੨ ਵਸਾਖ ੨੦੧੯ ਬਿਕਰਮੀ ਗੁਰਨਾਮ ਸਿੰਘ ਦੇ ਗ੍ਰਹਿ ਵੇਰਕਾ ਜ਼ਿਲਾ ਅੰਮ੍ਰਿਤਸਰ
ਸਚਖੰਡ ਦੁਆਰਾ ਆਪ ਸੁਹਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਤਖ਼ਤ ਨਿਵਾਸੀ ਏਕਾ ਤਖ਼ਤ ਵਡਿਆ, ਸ਼ਾਹੋ ਭੂਪ ਆਸਣ ਲਾਇੰਦਾ। ਰਾਜਨ ਰਾਜ ਆਪ ਅਖਵਾ, ਸੀਸ ਜਗਦੀਸ਼ ਤਾਜ ਸੁਹਾਇੰਦਾ। ਨਿਰਗੁਣ ਨੂਰ ਜੋਤੀ ਡਗਮਗਾ, ਜਲਵਾ ਨੂਰ ਆਪ ਧਰਾਇੰਦਾ। ਕਰੇ ਖੇਲ ਅਗੰਮ ਅਥਾਹ, ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਨਿਰਗੁਣ ਕਰੇ ਸਲਾਹ, ਦੂਸਰ ਸੰਗ ਨਾ ਕੋਇ ਰਖਾਇੰਦਾ। ਧੁਰ ਫ਼ਰਮਾਣਾ ਹੁਕਮ ਜਣਾ, ਹੁਕਮੀ ਹੁਕਮ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਦੁਆਰਾ ਹਰਿ ਨਿਰੰਕਾਰ, ਏਕਾ ਏਕ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰ, ਹੁਕਮੀ ਹੁਕਮ ਆਪ ਮਨਾਈਆ। ਨਿਰਗੁਣ ਸਰਗੁਣ ਦੇ ਆਧਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਜੁਗ ਚੌਕੜੀ ਵੇਖ ਵਿਚਾਰ, ਦੋ ਜਹਾਨ ਦਏ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਆਪ ਅਖਾੜ, ਗਗਨ ਮੰਡਲ ਸੋਭਾ ਪਾਈਆ। ਲਹਿਣਾ ਦੇਣਾ ਜਾਣੇ ਰਵ ਸਸ ਸੂਰਜ ਚੰਨ ਸਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਸਾਚਾ ਸੋਭਾਵੰਤ, ਸ੍ਰੀ ਭਗਵਾਨ ਆਪ ਸੁਹਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਜੁਗਾ ਜੁਗੰਤਰ ਸਾਚਾ ਮੰਤ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਨਿਰਗੁਣ ਨਿਰਾਕਾਰ ਨਿਰਵੈਰ ਬਣਾਏ ਬਣਤ, ਅਜੂਨੀ ਰਹਿਤ ਖੇਲ ਕਰਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਇੰਦਾ। ਸਚਖੰਡ ਦੁਆਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣਾ, ਏਕੰਕਾਰਾ ਬੇਪਰਵਾਹੀਆ। ਜੋਤੀ ਨੂਰ ਆਦਿ ਨਿਰੰਜਣਾ, ਅਬਿਨਾਸ਼ੀ ਕਰਤਾ ਖੇਲ ਕਰਾਈਆ। ਸ੍ਰੀ ਭਗਵਾਨ ਸਾਚਾ ਸੱਜਣਾ, ਪਾਰਬ੍ਰਹਮ ਪ੍ਰਭ ਸੰਗ ਨਿਭਾਈਆ। ਨਾਦ ਅਨਾਦੀ ਨਾਦ ਏਕਾ ਵੱਜਣਾ, ਨਿਰਗੁਣ ਨਿਰੰਾਕਾਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਮਾਣ ਵਡਿਆਈਆ। ਸਚਖੰਡ ਦੁਆਰੇ ਦੇਵੇ ਮਾਣ, ਹਰਿ ਵੱਡਾ ਵਡ ਵਡਿਆਈਆ। ਕਿਰਪਾ ਕਰ ਸ੍ਰੀ ਭਗਵਾਨ, ਸਚ ਮਹੱਲਾ ਦਏ ਸੁਹਾਈਆ। ਦੀਆ ਬਾਤੀ ਇਕ ਮਹਾਨ, ਕਮਲਾਪਾਤੀ ਆਪ ਜਗਾਈਆ। ਚਾਰ ਦੀਵਾਰੀ ਨਾ ਕੋਇ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਬਣਤ ਬਣਾਈਆ। ਸਚਖੰਡ ਦੁਆਰਾ ਏਕਾ ਏਕ, ਏਕੰਕਾਰਾ ਆਪ ਸੁਹਾਇੰਦਾ। ਆਪਣੇ ਨੇਤਰ ਆਪੇ ਪੇਖ, ਆਪ ਆਪਣੀ ਖ਼ੁਸ਼ੀ ਮਨਾਇੰਦਾ। ਆਪੇ ਜਾਣੇ ਆਪਣਾ ਭੇਤ ਅਭੇਤ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਨਿਰਗੁਣ ਨਿਰਗੁਣ ਕਰੇ ਹੇਤ, ਸਚਖੰਡ ਦੁਆਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚਾ ਤਖ਼ਤ ਸਚ ਮਹੱਲਾ, ਹਰਿ ਸਾਚਾ ਸਚ ਸੁਹਾਈਆ। ਵਸਣਹਾਰਾ ਇਕ ਇਕੱਲਾ, ਅਕਲ ਕਲ ਬੇਪਰਵਾਹੀਆ। ਜੋਤੀ ਸ਼ਬਦ ਆਪੇ ਰਲਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਪਣੇ ਪਰਕਾਸ਼ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਵਸੇ ਨਰ, ਨਰ ਨਰਾਇਣ ਵਡੀ ਵਡਿਆਈਆ। ਨਰ ਨਰਾਇਣ ਇਕੋ ਦਾਤਾ, ਇਕ ਇਕੱਲਾ ਖੇਲ ਕਰਾਇੰਦਾ। ਆਦਿ ਜੁਗਾਦੀ ਖੇਲ ਤਮਾਸ਼ਾ, ਨਿਰਗੁਣ ਨਿਰਵੈਰ ਆਪ ਵਖਾਇੰਦਾ। ਥਿਰ ਘਰ ਸਾਚੇ ਕਰ ਪਰਕਾਸ਼ਾ, ਨੂਰੋ ਨੂਰ ਨੂਰ ਧਰਾਇੰਦਾ। ਸ਼ਬਦੀ ਸ਼ਬਦ ਦੇ ਦਿਲਾਸਾ, ਸਚ ਭਰਵਾਸਾ ਇਕ ਸਮਝਾਇੰਦਾ। ਸਾਚੇ ਮੰਡਲ ਪਾਵੇ ਰਾਸਾ, ਨਿਰਗੁਣ ਨੂਰ ਨੂਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰ, ਆਦਿ ਪੁਰਖ ਆਪ ਕਰਾਈਆ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਇਕ ਵਰਤਾਈਆ। ਸਾਚੀ ਸਿਖਿਆ ਏਕੰਕਾਰ, ਅਕਲ ਕਲ ਕਰੇ ਪੜ੍ਹਾਈਆ। ਮੁਨੀ ਰਿਖੀ ਨਾ ਪਾਵੇ ਸਾਰ, ਮੁਕਾਮੇ ਹੱਕ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਕ ਹਕ਼ੀਕ਼ਤ ਆਪਣੇ ਵਿਚ ਛੁਪਾਈਆ। ਮੁਕਾਮੇ ਹੱਕ ਹੱਕ ਨਜ਼ਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਨੂਰੀ ਜਲਵਾ ਨੂਰ ਉਜਿਆਰਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਨਾਦ ਧੁੰਨ ਬੋਲ ਜੈਕਾਰਾ, ਆਪ ਆਪਣਾ ਨਾਉਂ ਪਰਗਟਾਇੰਦਾ। ਸ਼ਬਦੀ ਸ਼ਬਦ ਸੁਤ ਦੁਲਾਰਾ, ਪਿਤਾ ਪੂਤ ਵੇਸ ਵਟਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਸਾਚਾ ਮੰਦਰ ਆਪ ਵਡਿਆਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਸਾਰਾ, ਰਵ ਸਸ ਸੂਰਜ ਚੰਨ ਕਿਰਨ ਕਿਰਨ ਚਮਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰਾ, ਤ੍ਰੈਗੁਣ ਆਪਣਾ ਬੰਧਨ ਪਾਇੰਦਾ। ਪੰਚਮ ਵੇਖ ਸਚ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਕਰਾਇੰਦਾ। ਲੱਖ ਚੁਰਾਸੀ ਘਾੜਨ ਘੜੇ ਬਣ ਠਠਿਆਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਮਨ ਮਤ ਬੁਧ ਦੇ ਆਧਾਰਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਈਸ਼ ਜੀਵ ਖੇਲ ਨਿਆਰਾ, ਜਗਦੀਸ਼ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਸਚਖੰਡ ਨਿਵਾਸੀ ਆਪ ਸੁਣਾਇੰਦਾ। ਸਚਖੰਡ ਨਿਵਾਸੀ ਧੁਰ ਫ਼ਰਮਾਣਾ ਹਰਿ ਜੂ ਹਰਿ ਹਰਿ ਆਪ ਜਣਾਈਆ। ਲੱਖ ਚੁਰਾਸੀ ਕਰ ਪਰਧਾਨਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਜੁਗ ਚੌਕੜੀ ਹੋ ਪਰਧਾਨਾ, ਨਿਰਗੁਣ ਸਰਗੁਣ ਦਏ ਵਡਿਆਈਆ। ਪੰਜ ਤਤ ਤਤ ਨਿਸ਼ਾਨਾ, ਬ੍ਰਹਮ ਮਤ ਮਤ ਕੁੜਮਾਈਆ। ਸ਼ਬਦ ਅਗੰਮੀ ਏਕਾ ਗਾਨਾ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਸਰੋਵਰ ਕਰ ਪਰਵਾਨਾ, ਨਿਝਰ ਝਿਰਨਾ ਆਪ ਝਿਰਾਈਆ। ਨਿਰਮਲ ਦੀਆ ਜੋਤ ਮਹਾਨਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਘਰ ਵਿਚ ਘਰ ਖੇਲ ਕਰੇ ਸ੍ਰੀ ਭਗਵਾਨਾ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦੇਵੇ ਮਾਣ ਵਡਿਆਈਆ। ਨਿਰਗੁਣ ਸਰਗੁਣ ਸਾਚਾ ਨਾਤਾ, ਲੋਕਮਾਤ ਜੋੜ ਜੁੜਾਇੰਦਾ। ਨਾਮ ਨਿਧਾਨ ਅਗੰਮੀ ਗਾਥਾ, ਸਚ ਸੰਦੇਸ਼ਾ ਆਪ ਸੁਣਾਇੰਦਾ। ਪੰਜ ਤਤ ਚਲਾਏ ਹਰਿ ਜੂ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਸਾਚਾ ਮੰਤਰ ਪੂਜਾ ਪਾਠਾ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਆਪ ਵੰਡਾਇੰਦਾ। ਸਾਚੀ ਵੰਡਣ ਵੰਡ ਸੰਸਾਰ, ਹਰਿ ਜੂ ਹਰਿ ਹਰਿ ਆਪ ਕਰਾਈਆ। ਲੇਖਾ ਜਾਣੇ ਵੇਦ ਚਾਰ, ਚਾਰ ਜੁਗ ਕਰੇ ਕੁੜਮਾਈਆ। ਚਾਰੇ ਖਾਣੀ ਕਰ ਪਿਆਰ, ਚਾਰੇ ਬਾਣੀ ਕਰੇ ਪੜ੍ਹਾਈਆ। ਚਾਰ ਵਰਨ ਦੇ ਆਧਾਰ, ਚਾਰ ਯਾਰੀ ਬੰਧਨ ਪਾਈਆ। ਨਵ ਨੌਂ ਖੋਲ੍ਹ ਦੁਆਰ, ਕਰੇ ਖੇਲ ਬੇਪਰਵਾਹੀਆ। ਸੇਵਾ ਲਾ ਗੁਰ ਅਵਤਾਰ, ਗੁਰ ਸ਼ਬਦੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਬੰਧਨ ਪਾਈਆ। ਜੁਗ ਚੌਕੜੀ ਬੰਧਨ ਪਾਏ ਹਰਿ, ਹਰਿ ਭੇਵ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਨੂਰ ਆਪੇ ਧਰ ਧਰ, ਧਰਨੀ ਧਰਤ ਧਵਲ ਸੁਹਾਇੰਦਾ। ਨਿਰਭੌ ਚੁਕਾਏ ਭੈ ਡਰ ਡਰ, ਅਜੂਨੀ ਰਹਿਤ ਨਜ਼ਰ ਕਿਸੇ ਨਾ ਆਇੰਦਾ। ਵੇਦ ਸ਼ਾਸਤਰ ਸਿਮਰਤ ਪੁਰਾਨ ਆਪੇ ਪੜ੍ਹ ਪੜ੍ਹ, ਆਪਣੀ ਮਹਿਮਾ ਆਪੇ ਗਾਇੰਦਾ। ਅੰਜੀਲ ਕੁਰਾਨਾ ਆਪੇ ਧਰ ਧਰ, ਧਰ ਧਰਨੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸਾਚਾ ਗੀਤ, ਸਤਿਗੁਰ ਪੂਰਾ ਆਪ ਸੁਣਾਈਆ। ਵਸਣਹਾਰਾ ਧਾਮ ਅਨਡੀਠ, ਸਚਖੰਡ ਵਸੇ ਸੱਚਾ ਮਾਹੀਆ। ਜੁਗ ਚੌਕੜੀ ਚਲਾਏ ਆਪਣੀ ਰੀਤ, ਭੇਵ ਕੋਇ ਨਾ ਪਾਈਆ। ਪੰਜ ਤਤ ਕਾਇਆ ਕਰੇ ਠਾਂਡੀ ਸੀਤ, ਜਿਸ ਜਨ ਆਪਣੀ ਬੂਝ ਬੁਝਾਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਬੰਧਨ ਨਾ ਕੋਇ ਰਖਾਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਆਪਣੀ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਵਰਤਾਈਆ। ਜੁਗ ਚੌਕੜੀ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਗੁਰ ਅਵਤਾਰ ਫੜਾਏ ਪੱਲਾ, ਨਾਮ ਨਾਮਾ ਬੰਧਨ ਪਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਨਜ਼ਰ ਕਿਸੇ ਨਾ ਆਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੱਖ ਚੁਰਾਸੀ ਅੰਦਰ ਨਿਰਗੁਣ ਨੂਰ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਇੰਦਾ। ਸਚ ਸੁਨੇਹੜਾ ਹਰਿ ਨਿਰੰਕਾਰ, ਆਦਿ ਆਦਿ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਿਆ ਖ਼ਬਰਦਾਰ, ਤ੍ਰੈਗੁਣ ਨਿੰਦਰਾ ਰਹੇ ਨਾ ਰਾਈਆ। ਪੰਜ ਤਤ ਕਰੇ ਬੇਦਾਰ, ਆਲਸ ਹੋਰ ਨਾ ਕੋਇ ਪਾਈਆ। ਚਾਰ ਵੇਦ ਦੇ ਆਧਾਰ, ਚਾਰ ਜੁਗ ਕਰੇ ਪੜ੍ਹਾਈਆ। ਚਾਰੇ ਖਾਣੀ ਪਾਵੇ ਸਾਰ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖ਼ਰੀ ਆਪੇ ਗਾਈਆ। ਸਾਚਾ ਹੁਕਮ ਦੇਵੇ ਏਕਾ ਵਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਲੋਕਮਾਤ ਖੇਲ ਕਰਾਈਆ। ਸ਼ਬਦੀ ਸ਼ਬਦ ਬੋਲ ਜੈਕਾਰ, ਜੈ ਜੈ ਏਕਾ ਨਾਮ ਕਰਾਈਆ। ਲੇਖਾ ਜਾਣੇ ਗੁਰ ਅਵਤਾਰ, ਗੁਰ ਗੁਰ ਆਪਣਾ ਰੂਪ ਵਖਾਈਆ। ਕਾਇਆ ਕਾਅਬਾ ਖੋਲ੍ਹ ਕਿਵਾੜ, ਸਚ ਮਹਿਰਾਬੇ ਡੇਰਾ ਲਾਈਆ। ਪੀਰ ਪੈਗ਼ੰਬਰ ਦੇ ਆਧਾਰ, ਦਸਤਗੀਰ ਆਪਣਾ ਦਸਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਗੇੜਾ ਆਪ ਦਵਾਈਆ। ਜੁਗ ਚੌਕੜੀ ਗੇੜੇ ਅੰਦਰ ਰੱਖ, ਹਰਿ ਜੂ ਹੁਕਮੇ ਹੁਕਮ ਭੁਵਾਇੰਦਾ। ਨਿਰਗੁਣ ਸਰਗੁਣ ਹੋ ਪਰਤੱਖ, ਗੁਰ ਗੁਰ ਵੇਸ ਵਟਾਇੰਦਾ। ਨਾਉਂ ਨਿਧਾਨਾ ਬੋਲ ਅਲੱਖ, ਅਲੱਖ ਅਲੱਖਣਾ ਪਰਦਾ ਲਾਹਿੰਦਾ। ਜੀਵ ਜੰਤ ਮਾਰਗ ਦੱਸ, ਭਗਤ ਭਗਵੰਤ ਆਪ ਉਠਾਇੰਦਾ। ਸਾਚੇ ਸੰਤਾਂ ਦੇਵੇ ਅੰਮ੍ਰਿਤ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਗੁਰਮੁਖਾਂ ਹਿਰਦੇ ਅੰਦਰ ਵਸ, ਆਪ ਆਪਣਾ ਪਰਦਾ ਲਾਹਿੰਦਾ। ਗੁਰਸਿਖਾਂ ਮੇਟੇ ਰੈਣ ਅੰਧੇਰੀ ਮਸ, ਸਾਚਾ ਚੰਦ ਇਕ ਚਮਕਾਇੰਦਾ। ਤ੍ਰੈਗੁਣ ਵਿਚ ਨਾ ਜਾਏ ਫਸ, ਪੰਚਮ ਮੋਹ ਨਾ ਕੋਇ ਰਖਾਇੰਦਾ। ਜੁਗ ਜੁਗ ਪੂਰੀ ਕਰੇ ਆਸ, ਆਸਾਵੰਤ ਆਪ ਹੋ ਜਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਰਭਾਸ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਫੋਲਣਹਾਰਾ ਆਪ ਕੈਲਾਸ਼, ਡੂੰਘੇ ਸਾਗਰ ਡੇਰਾ ਲਾਇੰਦਾ। ਲੱਖ ਚੁਰਾਸੀ ਅੰਦਰ ਰੱਖੇ ਵਾਸ, ਅਨਭਵ ਆਪਣੀ ਧਾਰ ਚਲਾਇੰਦਾ। ਦੋ ਜਹਾਨਾਂ ਪਾਵੇ ਰਾਸ, ਗੁਰ ਅਵਤਾਰ ਪੀਰ ਪੈਗ਼ੰਬਰ ਗੋਪੀ ਕਾਹਨ ਨਚਾਇੰਦਾ। ਲੇਖਾ ਜਾਣੇ ਦਸ ਦਸ ਮਾਸ, ਮਾਤ ਗਰਭ ਫੇਰਾ ਪਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਬਿਨਾਸ਼ੀ ਆਪਣਾ ਨਾਉਂ ਧਰਾਇੰਦਾ। ਪਰਦਾ ਲਾਹੇ ਪ੍ਰਿਥਮੀ ਅਕਾਸ਼, ਗਗਨ ਗਗਨਾਂ ਉਪਰ ਡੇਰਾ ਲਾਇੰਦਾ। ਲੇਖਾ ਜਾਣੇ ਪਵਣ ਸਵਾਸ, ਉਣੰਜਾ ਪਵਣ ਆਪ ਝੁਲਾਇੰਦਾ। ਜੁਗ ਚੌਕੜੀ ਆਪਣੀ ਪਤ ਆਪੇ ਰਾਖ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸੁਹਾਏ ਸਾਚਾ ਘਰ, ਲੋਕਮਾਤ ਵੇਖ ਵਖਾਇੰਦਾ। ਲੋਕਮਾਤ ਵੇਖਣਹਾਰਾ, ਨਿਰਗੁਣ ਆਪਣਾ ਖੇਲ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪਾਰ ਕਿਨਾਰਾ, ਜੁਗ ਚੌਕੜੀ ਪੰਧ ਮੁਕਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਵੇਸ ਅਨੇਕਾ ਆਪ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰਾ, ਲੇਖਾ ਜਾਣੇ ਕਲਮ ਸ਼ਾਹੀਆ। ਗੀਤਾ ਗਿਆਨ ਦੇ ਆਧਾਰਾ, ਅੱਠ ਦਸ ਵਣਜ ਕਰਾਈਆ। ਅੰਜੀਲ ਕੁਰਾਨ ਬੋਲ ਨਾਅਰਾ, ਬਿਸਮਿਲ ਆਪਣਾ ਰੂਪ ਵਖਾਈਆ। ਈਸਾ ਮੂਸਾ ਮੁਹੰਮਦ ਦੇ ਸਹਾਰਾ, ਸਜਦਾ ਸੀਸ ਜਗਦੀਸ਼ ਝੁਕਾਈਆ। ਕਲਮਾ ਹੱਕ ਪਰਵਰਦਿਗਾਰਾ, ਲਾ ਹੱਕ ਕਰੇ ਪੜ੍ਹਾਈਆ। ਕਰੇ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਪਾਈਆ। ਸਚਖੰਡ ਨਿਵਾਸੀ ਹੋ ਤਿਆਰਾ, ਨਿਰਗੁਣ ਆਪਣੀ ਧਾਰ ਚਲਾਈਆ। ਨਾਨਕ ਸਰਗੁਣ ਦੇ ਆਧਾਰਾ, ਪੰਚਮ ਤਤ ਤਤ ਵਡਿਆਈਆ। ਸਤਿਨਾਮ ਬੋਲ ਜੈਕਾਰਾ, ਜੈ ਜੈਕਾਰ ਸਰਬ ਲੋਕਾਈਆ। ਏਕਾ ਜੋਤ ਦਸ ਅਵਤਾਰਾ, ਫ਼ਤਹਿ ਡੰਕਾ ਗੁਰ ਵਜਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰੇ ਖੇਲ ਵਾਰੋ ਵਾਰਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਧੁਰ ਫ਼ਰਮਾਣਾ ਧੁਰਦਰਗਾਹੀ ਸਾਚਾ ਰਾਣਾ ਏਕਾ ਏਕ ਜਣਾਈਆ। ਏਕਾ ਏਕ ਸਚ ਸੰਦੇਸ਼ਾ, ਸਤਿ ਸਤਿਵਾਦੀ ਆਪ ਜਣਾਇੰਦਾ। ਪੁਰਖ ਅਕਾਲ ਰਹੇ ਹਮੇਸ਼ਾ, ਜਨਮ ਮਰਨ ਵਿਚ ਨਾ ਆਇੰਦਾ। ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਹੁਕਮੀ ਹੁਕਮ ਆਪ ਫਿਰਾਇੰਦਾ। ਗੁਰ ਅਵਤਾਰ ਧਰ ਧਰ ਭੇਸਾ, ਜੁਗ ਚੌਕੜੀ ਪੰਧ ਮੁਕਾਇੰਦਾ। ਅੰਤਮ ਆਪਣੇ ਹੱਥ ਰੱਖੇ ਲੇਖਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਪੰਧ ਮੁਕਾਇੰਦਾ। ਨਵ ਨੌਂ ਚਾਰ ਮੁੱਕੇ ਪੰਧ, ਹਰਿ ਪਾਂਧੀ ਆਪ ਮੁਕਾਈਆ। ਜੁਗ ਚੌਕੜੀ ਕੋਟਨ ਕੋਟ ਗਾਏ ਛੰਦ, ਰਸਨਾ ਜਿਹਵਾ ਨਾਲ ਮਿਲਾਈਆ। ਭੇਵ ਅਭੇਦ ਜਣਾਏ ਬੱਤੀ ਦੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੇ ਹੱਥ ਰੱਖੇ ਵਡਿਆਈਆ। ਨਵ ਨੌਂ ਚਾਰ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਆਈ ਅੰਤਮ ਵਾਰਾ, ਨੌਂ ਖੰਡ ਪ੍ਰਿਥਮੀ ਅੰਧੇਰਾ ਛਾਈਆ। ਪੁਰਖ ਅਬਿਨਾਸ਼ੀ ਏਕਾ ਹੁਕਮ ਕਰੇ ਵਰਤਾਰਾ, ਧੁਰ ਸੰਦੇਸ਼ਾ ਆਪ ਸੁਣਾਈਆ। ਨੈਣ ਖੁਲ੍ਹਾਏ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਈਆ। ਈਸਾ ਮੂਸਾ ਮੁਹੰਮਦ ਖੋਲ੍ਹੇ ਕਿਵਾੜਾ, ਬੰਦ ਤਾਕੀ ਨਾ ਕੋਇ ਰਖਾਈਆ। ਨਾਨਕ ਗੋਬਿੰਦ ਦੇ ਹੁਲਾਰਾ, ਸਚ ਸੰਦੇਸ਼ਾ ਇਕ ਸੁਣਾਈਆ। ਤ੍ਰੈਗੁਣ ਮਾਇਆ ਪਾਰ ਕਿਨਾਰਾ, ਪੰਜ ਤਤ ਡੇਰਾ ਦੇਵੇ ਢਾਹੀਆ। ਵਰਨ ਬਰਨ ਨਾ ਰਹੇ ਅਖਾੜਾ, ਜੂਠ ਝੂਠ ਨਾ ਨਾਚ ਨਚਾਈਆ। ਵਿਭਚਾਰ ਕੋਇ ਨਾ ਰਹੇ ਨਾਰਾ, ਨਰ ਨਰਾਇਣ ਆਪਣਾ ਹੁਕਮ ਵਰਤਾਈਆ। ਨਿਰਮਲ ਜੋਤ ਕਰ ਉਜਿਆਰਾ, ਦੋ ਜਹਾਨ ਕਰੇ ਰੁਸ਼ਨਾਈਆ। ਵਿਸ਼ਨੂੰ ਦੋਏ ਜੋੜ ਕਰੇ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਬ੍ਰਹਮਾ ਨੇਤਰ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹੇ ਹਾਰਾ, ਹੱਥ ਤ੍ਰਿਸੂਲ ਸੁਟਾਈਆ। ਇੰਦਰ ਮੰਗੇ ਚਰਨ ਧੂੜੀ ਛਾਰਾ, ਕਰੋੜ ਤਤੀਸਾ ਨਾਲ ਮਿਲਾਈਆ। ਤੇਈ ਅਵਤਾਰ ਕਰਨ ਵਿਚਾਰਾ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਈਸਾ ਮੂਸਾ ਮੁਹੰਮਦ ਬੋਲੇ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਨਾਨਕ ਗੋਬਿੰਦ ਫ਼ਤਿਹ ਡੰਕ ਇਕ ਨਗਾਰਾ, ਏਕਾ ਵਾਰ ਗਿਆ ਵਜਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਮਹਾਬਲੀ ਨਾਉਂ ਧਰਾਈਆ। ਸੰਬਲ ਵਸੇ ਧਾਮ ਨਿਆਰਾ, ਭੇਵ ਕੋਇ ਨਾ ਪਾਈਆ। ਸਾਢੇ ਤਿੰਨ ਹੱਥ ਵੇਖੇ ਆਪ ਮਨਾਰਾ, ਰਵਦਾਸ ਚੁਮਾਰਾ ਦਏ ਗਵਾਹੀਆ। ਨਵ ਨੌਂ ਚਾਰ ਕਰੇ ਪਾਰ ਕਿਨਾਰਾ, ਮੰਝਧਾਰਾ ਫੇਰਾ ਪਾਈਆ। ਵੇਖਣਹਾਰਾ ਡੂੰਘੇ ਸਾਗਰ ਵਡੀ ਗਾਰਾ, ਆਪ ਆਪਣਾ ਪਰਦਾ ਲਾਹੀਆ। ਮੁਹੰਮਦ ਕਹੇ ਮੇਰਾ ਪਰਵਰਦਿਗਾਰਾ, ਹਜ਼ਰਤ ਆਵੇ ਚਾਈਂ ਚਾਈਂਆ। ਈਸਾ ਕਹੇ ਦੇਵੇ ਅੰਤ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਵੇਦ ਵਿਆਸ ਬਣ ਲਿਖਾਰਾ, ਪੂਤ ਸਪੂਤਾ ਬ੍ਰਹਿਮਣ ਗੌੜਾ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਅੰਤ ਨਾ ਪਾਰਾਵਾਰਾ, ਹਰਿ ਕਾ ਅੰਤ ਨਾ ਕੋਇ ਲਿਖਾਈਆ। ਲਿਖ ਲਿਖ ਥੱਕੇ ਜੀਵ ਸੰਸਾਰਾ, ਕਾਤਬ ਆਪਣਾ ਬਲ ਨਾ ਕੋਇ ਰਖਾਈਆ। ਸਮੁੰਦ ਸਾਗਰ ਮਸ ਬਣ ਬਣ ਰੋਵੇ ਜ਼ਾਰੋ ਜ਼ਾਰਾ, ਬਨਾਸਪਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਵ ਨੌਂ ਲੇਖਾ ਦਏ ਮੁਕਾਈਆ। ਨਵ ਨੌਂ ਲੇਖਾ ਹੋਏ ਪਾਰ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਈਆ। ਸਚਖੰਡ ਦਾ ਸਚ ਦੁਆਰ, ਧਰਤ ਧਵਲ ਉਪਰ ਆਪ ਸੁਹਾਈਆ। ਛੱਤੀ ਜੁਗ ਦਾ ਕਰਜ਼ ਉਤਾਰ, ਚਾਰੇ ਕੁੰਟਾਂ ਦਏ ਵਖਾਈਆ। ਲਹਿਣਾ ਮੁਕਾਏ ਤੇਈ ਅਵਤਾਰ, ਬਾਕੀ ਕੋਇ ਨਜ਼ਰ ਨਾ ਆਈਆ। ਈਸਾ ਮੂਸਾ ਮੁਹੰਮਦ ਰੱਖੇ ਨਾ ਕੋਇ ਉਧਾਰ, ਲਹਿਣਾ ਸਭ ਦੀ ਝੋਲੀ ਪਾਈਆ। ਮੇਲ ਮਿਲਾਏ ਗੁਰ ਗੁਰ ਧਾਰ, ਇਕ ਦਸ ਵਡੀ ਵਡਿਆਈਆ। ਆਪਣਾ ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰ, ਸਾਚਾ ਡੰਕਾ ਨਾਮ ਵਜਾਈਆ। ਰਾਉ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਆਸਣ ਲਾਈਆ। ਸਾਚਾ ਆਸਣ ਗਿਆ ਲੱਗ, ਨਜ਼ਰ ਕਿਸੇ ਨਾ ਆਇੰਦਾ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਦੀਪਕ ਗਿਆ ਜਗ, ਦੋ ਜਹਾਨ ਅੰਧੇਰ ਮਿਟਾਇੰਦਾ। ਗੁਰਮੁਖ ਸੱਜਣ ਆਪੇ ਲੱਭ, ਸੰਤ ਸੁਹੇਲੇ ਆਪ ਮਿਲਾਇੰਦਾ। ਅੰਮ੍ਰਿ਼ਤ ਚਵਾਏ ਕਵਲ ਨਭ, ਨਾਭੀ ਮੁਖੜਾ ਆਪ ਭੁਵਾਇੰਦਾ। ਪੰਚ ਵਿਕਾਰਾ ਦੇਵੇ ਦੱਬ, ਕਾਮ ਕਰੋਧ ਲੋਭ ਮੋਹ ਹੰਕਾਰ ਆਪ ਗਵਾਇੰਦਾ। ਅਨਹਦ ਸ਼ਬਦ ਵਜਾਏ ਨਦ, ਧੁਨ ਆਤਮਕ ਆਪ ਸੁਣਾਇੰਦਾ। ਨੌਂ ਦੁਆਰੇ ਪਾਰ ਹੱਦ, ਡੂੰਘੀ ਭਵਰੀ ਆਪ ਲੰਘਾਇੰਦਾ। ਹਰਿਜਨ ਬਣਾਏ ਆਪਣੀ ਯਦ, ਵਿਸ਼ਵ ਆਪਣਾ ਖੇਲ ਵਖਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕਰ ਅੱਡ, ਆਤਮ ਪਰਮਾਤਮ ਜੋੜ ਜੁੜਾਇੰਦਾ। ਲੇਖਾ ਜਾਣੇ ਤਿੰਨ ਸੌ ਸਠ ਹਾਡੀ ਹੱਡ, ਬਹੱਤਰ ਨਾੜੀ ਗੰਢ ਪੁਵਾਇੰਦਾ। ਧਾਮ ਰਖਾਏ ਏਕਾ ਪਦ, ਚੌਥੇ ਪਦ ਆਪ ਬਹਾਇੰਦਾ। ਨਿਰਗੁਣ ਸਰਗੁਣ ਲਡਾਏ ਲਡ, ਪ੍ਰੇਮ ਰੀਤੀ ਆਪ ਵਖਾਇੰਦਾ। ਨਾਮ ਪਿਆਏ ਸਾਚੀ ਮਦਿ, ਅੱਠੇ ਪਹਿਰ ਖ਼ੁਮਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਸਾਚਾ ਸੋਭਨੀਕ, ਸਤਿ ਸਤਿਵਾਦੀ ਆਪ ਸੁਹਾਈਆ। ਇਕ ਇਕੱਲਾ ਲਾਸ਼ਰੀਕ, ਆਪਣਾ ਆਸਣ ਲਾਈਆ। ਕਲਜੁਗ ਅੰਤਮ ਮੇਟੇ ਅੰਧੇਰਾ ਤਾਰੀਕ, ਚੰਦ ਚਾਂਦਨੀ ਕਰੇ ਰੁਸ਼ਨਾਈਆ। ਕਰੇ ਖੇਲ ਅਗੰਮ ਅਨਡੀਠ, ਬੇਅੰਤ ਬੇਪਰਵਾਹੀਆ। ਗੁਰਮੁਖ ਮਿੱਠੇ ਕਰੇ ਕੌੜੇ ਰੀਠ, ਵਿਖ ਅੰਮ੍ਰਿਤ ਰੂਪ ਬਣਾਈਆ। ਦਰਸ ਦਖਾਏ ਇਕ ਅਤੀਤ, ਤ੍ਰੈਭਵਣ ਧਨੀ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਲਹਿਣਾ ਦੇਣਾ ਮੁਕਾਏ ਮੰਦਰ ਮਸਜਿਦ ਮੱਠ ਮਸੀਤ, ਕਾਇਆ ਕਾਅਬਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤੇ ਜਗ, ਸੋ ਪੁਰਖ ਨਿਰੰਜਣ ਆਪ ਵਰਤਾਇੰਦਾ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਬੰਨ੍ਹੇ ਤਗ, ਦਿਸ ਕਿਸੇ ਨਾ ਆਇੰਦਾ। ਘਟ ਘਟ ਅੰਦਰ ਕਰੇ ਹੱਜ, ਬਣ ਹਾਜੀ ਫੇਰਾ ਪਾਇੰਦਾ। ਮੁਰਸ਼ਦ ਮੁਰੀਦ ਆਪੇ ਲਏ ਲੱਭ, ਆਪਣਾ ਪਰਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਲਾਇੰਦਾ। ਸਾਚਾ ਮਾਰਗ ਅੰਤਮ ਕਲ, ਹਰਿ ਜੂ ਹਰਿ ਹਰਿ ਆਪ ਲਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਰਿਹਾ ਵਲ ਛਲ, ਰੂਪ ਅਨੂਪ ਧਰਾਈਆ। ਗੁਰ ਅਵਤਾਰ ਮਾਤ ਘਲ, ਸਾਚੀ ਸੇਵਾ ਇਕ ਸਮਝਾਈਆ। ਸਚ ਸਿੰਘਾਸਣ ਆਪੇ ਮਲ, ਸਚਖੰਡ ਆਪਣੀ ਖੇਲ ਰਚਾਈਆ। ਕਲਜੁਗ ਅੰਤਮ ਆਇਆ ਚਲ, ਨਿਰਗੁਣ ਦਾਤਾ ਬੇਪਰਵਾਹੀਆ। ਲੱਖ ਚੁਰਾਸੀ ਵੇਖੇ ਪਤ ਡਾਲ੍ਹੀ ਫਲ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸਮਝਾਈਆ। ਸਚ ਸੰਦੇਸ਼ਾ ਅੰਤਮ ਵਾਰ, ਹਰਿ ਜੂ ਹਰਿ ਹਰਿ ਆਪ ਸੁਣਾਇਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਆਪਣਾ ਰਾਹ ਚਲਾਇਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਆਧਾਰ, ਪੂਜਸ ਪੂਜ ਨਾ ਕੋਇ ਪੁਜਾਇਆ। ਤ੍ਰੈ ਪੰਜ ਨਾਤਾ ਤੁਟਾ ਸਗਲਾ ਯਾਰ, ਮਿੱਤਰ ਮੀਤ ਨਾ ਕੋਇ ਅਖਵਾਇਆ। ਤੇਈ ਅਵਤਾਰ ਮੁੱਕਾ ਉਧਾਰ, ਲੋਕਮਾਤ ਰਹੇ ਨਾ ਰਾਇਆ। ਈਸਾ ਮੂਸਾ ਅੰਤ ਦੀਦਾਰ, ਦੀਦ ਈਦ ਆਪ ਚੰਦ ਚੜ੍ਹਾਇਆ। ਮੁਹੰਮਦ ਲਹਿਣਾ ਚੁਕੇ ਚਾਰ ਯਾਰ, ਯਾਰੀ ਸੰਗ ਨਾ ਕੋਇ ਰਖਾਇਆ। ਜੋਤੀ ਮੇਲਾ ਗੁਰ ਗੁਰ ਧਾਰ, ਦਸ ਦਸ ਆਪਣੇ ਵਿਚ ਮਿਲਾਇਆ। ਪੰਚਮ ਪੰਚ ਪੰਚ ਜੈਕਾਰ, ਜੈ ਜੈ ਏਕਾ ਨਾਦ ਸੁਣਾਇਆ। ਨੌਂ ਖੰਡ ਪ੍ਰਿਥਮੀ ਏਕਾ ਧਾਰ, ਧੁਰ ਦਰਬਾਰੀ ਆਪ ਬਣਾਇਆ। ਚਾਰ ਵਰਨਾਂ ਕਰ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਵਖਾਇਆ। ਊਚ ਨੀਚ ਨਾ ਕੋਇ ਵਿਚਾਰ, ਜ਼ਾਤ ਪਾਤ ਨਾ ਵੰਡ ਵੰਡਾਇਆ। ਆਤਮ ਪਰਮਾਤਮ ਦੇ ਆਧਾਰ, ਬ੍ਰਹਮ ਪਾਰਬ੍ਰਹਮ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇਆ। ਸਤਿਜੁਗ ਸਾਚਾ ਚਲੇ ਰਾਹ, ਨਿਰਗੁਣ ਦਾਤਾ ਆਪ ਚਲਾਈਆ। ਸ਼ਬਦੀ ਗੁਰ ਇਕ ਮਲਾਹ, ਲੱਖ ਚੁਰਾਸੀ ਬੇੜਾ ਲਏ ਤਰਾਈਆ। ਪੰਜ ਤਤ ਦੇਵੇ ਨਾ ਕੋਇ ਸਲਾਹ, ਤ੍ਰੈਗੁਣ ਨਾ ਦੇਵੇ ਕੋਈ ਗਵਾਹੀਆ। ਇਕ ਪਰਗਟਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਹੰ ਬ੍ਰਹਮ ਲੱਖ ਚੁਰਾਸੀ ਬਣਤ ਲਿਆ ਬਣਾ, ਸੋ ਪੁਰਖ ਨਿਰੰਜਣ ਘਾੜਨ ਆਪ ਘੜਾਈਆ। ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਨਾਮ ਗਏ ਧਿਆ, ਰਸਨਾ ਜਿਹਵਾ ਹਰਿ ਗੁਣ ਗਾਈਆ। ਗੋਬਿੰਦ ਕਹਿ ਕੇ ਗਿਆ ਮੇਰਾ ਮਿਹਰਵਾਂ, ਮਿਹਰਵਾਨ ਵਡੀ ਵਡਿਆਈਆ। ਗੁਰ ਚੇਲਾ ਹੋ ਵਸੇ ਥਾਂ ਥਾਂ, ਚੇਲਾ ਗੁਰ ਆਪਣਾ ਰੂਪ ਵਟਾਈਆ। ਅੰਤਮ ਮੇਲਾ ਮੇਲੇ ਸਹਿਜ ਸੁਭਾ, ਭੇਵ ਕੋਇ ਨਾ ਪਾਈਆ। ਨਿਹਕਲੰਕ ਨਾਉਂ ਲਏ ਰਖਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਸਾਚਾ ਮੰਦਰ ਦਏ ਸੁਹਾ, ਹਰਿ ਮੰਦਰ ਹਰਿ ਜੂ ਡੇਰਾ ਲਾਈਆ। ਗੁਰਮੁਖ ਵਿਰਲੇ ਲਏ ਜਗਾ, ਨੇਤਰ ਨੈਣ ਇਕ ਖੁਲ੍ਹਾਈਆ। ਨਾਮ ਖੰਡਾ ਲਏ ਚਮਕਾ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਸਾਢੇ ਤਿੰਨ ਹੱਥ ਅੰਦਰ ਦਏ ਟਿਕਾ, ਬਾਡੀ ਬਣਤ ਨਾ ਕੋਇ ਬਣਾਈਆ। ਹੁਕਮ ਦੇਵੇ ਆਪ ਸ਼ਹਿਨਸ਼ਾਹ, ਸਾਚੇ ਤਖ਼ਤ ਵਸੇ ਸੱਚਾ ਮਾਹੀਆ। ਕਲਜੁਗ ਕੂੜੀ ਸਫ਼ਾ ਦਏ ਉਠਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਭ ਦਾ ਲੇਖਾ ਦਏ ਮੁਕਾ, ਗੁਰ ਅਵਤਾਰ ਆਪ ਜਗਾਈਆ। ਈਸਾ ਮੂਸਾ ਝੋਲੀ ਦਏ ਭਰਾ, ਕਾਲਾ ਸੂਸਾ ਖੇਲ ਵਖਾਈਆ। ਮੁਹੰਮਦ ਚੌਦਾਂ ਤਬਕਾਂ ਦਏ ਫਿਰਾ, ਹੁਕਮੀ ਹੁਕਮ ਹੁਕਮ ਸੁਣਾਈਆ। ਚੌਦਾਂ ਵਿਦਿਆ ਵੇਖੇ ਥਾਉਂ ਥਾਂ, ਥਾਨ ਥਨੰਤਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਰੂਪ ਅਨੂਪ ਸਤਿ ਸਰੂਪ ਆਪਣੀ ਖੇਲ ਕਰਾਈਆ। ਆਪਣਾ ਖੇਲ ਕਰੇ ਸਮਰਥ, ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਦੇਵੇ ਮਥ, ਨਾਮ ਨਿਧਾਨਾ ਇਕ ਰਖਾਇੰਦਾ। ਭਗਤ ਭਗਵੰਤ ਲਏ ਰੱਖ, ਬਹੱਤਰ ਏਕਾ ਅੰਕ ਬਣਾਇੰਦਾ। ਸੱਤਰਾਂ ਦੇਵੇ ਏਕਾ ਮਤ, ਬ੍ਰਹਮ ਮਤ ਇਕ ਦ੍ਰਿੜਾਇੰਦਾ। ਚੁਹੱਤਰਾਂ ਚਰਨਾਂ ਹੇਠਾਂ ਰੱਖ, ਸਚਖੰਡ ਆਪਣਾ ਦਰ ਸੁਹਾਇੰਦਾ। ਉਚੀ ਕੂਕ ਬੋਲ ਅਲੱਖ, ਏਕਾ ਨਾਅਰਾ ਆਪ ਸੁਣਾਇੰਦਾ। ਸੋ ਪੁਰਖ ਨਿਰੰਜਣ ਹੋ ਪਰਤੱਖ, ਹੰ ਬ੍ਰਹਮ ਮੇਲ ਮਿਲਾਇੰਦਾ। ਆਪਣੇ ਖਾਤੇ ਲਏ ਘੱਤ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਭਗਵੰਤ ਆਪਣੀ ਗੋਦ ਰਖਾਇੰਦਾ। ਜੁਗ ਚੌਕੜੀ ਗਾ ਗਾ ਗਏ ਜਸ, ਗੁਰ ਗੁਰਬਾਣੀ ਨਾਦ ਵਜਾਇੰਦਾ । ਅੰਤਮ ਆਪ ਹੋ ਪਰਗਟ, ਪਰਗਟ ਆਪਣਾ ਖੇਲ ਜਣਾਇੰਦਾ। ਕਰੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਇੰਦਾ। ਗੁਰਮੁਖ ਵਿਰਲੇ ਮਾਰਗ ਦੱਸ, ਆਪਣਾ ਪਰਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕ ਸੁਹਾਇੰਦਾ। ਸੋਹੇ ਸਿੰਘਾਸਣ ਪੁਰਖ ਅਬਿਨਾਸ਼ਾ, ਨਜ਼ਰ ਕਿਸੇ ਨਾ ਆਈਆ। ਦੋ ਜਹਾਨ ਵੇਖੇ ਤਮਾਸ਼ਾ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਈਆ। ਗੁਰਮੁਖਾਂ ਅੰਦਰ ਪਾਵੇ ਆਪਣੀ ਰਾਸਾ, ਸਾਚੇ ਮੰਦਰ ਖ਼ੁਸ਼ੀ ਮਨਾਈਆ। ਆਤਮ ਸੇਜਾ ਭੋਗ ਬਲਾਸਾ, ਭਸਮੜ ਆਪਣਾ ਰੰਗ ਰੰਗਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਜਨ ਭਗਤਾਂ ਲੱਖ ਚੁਰਾਸੀ ਕੱਟੇ ਜਮ ਕੀ ਫ਼ਾਸਾ, ਰਾਏ ਧਰਮ ਨੇੜ ਨਾ ਆਈਆ। ਸੋਹੰ ਸ਼ਬਦ ਸਚ ਧਰਵਾਸਾ, ਨਾਨਕ ਗੋਬਿੰਦ ਗਿਆ ਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਖੋਲ੍ਹਿਆ ਆਪ ਖ਼ੁਲਾਸਾ, ਨਿਰਭੈ ਆਪਣੀ ਧਾਰ ਚਲਾਈਆ। ਨਾਤਾ ਤੋੜੇ ਦਸ ਦਸ ਮਾਸਾ, ਜੋ ਜਨ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਨਾਮ ਦ੍ਰਿੜਾਈਆ। ਸਾਚਾ ਮੰਤਰ ਦ੍ਰਿੜਾ ਏਕ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਆਤਮ ਪਰਮਾਤਮ ਕਰੇ ਬੁੱਧ ਬਬੇਕ, ਵਵੇਕੀ ਆਪਣੀ ਖੇਲ ਵਖਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਚਮ ਤਤ ਨਾ ਕੋਇ ਭਰਮਾਇੰਦਾ। ਸਤਿਗੁਰ ਸਾਹਿਬ ਦਿਆਲ ਨੇਤਰ ਲੈਣਾ ਪੇਖ, ਘਰ ਘਰ ਵਿਚ ਡੇਰਾ ਲਾਇੰਦਾ। ਹਰਿ ਕਾ ਰੂਪ ਮੁਛ ਦਾੜ੍ਹੀ ਨਾ ਦਿਸੇ ਕੇਸ, ਸੀਸ ਜਗਦੀਸ਼ ਨਾ ਕੋਇ ਮੁੰਡਾਇੰਦਾ। ਨਿਰਮਲ ਜੋਤ ਆਦਿ ਜੁਗਾਦਿ ਰਹੇ ਹਮੇਸ਼, ਨੂਰ ਨੁਰਾਨਾ ਨੂਰ ਧਰਾਇੰਦਾ। ਕਲਜੁਗ ਅੰਤ ਮੇਟੇ ਕਲੇਸ਼, ਕਲ ਆਪਣੀ ਆਪ ਵਖਾਇੰਦਾ। ਸੋਹਵਣਹਾਰਾ ਬਾਸ਼ਕ ਸੇਜ, ਸਾਂਗੋ ਪਾਂਗ ਆਪ ਤਜਾਇੰਦਾ। ਸ਼ਬਦ ਅਗੰਮੀ ਸੁਨੇਹੜਾ ਭੇਜ, ਗੁਰਸਿਖ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਲਹਿਣਾ ਝੋਲੀ ਪਾਇੰਦਾ। ਨਵ ਨੌਂ ਚਾਰ ਦੇਵੇ ਲਹਿਣਾ, ਲਹਿਣੇਦਾਰ ਆਪ ਅਖਵਾਇਆ। ਗੁਰ ਅਵਤਾਰਾਂ ਵਖਾਏ ਨੈਣਾਂ, ਪੀਰ ਪੈਗ਼ੰਬਰ ਨਾਲ ਮਿਲਾਇਆ। ਵਰਨ ਬਰਨ ਅੰਤ ਨਾ ਰਹਿਣਾ, ਪੁਰਖ ਅਬਿਨਾਸ਼ੀ ਦਏ ਮਿਟਾਇਆ। ਸੋਹੰ ਸ਼ਬਦ ਸਭ ਨੇ ਕਹਿਣਾ, ਬੀਸ ਬੀਸਾ ਦਏ ਸਲਾਹਿਆ। ਹਰਿ ਕਾ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਹੁਕਮੇ ਵਿਚ ਰਖਾਇਆ। ਹੁਕਮੇ ਅੰਦਰ ਹਰਿ ਕਰਤਾਰ, ਆਪਣਾ ਹੁਕਮ ਜਣਾਈਆ। ਏਕਾ ਨਾਇਆਂ ਕਰ ਵਿਚਾਰ, ਭੇਵ ਅਭੇਦ ਖੁਲ੍ਹਾਈਆ। ਸੱਤ ਚਾਰ ਦੇ ਆਧਾਰ, ਚੁਹੱਤਰ ਅੰਕ ਆਪ ਬਣਾਈਆ। ਸਾਰੇ ਬੋਲੋ ਜੈ ਜੈਕਾਰ, ਸਚਖੰਡ ਵੱਜੇ ਵਧਾਈਆ। ਲੱਖ ਚੁਰਾਸੀ ਹਰਿ ਪਸਾਰ, ਆਤਮ ਪਰਮਾਤਮ ਗੰਢ ਪੁਵਾਈਆ। ਏਕਾ ਸ਼ਬਦ ਏਕਾ ਧਾਰ, ਏਕਾ ਧੁਨ ਨਾਦ ਵਜਾਈਆ। ਏਕਾ ਮੰਦਰ ਇਕ ਦੁਆਰ, ਗੁਰੂ ਘਰ ਇਕ ਸਮਝਾਈਆ। ਏਕਾ ਪੁਰਖ ਏਕਾ ਨਾਰ, ਪਿਤਾ ਪੂਤ ਇਕ ਹੋ ਜਾਈਆ। ਏਕਾ ਸੱਜਣ ਮੀਤ ਮੁਰਾਰ, ਸਗਲਾ ਸੰਗ ਇਕ ਨਿਭਾਈਆ। ਏਕਾ ਜੁਗ ਚੌਕੜੀ ਕਰੇ ਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਹੁਕਮ ਵਰਤਾਈਆ। ਨਿਹਕਲੰਕਾ ਲੈ ਅਵਤਾਰ, ਨਾਮ ਡੰਕਾ ਇਕ ਸੁਣਾਈਆ। ਗੁਰਮੁਖ ਜਨ ਕਾ ਕਰ ਤਿਆਰ, ਆਪਣਾ ਲਹਿਣਾ ਦੇਵੇ ਚਾਈਂ ਚਾਈਂਆ। ਜੂਠਾ ਝੂਠਾ ਸ਼ੰਕਾ ਮੇਟ ਸੰਸਾਰ, ਸੰਸਾ ਰੋਗ ਦਏ ਗਵਾਈਆ। ਬਾਲ ਅਞਾਣਿਆਂ ਖੋਲ੍ਹੇ ਆਪ ਕਿਵਾੜ, ਰਾਤੀ ਸੁਤਿਆਂ ਦਰਸ ਕਰਾਈਆ। ਕਰੇ ਪਰਕਾਸ਼ ਨਾੜ ਨਾੜ, ਅੰਧ ਅੰਧੇਰਾ ਦਏ ਗਵਾਈਆ। ਸ਼ਬਦ ਘੋੜੇ ਆਪੇ ਚਾੜ੍ਹ, ਸਾਚਾ ਅਸਵ ਲਏ ਦੌੜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗੁਰਸਿਖ ਤੇਰੇ ਚਰਨਾਂ ਹੇਠ ਲਤਾੜ, ਆਪ ਆਪਣੀ ਉਂਗਲੀ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕਰਨ ਨਿਮਸਕਾਰ, ਜਿਸ ਮਾਰਗ ਗੁਰਸਿਖ ਜਾਈਆ। ਜਿਸ ਜਨ ਮਿਲਿਆ ਪਾਰਬ੍ਰਹਮ ਆਪ ਨਿਰੰਕਾਰ, ਦੂਜੇ ਦਰ ਨਾ ਮੰਗਣ ਜਾਈਆ। ਖਾਣੀ ਬਾਣੀ ਵੇਦ ਪੁਰਾਨ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਉਚੀ ਕੂਕ ਕੂਕ ਕਰਨ ਪੁਕਾਰ, ਭਗਤ ਭਗਵੰਤ ਰਹੇ ਜਸ ਗਾਈਆ। ਜਿਸ ਜਨ ਮਿਲੇ ਠਾਕਰ ਸਵਾਮੀ ਨਿਰਗੁਣ ਦਾਤਾ ਆਪ ਨਿਰੰਕਾਰ, ਤਿਸ ਪੂਜਾ ਪਾਠ ਨਾ ਕੋਇ ਕਰਾਈਆ। ਸੋਵਤ ਜਾਗਤ ਦੇਵੇ ਆਪ ਦੀਦਾਰ, ਨਿਕਟ ਨਿਕਟੀ ਹੋ ਕੇ ਵਖਾਈਆ। ਕਲਜੁਗ ਅੰਤਮ ਨੌਂ ਖੰਡ ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਤ੍ਰੈਗੁਣ ਮਾਇਆ ਪਰਦਾ ਰਹੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਭ ਦਾ ਲੇਖਾ ਰਿਹਾ ਮੁਕਾਈਆ। ਸਭ ਦਾ ਲੇਖਾ ਜਾਏ ਮੁੱਕ, ਮੁਕਾਵਣਹਾਰਾ ਆਪ ਨਿਰੰਕਾਰ। ਜੂਠਾ ਝੂਠਾ ਬੂਟਾ ਜਾਏ ਸੁੱਕ, ਅੰਤ ਰਹੇ ਨਾ ਵਿਚ ਸੰਸਾਰ। ਸਿੰਘ ਸ਼ੇਰ ਪੁਰਖ ਅਬਿਨਾਸ਼ੀ ਪਿਆ ਬੁੱਕ, ਦੋ ਜਹਾਨਾਂ ਮਾਰੇ ਭੁਬਕਾਰ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਉਠ, ਦੋਏ ਜੋੜ ਕਰਨ ਨਿਮਸਕਾਰ। ਠਾਕਰ ਸਵਾਮੀ ਜਾਣਾ ਤੁਠ, ਦਰ ਤੇਰੇ ਬਣੇ ਭਿਖਾਰ, ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਨਾਤਾ ਗਿਆ ਛੁਟ, ਨਾ ਕੋਈ ਸੱਜਣ ਮੀਤ ਮੁਰਾਰ। ਗੋਬਿੰਦ ਕਹੇ ਮੈਂ ਅੰਮ੍ਰਿਤ ਦੇ ਕੇ ਆਇਆ ਸਾਚਾ ਘੁੱਟ, ਪੰਜ ਪਿਆਰੇ ਕਰ ਤਿਆਰ। ਕਲਜੁਗ ਅੰਤਮ ਘਰ ਘਰ ਪਈ ਫੁੱਟ, ਏਕਾ ਭੁੱਲਿਆ ਹਰਿ ਅਕਾਲ। ਅੰਤਮ ਸਭ ਦਾ ਖਾਤਾ ਜਾਣਾ ਲੁੱਟ, ਬਚਿਆ ਰਹੇ ਨਾ ਕੋਈ ਸ਼ਾਹ ਕੰਗਾਲ। ਨਿਰਗੁਣ ਨਿਰਾਕਾਰ ਜੋਧਾ ਸੂਰਬੀਰ ਬਲਵਾਨ ਪੁਰਖ ਅਬਿਨਾਸ਼ੀ ਏਕਾ ਪਏ ਉਠ, ਆਪ ਆਪਣਾ ਬਲ ਧਾਰ। ਨੌਂ ਖੰਡ ਪ੍ਰਿਥਮੀ ਵੇਖੇ ਕਿਲਾ ਕੋਟ, ਚਾਰ ਜੁਗ ਦੀ ਢਾਹ ਚਾਰ ਦੀਵਾਰ। ਤੀਰ ਨਿਰਾਲਾ ਅਣਯਾਲਾ ਜਾਏ ਛੁੱਟ, ਦੋ ਜਹਾਨਾਂ ਮਾਰੇ ਮਾਰ। ਕੂੜੀ ਕਿਰਿਆ ਕੱਢੇ ਕੁੱਟ, ਮਾਇਆ ਮਮਤਾ ਕਰ ਖ਼ੁਵਾਰ। ਗੁਰਮੁਖ ਬਣਾਏ ਆਪਣੇ ਸਾਚੇ ਸੁਤ, ਆਪਣੇ ਸੁਤ ਨੀਂਹਾਂ ਹੇਠ ਸੁਆਲ। ਮੇਲ ਮਿਲਾਏ ਅਬਿਨਾਸ਼ੀ ਅਚੁਤ, ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਬਣਾਏ ਸਾਚੇ ਲਾਲ। ਲਾਲ ਲਾਲਣ ਚਾੜ੍ਹੇ ਰੰਗ, ਰੰਗ ਰੰਗੀਲਾ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਸੂਰਬੀਰ ਦਇਆ ਕਮਾਇੰਦਾ। ਕਾਇਆ ਮੰਦਰ ਡੂੰਘੀ ਕੰਦਰ ਸੁਖਮਨ ਟੇਢੀ ਬੰਕ ਆਪੇ ਲੰਘ, ਈੜਾ ਪਿੰਗਲ ਡੇਰਾ ਢਾਹਿੰਦਾ। ਅਨਹਦ ਨਾਦੀ ਨਾਦ ਵਜਾਏ ਮਰਦੰਗ, ਛੱਤੀ ਰਾਗ ਭੇਵ ਚੁਕਾਇੰਦਾ। ਅੰਮ੍ਰਿਤ ਸਰੋਵਰ ਆਪ ਨੁਹਾਏ ਪਾਏ ਠੰਡ, ਅਠਸਠ ਤੀਰਥ ਗੁਰਮੁਖ ਨੁਹਾਵਣ ਕੋਇ ਨਾ ਜਾਇੰਦਾ। ਆਤਮ ਸੇਜਾ ਇਕ ਪਲੰਘ, ਸਚ ਸਿੰਘਾਸਣ ਇਕ ਵਡਿਆਇੰਦਾ। ਸੁਰਤੀ ਸ਼ਬਦੀ ਇਕ ਅਨੰਦ, ਅਨੰਦ ਕਾਰਜ ਆਪ ਕਰਾਇੰਦਾ। ਆਤਮ ਪਰਮਾਤਮ ਪਾਏ ਗੰਢ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਦਿਵਸ ਰੈਣ ਪਰਮਾਨੰਦ, ਨਿਜਾਨੰਦ ਰਸ ਚਖਾਇੰਦਾ। ਕਰ ਪਰਕਾਸ਼ ਅੰਧੇਰੇ ਅੰਧ, ਨਿਰਮਲ ਜੋਤ ਜੋਤ ਜਗਾਇੰਦਾ। ਜਨਮ ਜਨਮ ਦਾ ਮੇਟੇ ਪੰਧ, ਲੱਖ ਚੁਰਾਸੀ ਗੇੜ ਕਟਾਇੰਦਾ। ਆਪੇ ਚੁੱਕੇ ਆਪਣੀ ਕੰਡ, ਗੁਰਮੁਖ ਆਪਣੇ ਕੰਧ ਉਠਾਇੰਦਾ। ਦੋ ਜਹਾਨ ਮੁਕਾ ਪੰਧ, ਸਚਖੰਡ ਦੁਆਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਦਿਵਸ ਰਾਤੀ, ਰੁੱਤ ਰੁਤੜੀ ਆਪ ਸੁਹਾਇੰਦਾ। ਅੱਠੇ ਪਹਿਰ ਰੱਖੇ ਪਰਭਾਤੀ, ਪ੍ਰਭ ਆਪਣਾ ਖੇਲ ਵਖਾਇੰਦਾ। ਨਾਤਾ ਤੋੜੇ ਜ਼ਾਤ ਪਾਤੀ, ਵਰਨ ਗੋਤ ਨਾ ਕੋਇ ਜਣਾਇੰਦਾ। ਨਿਰਮਲ ਆਪ ਜਗਾਏ ਸਾਚੀ ਬਾਤੀ, ਕਾਇਆ ਮੰਦਰ ਆਪ ਟਿਕਾਇੰਦਾ। ਆਪੇ ਸੋਏ ਸਾਚੀ ਖਾਟੀ, ਆਪਣੀ ਕਰਵਟ ਆਪ ਬਦਲਾਇੰਦਾ। ਦੇਵੇ ਦਰਸ ਬਹੁ ਬਿਧ ਭਾਂਤੀ, ਰੂਪ ਅਨੂਪ ਆਪ ਵਖਾਇੰਦਾ। ਗੁਰਮੁਖ ਲਾਏ ਆਪਣੀ ਛਾਤੀ, ਸੀਨਾ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖਾਂ ਮਾਰੇ ਇਕੋ ਤੀਰ ਕਾਤੀ, ਮਨਮਤ ਤੀਰ ਚਲਾਇੰਦਾ। ਵੇਲੇ ਅੰਤ ਨਾ ਦੇਵੇ ਕੋਇ ਨਿਜਾਤੀ, ਗੁਰ ਅਵਤਾਰ ਪੱਲੂ ਸਰਬ ਛੁਡਾਇੰਦਾ। ਲੱਖ ਚੁਰਾਸੀ ਆਵਣ ਜਾਵਣ ਗੇੜੇ ਫਾਸੀ, ਰਾਏ ਧਰਮ ਹੁਕਮ ਵਰਤਾਇੰਦਾ। ਚਿਤਰ ਗੁਪਤ ਕਰੇ ਹਾਸੀ, ਲਿਖ ਲਿਖ ਲੇਖਾ ਸਰਬ ਵਖਾਇੰਦਾ। ਲਾੜੀ ਮੌਤ ਕਰੇ ਦਾਸੀ, ਦਾਸਾਂ ਦਾਸੀ ਆਪ ਬਣਾਇੰਦਾ। ਗੁਰਸਿਖ ਕੋਈ ਨਾ ਦੇਵੇ ਬਾਕੀ, ਜਿਸ ਸਤਿਗੁਰ ਆਪਣੀ ਦਇਆ ਕਮਾਇੰਦਾ। ਕਰ ਕਿਰਪਾ ਖੋਲ੍ਹੇ ਕਾਇਆ ਤਾਕੀ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਚੌਦਾਂ ਲੋਕ ਵਖਾਏ ਏਕਾ ਹਾਟੀ, ਚੌਦਾਂ ਤਬਕ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਵੱਡਾ ਲੋਕਮਾਤ, ਸਤਿ ਸਤਿਗੁਰ ਇਕ ਸਮਝਾਈਆ। ਨਾਮ ਨਿਧਾਨਾ ਦੇਵੇ ਦਾਤ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਚਰਨ ਬੰਧਾਏ ਏਕਾ ਨਾਤ, ਨਾਤਾ ਬਿਧਾਤਾ ਨਾ ਕੋਇ ਤੁੜਾਈਆ। ਲੇਖਾ ਜਾਣੇ ਪਿਤ ਮਾਤ, ਪੂਤ ਸਪੂਤਾ ਗੋਦ ਸੁਹਾਈਆ। ਕਲਜੁਗ ਅੰਤਮ ਪੁੱਛੇ ਵਾਤ, ਗੁਰ ਗੋਬਿੰਦ ਗਿਆ ਲਿਖਾਈਆ। ਪੁਰਖ ਅਕਾਲ ਰੱਖੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਦਇਆ ਆਪ ਕਮਾਈਆ। ਆਪਣੀ ਬਾਣੀ ਗਾਏ ਗਾਥ, ਚਾਰ ਵਰਨ ਕਰੇ ਪੜ੍ਹਾਈਆ। ਆਤਮ ਪਰਮਾਤਮ ਪੂਜਾ ਪਾਠ, ਅੱਖਰ ਵੱਖਰ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਜੁਗ ਦਾ ਲੇਖਾ ਦਏ ਮੁਕਾਈਆ। ਲੇਖਾ ਮੁਕੇ ਚਾਰ ਜੁਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੇਤਰ ਨੈਣਾਂ ਨੀਰ ਵਹਾਈਆ। ਅੰਤਮ ਔਧ ਸਭ ਦੀ ਗਈ ਪੁਗ, ਥਿਰ ਕੋਇ ਨਜ਼ਰ ਨਾ ਆਈਆ। ਤੁਧ ਬਿਨ ਦੇਵੇ ਨਾ ਕੋਇ ਸੁੱਧ, ਨਾ ਚਲੇ ਕੋਇ ਚਤੁਰਾਈਆ। ਸਤਿਜੁਗ ਕਹੇ ਮੈਂ ਬੈਠਾ ਲੁੱਕ, ਤਿੰਨ ਜੁਗ ਨਾ ਲਈ ਅੰਗੜਾਈਆ। ਕਰ ਕਿਰਪਾ ਪ੍ਰਭ ਝੋਲੀ ਚੁੱਕ, ਮੇਰੀ ਆਸਾ ਪੂਰ ਕਰਾਈਆ। ਬਿਨ ਤੇਰੀ ਕਿਰਪਾ ਮੇਰਾ ਬੂਟਾ ਰਿਹਾ ਸੁੱਕ, ਗੁਰਮੁਖ ਹਰੇ ਨਾ ਕੋਇ ਕਰਾਈਆ। ਮੈਂ ਸੀਸ ਝੁਕਾਵਾਂ ਝੁਕ ਝੁਕ, ਦੋਏ ਜੋੜ ਪੜਾਂ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਤੇਰੀ ਕਿਰਪਾ ਜਾਵਾਂ ਉਠ, ਆਪਣਾ ਬਲ ਧਰਾਈਆ। ਕਰ ਕਿਰਪਾ ਦੇ ਦਾਨ, ਮੇਰੇ ਸਾਹਿਬ ਸੱਚੇ ਸੁਲਤਾਨਾ। ਮੈਂ ਛੋਟਾ ਬਾਲ ਅੰਜਾਣ, ਤੂੰ ਸ਼ਹਿਨਸ਼ਾਹ ਵਡ ਬਲਵਾਨਾ। ਤੂੰ ਵਾਲੀ ਦੋ ਜਹਾਨ, ਮੈਂ ਵੇਖਾਂ ਤੇਰਾ ਨਿਸ਼ਾਨਾ। ਤੂੰ ਦੇਣਾ ਧੁਰ ਫ਼ਰਮਾਣ, ਮੈਂ ਗਾਵਾਂ ਤੇਰਾ ਗਾਣਾ। ਤੇਰੇ ਭਗਤਾਂ ਮੇਲਾਂ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਤਿਗੁਰ ਹੋ ਮਿਹਰਵਾਨਾ। ਪੁਰਖ ਅਬਿਨਾਸ਼ੀ ਅਗੰਮ ਅਥਾਹ, ਅਗੰਮੜੀ ਕਾਰ ਆਪ ਸਮਝਾਇੰਦਾ। ਤੇਰਾ ਮਾਰਗ ਦਿਤਾ ਲਾ, ਸਤਿਜੁਗ ਰਾਹ ਚਲਾਇੰਦਾ। ਏਕਾ ਨਾਉਂ ਲਿਆ ਪਰਗਟਾ, ਸੋਹੰ ਤੇਰੀ ਝੋਲੀ ਪਾਇੰਦਾ। ਆਤਮ ਪਰਮਾਤਮ ਨਾਤਾ ਦਿਤਾ ਜੁੜਾ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਬਹੱਤਰ ਭਗਤ ਲਏ ਉਠਾ, ਆਪ ਆਪਣਾ ਪਰਦਾ ਲਾਹਿੰਦਾ। ਸੱਤਰਾਂ ਸਤਿ ਸਤਿਵਾਦੀ ਦਰ ਦਿਤਾ ਵਖਾ, ਨੇਤਰ ਨੈਣ ਨੈਣ ਜਣਾਇੰਦਾ। ਲੋਕਮਾਤ ਤੇਰਾ ਨਿਸ਼ਾਨਾ ਦਿਤਾ ਬਣਾ, ਛੱਤੀ ਛੱਤੀ ਵੰਡ ਵੰਡਾਇੰਦਾ। ਸਾਢੇ ਤਿੰਨ ਹੱਥ ਆਸਣ ਦਿਤਾ ਲਾ, ਰਵਦਾਸ ਚੁਮਾਰਾ ਸੇਵ ਕਮਾਇੰਦਾ। ਅੱਗਾ ਪਿੱਛਾ ਆਪੇ ਵੇਖੇ ਵੇਖੇ ਥਾਉਂ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਨੌਂ ਖੰਡ ਪ੍ਰਿਥਮੀ ਏਕਾ ਮੰਤਰ ਦਿਤਾ ਪੜ੍ਹਾ, ਵਿਸ਼ਨ ਬ੍ਰਹਮਾ ਸ਼ਿਵ ਸਰਬ ਜਸ ਗਾਇੰਦਾ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਆਪਣੀ ਗੋਦੀ ਲਏ ਬਹਾ, ਸੀਸ ਸੀਸ ਨਾ ਕੋਇ ਉਠਾਇੰਦਾ। ਅੱਗੇ ਆਪਣਾ ਮਾਰਗ ਦਿਤਾ ਲਾ, ਸਾਚਾ ਰਾਹ ਇਕ ਚਲਾਇੰਦਾ। ਸੋਹੰ ਗੌਣਾ ਸਭ ਨੇ ਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਅਲਾਇੰਦਾ । ਨਜ਼ਰੀ ਆਏ ਹਰ ਘਟ ਥਾਂ, ਸਤਿਜੁਗ ਤੇਰਾ ਸੰਗ ਨਿਭਾਇੰਦਾ। ਬੀਸ ਬੀਸਾ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸੁਣਿਆ ਮਾਤ, ਘਰ ਘਰ ਵੱਜੀ ਵਧਾਈਆ। ਪਾਰਬ੍ਰਹਮ ਪ੍ਰਭ ਦੇਵੇ ਦਾਤ, ਦੂਜਾ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟ ਸਬਾਈ ਸਾਚੀ ਗਾਥ, ਏਕਾ ਏਕ ਜਣਾਈਆ। ਨਵ ਨੌਂ ਚਲਾਏ ਆਪਣਾ ਰਾਥ, ਬਣ ਰਥਵਾਹੀ ਸੇਵ ਕਮਾਈਆ। ਸਰਬ ਕਲਾ ਆਪੇ ਸਮਰਥ, ਪੁਰਖ ਅਕਾਲ ਵਡੀ ਵਡਿਆਈਆ। ਸਤਿਜੁਗ ਸਾਚਾ ਮਾਰਗ ਦੱਸ, ਸਾਚੇ ਪੰਧ ਆਪ ਚਲਾਈਆ। ਜਨ ਭਗਤਾਂ ਅੰਤਰ ਆਪੇ ਵਸ, ਜਗਤ ਬਸੰਤਰ ਦਏ ਬੁਝਾਈਆ। ਏਕਾ ਮੰਤਰ ਗੌਣਾ ਹੱਸ ਹੱਸ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਗੁਰਸਿਖ ਤੇਰਾ ਏਥੇ ਓਥੇ ਦੋ ਜਹਾਨ ਹੋਵੇ ਜਸ, ਜਸ ਹਰਿ ਜੂ ਆਪੇ ਗਾਈਆ। ਕਲਜੁਗ ਅੰਤਮ ਤ੍ਰੈਗੁਣ ਵਿਚ ਨਾ ਜਾਣਾ ਫਸ, ਸਤਿਗੁਰ ਪੂਰਾ ਫਾਸੀ ਆਪ ਕਟਾਈਆ। ਸਚਖੰਡ ਦੁਆਰੇ ਜਾਣਾ ਵਸ, ਜਿਥੇ ਵਸੇ ਸਤਿਗੁਰ ਸੱਚਾ ਮਾਹੀਆ। ਜਨਮ ਜਨਮ ਦੀ ਪੂਰੀ ਹੋਈ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਕਰ ਕਿਰਪਾ ਕੀਤੀ ਬੰਦ ਖ਼ਲਾਸ, ਬੰਦੀਛੋੜ ਫੇਰਾ ਪਾਈਆ। ਗੁਰਨਾਮ ਹਰਿ ਕਾ ਦਾਸ, ਹਰਿ ਕੀ ਸੇਵਾ ਹਰਿ ਮੰਦਰ ਬਿਨ ਰਸਨਾ ਜਿਹਵਾ ਗਾਈਆ। ਬਿਨ ਰਸਨਾ ਜਿਹਵਾ ਹਰਿ ਕਾ ਗੀਤ, ਗੁਰਮੁਖ ਵਿਰਲਾ ਗਾਇੰਦਾ। ਲੱਖ ਚੁਰਾਸੀ ਫਿਰ ਫਿਰ ਥੱਕੀ ਮੰਦਰ ਮਸੀਤ, ਕਾਇਆ ਮੰਦਰ ਨਾ ਕੋਇ ਖੁਲ੍ਹਾਇੰਦਾ। ਹਰਿ ਕਾ ਸ਼ਬਦ ਸਾਚਾ ਸਤਿਗੁਰ ਮਿਲਿਆ ਨਾ ਇਕ ਅਨਡੀਠ, ਨਿਜ ਨੇਤਰ ਦਰਸ ਕੋਇ ਨਾ ਪਾਇੰਦਾ। ਰਸਨਾ ਜਿਹਵਾ ਗਾ ਗਾ ਥੱਕੀ ਗੀਤ, ਅਜੱਪਾ ਜਾਪ ਨਾ ਕੋਇ ਕਰਾਇੰਦਾ। ਜਿਸ ਜਨ ਸਤਿਗੁਰ ਪੂਰਾ ਕਰੇ ਆਪ ਪ੍ਰੀਤ, ਸਚ ਪ੍ਰੀਤੀ ਆਪ ਨਿਭਾਇੰਦਾ। ਸਤਿਜੁਗ ਚਲਾਈ ਸਾਚੀ ਰੀਤ, ਨਿਰਗੁਣ ਸਰਗੁਣ ਆਪ ਉਠਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇੰਦਾ। ਗੁਰਸਿਖ ਤੇਰੇ ਢੋਲੇ ਗਾਏ ਹਰਿ ਜੂ ਗੀਤ, ਆਪਣਾ ਗੀਤ ਨਾ ਕੋਇ ਵਡਿਆਇੰਦਾ। ਅੱਠੇ ਪਹਿਰ ਦਿਵਸ ਰੈਣ ਵਸੇ ਤੇਰੇ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਇੰਦਾ। ਆਪ ਬੈਠਾ ਰਹੇ ਅਤੀਤ, ਗੁਰਮੁਖ ਅਤੀਤ ਆਪ ਕਰਾਇੰਦਾ। ਕਲਜੁਗ ਜੀਵ ਮਾਇਆ ਰੁਲੇ ਵਿਸ਼ਟਾ ਕੀਟ, ਜੂਨੀ ਜੂਨ ਆਪ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇੰਦਾ। ਗੁਰਮੁਖ ਵਿਰਲਾ ਜਾਏ ਉਠ, ਜਿਸ ਸਤਿਗੁਰ ਆਪ ਉਠਾਈਆ। ਦੇਵੇ ਦਰਸ ਨਾਮ ਭੰਡਾਰ ਅਤੁਟ, ਨਿਖੁਟ ਕਦੇ ਨਾ ਜਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਵਖਾਈਆ। ਕਾਇਆ ਮੌਲੇ ਸੋਹੇ ਧਰਤ ਬਸੰਤੀ ਰੁੱਤ, ਪਤ ਡਾਲੀ ਆਪ ਮਹਿਕਾਈਆ। ਪਾਰਬ੍ਰਹਮ ਦੇ ਸਾਚੇ ਪੁੱਤ, ਗੁਰਮੁਖ ਗੁਰਸਿਖ ਨਾਉਂ ਧਰਾਈਆ। ਅੰਤਮ ਗੋਦੀ ਲਏ ਚੁੱਕ, ਸ਼ਬਦ ਬਬਾਣੇ ਆਪ ਟਿਕਾਈਆ। ਲੋਕਮਾਤ ਚੋਂ ਸਾਚੇ ਬੂਟੇ ਪੁੱਟ, ਸਚਖੰਡ ਦੁਆਰੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਨਿਸ਼ਾਨ, ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਧਾਰ ਆਪ ਚਲਾਈਆ।
