੨੩ ਫਗਣ ੨੦੧੭ ਬਿਕ੍ਰਮੀ ਸੁੰਦਰ ਸਿੰਘ ਦੇ ਗ੍ਰਹਿ ਪਿੰਡ ਰੋਸੇ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਖੇਲ ਮਹਾਨਾ, ਹਰਿ ਸਤਿਗੁਰ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਲੇਖਾ ਜਾਣੇ ਦੋ ਜਹਾਨਾ, ਆਦਿ ਜੁਗਾਦੀ ਵੇਖ ਵਖਾਇੰਦਾ। ਏਕੰਕਾਰਾ ਜੋਧਾ ਸੂਰਬੀਰ ਬਲੀ ਬਲਵਾਨਾ, ਮਰਦ ਮਰਦਾਨਾ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਸਚ ਮਕਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਧੁਰ ਫ਼ਰਮਾਨਾ, ਸਚ ਸੰਦੇਸ਼ ਆਪ ਸੁਣਾਇੰਦਾ। ਪਾਰਬ੍ਰਹਮ ਆਪੇ ਬਣ ਬਣ ਗੋਪੀ ਕਾਹਨਾ ਨਾਰੀ ਕੰਤ ਸੇਜ ਹੰਢਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਸ਼ਾਹੋ ਭੂਪ ਬਣ ਰਾਜ ਰਾਜਾਨਾ, ਤਖ਼ਤ ਨਿਵਾਸੀ ਸਾਚਾ ਤਖ਼ਤ ਇਕ ਸੁਹਾਇੰਦਾ। ਦਰ ਦਰਵੇਸ਼ ਨਾ ਕੋਇ ਦਰਬਾਨਾ, ਅਲਖ ਅਗੋਚਰ ਅਗੰਮ ਅਥਾਹ ਆਪਣਾ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਨੁਭਵ ਆਪਣੀ ਖੇਲ ਖਿਲਾਇੰਦਾ। ਅਨੁਭਵ ਖੇਲ ਹਰਿ ਨਿਰੰਕਾਰਾ, ਆਪਣਾ ਆਪ ਕਰਾਈਆ। ਥਿਰ ਘਰ ਸਾਚੇ ਹੋ ਉਜਿਆਰਾ, ਅੰਦਰ ਮੰਦਰ ਆਪ ਸੁਹਾਈਆ। ਕਰੇ ਖੇਲ ਅਪਰ ਅਪਾਰਾ, ਅਪਰ ਅਪਰੰਪਰ ਬੇਪਰਵਾਹੀਆ। ਹੁਕਮੀ ਹੁਕਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਜੁਗਾ ਜੁਗੰਤਰ ਹੋ ਨਿਆਰਾ, ਰੂਪ ਅਨੂਪ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਸਮਰਥ, ਆਦਿ ਜੁਗਾਦਿ ਰਖਾਇੰਦਾ। ਜੁਗਾ ਜੁਗੰਤਰ ਮਹਿਮਾ ਅਕਥ, ਨਾਉਂ ਨਿਰੰਕਾਰਾ ਨਾਮ ਪਰਗਟਾਇੰਦਾ। ਲੱਖ ਚੁਰਾਸੀ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਇੰਦਾ। ਭਗਤਨ ਮਾਰਗ ਸਾਚਾ ਦੱਸ, ਸਾਚੇ ਰਾਹੇ ਆਪੇ ਪਾਇੰਦਾ। ਸੰਤਨ ਹਿਰਦੇ ਅੰਦਰ ਵਸ, ਹਰਿ ਕਾ ਰੂਪ ਆਪ ਦਰਸਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਰਸ, ਨਿਝਰ ਧਾਰਾ ਆਪ ਝਿਰਾਇੰਦਾ। ਗੁਰਸਿਖਾਂ ਪੂਰੀ ਕਰੇ ਆਸ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰ ਗੁਰ ਰੂਪ ਸ਼ਾਹੋ ਸ਼ਾਬਾਸ, ਸ਼ਾਹ ਸੁਲਤਾਨਾ ਆਪ ਕਰਾਇੰਦਾ। ਸੇਵਕ ਸੇਵਾ ਕਰੇ ਬਣ ਬਣ ਦਾਸੀ ਦਾਸ, ਦਾਸੀ ਦਾਸ ਆਪ ਅਖਵਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਫੋਲ ਫੁਲਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਜੂਨੀ ਰਹਿਤ ਜੂਨ ਅਜੂਨ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਨਿਰਗੁਣ ਸਰਗੁਣ ਖੇਲ ਕਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਦਾਤਾ ਹਰਿ ਭਗਵਾਨ, ਪਾਰਬ੍ਰਹਮ ਵਡੀ ਵਡਿਆਈਆ। ਗੁਰ ਗੁਰ ਰੂਪ ਵਿਚ ਜਹਾਨ, ਸ਼ਬਦ ਸ਼ਬਦੀ ਆਪ ਪਰਗਟਾਈਆ। ਪੰਜ ਤਤ ਕਰ ਪਰਧਾਨ, ਲੋਕਮਾਤ ਦਏ ਵਡਿਆਈਆ। ਆਪਣਾ ਅੱਖਰ ਨਿਸ਼ ਕਰ ਪਰਵਾਨ, ਸਚ ਗਿਆਨ ਇਕ ਦ੍ਰਿੜਾਈਆ। ਲੇਖਾ ਜਾਣੇ ਕਾਇਆ ਮੰਦਰ ਮਕਾਨ, ਘਰ ਘਰ ਵਿਚ ਡੇਰਾ ਲਾਈਆ। ਜੁਗ ਚੌਕੜੀ ਕਰੇ ਆਪ ਕਲਿਆਣ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਸਤਿ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਬੰਧਨ ਪਾਈਆ। ਜੁਗ ਜੁਗ ਬੰਧਨ ਪਾਏ ਏਕ, ਏਕੰਕਾਰਾ ਖੇਲ ਖਿਲਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ੇ ਚਰਨ ਟੇਕ, ਚਰਨ ਟੇਕ ਇਕ ਸਮਝਾਇੰਦਾ। ਤ੍ਰੈਗੁਣ ਮਾਇਆ ਭਿਖਿਆ ਪਾਏ ਕਰ ਕਰ ਭੇਖ, ਪੰਚਮ ਸਾਚਾ ਸੰਗ ਨਿਭਾਇੰਦਾ। ਚਾਰੇ ਵੇਦ ਗਾਏ ਅਲਖ ਅਲੇਖ, ਚਾਰੇ ਮੁਖ ਮੁਖ ਸਾਲਾਹਿੰਦਾ। ਆਪੇ ਬਣਿਆ ਰਹੇ ਅਭੇਦ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦਵਾਪਰ ਨਿਰਗੁਣ ਸਰਗੁਣ ਹੋ ਹੋ ਆਪੇ ਵੇਖ, ਆਪਣੀ ਕਿਰਤ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਸ੍ਰੀ ਭਗਵਾਨਾ, ਹਰਿ ਆਪਣਾ ਆਪ ਧਰਾਇੰਦਾ। ਸਤਿਜੁਗ ਖੇਲੇ ਖੇਲ ਮਹਾਨਾ, ਏਕਾ ਆਠਾ ਆਠਾ ਏਕਾ ਆਪਣੀ ਕਲ ਧਰਾਇੰਦਾ। ਤ੍ਰੇਤਾ ਤੇਰਾ ਰੰਗ ਮਹਾਨਾ, ਤ੍ਰੈਗੁਣ ਅਤੀਤਾ ਆਪ ਚੜ੍ਹਾਇੰਦਾ। ਸਾਚਾ ਤੀਰ ਇਕ ਨਿਸ਼ਾਨਾ, ਹੋ ਮਿਹਰਵਾਨਾ ਆਪ ਉਠਾਇੰਦਾ। ਤੋੜਨਹਾਰਾ ਮਾਨ ਅਭਮਾਨਾ, ਮਾਣ ਨਿਮਾਣਿਆਂ ਮੇਲ ਮਿਲਾਇੰਦਾ। ਦੋਏ ਦੋਏ ਲੇਖਾ ਦੋ ਜਹਾਨਾ, ਦੋਏ ਦੋਏ ਲੋਚਣ ਖੇਲ ਖਿਲਾਇੰਦਾ। ਰਥ ਰਥਵਾਹੀ ਬਣ ਨਿਧਾਨਾ ਮਹਾਸਾਰਥੀ ਰਥ ਚਲਾਇੰਦਾ। ਏਕਾ ਅੱਖਰ ਇਕ ਗਿਆਨਾ, ਏਕਾ ਆਠਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਵੇਸ ਵਟਾਏ ਇਕ ਇਕੱਲਾ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਰੂਪ ਨੂਰੀ ਨੂਰ ਅੱਲਾ, ਇਲਾਹੀ ਨੂਰ ਆਪ ਦਰਸਾਈਆ। ਵਸਣਹਾਰਾ ਸਚ ਮਹੱਲਾ, ਆਪਣੀ ਕਿਰਨ ਕਿਰਨ ਵਿਚੋਂ ਲਏ ਪਰਗਟਾਈਆ। ਸਚ ਸੰਦੇਸ਼ ਏਕਾ ਘੱਲਾ, ਮਿਹਬਾਨ ਬੀਦੋ ਬੇਐਬ ਪਰਵਰਦਿਗਾਰ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਸਰਗੁਣ ਸਾਚਾ ਮੇਲਾ, ਹਰਿ ਸਾਚਾ ਆਪ ਕਰਾਇੰਦਾ। ਆਦਿ ਜੁਗਾਦੀ ਸੱਜਣ ਸੁਹੇਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੁਗ ਜੁਗ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਰਖਾਇੰਦਾ। ਕਲਜੁਗ ਪਾਰਬ੍ਰਹਮ ਅਚਰਜ ਖੇਲ ਆਪੇ ਖੇਲਾ, ਨਿਰਗੁਣ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਗੰਮ ਅਗੰਮੜੀ ਕਾਰ ਕਰਾਇੰਦਾ। ਅਗੰਮ ਅਗੰਮੜਾ ਅਲਖ ਨਿਰੰਜਣ, ਅਲਖ ਅਲਖਨਾ ਲਖਿਆ ਨਾ ਜਾਈਆ। ਆਦਿ ਜੁਗਾਦਿ ਦਰਦ ਦੁਖ ਭੈ ਭੰਜਨ, ਦੀਨਨ ਦੀਨਾਂ ਨਾਥਾਂ ਹੋਏ ਸਹਾਈਆ। ਏਕਾ ਕਰਾਏ ਸਾਚਾ ਮਜਨਾ, ਚਰਨ ਸਰਨ ਸਰਨ ਚਰਨ ਬਖ਼ਸ਼ੇ ਸੱਚੀ ਸਰਨਾਈਆ। ਇਕ ਚੜ੍ਹਾਏ ਸਚ ਜਹਾਜ਼ਨ, ਨਾਮ ਨਿਧਾਨਾ ਮਾਤ ਧਰਾਈਆ। ਨਿਰਗੁਣ ਨਿਰਗੁਣ ਰਚ ਰਚ ਕਾਜਨ, ਸਰਗੁਣ ਖੇਲ ਖੇਲੇ ਸੱਚਾ ਮਾਹੀਆ। ਨਾਨਕ ਨਿਰਗੁਣ ਸਰਗੁਣ ਖੇਲ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਗੋਬਿੰਦ ਚੜ੍ਹੇ ਸਾਚੇ ਤਾਜਨ, ਅਸਵ ਆਪਣਾ ਆਪ ਦੌੜਾਈਆ। ਪੁਰਖ ਅਕਾਲ ਮਾਰੇ ਵਾਜਨ, ਸੁਤ ਦੁਲਾਰਾ ਸਾਚਾ ਮਾਹੀਆ। ਆਦਿ ਜੁਗਾਦਿ ਸਾਜੇ ਸਾਜਣ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਆਇਆ ਕਾਜਨ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਪੰਚ ਵਿਕਾਰਾ ਕਰੇ ਨਾਚਨ, ਚਾਰ ਕੁੰਟ ਨੌਂ ਖੰਡ ਪ੍ਰਿਥਮੀ ਘਰ ਘਰ ਨਾਚ ਵਖਾਈਆ। ਵੇਖਣਹਾਰ ਪੁਰਖ ਸਮਰਾਥਨ, ਸਚਖੰਡ ਬੈਠਾ ਆਪਣਾ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਕਰਤਾ ਜਗ ਆਪਣੇ ਹੱਥ ਰਖੇ ਵਡਿਆਈਆ। ਸਚਖੰਡ ਦਵਾਰਾ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਕਲਜੁਗ ਅੰਤਮ ਵੇਸ ਕਰੇ ਅਵੱਲਾ, ਨਿਰਗੁਣ ਨਿਰਗੁਣ ਰੂਪ ਧਰਾਇੰਦਾ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਸਚ ਸੰਦੇਸ਼ ਨਰ ਨਰੇਸ਼ ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ ਗਣੇਸ਼ ਏਕਾ ਘੱਲਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਚਾਰੇ ਖਾਣੀ ਏਕਾ ਦੀਪ ਬੱਲਾ, ਨੂਰੋ ਨੂਰ ਡਗਮਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਅਵਤਾਰਾਂ ਫੜੌਂਦਾ ਰਿਹਾ ਪੱਲਾ, ਨਾਮ ਪੱਲੂ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟੰਦੜਾ, ਪੁਰਖ ਅਬਿਨਾਸ਼ੀ ਇਕ ਅਗੰਮ। ਦਰ ਘਰ ਸਾਚੇ ਸੋਭਾ ਪੰਦੜਾ, ਕਰੇ ਕਰਾਏ ਆਪਣਾ ਕੰਮ। ਸੰਬਲ ਨਗਰ ਧਾਮ ਸੁਹੰਦੜਾ, ਸਾਢੇ ਤਿੰਨ ਹੱਥ ਬੇੜਾ ਬੰਨ੍ਹ। ਆਪਣਾ ਹੁਕਮ ਆਪ ਸੁਣੰਦੜਾ, ਸੰਦੇਸ਼ ਸੁਣਾਏ ਸੂਰਜ ਚੰਨ। ਨੌਂ ਖੰਡ ਪ੍ਰਿਥਮੀ ਵੇਖ ਵਖੰਦੜਾ, ਸੱਤਾਂ ਦੀਪਾਂ ਦੇਵੇ ਡੰਨ। ਲੱਖ ਚੁਰਾਸੀ ਜੂਠਾ ਝੂਠਾ ਭੇਖ ਮਿਟੰਦੜਾ, ਜੋ ਘੜਿਆ ਸੋ ਦੇਵੇ ਭੰਨ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕੰਦੜਾ, ਹਉਂ ਸੇਵਕ ਬਾਲ ਅੰਞਾਣੇ ਤੇਰੇ ਜਨ। ਤੂੰ ਸਾਹਿਬ ਸਦਾ ਬਖ਼ਸ਼ੰਦੜਾ, ਰਸਨਾ ਗਾਇਣ ਧੰਨ ਧੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸ੍ਰੀ ਭਗਵਾਨ। ਹਰਿ ਭਗਵਨ ਰੂਪ ਧਰਾਇੰਦਾ, ਨਿਰਗੁਣ ਨੂਰ ਨੂਰ ਉਜਿਆਰ। ਜੋਤੀ ਜਾਤਾ ਵੇਸ ਵਟਾਇੰਦਾ, ਕਲ ਕਲਕੀ ਹੋ ਉਜਿਆਰ। ਰੂਪ ਰੰਗ ਰੇਖ ਨਾ ਕੋਇ ਵਖਾਇੰਦਾ, ਪੰਜ ਤਤ ਨਾ ਕੋਇ ਆਕਾਰ। ਤ੍ਰੈਗੁਣ ਬੰਧਨ ਨਾ ਕੋਇ ਪਾਇੰਦਾ, ਕਿਸੇ ਵਸੇ ਨਾ ਚਾਰ ਦੀਵਾਰ। ਛੱਪਰ ਛੰਨ ਨਾ ਕੋਇ ਛੁਹਾਇੰਦਾ, ਕਰੇ ਖੇਲ ਅਪਰ ਅਪਾਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਹੋਏ ਵੇਖਣਹਾਰ। ਗੋਬਿੰਦ ਬੰਕ ਇਕ ਸੁਹਾਇੰਦਾ, ਨਾਤਾ ਤੋੜ ਨੌਂ ਦਵਾਰ। ਘਰ ਘਰ ਵਿਚ ਆਸਣ ਲਾਇੰਦਾ, ਦਾਤਾ ਜੋਧਾ ਸੂਰਬੀਰ ਬਲਕਾਰ। ਨਾਮ ਖੰਡਾ ਹੱਥ ਚਮਕਾਇੰਦਾ, ਨਾ ਕੋਈ ਘੜੇ ਲੋਹਾਰ ਤਰਖਾਣ। ਬ੍ਰਹਿਮੰਡਾਂ ਆਪ ਵਖਾਇੰਦਾ, ਏਕਾ ਵਾਰ ਮਾਰ ਧਿਆਨ । ਕਲਜੁਗ ਅੰਤਮ ਕੰਢਾ ਹਰਿਜਨ ਸਾਚੇ ਆਪ ਜਗਾਇੰਦਾ, ਦੇਵੇ ਧੁਰ ਫ਼ਰਮਾਨ। ਇਕ ਸੁਣਾਏ ਸੁਹਾਗੀ ਛੰਦਾ, ਬ੍ਰਹਮ ਪਾਰਬ੍ਰਹਮ ਕਰੇ ਪਹਿਚਾਨ। ਗੁਰਸਿਖ ਵਖਾਏ ਆਤਮ ਪਰਮਾਨੰਦਾ, ਨਿਜਾਨੰਦ ਮੇਲ ਮਹਾਨ। ਮੁਖ ਸ਼ਰਮਾਏ ਸੂਰਜ ਚੰਦਾ, ਹਰਿ ਜੋਤ ਜਗੇ ਮਹਾਨ। ਆਤਮ ਸੇਜਾ ਆਪ ਸੁਹੰਦਾ, ਸੇਜ ਸੁਹੰਜਣੀ ਕਰ ਪਰਵਾਨ। ਮਨਮੁਖ ਨਾ ਲੇਖਾ ਜਾਣੇ ਭਾਗਾਂ ਮੰਦਾ, ਕਵਣ ਦਰ ਵਸੇ ਭਗਵਾਨ। ਨੇਤਰ ਨੈਣ ਕਲਜੁਗ ਅੰਧਾ, ਲੋਚਣ ਤੀਜੇ ਨਾ ਸਕੇ ਪਛਾਣ। ਜਗਤ ਦੁਹਾਗਣ ਹੋਇਆ ਰੰਡਾ, ਕੰਤ ਕੰਤੂਹਲ ਮਿਲਿਆ ਨਾ ਹਾਣੀ ਹਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਆਪ ਮਹਾਨ। ਖੇਲ ਮਹਾਨ ਕਰਾਇੰਦਾ, ਖ਼ਾਲਕ ਖ਼ਲਕ ਬੇਐਬ ਪਰਵਰਦਿਗਾਰ। ਨਵ ਨੌਂ ਆਪ ਉਠਾਇੰਦਾ, ਸ੍ਰਿਸ਼ਟ ਸਬਾਈ ਸਾਂਝਾ ਯਾਰ। ਚਾਰ ਚਾਰ ਪੰਧ ਮੁਕਾਇੰਦਾ, ਚਾਰ ਯਾਰੀ ਜਾਏ ਹਾਰ। ਕੂੜ ਕੁੜਿਆਰਾ ਖੰਡ ਖੰਡ ਕਰਾਇੰਦਾ, ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ। ਮਾਇਆ ਮਮਤਾ ਪੰਧ ਮੁਕਾਇੰਦਾ, ਆਸਾ ਤ੍ਰਿਸ਼ਨਾ ਕਰੇ ਖਵਾਰ। ਗੁਰਸਿਖ ਸਾਚਾ ਛੰਦ ਸੁਣਾਇੰਦਾ, ਸਤਿਗੁਰ ਪੂਰਾ ਕਰ ਪਿਆਰ। ਖ਼ੁਸ਼ੀ ਬੰਦ ਬੰਦ ਕਰਾਇੰਦਾ, ਨਾਤਾ ਤੋੜ ਗੜ੍ਹ ਹੰਕਾਰ। ਕਰਵਟ ਆਪਣੀ ਆਪ ਬਦਲਾਇੰਦਾ, ਅੰਤਰ ਆਤਮ ਦਏ ਆਧਾਰ। ਸਾਚੀ ਸੇਜਾ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਗੰਮੜਾ ਖੇਲ ਕਰਾਇੰਦਾ, ਕਲਜੁਗ ਅੰਤ ਸੁਹਾਏ ਬੰਕ। ਨਿਰਗੁਣ ਨਿਰਗੁਣ ਮੇਲ ਮਿਲਾਇੰਦਾ, ਸਰਗੁਣ ਬਣਾਏ ਸਾਚੀ ਬਣਤ। ਨਿਹਕਲੰਕਾ ਨਾਉਂ ਰਖਾਇੰਦਾ, ਡੰਕਾ ਵਜਾਏ ਆਦਿ ਅੰਤ। ਹਰਿਜਨ ਜਨਕਾ ਆਪ ਉਠਾਇੰਦਾ, ਇਕ ਜਣਾਏ ਮਣਿਆ ਮੰਤ। ਮਨਕਾ ਮਣਕਾ ਆਪ ਭਵਾਇੰਦਾ, ਸ਼ਬਦ ਅਗੰਮੀ ਲਾਏ ਤਨਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਸਾਚੇ ਸੰਤ। ਸੰਤ ਮਿਲਾਵਾ ਕੰਤ ਸੁਹਾਗ, ਨਾਰੀ ਨਰ ਨਰਾਇਣ ਪਰਨਾਈਆ। ਲੇਖਾ ਜਾਣੇ ਵੈਰਾਗ ਅਨਰਾਗ, ਦਵੈਸ਼ ਦਵੈਤ ਨਾ ਕੋਇ ਵਡਿਆਈਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਜਿਸ ਜਨ ਆਪਣੀ ਬੂਝ ਬੁਝਾਈਆ। ਕਿਰਪਾ ਨਿਧ ਗਹਿਰ ਗੁਣ ਸਾਗਰ ਆਪ ਲਡਾਏ ਆਪਣਾ ਲਾਡ, ਹਰਿਜਨ ਬਾਲ ਅਞਾਣੇ ਗੋਦ ਬਹਾਈਆ। ਨਿਰਗੁਣ ਸਰਗੁਣ ਸ਼ਬਦ ਜਣਾਏ ਬੋਧ ਅਗਾਧ, ਅੱਖਰ ਵੱਖਰ ਕਰੇ ਪੜ੍ਹਾਈਆ। ਕਲਜੁਗ ਅੰਤ ਅੰਤ ਭਗਵੰਤ ਸੁਣੇ ਫ਼ਰਯਾਦ, ਸਾਚਾ ਸਾਲਸ ਨਿਰਗੁਣ ਰੂਪ ਖ਼ਾਲਸ ਆਪਣਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਹਰਿ ਹਰਿ ਵੇਖਦਾ, ਜੁਗਾ ਜੁਗੰਤਰ ਕਾਰ। ਲੇਖਾ ਜਾਣੇ ਪੂਰਬ ਜਨਮ ਭੇਖ ਦਾ, ਮਾਣਸ ਮਾਣਸ ਲਏ ਉਧਾਰ। ਕਰੇ ਖੇਲ ਨਰ ਨਰੇਸ਼ ਦਾ, ਗ਼ਰੀਬ ਨਿਮਾਣਿਆਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਲਏ ਉਭਾਰ। ਗੁਰਸਿਖ ਗੁਰ ਗੁਰ ਜਗਾਇਆ, ਗੁਰ ਸ਼ਬਦੀ ਕਰ ਪਿਆਰ। ਸਾਚੇ ਮਾਰਗ ਆਪੇ ਲਾਇਆ, ਨਾਤਾ ਤੋੜ ਜਗਤ ਸੰਸਾਰ। ਸਾਚਾ ਨਾਮ ਸ਼ਬਦ ਜਣਾਇਆ, ਰਾਗ ਛਤੀਸ ਨਾ ਪਾਵਣ ਸਾਰ। ਨਾਦ ਅਨਾਦੀ ਆਪ ਵਜਾਇਆ, ਧੁਨ ਆਤਮਕ ਸੱਚੀ ਧੁੰਨਕਾਰ। ਗੁਰਸਿਖ ਗੁਰ ਗੁਰ ਮੇਲ ਮਿਲਾਇਆ, ਸਤਿਗੁਰ ਏਕ ਮਿਲਾਵਣਹਾਰ। ਦੀਵਾ ਬਾਤੀ ਕਰ ਰੁਸ਼ਨਾਇਆ, ਕਮਲਾਪਾਤੀ ਕਰੇ ਪਿਆਰ। ਬਣ ਬਣ ਸਾਕੀ ਜਾਮ ਪਿਆਇਆ, ਭਰ ਪਿਆਲਾ ਅੰਮ੍ਰਿਤ ਨਿਝਰ ਧਾਰ। ਲਹਿਣਾ ਦੇਣਾ ਬਾਕੀ ਦਏ ਚੁਕਾਇਆ, ਲੇਖਾ ਰਹੇ ਨਾ ਵਿਚ ਸੰਸਾਰ। ਅੰਤਮ ਜੋਤੀ ਜੋਤ ਲਏ ਮਿਲਾਇਆ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਨਾਮ ਸੋਟੀ ਹੱਥ ਫੜਾਇਆ, ਰਾਏ ਧਰਮ ਨਾ ਕਰੇ ਖ਼ਵਾਰ। ਚਿਤਰ ਗੁਪਤ ਨਾ ਲੇਖ ਵਖਾਇਆ, ਲਾੜੀ ਮੌਤ ਨਾ ਕਰੇ ਸ਼ੰਗਾਰ। ਕਾਲ ਦਵਾਰ ਨਾ ਬੰਧਨ ਪਾਇਆ, ਦੂਰ ਦੁਰਾਡਾ ਰੋਵੇ ਜ਼ਾਰੋ ਜ਼ਾਰ। ਮਹਾਕਾਲ ਹੋਏ ਸਹਾਇਆ, ਸਤਿਗੁਰ ਪੂਰਾ ਮੀਤ ਮੁਰਾਰ। ਮਾਣਸ ਜਨਮ ਲੇਖੇ ਲਏ ਲਗਾਇਆ, ਆਪੇ ਹੋਏ ਲੇਖਾ ਲਿਖਣਹਾਰ। ਸੁੰਨ ਅਗੰਮੀ ਪਾਰ ਕਰਾਇਆ, ਲੇਖਾ ਜਾਣੇ ਧੂਆਂਧਾਰ। ਥਿਰ ਘਰ ਸਾਚਾ ਆਪ ਖੁਲ੍ਹਾਇਆ, ਆਪੇ ਹੋਏ ਅੰਦਰ ਬਾਹਰ। ਆਪਣਾ ਪੌੜਾ ਆਪ ਵਖਾਇਆ, ਆਪੇ ਹੋਏ ਗੁਪਤ ਜ਼ਾਹਰ। ਗੁਰਮੁਖ ਸਾਚੇ ਆਪ ਚੜ੍ਹਾਇਆ, ਥਿਰ ਘਰ ਦਵਾਰਿਉਂ ਕੱਢੇ ਬਾਹਰ। ਸਚਖੰਡ ਆਪ ਬਹਾਇਆ, ਜਿਥੇ ਵਸੇ ਆਪ ਨਿਰੰਕਾਰ। ਸੂਰਜ ਚੰਨ ਨਾ ਕੋਇ ਚੜ੍ਹਾਇਆ, ਪਵਣ ਪਵਣਾਂ ਨਾ ਕੋਇ ਹੁਲਾਰ। ਮੰਡਲ ਮੰਡਪ ਨਾ ਕੋਇ ਵਖਾਇਆ, ਨਾ ਕੋਈ ਦੀਸੇ ਹੋਰ ਸਤਾਰ। ਨਿਰਗੁਣ ਜੋਤ ਡਗਮਗਾਇਆ, ਇਕ ਇਕੱਲਾ ਏਕੰਕਾਰ। ਆਪਣਾ ਕਿਲਾ ਕੋਟ ਸੁਹਾਇਆ, ਨਾ ਕੋਈ ਦੀਸੇ ਚਾਰ ਦੀਵਾਰ। ਸਚ ਸਿੰਘਾਸਣ ਸੋਭਾ ਪਾਇਆ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਮਿਲ ਸਖ਼ੀਆਂ ਮੰਗਲ ਗਾਇਆ, ਵਾਹ ਵਾ ਹੋਏ ਮੰਗਲਾਚਾਰ। ਗੁਰ ਸਤਿਗੁਰ ਧਾਮ ਸੁਹਾਇਆ, ਗੁਰਮੁਖ ਸੋਹੇ ਸੋਭਾਵੰਤੀ ਨਾਰ। ਜਿਸ ਹਰਿ ਹਰਿ ਕੰਤ ਹੰਢਾਇਆ, ਮਿਲਿਆ ਪੁਰਖ ਇਕ ਭਤਾਰ। ਦਰਗਹਿ ਸਾਚੀ ਮਾਣ ਦਿਵਾਇਆ, ਆਪ ਆਪਣਾ ਕਰ ਪਿਆਰ। ਜੋਤੀ ਜੋਤ ਵਿਚ ਸਮਾਇਆ, ਰੂਪ ਰੰਗ ਰੇਖ ਨਾ ਕੋਇ ਵਿਚਾਰ। ਅਲਖ ਅਲੇਖ ਅਲਖ ਆਪਣੀ ਇਕ ਸੁਣਾਇਆ, ਹੋ ਪਰਤਖ ਆਪ ਕਰਤਾਰ। ਆਦਿ ਨਿਰੰਜਣ ਆਪਣਾ ਆਸਣ ਸਿੰਘਾਸਣ ਸਚਖੰਡ ਦਵਾਰੇ ਉਪਰ ਲਾਇਆ, ਸ਼ਾਹੋ ਭੂਪ ਬਣ ਸਿਕਦਾਰ। ਸੀਸ ਤਾਜ ਇਕ ਟਿਕਾਇਆ, ਜਗਤ ਜਗਦੀਸ਼ ਹੋਇਆ ਖ਼ਬਰਦਾਰ। ਜੁਗ ਜੁਗ ਬੇੜਾ ਰਿਹਾ ਚਲਾਇਆ, ਲੋਕਮਾਤ ਪਾਵੇ ਸਾਰ। ਕਲਜੁਗ ਅੰਤਮ ਵੇਖਣ ਆਇਆ, ਦਿਸ ਨਾ ਆਏ ਮੀਤ ਮੁਰਾਰ। ਜੂਠਾ ਝੂਠਾ ਠੂਠਾ ਭੰਨ ਦਏ ਵਖਾਇਆ, ਸਚ ਸੁੱਚ ਕਰੇ ਵਰਤਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਮਿਟਾਇਆ, ਚਾਰ ਕੁੰਟ ਮਾਰੇ ਮਾਰ। ਚੌਦਾਂ ਤਬਕਾਂ ਵੇਖ ਵਖਾਇਆ, ਚੌਦਾਂ ਲੋਕ ਕਰੇ ਖ਼ਵਾਰ। ਤ੍ਰੈਭਵਣ ਧਨੀ ਅਵਣ ਗਵਣ ਆਪਣਾ ਵੇਖ ਵਖਾਇਆ, ਨਵ ਸਤ ਜੀਵ ਜੰਤ ਪੁਕਾਰ ਸੁਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵਡ ਦਾਤਾ ਗੁਣ ਗੁਣੀ। ਗੁਣਵੰਤਾ ਗੁਣ ਦਾਤਾਰ, ਅਵਗੁਣ ਕੋਇ ਰਹਿਣ ਨਾ ਪਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਊਚ ਨੀਚ ਨਾ ਕੋਇ ਵਡਿਆਈਆ। ਜੁਗ ਜੁਗ ਜਨ ਭਗਤਾਂ ਕਰੇ ਸਚ ਪਿਆਰ, ਜੋ ਰਸਨਾ ਜਿਹਵਾ ਰਹੇ ਗਾਈਆ। ਸੰਤ ਸਾਜਨ ਲਏ ਉਭਾਰ, ਜੂਠੀ ਝੂਠੀ ਮੇਟੇ ਲੱਗੀ ਛਾਈਆ। ਗੁਰਮੁਖਾਂ ਦੇਵੇ ਇਕ ਭੰਡਾਰ, ਅਤੁਟ ਨਾਮ ਵਰਤਾਈਆ। ਗੁਰਸਿਖ ਸਾਚੇ ਬਖ਼ਸ਼ੇ ਚਰਨ ਕਵਲ ਦਵਾਰ, ਚਰਨ ਚਰਨੋਦਕ ਮੁਖ ਚੁਆਈਆ। ਕਲਜੁਗ ਅੰਤਮ ਸਾਚੀ ਧਾਰ, ਚਾਰ ਵਰਨ ਸਮਝਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਵਖਾਏ ਬੰਕ ਦਵਾਰ, ਦੂਜਾ ਘਰ ਨਾ ਕੋਇ ਵਖਾਈਆ। ਏਕਾ ਅੱਖਰ ਕਰਾਏ ਜੈ ਜੈਕਾਰ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਏਕਾ ਨਾਰ, ਸ੍ਰਿਸ਼ਟ ਸਬਾਈ ਰੂਪ ਵਟਾਈਆ। ਪੁਰਖ ਅਬਿਨਾਸ਼ੀ ਕੰਤ ਭਤਾਰ, ਏਕਾ ਕੰਤ ਅਖਵਾਈਆ। ਸੋਹੰ ਸ਼ਬਦ ਸਤਿ ਵਰਤਾਰ, ਸਤਿਜੁਗ ਸਾਚਾ ਰਾਹ ਵਖਾਈਆ। ਬੀਸ ਬੀਸਾ ਹੋਏ ਉਜਿਆਰ, ਚਾਰ ਕੁੰਟ ਕਰੇ ਰੁਸ਼ਨਾਈਆ। ਨਵ ਨਵ ਗਾਇਣ ਵਾਰੋ ਵਾਰ, ਵਾਹ ਵਾ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਜੁਗ ਜੁਗ ਆਪਣਾ ਨਾਉਂ ਚਲਾਈਆ।
