੯ ਜੇਠ ੨੦੧੯ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ
ਸੁਣੋ ਹਰਿ ਗਾਥਾ ਅਨਡਿਠ, ਜਗਤ ਨੇਤਰ ਨਜ਼ਰ ਨਾ ਆਈਆ। ਜੁਗ ਚੌਕੜੀ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਮੰਦਰ ਅੰਦਰ ਲੇਖਾ ਦਸ ਕੇ ਗਏ ਸਵਾ ਗਿੱਠ, ਨਿਰਗੁਣ ਪੈਮਾਨਾ ਪਰਮ ਪੁਰਖ ਆਪਣਾ ਇਕ ਬਣਾਈਆ। ਲੱਖ ਚੁਰਾਸੀ ਅੰਦਰ ਵੰਡਿਆ ਹਿੱਸ, ਹਿੱਸਾ ਹਿਸਾਬ ਕਿਤਾਬ ਵਿਚ ਨਵ ਨੌਂ ਆਪ ਰਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਨੂੰ ਪਏ ਦਿਸ, ਦਿਸ਼ਾ ਉਤਰ ਪੂਰਬ ਪੱਛਮ ਦੱਖਣ ਨਾ ਵੰਡ ਵੰਡਾਈਆ। ਜੇ ਕੋਈ ਪੁੱਛੇ ਹਰਿ ਜੂ ਵਸੇ ਧਾਮ ਕਿਸ, ਹਰਿ ਗੁਣ ਗਾ ਗਾ ਹਰਿ ਭਗਤ ਦੇਣ ਜਣਾਈਆ। ਜੀਵ ਜੰਤ ਜਗਤ ਜਗਿਆਸੂ ਪੀਸਣ ਰਿਹਾ ਪਿਸ, ਦੋ ਜਹਾਨ ਸ੍ਰੀ ਭਗਵਾਨ ਤ੍ਰੈਭਵਨ ਧਨੀ ਆਪਣੀ ਚੱਕੀ ਇਕ ਚਲਾਈਆ। ਅੰਤਮ ਸਭ ਨੂੰ ਦੇਵੇ ਆਪਣੀ ਪਿੱਠ, ਲੋਕਮਾਤ ਸਭ ਦਾ ਲੇਖਾ ਦਏ ਮੁਕਾਈਆ। ਨਿਰਗੁਣ ਨਿਰਗੁਣ ਘਰ ਸਰਗੁਣ ਨਾਤਾ ਤੋੜ ਕਰੇ ਸਾਚਾ ਹਿੱਤ, ਭਵਿਖਤ ਭੇਖ ਆਪਣੀ ਰੇਖ ਰੰਗ ਨਾ ਕੋਇ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖਾਂ ਲੇਖਾ ਆਪ ਲਿਖ, ਗੁਰ ਅਵਤਾਰਾਂ ਲਹਿਣਾ ਮੂਲ ਚੁਕਾਈਆ। ਨਿਤ ਨਵਿਤ ਆਵੇ ਜਾਵੇ ਕਰੇ ਖੇਲ ਸਚਖੰਡ ਨਿਵਾਸੀ ਸਾਚੇ ਦੇਸ, ਲੋਕ ਪਰਲੋਕ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਅਨਡਿਠੜੀ ਗਾਥਾ ਪੁਰਖ ਸਮਰਾਥਾ, ਅਜੂਨੀ ਰਹਿਤ ਅਨਭਵ ਪਰਕਾਸ਼ ਪੁਰਖ ਅਬਿਨਾਸ਼ ਆਪਣੀ ਆਪ ਜਣਾਈਆ। ਸਾਚੀ ਗਾਥਾ ਸੁਣੋ ਜਨ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਇੰਦਾ। ਨਵ ਨੌਂ ਚਾਰ ਚਲਾਈ ਰੀਤ, ਗੁਰ ਅਵਤਾਰ ਸੇਵ ਲਗਾਇੰਦਾ। ਮਾਰਗ ਦੱਸ ਦੱਸ ਮੰਦਰ ਮਸਜਿਦ ਮੱਠ ਮਸੀਤ, ਨਿਰਗੁਣ ਆਪਣਾ ਮੁਖ ਛੁਪਾਇੰਦਾ। ਕਲਜੁਗ ਅੰਤ ਅਵੱਲੜੀ ਰੀਤ, ਰੀਤੀਵਾਨ ਆਪ ਕਰਾਇੰਦਾ। ਆਤਮ ਪਰਮਾਤਮ ਸਾਚਾ ਗੀਤ, ਚਾਰ ਖਾਣੀ ਚਾਰ ਬਾਣੀ ਚਾਰ ਕੁੰਟ ਸੀਸ ਨਿਵਾਇੰਦਾ। ਜਨ ਭਗਤਾਂ ਨਾਦ ਸੁਣਾਏ ਇਕ ਅਨਡੀਠ, ਛੱਤੀ ਰਾਗ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਅੱਖਰ ਅੱਖਰ ਆਪ ਬਣਾਇੰਦਾ। ਸੁਣੋ ਰਾਗ ਰੰਗ ਮਹੱਲ, ਮਹੱਲਾ ਹਰਿ ਜੂ ਆਪ ਬਣਾਇਆ। ਗੁਰਮੁਖ ਵੇਖ ਉਚ ਅਟੱਲ, ਘਰ ਘਰ ਵਿਚ ਸੋਭਾ ਪਾਇਆ। ਕਹਿ ਕਹਿ ਗਏ ਘਰ ਅਬਚਲ, ਅਬਚਲ ਨਗਰ ਹਰਿ ਆਪ ਬਣਾਇਆ। ਕਿਸੇ ਹੱਥ ਨਾ ਆਵੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡਲ, ਕੋਟਨ ਕੋਟ ਜਲ ਥਲ ਰਹੇ ਕੁਰਲਾਇਆ। ਗਗਨ ਉਪਰ ਗਗਨ ਦੀਪਕ ਰਿਹਾ ਬਲ, ਬਿਨ ਅਗਨੀ ਹਵਨ ਕਰਾਇਆ। ਦੂਰ ਦੁਰਾਡਾ ਵੇਖ ਨਾਨਕ ਕਬੀਰ ਗਿਆ ਮੰਨ, ਬੇਅੰਤ ਤੇਰੀ ਪ੍ਰਭ ਮਾਇਆ। ਤੂੰ ਦਾਤਾ ਦਾਤਾਰ ਜਨਨੀ ਜਨ, ਹਉਂ ਬਾਲਕ ਸੇਵ ਕਮਾਇਆ। ਸੋ ਪੁਰਖ ਨਿਰੰਜਣ ਏਕਾ ਰਾਗ ਸ਼ਬਦ ਸੁਣਾਇਆ ਕੰਨ, ਬਿਨ ਰਸਨਾ ਜਿਹਵਾ ਗਾਇਆ। ਨਿਰਗੁਣ ਨਾਨਕ ਕਹੇ ਧੰਨ ਧੰਨ ਧੰਨ, ਸਰਗੁਣ ਨਾਨਕ ਵੰਡ ਵੰਡਾਇਆ। ਕਲਜੁਗ ਅੰਤਮ ਹੋ ਮਿਹਰਵਾਨ, ਨਿਹਕਰਮੀ ਜਨ ਭਗਤਾਂ ਕਰਮ ਕਾਂਡ ਰੋਗ ਮਿਟਾਇਆ। ਇਕ ਵਖਾਈ ਸਾਚੀ ਸਰਨ, ਸਰਨਗਤ ਆਪ ਹੋ ਆਇਆ। ਕਥਾ ਅਕੱਥ ਕਹਾਣੀ ਇਕੋ ਪੜ੍ਹਨ, ਸੁਣ ਸੁਣ ਹਰਿ ਜੂ ਖ਼ੁਸ਼ੀ ਮਨਾਇਆ। ਸੁਰਤ ਸਵਾਣੀ ਆਪਣੀ ਮੰਜ਼ਲ ਚੜ੍ਹਨ, ਮੰਜ਼ਲ ਚੜ੍ਹ ਮਹਿਬੂਬ ਆਪਣਾ ਇਕੋ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਨਾਮ ਇਕ ਸੁਣਾਇਆ। ਸੁਣ ਸੁਣ ਥੱਕੇ ਜਗਤ ਕੰਨ, ਕਾਇਆ ਕਾਗ ਵਾਂਗ ਕੁਰਲਾਈਆ। ਇਕੋ ਸਾਹਿਬ ਜਾਏ ਮੰਨ, ਮਨ ਮਨਸਾ ਪੂਰ ਕਰਾਈਆ। ਸੁਣੇ ਸੁਣਾਏ ਗੁਣ ਨਿਧਾਨ, ਗੁਣਵੰਤਾ ਗੁਣ ਸਾਚਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਵਰ, ਸੁਨ ਸਮਾਧ ਕਰ ਅਜ਼ਾਦ, ਇਸਮ ਆਜ਼ਮ ਮੁਆਜ਼ਮ ਨੂਰੀ ਅੱਖਰ ਇਕ ਸੁਣਾਈਆ। ਨੂਰੀ ਅੱਖਰ ਇਕੋ ਅਲਫ਼, ਆਰਫ਼ ਹੱਥ ਕਿਸੇ ਨਾ ਆਇਆ। ਈਸਾ ਮੂਸਾ ਚੜ੍ਹ ਕੇ ਚੁਕਿਆ ਹਲਫ਼, ਦੋਏ ਜੋੜ ਸਯਦਾ ਸੀਸ ਝੁਕਾਇਆ। ਚਾਰੋਂ ਕੁੰਟ ਨਜ਼ਰੀ ਆਏ ਤੇਰੀ ਤਰਫ਼, ਦਿਸ਼ਾ ਵੰਡ ਨਾ ਕੋਇ ਵੰਡਾਇਆ। ਤੇਰਾ ਨੂਰ ਅਰਸ਼ ਕੁਰਸ਼, ਕਾਇਆ ਕਾਅਬਾ ਰੂਪ ਵਖਾਇਆ। ਜਲਵਾ ਜਲਾਲ ਉਪਰ ਫ਼ਰਸ਼, ਖ਼ਾਕੀ ਖ਼ਾਕ ਸੋਭਾ ਪਾਇਆ। ਰਹੀਮ ਰਹਿਮਾਨ ਕੀਤਾ ਤਰਸ, ਰਹਿਮਤ ਆਪਣੀ ਆਪ ਕਮਾਇਆ। ਹਰਿ ਕਾ ਸੰਦੇਸ਼ ਜਗਤ ਅੱਖਰ ਕਰੇ ਲਿਖਤ ਪੜ੍ਹਤ, ਭਗਤ ਅੱਖਰ ਕਲਮ ਸ਼ਾਹੀ ਨਾਲ ਨਾ ਕੋਇ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰਾਗ ਸੁਣਾਇਆ।
