੧੦ ਜੇਠ ੨੦੧੯ ਬਿਕਰਮੀ ਪਰਕਾਸ਼ ਚੰਦ ਦੇ ਗ੍ਰਹਿ ਜੰਮੂ
ਹਰਿ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਦਇਆ ਕਮਾਇੰਦਾ। ਸੁਤ ਦੁਲਾਰੇ ਪੂਰੀ ਆਸ, ਬਿਨ ਆਸਾ ਆਪ ਵਖਾਇੰਦਾ। ਵਿਸ਼ਨੂੰ ਵਿਸ਼ਵ ਰੱਖੇ ਸਾਥ, ਸਗਲਾ ਸੰਗ ਨਿਭਾਇੰਦਾ। ਬ੍ਰਹਮਾ ਬ੍ਰਹਮ ਕਰੇ ਪਰਕਾਸ਼, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਸ਼ੰਕਰ ਖੇਲ ਵੇਖ ਕੈਲਾਸ਼, ਕਲ ਆਪਣੀ ਆਪ ਪਰਗਟਾਇੰਦਾ। ਤ੍ਰੈਗੁਣ ਮਾਇਆ ਤੋੜੇ ਫਾਸ, ਫੰਧਨ ਆਪਣਾ ਆਪ ਬੰਧਾਇੰਦਾ। ਪੰਜ ਤਤ ਕਰੇ ਦਾਸੀ ਦਾਸ, ਦਾਸਨ ਦਾਸ ਸੇਵ ਕਮਾਇੰਦਾ। ਤੇਈ ਅਵਤਾਰ ਜਾਣੇ ਖੇਲ ਤਮਾਸ਼, ਖੇਲਣਹਾਰਾ ਭੇਵ ਨਾ ਆਇੰਦਾ। ਭਗਤ ਅਠਾਰਾਂ ਇਕੋ ਰਾਗ ਰਿਹਾ ਭਾਸ, ਧੁਨ ਅਨਾਦੀ ਨਾਦ ਸੁਣਾਇੰਦਾ। ਈਸਾ ਮੂਸਾ ਮੁਹੰਮਦ ਚਾਰ ਯਾਰ ਉਪਜਾਏ ਆਪਣੀ ਸ਼ਾਖ਼, ਪਤ ਡਾਲ੍ਹੀ ਆਪ ਮਹਿਕਾਇੰਦਾ। ਗੁਰ ਗੁਰ ਅੰਤਰ ਕਰੇ ਵਾਸ, ਦਸ ਦਸ ਆਪਣਾ ਮੇਲ ਮਿਲਾਇੰਦਾ। ਪੰਚਮ ਮੇਲਾ ਪੁਰਖ ਅਬਿਨਾਸ਼, ਨਿਰਗੁਣ ਜੋਤੀ ਜੋਤ ਸਮਾਇੰਦਾ। ਸਚਖੰਡ ਨਿਵਾਸੀ ਆਪੇ ਜਾਣੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੁਗ ਚੌਕੜੀ ਹਾਸ ਬਲਾਸ, ਬੇਅੰਤ ਬੇਪਰਵਾਹ ਆਪਣੀ ਧਾਰ ਵਖਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਜਾਣੇ ਘਾਟ, ਪੱਤਣ ਮਾਹੀ ਡੇਰਾ ਲਾਇੰਦਾ। ਨਵ ਨੌਂ ਚਾਰ ਵੇਖੇ ਵਾਟ, ਦੋ ਜਹਾਨਾਂ ਨੈਣ ਉਠਾਇੰਦਾ। ਲੋਕ ਪਰਲੋਕ ਸਗਲਾ ਸਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਸਾਚਾ ਖੇਲ ਹਰਿ ਹਰਿ ਰੰਗ, ਰੰਗ ਰੰਗੀਲਾ ਆਪ ਜਣਾਈਆ। ਸਚ ਦੁਆਰੇ ਸਤਿ ਪਲੰਘ, ਥਿਰ ਘਰ ਸਾਚੀ ਸੇਜ ਸੁਹਾਈਆ। ਆਦਿ ਜੁਗਾਦਿ ਬ੍ਰਹਿਮਾਦ ਵੱਜੇ ਮਰਦੰਗ, ਪਾਰਬ੍ਰਹਮ ਆਪਣਾ ਰਾਗ ਅਲਾਈਆ। ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਇਕ ਅਨੰਦ, ਅਨੰਦ ਆਪਣਾ ਆਪ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕੁਰਾਨ ਗਾਏ ਛੰਦ, ਸੋਹਲਾ ਢੋਲਾ ਆਪ ਪਰਗਟਾਈਆ। ਅੰਡਜ ਜੇਰਜ ਉਤਭੁਜ ਸੇਤਜ ਵੰਡੇ ਵੰਡ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਬੰਧਨ ਪਾਈਆ। ਲੇਖਾ ਜਾਣੇ ਰਵ ਸਸ ਸੂਰਜ ਚੰਦ, ਮੰਡਲ ਮੰਡਪ ਗ੍ਰਹਿ ਗ੍ਰਹਿ ਏਕਾ ਨੂਰ ਰੁਸ਼ਨਾਈਆ। ਨਵ ਨੌਂ ਚਾਰ ਪਾਏ ਬੰਧਨ ਬੰਦ, ਬੰਦੀ ਬੰਦ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਓਹਲਾ ਦਵੈਤੀ ਕੰਧ, ਪਰਦਾ ਰਾਖੇ ਬੇਪਰਵਾਹੀਆ। ਬੇਪਰਵਾਹ ਪਰਦਾ ਢਕ, ਸ਼ਬਦੀ ਸ਼ਬਦ ਖੇਲ ਖਲਾਇੰਦਾ। ਪੁਰਖ ਅਕਾਲ ਅਕਾਲ ਸਮਰਥ, ਸਮਰਥ ਆਪਣਾ ਵੇਸ ਵਟਾਇੰਦਾ। ਬਿਨ ਰਸਨਾ ਜਿਹਵਾ ਮਹਿਮਾ ਗਾਏ ਅਕੱਥ, ਲੇਖਾ ਲੇਖ ਆਪ ਸਮਝਾਇੰਦਾ। ਸਾਚੇ ਮੰਦਰ ਆਪੇ ਜਾਣੇ ਆਪਣਾ ਜਸ, ਜਸ ਵੇਦ ਪੁਰਾਨ ਹੱਥ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨਾਂ ਰਿਹਾ ਨੱਸ, ਬਣ ਪਾਂਧੀ ਸੇਵ ਕਮਾਇੰਦਾ। ਸਤਿ ਸਤਿਵਾਦੀ ਹਰ ਘਟ ਆਪੇ ਵਸ, ਘਟ ਘਟ ਆਪਣਾ ਖੇਲ ਵਖਾਇੰਦਾ। ਸ਼ਬਦ ਅਗੰਮੀ ਏਕਾ ਨਦ, ਅਨਾਦੀ ਨਾਦ ਆਪ ਸੁਣਾਇੰਦਾ। ਸਦਾ ਸੁਹੇਲਾ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਸੁਤ ਦੁਲਾਰ ਤੇਰੀ ਸੁਣੇ ਫ਼ਰਯਾਦ, ਭੇਵ ਅਭੇਦ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਬਿਨ ਲਿਖਿਆਂ ਲੇਖ, ਲਿਖਤ ਵਿਚ ਕਦੇ ਨਾ ਆਇੰਦਾ। ਵੇਖਣਹਾਰਾ ਬਿਨ ਰੂਪ ਰੰਗ ਰੇਖ, ਰੂਪ ਰੰਗ ਰੇਖ ਵਿਚ ਕਦੇ ਨਾ ਆਇੰਦਾ। ਜੁਗ ਚੌਕੜੀ ਅਵੱਲੜਾ ਭੇਖ, ਬਣ ਭੇਖੀ ਵੇਸ ਵਟਾਇੰਦਾ। ਥਿਰ ਘਰ ਸੁਹਾਏ ਤੇਰਾ ਦੇਸ, ਸਚਖੰਡ ਆਪਣਾ ਆਸਣ ਲਾਇੰਦਾ। ਲੱਖ ਚੁਰਾਸੀ ਅੰਤਰ ਕਰ ਪਰਵੇਸ, ਤੇਰੀ ਵਿਸ਼ੇਸ਼ਤਾ ਆਪ ਵਧਾਇੰਦਾ। ਇਕ ਇਕੱਲਾ ਲਏ ਵੇਖ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਸਮਝਾਇੰਦਾ। ਗ੍ਰਹਿ ਮੰਦਰ ਹਰਿ ਮਕਾਨ, ਬੇਮੁਕਾਮ ਆਪ ਜਣਾਈਆ। ਧਰਤ ਧਵਲ ਨਾ ਕੋਇ ਨਿਸ਼ਾਨ, ਧਰਨੀ ਧਾਰ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਬਿਆਨ, ਕਲਮ ਸ਼ਾਹੀ ਨਾਲ ਗਵਾਹੀਆ। ਹੱਕ ਹਕ਼ੀਕ਼ਤ ਲਾਸ਼ਰੀਕ ਨਾ ਸਕੇ ਕੋਇ ਪਹਿਚਾਨ, ਪਹਿਚਾਨ ਵਿਚ ਕਦੇ ਨਾ ਆਈਆ। ਰਸਨਾ ਜਿਹਵਾ ਗਾਏ ਪੀਰ ਮਿਹਬਾਨ, ਮਿਹਰਬਾਨ, ਵਡੀ ਵਡਿਆਈਆ। ਭਗਤ ਭਗਵੰਤ ਮੰਗਣ ਏਕਾ ਦਾਨ, ਦੋਏ ਜੋੜ ਜੋੜ ਸਰਨਾਈਆ। ਕਰੇ ਖੇਲ ਸ੍ਰੀ ਭਗਵਾਨ, ਭੇਵ ਅਭੇਦ ਆਪ ਛੁਪਾਈਆ। ਸੁਤ ਦੁਲਾਰ ਕਰ ਪਰਧਾਨ, ਜਗਤ ਪਰਧਾਨਗੀ ਇਕ ਵਖਾਈਆ। ਸਤਿ ਸੰਦੇਸ਼ਾ ਦੇਵੇ ਆਣ, ਸਤਿ ਸਤਿ ਸਤਿ ਸਾਲਾਹੀਆ। ਬ੍ਰਹਮ ਮਤ ਦੇ ਇਕ ਗਿਆਨ, ਆਤਮ ਤਤ ਤਤ ਜਣਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਵਸੇ ਸਾਚਾ ਸਾਈਂਆ। ਸਾਈਂ ਸੱਚਾ ਵਸੇ ਹਰ ਘਟ, ਘਟ ਘਟ ਭੇਵ ਜਣਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਆਪ ਭੁਵਾਇੰਦਾ। ਸ਼ਬਦੀ ਤੇਰਾ ਮਾਰਗ ਦੱਸ, ਗੁਰ ਗੁਰ ਆਪ ਸਾਲਾਹਿੰਦਾ। ਗੁਰ ਸਤਿਗੁਰ ਕਰ ਪਰਕਾਸ਼, ਨੂਰੀ ਜੋਤ ਡਗਮਗਾਇੰਦਾ। ਪੰਜ ਤਤ ਪੂਰੀ ਕਰੇ ਆਸ, ਸਚ ਭਰਵਾਸਾ ਇਕ ਵਖਾਇੰਦਾ। ਕਾਇਆ ਮੰਦਰ ਅੰਦਰ ਵਖਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਰੂਪ ਵਟਾਇੰਦਾ। ਪਰਗਟ ਹੋਏ ਸਾਖ਼ਯਾਤ, ਸਖੀ ਸਰਵਰ ਸੁਲਤਾਨ ਸ਼ਾਹ ਪਾਤਸ਼ਾਹ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਗੁਰ ਸਾਲਾਹਿੰਦਾ। ਸ਼ਬਦੀ ਸ਼ਬਦ ਗੁਰਦੇਵ, ਮਹਿਮਾ ਅਕੱਥ ਕਥੀ ਨਾ ਜਾਈਆ। ਪਾਰਬ੍ਰਹਮ ਪ੍ਰਭ ਜਾਣੇ ਸਾਚੀ ਸੇਵ, ਸੇਵਕ ਸੇਵਾ ਹੱਥ ਨਾ ਕਿਸੇ ਫੜਾਈਆ। ਅਲੱਖ ਅਗੋਚਰ ਅਗੰਮ ਅਥਾਹ ਅਭੇਵ, ਭੇਵ ਅਭੇਦ ਨਾ ਕਿਸੇ ਜਣਾਈਆ। ਆਦਿ ਜੁਗਾਦਿ ਸਦਾ ਸਦਾ ਨੇਹਕੇਵ, ਨਿਹਚਲ ਧਾਮ ਬੈਠਾ ਆਸਣ ਲਾਈਆ। ਤੇਰਾ ਗੀਤ ਗਾਏ ਗੋਬਿੰਦ ਬਿਨ ਰਸਨਾ ਜੇਹਵ, ਰਸ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਤੇਰੀ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਰੁਤੜੀ ਸੋਹੇ ਹਰਿ ਬਸੰਤ, ਪਤ ਡਾਲ੍ਹੀ ਆਪ ਮਹਿਕਾਇੰਦਾ। ਤੇਰਾ ਖੇਲ ਜੁਗਾ ਜੁਗੰਤ, ਲੱਖ ਚੁਰਾਸੀ ਬੂਟਾ ਲਾਇੰਦਾ। ਵੇਖਣਹਾਰਾ ਸ੍ਰੀ ਭਗਵੰਤ, ਨੇਤਰ ਨੈਣ ਨੈਣ ਉਠਾਇੰਦਾ। ਘਟ ਘਟ ਬਣਾਏ ਆਪਣੀ ਬਣਤ, ਘਰ ਘਰ ਆਪਣਾ ਆਸਣ ਲਾਇੰਦਾ। ਤੇਰਾ ਨਾਉਂ ਜਣਾਏ ਮੰਤ, ਮਨ ਮਣੀਆਂ ਆਪ ਪਰਗਟਾਇੰਦਾ। ਸੁਰਤ ਸਵਾਣੀ ਬਣੇ ਕੰਤ, ਕੰਤ ਕੰਤੂਹਲ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਦਰ, ਦਰ ਮੰਦਰ ਆਪ ਸੁਹਾਇੰਦਾ। ਦਰ ਮੰਦਰ ਗ੍ਰਹਿ ਪਰਕਾਸ਼, ਘਰ ਘਰ ਨਾਦ ਵਜਾਈਆ। ਆਦਿ ਅੰਤ ਪਾਵੇ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਨਿਰਾਕਾਰ ਸਾਕਾਰ ਖੇਲ ਤਮਾਸ਼, ਨਿਰਾਧਾਰ ਵੇਖ ਵਖਾਈਆ। ਬ੍ਰਹਿਮੰਡ ਖੰਡ ਲੋਅ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਜੁਗ ਜੁਗ ਰੱਖਣ ਆਸ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਚ ਪਰਕਾਸ਼ ਕਰੇ ਗ੍ਰਹਿ ਮੰਦਰ, ਘਰ ਘਰ ਵੱਜੇ ਵਧਾਈਆ। ਤੇਰਾ ਮੇਲਾ ਸਾਚੇ ਅੰਦਰ, ਅੰਦਰੇ ਅੰਦਰ ਵੇਖ ਵਖਾਈਆ। ਤੇਰਾ ਵਾਸਾ ਡੂੰਘੀ ਕੰਦਰ, ਕੰਢਾ ਘਾਟ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਏਕਾ ਗੁਣ ਸਮਝਾਈਆ। ਏਕਾ ਗੁਣ ਹਰਿ ਗੁਣਵਾਨ, ਸਚ ਸਚ ਦ੍ਰਿੜਾਇੰਦਾ। ਸ਼ਬਦੀ ਮੇਲਾ ਵਿਚ ਜਹਾਨ, ਹਰਿਜਨ ਰੂਪ ਵਖਾਇੰਦਾ। ਹਰਿ ਭਗਤ ਕਰ ਪਰਵਾਨ, ਆਪ ਆਪਣੇ ਅੰਗ ਲਗਾਇੰਦਾ। ਹਰਿ ਸੰਤ ਸਤਿ ਨਿਸ਼ਾਨ, ਸਤਿ ਦੁਆਰੇ ਆਪ ਉਠਾਇੰਦਾ। ਗੁਰਮੁਖ ਵੇਖੇ ਚਤੁਰ ਸੁਜਾਨ, ਸੁਘੜ ਆਪਣਾ ਬੰਧਨ ਪਾਇੰਦਾ। ਗੁਰਸਿਖ ਲੇਖਾ ਮੁਕੇ ਆਣ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਰ ਪਰਕਾਸ਼ ਉਚ ਮਕਾਨ, ਦੀਆ ਬਾਤੀ ਕਮਲਾਪਾਤੀ ਆਪ ਜਗਾਇੰਦਾ। ਸਾਚਾ ਸਾਥੀ ਬਣੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਲਿਖਤ ਵਿਚ ਨਾ ਆਇੰਦਾ।
