੧੧ ਜੇਠ ੨੦੧੭ ਬਿਕ੍ਰਮੀ ਭੋਲਾ ਰਾਮ ਦੇ ਘਰ ਪਿੰਡ ਜੌੜੀਆਂ
ਆਦਿ ਸ਼ਕਤ ਰੂਪ ਵਟਾਇਆ, ਕਮਲਾਪਾਤੀ ਹੋ ਉਜਿਆਰ। ਸਾਚੀ ਹਵਨੀ ਹਵਨ ਕਰਾਇਆ, ਨਿਰਗੁਣ ਜੋਤ ਘਿਰਤ ਡਾਰ। ਪਵਣ ਪਵਣੀ ਆਪ ਸਮਾਇਆ, ਅਲੱਖ ਅਗੋਚਰ ਅਗੰਮ ਅਪਾਰ। ਲਾਟ ਲਲਾਟ ਆਪ ਵਖਾਇਆ, ਮੇਟ ਮਿਟਾਏ ਧੂਆਂਧਾਰ। ਸਾਚੇ ਘਾਟ ਡੇਰਾ ਲਾਇਆ, ਲੇਖਾ ਜਾਣੇ ਆਰ ਪਾਰ। ਤੀਰਥ ਤਾਟ ਇਕ ਖੁਲ੍ਹਾਇਆ, ਕਰ ਕਿਰਪਾ ਏਕੰਕਾਰ। ਸਚ ਹਾਟ ਇਕ ਵਿਕਾਇਆ, ਕੀਮਤ ਕਰਤਾ ਆਪੇ ਡਾਰ। ਨਾਮ ਵਸਤ ਇਕ ਸਮਝਾਇਆ, ਸ਼ਬਦ ਅਨਾਦ ਸੱਚੀ ਧੁਨਕਾਰ। ਬੋਧ ਅਗਾਧੀ ਖੇਲ ਖਿਲਾਇਆ, ਲੇਖਾ ਲਿਖੇ ਨਾ ਕੋਇ ਵਿਚ ਸੰਸਾਰ। ਨਿਰਗੁਣ ਸਰਗੁਣ ਰੂਪ ਧਰਾਇਆ, ਲੋਕਮਾਤ ਲੈ ਅਵਤਾਰ। ਭਗਤਾਂ ਭਗਤੀ ਵੇਖਣ ਆਇਆ, ਪੂਰਬ ਕਰਮਾਂ ਕਰ ਵਿਚਾਰ। ਸਾਚੀ ਸ਼ਕਤੀ ਨਾਲ ਲਿਆਇਆ, ਆਪ ਆਪਣੀ ਕਿਰਪਾ ਧਾਰ। ਬੂੰਦ ਰਕਤੀ ਵੇਖ ਵਖਾਇਆ, ਲੇਖਾ ਜਾਣੇ ਪੰਜ ਤਤ ਆਕਾਰ। ਇਕ ਵਿਅਕਤੀ ਆਪ ਅਖਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਖੇਲਣਹਾਰ। ਆਦਿ ਸ਼ਕਤ ਆਦਿ ਭਵਾਨੀ, ਨਿਰਗੁਣ ਜੋਤ ਜੋਤ ਜਗਾਈਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨੀ, ਦਰਗਹਿ ਸਾਚੀ ਧਾਮ ਸੁਹਾਈਆ। ਗਾਏ ਜਸ ਵੇਦ ਪੁਰਾਨੀ, ਆਪਣੀ ਮਹਿਮਾ ਆਪ ਸੁਣਾਈਆ। ਆਪੇ ਦੱਸੇ ਅਕਥ ਕਹਾਣੀ, ਰਸਨਾ ਕਥ ਨਾ ਸਕੇ ਰਾਈਆ। ਆਪੇ ਜਾਣੇ ਧੁਰ ਦੀ ਬਾਣੀ, ਆਪਣਾ ਭੇਵ ਆਪ ਖੁਲ੍ਹਾਈਆ। ਆਪੇ ਵੇਖੇ ਸਾਚੀ ਰਾਣੀ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣੀ ਖੇਲ ਵਖਾਈਆ। ਆਦਿ ਸ਼ਕਤ ਅਨਡਿਠ ਰੂਪ, ਆਦਿ ਪੁਰਖ ਨਿਰੰਜਣ ਆਪ ਉਪਾਇਆ। ਲੇਖਾ ਜਾਣੇ ਸਾਚਾ ਭੂਪ, ਸਚ ਸਿੰਘਾਸਣ ਆਸਣ ਲਾਇਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਦਰਸਾਇਆ। ਆਦਿ ਸ਼ਕਤ ਨੂਰ ਨੁਰਾਨਾ, ਨੂਰੋ ਨੂਰ ਡਗਮਗਾਇੰਦਾ। ਉਚਾ ਟਿੱਲਾ ਪਰਬਤ ਨਾ ਕੋਇ ਮਕਾਨਾ, ਸਚਖੰਡ ਸਾਚੇ ਆਸਣ ਲਾਇੰਦਾ। ਸ਼ਬਦ ਅਗੰਮੀ ਇਕ ਬਬਾਨਾ, ਸਾਚੀ ਰਾਣੀ ਆਪ ਚੜ੍ਹਾਇੰਦਾ। ਲੇਖਾ ਜਾਣੇ ਆਵਣ ਜਾਣਾ, ਦੋ ਜਹਾਨਾਂ ਵੇਸ ਵਟਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਏਕੰਕਾਰਾ ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਮਿਲਾਏ ਨਾਰ ਰਕਾਨਾ, ਸਾਚਾ ਜੋਬਨ ਆਪ ਹੰਢਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਸ਼ਬਦ ਅਗੰਮੀ ਆਪ ਸੁਣਾਇੰਦਾ। ਆਪ ਵਖਾਏ ਸਚ ਟਿਕਾਣਾ, ਸਚਖੰਡ ਦਵਾਰਾ ਇਕ ਵਖਾਇੰਦਾ। ਆਪੇ ਬਖ਼ਸ਼ੇ ਚਰਨ ਧਿਆਨਾ, ਮੁਖ ਘੁੰਗਟ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਦਿ ਸ਼ਕਤ ਸ਼ਸਤਰ ਧਾਰ, ਨਿਰਗੁਣ ਰੂਪ ਅਨੂਪ ਦਰਸਾਈਆ। ਆਪੇ ਸਿੰਘ ਹੋਏ ਅਸਵਾਰ, ਆਪ ਆਪਣਾ ਬਲ ਰਖਾਈਆ। ਆਪੇ ਅਸ਼ਟਭੁਜ ਕਰ ਉਜਿਆਰ, ਸੰਖ ਚੱਕਰ ਗਦਾ ਹੱਥ ਉਠਾਈਆ। ਆਪੇ ਖੜਗ ਖੰਡਾ ਫੜ ਤੇਜ਼ ਕਟਾਰ, ਬਣ ਜੰਗਲ ਫੇਰਾ ਪਾਈਆ। ਆਪੇ ਮੰਗੇ ਦਰ ਹੋ ਹੋ ਨਾਰ, ਪੁਰਖ ਅਬਿਨਾਸ਼ੀ ਇਕ ਮਨਾਈਆ। ਲੋਕਮਾਤ ਤੋੜ ਹੰਕਾਰ, ਸੁੰਭ ਨਸੁੰਭ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਨਸੁੰਭ ਬਿਦਾਰਿਆ ਸ਼ਕਤ ਆਦਿ, ਏਕਾ ਖੰਡਾ ਆਪ ਚਮਕਾਇਆ। ਵੇਲੇ ਅੰਤਮ ਹਰਿ ਜੂ ਆਇਆ ਯਾਦ, ਮਾਇਆ ਮਮਤਾ ਮੋਹ ਤੁੜਾਇਆ। ਦੁਰਗਾ ਇਕ ਵਜਾਇਆ ਨਾਦ, ਡੋਰੂ ਆਪਣੇ ਹੱਥ ਉਠਾਇਆ। ਧਰਤ ਧਵਲ ਡਿੱਗਾ ਰਿਹਾ ਆਰਾਧ, ਪ੍ਰਭ ਤੇਰੀ ਸਚ ਸਰਨਾਇਆ। ਬਿਨ ਤੇਰੇ ਕਵਣ ਸੁਣੇ ਫ਼ਰਿਆਦ, ਹੋਵੇ ਕੌਣ ਸਹਾਇਆ। ਏਕਾ ਬਖ਼ਸ਼ ਸਾਚੀ ਦਾਦ, ਤੇਰਾ ਦਰਸ ਮੰਗਾਂ ਬਣ ਤਿਹਾਇਆ। ਦਿਵਸ ਰੈਣ ਕਰਾਂ ਯਾਦ, ਜਗਤ ਵਿਛੋੜਾ ਦੇ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਸ਼ਟਭੁਜ ਆਪ ਸਮਝਾਇਆ। ਨਸੁੰਭ ਪੁਕਾਰੇ ਧਰਤ ਧਰ, ਧੜ ਸੀਸ ਨਾ ਕੋਇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਤੇਰੀ ਧਵਲ ਨਾ ਦਏ ਵਡਿਆਈਆ। ਆਪਣਾ ਕੀਤਾ ਰਹੇ ਭਰ, ਲੋਕਮਾਤ ਭੁੱਲਿਆ ਬੇਪਰਵਾਹੀਆ। ਤੇਰਾ ਵਿਛੜਿਆ ਅੰਤ ਦਰ, ਦਰਗਹਿ ਧਾਮ ਨਾ ਕੋਇ ਸੁਹਾਈਆ। ਚੁਰਾਸੀ ਵਿਚੋਂ ਆਵੇ ਡਰ, ਨਰਕ ਨਿਵਾਸ ਨਾ ਕੋਇ ਰਖਾਈਆ। ਤੇਰੇ ਖੰਡੇ ਕਰਿਆ ਵਾਰ, ਮੁਕਤੀ ਮੁਕਤ ਨਾ ਕਿਉਂ ਕਰਾਈਆ। ਅੰਤਮ ਟੋਟੇ ਹੋ ਕੇ ਡਿੱਗਾ ਤੇਰੇ ਚਰਨ ਦਵਾਰ, ਤੇਰੀ ਚਰਨ ਧੂੜ ਮਸਤਕ ਲੱਗੀ ਛਾਹੀਆ। ਤੇਰਾ ਸ਼ਬਦ ਸ਼ੇਰ ਰੂਪ ਰਿਹਾ ਜਗ ਤਾਰ, ਉਪਰ ਸ਼ਕਤੀ ਆਪ ਟਿਕਾਈਆ। ਬ੍ਰਹਮਾ ਨੇਤਰ ਖੋਲ੍ਹ ਰਿਹਾ ਵਿਚਾਰ, ਅੱਠੇ ਨੈਣ ਰਾਹ ਤਕਾਈਆ। ਚਤਰਭੁਜ ਆਪਣੀਆਂ ਭੁਜਾਂ ਆਪ ਪਸਾਰ, ਅਸ਼ਟਭੁਜ ਗਲੇ ਲਗਾਈਆ। ਆਪਣੇ ਵਿਚੋਂ ਆਪ ਨਿਕਾਲ, ਆਪ ਆਪਣੀ ਦਏ ਸਾਲਾਹੀਆ। ਮੇਰਾ ਰੂਪ ਅਗੰਮ ਅਪਾਰ, ਪੁਰਖ ਨਾਰ ਨਾ ਵੇਸ ਵਟਾਈਆ। ਤੇਰਾ ਲਹਿਣਾ ਦੇਵਾਂ ਵਿਚ ਸੰਸਾਰ, ਭੁੱਲ ਰਹੇ ਨਾ ਰਾਈਆ। ਤਿੰਨ ਜੁਗ ਸੌਣਾ ਪੈਰ ਪਸਾਰ, ਸੁਤਿਆਂ ਕੋਇ ਨਾ ਲਏ ਉਠਾਈਆ। ਕਲਜੁਗ ਅੰਤਮ ਆਏ ਵਾਰ, ਨਿਰਗੁਣ ਜੋਤ ਹੋਏ ਰੁਸ਼ਨਾਈਆ। ਨਿਹਕਲੰਕਾ ਜਾਮਾ ਧਾਰ, ਤੇਰਾ ਲੇਖਾ ਲਏ ਫੋਲਾਈਆ। ਕੀਤਾ ਵਾਰ ਚੰਡੀ ਤਲਵਾਰ, ਬ੍ਰਹਿਮੰਡੀ ਖੋਜ ਖੁਜਾਈਆ। ਖੇਲੇ ਖੇਲ ਅਗੰਮ ਅਪਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਸਿੰਘ ਸ਼ੇਰ ਆਏ ਆਪਣੀ ਵਾਰ, ਜਗਤ ਬਾਣਾ ਆਪ ਹੰਢਾਈਆ। ਝੂਠਾ ਚੋਲਾ ਦਏ ਉਤਾਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਦਾਤਾ ਹੋ ਤਿਆਰ, ਖੇਲੇ ਖੇਲ ਬੇਪਰਵਾਹੀਆ। ਅਸ਼ਟਭੁਜ ਕਰ ਪਿਆਰ, ਆਪ ਆਪਣੇ ਲੜ ਬੰਧਾਈਆ। ਨਾਰੀ ਕੰਤ ਕਰੇ ਭਤਾਰ, ਲਾਲ ਭੂਸ਼ਨ ਆਪ ਰੰਗਾਈਆ। ਪਰਗਟ ਹੋ ਗਿਰਵਰ ਗਿਰਧਾਰ, ਗ੍ਰਹਿ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦਏ ਸਮਝਾਈਆ। ਕਲਜੁਗ ਵੇਲਾ ਅੰਤ ਸਲੌਹਣਾ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਨਿਸੁੰਭ ਤੇਰਾ ਮੇਲ ਮਿਲੌਣਾ, ਕਰ ਕਿਰਪਾ ਆਪ ਨਿਰੰਕਾਰ। ਆਪਣਾ ਬਲ ਆਪ ਧਰੌਣਾ, ਰੂਪ ਰੰਗ ਦਿਸੇ ਨਾ ਵਿਚ ਸੰਸਾਰ। ਆਪਣਾ ਖੰਡਾ ਸ਼ਬਦ ਹੱਥ ਉਠੌਣਾ, ਏਕਾ ਕਰੇ ਫੇਰ ਵਾਰ। ਤੇਰਾ ਮਾਣਸ ਜਨਮ ਲੇਖੇ ਲੌਣਾ, ਤੇਰੇ ਅੰਦਰੋਂ ਮਾਰੇ ਕਾਮ ਕਰੋਧ ਲੋਭ ਮੋਹ ਹੰਕਾਰ। ਸਿੰਘ ਚੇਲਾ ਨਾਮ ਧਰੌਣਾ, ਬੂਟਾ ਲਾਏ ਅਗੰਮ ਅਪਾਰ। ਫਲ ਲੋਕਮਾਤ ਖਵੌਣਾ, ਤੇਰੀ ਰੱਤੀ ਰੱਤ ਕਰ ਉਜਿਆਰ। ਬੰਸ ਸਰਬੰਸ ਆਪ ਤਰੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਕਰਜ਼ਾ ਦਏ ਉਤਾਰ। ਤੇਰਾ ਕਰਜ਼ਾ ਅੰਤਮ ਜਾਣਾ ਲੱਥ, ਸਤਿਗੁਰ ਪੂਰਾ ਆਪ ਮੁਕਾਈਆ। ਤੇਰਾ ਧੜ ਲੱਥਾ ਸੱਥਰ ਸਥ, ਤੇਰਾ ਸੀਸ ਦਏ ਗਵਾਹੀਆ। ਤੂੰ ਮੰਗੀ ਏਕਾ ਵਥ, ਪ੍ਰਭ ਚਰਨ ਸਰਨ ਸੱਚੀ ਸਰਨਾਈਆ। ਛਪੰਜਾ ਸਾਲ ਰੱਖਿਆ ਢਕ, ਉਪਰ ਪਰਦਾ ਆਪਣਾ ਪਾਈਆ। ਅੰਤ ਜਗਤ ਕੁਠਾਲੀ ਵਿਚੋਂ ਕੱਢ, ਆਪਣੇ ਅੰਮ੍ਰਿਤ ਜਲ ਵਿਚ ਟਿਕਾਈਆ। ਆਪਣੇ ਤਾਜ ਜੜਾਇਆ ਹੀਰਾ ਨਗ, ਸੋਹੰ ਵਿਚ ਵਿਚ ਟਿਕਾਈਆ। ਆਪਣਾ ਵਾਸਾ ਕਰਿਆ ਰਗ ਰਗ, ਬਲਦੀ ਅੱਗ ਆਪ ਬੁਝਾਈਆ। ਨਾਮ ਪਿਆਈ ਸਾਚੀ ਮਦਿ, ਨਸੁੰਭ ਜੋ ਪਿਆਲਾ ਰਿਹਾ ਹੱਥ ਰਖਾਈਆ। ਚਰਨ ਦਵਾਰੇ ਆਪਣੇ ਸੱਦ, ਪਿਛਲਾ ਲੇਖਾ ਦਏ ਮੁਕਾਈਆ। ਲੱਖ ਚੁਰਾਸੀ ਵਿਚੋਂ ਕੱਢ, ਘਰ ਚਰਨ ਦਵਾਰੇ ਆਪ ਬਹਾਈਆ। ਜਗਤ ਕਬੀਲਾ ਪਿਛੇ ਦੇਵੇ ਨਾ ਛੱਡ, ਤਾਰਨਹਾਰਾ ਭੈਣਾਂ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁੁਰ ਕਰਤਾਰ, ਆਦਿ ਸ਼ਕਤ ਇਕ ਪਿਆਰ, ਅਸ਼ਟਭੁਜ ਸਿੰਘ ਅਸਵਾਰ, ਨਿਰਗੁਣ ਧਾਰ ਆਪ ਚਲਾਈਆ। ਨਿਰਗੁਣ ਧਾਰ ਧਰ ਨਿਰੰਕਾਰ, ਆਪਣਾ ਖੇਲ ਖਿਲਾਇੰਦਾ। ਸਤਿਜੁਗ ਕਲਜੁਗ ਕਰ ਪਿਆਰ, ਦੋਹਾਂ ਨਾਤਾ ਜੋੜ ਜੁੜਾਇੰਦਾ। ਕਲਜੁਗ ਧੱਕਾ ਦੇਵੇ ਮਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਸਾਚੇ ਕਰੇ ਪਿਆਰ, ਸਾਚਾ ਮਾਰਗ ਇਕ ਵਖਾਇੰਦਾ। ਕਲਜੁਗ ਕੂੜਾ ਕਰ ਖ਼ਵਾਰ, ਦਰ ਦਵਾਰ ਆਪ ਦੁਰਕਾਇੰਦਾ। ਸਤਿਜੁਗ ਸਾਚੀ ਬਣੇ ਬਸੰਤ ਬਹਾਰ, ਗੁਰਮੁਖ ਫਲ ਫੁੱਲ ਆਪ ਮਹਿਕਾਇੰਦਾ। ਕਲਜੁਗ ਰੁਤੜੀ ਖ਼ਿਜ਼ਾਂ ਡਿੱਗੇ ਪਤ ਡਾਲ੍ਹ, ਪਤ ਪੰਖੜੀ ਰਹਿਣ ਨਾ ਪਾਈਆ। ਗੁਰਮੁਖ ਭਵਰਾ ਗੂੰਜੇ ਗੂੰਜਣਹਾਰ, ਸਚ ਸੁਗੰਧੀ ਵਿਚ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਘਰ ਮੰਦਰ ਵੇਖ ਵਖਾਈਆ। ਘਰ ਮੰਦਰ ਸੁਹਾਵਣਾ, ਜਗੇ ਜੋਤ ਅਪਾਰ। ਘਰ ਪੁਰਖ ਅਬਿਨਾਸ਼ੀ ਇਕ ਮਨਾਵਣਾ, ਇਕ ਇਕੱਲਾ ਏਕੰਕਾਰ। ਘਰ ਗੀਤ ਸੁਹਾਗੀ ਗਾਵਣਾ, ਸੋਹੰ ਸ਼ਬਦ ਸੱਚੀ ਜੈਕਾਰ। ਬ੍ਰਹਮ ਪਾਰਬ੍ਰਹਮ ਮਿਲਾਵਣਾ, ਨਾਤਾ ਤੋੜ ਸਰਬ ਸੰਸਾਰ। ਸਾਚੀ ਦਰਗਹਿ ਆਪ ਬਹਾਵਣਾ, ਲੋਆਂ ਪੁਰੀਆਂ ਕਰ ਕਰ ਪਾਰ। ਏਕਾ ਗੋਦੀ ਆਪ ਉਠਾਵਣਾ, ਰਾਏ ਧਰਮ ਨਾ ਕਰੇ ਖ਼ਵਾਰ। ਵਰਨ ਗੋਤੀ ਭੇਵ ਚੁਕਾਵਣਾ, ਜੋਤੀ ਜਗੀ ਇਕ ਨਿਰੰਕਾਰ। ਸੁਰਤੀ ਸੋਈ ਆਪ ਉਠਾਵਣਾ, ਸ਼ਬਦ ਅਨਾਦੀ ਹਲੂਣਾ ਮਾਰ। ਮੇਰਾ ਤੇਰਾ ਭੇਵ ਮਿਟਾਵਣਾ, ਮੈਂ ਤੂੰ ਨਾ ਕਰੇ ਵਿਚਾਰ। ਪੂਤ ਸਪੂਤਾ ਆਪ ਅਖਵਾਵਣਾ, ਸੁੱਤ ਦੁਲਾਰਾ ਕਰ ਪਿਆਰ। ਚਾਰੇ ਕੂਟਾਂ ਵੇਖ ਵਖਾਵਣਾ, ਭੁੱਲ ਨਾ ਜਾਏ ਭੁੱਲਣਹਾਰ। ਸਾਚਾ ਝੂਟਾ ਆਪ ਝੁਲਾਵਣਾ, ਸ਼ਬਦ ਹੁਲਾਰਾ ਦਏ ਆਪ ਕਰਤਾਰ। ਰਸ ਮਿੱਠਾ ਮੁਖ ਚੁਆਵਣਾ, ਨਿਝਰ ਬਰਖ਼ੇ ਅੰਮ੍ਰਿਤ ਧਾਰ। ਸਤਿਜੁਗ ਰੁਠਾ ਆਪ ਮਨਾਵਣਾ, ਕਲਜੁਗ ਕਾਚਾ ਠੂਠਾ ਘੜ ਠਠਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਵੇਖੇ ਕਾਇਆ ਮਹੱਲ ਮੁਨਾਰ। ਸਚ ਮੁਨਾਰਾ ਉਚੀ ਚੋਟੀ, ਹਰਿ ਸਾਚੇ ਤਖ਼ਤ ਸੁਹਾਇਆ। ਨਿਰਮਲ ਨਿਰਗੁਣ ਜਗੇ ਜੋਤੀ, ਦੀਵਾ ਬਾਤੀ ਨਾ ਕੋਇ ਵਖਾਇਆ। ਦੁਰਮਤ ਮੈਲ ਕਲੇਵਰ ਧੋਤੀ, ਨਿਰਮਲ ਨਿਰਮਲ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਲਾਇਆ। ਪੂਰਬ ਲੇਖਾ ਚੁੱਕਿਆ ਲੋਕਮਾਤ ਵੱਜੇ ਵਧਾਈਆ। ਹਰਿ ਕਾ ਭਾਣਾ ਕਦੇ ਨਾ ਰੁਕਿਆ, ਗੁਰ ਪੀਰ ਗਏ ਮਨਾਈਆ। ਆਸਾ ਤ੍ਰਿਸ਼ਨਾ ਬੂਟਾ ਕਦੇ ਨਾ ਸੁੱਕਿਆ, ਜਿਸ ਜਨ ਪ੍ਰਭ ਚਰਨ ਓਟ ਰਖਾਈਆ। ਹਰਿ ਭਗਤ ਕਦੇ ਨਾ ਰਹੇ ਲੁਕਿਆ, ਪ੍ਰਭ ਸਾਚਾ ਲਏ ਪ੍ਰਗਟਾਈਆ। ਉਜਲ ਕਰੇ ਮਾਤ ਮੁੱਖਿਆ, ਮੁਖ ਆਪਣੇ ਆਪ ਸਾਲਾਹੀਆ। ਸੁਫਲ ਕਰਾਏ ਮਾਤ ਕੁੱਖਿਆ, ਧੰਨ ਧੰਨ ਜਣੇਂਦੀ ਮਾਈਆ। ਗੁਰ ਕਾ ਸ਼ਬਦ ਤੀਰ ਨਿਸ਼ਾਨਾ ਕਦੇ ਨਾ ਉਕਿਆ, ਜਿਸ ਮਾਰੇ ਪਾਰ ਕਰਾਈਆ। ਸਿੰਘ ਸ਼ੇਰ ਸ਼ਾਹ ਅਸਵਾਰ ਹੋ ਹੋ ਬੁਕਿਆ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੰਚ ਵਿਕਾਰਾ ਜੜੋਂ ਪੁਟਿਆ, ਤਤਵ ਤਤ ਦਏ ਗਵਾਈਆ। ਗੁਰਮੁਖ ਕਦੇ ਨਾ ਜਾਏ ਲੁੱਟਿਆ, ਠੱਗ ਚੋਰ ਯਾਰ ਦੇਣ ਦੁਹਾਈਆ। ਗੁਰਸਿਖ ਮਾਰਗ ਕਦੇ ਨਾ ਖੁੱਥਿਆ, ਜਿਸ ਆਪਣੇ ਮਾਰਗ ਲਾਈਆ। ਆਪ ਉਠਾਏ ਕਲਜੁਗ ਸੁਤਿਆ, ਦਿਵਸ ਰੈਣ ਸੇਵ ਕਮਾਈਆ। ਸੋਭਾਵੰਤ ਹੋਈ ਸਾਚੀ ਰੁਤਿਆ, ਰੁੱਤ ਰੁਤੜੀ ਦਏ ਗਵਾਹੀਆ। ਮਿਲਿਆ ਮੇਲ ਪੁਰਖ ਅਚੁਤਿਆ, ਚਿਤ ਚੇਤਨ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚਾ ਲੇਖ ਚੁਕਾਇਆ। ਲੇਖ ਚੁਕਾਇਆ ਕਿਰਪਾ ਕਰ, ਪਿਛਲਾ ਕਰਜ਼ਾ ਉਤਾਰਿਆ। ਅੱਗੇ ਝੋਲੀ ਦੇਵੇ ਭਰ, ਦੇਵੇ ਨਾਮ ਭੰਡਾਰਿਆ। ਆਪਣਾ ਸੀਸ ਜਗਦੀਸ਼ ਗੁਰਮੁਖਾਂ ਪੈਰਾਂ ਹੇਠ ਧਰ, ਸਿਰ ਆਪਣਾ ਭਾਰ ਉਠਾ ਰਿਹਾ। ਆਪ ਆਪਣਾ ਪੰਜ ਤਤ ਚੋਲਾ ਛੱਡਿਆ ਘਰ, ਗੁਰਮੁਖਾਂ ਘਰ ਆਪ ਵਸਾ ਰਿਹਾ। ਬਾਲਮੀਕ ਬਜਵਾੜਾ ਲਿਆ ਫੜ, ਸੋਲਾਂ ਮੱਘਰ ਵੀਹ ਸੌ ਦਸ ਬਿਕ੍ਰਮੀ ਅਸ਼ਟਭੁਜ ਰੂਪ ਦਰਸਾ ਰਿਹਾ। ਸਿੰਘ ਮਨਜੀਤਾ ਲਾਇਆ ਅੱਗੇ ਫੜ, ਗੁਰਮੁਖ ਸਾਚੇ ਰਾਹੇ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇੜਾ ਪਹਿਲੇ ਉਜਾੜ, ਗੁਰਮੁਖਾਂ ਅੰਦਰ ਆਸਣ ਲਾ ਰਿਹਾ।
