੩ ਵਸਾਖ ੨੦੧੯ ਬਿਕਰਮੀ ਪਸ਼ੌਰਾ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ
ਦਰ ਦਰਵੇਸ਼ ਬਣ ਭਿਖਾਰ, ਦਰਗਹਿ ਸਾਚੀ ਸੀਸ ਝੁਕਾਈਆ। ਚੁਹੱਤਰ ਦੋਏ ਜੋੜ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸੁਲਤਾਨ ਪਰਵਰਦਿਗਾਰ, ਬੇਐਬ ਨੂਰ ਖ਼ੁਦਾਈਆ। ਮੁਕਾਮੇ ਹੱਕ ਸਾਂਝਾ ਯਾਰ, ਲਾਸ਼ਰੀਕ ਆਸਣ ਲਾਈਆ। ਨੂਰੀ ਜਲਵਾ ਨੂਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਸਚ ਸਿੰਘਾਸਣ ਕਰ ਪਿਆਰ, ਸਾਚੇ ਤਖ਼ਤ ਸੋਭਾ ਪਾਈਆ। ਸਚ ਸੰਦੇਸ਼ਾ ਏਕਾ ਵਾਰ, ਧੁਰ ਫ਼ਰਮਾਣਾ ਮੰਨਿਆਂ ਹੁਕਮ ਰਜਾਈਆ। ਤੇਰਾ ਢੋਲਾ ਗਾਈਏ ਵਾਰ, ਪਿਛਲੀ ਕਰੇ ਨਾ ਕੋਇ ਪੜ੍ਹਾਈਆ। ਜੁਗ ਚੌਕੜੀ ਉਤਰੀ ਪਾਰ, ਲੋਕਮਾਤ ਰਹਿਣ ਨਾ ਪਾਈਆ। ਲੱਖ ਚੁਰਾਸੀ ਨਾਤਾ ਤੁਟਾ ਸਗਲਾ ਯਾਰ, ਸਗਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਜਗਾਇਣ ਅਲੱਖ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਹੋ ਪਰਤੱਖ, ਸਤਿ ਸਤਿਵਾਦੀ ਆਪ ਜਣਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵਿਚੋਂ ਚੁਹੱਤਰ ਕੀਤੇ ਵੱਖ, ਆਪ ਆਪਣਾ ਬੰਧਨ ਪਾਈਆ। ਸਚਖੰਡ ਦੁਆਰੇ ਜਾਣਾ ਵਸ, ਦੂਸਰ ਦਰ ਨਾ ਕੋਇ ਖੁਲ੍ਹਾਈਆ। ਏਕਾ ਨੂਰ ਜੋਤ ਪ੍ਰਕਾਸ਼, ਦੀਆ ਬਾਤੀ ਨਾ ਕੋਇ ਜਗਾਈਆ। ਕਲਜੁਗ ਅੰਤਮ ਪੂਰੀ ਕਰਾਂ ਸਭ ਦੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਨਾਤਾ ਛੁੱਟਾ ਪ੍ਰਿਥਮੀ ਆਕਾਸ਼, ਗਗਨ ਮੰਡਲ ਪੰਧ ਮੁਕਾਈਆ। ਏਕਾ ਬਖ਼ਸ਼ੇ ਸਚਖੰਡ ਦੁਆਰੇ ਸਚ ਨਿਵਾਸ, ਚਰਨ ਸਰਨ ਸੱਚੀ ਸਰਨਾਈਆ। ਏਕਾ ਨਾਉਂ ਇਕ ਸਵਾਸ, ਬਿਨ ਪਵਣਾਂ ਪਵਣ ਚਲਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਏਕਾ ਮੰਡਲ ਪਾਵੇ ਰਾਸ, ਗੋਪੀ ਕਾਹਨ ਇਕ ਨਚਾਈਆ। ਏਕਾ ਕਰੇ ਬੰਦ ਖ਼ੁਲਾਸ, ਜੁਗ ਚੌਕੜੀ ਬੰਧਨ ਆਪ ਕਟਾਈਆ। ਏਕਾ ਦੇਵੇ ਸਚ ਨਿਵਾਸ, ਦਰਗਹਿ ਸਾਚੀ ਭੂਮਕਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦਰ ਦਵਾਰ ਮੰਗਣ ਦਾਨ, ਨਿਉਂ ਨਿਉਂ ਸੀਸ ਜਗਦੀਸ਼ ਝੁਕਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਇਕ ਤੇਰੀ ਓਟ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਖਾਣੀ ਬਾਣੀ ਗਾ ਗਾ ਆਏ ਤੇਰਾ ਗਾਨ, ਰਸਨਾ ਜਿਹਵਾ ਕਰ ਪੜ੍ਹਾਈਆ। ਲੇਖਾ ਲਿਖ ਲਿਖ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਇਕੋ ਮੰਗ, ਸੱਤ ਚਾਰ ਖੇਲ ਰਖਾਇੰਦਾ। ਠਾਕਰ ਸਵਾਮੀ ਸੂਰਾ ਸਰਬੰਗ, ਆਪਣਾ ਹੁਕਮ ਆਪ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਭਗਵੰਤ ਵਜਾਏ ਮਰਦੰਗ, ਨਾਮ ਮਰਦੰਗਾ ਹੱਥ ਉਠਾਇੰਦਾ। ਦੋ ਜਹਾਨਾਂ ਚੌਦਾਂ ਲੋਕ ਤ੍ਰੈਭਵਣ ਧਨੀ ਆਪੇ ਵੇਖੇ ਲੰਘ, ਚੌਦਾਂ ਤਬਕ ਫੇਰਾ ਪਾਇੰਦਾ। ਲੱਖ ਚੁਰਾਸੀ ਵੇਖਣਹਾਰਾ ਜੀਵ ਜੰਤ ਸਾਧ ਸੰਤ ਭੁੱਖ ਨੰਗ, ਗ੍ਰਹਿ ਗ੍ਰਹਿ ਮੰਦਰ ਆਪਣਾ ਡੰਕ ਵਜਾਇੰਦਾ। ਪਾਵੇ ਸਾਰ ਕੋਟਨ ਕੋਟ ਬ੍ਰਹਿਮੰਡ ਰਵ ਸਸ ਸੂਰਜ ਚੰਨ, ਹੁਕਮੀ ਹੁਕਮ ਆਪ ਭੁਵਾਇੰਦਾ। ਕਲਜੁਗ ਅੰਤਮ ਲੇਖਾ ਜਾਣੇ ਪ੍ਰਿਥਮੀ ਨੌਂ ਖੰਡ, ਸੱਤਾਂ ਦੀਪਾਂ ਆਪਣਾ ਹੁਕਮ ਵਰਤਾਇੰਦਾ। ਗੁਰਮੁਖ ਸਾਚੇ ਸੱਜਣ ਸੁਹੇਲੇ ਸਤਿ ਸਤਿਵਾਦੀ ਆਪ ਚੜ੍ਹਾਏ ਸਾਚੇ ਚੰਦ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਏਕਾ ਦੇਵੇ ਆਤਮ ਅਨੰਦ, ਪਰਮਾਨੰਦ ਵਿਚ ਵਖਾਇੰਦਾ। ਸਚਖੰਡ ਦੁਆਰੇ ਹਰਿ ਨਿਰੰਕਾਰੇ ਇਕ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਆਪੇ ਗਾਇੰਦਾ। ਨਿਰਗੁਣ ਸਰਗੁਣ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਵੰਡੀ ਵੰਡ, ਈਸ਼ ਜੀਵ ਜਗਦੀਸ਼ ਝੋਲੀ ਆਪ ਭਰਾਇੰਦਾ। ਕਰੇ ਖੇਲ ਸੂਰਾ ਸਰਬੰਗ, ਸਚਖੰਡ ਦੁਆਰੇ ਵੰਡੀ ਵੰਡ, ਦਰਗਹਿ ਸਾਚੀ ਸਾਚਾ ਥਾਨ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹਿਣਾ ਖ਼ਬਰਦਾਰ, ਬੇਖ਼ਬਰ ਆਪ ਜਣਾਈਆ। ਕਲਜੁਗ ਆਈ ਅੰਤਮ ਵਾਰ, ਲੋਕਮਾਤ ਲਹਿਣਾ ਰਿਹਾ ਮੁਕਾਈਆ। ਚਾਰ ਵਰਨ ਚੌਥੇ ਜੁਗ ਹੋਏ ਖ਼ਵਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਣ ਦੁਹਾਈਆ। ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਕਰਨ ਪੁਕਾਰ, ਗ਼ਰੀਬ ਨਿਮਾਣੇ ਕੂਕ ਕੂਕ ਸੁਣਾਈਆ। ਤੀਰਥ ਤੱਟ ਨਾ ਕੋਇ ਪਾਵੇ ਸਾਰ, ਮੰਦਰ ਮਸਜਿਦ ਮੱਠ ਨਾ ਕੋਇ ਆਧਾਰ, ਆਤਮ ਤਾਕੀ ਬੰਦ ਕਿਵਾੜਾ ਨਾ ਕੋਇ ਖੁਲ੍ਹਾਈਆ। ਸਾਚਾ ਸਾਥਾ ਏਕੰਕਾਰ, ਆਦਿ ਜੁਗਾਦੀ ਕਰੇ ਖੇਲ ਅਪਾਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰੇ ਪਾਰ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਨਿਰਗੁਣ ਨਿਰਗੁਣ ਲੈ ਅਵਤਾਰ, ਸਰਗੁਣ ਸਰਗੁਣ ਪਰਦਾ ਦਏ ਉਠਾਈਆ। ਸਚਖੰਡ ਦਾ ਸਚ ਜੈਕਾਰ, ਜੈ ਜੈਕਾਰ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਕਰੋੜ ਤਤੀਸਾ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣੇ ਭਿਖਾਰ, ਦਰ ਬੈਠੇ ਮੰਗ ਮੰਗਾਈਆ। ਵਾਹ ਵਾ ਕੁਦਰਤ ਤੇਰੀ ਯਾਰ, ਕਾਦਰ ਕਰਤੇ ਭੇਵ ਕੋਇ ਨਾ ਪਾਈਆ। ਤੇਰੀ ਰਹਿਮਤ ਅਪਰ ਅਪਾਰ, ਰਹੀਮ ਰਹਿਮਾਨ ਤੇਰੀ ਵਡਿਆਈਆ। ਦਰ ਮੰਗਣ ਏਕਾ ਵਾਰ, ਇਕ ਇਕੱਲਾ ਪੁਰਖ ਅਬਿਨਾਸ਼ੀ ਦੇਵੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਚ ਭੰਡਾਰਾ ਦੇਵਣਹਾਰਾ ਏਕੰਕਾਰਾ ਗੁਰ ਅਵਤਾਰਾਂ ਬਣ ਵਰਤਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਸਾਚੀ ਭਿਛਿਆ ਏਕਾ ਏਕ, ਸੋ ਪੁਰਖ ਨਿਰੰਜਣ ਆਪੇ ਪਾਈਆ। ਸਤਿਜੁਗ ਸਾਚੀ ਰੱਖਣੀ ਟੇਕ, ਪੁਰਖ ਅਬਿਨਾਸ਼ੀ ਸੀਸ ਝੁਕਾਈਆ। ਕਲਜੁਗ ਅੰਤਮ ਮਿਟੇ ਰੇਖ, ਰੂਪ ਰੰਗ ਨਜ਼ਰ ਕੋਇ ਨਾ ਆਈਆ। ਚਾਰ ਵਰਨ ਕਰੇ ਇਕ ਆਦੇਸ਼, ਅਠਾਰਾਂ ਬਰਨ ਇਕ ਪੜ੍ਹਾਈਆ। ਦੋ ਜਹਾਨਾਂ ਸਚ ਨਰੇਸ਼, ਨਰ ਨਿਰੰਕਾਰਾ ਬਲ ਧਰਾਈਆ। ਘਟ ਘਟ ਅੰਦਰ ਰਿਹਾ ਵੇਖ, ਆਤਮ ਸੇਜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਭਿਖਿਆ ਭਿਖਕ ਝੋਲੀ ਆਪ ਭਰਾਈਆ। ਭਿਖਕ ਭਿਖਿਆ ਦੇਵੇ ਵਸਤ, ਅਮੋਲਕ ਆਪ ਵਰਤਾਇੰਦਾ। ਲੇਖਾ ਜਾਣੇ ਕੀਟ ਹਸਤ, ਰਾਉ ਰੰਕ ਖੇਲ ਕਰਾਇੰਦਾ। ਲਹਿਣਾ ਦੇਣਾ ਚੁਕਾਏ ਦਸਤ ਬਦਸਤ, ਦਸਤਗੀਰ ਫੇਰਾ ਪਾਇੰਦਾ। ਵੇਖ ਵਖਾਏ ਉਦੇ ਅਸਤ, ਉਤਰ ਪੂਰਬ ਪੱਛਮ ਦੱਖਣ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਹਰਿ ਭੰਡਾਰ, ਸਤਿ ਸਤਿਵਾਦੀ ਆਪ ਵਰਤਾਈਆ। ਸਚਖੰਡ ਦੁਆਰੇ ਹੋ ਤਿਆਰ, ਸਚ ਸਿੰਘਾਸਣ ਆਸਣ ਲਾਈਆ। ਨਿਰਮਲ ਜੋਤੀ ਕਰ ਉਜਿਆਰ, ਸਾਚੀ ਚੋਟੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਆਪ ਵਖਾਈਆ। ਸਾਚੀ ਭਿਛਿਆ ਏਕਾ ਰੰਗ, ਰੰਗ ਰੰਗੀਲਾ ਆਪ ਰੰੰਗਾਇੰਦਾ। ਚੁਹੱਤਰਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਨਵ ਨੌਂ ਚਾਰ ਦਾ ਅੰਤਮ ਛੰਦ, ਸੋਹੰ ਢੋਲਾ ਆਪੇ ਗਾਇੰਦਾ। ਆਤਮ ਪਰਮਾਤਮ ਟੁੱਟੀ ਲਏ ਗੰਢ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਪੰਚ ਵਿਕਾਰਾ ਖੰਡ ਖੰਡ, ਖੰਡਾ ਖੜਗ ਇਕ ਖੜਕਾਇੰਦਾ। ਨਾਤਾ ਤੁਟਾ ਜੇਰਜ ਅੰਡ, ਉਤਭੁਜ ਸੇਤਜ ਨਾ ਫੇਰ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪਣੇ ਹੱਥ ਰਖਾਇੰਦਾ। ਸਾਚੀ ਵਸਤ ਆਪਣਾ ਨਾਉਂ, ਨਰ ਨਿਰੰਕਾਰਾ ਆਪ ਵਰਤਾਇੰਦਾ। ਜੁਗਾ ਜੁਗੰਤਰ ਪੰਜ ਤਤ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇੰਦਾ। ਸੁਰਤੀ ਸ਼ਬਦੀ ਪਕੜਨਹਾਰਾ ਬਾਹੋਂ, ਸਾਚਾ ਬੰਧਨ ਏਕਾ ਪਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਆਪ ਵਖਾਇੰਦਾ। ਆਦਿ ਜੁਗਾਦੀ ਪਿਤਾ ਮਾਉਂ, ਗੁਰ ਅਵਤਾਰ ਪੂਤ ਸਪੂਤੇ ਗੋਦ ਬਹਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਉਂ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਆਪ ਮੁਕਾਇੰਦਾ। ਸਾਚਾ ਲਹਿਣਾ ਵਿਚ ਸੰਸਾਰ, ਸਤਿਗੁਰ ਸਾਚਾ ਆਪ ਮੁਕਾਈਆ। ਚਾਰ ਵਰਨਾਂ ਦਏ ਪਿਆਰ, ਵਰਨ ਗੋਤ ਨਾ ਕੋਇ ਰਖਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਮੰਦਰ ਦੇਵੇ ਵਾੜ, ਕਾਇਆ ਬੰਕ ਬੰਕ ਵਡਿਆਈਆ। ਮੇਟ ਮਿਟਾਏ ਅਗਨੀ ਹਾੜ, ਤਤਵ ਤਤ ਨਾ ਕੋਇ ਜਲਾਈਆ। ਕਰੇ ਪਰਕਾਸ਼ ਬਹੱਤਰ ਨਾੜ, ਜੋਤੀ ਜੋਤ ਜੋਤ ਰੁਸ਼ਨਾਈਆ। ਕਰ ਕਿਰਪਾ ਲਾਏ ਪਾਰ, ਕਿਰਪਨ ਆਪੇ ਹੋਏ ਸਹਾਈਆ। ਏਥੇ ਓਥੇ ਦੋ ਜਹਾਨਾਂ ਦਰਸ ਦਏ ਵਖਾਲ, ਸਵਛ ਸਰੂਪੀ ਰੂਪ ਵਟਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਰਾਜ ਰਾਜਾਨਾਂ ਬੰਧਨ ਪਾਈਆ। ਅੰਤਮ ਆਪਣਾ ਹੱਲ ਕਰੇ ਸਵਾਲ, ਬਣ ਸਵਾਲੀ ਮੰਗਣ ਦਰ ਕਿਤੇ ਨਾ ਜਾਈਆ। ਚਰਨਾਂ ਹੇਠ ਰਖਾਏ ਕਾਲ ਮਹਾਕਾਲ, ਹੁਕਮੀ ਹੁਕਮ ਆਪ ਭੁਵਾਈਆ। ਜੁਗ ਚੌਕੜੀ ਕਰੇ ਬਹਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਮਨਾਈਆ। ਗੁਰਮੁਖਾਂ ਵੇਖੇ ਕੀਤੀ ਘਾਲ, ਕੀਤੀ ਘਾਲ ਲੇਖੇ ਪਾਈਆ। ਸ਼ਬਦ ਸਰੂਪੀ ਬਣ ਦਲਾਲ, ਗੁਰ ਗੁਰ ਵੇਸ ਵਟਾਈਆ। ਅੰਦਰ ਬਾਹਰ ਸੁਰਤ ਲਏ ਸੰਭਾਲ, ਗੁਪਤ ਜ਼ਾਹਰ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਵਖਾਈਆ। ਸਾਚੀ ਵਸਤ ਏਕੰਕਾਰ, ਅਕਲ ਕਲ ਆਪਣੀ ਆਪ ਵਰਤਾਇੰਦਾ। ਜੁਗ ਚੌਕੜੀ ਸਚ ਭੰਡਾਰ, ਵਿਸ਼ਨ ਬ੍ਰਹਮਾ ਸ਼ਿਵ ਆਪ ਵਰਤਾਇੰਦਾ। ਤੇਈ ਅਵਤਾਰਾਂ ਦੇ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਅਠਾਰਾਂ ਖੋਲ੍ਹ ਕਿਵਾੜ, ਆਤਮ ਪਰਮਾਤਮ ਮੇਲ ਮਿਲਾਇੰਦਾ । ਲੇਖਾ ਜਾਣੇ ਨਾਨਕ ਗੋਬਿੰਦ ਧਾਰ, ਜੋਤੀ ਜੋਤ ਡਗਮਗਾਇੰਦਾ। ਆਦਿ ਜੁਗਾਦੀ ਇਕ ਅਵਤਾਰ, ਗੁਰ ਗੁਰ ਆਪਣਾ ਨਾਉਂ ਰਖਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਬੋਧ ਅਗਾਧੀ ਢੋਲਾ ਗਾਇੰਦਾ। ਦੋ ਜਹਾਨਾਂ ਪਾਵੇ ਸਾਰ, ਤ੍ਰੈਭਵਣ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੇ ਤਖ਼ਤ ਬੈਠਾ ਚੜ੍ਹ, ਉਚ ਮਹੱਲੇ ਸੋਭਾ ਪਾਇੰਦਾ। ਉਚ ਮਹੱਲਾ ਸਚ ਮਨਾਰਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਏਕਾ ਵਸੇ ਏਕੰਕਾਰਾ, ਦੂਜਾ ਸੰਗ ਨਾ ਕੋਇ ਰਖਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਨਿਰਗੁਣ ਸਰਗੁਣ ਕਰੇ ਪਿਆਰਾ, ਸਰਗੁਣ ਨਿਰਗੁਣ ਜੋੜ ਜੁੜਾਈਆ। ਨਾਮ ਨਿਧਾਨਾ ਬੋਲ ਜੈਕਾਰਾ, ਅੱਖਰ ਵੱਖਰ ਕਰੇ ਪੜ੍ਹਾਈਆ। ਕਾਗਦ ਕਲਮ ਲਿਖਣਹਾਰਾ, ਲਿਖ ਲਿਖ ਲੇਖ ਜਗਤ ਸਮਝਾਈਆ। ਆਪੇ ਵਸੇ ਸਭ ਤੋਂ ਨਿਆਰਾ, ਦਿਸ ਕਿਸੇ ਨਾ ਆਈਆ। ਕਲਜੁਗ ਅੰਤਮ ਖੇਲ ਕਰੇ ਅਪਾਰਾ, ਭੇਵ ਅਭੇਦ ਖੁਲ੍ਹਾਈਆ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਮਹਾਬਲੀ ਰੂਪ ਅਨੂਪ ਆਪ ਪਰਗਟਾਈਆ । ਨਾਮ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਆਪ ਚਮਕਾਈਆ। ਜੇਰਜ ਅੰਡਾਂ ਦਏ ਹੁਲਾਰਾ, ਉਤਭੁਜ ਸੇਤਜ ਨਾਲ ਭੁਆਈਆ। ਲੱਖ ਚੁਰਾਸੀ ਉਤਰੇ ਪਾਰ ਕਿਨਾਰਾ, ਮੰਝਧਾਰਾ ਆਪ ਰੁੜ੍ਹਾਈਆ। ਕਲਜੁਗ ਮਿਟੇ ਕੂੜ ਕੁੜਿਆਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਤਿਜੁਗ ਵਰਤੇ ਸਚ ਵਰਤਾਰਾ, ਗੁਰਮੁਖ ਸਾਚੇ ਨਾਲ ਮਿਲਾਈਆ। ਭਗਤਨ ਮੇਲਾ ਭਗਤ ਦੁਆਰਾ, ਸ੍ਰੀ ਭਗਵਾਨ ਆਪ ਕਰਾਈਆ। ਸੰਤਨ ਦੇਵੇ ਇਕ ਆਧਾਰਾ, ਚਰਨ ਕਵਲ ਸੱਚੀ ਸਰਨਾਈਆ। ਗੁਰਸਿਖਾਂ ਕਰੇ ਸਚ ਪਿਆਰਾ, ਸਮਰਥ ਪੁਰਖ ਬੇਪਰਵਾਹੀਆ। ਜੀਂਵਦਿਆਂ ਕਰੇ ਪਾਰ ਕਿਨਾਰਾ, ਮਰਿਆਂ ਜਮ ਨੇੜ ਕਦੇ ਨਾ ਆਈਆ। ਚਿਤਰ ਗੁਪਤ ਨਾ ਬਣੇ ਲਿਖਾਰਾ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰਾ, ਗੁਰਸਿਖ ਪਰਨਾਵਣ ਕਦੇ ਨਾ ਆਈਆ। ਪੁਰਖ ਅਬਿਨਾਸ਼ੀ ਅਗੰਮ ਅਗੋਚਰ ਅਲੱਖ ਅਥਾਹ ਬੇਪਰਵਾਹ ਮੀਤ ਮੁਰਾਰਾ, ਮਿੱਤਰ ਪਿਆਰਾ ਆਪਣੀ ਸੇਵ ਕਮਾਈਆ। ਅੰਤਮ ਦੇਵੇ ਇਕ ਹੁਲਾਰਾ, ਲੋਆਂ ਪੁਰੀਆਂ ਕਰੇ ਪਾਰ ਕਿਨਾਰਾ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਦੇਵੇ ਵਸਤ ਨਾਮ ਹਰਿ ਥਾਰਾ, ਥਿਰ ਘਰ ਬੋਲੇ ਨਾਮ ਜੈਕਾਰਾ, ਸਚਖੰਡ ਵਸੇ ਆਪ ਨਿਰੰਕਾਰਾ, ਨਿਰਗੁਣ ਜੋਤੀ ਜੋਤ ਰੁਸ਼ਨਾਈਆ। ਕਾਗਦ ਕਲਮ ਨਾ ਲਿਖਣਹਾਰਾ, ਬੇਅੰਤ ਬੇਐਬ ਪਰਵਰਦਿਗਾਰਾ, ਪਾਰਬ੍ਰਹਮ ਵਡੀ ਵਡਿਆਈਆ। ਸਤਿ ਸਤਿਵਾਦੀ ਸਤਿ ਵਰਤਾਏ ਇਕ ਭੰਡਾਰਾ, ਜੁਗ ਚੌਕੜੀ ਆਪਣੇ ਹੱਥ ਵਖਾਈਆ। ਦੋ ਜਹਾਨ ਕਰਨ ਜੈ ਜੈਕਾਰਾ, ਜੈ ਜੈਕਾਰ ਆਪਣੇ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਦੁਆਰੇ ਸਾਚੀ ਵਸਤ ਆਪ ਵਰਤਾਈਆ। ਸਾਚੀ ਵਸਤ ਵਸਤ ਅਮੋਲਕ ਅਨਮੁਲ ਆਪ ਵਰਤਾਇੰਦਾ। ਰੱਖਣਹਾਰਾ ਕਾਇਆ ਗੋਲਕ ਸਾਚੇ ਮੰਦਰ ਆਪ ਸੁਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗਾਥਾ ਗਾਏ ਹਰਿ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜੁਗਾ ਜੁਗੰਤਰ ਸਦਾ ਅਡੋਲਤ, ਅਡੁਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਆਪ ਵਰਤਾਇੰਦਾ। ਨਾਮ ਨਿਧਾਨਾ ਡੂੰਘਾ ਸਾਗਰ, ਦਿਸ ਕਿਸੇ ਨਾ ਆਇੰਦਾ। ਆਪ ਰਖਾਏ ਕਾਇਆ ਗਾਗਰ, ਗਹਿਰ ਗੰਭੀਰ ਭੇਵ ਨਾ ਪਾਇੰਦਾ। ਜਿਸ ਜਨ ਦੇਵੇ ਆਪੇ ਆਦਰ, ਬਣ ਦਰਦੀ ਦਰਦ ਵੰਡਾਇੰਦਾ। ਆਪਣੇ ਘਰ ਕਰੇ ਸੌਦਾਗਰ, ਸਚ ਵਣਜਾਰਾ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਵਖਾਇੰਦਾ। ਆਪਣਾ ਨਾਉਂ ਵਖਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਮੇਟੇ ਪਾਪ, ਪਤਤ ਪਾਪੀ ਲਏ ਤਰਾਈਆ। ਨਾਤਾ ਤੋੜੇ ਤੀਨੋਂ ਤਾਪ, ਤ੍ਰੈਗੁਣ ਅਗਨ ਨਾ ਕੋਇ ਤਪਾਈਆ। ਆਤਮ ਪਰਮਾਤਮ ਸੱਚਾ ਜਾਪ, ਸੋਹੰ ਸ਼ਬਦ ਕਰੇ ਪੜ੍ਹਾਈਆ। ਨਾਤਾ ਤੁਟੇ ਪੂਜਾ ਪਾਠ, ਜਿਸ ਜਨ ਅਪਣਾ ਰੰਗ ਰੰਗਾਈਆ। ਲੇਖਾ ਚੁੱਕੇ ਤੀਰਥ ਅਠਸਾਠ, ਜਮਨਾ ਸੁਰਸਤੀ ਗੰਗਾ ਗੋਦਾਵਰੀ ਨਹਾਵਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਨੁਹਾਏ ਆਪਣੇ ਘਾਟ, ਘਾਟਾ ਕੋਇ ਰਹਿਣ ਨਾ ਪਾਈਆ। ਸਾਚਾ ਘਾਟ ਸਤਿਗੁਰ ਚਰਨ, ਦੂਸਰ ਤੱਟ ਨਾ ਕੋਇ ਰਖਾਇੰਦਾ। ਖੋਲ੍ਹਣਹਾਰਾ ਹਰਨ ਫਰਨ, ਨਿਜ ਨੇਤਰ ਆਪ ਖੁਲ੍ਹਾਇੰਦਾ। ਨਾਤਾ ਤੋੜੇ ਮਰਨ ਡਰਨ, ਜਨਮ ਮਰਨ ਭੇਵ ਚੁਕਾਇੰਦਾ। ਲੇਖਾ ਚੁੱਕੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਪੁਰਖ ਅਕਾਲ ਏਕੋ ਸਰਨ, ਏਕਾ ਨੂਰ ਨਜ਼ਰੀ ਆਇੰਦਾ। ਕਰਤਾ ਪੁਰਖ ਕਰੇ ਕਰਨੀ ਕਰਨ, ਕਰਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਸਾਚਾ ਧਾਮ ਸੁਹਾਇੰਦਾ। ਦਰਗਹਿ ਸਾਚੀ ਧਾਮ ਅਵੱਲਾ, ਹਰਿ ਜੂ ਹਰਿ ਹਰਿ ਆਪ ਸੁਹਾਇੰਦਾ। ਨਰ ਹਰਿ ਨਰਾਇਣ ਬੈਠਾ ਇਕ ਇਕੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਫੜਾਇਆ ਪੱਲਾ, ਪੱਲੂ ਆਪਣਾ ਨਾਉਂ ਰਖਾਇੰਦਾ। ਸਚ ਸੰਦੇਸ਼ ਨਰ ਨਰੇਸ਼ ਬੋਧ ਅਗਾਧੀ ਏਕਾ ਘੱਲਾ, ਅੱਖਰ ਵੱਖਰ ਨਾਮ ਪੜ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਆਪੇ ਫਲਾ, ਪਤ ਡਾਲੀ ਆਪ ਮਹਿਕਾਇੰਦਾ। ਕਲਜੁਗ ਅੰਤਮ ਆਪੇ ਹੋਏ ਝੱਲਾ, ਸ੍ਰਿਸ਼ਟ ਸਬਾਈ ਏਕਾ ਝਲਕ ਵਖਾਇੰਦਾ। ਲੇਖਾ ਚੁੱਕੇ ਰਾਣੀ ਅੱਲਾ, ਬਿਸਮਿਲ ਰੂਪ ਨਾ ਕੋਇ ਧਰਾਇੰਦਾ। ਚਾਰ ਯਾਰੀ ਮਾਰੇ ਹੱਲਾ, ਚੌਦਾਂ ਤਬਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰਤਾ ਪੁਰਖ, ਕੁਦਰਤ ਕਾਦਰ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਜਣਾਈਆ। ਗ਼ਰੀਬ ਨਿਮਾਣਿਆਂ ਉਪਰ ਕਰ ਕਰ ਤਰਸ, ਆਪ ਆਪਣਾ ਮੇਲ ਮਿਲਾਈਆ। ਅੰਮ੍ਰਿਤ ਮੇਘ ਏਕਾ ਬਰਸ, ਅਗਨੀ ਤਤ ਆਪ ਬੁਝਾਈਆ। ਰਾਤੀਂ ਸੁਤਿਆਂ ਦੇਵੇ ਦਰਸ, ਜਾਗਦਿਆਂ ਆਪਣਾ ਨੂਰ ਵਖਾਈਆ। ਲੇਖਾ ਤੋੜ ਅਰਸ਼ ਫਰਸ਼, ਕਾਇਆ ਕੁਰੇ ਦਏ ਵਡਿਆਈਆ। ਜਨਮ ਜਨਮ ਦੀ ਮੇਟੇ ਹਰਸ, ਗੁਰਮੁਖ ਹਵਸ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਨਗਾਰਾ ਏਕੰਕਾਰਾ ਨੌਬਤ ਆਪਣੇ ਨਾਮ ਵਜਾਈਆ। ਨੌਬਤ ਨਾਮ ਵੱਜੇ ਡੰਕਾ, ਰਹੀਮ ਰਹਿਮਾਨ ਆਪ ਵਜਾਇੰਦਾ। ਆਪ ਉਠਾਏ ਰਾਉ ਰੰਕਾ, ਰੱਯਤ ਹਰਿ ਜੂ ਭੇਵ ਚੁਕਾਇੰਦਾ। ਇਕ ਸੁਹਾਏ ਸਾਚਾ ਬੰਕਾ, ਸੰਬਲ ਆਪਣਾ ਡੇਰਾ ਲਾਇੰਦਾ। ਗੁਰਸਿਖਾਂ ਭੁਵਾਏ ਮਨ ਕਾ ਮਣਕਾ, ਮਨ ਵਾਸਨਾ ਮੋਹ ਮਿਟਾਇੰਦਾ। ਏਕਾ ਨੂਰ ਜੋਤੀ ਤਨਕਾ, ਤ੍ਰੈਗੁਣ ਮਾਇਆ ਪੰਧ ਮੁਕਾਇੰਦਾ। ਆਪ ਉਠਾਏ ਭੰਬੀਰੀ ਛਿਲਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਆਪਣੀ ਦਇਆ ਕਮਾਇੰਦਾ। ਨਰ ਹਰਿ ਨਰਾਇਣ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਗੁਰਮੁਖ ਸੱਜਣ ਵੇਖੇ ਲਾਲ, ਲਾਲ ਅਨਮੁਲੜੇ ਆਪ ਉਠਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਅੱਠੇ ਪਹਿਰ ਵੱਜਦੀ ਰਹੇ ਨਾਮ ਵਧਾਈਆ। ਨੇੜ ਨਾ ਆਏ ਕਾਲ ਮਹਾਕਾਲ, ਜੀਵਣ ਜੁਗਤ ਆਪ ਜਣਾਈਆ। ਸਾਹਿਬ ਸੁਲਤਾਨ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਜਨਮ ਜਨਮ ਦੀ ਵੇਖੇ ਘਾਲ, ਕੀਤੀ ਘਾਲ ਝੋਲੀ ਪਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਬਣ ਬਣ ਸੱਚਾ ਮਾਹੀਆ। ਜੁਗ ਜੁਗ ਚਲੇ ਅਵੱਲੜੀ ਚਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵੰਤ ਆਪੇ ਭਾਲ, ਮਿਲ ਮਿਲ ਆਪਣਾ ਬੰਧਨ ਪਾਈਆ। ਏਥੇ ਓਥੇ ਦੋ ਜਹਾਨਾਂ ਚਲੇ ਨਾਲ ਨਾਲ, ਸਚਖੰਡ ਨਿਵਾਸੀ ਵਿਛੜ ਕਦੇ ਨਾ ਜਾਈਆ। ਸਤਿ ਸਰੂਪੀ ਸ਼ਾਹੋ ਭੂਪੀ ਸ਼ਬਦੀ ਸ਼ਬਦ ਬਣ ਦਲਾਲ, ਸਾਚਾ ਵਣਜ ਦਏ ਕਰਾਈਆ। ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਵੇਖੇ ਚਾਈਂ ਚਾਈਂਆ। ਗੁਰਸਿਖ ਆਪ ਉਠਾਏ ਆਪਣੇ ਲਾਲ, ਛੋਟੇ ਬਾਲੇ ਗੋਦ ਬਹਾਈਆ। ਏਕਾ ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ਾਨਾ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਝੁਲਾਏ ਸਤਿ ਨਿਸ਼ਾਨ, ਲੋਕਮਾਤ ਦੇਵੇ ਦਾਨ, ਨੌਂ ਖੰਡ ਪ੍ਰਿਥਮੀ ਏਕਾ ਏਕ ਆਪਣਾ ਨਾਉਂ ਵੰਡ ਵੰਡਾਈਆ।
