾਤਮ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਪੁਰਖ ਨਿਰੰਜਣ ਸਾਚੀ ਧਾਰ ਆਪ ਚਲਾਇੰਦਾ। ਲੜਕਾ ਤੇਰਾ ਰਾਮ ਗੜ੍ਹ, ਪੱਛਮ ਦਿਸ਼ਾ ਡੇਰਾ ਲਾਈਆ। ਮੰਦਰ ਅੰਦਰ ਬੈਠਾ ਵੜ, ਪੰਡਤ ਸੰਗ ਰਖਾਈਆ। ਦਿਵਸ ਦਿਵਸ ਰਹੇ ਡਰ, ਬਾਹਰ ਨਿਕਲ ਨਾ ਮੁਖ ਵਖਾਈਆ। ਤੁਸਾਂ ਜਾਣਾ ਆਪਣੇ ਘਰ, ਬੱਚਾ ਆਪੇ ਮੁੜ ਘਰ ਫੇਰਾ ਪਾਈਆ। ਸਤਿਗੁਰ ਪੂਰਾ ਸ਼ਬਦ ਸਰੂਪੀ ਲਏ ਫੜ, ਮਨ ਮਨੂਆ ਦਏ ਭੁਆਈਆ। ਡੂੰਘੀ ਕੰਦਰ ਜਾਏ ਵੜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਕਦੀਰ ਕਰ ਤਦਬੀਰ, ਦੇਵੇ ਮਾਤ ਬਦਲਾਈਆ।
