Granth 09 Likhat 160: 9 Bhadro 2017 Bikarmi Mahla Singh de Ghar Dayea Hoyi Pind Shamalsar Jila Ferozepur

੯ ਭਾਦਰੋਂ ੨੦੧੭ ਬਿਕ੍ਰਮੀ ਮਾਹਲਾ ਸਿੰਘ ਦੇ ਘਰ ਦਇਆ ਹੋਈ, ਪਿੰਡ ਸ਼ਮਾਲ ਸਰ ਜ਼ਿਲਾ ਫਿਰੋਜ਼ ਪੁਰ

ਸੋ ਪੁਰਖ ਨਿਰੰਜਣ ਸਰਬ ਵਿਆਪਿਆ, ਜੂਨੀ ਰਹਿਤ ਪੁਰਖ ਅਕਾਲ। ਹਰਿ ਪੁਰਖ ਨਿਰੰਜਣ ਵਡ ਪਰਤਾਪਿਆ, ਆਦਿ ਜੁਗਾਦੀ ਦੀਨ ਦਿਆਲ। ਏਕੰਕਾਰਾ ਖੇਲ ਤਮਾਸਿਆ, ਖੇਲੇ ਖੇਲ ਦੋ ਜਹਾਨ। ਆਦਿ ਨਿਰੰਜਣ ਨੂਰ ਪਰਕਾਸਿਆ, ਜੋਤੀ ਨੂਰ ਜਲਵਾ ਜਲਾਲ। ਸ੍ਰੀ ਭਗਵਾਨ ਸ਼ਾਹੋ ਸ਼ਾਬਾਸਿਆ, ਤਖ਼ਤ ਨਿਵਾਸੀ ਵਡ ਮਿਹਰਵਾਨ। ਅਬਿਨਾਸ਼ੀ ਕਰਤਾ ਦਾਸਨ ਦਾਸਿਆ, ਸੇਵਕ ਸੇਵਾ ਕਰੇ ਮਹਾਨ। ਪਾਰਬ੍ਰਹਮ ਪ੍ਰਭ ਪਾਏ ਮੰਡਲ ਰਾਸਿਆ, ਆਦਿ ਜੁਗਾਦੀ ਸਾਚਾ ਕਾਹਨ। ਸਚਖੰਡ ਦਵਾਰਾ ਇਕ ਸੁਹਾਸਿਆ, ਸੋਭਾਵੰਤ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਨੌਂਜਵਾਨ। ਇਕ ਇਕੱਲਾ ਏਕੰਕਾਰਾ, ਆਦਿ ਜੁਗਾਦਿ ਸਮਾਇਆ। ਜੁਗਾ ਜੁਗੰਤਰ ਖੇਲ ਅਪਾਰਾ, ਨਿਰਭੌ ਆਪਣਾ ਆਪ ਕਰਾਇਆ। ਅਨਭਵ ਪਰਕਾਸ਼ ਹੋ ਉਜਿਆਰਾ, ਰੂਪ ਅਨੂਪ ਆਪ ਵਟਾਇਆ। ਸਤਿ ਸਰੂਪ ਸਿਰਜਣਹਾਰਾ, ਸਤਿ ਸਤਿਵਾਦੀ ਵੇਸ ਵਟਾਇਆ। ਅਲੱਖ ਅਗੋਚਰ ਅਗੰਮ ਅਪਾਰਾ, ਅਗੰਮ ਅਗੰਮੜਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇਆ। ਹਰਿ ਹਰਿ ਖੇਲ ਖਿਲਾਇੰਦਾ, ਨਿਰਗੁਣ ਰੂਪ ਅਗੰਮ ਅਪਾਰ। ਸੋ ਪੁਰਖ ਨਿਰੰਜਣ ਆਪਣਾ ਰੂਪ ਵਟਾਇੰਦਾ, ਹਰਿ ਪੁਰਖ ਨਿਰੰਜਣ ਸਾਚੀ ਕਾਰ। ਏਕੰਕਾਰਾ ਨਾਉਂ ਧਰਾਇੰਦਾ, ਜੂਨੀ ਰਹਿਤ ਆਦਿ ਨਿਰੰਜਣ ਹੋ ਤਿਆਰ। ਅਬਿਨਾਸ਼ੀ ਕਰਤਾ ਧਾਮ ਸੁਹਾਇੰਦਾ, ਸ੍ਰੀ ਭਗਵਾਨ ਸਾਚਾ ਮੀਤ ਮੁਰਾਰ। ਪਾਰਬ੍ਰਹਮ ਪ੍ਰਭ ਪਰਦਾ ਲਾਹਿੰਦਾ, ਆਪ ਆਪਣੀ ਕਿਰਪਾ ਧਾਰ। ਸਚ ਸਿੰਘਾਸਣ ਇਕ ਸੁਹਾਇੰਦਾ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਸਚਖੰਡ ਦਵਾਰਾ ਆਪ ਖੁਲਾਇੰਦਾ, ਆਪੇ ਖੋਲ੍ਹੇ ਬੰਦ ਕਿਵਾੜ। ਦੀਵਾ ਬਾਤੀ ਆਪ ਜਗਾਇੰਦਾ, ਆਪਣੀ ਜੋਤੀ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰ। ਸਚ ਸਿੰਘਾਸਣ ਹਰਿ ਸੁਹਾਇੰਦਾ, ਮਹਿਮਾ ਗਣਤ ਅਗਣਤ। ਆਪਣੇ ਮੰਦਰ ਡੇਰਾ ਲਾਇੰਦਾ, ਆਪੇ ਜਾਣੇ ਆਪਣੀ ਬਣਤ। ਆਪਣਾ ਤਖ਼ਤ ਆਪ ਸੁਹਾਇੰਦਾ, ਪੁਰਖ ਅਬਿਨਾਸ਼ੀ ਸੋਭਾਵੰਤ। ਸਾਚਾ ਸੀਸ ਤਾਜ ਟਿਕਾਇੰਦਾ, ਨਰ ਨਰਾਇਣ ਹਰਿ ਹਰਿ ਕੰਤ। ਸਚ ਨਿਸ਼ਾਨਾ ਆਪ ਝੁਲਾਇੰਦਾ, ਦਰਗਹਿ ਸਾਚੀ ਧਾਮ ਸੁਹੰਤ। ਹੁਕਮੀ ਹੁਕਮ ਆਪ ਵਰਤਾਇੰਦਾ, ਪੂਰਨ ਜੋਤ ਸ੍ਰੀ ਭਗਵੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਅਪਾਰਾ, ਏਕੰਕਾਰਾ ਆਪ ਕਰਾਇੰਦਾ । ਸਚਖੰਡ ਦਵਾਰਾ ਸੁਹਾਵਣਾ, ਹਰਿ ਸਾਚਾ ਆਪ ਸੁਹਾਈਆ। ਸੋ ਪੁਰਖ ਨਿਰੰਜਣ ਰੂਪ ਵਟਾਵਣਾ, ਏਕੰਕਾਰਾ ਵੇਖੇ ਚਾਈਂ ਚਾਈਆ। ਹਰਿ ਪੁਰਖ ਨਿਰੰਜਣ ਸਗਨ ਮਨਾਵਣਾ, ਆਦਿ ਨਿਰੰਜਣ ਦਏ ਵਧਾਈਆ। ਅਬਿਨਾਸ਼ੀ ਕਰਤਾ ਅੰਗ ਲਗਾਵਣਾ, ਸ੍ਰੀ ਭਗਵਾਨ ਗੋਦ ਸੁਹਾਈਆ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਵਣਾ, ਅਨਭਵ ਆਪਣਾ ਰੂਪ ਪਰਗਟਾਈਆ। ਰੂਪ ਰੇਖ ਨਾ ਕੋਇ ਰਖਾਵਣਾ, ਨਿਰਗੁਣ ਆਪਣੀ ਧਾਰ ਵਖਾਈਆ। ਅਕਲ ਕਲ ਆਪਣਾ ਨਾਉਂ ਧਰਾਵਣਾ, ਕਾਲ ਮਹਾਂਕਾਲ ਨਾ ਕੋਇ ਵਡਿਆਈਆ । ਸਾਚੀ ਧਰਮਸਾਲ ਇਕ ਵਖਾਵਣਾ, ਸਚਖੰਡ ਦਵਾਰਾ ਆਪ ਸੁਹਾਈਆ। ਥਿਰ ਘਰ ਵਾਸੀ ਆਪਣਾ ਪਰਦਾ ਆਪੇ ਲਾਹਵਣਾ, ਆਪ ਆਪਣਾ ਨੂਰ ਕਰ ਰੁਸ਼ਨਾਈਆ। ਸਾਚੇ ਤਖ਼ਤ ਬਹਿ ਬਹਿ ਹੁਕਮ ਸੁਣਾਵਣਾ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਰਾਜ ਰਾਜਾਨਾ ਆਪ ਅਖਵਾਵਣਾ, ਰਾਓ ਰੰਕ ਨਾ ਕੋਇ ਵਡਿਆਈਆ। ਏਕਾ ਡੰਕਾ ਨਾਮ ਵਜਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਰੇ ਖੇਲ ਅਵੱਲਾ, ਦਰਗਹਿ ਸਾਚੀ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਵਸਿਆ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਆਪ ਆਪਣੀ ਸੇਜ ਹੰਢਾਇੰਦਾ। ਆਪਣੀ ਜੋਤੀ ਆਪੇ ਰੱਲਾ, ਆਪ ਆਪਣਾ ਮੇਲ ਮਿਲਾਇੰਦਾ। ਵਸੇ ਨੇਹਚਲ ਧਾਮ ਅਟੱਲਾ, ਉਚ ਮੰਦਰ ਆਪ ਸੁਹਾਇੰਦਾ। ਸਚ ਸੰਦੇਸ਼ਾ ਏਕਾ ਘੱਲਾ, ਘਰ ਸ਼ਬਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਹੁਕਮ ਸੁਣਾਇੰਦਾ। ਸਾਚਾ ਹੁਕਮ ਸਾਚਾ ਰਾਣਾ, ਹਰਿ ਹਰਿ ਆਪ ਜਣਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨਾ, ਘਰ ਘਰ ਬੈਠਾ ਜੋਤ ਜਗਾਈਆ। ਦਰ ਦਰਵੇਸ਼ ਬਣ ਦਰਬਾਨਾ, ਏਕਾ ਅਲਫ਼ੀ ਗਲ ਹੰਢਾਈਆ। ਸਾਲਸ ਬਣੇ ਦੋ ਜਹਾਨਾਂ, ਸ਼ਬਦ ਪਰਵਾਨਾ ਹੱਥ ਉਠਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਕਲ ਵਰਤਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਹਰਿ ਸੁਹਾਵਣਾ, ਸੋਭਾਵੰਤ ਕਰਤਾਰ। ਹੁਕਮੀ ਹੁਕਮ ਇਕ ਵਰਤਾਵਣਾ, ਸ਼ਬਦੀ ਸ਼ਬਦ ਨਾਦ ਧੁਨਕਾਰ। ਸਾਚੀ ਰਚਨਾ ਆਪ ਰਚਾਵਣਾ, ਆਪਣੀ ਇਛਿਆ ਭਰ ਭੰਡਾਰ। ਸਾਚੀ ਭਿਛਿਆ ਝੋਲੀ ਪਾਵਣਾ, ਦੇਵਣਹਾਰ ਹਰਿ ਨਿਰੰਕਾਰ। ਆਪਣਾ ਲੇਖਾ ਆਪ ਲਿਖਾਵਣਾ, ਕਾਗਦ ਕਲਮ ਨਾ ਪਾਵੇ ਸਾਰ। ਬੋਧ ਅਗਾਧਾ ਆਪ ਅਖਵਾਵਣਾ, ਆਦਿ ਜੁਗਾਦੀ ਸਾਚੀ ਕਾਰ। ਸਚਖੰਡ ਦਵਾਰੇ ਸਾਚਾ ਨਾਮ ਆਪ ਉਪਾਵਣਾ, ਨਾਮ ਉਪਾਏ ਏਕੰਕਾਰ। ਆਪਣਾ ਮੰਤਰ ਆਪ ਦ੍ਰਿੜਾਵਣਾ, ਏਕਾ ਇਸ਼ਟ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਧਾਮ ਨਿਆਰ। ਧਾਮ ਨਿਆਰਾ ਸਚਖੰਡ, ਹਰਿ ਸਾਚਾ ਸਚ ਸੁਹਾਇੰਦਾ। ਪੁਰਖ ਅਕਾਲ ਵੰਡੇ ਵੰਡ, ਦੂਸਰ ਸੰਗ ਨਾ ਕੋਇ ਜਣਾਇੰਦਾ। ਨਾ ਕੋਈ ਰੂਪ ਨਾ ਕੋਈ ਰੰਗ, ਰੇਖ ਭੇਖ ਨਾ ਕੋਇ ਵਖਾਇੰਦਾ। ਜੂਨੀ ਰਹਿਤ ਵਸੇ ਸੰਗ, ਅਨਭਵ ਆਪਣਾ ਰੂਪ ਧਰਾਇੰਦਾ। ਸ਼ਬਦ ਅਨਾਦ ਵਜਾਏ ਮਰਦੰਗ, ਸੁਰ ਤਾਲ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਏ, ਸਚਖੰਡ ਵੱਜੇ ਵਧਾਈਆ। ਨਿਰਗੁਣ ਨਿਰਗੁਣ ਵੇਖ ਵਖਾਏ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਚੇਲਾ ਸੀਸ ਝੁਕਾਏ, ਨਿਉਂ ਨਿਉਂ ਆਪਣਾ ਆਪ ਵੇਖ ਵਖਾਈਆ। ਨਿਰਗੁਣ ਮੇਲਾ ਆਪ ਮਿਲਾਏ, ਮਿਲਿਆ ਮੇਲ ਵਿਛੜ ਨਾ ਜਾਈਆ। ਨਿਰਗੁਣ ਸੱਜਣ ਸੁਹੇਲਾ ਆਪ ਬਣ ਜਾਏ, ਇਕ ਇਕੇਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਲਏ ਉਪਜਾਈਆ। ਨਿਰਗੁਣ ਉਪਜਾਏ ਨਿਰਗੁਣ ਸੁਤ, ਅਬਿਨਾਸ਼ੀ ਅਚੁਤ ਖੇਲ ਖਿਲਾਇੰਦਾ। ਵਾਰ ਥਿਤ ਨਾ ਕੋਇ ਰੁਤ, ਮਾਸ ਬਰਖ ਨਾ ਵੇਖ ਵਖਾਇੰਦਾ । ਆਪੇ ਜਾਣੇ ਆਪਣੀ ਜੁਗਤ, ਜਾਗਰਤ ਜੋਤ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਨਾਉਂ ਧਰਾਇੰਦਾ। ਸ਼ਬਦ ਉਪਾਇਆ ਹਰਿ ਹਰਿ ਪਿਆਰਾ, ਪਰਮ ਪੁਰਖ ਵਡ ਵਡਿਆਈਆ। ਏਕਾ ਦਰ ਏਕਾ ਭਿਖਾਰਾ, ਏਕਾ ਵਸਤ ਆਪ ਵਰਤਾਈਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਹੁਕਮੀ ਹੁਕਮ ਸੁਣਾਈਆ। ਏਕਾ ਤਖ਼ਤ ਇਕ ਸਿਕਦਾਰਾ, ਸ਼ਹਿਨਸ਼ਾਹ ਇਕ ਹੋ ਜਾਈਆ। ਏਕਾ ਏਕ ਵਰਤੇ ਵਰਤਾਰਾ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸੱਚਾ ਪਾਤਸ਼ਾਹੀਆ। ਆਪਣਾ ਵਰ ਆਪਣੀ ਝੋਲੀ ਪਾ, ਆਪੇ ਦਇਆ ਕਮਾਇੰਦਾ। ਆਪੇ ਜੋਤ ਡਗਮਗਾ, ਸ਼ਬਦੀ ਧਾਰ ਆਪ ਚਲਾਇੰਦਾ। ਆਪੇ ਪਿਤਾ ਆਪੇ ਮਾਂ, ਨਾਦੀ ਸੁਤ ਆਪ ਅਖਵਾਇੰਦਾ। ਆਪੇ ਸਚਖੰਡ ਦਵਾਰੇ ਵਸੇ ਸਾਚੇ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਆਪੇ ਥਿਰ ਘਰ ਕੁੰਡਾ ਦੇਵੇ ਲਾਹ, ਆਪ ਆਪਣਾ ਪਰਦਾ ਲਾਹਿੰਦਾ। ਆਪੇ ਹੁਕਮੀ ਹੁਕਮ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਆਪੇ ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਆਪਣੀ ਸੇਵ ਕਮਾਇੰਦਾ। ਆਪੇ ਰਵ ਸਸ ਸੂਰਜ ਚੰਨ ਮੰਡਲ ਮੰਡਪ ਕਰ ਰੁਸ਼ਨਾ, ਆਪ ਆਪਣੀ ਜੋਤ ਟਿਕਾਇੰਦਾ। ਆਪੇ ਧਰਤ ਧਵਲ ਜਲ ਬਿੰਬ ਟਿਕਾ, ਜਲ ਥਲ ਮਹੀਅਲ ਆਪਣਾ ਰੂਪ ਸਮਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਨਾਉਂ ਧਰਾ, ਆਪਣੀ ਧਾਰਾ ਆਪ ਵਖਾਇੰਦਾ। ਆਪੇ ਤ੍ਰੈਗੁਣ ਮਾਇਆ ਰਚਨ ਰਚਾ, ਤ੍ਰੈ ਤ੍ਰੈ ਬੰਧਨ ਆਪੇ ਪਾਇੰਦਾ। ਆਪੇ ਪੰਚਮ ਲੇਖਾ ਜਾਣੇ ਸਹਿਜ ਸੁਭਾ, ਪੰਚਮ ਪੰਚਮ ਮੇਲ ਮਿਲਾਇੰਦਾ। ਆਪੇ ਘਰ ਵਿਚ ਘਰ ਰਿਹਾ ਉਪਾ, ਹਰਿ ਮੰਦਰ ਨਾਉਂ ਧਰਾਇੰਦਾ। ਈਸ਼ ਜੀਵ ਹਰਿ ਰੂਪ ਵਟਾ, ਜਗਤ ਜਗਦੀਸਾ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਨਾਉਂ ਧਰਾ, ਆਪ ਆਪਣੀ ਵੰਡ ਵੰਡਾਇੰਦਾ। ਲੱਖ ਚੁਰਾਸੀ ਘਟ ਘਟ ਅੰਦਰ ਡੇਰਾ ਲਾ, ਆਪ ਆਪਣਾ ਮੁਖ ਛੁਪਾਇੰਦਾ। ਆਦਿ ਨਿਰੰਜਣ ਡਗਮਗਾ, ਜੋਤੀ ਨੂਰ ਇਕ ਚਮਕਾਇੰਦਾ। ਅਨਹਦ ਸ਼ਬਦ ਨਾਦ ਵਜਾ, ਤਾਲ ਤਲਵਾੜਾ ਆਪ ਸੁਣਾਇੰਦਾ। ਅੰਮ੍ਰਿਤ ਸਰੋਵਰ ਕਵਲ ਨਾਭੀ ਆਪ ਭਰਾ, ਸਾਚਾ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਵੇਸ ਅਨੇਕਾ ਆਪ ਕਰਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਤ੍ਰੈਗੁਣ ਨਾਤਾ ਜੋੜ ਜੁੜਾਇੰਦਾ। ਪੰਜ ਤਤ ਬੋਲ ਜੈਕਾਰਾ, ਸਚ ਵਰਤਾਰਾ ਆਪ ਵਰਤਾਇੰਦਾ। ਮਨ ਮਤ ਬੁਧ ਭਰ ਭੰਡਾਰਾ, ਕਾਇਆ ਮੰਦਰ ਆਪ ਸੁਹਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਦੀਵਾ ਬਾਤੀ ਆਪ ਟਿਕਾਇੰਦਾ। ਆਦਿ ਆਪਣੀ ਰਚਨ ਰਚਾਇੰਦਾ। ਵਿਸ਼ਨੂੰ ਬ੍ਰਹਮਾ ਸੇਵਾਦਾਰਾ, ਚਾਰ ਵੇਦ ਮੁਖ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲਾਇੰਦਾ। ਹਰਿ ਭੇਵ ਅਵੱਲੜਾ, ਕਥਨੀ ਕਥ ਨਾ ਸਕੇ ਰਾਈਆ। ਆਦਿ ਜੁਗਾਦੀ ਇਕ ਇਕੱਲੜਾ, ਸਚਖੰਡ ਬੈਠਾ ਆਸਣ ਲਾਈਆ। ਸਚ ਦਵਾਰਾ ਏਕਾ ਮਲੜਾ, ਦੂਸਰ ਧਾਮ ਨਾ ਕੋਇ ਵਡਿਆਈਆ। ਆਪੇ ਫੜਿਆ ਆਪਣਾ ਪਲੜਾ, ਆਪ ਆਪਣਾ ਮੇਲ ਮਿਲਾਈਆ। ਸ਼ਬਦ ਸੰਦੇਸ਼ ਨਰ ਨਰੇਸ਼ ਏਕਾ ਏਕ ਏਕਾ ਘਲੜਾ, ਧੁਰ ਫ਼ਰਮਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇੰਦਾ, ਅਲੱਖ ਅਗੋਚਰ ਅਗੰਮ ਅਪਾਰ। ਵਿਸ਼ਨੂੰ ਵਿਸ਼ਵ ਆਪ ਉਠਾਇੰਦਾ, ਵਾਸਤਕ ਰੂਪ ਹਰਿ ਕਰਤਾਰ। ਨਮੋ ਦੇਵ ਇਸ਼ਟ ਵਖਾਇੰਦਾ, ਦੇਵ ਦੇਵਾ ਸੱਚੀ ਸਰਕਾਰ। ਘਰ ਮੰਦਰ ਆਪ ਸੁਹਾਇੰਦਾ, ਆਪ ਆਪਣਾ ਖੋਲ੍ਹ ਕਿਵਾੜ। ਸਚ ਭੰਡਾਰਾ ਇਕ ਵਰਤਾਇੰਦਾ, ਬਖ਼ਸ਼ਸ਼ ਕਰੇ ਬਖ਼ਸ਼ਣਹਾਰ। ਧੁਰ ਫ਼ਰਮਾਣਾ ਹੁਕਮ ਸੁਣਾਇੰਦਾ, ਵਿਸ਼ਨੂੰ ਹੋਣਾ ਖ਼ਬਰਦਾਰ। ਚਰਨ ਧਿਆਨ ਇਕ ਰਖਾਇੰਦਾ, ਦੂਸਰ ਹੋਰ ਨਾ ਕੋਇ ਦਵਾਰ। ਤੇਰੀ ਸੇਵਾ ਮਾਤ ਲਗਾਇੰਦਾ, ਜੁਗ ਜੁਗ ਕਰਨੀ ਸਾਚੀ ਕਾਰ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਮਰੇ ਨਾ ਜੰਮੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮ ਵਰਤੇ ਵਰਤਾਰ। ਹੁਕਮੀ ਹੁਕਮ ਵਰਤਾਇੰਦਾ, ਪਾਰਬ੍ਰਹਮ ਪੁਰਖ ਅਬਿਨਾਸ਼। ਬ੍ਰਹਮਾ ਵੇਤਾ ਆਪ ਸਮਝਾਇੰਦਾ, ਸਾਹਿਬ ਸਤਿਗੁਰ ਸ਼ਾਹੋ ਸ਼ਾਬਾਸ। ਆਪਣਾ ਭੇਵ ਆਪ ਖੁਲ੍ਹਾਇੰਦਾ, ਆਪੇ ਪੂਰੀ ਕਰੇ ਆਸ। ਬ੍ਰਹਮੇ ਤੇਰੀ ਵੰਡ ਵੰਡਾਇੰਦਾ, ਬ੍ਰਹਮ ਜੋਤ ਸਰਬ ਪਰਕਾਸ਼। ਤੇਰਾ ਅੰਦਰ ਮੰਦਰ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹੋ ਸ਼ਾਬਾਸ। ਬ੍ਰਹਮਾ ਹਰਿ ਸਮਝਾਇੰਦਾ, ਕਰ ਕਿਰਪਾ ਗੁਣ ਨਿਧਾਨ। ਤੇਰੀ ਸੇਵਾ ਸਚ ਲਗਾਇੰਦਾ, ਲੱਖ ਚੁਰਾਸੀ ਹੋ ਪਰਧਾਨ। ਜੁਗ ਜੁਗ ਤੇਰੀ ਜੋਤ ਜਗਾਇੰਦਾ, ਕਰੇ ਖੇਲ ਸ੍ਰੀ ਭਗਵਾਨ। ਤੇਰਾ ਰੂਪ ਆਪ ਪਰਗਟਾਇੰਦਾ, ਆਦਿ ਜੁਗਾਦੀ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਧੁਰ ਫ਼ਰਮਾਣ। ਧੁਰ ਫ਼ਰਮਾਨ ਸ਼ਬਦ ਜਣਾਇਆ, ਪਾਰਬ੍ਰਹਮ ਬ੍ਰਹਮ ਦਇਆ ਕਮਾਈਆ। ਬ੍ਰਹਮ ਆਪਣਾ ਭੇਵ ਖੁਲ੍ਹਾਇਆ, ਪਾਰਬ੍ਰਹਮ ਸੱਚੀ ਸਰਨਾਈਆ। ਪਾਰਬ੍ਰਹਮ ਢੋਲਾ ਏਕਾ ਗਾਇਆ, ਬ੍ਰਹਮ ਸੁਣੇ ਚਾਈਂ ਚਾਈਆ। ਬ੍ਰਹਮ ਨਿਉਂ ਨਿਉਂ ਸੀਸ ਝੁਕਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਪੁਰਖ ਅਬਿਨਾਸ਼ੀ ਆਪਣਾ ਵਿਚੋਲਾ ਆਪ ਪਰਗਟਾਇਆ, ਏਕਾ ਸ਼ਬਦ ਨਾਉਂ ਧਰਾਈਆ। ਸਾਚਾ ਸੋਹਲਾ ਆਪ ਸੁਣਾਇਆ, ਲਿਖਣ ਪੜ੍ਹਣ ਵਿਚ ਨਾ ਆਈਆ। ਸਾਚਾ ਤੋਲਾ ਤੋਲ ਤੁਲਾਇਆ, ਏਕਾ ਕੰਡਾ ਹੱਥ ਉਠਾਈਆ। ਆਪਣਾ ਪਰਦਾ ਉਹਲਾ ਦਏ ਉਠਾਇਆ, ਬ੍ਰਹਮ ਪਾਰਬ੍ਰਹਮ ਮਿਲਾਈਆ। ਆਪਣਾ ਬੋਲਾ ਆਪ ਜਣਾਇਆ, ਉਚੀ ਕੂਕ ਕੂਕ ਸੁਣਾਈਆ। ਆਪਣਾ ਕਵਲ ਆਪ ਉਲਟਾਇਆ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਾਦ ਧੁਨ ਵਜਾਈਆ। ਸ਼ਬਦ ਅਨਾਦੀ ਧੁਨ ਬ੍ਰਹਿਮਾਦੀ, ਹਰਿ ਸਾਚਾ ਸਚ ਵਜਾਇੰਦਾ। ਬੋਧ ਅਗਾਧੀ ਦੇਵੇ ਦਾਦੀ, ਭੇਵ ਅਭੇਦਾ ਭੇਵ ਖੁਲਾਇੰਦਾ। ਕਰੇ ਖੇਲ ਆਦਿ ਜੁਗਾਦੀ, ਆਪਣੀ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧੁਨ ਇਕ ਧੁਨਕਾਰ, ਆਪ ਸੁਣਾਏ ਸੁਣਨੇਹਾਰ, ਬ੍ਰਹਮਾ ਵੇਤਾ ਕਰ ਪਿਆਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਬ੍ਰਹਮ ਪਿਆਰਾ ਪਾਰਬ੍ਰਹਮ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਆਪਣੇ ਮੰਦਰ ਆਪੇ ਜੰਮ, ਆਪ ਆਪਣਾ ਰੂਪ ਪਰਗਟਾਇੰਦਾ। ਆਪ ਉਪਜਾਏ ਆਪਣਾ ਨਾਮ, ਨਾਮ ਨਿਧਾਨ ਆਪ ਅਖਵਾਇੰਦਾ। ਆਪ ਵਖਾਏ ਆਪਣਾ ਸਚ ਨਿਸ਼ਾਨ, ਸਚ ਨਿਸ਼ਾਨਾ ਆਪ ਉਠਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ। ਭੇਵ ਖੁਲਾਏ ਹਰਿ ਭਗਵਾਨ, ਬ੍ਰਹਮੇ ਬ੍ਰਹਮ ਸਮਝਾਇਆ। ਜੁਗਾ ਜੁਗੰਤਰ ਇਕ ਧਿਆਨ, ਲਿਵ ਅੰਤਰ ਚਰਨ ਵਖਾਇਆ। ਸਾਚਾ ਮੰਦਰ ਇਕ ਮਕਾਨ, ਸਚ ਦਵਾਰੇ ਸੋਭਾ ਪਾਇਆ। ਪੁਰਖ ਅਬਿਨਾਸ਼ੀ ਦੇਵੇ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਨਾ ਕੋਈ ਸੁਰਤੀ ਨਾ ਕੋਈ ਕਾਹਨ, ਮੂਰਤ ਅਕਾਲ ਵੇਖ ਵਖਾਇਆ। ਨਾਦ ਤੂਰਤ ਬੇਪਛਾਣ, ਤੁਰਿਆ ਰਾਗ ਆਪ ਅਲਾਇਆ। ਬ੍ਰਹਮਾ ਬ੍ਰਹਮ ਕਰ ਪਰਵਾਨ, ਪ੍ਰਭ ਆਪਣੇ ਲੇਖੇ ਲਏ ਲਗਾਇਆ। ਸ਼ਬਦ ਜਣਾਏ ਸਚ ਫ਼ਰਮਾਣ, ਭੇਵ ਅਭੇਦਾ ਭੇਵ ਖੁਲਾਇਆ। ਚਾਰੇ ਵੇਦਾਂ ਖੋਲ੍ਹ ਦੁਕਾਨ, ਚਾਰੇ ਜੁਗ ਵੰਡ ਵੰਡਾਇਆ। ਚਾਰੇ ਖਾਣੀ ਵੇਖ ਨਿਸ਼ਾਨ, ਉਤਭੁਜ ਸੇਤਜ ਜੇਰਜ ਅੰਡ ਰੰਗ ਰੰਗਾਇਆ। ਚਾਰੇ ਬਾਣੀ ਬੋਲ ਜ਼ਬਾਨ, ਚਾਰ ਵਰਨਾਂ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸ਼ਬਦ ਉਪਜਾਇਆ। ਸ਼ਬਦ ਉਪਜਾਏ ਆਦਿ ਆਦਿ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਘਰ ਮੰਦਰ ਵੱਜਿਆ ਸਾਚਾ ਨਾਦ, ਗ੍ਰਹਿ ਸਾਚੇ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤਾ ਦੇਵੇ ਦਾਦ, ਆਪਣੀ ਵਸਤ ਆਪ ਵਰਤਾਈਆ। ਨਾਮ ਨਿਧਾਨਾ ਬੋਧ ਅਗਾਧ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਚਾਰੇ ਵੇਦਾਂ ਏਕਾ ਰਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਚਾਰੇ ਵੇਦ ਝੋਲੀ ਪਾ, ਸਿਰ ਬ੍ਰਹਮੇ ਹੱਥ ਟਿਕਾਇਆ। ਪੁਰਖ ਅਬਿਨਾਸ਼ੀ ਬੇਪਰਵਾਹ, ਆਪਣਾ ਹੁਕਮ ਸੁਣਾਇਆ। ਚਾਰੇ ਜੁਗ ਜਗਤ ਮਲਾਹ, ਤੇਰਾ ਮਾਰਗ ਦਏ ਵਖਾਇਆ। ਚਾਰੇ ਕੂਟਾਂ ਵੰਡ ਵੰਡਾ, ਦਹਿ ਦਿਸ਼ਾ ਫੋਲ ਫੁਲਾਇਆ। ਕਾਇਆ ਮਾਟੀ ਭਾਂਡਾ ਪੰਜ ਤਤ ਘੜਾ, ਲੱਖ ਚੁਰਾਸੀ ਬਣਤ ਬਣਾਇਆ। ਤੇਰਾ ਮੰਦਰ ਦਏ ਸੁਹਾ, ਬ੍ਰਹਮ ਤੇਰਾ ਰੂਪ ਵਟਾਇਆ। ਤੇਰੀ ਜੋਤੀ ਦਏ ਜਗਾ, ਜੋਤ ਨਿਰੰਜਣ ਸੇਵ ਲਗਾਇਆ। ਤੇਰਾ ਸ਼ਬਦ ਦਏ ਸੁਣਾ, ਅਨਹਦ ਰਾਗ ਅਲਾਇਆ। ਤੇਰਾ ਜਾਮ ਦਏ ਪਿਆ, ਅੰਮ੍ਰਿਤ ਆਤਮ ਤਾਲ ਸੁਹਾਇਆ, ਤੇਰਾ ਪੜਦਾ ਦਏ ਉਠਾ, ਬਜਰ ਕਪਾਟੀ ਤੋੜ ਤੁੜਾਇਆ, ਤੇਰਾ ਆਸਣ ਦਏ ਸੁਹਾ, ਆਤਮ ਸੇਜਾ ਆਪ ਹੰਢਾਇਆ। ਤੇਰਾ ਮੇਲਾ ਲਏ ਮਿਲਾ, ਆਪ ਆਪਣੀ ਦਇਆ ਕਮਾਇਆ। ਏਕਾ ਰੰਗ ਲਏ ਰੰਗਾ, ਲਾਲ ਗੁਲਾਲਾ ਆਪ ਚੜ੍ਹਾਇਆ। ਸਾਚੇ ਤਖ਼ਤ ਲਏ ਬਹਾ, ਤਖ਼ਤ ਨਿਵਾਸੀ ਸ਼ਾਹ ਸੁਲਤਾਨਾ ਆਪ ਅਖਵਾਇਆ। ਜੁਗ ਜੁਗ ਬਣੇ ਤੇਰਾ ਮਲਾਹ, ਨਿਰਗੁਣ ਸਰਗੁਣ ਮੇਲ ਮਿਲਾਇਆ। ਗੁਰ ਪੀਰ ਆਪ ਅਖਵਾ, ਆਪ ਆਪਣਾ ਨੂਰ ਕਰੇ ਰੁਸ਼ਨਾਇਆ। ਤੇਰੀ ਵਿਦਿਆ ਵੇਖੇ ਥਾਉਂ ਥਾਂ, ਮੂਲ ਮੰਤਰ ਆਪ ਪੜ੍ਹਾਇਆ। ਆਪਣੀ ਸਿਖਿਆ ਦਏ ਸਮਝਾ, ਆਦਿ ਜੁਗਾਦੀ ਵੇਸ ਧਰਾਇਆ। ਧੁਰ ਦਾ ਲੇਖਾ ਦਏ ਵਖਾ, ਏਕਾ ਪੱਟੀ ਨਾਮ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਚਾਰੇ ਵੇਦ ਝੋਲੀ ਪਾਇਆ। ਚਾਰੇ ਵੇਦ ਮਿਲੀ ਦਾਤ, ਚਰਨ ਕਵਲ ਸੱਚੀ ਸਰਨਾਈਆ। ਪੁਰਖ ਅਬਿਨਾਸ਼ੀ ਕਮਲਾਪਾਤ, ਕਵਲ ਨੈਣ ਸਾਚਾ ਮਾਹੀਆ। ਸ਼ਬਦ ਸੁਣਾਣੇ ਸਾਚੀ ਗਾਥ, ਭੇਵ ਅਭੇਦਾ ਆਪ ਖੁਲਾਈਆ। ਆਪ ਰਖਾਏ ਸਗਲਾ ਸਾਥ, ਆਦਿ ਜੁਗਾਦਿ ਵਿਛੜ ਨਾ ਜਾਈਆ। ਲੇਖਾ ਜਾਣੇ ਆਰ ਪਾਰ ਘਾਟ, ਮੰਝਧਾਰ ਰਿਹਾ ਸਮਾਈਆ। ਪਰਦਾ ਲਾਹੇ ਚੌਦਾਂ ਹਾਟ, ਚੌਦਾਂ ਲੋਕ ਵੇਖ ਵਖਾਈਆ। ਨਿਰਗੁਣ ਸਰਗੁਣ ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਭੇਵ ਚੁਕਾਏ ਤੀਰਥ ਤਾਟ, ਸਰ ਸਰੋਵਰ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬ੍ਰਹਮ ਪਾਰਬ੍ਰਹਮ ਲੱਖ ਚੁਰਾਸੀ ਵੰਡ ਵੰਡਾਈਆ। ਲੱਖ ਚੁਰਾਸੀ ਵੰਡਣਹਾਰਾ, ਏਕਾ ਰੂਪ ਸਮਾਇੰਦਾ। ਸ਼ਾਸਤਰ ਸਿਮਰਤ ਵੇਦ ਪੜ੍ਹਨਹਾਰਾ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਚਾਰੇ ਮੁਖ ਚਾਰੇ ਕੁੰਟ ਅੱਠੇ ਨੇਤਰ ਖੋਲ੍ਹਣਹਾਰਾ, ਆਪਣਾ ਨੈਣ ਆਪ ਮਟਕਾਇੰਦਾ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ, ਏਕਾ ਤੋਲਾ ਤੋਲਣਹਾਰਾ, ਸ੍ਰਿਸ਼ਟ ਸਬਾਈ ਆਪ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦੇਵੇ ਏਕਾ ਵਰ, ਵਰ ਵਰ ਦਾਤਾ ਆਪ ਹੋ ਜਾਇੰਦਾ। ਵਰ ਦਾਤਾ ਸ੍ਰੀ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਚਰਨ ਧੂੜ ਸੱਚਾ ਅਸ਼ਨਾਨ, ਏਕਾ ਏਕ ਏਕ ਅਖਵਾਈਆ। ਬਣ ਕੇ ਬੈਠਾ ਸਾਚਾ ਕਾਹਨ, ਸਚਖੰਡ ਸਾਚਾ ਸਚ ਸੁਹਾਈਆ। ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਵੇਖ ਵਖਾਈਆ। ਇਕ ਜਣਾਏ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਮਾ ਵਿਸ਼ਨ ਸ਼ਿਵ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬ੍ਰਹਮ ਪਾਰਬ੍ਰਹਮ ਲੇਖਾ ਲਿਖਣਹਾਰਾ ਆਪ ਅਖਵਾਈਆ। ਬ੍ਰਹਮੇ ਸੁਣ ਕਰ ਧਿਆਨ, ਹਰਿ ਸਾਚਾ ਸਚ ਸੁਣਾਇੰਦਾ। ਮੇਰਾ ਹੁਕਮ ਧੁਰ ਫ਼ਰਮਾਣ, ਤੇਰੀ ਧਾਰ ਬੰਧਾਇੰਦਾ। ਤੂੰ ਬਾਲਕ ਜਗਤ ਅੰਜਾਣ, ਤੇਰੀ ਸਾਰ ਆਪੇ ਪਾਇੰਦਾ। ਹਉਂ ਦਾਨਾ ਬੀਨਾ ਚਤਰ ਸੁਜਾਨ, ਮੂਰਖ ਮੁਗਧ ਕਾਰੇ ਧੰਦੇ ਆਪੇ ਲਾਇੰਦਾ। ਤੇਰੀ ਖੋਲ੍ਹੇ ਆਪ ਦੁਕਾਨ, ਲੱਖ ਚੁਰਾਸੀ ਤੇਰੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਸੁਣਾਇੰਦਾ। ਬ੍ਰਹਮੇ ਸੁਣ ਗੁਣਵੰਤ, ਗੁਣ ਗਹਿਰ ਗੰਭੀਰ ਸੁਣਾਇਆ। ਲੱਖ ਚੁਰਾਸੀ ਬਣਾਏ ਤੇਰੀ ਬਣਤ, ਵਿਸ਼ਨੂੰ ਤੇਰਾ ਸੰਗ ਨਿਭਾਇਆ। ਤੇਰਾ ਰੂਪ ਜੀਵ ਜੰਤ, ਜਾਗਰਤ ਜੋਤ ਹਰਿ ਜਗਾਇਆ। ਤੇਰੀ ਮਹਿਮਾ ਹੋਏ ਅਗਣਤ, ਪੁਰਖ ਅਬਿਨਾਸ਼ੀ ਵਾਕ ਸੁਣਾਇਆ। ਤੇਰਾ ਰੂਪ ਪਰਗਟਾਏ ਸਾਧ ਸੰਤ, ਭਗਤ ਭਗਵੰਤ ਤੇਰਾ ਨਾਉਂ ਧਰਾਇਆ। ਤੇਰਾ ਲੇਖਾ ਜਾਣੇ ਆਦਿ ਅੰਤ, ਮਧ ਤੇਰਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦਿਤਾ ਏਕਾ ਵਰ, ਲੱਖ ਚੁਰਾਸੀ ਭਾਂਡਾ ਘੜ, ਨਿਰਗੁਣ ਸਰਗੁਣ ਅੰਦਰ ਵੜ, ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਆਪ ਸੁਹਾਇਆ। ਬ੍ਰਹਮੇ ਵਰ ਹਰਿ ਪਾਇਆ, ਦੋਏ ਜੋੜ ਕਰੇ ਨਿਮਸਕਾਰ। ਪੁਰਖ ਅਬਿਨਾਸ਼ੀ ਬੇਪਰਵਾਹਿਆ, ਸਤਿਗੁਰ ਸਾਹਿਬ ਸੱਚਾ ਦਾਤਾਰ। ਹਉਂ ਸੇਵਕ ਸਾਚੀ ਸੇਵ ਕਮਾਇਆ, ਜੁਗ ਜੁਗ ਤੇਰਾ ਹੁਕਮ ਵਰਤੇ ਵਰਤਾਰ। ਲੱਖ ਚੁਰਾਸੀ ਭਾਂਡਾ ਘੜ ਵਖਾਇਆ, ਘੜਨਹਾਰ ਇਕ ਠਠਿਆਰ। ਕਵਣ ਵਸਤ ਵਿਚ ਟਿਕਾਇਆ, ਸਰਗੁਣ ਦਏ ਆਧਾਰ। ਏਕਾ ਭਿਛਿਆ ਮੰਗ ਮੰਗਾਇਆ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੰਗ ਮੰਗੇ ਭਿਖਾਰ। ਦਰ ਭਿਖਾਰੀ ਮੰਗਦਾ, ਬ੍ਰਹਮਾ ਆਪਣਾ ਸੀਸ ਝੁਕਾ। ਕਰੇ ਖੇਲ ਸੂਰੇ ਸਰਬੰਗ ਦਾ, ਤੂੰ ਦਾਤਾ ਬੇਪਰਵਾਹ। ਲੱਖ ਚੁਰਾਸੀ ਚੋਲੀ ਰੰਗਦਾ, ਰੰਗਣ ਰੰਗ ਇਕ ਚੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਪਾ। ਏਕਾ ਵਸਤ ਕਿਰਪਾ ਕਰਦੇ ਹਰਿ, ਬ੍ਰਹਮਾ ਸਾਚੀ ਮੰਗ ਮੰਗਾਇੰਦਾ। ਨਿਰਗੁਣ ਜੋਤੀ ਅੰਦਰ ਧਰ, ਘਰ ਘਰ ਦੀਪ ਜਗਾਇੰਦਾ। ਨਿਰਭੌ ਚੁੱਕੇ ਤੇਰਾ ਡਰ, ਸ੍ਰਿਸ਼ਟ ਸਬਾਈ ਭੈ ਵਖਾਇੰਦਾ। ਈਸ਼ ਜੀਵ ਆਪੇ ਬਣ, ਜਗਤ ਜਗਦੀਸ਼ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਸੁਣਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਵੇਦ ਸ਼ਾਸਤਰ ਨਾ ਕਿਸੇ ਲਿਖਾਇਆ, ਬ੍ਰਹਮੇ ਗਿਆਨ ਨਾ ਕੋਇ ਦ੍ਰਿੜਾਈਆ। ਆਪਣਾ ਲੇਖਾ ਆਪਣੇ ਹੱਥ ਰਖਾਇਆ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦਿਤਾ ਏਕਾ ਵਰ, ਆਪਣੀ ਅੰਸ ਸ੍ਰਿਸ਼ਟ ਸਰਬੰਸ, ਏਕਾ ਆਪ ਪਰਗਟਾਈਆ। ਏਕਾ ਜੋਤ ਜੋਤ ਉਜਾਲਾ, ਪੁਰਖ ਅਬਿਨਾਸ਼ੀ ਰੂਪ ਵਟਾਇੰਦਾ। ਏਕਾ ਗੁਰ ਗੁਰ ਗੋਪਾਲਾ, ਏਕਾ ਗੁਰ ਸਮਾਇੰਦਾ। ਏਕਾ ਮੰਦਰ ਇਕ ਧਰਮਸਾਲਾ, ਏਕਾ ਕੰਤ ਸੋਭਾ ਪਾਇੰਦਾ। ਏਕਾ ਸ਼ਬਦ ਏਕਾ ਤਾਲਾ, ਏਕਾ ਨਾਦ ਵਜਾਇੰਦਾ। ਏਕਾ ਮਾਰਗ ਦੱਸੇ ਸੁਖ਼ਾਲਾ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਆਦਿ ਨਿਰੰਜਣ ਜੋਤ ਅਕਾਲਾ, ਨਿਰਗੁਣ ਆਪਣਾ ਨਾਉਂ ਵਟਾਇੰਦਾ। ਲੱਖ ਚੁਰਾਸੀ ਫਲ ਲਗਾਏ ਡਾਲ੍ਹਾ, ਜੁਗ ਜੁਗ ਆਪਣਾ ਗੇੜ ਭਵਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰੇ ਖੇਲ ਨਿਰਾਲਾ, ਬ੍ਰਹਮੇ ਤੇਰੀ ਸੇਵਾ ਆਪ ਲਗਾਇੰਦਾ। ਅੰਤਮ ਲਹਿਣਾ ਚੁਕਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਕਵਣ ਰੂਪ ਹਰਿ ਲੇਖ ਚੁਕੌਣਾ, ਬ੍ਰਹਮ ਪਾਰਬ੍ਰਹਮ ਮੰਗ ਮੰਗਾਇੰਦਾ। ਕਵਣ ਰੂਪ ਹਰਿ ਖੇਲ ਖਲੌਣਾ, ਲੋਕਮਾਤ ਵੇਸ ਵਟਾਇੰਦਾ। ਕਵਣ ਰੂਪ ਹਰਿ ਰੰਗ ਚੜ੍ਹੌਣਾ, ਉਤਰ ਕਦੇ ਨਾ ਜਾਇੰਦਾ। ਕਵਣ ਰੂਪ ਹਰਿ ਮਰਦੰਗ ਵਜੌਣਾ, ਦੋ ਜਹਾਨਾਂ ਆਪ ਸੁਣਾਇੰਦਾ। ਕਵਣ ਰੂਪ ਨਵ ਖੰਡ ਖੰਡ ਖੰਡ ਕਰੌਣਾ, ਬ੍ਰਹਿਮੰਡ ਕਵਣ ਵੇਖ ਵਖਾਇੰਦਾ। ਕਵਣ ਰੂਪ ਚੰਡ ਪਰਚੰਡ ਚਮਕੌਣਾ, ਕਵਣ ਚਿਲਾ ਤੀਰ ਕਮਾਨ ਉਠਾਇੰਦਾ। ਕਵਣ ਰੂਪ ਹਰਿ ਖ਼ੁਸ਼ੀ ਬੰਦ ਬੰਦ ਕਰੌਣਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਕਵਣ ਰੂਪ ਨਿਜਾਨੰਦ ਸਮੌਣਾ, ਨਿਜ ਆਤਮ ਰਸ ਚਖਾਇੰਦਾ। ਕਵਣ ਰੂਪ ਲੱਖ ਚੁਰਾਸੀ ਡੇਰਾ ਢੌਣਾ, ਕਵਣ ਭਾਂਡੇ ਘੜ ਭੰਨ ਵਖਾਇੰਦਾ। ਕਵਣ ਰੂਪ ਆਪਣਾ ਖੇਲ ਵਰਤੌਣਾ, ਚਾਰ ਵੇਦਾਂ ਕਵਣ ਰੂਪ ਮੁਕਾਇੰਦਾ । ਕਵਣ ਰੂਪ ਆਪਣਾ ਨਾਮ ਪਰਗਟੌਣਾ, ਏਕਾ ਢੋਲਾ ਆਪ ਸੁਣਾਇੰਦਾ। ਕਵਣ ਰੂਪ ਤੋਲਾ ਅਖਵੌਣਾ, ਸਾਚਾ ਕੰਡਾ ਹੱਥ ਉਠਾਇੰਦਾ। ਕਵਣ ਰੂਪ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬੌਣਾ, ਕਵਣ ਬ੍ਰਹਮ ਭਾਰ ਟਿਕਾਇੰਦਾ। ਕਵਣ ਰੂਪ ਵਿਸ਼ਨੂੰ ਮੇਲ ਮਿਲੌਣਾ, ਕਵਣ ਭੰਡਾਰਾ ਹੱਥ ਉਠਾਇੰਦਾ। ਕਵਣ ਰੂਪ ਬ੍ਰਹਮ ਲੇਖੇ ਲੌਣਾ, ਬ੍ਰਹਮ ਰੋ ਰੋ ਨੀਰ ਵਹਾਇੰਦਾ। ਕਵਣ ਰੂਪ ਸ਼ੰਕਰ ਵੇਖ ਵਖੌਣਾ, ਬਾਸ਼ਕ ਤਸ਼ਕਾ ਕਵਣ ਸੁਹਾਇੰਦਾ। ਕਵਣ ਸਰੂਪ ਕਰੋੜ ਤੇਤੀਸਾ ਮਾਤ ਵਖੌਣਾ, ਕਵਣ ਸਰੂਪ ਪੰਧ ਮੁਕਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੇਰਾ ਪੌਣਾ, ਏਕਾ ਹੁਕਮ ਕਵਣ ਸੁਣਾਇੰਦਾ। ਕਵਣ ਰੂਪ ਅਵਣ ਗਵਣ ਤ੍ਰੈਭਵਨ ਡੰਕ ਵਜੌਣਾ, ਕਵਣ ਰੂਪ ਰਵ ਸਸ ਸੂਰਜ ਚੰਨ ਆਪਣੇ ਵਿਚ ਸਮਾਇੰਦਾ। ਕਵਣ ਰੂਪ ਮੰਡਲ ਮੰਡਪ ਆਣ ਹਲੌਣਾ, ਕਵਣ ਰੂਪ ਧਰਤ ਧਵਲ ਜਲ ਬਿੰਬ ਵਿਚ ਟਿਕਾਇੰਦਾ। ਕਵਣ ਰੂਪ ਏਕਾ ਇਸ਼ਟ ਲੱਖ ਚੁਰਾਸੀ ਆਪ ਦਰਸੌਣਾ, ਚਾਰੇ ਵੇਦ ਮਾਣ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਲਾ ਕੇਹੜਾ, ਹਰਿ ਜਗ ਵਿਛੜੇ ਮੇਲ ਮਿਲੌਣਾ। ਹਰਿ ਜੂ ਹਰਿ ਹਰਿ ਬੋਲਿਆ, ਕਰ ਕਿਰਪਾ ਆਪ ਨਿਰੰਕਾਰ। ਆਪਣਾ ਦਵਾਰਾ ਆਪੇ ਖੋਲਿਆ, ਪਰਗਟ ਹੋਏ ਆਪ ਨਿਰੰਕਾਰ। ਨੌਂ ਨੌਂ ਚਾਰ ਬਣੇ ਤੋਲਿਆ, ਤੋਲ ਤੋਲੇ ਤੋਲਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਸਾਚੀ ਕਾਰ। ਜੁਗ ਜੁਗ ਚੌਕੜੀ ਜਗ ਖੇਲ ਖਲਾਵਣਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖ ਵਖਾਈਆ। ਗੁਰ ਅਵਤਾਰ ਆਪ ਅਖਵੌਣਾ, ਸੰਤ ਭਗਵੰਤ ਰੂਪ ਵਟਾਈਆ। ਗੁਰਮੁਖ ਆਪਣੇ ਰੰਗ ਰੰਗੌਣਾ, ਗੁਰਸਿਖ ਏਕਾ ਦਏ ਬੁਝਾਈਆ। ਜੁਗ ਜੁਗ ਆਪਣਾ ਨਾਮ ਚਲਾਵਣਾ, ਪੀਰ ਦਸਤਗੀਰ ਸ਼ਾਹ ਹਕੀਰ ਆਪ ਹੋ ਜਾਈਆ। ਜੁਗ ਜੁਗ ਆਪਣਾ ਨਾਉਂ ਪਰਗਟਾਵਣਾ, ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਣੀ ਬਾਣੀ ਦੇਵੇ ਵਰ, ਬ੍ਰਹਮੇ ਬ੍ਰਹਮ ਮਤ ਇਕ ਸਮਝਾਈਆ। ਬ੍ਰਹਮੇ ਚਾਰ ਜੁਗ ਉਤਰੇ ਪਾਰ, ਚਵੀ ਅਵਤਾਰ ਸੇਵ ਕਮਾਈਆ। ਨੌਂ ਨੌਂ ਚਾਰ ਚੌਕੜੀ ਖੇਲ ਕਰੇ ਅਪਾਰ, ਮਨਵੰਤਰ ਗੇੜਾ ਗੇੜਾ ਦਏ ਲਗਾਈਆ। ਏਕਾ ਮੰਤਰ ਫੁਰੇ ਸੱਚੀ ਸਰਕਾਰ, ਲੋਆਂ ਪੁਰੀਆਂ ਦਏ ਦੁਹਾਈਆ। ਲੱਗੇ ਬਸੰਤਰ ਸਰਬ ਸੰਸਾਰ, ਆਤਮ ਅੰਤਰ ਨਾ ਕੋਇ ਬੁਝਾਈਆ। ਬਣਾਏ ਬਣਤਰ ਆਪ ਨਿਰੰਕਾਰ, ਆਪਣਾ ਭੇਵ ਦਏ ਖੁਲਾਈਆ। ਨੌਂ ਨੌਂ ਚਾਰ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਅੰਤਮ ਖੇਲ ਕਰੇ ਅਪਾਰ, ਨਿਰਗੁਣ ਜੋਤ ਰੁਸ਼ਨਾਈਆ। ਸ਼ਬਦ ਨਾਦ ਸੱਚੀ ਧੁਨਕਾਨ, ਧੁਰ ਦੀ ਬਾਣੀ ਆਪ ਸੁਣਾਈਆ। ਪੰਜ ਤਤ ਨਾ ਕਰੇ ਕੋਈ ਆਕਾਰ, ਸਾਕਾਰ ਨਾ ਰੂਪ ਵਟਾਈਆ। ਨਿਰਗੁਣ ਖੇਲ ਅਗੰਮ ਅਪਾਰ, ਕਲਜੁਗ ਅੰਤਮ ਆਪ ਵਖਾਈਆ। ਬ੍ਰਹਮੇ ਤੇਰੀ ਪਾਵੇ ਸਾਰ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਵਿਸ਼ਨੂੰ ਮੇਲਾ ਕੰਤ ਭਤਾਰ, ਹਰਿ ਜੂ ਸਾਚੀ ਸੇਜ ਹੰਢਾਈਆ। ਸ਼ੰਕਰ ਕਰੇ ਇਕ ਪਿਆਰ, ਹੱਥ ਤ੍ਰਿਸ਼ੂਲ ਨਾ ਕੋਇ ਫੜਾਈਆ। ਸ਼ਬਦ ਵਚੋਲਾ ਬਣੇ ਆਪ ਕਰਤਾਰ, ਬ੍ਰਹਮ ਵੇਖੇ ਥਾਉਂ ਥਾਈਂਆ। ਚਾਰੇ ਵੇਦਾਂ ਪਾਵੇ ਸਾਰ, ਸ਼ਾਮ ਰਿਗ ਯੁਜਰ ਅਥਰਬਣ ਭੁੱਲ ਰਹੇ ਨਾ ਰਾਈਆ। ਚਾਰੇ ਖਾਣੀ ਕਰੇ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਆਪੇ ਸਭ ਤੋਂ ਵਸੇ ਬਾਹਰ, ਦਿਸ ਕਿਸੇ ਨਾ ਆਈਆ। ਪਰਗਟ ਹੋਵੇ ਵਿਚ ਸੰਸਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਰੱਖੇ ਨਾਉਂ ਨਿਹਕਲੰਕ ਸੱਚੀ ਸਰਕਾਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਤੇਰੀ ਆਪੇ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਤੇਰਾ ਕਰਜ਼ਾ ਦਏ ਉਤਾਰ, ਲੱਖ ਚੁਰਾਸੀ ਆਪਣੀ ਝੋਲੀ ਪਾਈਆ। ਆਪਣਾ ਘਾੜਨ ਘੜੇ ਆਪ ਨਿਰੰਕਾਰ, ਆਪਣੀ ਰਚਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਹਰਿ ਹਰਿ ਕਰੇ ਪੜ੍ਹਾਈਆ। ਏਕਾ ਬ੍ਰਹਮ ਪਾਰਬ੍ਰਹਮ ਸਮਾਵਣਾ, ਨਿਰਗੁਣ ਜੋਤੀ ਜੋਤ ਮਿਲਾ। ਪੁਰਖ ਅਬਿਨਾਸ਼ੀ ਖੇਲ ਖਿਲਾਵਣਾ, ਜੋਤੀ ਜਾਮਾ ਭੇਖ ਵਟਾ। ਸ਼ਬਦ ਵਿਚੋਲਾ ਇਕ ਬਣਾਵਣਾ, ਦੋ ਜਹਾਨਾਂ ਫੇਰਾ ਪਾ। ਨਿਰਗੁਣ ਨਿਰਗੁਣ ਵੇਖ ਵਖਾਵਣਾ, ਸਰਗੁਣ ਪਕੜਨਹਾਰਾ ਬਾਂਹ। ਆਪਣੀ ਵਿਦਿਆ ਆਪ ਪੜ੍ਹਾਵਣਾ, ਆਪਣਾ ਲੇਖਾ ਦਏ ਸਮਝਾ। ਸਾਚੀ ਸਿਖ਼ਿਆ ਇਕ ਸਿਖਾਵਣਾ, ਚਾਰ ਵਰਨਾਂ ਨਾਤਾ ਤੁੱਟੇ ਏਕਾ ਰੰਗ ਰੰਗਾਏ ਏਕਾ ਭੂਮਕਾ ਦਏ ਵਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਮੇਲਾ ਪਾਰਬ੍ਰਹਮ ਜਿਉਂ ਬਾਲਕ ਪਿਤਾ ਮਾਂ। ਬ੍ਰਹਮ ਪਾਰਬ੍ਰਹਮ ਹਰਿ ਮੇਲ ਮਿਲਾਇਆ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਸਗਨ ਮਨਾਇਆ, ਚਾਰ ਕੁੰਟ ਹੋਏ ਰੁਸ਼ਨਾਈਆ। ਏਕਾ ਮਰਦੰਗਨ ਹੱਥ ਉਠਾਇਆ, ਤ੍ਰੈ ਤ੍ਰੈ ਲੋਕਾਂ ਰਿਹਾ ਸੁਣਾਈਆ। ਚੌਦਾਂ ਤਬਕਾਂ ਜਾਗ ਖੁਲ੍ਹਾਇਆ, ਨੇਤਰ ਨੈਣ ਨਾ ਬੰਦ ਕਰਾਈਆ । ਬ੍ਰਹਮੇ ਭਵਿਖਤ ਵਾਕ ਆਪ ਸੁਣਾਇਆ, ਆਦਿ ਆਦਿ ਆਪ ਅਖਵਾਈਆ। ਚਾਰ ਚੌਕੜ ਪੰਧ ਮੁਕਾਇਆ, ਅੰਤਮ ਓਕੜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਮੇਲਾ ਸਾਚੇ ਘਰ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਵੇਖਣ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਵਿਸ਼ਨੂੰ ਸੇਵਾਦਾਰ ਨਾਲ ਰਲਾਇਆ, ਸੋ ਪੁਰਖ ਨਿਰੰਜਣ ਕਿਰਪਾ ਧਾਰ। ਲੱਖ ਚੁਰਾਸੀ ਫੋਲ ਫੁਲਾਇਆ, ਬ੍ਰਹਮ ਬ੍ਰਹਮ ਕਰੇ ਵਿਚਾਰ। ਹੰ ਹੰ ਹੰ ਸਰਬ ਕੁਰਲਾਇਆ, ਕਲਜੁਗ ਕੂਕੇ ਕਰੇ ਪੁਕਾਰ। ਪੁਰਖ ਅਬਿਨਾਸ਼ੀ ਮਰਦੰਗ ਇਕ ਵਜਾਇਆ, ਧੁਨ ਨਾਦ ਸੱਚੀ ਧੁਨਕਾਰ। ਸੂਰਾ ਸਰਬੰਗ ਉਠ ਉਠ ਵੇਖਣ ਆਇਆ, ਪਰਗਟ ਹੋ ਹਰਿ ਕਰਤਾਰ। ਆਪਣੇ ਅਸਵ ਤੰਗ ਕਸਾਇਆ, ਪੁਰਖ ਅਬਿਨਾਸ਼ੀ ਸ਼ਾਹ ਅਸਵਾਰ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਂਡਾ ਆਪ ਮੁਕਾਇਆ, ਲੋਕਮਾਤ ਪਾਵੇ ਸਾਰ। ਜੇਰਜ ਅੰਡਾਂ ਫੋਲ ਫੁਲਾਇਆ, ਦੂਈ ਦਵੈਤੀ ਪਰਦਾ ਦਏ ਉਤਾਰ। ਸਾਚਾ ਖੰਡਾ ਹੱਥ ਚਮਕਾਇਆ, ਭੇਖ ਪਖੰਡਾ ਜਗਤ ਨਿਵਾਰ। ਪਾਰਬ੍ਰਹਮ ਪ੍ਰਭ ਦਏ ਸਲਾਹਿਆ, ਸਾਚੀ ਸਿਖਿਆ ਇਕ ਵਿਚਾਰ। ਧੁਰ ਦਾ ਲੇਖਾ ਦਏ ਮਿਟਾਇਆ, ਪੂਰਬ ਪੂਰਬ ਵੇਖੇ ਵਿਗਸੇ ਵੇਖੇ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਨਿਰਗੁਣ ਲਏ ਅਵਤਾਰ। ਨਿਰਗੁਣ ਨਰਾਇਣ ਹਰਿ ਹਰਿ, ਮਹਿਮਾ ਅਕਥ ਕਥੀ ਨਾ ਜਾਈਆ। ਲੋਕਮਾਤ ਹਰਿ ਜੋਤ ਧਰ, ਧਰਤੀ ਧਵਲ ਧਰਤ ਸੁਹਾਈਆ। ਬ੍ਰਹਮ ਪਾਰਬ੍ਰਹਮ ਮਿਲਾਏ ਫੜ ਫੜ, ਭੇਵ ਅਭੇਦ ਭੇਵ ਚੁਕਾਈਆ। ਆਪ ਬਨਾਏ ਆਪਣੇ ਲੜ, ਲੜ ਆਪਣਾ ਪੱਲੂ ਇਕ ਫੜਾਈਆ। ਸਾਚੇ ਪੌੜੇ ਆਪੇ ਚੜ੍ਹ ਚੜ੍ਹ, ਗੁਰਮੁਖ ਸੁਰਤੀ ਆਪ ਜਗਾਈਆ। ਕਿਲਾ ਤੋੜ ਹੰਕਾਰੀ ਗੜ੍ਹ ਗੜ੍ਹ, ਹਉਂਮੇਂ ਹੰਗਤਾ ਦਏ ਮਿਟਾਈਆ। ਕਰੇ ਪਰਕਾਸ਼ ਬਹੱਤਰ ਨੜ ਨੜ, ਅੰਧ ਅੰਧੇਰ ਦਏ ਗਵਾਈਆ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਹਰਿਜਨ ਸਾਚੇ ਲਏ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਆਪੇ ਵਰ ਵਰ, ਨਾਰੀ ਕੰਤ ਰੂਪ ਵਟਾਈਆ। ਆਪਣੀ ਸੇਜਾ ਆਪੇ ਖੜ ਖੜ, ਸਵਛ ਸਰੂਪੀ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬ੍ਰਹਮੇ ਪਾਰਬ੍ਰਹਮ ਪ੍ਰਭ ਮੇਲਾ, ਲੇਖਾ ਚੁਕਿਆ ਗੁਰੂ ਗੁਰ ਚੇਲਾ, ਹਰਿ ਸਤਿਗੁਰ ਸੱਜਣ ਆਪ ਚੁਕਾਈਆ। ਸਤਿਗੁਰ ਸੱਜਣ ਸੱਚਾ ਪਾਤਸ਼ਾਹ, ਇਕ ਅਕੱਲਾ ਏਕੰਕਾਰ। ਬੇਐਬ ਪਰਵਰਦਿਗਾਰ ਸਿਫ਼ਤ ਸਾਲਾਹ, ਸਿਫ਼ਤੀ ਸਿਫ਼ਤ ਨਾ ਕੋਈ ਵਿਚਾਰ। ਜੁਗਾ ਜੁਗੰਤਰ ਬਣੇ ਮਲਾਹ, ਨਿਰਗੁਣ ਸਰਗੁਣ ਲਏ ਉਭਾਰ। ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ ਅਵਤਾਰ ਆਪਣਾ ਨਾਉਂ ਧਰਾ, ਧਰਤੀ ਧਰਤ ਧਵਲ ਕਰੇ ਹੌਲਾ ਭਾਰ। ਨੌਂ ਖੰਡ ਪ੍ਰਿਥਮੀ ਵੇਖ ਵਖਾਏ ਥਾਉਂ ਥਾਂ, ਲੱਖ ਚੁਰਾਸੀ ਕਰੇ ਖ਼ਵਾਰ। ਗੁਰਸਿਖਾਂ ਉਠਾਏ ਫੜ ਫੜ ਬਾਂਹ, ਆਪ ਕਰਾਏ ਸਚ ਪਿਆਰ। ਦੋ ਜਹਾਨਾਂ ਕਰੇ ਸਚ ਨਿਆਂ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਬ੍ਰਹਮੇ ਵੇਤਾ ਆਪੇ ਫੜ, ਦਰਸ ਦਿਖਾਏ ਅਗੇ ਖੜ, ਸੁਹਾਏ ਬੰਕ ਦਵਾਰ। ਬੰਕ ਦਵਾਰ ਸੁਹਾਵਣਾ, ਹਰਿ ਹਰਿ ਮੇਲਾ ਪਾਰਬ੍ਰਹਮ। ਜੋਤੀ ਜੋਤ ਜੋਤ ਮਿਲਾਵਣਾ, ਨਾ ਮਰੇ ਨਾ ਪਏ ਜੰਮ। ਸਾਚੇ ਧਾਮ ਆਪ ਸੁਹਾਵਣਾ, ਸਤਿ ਸਤਿਵਾਦੀ ਬੇੜਾ ਬੰਨ੍ਹ। ਲੱਖ ਚੁਰਾਸੀ ਫੇਰਾ ਨਾ ਪਾਵਨਾ, ਮਾਤ ਗਰਭ ਨਾ ਕੋਈ ਡੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪੇ ਜਨਨੀ ਆਪੇ ਜਨ। ਆਪੇ ਜਨਨੀ ਜਨ ਜਾਇਆ, ਜੋਤੀ ਮਾਤਾ ਸੁਤ ਦੁਲਾਰ। ਆਪੇ ਧਨ ਧਨ ਧਨ ਝੋਲੀ ਪਾਇਆ, ਕਰਾਇਆ ਸਾਚਾ ਵਣਜ ਵਪਾਰ। ਆਪੇ ਧੁਨ ਧੁਨ ਰਾਗ ਸੁਣਾਇਆ, ਧੁਨ ਧੁਨ ਬੋਲ ਸ਼ਬਦ ਜੈਕਾਰ। ਆਪੇ ਗੁਰਸਿਖ ਗੁਰਸਿਖ ਚੁਣ ਚੁਣ ਮੇਲ ਮਿਲਾਇਆ, ਮੇਲ ਮਿਲਾਵਾ ਧੁਰ ਦਰਬਾਰ। ਆਪੇ ਹਰਿ ਹਰਿ ਘਰ ਘਰ ਮੰਗਲ ਗਾਇਆ, ਗੀਤ ਸੁਹਾਗੀ ਸ਼ਬਦ ਉਚਾਰ। ਵਡਭਾਗੀ ਹਰਿ ਸਤਿਗੁਰ ਦਰਸਨ ਪਾਇਆ, ਮਿਟਿਆ ਸਹਿਸਾ ਸਰਬ ਸੰਸਾਰ। ਗੁਰਸਿਖ ਵੈਰਾਗੀ ਦਰਸ ਦਵਾਰੇ ਆਇਆ, ਜਿਸ ਜਨ ਕਿਰਪਾ ਕਰੇ ਆਪ ਕਰਤਾਰ। ਚਰਨ ਧੂੜੀ ਮਾਘੀ ਸਚ ਨੁਹਾਵਣ ਆਪ ਨੁਹਾਇਆ, ਦੁਰਮਤ ਮੈਲ ਦਏ ਉਤਾਰ। ਫੜ ਫੜ ਕਾਗੀ ਹੰਸ ਬਣਾਇਆ, ਸੋਹੰ ਮਾਣਕ ਮੋਤੀ ਚੁਗੇ ਅਪਾਰ। ਜ਼ਾਤ ਪਾਤੀ ਮੇਟ ਮਿਟਾਇਆ, ਊਚ ਨੀਚ ਨਾ ਕੋਈ ਵਿਚਾਰ। ਅੰਧੇਰੀ ਰਾਤੀ ਦਏ ਗਵਾਇਆ, ਸਾਚਾ ਭਾਨ ਹੋਏ ਉਜਿਆਰ। ਬ੍ਰਹਮ ਪਾਰਬ੍ਰਹਮ ਵੇਖ ਵਖਾਇਆ, ਘਰ ਮੰਦਰ ਖੋਲ੍ਹ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ,  ਕਲਜੁਗ ਅੰਤਮ ਵੇਸ ਧਰ, ਬ੍ਰਹਮ ਪਾਰਬ੍ਰਹਮ ਏਕਾ ਰੰਗ ਰਵੇ ਕਰਤਾਰ।