੪ ਵਸਾਖ ੨੦੧੯ ਬਿਕਰਮੀ ਬੂਆ ਸਿੰਘ ਪਿੰਡ ਬੱਲ ਪੁਰੀਆਂ
ਸਚਖੰਡ ਨਿਵਾਸੀ ਧੁਰ ਫ਼ਰਮਾਣ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਭੂਪਤ ਭੂਪ ਬਣ ਰਾਜ ਰਾਜਾਨ, ਸੀਸ ਜਗਦੀਸ਼ ਤਾਜ ਸੁਹਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਾਮ ਨਿਧਾਨਾ ਦੇਵੇ ਦਾਨ, ਇਛਿਆ ਭਿਛਿਆ ਝੋਲੀ ਪਾਇੰਦਾ। ਆਦਿ ਜੁਗਾਦੀ ਵਡ ਮਿਹਰਵਾਨ, ਭੇਵ ਅਭੇਦ ਆਪ ਖੁਲ੍ਹਾਇੰਦਾ। ਦੀਵਾ ਬਾਤੀ ਕਮਲਾਪਾਤੀ ਇਕ ਮਹਾਨ, ਦਰਗਹ ਸਾਚੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਹਰਿ ਨਿਰੰਕਾਰ, ਏਕੰਕਾਰਾ ਆਪ ਜਣਾਈਆ। ਸਚਖੰਡ ਦੁਆਰੇ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਸਚ ਸੰਦੇਸ਼ਾ ਏਕਾ ਵਾਰ, ਧੁਰ ਦੀ ਬਾਣੀ ਬਾਣ ਲਗਾਈਆ। ਵਿਸ਼ਨੂੰ ਕਰੇ ਖ਼ਬਰਦਾਰ, ਆਲਸ ਨਿੰਦਰਾ ਦਏ ਗਵਾਈਆ। ਬ੍ਰਹਮੇ ਨੇਤਰ ਨੈਣ ਉਘਾੜ, ਲੋਚਣ ਹਰਿ ਜੂ ਆਪ ਖੁਲ੍ਹਾਈਆ। ਸ਼ੰਕਰ ਬਾਸ਼ਕ ਤਸ਼ਕਾ ਵੇਖ ਹਾਰ, ਕੰਠਮਾਲ ਰਿਹਾ ਸਮਝਾਈਆ। ਤ੍ਰੈਗੁਣ ਮਾਇਆ ਹੋਣਾ ਖ਼ਬਰਦਾਰ, ਨਿਰਭੌ ਭੈ ਆਪਣਾ ਰਿਹਾ ਜਣਾਈਆ। ਪੰਜ ਤਤ ਤੇਰਾ ਇਕ ਅਖਾੜ, ਲੱਖ ਚੁਰਾਸੀ ਵੇਖ ਵਖਾਈਆ। ਲੇਖਾ ਜਾਣ ਗੁਰ ਗੁਰ ਧਾਰ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਭੇਵ ਖੁਲ੍ਹਾਏ ਹਰਿ ਅਵਤਾਰ, ਰੂਪ ਅਨੂਪ ਆਪ ਜਣਾਈਆ। ਸਚ ਸੰਦੇਸ਼ਾ ਦੇਵਣਹਾਰ, ਨਰ ਨਰੇਸ਼ਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਵਸੇ ਸਾਚਾ ਮਾਹੀਆ। ਸਾਚੇ ਤਖ਼ਤ ਹਰਿ ਜੂ ਚੜ੍ਹ, ਸਚ ਸਿੰਘਾਸਣ ਆਸਣ ਲਾਇੰਦਾ। ਨਿਰਗੁਣ ਨੂਰ ਆਪੇ ਧਰ, ਪੁਰਖ ਅਕਾਲ ਡਗਮਗਾਇੰਦਾ। ਆਪਣੀ ਆਸਾ ਆਪੇ ਵਰ, ਨਾਰ ਕੰਤ ਖੇਲ ਕਰਾਇੰਦਾ। ਕਲਜੁਗ ਅੰਤਮ ਭੇਵ ਅਪਰ, ਅਪਰੰਪਰ ਆਪ ਜਣਾਇੰਦਾ। ਪੀਰ ਪੈਗ਼ੰਬਰ ਲਏ ਫੜ, ਦਸਤਗੀਰ ਆਪ ਜਣਾਇੰਦਾ। ਸ਼ਰਅ ਸ਼ਰੀਅਤ ਵੇਖੇ ਖੜ, ਲਾਸ਼ਰੀਕ ਹੁਕਮ ਵਰਤਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰੇ ਸਾਚਾ ਖੇਲ ਕਰਾਇੰਦਾ। ਸਚਖੰਡ ਦੁਆਰੇ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਨਿਰਗੁਣ ਨੂਰ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਏਕੰਕਾਰਾ ਫੜਾਏ ਪੱਲਾ, ਆਪਣੀ ਗੰਢ ਆਪ ਪੁਵਾਈਆ। ਆਦਿ ਨਿਰੰਜਣ ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਆਸਣ ਲਾਈਆ। ਸ੍ਰੀ ਭਗਵਾਨ ਕਰਨਹਾਰਾ ਵਲ ਛਲਾ, ਅਛਲ ਛਲ ਆਪਣੀ ਕਾਰ ਕਰਾਈਆ। ਪਾਰਬ੍ਰਹਮ ਬ੍ਰਹਮ ਫੜਾਏ ਆਪਣਾ ਪੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸਮਝਾਈਆ। ਸਚ ਸੰਦੇਸ਼ਾ ਸਾਜਣ ਸਾਜ, ਸਤਿ ਸਤਿਵਾਦੀ ਆਪ ਜਣਾਇੰਦਾ। ਧੁਰਦਰਗਾਹੀ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਵੇਖ ਵਖਾਇੰਦਾ। ਦੋ ਜਹਾਨ ਸ੍ਰੀ ਭਗਵਾਨ ਆਪ ਸੁਵਾਰੇ ਆਪਣਾ ਕਾਜ, ਦੂਸਰ ਓਟ ਨਾ ਕੋਇ ਰਖਾਇੰਦਾ। ਗੁਰ ਅਵਤਾਰਾਂ ਦੇ ਦੇ ਦਾਜ, ਨਾਮ ਨਿਧਾਨਾ ਆਪ ਵਰਤਾਇੰਦਾ। ਚਾਰ ਜੁਗ ਦਾ ਸਚ ਸਮਾਜ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਵਰਨ ਚਾਰ ਖੇਲ ਤਮਾਸ਼, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਚ ਨਚਾਇੰਦਾ। ਚਾਰੇ ਜੁਗ ਵੇਖਣਹਾਰਾ ਸ਼ਬਦ ਅਗੰਮੀ ਮਾਰੇ ਵਾਜ, ਜੁਗਾ ਜੁਗੰਤਰ ਆਪ ਸੁਣਾਇੰਦਾ। ਗੁਰ ਗੁਰ ਧਾਰ ਸੁਣਾਏ ਨਾਦ, ਅਨਹਦ ਨਾਦੀ ਨਾਦ ਵਜਾਇੰਦਾ। ਭੇਵ ਖੁਲ੍ਹਾਏ ਸਾਚੇ ਸਾਧ, ਸੰਤਨ ਆਪਣਾ ਮੇਲ ਮਿਲਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਚਲੌਂਦਾ ਆਇਆ ਸਤਿ ਜਹਾਜ਼, ਨਿਰਗੁਣ ਸਰਗੁਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਸਚ ਦੁਆਰੇ ਹੁਕਮ ਵਰਤਾਇੰਦਾ। ਸਚ ਦੁਆਰੇ ਸਚ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਲੇਖਾ ਜਾਣੇ ਨਵ ਨੌਂ ਚਾਰ ਚਾਰ ਧਾਰਾ, ਚਾਰ ਕੁੰਟ ਫੇਰਾ ਪਾਈਆ। ਸ਼ਬਦ ਅਗੰਮੀ ਦੋ ਜਹਾਨ ਜੈਕਾਰਾ, ਜੈ ਜੈ ਏਕਾ ਰਾਗ ਅਲਾਈਆ। ਘਰ ਘਰ ਮੰਦਰ ਕਰ ਪਸਾਰਾ, ਘਰ ਘਰ ਵਿਚ ਆਸਣ ਲਾਈਆ। ਲੱਖ ਚੁਰਾਸੀ ਦੇਵਣਹਾਰਾ ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਦੋਏ ਜੋੜ ਕਰੇ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਆਦਿ ਜੁਗਾਦੀ ਇਕ ਸਿਕਦਾਰਾ, ਹੁਕਮੀ ਹੁਕਮ ਸਰਬ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਵਾਰ ਸੁਣਾਈਆ। ਸਚ ਸੰਦੇਸ਼ਾ ਵਿਸ਼ਨ ਬ੍ਰਹਮਾ ਸ਼ਿਵ ਧਾਰ, ਰਜੋ ਤਮੋ ਸਤੋ ਆਪ ਜਗਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਲ੍ਹ ਕਿਵਾੜ, ਬੰਕ ਦਵਾਰੀ ਬੰਕ ਵਖਾਇੰਦਾ। ਲੇਖਾ ਜਾਣੇ ਤੇਈ ਅਵਤਾਰ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਈਸ ਮੂਸਾ ਪਾਵੇ ਸਾਰ, ਸੰਗ ਮੁਹੰਮਦ ਹੁਕਮ ਵਰਤਾਇੰਦਾ। ਚਾਰ ਯਾਰੀ ਮਾਰੇ ਮਾਰ, ਨਵ ਨੌਂ ਆਪਣਾ ਹੁਕਮ ਸੁਣਾਇੰਦਾ। ਨਾਨਕ ਨਿਰਗੁਣ ਇਕ ਸਤਾਰ, ਨਾਮ ਸਤਿ ਸਤਿ ਵਜਾਇੰਦਾ। ਗੋਬਿੰਦ ਫ਼ਤਹਿ ਡੰਕ ਜੈਕਾਰ, ਦੋ ਜਹਾਨਾਂ ਆਪ ਸੁਣਾਇੰਦਾ। ਬ੍ਰਹਮਾ ਲਿਖ ਲਿਖ ਥੱਕਾ ਵੇਦ ਚਾਰ, ਹਰਿ ਕਾ ਅੰਤ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਗਏ ਹਾਰ, ਬੇਅੰਤ ਭੇਵ ਕੋਇ ਨਾ ਪਾਇੰਦਾ। ਵੇਦ ਵਿਆਸਾ ਬਣ ਲਿਖਾਰ, ਜੀਵ ਜੰਤ ਜੰਤ ਸਮਝਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ, ਕਲਜੁਗ ਏਕਾ ਅੰਕ ਜਣਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਮਾਤ ਪਿਤ ਨਾ ਕੋਇ ਬਣਾਇੰਦਾ। ਮੁਹੰਮਦ ਦੋਏ ਜੋੜ ਕਰੇ ਨਿਮਸਕਾਰ, ਸਜਦਾ ਸੀਸ ਜਗਦੀਸ਼ ਝੁਕਾਇੰਦਾ। ਈਸਾ ਦਰ ਬਣੇ ਭਿਖਾਰ, ਖ਼ਾਲੀ ਝੋਲੀ ਆਪ ਵਖਾਇੰਦਾ। ਮੇਰੀ ਭਿਛਿਆ ਰੱਖ ਪਰਵਰਦਿਗਾਰ, ਇਕੋ ਤੇਰੀ ਓਟ ਤਕਾਇੰਦਾ। ਮੁਹੰਮਦ ਰੋਵੇ ਜ਼ਾਰੋ ਜ਼ਾਰ, ਅੱਲਾ ਰਾਣੀ ਨੇਤਰ ਨੈਣਾਂ ਨੀਰ ਵਹਾਇੰਦਾ। ਕਲਜੁਗ ਅੰਤਮ ਬਣ ਬਣ ਸੇਵਾਦਾਰ, ਤੇਰੀ ਸਾਚੀ ਸੇਵ ਕਮਾਇੰਦਾ। ਤੇਰੇ ਹੁਕਮੇ ਅੰਦਰ ਕਰ ਪਸਾਰ, ਉਮਤ ਨਬੀ ਵੇਖ ਵਖਾਇੰਦਾ। ਚੌਦਾਂ ਵਿਦਿਆ ਖੇਲ ਅਪਾਰ, ਏਕਾ ਅਲਫ਼ ਨੂਰ ਧਰਾਇੰਦਾ। ਸਾਬਤ ਸੂਰਤ ਆਪ ਕਰਤਾਰ, ਸ਼ਰਅ ਸ਼ਰੀਅਤ ਵੰਡ ਵੰਡਾਇੰਦਾ। ਚੌਦਾਂ ਤਬਕਾਂ ਦੇ ਆਧਾਰ, ਚੌਦਾਂ ਲੋਕ ਨਾਲ ਰਲਾਇੰਦਾ। ਤ੍ਰੈਭਵਨ ਧਨੀ ਤੇਰਾ ਅੰਤ ਨਾ ਪਾਰਾਵਾਰ, ਤ੍ਰੈਗੁਣ ਤੇਰਾ ਖੇਲ ਨਾ ਕੋਇ ਜਣਾਇੰਦਾ। ਲੇਖਾ ਜਾਣੇ ਪੀਰ ਪੈਗ਼ੰਬਰ ਦਸਤਗੀਰ ਉਠਾਏ ਚਾਰ ਯਾਰ, ਯਾਰੀ ਯਾਰਾਂ ਨਾਲ ਰਖਾਇੰਦਾ। ਏਕਾ ਜੋਤੀ ਦਸ ਅਵਤਾਰ, ਨਿਰਗੁਣ ਨਾਨਕ ਸੋਹਲਾ ਗਾਇੰਦਾ। ਮਹਾਬਲੀ ਉਤਰੇ ਆਪਣੀ ਵਾਰ, ਨਿਹਕਲੰਕ ਨਾਉਂ ਰਖਾਇੰਦਾ। ਗੋਬਿੰਦ ਕਹੇ ਪਿਤਾ ਪੂਤ ਕਰੇ ਪਿਆਰ, ਪੁਰਖ ਅਕਾਲ ਨਾਤਾ ਜੋੜ ਜੁੜਾਇੰਦਾ। ਕਲ ਕਲਕੀ ਲੈ ਅਵਤਾਰ, ਸੰਬਲ ਨਗਰੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਆਪਣੀ ਕਾਰ ਕਮਾਇੰਦਾ। ਨਿਰਗੁਣ ਨਿਰਗੁਣ ਦਏ ਸੁਣਾ, ਸਰਗੁਣ ਸਰਗੁਣ ਆਪ ਸਮਝਾਇੰਦਾ। ਚਾਰ ਜੁਗ ਦਾ ਲੇਖਾ ਰਹਿਣਾ ਨਾ, ਲੋਕਮਾਤ ਨਿਸ਼ਾਨ ਮਿਟਾਇੰਦਾ। ਚਾਰ ਵਰਨਾਂ ਡੇਰਾ ਦੇਵੇ ਢਾਹ, ਬਰਨ ਅਠਾਰਾਂ ਨਾ ਵੰਡ ਵੰਡਾਇੰਦਾ। ਚਾਰੇ ਕੁੰਟ ਏਕਾ ਨਾਮ ਦਏ ਜਪਾ, ਰਸਨਾ ਜਿਹਵਾ ਆਪ ਸਮਝਾਇੰਦਾ। ਨੌਂ ਖੰਡ ਪ੍ਰਿਥਮੀ ਲੇਖਾ ਜਾਣੇ ਸਹਿਜ ਸੁਭਾ, ਲੇਖਾ ਆਪਣੇ ਹੱਥ ਰਖਾਇੰਦਾ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਬਣ ਬਣ ਗਏ ਗਵਾਹ, ਹੁਕਮ ਅਦਾਲਤ ਇਕ ਜਣਾਇੰਦਾ। ਪਰਗਟ ਹੋਵੇ ਅੰਤ ਬੇਪਰਵਾਹ, ਪਰਵਾਹ ਨਾ ਕੋਇ ਰਖਾਇੰਦਾ। ਗੁਰਮੁਖ ਸਾਚੇ ਲਏ ਜਗਾ, ਜਾਗਰਤ ਜੋਤ ਇਕ ਰਖਾਇੰਦਾ। ਅੰਮ੍ਰਿਤ ਆਤਮ ਜਾਮ ਦਏ ਪਿਆ, ਕਾਇਆ ਬਾਟਾ ਆਪ ਵਖਾਇੰਦਾ। ਅਨਹਦ ਨਾਦੀ ਨਾਦ ਦਏ ਸੁਣਾ, ਛੱਤੀ ਰਾਗ ਭੇਵ ਨਾ ਆਇੰਦਾ। ਸਤਿਜੁਗ ਸਾਚਾ ਮਾਰਗ ਦਏ ਲਾ, ਹੁਕਮੀ ਹੁਕਮ ਆਪ ਵਰਤਾਇੰਦਾ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਤਖ਼ਤੋਂ ਦੇਵੇ ਲਾਹ, ਸੀਸ ਤਾਜ ਨਾ ਕੋਇ ਟਿਕਾਇੰਦਾ। ਦੋ ਜਹਾਨਾਂ ਬਣੇ ਮਲਾਹ, ਬਣ ਖੇਵਟ ਖੇਟਾ ਬੇੜਾ ਪਾਰ ਕਰਾਇੰਦਾ। ਰਹਿਬਰ ਬਣੇ ਆਪ ਖ਼ੁਦਾ, ਰਹਿਮਤ ਰਹੀਮ ਰਹਿਮਾਨ ਆਪ ਕਰਾਇੰਦਾ। ਕਰੇ ਖੇਲ ਬੇਪਰਵਾਹ, ਸਹੀ ਸਲਾਮਤ ਫੇਰਾ ਪਾਇੰਦਾ। ਨੌਬਤ ਵੱਜੇ ਥਾਂ ਥਾਂ, ਨਾਮ ਡੰਕਾ ਹੱਥ ਉਠਾਇੰਦਾ। ਭਗਤ ਭਗਵੰਤ ਲਏ ਮਿਲਾ, ਮੇਲ ਮਿਲਾਵਾ ਆਪ ਮਿਲਾਇੰਦਾ। ਸੰਤ ਸਾਜਣ ਰੰਗ ਰੰਗਾ, ਰੰਗ ਰੰਗੀਲਾ ਇਕ ਵਖਾਇੰਦਾ। ਗੁਰਮੁਖ ਸੱਜਣ ਚਰਨ ਕਵਲ ਲਏ ਬਹਾ, ਸਰਨ ਸਰਨਾਈ ਇਕ ਰਖਾਇੰਦਾ। ਗੁਰਸਿਖ ਢੂੰਡੇ ਥਾਉਂ ਥਾਂ, ਲੱਖ ਚੁਰਾਸੀ ਅੰਦਰ ਵੜ ਵੜ ਸੁਰਤੀ ਸ਼ਬਦੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਪੰਜ ਲੇਖਾ ਆਪ ਚੁਕਾਇੰਦਾ। ਲੇਖਾ ਚੁੱਕੇ ਤ੍ਰੈ ਪੰਜ, ਪੰਚਮ ਆਪਣਾ ਰਾਗ ਅਲਾਈਆ। ਤੇਈ ਅਵਤਾਰ ਕਰਨ ਨਾ ਰੰਜ, ਸਾਚੀ ਸਿਖਿਆ ਦਏ ਸਮਝਾਈਆ। ਈਸਾ ਮੂਸਾ ਮੁਹੰਮਦ ਲਾਏ ਕੋਇ ਨਾ ਪਜ, ਹੁਕਮੀ ਹੁਕਮ ਹੁਕਮ ਭੁਵਾਈਆ। ਨਾਨਕ ਗੋਬਿੰਦ ਸਚਖੰਡ ਦੁਆਰੇ ਬਹੇ ਸਜ, ਹਰਿ ਸਾਜਣ ਆਪ ਬਹਾਈਆ। ਕਲਜੁਗ ਕੂੜਾ ਠੂਠਾ ਜਾਏ ਭੱਜ, ਕਿਰਿਆ ਕੋਇ ਨਜ਼ਰ ਨਾ ਆਈਆ। ਚਾਰ ਵਰਨ ਏਕਾ ਨਾਮ ਡੋਰੀ ਜਾਏ ਬੱਝ, ਊਚ ਨੀਚ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਲਜੁਗ ਅੰਤਮ ਰੱਖੇ ਲਜ, ਸਿਰ ਆਪਣਾ ਹੱਥ ਟਿਕਾਈਆ। ਗ਼ਰੀਬ ਨਿਮਾਣਿਆਂ ਪਰਦਾ ਦੇਵੇ ਕੱਜ, ਨਾਮ ਦੋਸ਼ਾਲਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਲਹਿਣਾ ਅੰਤ ਮੁਕਾਈਆ। ਚਾਰ ਜੁਗ ਦਾ ਮੁਕੇ ਲਹਿਣਾ, ਸੋ ਪੁਰਖ ਨਿਰੰਜਣ ਆਪ ਵਖਾਇੰਦਾ। ਜਨ ਭਗਤਾਂ ਵਖਾਏ ਨੇਤਰ ਨੈਣਾਂ, ਨੇਤਰ ਨੈਣ ਆਪ ਖੁਲ੍ਹਾਇੰਦਾ । ਲੱਖ ਚੁਰਾਸੀ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਲੱਖ ਚੁਰਾਸੀ ਲਾੜੀ ਮੌਤ ਖਾਏ ਡੈਣਾ, ਰਾਏ ਧਰਮ ਹੁਕਮ ਵਰਤਾਇੰਦਾ। ਗੁਰਮੁਖ ਵਿਰਲੇ ਸਤਿਗੁਰ ਸਰਨਾਈ ਬਹਿਣਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਆਤਮ ਪਰਮਾਤਮ ਮੰਨੇ ਕਹਿਣਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਲਾਏ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਸਤਿ ਸਤਿਵਾਦੀ ਚਲਾਏ ਸਚ ਵਿਹਾਰ, ਏਕਾ ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਹੋਏ ਜੈ ਜੈਕਾਰ, ਸੋਹੰ ਢੋਲਾ ਇਕ ਸੁਣਾਈਆ। ਬਣੇ ਤੋਲਾ ਆਪ ਕਰਤਾਰ, ਲੱਖ ਚੁਰਾਸੀ ਤੋਲ ਤੁਲਾਈਆ। ਮੌਲਾ ਰੂਪ ਅਗੰਮ ਅਪਾਰ, ਬਿਸਮਿਲ ਆਪਣਾ ਖੇਲ ਵਖਾਈਆ। ਰਾਤੀ ਰੁਤੀ ਥਿਤੀ ਕੋਇ ਨਾ ਜਾਣੇ ਵਾਰ, ਘੜੀ ਪਲ ਨਾ ਕੋਇ ਜਣਾਈਆ। ਰਾਗੀ ਨਾਦੀ ਕਰੇ ਖ਼ੁਵਾਰ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਈਆ। ਏਕਾ ਹੁਕਮ ਸੱਚੀ ਸਰਕਾਰ, ਸਚਖੰਡ ਨਿਵਾਸੀ ਆਪ ਸੁਣਾਈਆ। ਸਤਿਜੁਗ ਲੱਗੇ ਵਿਚ ਸੰਸਾਰ, ਬੀਸ ਬੀਸਾ ਰੁੱਤ ਸੁਹਾਈਆ। ਮਾਇਆ ਰਾਣੀ ਖ਼ਾਲੀ ਖ਼ੀਸਾ ਨਰ ਨਾਰ, ਨਰ ਨਰਾਇਣ ਦਏ ਸਜ਼ਾਈਆ। ਗੁਰਮੁਖ ਵਿਰਲੇ ਲਏ ਉਭਾਰ, ਆਤਮ ਅੰਤਰ ਬੂਝ ਬੁਝਾਈਆ। ਲਹਿਣਾ ਚੁੱਕੇ ਤੇਈ ਅਵਤਾਰ, ਭਗਤ ਅਠਾਰਾਂ ਆਪਣੇ ਵਿਚ ਛੁਪਾਈਆ। ਈਸਾ ਮੂਸਾ ਮੁਹੰਮਦ ਲੇਖਾ ਜਾਣ ਚਾਰ ਯਾਰ, ਅੰਤਮ ਚਰਨਾਂ ਹੇਠ ਰਖਾਈਆ। ਏਕਾ ਜੋਤੀ ਦਸ ਅਵਤਾਰ, ਜੋਤੀ ਜੋਤ ਜੋਤ ਸਮਾਈਆ। ਨਿਹਕਲੰਕ ਲੈ ਅਵਤਾਰ, ਨਾਮ ਡੰਕਾ ਇਕ ਵਜਾਈਆ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਆਪ ਕਰਾਈਆ। ਭਗਤ ਭਗਵੰਤ ਕਰ ਤਿਆਰ, ਆਦਿ ਅੰਤ ਦਏ ਜਣਾਈਆ। ਸਾਤਾ ਦੂਆ ਕਰ ਸ਼ਿੰਗਾਰ, ਬਹੱਤਰ ਆਪਣੇ ਰੰਗ ਰੰਗਾਈਆ। ਸੱਤਰਾਂ ਦੇਵੇ ਇਕ ਆਧਾਰ, ਚਰਨ ਕਵਲ ਸੱਚੀ ਸਰਨਾਈਆ। ਚੁਹੱਤਰਾਂ ਲਹਿਣਾ ਦੇਣਾ ਕਰਜ਼ਾ ਦਏ ਉਤਾਰ, ਬਾਕੀ ਕੋਇ ਨਜ਼ਰ ਨਾ ਆਈਆ। ਪਰਗਟ ਹੋ ਆਪ ਕਰਤਾਰ, ਨਿਹਕਲੰਕਾ ਨਾਉਂ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਸਾਂਝਾ ਯਾਰ, ਵਰਨ ਗੋਤ ਵੰਡ ਨਾ ਕੋਇ ਰਖਾਈਆ। ਸਤਿਗੁਰ ਪਾਸ ਸਾਚੀ ਅੱਖ, ਗੁਰ ਨੇਤਰ ਆਪ ਖੁਲ੍ਹਾਇੰਦਾ। ਪੰਚ ਵਿਕਾਰਾ ਕਰ ਵੱਖ, ਆਪਣਾ ਘਰ ਸਮਝਾਇੰਦਾ। ਸ਼ਬਦ ਨਾਦ ਬੋਲ ਅਲੱਖ, ਸਚ ਜੈਕਾਰਾ ਲਾਇੰਦਾ। ਨੂਰ ਨੁਰਾਨਾ ਆਪੇ ਦੱਸ, ਅਗਿਆਨ ਅੰਧੇਰ ਮਿਟਾਇੰਦਾ। ਸਤਿ ਸਰੂਪੀ ਦੇਵੇ ਦਰਸ ਹੋ ਪਰਤੱਖ, ਪਰਮ ਪੁਰਖ ਰੰਗ ਰੰਗਾਇੰਦਾ। ਹਰਿਜਨ ਕਰੇ ਪੂਰੀ ਆਸ, ਜੋ ਜਨ ਚਰਨ ਧਿਆਨ ਲਗਾਇੰਦਾ। ਸਾਚੇ ਨੇਤਰ ਵਖਾਏ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਵੇਖਿਆਂ ਹਰ ਘਟ ਆਪਣੀ ਖੇਲ ਕਰਾਇੰਦਾ। ਗੁਰ ਬਾਣੀ ਹਰਿ ਕਾ ਜਸ, ਗੁਰ ਗੁਰ ਹੁਕਮੀ ਹੁਕਮ ਗਾਈਆ। ਨਿਰਗੁਣ ਸਰਗੁਣ ਅੰਦਰ ਵਸ, ਆਪਣਾ ਭੇਵ ਆਪ ਖੁਲ੍ਹਾਈਆ। ਪੁਰਖ ਅਕਾਲ ਨਾਨਕ ਕਰੇ ਪੂਰੀ ਆਸ, ਆਪ ਆਪਣਾ ਭੇਵ ਖੁਲ੍ਹਾਈਆ। ਸਾਚੇ ਮੰਡਲ ਸਾਚੀ ਰਾਸ, ਜੋਤੀ ਜਾਤਾ ਦਏ ਵਖਾਈਆ। ਲਹਿਣਾ ਤੋੜ ਪ੍ਰਿਥਮੀ ਆਕਾਸ਼, ਗਗਨ ਮੰਡਲ ਉਪਰ ਡੇਰਾ ਲਾਈਆ। ਸਚਖੰਡ ਦੁਆਰੇ ਕਰ ਕਰ ਵਾਸ, ਸਚ ਸਿੰਘਾਸਣ ਸੋਭਾ ਪਾਈਆ। ਧੁਰ ਫ਼ਰਮਾਣਾ ਦੇਵੇ ਧੁਰ ਧਰਵਾਸ, ਧੁਰ ਦਰਬਾਰੀ ਆਪ ਜਣਾਈਆ। ਆਤਮ ਪਰਮਾਤਮ ਘਟ ਘਟ ਵਾਸ, ਵਰਨ ਗੋਤ ਨਾ ਕੋਇ ਰਖਾਈਆ। ਪੰਜ ਤਤ ਚੋਲਾ ਕਾਇਆ ਗੁਰ ਅਵਤਾਰਾਂ ਹੋਵੇ ਨਾਸ, ਥਿਰ ਕੋਇ ਰਹਿਣ ਨਾ ਪਾਈਆ। ਹਰਿ ਕਾ ਸ਼ਬਦ ਸਦਾ ਪਰਕਾਸ਼, ਨਾ ਮਰੇ ਨਾ ਜਾਈਆ। ਜੁਗ ਚੌਕੜੀ ਗੌਂਦੇ ਰਹੇ ਰਸਨ ਸਵਾਸ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਬਾਣੀ ਭੇਵ ਖੁਲ੍ਹਾਈਆ। ਹਰਿ ਕਾ ਨਾਉਂ ਗੁਰ ਗੁਰ ਬਾਣੀ, ਹਰਿ ਸਤਿਗੁਰ ਆਪ ਜਣਾਇੰਦਾ। ਸਤਿਗੁਰ ਮਹਿਮਾ ਅਕੱਥ ਕਹਾਣੀ, ਲਿਖ ਲਿਖ ਲੇਖ ਬਣਾਇੰਦਾ। ਗੁਰ ਗੁਰ ਰੂਪ ਖੇਲ ਮਹਾਨੀ, ਬਿਨ ਸਤਿਗੁਰ ਬਾਣੀ ਨਾਉਂ ਨਾ ਕੋਇ ਅਲਾਇੰਦਾ। ਬਿਨ ਬਾਣੀ ਸਤਿਗੁਰ ਕੋਇ ਨਾ ਹੋਏ ਜਾਣ ਜਾਣੀ, ਗੁਰ ਗੁਰ ਨਿਸ਼ਾਨਾ ਨਜ਼ਰ ਕੋਇ ਨਾ ਆਇੰਦਾ। ਦੋਹਾਂ ਵਿਚੋਲਾ ਸ਼ਾਹ ਸੁਲਤਾਨੀ, ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦੇਵੇ ਸਾਚਾ ਵਰ, ਗੋਬਿੰਦ ਏਕਾ ਬੂਝ ਬੁਝਾਇੰਦਾ। ਨਾਨਕ ਗੋਬਿੰਦ ਪਰਦਾ ਖੋਲ੍ਹ, ਹਰਿ ਜੂ ਹਰਿ ਹਰਿ ਆਪ ਬੁਝਾਈਆ। ਸਤਿਗੁਰ ਸਾਜਣ ਬੋਲੇ ਬੋਲ, ਅੱਖਰ ਵੱਖਰ ਆਪੇ ਗਾਈਆ। ਹਰਿ ਕਾ ਨਾਉਂ ਤੋਲੇ ਤੋਲ, ਤੋਲਣਹਾਰਾ ਆਪ ਹੋ ਜਾਈਆ। ਸ਼ਬਦੀ ਗੁਰ ਘਟ ਘਟ ਜਾਏ ਮੌਲ, ਗੁਰੂ ਗ੍ਰੰਥ ਦਏ ਗਵਾਹੀਆ। ਬਾਣੀ ਗੁਰ ਗੁਰ ਬਾਣੀ ਆਦਿ ਜੁਗਾਦੀ ਇਕ ਦੂਜੇ ਦੇ ਵਸਣ ਕੋਲ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਸਮਝਾਈਆ। ਗੁਰ ਸ਼ਬਦ ਸਾਚਾ ਗੁਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਾਨਕ ਨਿਰਗੁਣ ਗਿਆ ਜੁੜ, ਨਿਰਵੈਰ ਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਆਪੇ ਬੌਹੁੜ, ਭੇਵ ਅਭੇਦ ਆਪ ਜਣਾਇੰਦਾ। ਨਾਤਾ ਤੋੜੇ ਮਿੱਠਾ ਕੌੜ, ਰਸ ਅਨਡਿਠਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਬਾਣੀ ਆਪ ਪਰਗਟਾਇੰਦਾ। ਗੁਰ ਬਾਣੀ ਸਤਿਗੁਰ ਰਾਗ, ਰਸਨਾ ਜਿਹਵਾ ਆਪੇ ਗਾਈਆ। ਬਾਣੀ ਮੇਲਾ ਸ਼ਬਦ ਸੁਹਾਗ, ਗੁਰ ਗੁਰ ਕੰਤ ਹੰਢਾਈਆ। ਦੋਹਾਂ ਵਿਚੋਲਾ ਬਣੇ ਆਪ, ਨਿਰੰਤਰ ਆਪਣੀ ਧਾਰ ਵਖਾਈਆ। ਆਤਮ ਪਰਮਾਤਮ ਸਚਾ ਜਾਪ, ਜੀਵਣ ਜੁਗਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਕਾ ਸ਼ਬਦ ਏਕਾ ਗੁਰ ਵਡਿਆਈਆ। ਏਕਾ ਗੁਰ ਇਕ ਅਵਤਾਰਾ, ਏਕਾ ਬੂਝ ਬੁਝਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਮਹਿਮਾ ਅਕੱਥ ਬੋਲੇ ਜੈਕਾਰਾ, ਜੈ ਜੈ ਆਪਣੇ ਨਾਉਂ ਕਰਾਇੰਦਾ। ਚਲਾਏ ਰਥ ਵਿਚ ਸੰਸਾਰਾ, ਬੋਧ ਗਿਆਨ ਆਪ ਦ੍ਰਿੜਾਇੰਦਾ। ਸਮਰਥ ਪੁਰਖ ਕਰੇ ਖੇਲ ਅਪਾਰਾ, ਨਾਨਕ ਗੋਬਿੰਦ ਸਾਚਾ ਫ਼ਿਰਕਾ ਇਕ ਸਮਝਾਇੰਦਾ। ਸਾਚਾ ਫ਼ਿਰਕਾ ਬਿਨ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਈਆ। ਸਤਿਗੁਰ ਪੂਰਾ ਮੇਟੇ ਅੰਧੇਰੀ ਰਾਤ, ਆਤਮ ਚੰਦ ਇਕ ਚੜ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣਾਇਆ ਸਾਕ, ਆਪਣਾ ਬੰਧਨ ਪਾਈਆ। ਪੰਚਮ ਮੀਤਾ ਬੋਲ ਵਾਕ, ਸੀਸ ਆਪਣਾ ਰਿਹਾ ਝੁਕਾਈਆ। ਗੁਰ ਚੇਲਾ ਵਸੇ ਪਾਸ, ਚੇਲਾ ਗੁਰ ਰੂਪ ਵਟਾਈਆ। ਹਰਿ ਕਾ ਨਾਉਂ ਨਾ ਜਾਏ ਵਿਨਾਸ, ਗੁਰ ਸ਼ਬਦ ਆਦਿ ਜੁਗਾਦਿ ਸਮਾਈਆ। ਗੁਰੂ ਗ੍ਰੰਥ ਗੁਰ ਬੂਝੇ ਕਰ ਕਿਆਸ, ਖ਼ਿਆਨਤ ਨੇੜ ਕਦੇ ਨਾ ਆਈਆ। ਅੰਤ ਉਤਾਰੇ ਆਪਣੇ ਘਾਟ, ਮੰਜਧਾਰ ਨਾ ਕੋਇ ਰੁੜ੍ਹਾਈਆ। ਪੰਜ ਤਤ ਚੋਲਾ ਦੇਵੇ ਕੋਇ ਨਾ ਸਾਥ, ਨਾਨਕ ਗੋਬਿੰਦ ਸ਼ਬਦ ਸਰੂਪ ਸ਼ਬਦੀ ਗੁਰ ਇਕ ਅਖਵਾਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਬੇਪਰਵਾਹੀਆ। ਕੂੜੀ ਕਿਰਿਆ ਕਰੇ ਵਿਨਾਸ, ਫ਼ਤਹਿ ਡੰਕਾ ਇਕ ਵਜਾਈਆ। ਪੁਰਖ ਅਕਾਲ ਲੱਖ ਚੁਰਾਸੀ ਗਾਏ ਸਵਾਸ ਸਵਾਸ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੁਰ ਸ਼ਬਦ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਘਟ ਘਟ ਵਸੇ ਪਾਸ, ਗੁਰ ਬਾਣੀ ਗੁਰ ਸ਼ਬਦ ਕਹਾਣੀ, ਕਹਿ ਕਹਿ ਗੁਰ ਗੁਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੀ ਸਾਚੀ ਰਾਣੀ, ਸਚਖੰਡ ਦੀ ਸਚ ਸਵਾਣੀ, ਲੋਕਮਾਤ ਭਗਤ ਭਗਵੰਤ ਸਾਚੇ ਸੰਤ ਗੁਰਮੁਖ ਗੁਰਸਿਖ ਗੁਰ ਗੁਰ ਸ਼ਬਦ ਆਪ ਪਰਨਾਈਆ।
