੯ ਜੇਠ ੨੦੧੯ ਬਿਕਰਮੀ ਚੇਲਾ ਸਿੰਘ ਦੇ ਗ੍ਰਹਿ ਜੰਮੂ
ਤਖ਼ਤ ਨਿਵਾਸੀ ਏਕੰਕਾਰ, ਅਕਲ ਕਲ ਆਪਣੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਹੋ ਤਿਆਰ, ਅਨਭਵ ਪਰਕਾਸ਼ ਆਪ ਧਰਾਇੰਦਾ। ਘਰ ਵਿਚ ਘਰ ਖੋਲ੍ਹ ਕਿਵਾੜ, ਥਿਰ ਘਰ ਸਾਚੀ ਬਣਤ ਬਣਾਇੰਦਾ। ਧੁਰ ਫ਼ਰਮਾਣਾ ਹੁਕਮ ਵਰਤਾਰ, ਅਬਿਨਾਸ਼ੀ ਕਰਤਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸਾਚੀ ਧਾਰ ਪੁਰਖ ਅਕਾਲਾ, ਹਰਿ ਜੂ ਹਰਿ ਹਰਿ ਆਪ ਚਲਾਈਆ। ਸਚਖੰਡ ਬੈਠਾ ਸੱਚੀ ਧਰਮਸਾਲਾ, ਦਰਗਹਿ ਸਾਚੀ ਧਾਮ ਸੁਹਾਈਆ। ਨਿਰਗੁਣ ਜੋਤ ਨੂਰ ਨਿਰਾਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਨਿਰਗੁਣ ਨਰ ਹਰਿ ਨਰਾਇਣ ਕਰਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸਤਿ ਪੁਰਖ ਨਿਰੰਜਣ ਸੋਭਾ ਪਾਇੰਦਾ। ਸਤਿ ਸੰਦੇਸ਼ ਏਕਾ ਘੱਲਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰ, ਦਰਗਹਿ ਸਾਚੀ ਆਪ ਕਰਾਈਆ। ਇਕ ਇਕੱਲਾ ਹੋ ਤਿਆਰ, ਸਾਚੀ ਬਣਤ ਆਪ ਬਣਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤ ਖੇਲ ਅਪਾਰ, ਕਰਨੀ ਕਰਤਾ ਆਪ ਅਖਵਾਈਆ। ਸੁਤ ਦੁਲਾਰਾ ਸ਼ਬਦੀ ਧਾਰ, ਧਾਰ ਧਾਰ ਵਿਚ ਪਰਗਟਾਈਆ। ਥਿਰ ਘਰ ਸਾਚੇ ਦੇਵੇ ਵਾੜ, ਗ੍ਰਹਿ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਸਾਚੀ ਰਚਨਾ ਪੁਰਖ ਅਬਿਨਾਸ਼, ਸੋ ਪੁਰਖ ਨਿਰੰਜਣ ਆਪ ਰਚਾਇੰਦਾ। ਹਰਿ ਪੁਰਖ ਨਿਰੰਜਣ ਕਰ ਪਰਕਾਸ਼, ਏਕੰਕਾਰਾ ਡਗਮਗਾਇੰਦਾ। ਆਦਿ ਨਿਰੰਜਣ ਖੇਲ ਤਮਾਸ਼, ਸ੍ਰੀ ਭਗਵਾਨ ਆਪ ਵਖਾਇੰਦਾ। ਅਬਿਨਾਸ਼ੀ ਕਰਤਾ ਹੋ ਹੋ ਦਾਸ, ਪਾਰਬ੍ਰਹਮ ਪ੍ਰਭ ਸਾਚੀ ਸੇਵਾ ਆਪ ਕਮਾਇੰਦਾ। ਸਚਖੰਡ ਦੁਆਰੇ ਆਪਣੀ ਕਰੇ ਪੂਰੀ ਆਸ, ਆਸਾ ਆਸਾ ਵਿਚ ਮਿਲਾਇੰਦਾ। ਥਿਰ ਘਰ ਸਾਚੇ ਕਰ ਨਿਵਾਸ, ਸੁਤ ਦੁਲਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਪਰਗਟਾਇੰਦਾ। ਸਾਚੀ ਧਾਰਾ ਥਿਰ ਘਰ, ਹਰਿ ਸਾਚਾ ਕਰਤਾ ਆਪ ਪਰਗਟਾਈਆ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਵਡ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਵਖਾਈਆ। ਆਪਣੀ ਸੇਜਾ ਆਪੇ ਚੜ੍ਹ, ਸੇਜ ਸੁਹੰਜਣੀ ਆਪ ਸੁਹਾਈਆ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਆਪਣੀ ਧਾਰਾ ਆਪ ਪਰਗਟਾਈਆ। ਸਾਚੀ ਧਾਰਾ ਪੁਰਖ ਅਕਾਲ, ਪੁਰਖ ਇਕੱਲਾ ਆਪ ਪਰਗਟਾਇੰਦਾ। ਵਸਣਹਾਰਾ ਸਚਖੰਡ ਦੁਵਾਰ, ਧੁਰ ਦਰਬਾਰਾ ਆਪ ਸੁਹਾਇੰਦਾ। ਸੁਤ ਦੁਲਾਰਾ ਜਨਮੇ ਏਕਾ ਲਾਲ, ਲਾਲਨ ਆਪਣੀ ਗੋਦ ਬਹਾਇੰਦਾ। ਥਿਰ ਘਰ ਸਾਚੇ ਦਏ ਬਹਾਲ, ਗ੍ਰਹਿ ਮੰਦਰ ਬੰਕ ਵਡਿਆਇੰਦਾ। ਆਦਿ ਜੁਗਾਦਿ ਸਦਾ ਸਦ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਨਿਰਗੁਣ ਦਾਤਾ ਪੁਰਖ ਬਿਧਾਤਾ ਬਣ ਰਖਵਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਵੇਸ ਵਟਾਇੰਦਾ। ਥਿਰ ਘਰ ਵੇਸ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਆਪ ਪਰਗਟਾਈਆ। ਸੁਤ ਦੁਲਾਰਾ ਕਰ ਬਲਵਾਨ, ਬਲ ਆਪਣਾ ਆਪ ਸਮਝਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਖਾਈਆ। ਦਾਤਾ ਭਿਖਾਰੀ ਖੇਲ ਮਹਾਨ, ਘਰ ਘਰ ਵਿਚ ਸੋਭਾ ਪਾਈਆ। ਤਖ਼ਤ ਨਿਵਾਸੀ ਹੋ ਮਿਹਰਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਭੂਪਤ ਭੂਪ ਬਣ ਰਾਜ ਰਾਜਾਨ, ਇਕ ਇਕੱਲਾ ਸਾਚੇ ਤਖ਼ਤ ਆਸਣ ਲਾਈਆ। ਦਰ ਦਰਵੇਸ਼ ਬਣ ਦਰਬਾਨ, ਸੀਸ ਜਗਦੀਸ਼ ਆਪਣਾ ਆਪ ਝੁਕਾਈਆ। ਪਾਰਬ੍ਰਹਮ ਪ੍ਰਭ ਮੰਗੇ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਭੇਵ ਨਾ ਕੋਇ ਜਣਾਈਆ। ਦੂਸਰ ਭੇਵ ਨਾ ਕੋਈ ਰਾਹ, ਮਾਰਗ ਹੱਥ ਕਿਸੇ ਨਾ ਆਇੰਦਾ। ਤਖ਼ਤ ਨਿਵਾਸੀ ਬਣ ਮਲਾਹ, ਆਦਿ ਆਪਣਾ ਪਰਦਾ ਆਪ ਚੁਕਾਇੰਦਾ। ਸ਼ਬਦ ਸਰੂਪੀ ਸੁਤ ਬਣਾ, ਜਨਨੀ ਜਨ ਆਪਣੀ ਗੋਦ ਉਠਾਇੰਦਾ। ਦਾਈ ਦਾਇਆ ਸੇਵ ਕਮਾ, ਸਿਰ ਤੇਰੇ ਹੱਥ ਟਿਕਾਇੰਦਾ। ਰਹਿਬਰ ਬਣ ਬੇਪਰਵਾਹ, ਬੇਨਜ਼ੀਰ ਨਜ਼ਰ ਆਪਣੀ ਆਪ ਟਿਕਾਇੰਦਾ। ਜੋਤੀ ਨੂਰ ਕਰ ਰੁਸ਼ਨਾ, ਨੂਰ ਨੁਰਾਨਾ ਡਗਮਗਾਇੰਦਾ। ਦੀਆ ਬਾਤੀ ਆਪ ਟਿਕਾ, ਦਰਗਹਿ ਸਾਚੀ ਆਪ ਸੁਹਾਇੰਦਾ। ਕਮਲਾਪਾਤੀ ਵੇਖ ਵੇਖ ਆਪਣੀ ਖ਼ੁਸ਼ੀ ਰਿਹਾ ਮਨਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚਖੰਡ ਦੁਆਰਾ ਇਕ ਵਡਿਆ, ਵਡ ਵੱਡਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ, ਆਪਣਾ ਹੁਕਮ ਆਪ ਵਰਤਾਇੰਦਾ। ਸਾਚੇ ਤਖ਼ਤ ਚੜ੍ਹ ਨਿਰੰਕਾਰ, ਸਚਖੰਡ ਸਾਚਾ ਹੁਕਮ ਜਣਾਈਆ। ਥਿਰ ਘਰ ਖੋਲ੍ਹ ਆਪ ਕਿਵਾੜ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਸੁਤ ਦੁਲਾਰਾ ਕਰ ਤਿਆਰ, ਹੁਕਮੀ ਹੁਕਮ ਇਕ ਸੁਣਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਭਰ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਤ੍ਰੈ ਤ੍ਰੈ ਏਕਾ ਰੰਗ ਰੰਗਾਈਆ। ਪੰਚਮ ਜੋੜ ਅਗੰਮ ਅਪਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਿਰਗੁਣ ਨਿਰਗੁਣ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਆਦਿ ਪੁਰਖ ਪੁਰਖ ਅਬਿਨਾਸ਼ਾ, ਦਰਗਹਿ ਸਾਚੀ ਆਪ ਸੁਣਾਈਆ। ਦਰਗਹਿ ਸਾਚੀ ਮੁਕਾਮੇ ਹੱਕ, ਹੱਕ ਹਕ਼ੀਕ਼ਤ ਆਪ ਜਣਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਬਣਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਸੁਤ ਦੁਲਾਰੇ ਮਾਰਗ ਦੱਸ, ਸ਼ਬਦੀ ਸ਼ਬਦ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾਏ ਸਾਚਾ ਰਸ, ਰਸ ਆਪਣਾ ਆਪ ਪਰਗਟਾਇੰਦਾ। ਸਾਚਾ ਰਸ ਸ੍ਰੀ ਭਗਵਾਨ, ਆਪਣਾ ਆਪ ਪਰਗਟਾਈਆ। ਸ਼ਬਦੀ ਸੁਤ ਦੇਵੇ ਦਾਨ, ਦਾਤਾ ਦਾਨੀ ਝੋਲੀ ਪਾਈਆ। ਚਰਨ ਕਵਲ ਕਵਲ ਧਿਆਨ, ਕਵਲ ਕਵਲ ਵੇਖ ਵਖਾਈਆ। ਆਪ ਵਸਾਏ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਨ ਨਾ ਕੋਈ ਭਾਨ, ਨੂਰ ਨੂਰ ਨਾ ਕੋਇ ਵਡਿਆਈਆ। ਨਾ ਜ਼ਿਮੀ ਨਾ ਅਸਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸੁਣਾਈਆ। ਸਾਚੇ ਸੁਤ ਸਚ ਸੰਦੇਸ਼ਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਤਖ਼ਤ ਨਿਵਾਸੀ ਇਕ ਨਰੇਸ਼ਾ, ਨਿਰਗੁਣ ਨਿਰੰਕਾਰ ਆਪ ਅਖਵਾਇੰਦਾ। ਆਦਿ ਜੁਗਾਦੀ ਸਾਚਾ ਪੇਸ਼ਾ, ਬੇਪਰਵਾਹ ਆਪ ਪਰਗਟਾਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸਾ, ਘਰ ਘਰ ਆਪਣਾ ਭੇਵ ਖੁਲ੍ਹਾਇੰਦਾ। ਰੂਪ ਰੰਗ ਨਾ ਕੋਇ ਰੇਖਾ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹ ਨਿਰੰਕਾਰ, ਅਭੇਦ ਆਪ ਜਣਾਈਆ। ਸੁਤ ਦੁਲਾਰੇ ਕਰ ਵਿਚਾਰ, ਸਤਿ ਸਤਿਵਾਦੀ ਆਪ ਸਮਝਾਈਆ। ਤੇਰਾ ਮੇਰਾ ਇਕ ਭੰਡਾਰ, ਅਖੁੱਟ ਕਦੇ ਨਾ ਜਾਈਆ। ਦੇਵਣਹਾਰ ਹਰਿ ਦਾਤਾਰ, ਸਚਖੰਡ ਵਸਿਆ ਸੱਚਾ ਮਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰ, ਤੇਰੀ ਗੋਦੀ ਗੋਦ ਸੁਹਾਈਆ। ਪੰਜ ਤਿੰਨ ਵਣਜ ਵਪਾਰ, ਹੱਟ ਹੱਟਵਾਣਾ ਇਕ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਕਰ ਆਕਾਰ, ਸਚ ਅਖਾੜਾ ਦਏ ਵਖਾਈਆ। ਰਵ ਸਸ ਦਏ ਆਧਾਰ, ਨੂਰ ਨੂਰ ਨੂਰ ਰੁਸ਼ਨਾਈਆ। ਲੱਖ ਚੁਰਾਸੀ ਕਰ ਤਿਆਰ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਵੇਖ ਪਸਾਰ, ਬ੍ਰਹਮ ਪਾਰਬ੍ਰਹਮ ਵੰਡ ਵੰਡਾਈਆ। ਈਸ਼ ਜੀਵ ਖੇਲ ਅਪਾਰ, ਜਗਤ ਜਗਦੀਸ਼ ਆਪ ਸਮਝਾਈਆ। ਆਤਮ ਪਰਮਾਤਮ ਖੇਲ ਨਿਆਰ, ਨਿਰਗੁਣ ਸਰਗੁਣ ਦਏ ਸਮਝਾਈਆ। ਅੰਡਜ ਜੇਰਜ ਉਤਭੁਜ ਸੇਤਜ ਵੇਖੇ ਵਿਗਸੇ ਵੇਖਣਹਾਰ, ਵੇਖ ਵੇਖ ਵੇਖ ਬਿਗਸਾਈਆ। ਚਾਰ ਕੁੰਟ ਇਕ ਅਖਾੜ, ਉਤਰ ਪੂਰਬ ਦੱਖਣ ਪੱਛਮ ਆਪਣਾ ਰੰਗ ਰੰਗਾਈਆ। ਦਹਿ ਦਿਸ਼ਾ ਵੇਖ ਪੁਲਾੜ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਵੰਡ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਝੋਲੀ ਪਾਈਆ। ਵਸਤ ਅਗੰਮ ਅਗੋਚਰ ਕਰ ਤਿਆਰ, ਤ੍ਰੈਭਵਣ ਧਨੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਇਕ ਸਮਝਾਈਆ। ਸ਼ਬਦੀ ਸੁਤ ਸੁਤ ਦੁਲਾਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰ, ਨਿਰਾਕਾਰ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਆਪ ਵਖਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਅਲਾਇੰਦਾ। ਥਿਰ ਘਰ ਬੈਠ ਕਰਨ ਸੱਚੀ ਕਾਰ, ਸਚ ਸੁਚ ਆਪ ਦ੍ਰਿੜਾਇੰਦਾ। ਤੇਰਾ ਲੇਖਾ ਅਪਰ ਅਪਾਰ, ਅਪਰੰਪਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਤੇਰਾ ਰੂਪ ਪਰਗਟਾਇੰਦਾ। ਲੱਖ ਚੁਰਾਸੀ ਤੇਰਾ ਰੂਪ, ਸ਼ਬਦੀ ਸ਼ਬਦ ਹਰਿ ਜਣਾਇੰਦਾ। ਲੇਖਾ ਜਾਣੇ ਸ਼ਾਹੋ ਭੂਪ, ਭੂਪਤ ਆਪਣੀ ਖੇਲ ਰਚਾਇੰਦਾ। ਵਸਣਹਾਰਾ ਚਾਰੇ ਕੂਟ, ਤੇਰਾ ਨਾਦ ਨਾਦ ਸੁਣਾਇੰਦਾ। ਨਿਰਗੁਣ ਸਰਗੁਣ ਤਾਣਾ ਪੇਟਾ ਸੂਤ, ਤੰਦ ਤੰਦ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਖੇਲ ਕਰਾਇੰਦਾ। ਲੱਖ ਚੁਰਾਸੀ ਖੇਲਣਾ ਖੇਲ, ਹਰਿ ਜੂ ਹਰਿ ਹਰਿ ਆਪ ਜਣਾਈਆ। ਨਿਰਗੁਣ ਸਰਗੁਣ ਕਰ ਕਰ ਮੇਲ, ਪੰਚਮ ਪੰਚ ਪੰਚ ਵਖਾਈਆ। ਕਰਨਾ ਪਰਕਾਸ਼ ਬਿਨ ਬਾਤੀ ਤੇਲ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਤਮ ਪਰਮਾਤਮ ਮੇਲਾ ਸੱਜਣ ਸੁਹੇਲ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਲੈਣੀ ਸਿਖ, ਹਰਿ ਜੂ ਹਰਿ ਹਰਿ ਆਪ ਸਮਝਾਇੰਦਾ। ਸਚਖੰਡ ਦੁਆਰੇ ਦੇਵੇ ਭਿਖ, ਥਿਰ ਘਰ ਸ਼ਬਦੀ ਝੋਲੀ ਆਪ ਭਰਾਇੰਦਾ। ਇਕ ਰਖਾਵੇ ਤੇਰਾ ਹਿੱਸ, ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਵ ਆਪ ਸਮਝਾਇੰਦਾ। ਤੇਰਾ ਹਿੱਸਾ ਵੰਡੇ ਵੰਡ, ਨਰ ਹਰਿ ਸਾਚਾ ਆਪ ਜਣਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਕਰੇ ਕੁੜਮਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਸੋਭਾ ਪਾਈਆ। ਤੇਰਾ ਨਾਉਂ ਸੁਣਾਏ ਛੰਦ, ਗੀਤ ਗੀਤ ਆਪ ਅਲਾਈਆ। ਬੰਧਨ ਪਾਏ ਬੰਦ ਬੰਦ, ਬੰਦੀ ਸਕੇ ਨਾ ਕੋਇ ਤੁੜਾਈਆ। ਤੇਰਾ ਰੂਪ ਤੇਰਾ ਅਨੰਦ, ਘਰ ਘਰ ਵਿਚ ਦਏ ਟਿਕਾਈਆ। ਕਰੇ ਖੇਲ ਸੂਰਾ ਸਰਬੰਗ, ਸਮਰਥ ਪੁਰਖ ਬੇਪਰਵਾਹੀਆ। ਹੁਕਮੇ ਅੰਦਰ ਸੂਰਜ ਚੰਦ, ਆਦਿ ਜੁਗਾਦਿ ਸੇਵ ਕਮਾਈਆ। ਹੁਕਮੇ ਅੰਦਰ ਕੋਟ ਬ੍ਰਹਿਮੰਡ, ਖੰਡਨ ਖੰਡ ਖੰਡ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਏਕਾ ਵਸਤ ਦਏ ਵਰਤਾਈਆ। ਸ਼ਬਦ ਸੁਤ ਉਠ ਬਲਵਾਨ, ਹਰਿ ਜੂ ਹਰਿ ਹਰਿ ਆਪ ਉਠਾਇੰਦਾ। ਨਿਰਗੁਣ ਵੇਖੇ ਮਾਰ ਧਿਆਨ, ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਗੋਪੀ ਨਿਰਗੁਣ ਕਾਹਨ, ਨਿਰਗੁਣ ਬੰਸਰੀ ਨਾਮ ਸੁਣਾਇੰਦਾ। ਨਿਰਗੁਣ ਵਸੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਦੇਵੇ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਅਲਾਇੰਦਾ। ਨਿਰਗੁਣ ਲੱਖ ਚੁਰਾਸੀ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਕਰੇ ਗਿਆਨ, ਨਿਸ਼ਅੱਖਰ ਅੱਖਰ ਆਪ ਪੜ੍ਹਾਇੰਦਾ। ਨਿਰਗੁਣ ਏਕਾ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਨੂਰ ਇਲਾਹੀ ਹੋ ਪਰਧਾਨ, ਮੁਕਾਮੇ ਹੱਕ ਸੋਭਾ ਪਾਇੰਦਾ। ਮਿਹਬਾਨ ਬੀਦੋ ਨੌਜਵਾਨ, ਬਿਸਮਿਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਧੁਰ ਸੰਦੇਸ਼ਾ ਨਰ ਨਰੇਸ਼ਾ ਥਿਰ ਘਰ ਸਾਚੇ ਆਪ ਸੁਣਾਇੰਦਾ। ਸੁਤ ਦੁਲਾਰਾ ਹੋ ਤਿਆਰ, ਦੋਏ ਜੋੜ ਪਿਆ ਸਰਨਾਈਆ। ਹਉਂ ਬਾਲਕ ਸੇਵਕ ਸੇਵਾਦਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹੁਕਮੀ ਹੁਕਮ ਵਰਤੇ ਵਰਤਾਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੁਗ ਚੌਕੜੀ ਲੱਖ ਚੁਰਾਸੀ ਵੇਖਾਂ ਵਿਚ ਸੰਸਾਰ, ਬਣ ਸੇਵਕ ਸੇਵ ਕਮਾਈਆ। ਨਿਰਗੁਣ ਰੂਪ ਮੇਰਾ ਨਾ ਕੋਈ ਆਕਾਰ, ਪੰਜ ਤਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਤੇਰਾ ਭੇਵ ਦਿਆਂ ਖੁਲ੍ਹਾਈਆ। ਕਵਣ ਬਿਧ ਖੋਲ੍ਹਾਂ ਭੇਵ, ਸ਼ਬਦੀ ਸੁਤ ਮੰਗ ਮੰਗਾਇੰਦਾ। ਕਵਣ ਰੂਪ ਕਰਾਂ ਸੇਵ, ਬਣ ਸੇਵਕ ਸੇਵ ਕਮਾਇੰਦਾ। ਤੂੰ ਆਦਿ ਜੁਗਾਦੀ ਅਲਖ ਅਭੇਵ, ਤੇਰਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਦੇਵੇ ਵਰ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਮੇਰਾ ਖੇਲ ਆਦਿ ਅੰਤ, ਮਧ ਤੇਰੀ ਧਾਰ ਵਖਾਈਆ। ਬ੍ਰਹਮ ਜਣਾਈ ਜੀਵ ਜੰਤ, ਲੱਖ ਚੁਰਾਸੀ ਵਿਚ ਸਮਾਈਆ। ਕਰਾਂ ਖੇਲ ਇਕ ਬੇਅੰਤ, ਬੇਅੰਤ ਵਡ ਵਡਿਆਈਆ। ਤੇਰਾ ਰੂਪ ਪਰਗਟਾ ਬਣ ਬਣ ਸਾਚਾ ਕੰਤ, ਨਾਰੀ ਨਿਰਗੁਣ ਵੇਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਦਏ ਸਮਝਾਈਆ। ਸੁਤ ਸ਼ਬਦ ਹਰਿ ਕਰ ਪਿਆਰ, ਪਰਮ ਪੁਰਖ ਦਇਆ ਕਮਾਇੰਦਾ। ਜੁਗ ਜੁਗ ਖੇਲ ਕਰਾਂ ਅਪਾਰ, ਭੇਵ ਕੋਇ ਨਾ ਪਾਇੰਦਾ। ਪੰਜ ਤਤ ਨਾਤਾ ਜੋੜ ਸੰਸਾਰ, ਗੁਰ ਅਵਤਾਰ ਤੇਰਾ ਨਾਉਂ ਰਖਾਇੰਦਾ। ਪੀਰ ਪੈਗ਼ੰਬਰ ਦੇ ਆਧਾਰ, ਕਲਮਾ ਨਬੀ ਇਕ ਪੜ੍ਹਾਇੰਦਾ। ਭਗਵੰਤ ਭਗਤ ਖੋਲ੍ਹ ਕਿਵਾੜ, ਤੇਰਾ ਨਾਦ ਧੁਨ ਸੁਣਾਇੰਦਾ। ਸਾਚੇ ਸੰਤਾਂ ਵੇਖ ਵਿਚਾਰ, ਨੇਤਰ ਨੈਣ ਤੇਰਾ ਵਖਾਇੰਦਾ। ਬਿਨ ਪੜ੍ਹਿਆਂ ਦੇ ਗਿਆਨ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਆਪ ਵਖਾਇੰਦਾ। ਸਾਚਾ ਮਾਰਗ ਲੋਕਮਾਤ, ਹਰਿ ਜੂ ਹਰਿ ਹਰਿ ਆਪ ਜਣਾਈਆ। ਸ਼ਬਦੀ ਸ਼ਬਦ ਦੇਵੇ ਦਾਤ, ਪੰਚਮ ਪੰਚ ਪੰਚ ਕੁੜਮਾਈਆ। ਨਿਰਗੁਣ ਨਿਰਗੁਣ ਬੰਨ੍ਹੇ ਨਾਤ, ਸਰਗੁਣ ਸਰਗੁਣ ਵੱਜੇ ਵਧਾਈਆ। ਜੁਗ ਜੁਗ ਵੇਖੇ ਮਾਰ ਝਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਖੇਲ ਕਰਾਈਆ। ਬੈਠਾ ਰਹੇ ਇਕ ਇਕਾਂਤ, ਇਕ ਇਕੱਲਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਆਪਣਾ ਪਰਦਾ ਦੇਵੇ ਖੋਲ੍ਹ, ਖੋਲ੍ਹਣਹਾਰ ਇਕ ਅਖਵਾਇੰਦਾ। ਤੇਰਾ ਨਾਉਂ ਤੇਰੇ ਮੰਦਰ ਦੇਵੇ ਬੋਲ, ਅਨਬੋਲਤ ਆਪਣਾ ਰਾਗ ਅਲਾਇੰਦਾ। ਲੱਖ ਚੁਰਾਸੀ ਜੀਵ ਜੰਤ ਆਦਿ ਜੁਗਾਦਿ ਜੁਗਾ ਜੁਗੰਤਰ ਤੇਰੇ ਕੰਡੇ ਦੇਵੇ ਤੋਲ, ਤੋਲਣਹਾਰਾ ਨਜ਼ਰ ਕਿਸੇ ਨਾ ਆਇੰਦਾ। ਬੈਠਾ ਰਹੇ ਸਦਾ ਅਡੋਲ, ਅਨਭਵ ਆਪਣੀ ਖੇਲ ਵਖਾਇੰਦਾ। ਲੱਖ ਚੁਰਾਸੀ ਅੰਦਰ ਰਿਹਾ ਮੌਲ, ਮੌਲਾ ਆਪਣਾ ਰੰਗ ਰੰਗਾਇੰਦਾ। ਸੁਤ ਦੁਲਾਰੇ ਤੇਰੇ ਸੰਗ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਰੱਖੇ ਮਾਣ ਉਪਰ ਧੌਲ, ਧਰਨੀ ਧਰਤ ਧਵਲ ਵਡਿਆਇੰਦਾ। ਅੰਤਮ ਸੱਦੇ ਆਪਣੇ ਕੋਲ, ਗ੍ਰਹਿ ਮੰਦਰ ਆਪ ਬਹਾਇੰਦਾ। ਤੇਰਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਚੌਦਾਂ ਵਿਦਿਆ ਅੰਤ ਨਾ ਆਇੰਦਾ। ਚੌਦਾਂ ਲੋਕ ਰਹੇ ਡੋਲ, ਚੌਦਾਂ ਤਬਕ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਏਕਾ ਵਾਰ ਸੁਣਾਇੰਦਾ। ਧੁਰ ਫ਼ਰਮਾਣਾ ਹਰਿ ਜਗਦੀਸ਼, ਆਦਿ ਪੁਰਖ ਆਪ ਜਣਾਈਆ। ਸੁਤ ਦੁਲਾਰੇ ਸਚ ਹਦੀਸ, ਸਚਖੰਡ ਨਿਵਾਸੀ ਇਕ ਰਖਾਈਆ। ਜੁਗ ਚੌਕੜੀ ਪੀਸਣ ਪੀਸ, ਕੋਟਨ ਕਾਲ ਕਾਲ ਬਿਤਾਈਆ। ਸ਼ਾਹੋ ਭੂਪ ਬਣ ਬਣ ਸੀਸ ਜਗਦੀਸ਼ ਸੋਹੇ ਕੋਇ ਨਾ ਕਰੇ ਰੀਸ, ਨਵ ਨੌਂ ਨੱਯਾ ਜਗਤ ਡੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਰਨਾ ਖੇਲ, ਖ਼ਾਲਕ ਖ਼ਲਕ ਵੇਖ ਵਖਾਈਆ। ਨਵ ਨੌਂ ਚਾਰ ਲੱਖ ਚੁਰਾਸੀ ਆਤਮ ਪਰਮਾਤਮ ਵੇਖੇ ਜੇਲ, ਬੰਧਨ ਬੰਧ ਨਾ ਕੋਇ ਤੁੜਾਈਆ। ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਬਣ ਬਣ ਸੱਜਣ ਸੁਹੇਲ, ਸੋਹਲਾ ਹਰਿ ਹਰਿ ਨਾਮ ਸੁਣਾਈਆ। ਪੁਰਖ ਅਬਿਨਾਸ਼ੀ ਵਸੇ ਸਦਾ ਨਵੇਲ, ਆਪਣਾ ਭੇਵ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਾਚਾ ਰਾਣਾ, ਰਾਜਨ ਰਾਜ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੇ ਆਪਣੇ ਭਾਣਾ, ਸਦ ਭਾਣੇ ਆਪ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰੇ ਖੇਲ ਮਹਾਨਾ, ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ, ਅੰਜੀਲ ਕੁਰਾਨ ਬੋਧ ਅਗਾਧ ਖਾਣੀ ਬਾਣੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਜੁਗ ਜੁਗ ਹੁਕਮ ਸ਼ਬਦ ਗਿਆਨ, ਹਰਿ ਸ਼ਬਦੀ ਸ਼ਬਦ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਾਲ ਅਞਾਣ, ਦੇ ਮੱਤ ਆਪ ਸਮਝਾਈਆ। ਗੁਰ ਅਵਤਾਰ ਕਰ ਪਰਧਾਨ, ਨਾਮ ਪਰਧਾਨਗੀ ਹੱਥ ਫੜਾਈਆ। ਸਤਿ ਸਤਿ ਸੰਦੇਸ਼ਾ ਦੇਵੇ ਸ੍ਰੀ ਭਗਵਾਨ, ਸਾਚੀ ਸਿਖਿਆ ਇਕ ਵਖਾਈਆ। ਨਿਸ਼ਅੱਖਰ ਕਰ ਪਰਵਾਨ, ਅੱਖਰ ਅੱਖਰ ਵੰਡ ਵੰਡਾਈਆ। ਲੇਖਾ ਲਿਖ ਲਿਖ ਲੇਖ ਮਹਾਨ, ਲੋਕਮਾਤ ਦਏ ਵਡਿਆਈਆ। ਪੀਰ ਪੈਗ਼ੰਬਰ ਕਰਨ ਕਲਾਮ, ਕਾਇਨਾਤ ਨਾਤ ਸੁਣਾਈਆ। ਦੋ ਜਹਾਨਾਂ ਇਕ ਪੈਗ਼ਾਮ, ਵਡ ਪੈਗ਼ੰਬਰ ਆਪ ਪੜ੍ਹਾਈਆ। ਆਪੇ ਪਕੜਨਹਾਰਾ ਦਾਮਨ ਦਾਮ, ਦਾਮਨਗੀਰ ਬੇਪਰਵਾਹੀਆ। ਸਾਚਾ ਸਯਦਾ ਕਰੇ ਸਲਾਮ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਾਚੇ ਸੁਤ ਤੇਰਾ ਖੇਲ ਮਹਾਨ, ਅਬਿਨਾਸ਼ੀ ਅਚੁਤ ਆਪ ਵਖਾਈਆ। ਅੰਤਮ ਚੌਕੜ ਵੇਖੇ ਆਣ, ਨਿਰਗੁਣ ਨਿਰਗੁਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਆਪ ਸਮਝਾਈਆ। ਧੁਰ ਸੰਦੇਸ਼ਾ ਏਕਾ ਵਾਰ, ਇਕ ਇਕੱਲਾ ਆਪ ਜਣਾਇੰਦਾ। ਜੁਗ ਚੌਕੜੀ ਜਾਏ ਹਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਅੰਤਮ ਬ੍ਰਹਮਾ ਵਿਸ਼ਨ ਸ਼ਿਵ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਤ੍ਰੈਗੁਣ ਮਾਇਆ ਕਰੇ ਪੁਕਾਰ, ਸਿਰ ਹੱਥ ਨਾ ਕੋਇ ਟਿਕਾਇੰਦਾ। ਪੰਜ ਤਤ ਮੰਗਣ ਧੂੜੀ ਛਾਰ, ਮਸਤਕ ਟਿੱਕਾ ਖ਼ਾਕ ਨਾ ਕੋਇ ਰਮਾਇੰਦਾ। ਤੇਈ ਅਵਤਾਰ ਦੋਏ ਜੋੜ ਕਰਨ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਕਰਨ ਹਾਹਾਕਾਰ, ਅਲਫ਼ ਯੇ ਪੰਧ ਨਾ ਕੋਇ ਮੁਕਾਇੰਦਾ। ਦਸ ਗੁਰ ਜੋਤ ਇਕ ਨਿਰੰਕਾਰ, ਨਿਰਗੁਣ ਵੇਖ ਵੇਖ ਬਿਗਸਾਇੰਦਾ। ਗੋਬਿੰਦ ਮੇਲਾ ਸੁਤ ਦੁਲਾਰ, ਚੇਲਾ ਗੁਰ ਵਡ ਵਡਿਆਇੰਦਾ। ਪੰਚਮ ਪੰਚ ਕਰ ਪਰਵਾਨ, ਪੰਚ ਪਰਧਾਨ ਆਪ ਵਖਾਇੰਦਾ। ਪੰਚਮ ਸੋਹਣ ਦਰ ਰਾਜਾਨ, ਦਰਗਹਿ ਸਾਚੀ ਆਪ ਬਹਾਇੰਦਾ। ਪੰਜਾਂ ਦੇਵੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਭੇਵ ਖੁਲ੍ਹਾਇੰਦਾ। ਸ਼ਬਦ ਸੁਤ ਰੱਖਣਾ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਸੁਣੇ ਫ਼ਰਯਾਦ, ਅੰਤਮ ਆਪਣਾ ਵੇਸ ਵਟਾਈਆ। ਏਕੰਕਾਰਾ ਦੇਵੇ ਦਾਦ, ਸਿਰ ਆਪਣਾ ਹੱਥ ਟਿਕਾਈਆ। ਆਦਿ ਨਿਰੰਜਣ ਦੋ ਜਹਾਨਾਂ ਲਏ ਲਾਧ, ਤ੍ਰੈ ਤ੍ਰੈ ਆਪਣਾ ਪੰਧ ਮੁਕਾਈਆ। ਸ੍ਰੀ ਭਗਵਾਨ ਲੱਖ ਚੁਰਾਸੀ ਵਿਚੋਂ ਲਏ ਕਾਢ, ਮੇਲ ਮਿਲਾਏ ਸਹਿਜ ਸੁਭਾਈਆ। ਅਬਿਨਾਸ਼ੀ ਕਰਤਾ ਮੋਹਣ ਮਾਧਵ ਮਾਧ, ਮੋਹ ਆਪਣਾ ਇਕ ਵਖਾਈਆ। ਪਾਰਬ੍ਰਹਮ ਪ੍ਰਭ ਦੇਵੇ ਸਾਥ, ਸਗਲਾ ਸੰਗ ਰਖਾਈਆ। ਬ੍ਰਹਮ ਗਾਏ ਤੇਰੀ ਗਾਥ, ਹੰ ਬ੍ਰਹਮ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਵਖਾਏ ਆਪਣਾ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਨਵ ਨੌਂ ਚਾਰ ਮੁਕੇ ਵਾਟ, ਪਾਂਧੀ ਪੰਧ ਨਾ ਕੋਇ ਵਖਾਈਆ। ਸੱਤ ਚਾਰ ਰੂਪ ਦਰਸਾਏ ਸਾਖ਼ਯਾਤ, ਨਿਰਗੁਣ ਸਰਗੁਣ ਲਏ ਸਮਝਾਈਆ। ਜਨ ਭਗਤਾਂ ਕਰੇ ਪੂਰੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਅੰਦਰ ਕਰ ਕਰ ਵਾਸ, ਗ੍ਰਹਿ ਮੰਦਰ ਦਏ ਸੁਹਾਈਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਪੁਰਖ ਅਬਿਨਾਸ਼ੀ ਲਏ ਮਿਲਾਈਆ। ਕਰੇ ਕਰਾਏ ਬੰਦ ਖ਼ਲਾਸ, ਲੱਖ ਚੁਰਾਸੀ ਬੰਧਨ ਦਏ ਤੁੜਾਈਆ। ਜਿਸ ਉਪਜਾਇਆ ਮਾਸੋਂ ਮਾਸ, ਤੋਲਾ ਰੱਤੀ ਮਾਸਾ ਅੰਤ ਆਪਣੇ ਹੱਥ ਵਖਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਈਆ। ਨਿਰਗੁਣ ਨਿਰਗੁਣ ਰੱਖੇ ਸਾਥ, ਜੋਤੀ ਸ਼ਬਦੀ ਜੋੜ ਜੁੜਾਈਆ। ਆਤਮ ਪਰਮਾਤਮ ਕਰੇ ਨਿਵਾਸ, ਨਿਜ ਘਰ ਸਾਚੇ ਵੱਜੇ ਵਧਾਈਆ। ਪਰਗਟ ਹੋ ਪੁਰਖ ਅਬਿਨਾਸ਼, ਨਿਹਕਲੰਕਾ ਨਾਉਂ ਰਖਾਈਆ। ਸੰਬਲ ਨਗਰ ਰੱਖ ਨਿਵਾਸ, ਗੋਬਿੰਦ ਵੇਖੇ ਚਾਈਂ ਚਾਈਂਆ। ਉਚਾ ਟਿੱਲਾ ਪਰਬਤ ਮਾਣ ਗਵਾਏ ਕੈਲਾਸ਼, ਕੇਸ਼ਵ ਆਪਣੀ ਖੇਲ ਵਖਾਈਆ। ਨਿਰਗੁਣ ਨੂਰ ਕਰ ਪਰਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਤ ਦਏ ਵਡਿਆਈਆ।
