Granth 09 Likhat 131: 12 Jeth 2017 Bikarmi Seva Ram Rasia Ram de Ghar Dayea Hoyi Pind Kaloye

੧੨ ਜੇਠ ੨੦੧੭ ਬਿਕ੍ਰਮੀ ਸੇਵਾ ਰਾਮ ਰਸੀਆ ਰਾਮ ਦੇ ਘਰ ਦਇਆ ਹੋਈ ਪਿੰਡ ਕਲੋਏ

ਇਕਓਅੰਕਾਰਾ ਅਗੰਮ ਅਥਾਹ, ਅਲੱਖ ਅਗੋਚਰ ਨਾਉਂ ਧਰਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਬੇਐਬ ਪਰਵਰਦਿਗਾਰ ਜੋਤ ਜਗਾਇੰਦਾ। ਸ੍ਰੀ ਭਗਵਾਨ ਸਿਫ਼ਤ ਸਾਲਾਹ, ਮਹਿਮਾ ਅਗਣਤ ਨਾ ਕੋਇ ਗਣਾਇੰਦਾ। ਅਬਿਨਾਸ਼ੀ ਕਰਤਾ ਜਗਤ ਮਲਾਹ, ਜੁਗ ਜੁਗ ਬੇੜਾ ਮਾਤ ਚਲਾਇੰਦਾ। ਨਿਰਗੁਣ ਸਰਗੁਣ ਵੇਸ ਵਟਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਸ਼ਬਦ ਅਗੰਮੀ ਢੋਲਾ ਗਾ, ਰਾਗ ਨਾਦ ਇਕ ਵਜਾਇੰਦਾ। ਲੱਖ ਚੁਰਾਸੀ ਡੇਰਾ ਲਾ, ਘਟ ਘਟ ਆਪਣਾ ਮੰਦਰ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਤ੍ਰੈਗੁਣ ਪੱਲੇ ਗੰਢ ਬੰਧਾਇੰਦਾ। ਪੰਜ ਤਤ ਕਰ ਰੁਸ਼ਨਾ, ਜੋਤ ਨਿਰੰਜਣ ਦੀਪ ਜਗਾਇੰਦਾ। ਨੌ ਦਵਾਰੇ ਵੇਖ ਵਖਾ, ਜਗਤ ਤ੍ਰਿਸ਼ਨਾ ਵਿਚ ਭਰਾਇੰਦਾ। ਮਨ ਮਤ ਬੁੱਧ ਦਏ ਟਿਕਾ, ਰੂਪ ਅਨੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਖਲਾਇੰਦਾ। ਖੇਲਣਹਾਰਾ ਹਰਿ ਸਮਰਥ, ਆਦਿ ਜੁਗਾਦਿ ਵੱਡੀ ਵਡਿਆਈਆ। ਪੁਰਖ ਅਕਾਲ ਚਲਾਏ ਆਪਣਾ ਰਥ, ਦੀਨ ਦਿਆਲ ਸੱਚਾ ਰਥਵਾਹੀਆ। ਸਚਖੰਡ ਨਿਵਾਸੀ ਏਕਾ ਰੱਖੇ ਸਾਚੀ ਵੱਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਵਰਤਾਈਆ। ਏਕਾ ਮੰਤਰ ਨਾਮ ਦ੍ਰਿੜਾਏ ਪੂਜਾ ਪਾਠ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਇਕ ਸਰੋਵਰ ਵਖਾਏ ਤੀਰਥ ਤਾਟ, ਅੰਮ੍ਰਿਤ ਆਤਮ ਤਾਲ ਭਰਾਈਆ। ਇਕ ਵਜਾਏ ਨਗਾਰੇ ਅਨਹਦ ਸੱਟ, ਸ਼ਬਦ ਅਨਾਦੀ ਆਪ ਸੁਣਾਈਆ। ਏਕਾ ਸੋਏ ਸਾਚੀ ਖਾਟ, ਸਚ ਸਿੰਘਾਸਣ ਆਪ ਹੰਢਾਈਆ। ਏਕਾ ਜਾਣੇ ਆਪਣੀ ਵਾਟ, ਦੋ ਜਹਾਨਾਂ ਪੰਧ ਮੁਕਾਈਆ। ਏਕਾ ਖੋਲ੍ਹੇ ਚੌਦਾਂ ਹਾਟ, ਚੌਦਾਂ ਲੋਕ ਨਿਰਗੁਣ ਜੋਤ ਕਰ ਰੁਸ਼ਨਾਈਆ। ਏਕਾ ਲੇਖਾ ਜਾਣੇ ਆਨ ਬਾਟ, ਜੀਵ ਜੰਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵਡ ਵਡਿਆਈਆ। ਇਕ ਇਕੱਲਾ ਹਰਿ ਨਿਰੰਕਾਰਾ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਸਚਖੰਡ ਨਿਵਾਸੀ ਇਕ ਸੁਹਾਏ ਸਚ ਦਵਾਰਾ, ਥਿਰ ਘਰ ਸਾਚੇ ਆਸਣ ਲਾਇੰਦਾ। ਸ਼ਾਹੋ ਭੂਪ ਵਡ ਬਣ ਸਿਕਦਾਰਾ, ਰਾਜਨ ਰਾਜ ਆਪ ਅਖਵਾਇੰਦਾ। ਸਤਿ ਸਰੂਪੀ ਸਚ ਨਿਸ਼ਾਨਾ ਦਏ ਹੁਲਾਰਾ, ਦਰਗਹਿ ਸਾਚੀ ਆਪ ਝੁਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਵਿਸ਼ਨੂੰ ਵੰਸੀ ਕਰ ਉਜਿਆਰਾ, ਘਰ ਘਰ ਆਪਣਾ ਰਿਜ਼ਕ ਸਬਾਇੰਦਾ। ਬ੍ਰਹਮਾ ਆਤਮ ਅੰਤਰ ਭਰ ਭੰਡਾਰਾ, ਸ਼ਬਦ ਸ਼ਬਦੀ ਝੋਲੀ ਪਾਇੰਦਾ। ਚਾਰੇ ਵੇਦਾਂ ਬਣ ਲਿਖਾਰਾ, ਚਾਰੇ ਜੁਗ ਚਾਰੇ ਮੁਖ ਆਪ ਸਾਲਾਹਿੰਦਾ। ਸ਼ੰਕਰ ਸਾਚੇ ਘਰ ਕਰ ਪਿਆਰਾ, ਆਪ ਆਪਣੇ ਰੰਗ ਰੰਗਾਇੰਦਾ। ਏਕਾ ਬਖ਼ਸ਼ੇ ਸਾਚੀ ਕਾਰਾ, ਜੋ ਘੜਿਆ ਭੰਨ ਵਖਾਇੰਦਾ। ਤ੍ਰੈਗੁਣ ਅਤੀਤਾ ਏਕੰਕਾਰਾ, ਅਨਡੀਠਾ ਖੇਲ ਖਿਲਾਇੰਦਾ। ਲੋਕਮਾਤ ਲੈ ਅਵਤਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਗੁਰ ਗੁਰ ਰੂਪ ਵਰਤੇ ਆਪ ਕਰਤਾਰਾ, ਜੋਤੀ ਸ਼ਬਦੀ ਮੇਲ ਮਿਲਾਇੰਦਾ। ਭਗਤ ਭਗਵੰਤ ਵਖਾਏ ਇਕ ਅਖਾੜਾ, ਆਪ ਆਪਣੀ ਬੂਝ ਬੁਝਾਇੰਦਾ। ਸੰਤਾਂ ਦੇਵੇ ਸਚ ਹੁਲਾਰਾ, ਦੂਈ ਦਵੈਤੀ ਪਰਦਾ ਲਾਹਿੰਦਾ। ਗੁਰਮੁਖਾਂ ਕਰੇ ਇਕ ਪਿਆਰਾ, ਘਰ ਮੰਦਰ ਮੇਲ ਮਿਲਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਠੰਡਾ ਠਾਰਾ, ਭਰ ਪਿਆਲਾ ਜਾਮ ਪਿਆਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਵੇਦ ਪੁਰਾਨ ਸਰਬ ਜਸ ਗਾਇੰਦਾ। ਆਪੇ ਵਸੇ ਸਚ ਮਹੱਲ ਉਚ ਅਟੱਲ ਮੁਨਾਰਾ, ਧੁਰ ਦਰਬਾਰਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਦੋ ਜਹਾਨੀ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਏਕੰਕਾਰਾ ਕਰ ਪਸਾਰਾ, ਆਪ ਆਪਣਾ ਵੇਖ ਵਖਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਘਰ ਘਰ ਦੀਵਾ ਬਾਤੀ ਆਪ ਟਿਕਾਇੰਦਾ। ਸ੍ਰੀ ਭਗਵਾਨ ਭਰ ਭੰਡਾਰਾ, ਅਤੋਟ ਅਤੁੱਟ ਆਪਣਾ ਨਾਉਂ ਰਖਾਇੰਦਾ। ਅਬਿਨਾਸ਼ੀ ਕਰਤਾ ਬਣ ਵਰਤਾਰਾ, ਲੋਕਮਾਤ ਆਪ ਵਰਤਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਰਾਮ ਰੂਪ ਏਕਾ ਧਾਰਾ, ਰੰਗ ਰੇਖ ਨਾ ਕੋਈ ਜਣਾਇੰਦਾ। ਜੁਗਾ ਜੁਗੰਤਰ ਆਪ ਵਰਤੇ ਆਪਣਾ ਵਰਤਾਰਾ, ਦੂਸਰ ਸੰਗ ਨਾ ਕੋਈ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਡੇਰਾ ਲਾਇੰਦਾ। ਸਚ ਮਹੱਲਾ ਏਕੰਕਾਰ, ਸਚਖੰਡ ਦਵਾਰ ਆਪ ਸੁਹਾਈਆ। ਜਲ ਥਲ ਮਹੀਅਲ ਕਰ ਪਸਾਰ, ਆਪ ਆਪਣੀ ਰਚਨ ਰਚਾਈਆ। ਧਰਤ ਧਵਲ ਕਰ ਪਿਆਰ, ਰੂਪ ਅਨੂਪ ਸਤਿ ਸਰੂਪ ਆਪ ਵਟਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਲੱਖ ਚੁਰਾਸੀ ਵੇਖ ਵਿਚਾਰ, ਹਰਿ ਭਗਤਾਂ ਲਏ ਉਠਾਈਆ। ਏਕਾ ਦੇਵੇ ਨਾਮ ਅਧਾਰ, ਰਾਮ ਨਾਮ ਕਰੇ ਪੜ੍ਹਾਈਆ। ਲੇਖਾ ਜਾਣੇ ਕਾਇਆ ਮਾਟੀ ਨਗਰ ਗਰਾਮ, ਸਾਚਾ ਖੇੜਾ ਵੇਖ ਵਖਾਈਆ। ਅੰਮ੍ਰਿਤ ਅੰਮਿਉਂ ਰਸ ਪਿਆਏ ਸਾਚਾ ਜਾਮ, ਸਤਿਗੁਰ ਪੂਰਾ ਹੱਥ ਉਠਾਈਆ। ਸੰਤਾਂ ਕਰੇ ਪੂਰਾ ਕਾਮ, ਕਾਮ ਕਾਮਨੀ ਮੇਟ ਮਿਟਾਈਆ। ਆਸਾ ਤ੍ਰਿਸ਼ਨਾ ਮਿਟਾਏ ਅੰਧੇਰੀ ਸ਼ਾਮ, ਹਉਂਮੇ ਹੰਗਤਾ ਰਹਿਣ ਨਾ ਪਾਈਆ। ਸਚ ਪਰਕਾਸ਼ ਕਰੇ ਏਕਾ ਭਾਨ, ਭਗਵਨ ਭਗਤਨ ਹੋਏ ਸਹਾਈਆ। ਏਕਾ ਬਖ਼ਸ਼ੇ ਦਾਨੀ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਚਰਨ ਦਵਾਰੇ ਬਖ਼ਸ਼ੇ ਮਾਣ, ਜਗਤ ਅਭਿਮਾਨਾ ਦਏ ਮਿਟਾਈਆ। ਇਕ ਵਖਾਏ ਸਚ ਨਿਸ਼ਾਨ, ਸਚਖੰਡ ਦਵਾਰੇ ਆਪ ਝੁਲਾਈਆ। ਲੋਕਮਾਤ ਹੋ ਪਰਧਾਨ, ਜੁਗ ਜੁਗ ਆਪਣੀ ਰਚਨ ਰਚਾਈਆ। ਸਤਿਜੁਗ ਸਾਚਾ ਕਰ ਪਰਵਾਨ, ਆਪ ਆਪਣੇ ਵਿਚ ਟਿਕਾਈਆ। ਤ੍ਰੇਤਾ ਲੇਖਾ ਜਾਣੇ ਸੀਆ ਰਾਮ, ਰਾਵਣ ਲੰਕਾ ਗੜ੍ਹ ਤੁੜਾਈਆ। ਦੁਆਪਰ ਦੋਏ ਜੋੜ ਕਰੇ ਪਰਨਾਮ, ਕਾਹਨਾ ਬੰਸਰੀ ਏਕਾ ਨਾਮ ਵਜਾਈਆ। ਕਲਜੁਗ ਅੰਤਮ ਪਰਗਟ ਹੋਏ ਵਾਲੀ ਦੋ ਜਹਾਨ, ਨਿਰਗੁਣ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਕਰਨਹਾਰ, ਆਦਿ ਜੁਗਾਦੀ ਇਕ ਅਵਤਾਰ, ਭਗਤ ਭਗਵੰਤ ਪਾਏ ਸਾਰ, ਸਾਚੇ ਸੰਤਨ ਦੇਵੇ ਨਾਮ ਆਧਾਰ, ਗੁਰਮੁਖ ਸੱਜਣ ਲਾਏ ਪਾਰ, ਗੁਰਸਿਖ ਸਾਚੇ ਮੇਲ ਮਿਲਾਈਆ। ਕਲਜੁਗ ਅੰਤਮ ਖੇਲ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਵਣਾ। ਆਦਿ ਜੁਗਾਦੀ ਇਕ ਇਕੱਲੜਾ, ਰੂਪ ਅਨੂਪ ਆਪ ਵਟਾਵਣਾ। ਸਚਖੰਡ ਦਵਾਰ ਸੁਹਾਏ ਸਚ ਮਹੱਲੜਾ, ਥਿਰ ਘਰ ਸਾਚੇ ਡੇਰਾ ਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਵੇਸ ਵਟਾਵਣਾ, ਲੋਕਮਾਤ ਵੇਸ ਅਪਾਰਾ, ਹਰਿ ਪੁਰਖ ਨਿਰੰਜਣ ਆਪ ਕਰਾਈਆ। ਨਿਰਗੁਣ ਰੂਪ ਅਗੰਮ ਅਪਾਰਾ, ਜੋਤੀ ਬਾਤੀ ਆਪ ਜਗਾਈਆ। ਸਰਗੁਣ ਕਰੇ ਸਚ ਪਿਆਰਾ, ਘਰ ਘਰ ਵਿਚ ਮੇਲ ਮਿਲਾਈਆ। ਮੇਟ ਮਿਟਾਏ ਅੰਧ ਅੰਧਿਆਰਾ, ਧੂਆਂਧਾਰ ਨਾ ਕੋਇ ਵਖਾਈਆ। ਸੁੰਨ ਅਗੰਮੀ ਪਾਰ ਕਿਨਾਰਾ, ਆਪਣਾ ਪੰਧ ਆਪ ਚੁਕਾਈਆ। ਇਕ ਵਸਾਏ ਸਚ ਦਵਾਰਾ, ਘਰ ਘਰ ਵਿਚ ਕਰ ਰੁਸ਼ਨਾਈਆ। ਸਤਿਗੁਰ ਖੇਲ ਅਪਰ ਅਪਾਰਾ, ਗੁਰ ਗੁਰ ਆਪਣਾ ਨਾਉਂ ਵਟਾਈਆ। ਦੋਹਾਂ ਵਿਚੋਲਾ ਬਣੇ ਆਪ ਨਿਰੰਕਾਰਾ, ਸ਼ਬਦੀ ਆਪਣਾ ਨਾਉਂ ਧਰਾਈਆ। ਸ਼ਬਦ ਸਰੂਪੀ ਬੋਲ ਜੈਕਾਰਾ, ਹਰਿ ਹਰਿ ਨਾਉਂ ਲਏ ਪਰਗਟਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਹਕਲੰਕਾ ਆਪਣਾ ਨਾਉਂ ਰਖਾਈਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਜਲਵਾ ਨੂਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਆਪ ਬਰਸਾਈਆ। ਕਲਜੁਗ ਅੰਤਮ ਲੱਗੀ ਅੱਗ, ਚਾਰ ਕੁੰਟ ਕੁਰਲਾਇੰਦਾ। ਕੋਈ ਨਾ ਦੇਵੇ ਧੀਰਜ ਜਤ, ਸਤਿ ਸੰਤੋਖ ਮੁਖ ਭਵਾਇੰਦਾ। ਸ਼ਾਹਾਂ ਪਾਤਸ਼ਾਹਾਂ ਲੱਥੀ ਪਤ, ਰਾਜ ਰਾਜਾਨ ਕੋਇ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਉਬਲੀ ਰੱਤ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਕਲਜੁਗ ਅੰਤਮ ਕੂਕ ਪੁਕਾਰ, ਜੀਵ ਜੰਤ ਰਿਹਾ ਕੁਰਲਾਈਆ। ਨੌ ਖੰਡ ਪ੍ਰਿਥਮੀ ਹਾਹਾਕਾਰ, ਸੱਤ ਦੀਪ ਦੇਣ ਦੁਹਾਈਆ। ਵਰਨਾਂ ਬਰਨਾਂ ਕੋਇ ਨਾ ਕਰੇ ਸਚ ਪਿਆਰ, ਸਾਚੀ ਸਰਨ ਨਾ ਕੋਇ ਰਖਾਈਆ। ਹਰਨਾਂ ਫਰਨਾਂ ਨੇਤਰ ਖੁਲ੍ਹੇ ਨਾ ਬੰਦ ਕਿਵਾੜ, ਸਾਧ ਸੰਤ ਬੈਠੇ ਤਾੜੀਆਂ ਲਾਈਆ। ਘਰ ਘਰ ਅਗਨੀ ਲੱਗੀ ਹਾੜ, ਪੰਜ ਤਤ ਰਹੀ ਜਲਾਈਆ। ਉਬਲੇ ਰੱਤ ਬਹੱਤਰ ਨਾੜ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜੂਠ ਝੂਠ ਬਣਾਇਆ ਇਕ ਅਖਾੜ, ਸਚ ਸੁੱਚ ਨਾ ਕੋਇ ਵਖਾਈਆ। ਏਕਾ ਭੁੱਲਿਆ ਹਰਿ ਕਰਤਾਰ, ਰਸਨਾ ਜਿਹਵਾ ਕੋਇ ਨਾ ਗਾਈਆ। ਕਲਜੁਗ ਕੂਕ ਕਰੇ ਪਿਆਰ, ਚਾਰੇ ਕੁੰਟਾਂ ਰਿਹਾ ਸੁਣਾਈਆ। ਚੌਦਾਂ ਤਬਕਾਂ ਦਿਆਂ ਹੁਲਾਰ, ਸੰਗ ਮੁਹੰਮਦ ਦਏ ਗਵਾਹੀਆ। ਚੌਦਾਂ ਲੋਕਾਂ ਬਣਾਵਾਂ ਇਕ ਅਖਾੜ, ਨੌ ਖੰਡ ਪ੍ਰਿਥਮੀ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਈਆ। ਕਲਜੁਗ ਕੂੜਾ ਵਡ ਬਲਵਾਨ, ਝੂਠ ਸ਼ਸਤਰ ਹੱਥ ਉਠਾਇੰਦਾ। ਚਾਰੋਂ ਕੁੰਟ ਕਰੇ ਵੈਰਾਨ, ਗੜ੍ਹ ਬੰਕ ਨਾ ਕੋਇ ਸੁਹਾਇੰਦਾ। ਲੇਖਾ ਤੋੜੇ ਅੰਜੀਲ ਕੁਰਾਨ, ਸਚ ਈਮਾਨ ਨਾ ਕੋਇ ਧਰਾਇੰਦਾ। ਨਾਲ ਰਲਾਏ ਪੰਜ ਸ਼ੈਤਾਨ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ। ਘਰ ਘਰ ਗਲ ਗਲ ਤਸਬੀ ਪਾਏ ਬੇਈਮਾਨ, ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਅੱਲਾ ਰਾਣੀ ਨੈਣ ਸ਼ਰਮਾਣ, ਵੇਲਾ ਅੰਤਮ ਆਇੰਦਾ। ਚਾਰ ਯਾਰ ਰੋਣ ਕੁਰਲਾਣ, ਪੀਰ ਦਸਤਗੀਰ ਨਾ ਕੋਇ ਮਿਲਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਪੰਡਤ ਪਾਂਧਾ ਨਾ ਦੇਵੇ ਕੋਇ ਗਿਆਨ, ਸਾਚਾ ਮੰਤਰ ਨਾ ਕੋਇ ਦ੍ਰਿੜਾਇੰਦਾ। ਅਠਸਠ ਤੀਰਥ ਨਹਾਵਣ ਨਹਾਣ, ਦੁਰਮਤ ਮੈਲ ਨਾ ਕੋਇ ਕਟਾਇੰਦਾ। ਮੰਦਰ ਬਹਿ ਬਹਿ ਏਕਾ ਗਾਣ, ਕਾਇਆ ਮੰਦਰ ਨਾ ਕੋਇ ਵਸਾਇੰਦਾ। ਠਾਕਰ ਪੂਜਾ ਕਰਨ ਭਗਵਾਨ, ਭਗਵਨ ਹੱਥ ਨਾ ਕਿਸੇ ਆਇੰਦਾ। ਜੂਠੀ ਝੂਠੀ ਖੋਲ੍ਹ ਦੁਕਾਨ, ਮਾਇਆ ਰਾਣੀ ਨਾਲ ਪਰਨਾਇੰਦਾ। ਕਲਜੁਗ ਵੇਖੇ ਮਾਰ ਧਿਆਨ, ਆਪ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਮੇਟੇ ਕੂੜ ਪਸਾਰਾ, ਪਰਗਟ ਹੋਏ ਵਿਚ ਸੰਸਾਰਾ, ਸਤਿਜੁਗ ਤ੍ਰੇਤਾ ਦੁਆਪਰ ਪਾਰ ਉਤਾਰਾ, ਕਲਜੁਗ ਅੰਤਮ ਵਾਰੀ ਆਈਆ। ਕਲਜੁਗ ਤੇਰਾ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਦੀਨਾਂ ਅਨਾਥਾਂ ਕੋਇ ਨਾ ਸੁਣੇ ਪੁਕਾਰ, ਦਰਦ ਦੁੱਖ ਨਾ ਕੋਇ ਵੰਡਾਇਆ। ਗ਼ਰੀਬ ਨਿਮਾਣੇ ਧਾਹਾਂ ਰਹੇ ਮਾਰ, ਬਾਲ ਬਿਰਧ ਜਵਾਨ ਉਚੀ ਕੂਕਣ ਦੇਣ ਦੁਹਾਇਆ। ਨੇਤਰ ਰੋਵੇ ਨਰ ਨਾਰ, ਜ਼ਾਰੋ ਜ਼ਾਰ ਨੀਰ ਵਹਾਇਆ। ਜੂਠੇ ਝੂਠੇ ਹੋਏ ਸਿਕਦਾਰ, ਸਾਚਾ ਅਦਲ ਨਾ ਕੋਇ ਕਮਾਇਆ। ਚਾਰੋਂ ਕੁੰਟ ਹੋਏ ਵਿਭਚਾਰ, ਕਾਮ ਕਰੋਧ ਲੋਭ ਮੋਹ ਹਲਕਾਇਆ। ਹੰਕਾਰ ਆਪਣਾ ਗੜ੍ਹ ਕਰ ਤਿਆਰ, ਕਾਇਆ ਮੰਦਰ ਅੰਦਰ ਡੇਰਾ ਲਾਇਆ। ਪੁਰਖ ਅਬਿਨਾਸ਼ੀ ਪਾਵਣਹਾਰਾ ਸਾਰ, ਲੱਖ ਚੁਰਾਸੀ ਵੇਖ ਵਖਾਇਆ। ਸਾਧ ਸੰਤ ਕਰਨ ਪੁਕਾਰ, ਹਰਿ ਕਾ ਪੌੜਾ ਦਿਸ ਨਾ ਆਇਆ। ਅੰਤਮ ਡਿੱਗੇ ਮੂੰਹ ਦੇ ਭਾਰ, ਫੜ ਬਾਹੋਂ ਨਾ ਕੋਇ ਉਠਾਇਆ। ਕਲਜੁਗ ਪਾਏ ਗਲ ਵਿਚ ਹਾਰ, ਆਪ ਆਪਣੇ ਅੰਗ ਲਗਾਇਆ। ਚਾਰੋਂ ਕੁੰਟ ਝੂਠ ਸ਼ਿੰਗਾਰ, ਤਨ ਵੇਸਵਾ ਰੂਪ ਵਟਾਇਆ। ਮਿਲੇ ਮੇਲ ਨਾ ਹਰਿ ਨਿਰੰਕਾਰ, ਨੇਤਰ ਨੈਣ ਦਰਸ ਕਿਸੇ ਨਾ ਪਾਇਆ। ਘਰ ਮੰਦਰ ਨਾ ਜੋਤ ਉਜਿਆਰ, ਹਵਨ ਧੂਪ ਦੀਪ ਨਾ ਕਿਸੇ ਵਖਾਇਆ। ਘਰ ਕੰਤ ਨਾ ਕੋਇ ਪਿਆਰ, ਨਾਰ ਦੁਹਾਗਣ ਸਰਬ ਕੁਰਲਾਇਆ। ਰੁੱਤ ਬਸੰਤ ਨਾ ਖਿੜੀ ਗੁਲਜ਼ਾਰ, ਪਤ ਡਾਲ੍ਹੀ ਨਾ ਕੋਇ ਮਹਿਕਾਇਆ। ਭਵਰਾ ਗੂੰਜੇ ਨਾ ਸਿਰਜਣਹਾਰ, ਸਚ ਸੁਗੰਧੀ ਨਾ ਵੇਖ ਵਖਾਇਆ। ਮਨਮੁਖ ਜੀਵ ਆਪਣਾ ਜਨਮ ਗਏ ਹਾਰ, ਜਮ ਕਾ ਜੇੜਾ ਨਾ ਕਿਸੇ ਕਟਾਇਆ। ਕਲਜੁਗ ਆਈ ਅੰਤਮ ਵਾਰ, ਨਵ ਸਤ ਸਤ ਨਵ ਹਰਿ ਹਰਿ ਵੇਖ ਵਖਾਇਆ। ਬ੍ਰਹਮ ਮਤ ਪ੍ਰਭ ਪਾਵੇ ਸਾਰ, ਤਤਵ ਤਤ ਇਕ ਬੁਝਾਇਆ। ਗਤਮਿਤ ਜਾਣੇ ਨਰ ਨਾਰ, ਨਰ ਨਰਾਇਣ ਆਪਣਾ ਨਾਉਂ ਰਖਾਇਆ। ਰਥ ਚਲਾਏ ਸਰਬ ਸੰਸਾਰ, ਜੁਗ ਜੁਗ ਆਪਣਾ ਨਾਉਂ ਵਟਾਇਆ। ਮਹਿਮਾ ਅਕਥ ਬੋਲ ਜੈਕਾਰ, ਸਾਚਾ ਨਾਅਰਾ ਏਕਾ ਲਾਇਆ। ਸਾਢੇ ਤਿੰਨ ਤਿੰਨ ਹੱਥ ਰਿਹਾ ਵਿਚਾਰ, ਧਰਤ ਧਵਲ ਧਰਨੀ ਤੇਰੀ ਵੰਡ ਵੰਡਾਇਆ। ਜੋ ਦੀਸੇ ਸੋ ਜਾਏ ਢੱਠ ਅੰਤਮ ਵਾਰ, ਭੱਠ ਖੇੜਾ ਆਪ ਕਰਾਇਆ। ਉਲਟੀ ਗੇੜੇ ਲੱਠ ਆਪ ਨਿਰੰਕਾਰ, ਜੁਗ ਚੌਥਾ ਵੇਖ ਵਖਾਇਆ। ਅਥਰਬਣ ਆਏ ਹਰਿ ਦਵਾਰ, ਗਲ ਪੱਲੂ ਏਕਾ ਪਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਨਾਤਾ ਦੇ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਚਾ ਵਰ, ਸਾਚਾ ਸ਼ਬਦ ਆਪ ਜਣਾਇਆ। ਅਥਰਬਣ ਸੁਣੀ ਹਰਿ ਪੁਕਾਰ, ਏਕਾ ਹੁਕਮ ਜਣਾਇਆ। ਬ੍ਰਹਮੇ ਸੱਦੇ ਵਿਚ ਦਰਬਾਰ, ਸਚ ਦਰਬਾਰਾ ਆਪ ਲਗਾਇਆ। ਤੇਰੀ ਚੌਕੜੀ ਹੋਇਆ ਪਾਰ ਕਿਨਾਰ, ਤੇਰਾ ਜੁਗ ਸਰਨਾਈ ਆਇਆ। ਔਧ ਗਈ ਪੁਗ ਵਿਚ ਸੰਸਾਰ, ਜਗਤ ਚੋਗ ਨਾ ਕੋਇ ਵਖਾਇਆ। ਖ਼ਾਲਕ ਖ਼ਲਕ ਸੁਣੇ ਪੁਕਾਰ, ਮਖ਼ਲੂਕ ਵੇਖੇ ਸਹਿਜ ਸੁਭਾਇਆ। ਆਫ਼ਤਾਬ ਤਲੂਹ ਨਾ ਹੋਏ ਆਪਣੀ ਧਾਰ, ਨਬੀ  ਨੂਹ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਮੁਕਾਇਆ। ਕਲਜੁਗ ਸੂਰਾ ਸੂਰਬੀਰ ਸਰਬੰਗ, ਬਲ ਆਪਣਾ ਆਪ ਵਖਾਈਆ। ਸ੍ਰਿਸ਼ਟ ਸਬਾਈ ਵਜਾਏ ਮਰਦੰਗ, ਸਾਚਾ ਡੌਰੂ ਹੱਥ ਉਠਾਈਆ। ਰਾਜ ਰਾਜਾਨਾਂ ਕਰੇ ਨੰਗ, ਸੀਸ ਤਾਜ ਨਾ ਕੋਇ ਟਿਕਾਈਆ। ਲੇਖਾ ਜਾਣੇ ਗੋਦਾਵਰੀ ਗੰਗ, ਜਮਨਾ ਸੁਰਸਤੀ ਅਠਸਠ ਤੀਰਥ ਫੇਰਾ ਪਾਈਆ। ਗੁਰਦਰ ਮੰਦਰ ਮਸਜਿਦ ਆਪਣੀ ਭਿਖਿਆ ਰਿਹਾ ਮੰਗ, ਦਰ ਦਰਵੇਸ਼ਾ ਆਪ ਅਖਵਾਈਆ। ਨੌ ਦਵਾਰੇ ਆਪੇ ਲੰਘ, ਨਵ ਨਵ ਖੋਜ ਖੁਜਾਈਆ। ਰਸਨ ਆਹਾਰ ਕਰਾਇਆ ਮਦਿਰਾ ਮਾਸ ਗੰਦ, ਬੱਤੀ ਦੰਦ ਹਰਿ ਕਾ ਨਾਮ ਨਾ ਕੋਇ ਸਾਲਾਹੀਆ। ਜੋਤ ਨਿਰੰਜਣ ਚੜ੍ਹੇ ਨਾ ਚੰਦ, ਅੰਧ ਅੰਧੇਰੇ ਸੁੱਤੀ ਸਰਬ ਲੋਕਾਈਆ। ਭਰਮਾਂ ਢਾਏ ਨਾ ਕੋਇ ਕੰਧ, ਦੂਜਾ ਪਰਦਾ ਨਾ ਕੋਇ ਉਠਾਈਆ। ਕਿਸੇ ਹੱਥ ਨਾ ਆਏ ਪਰਮਾਨੰਦ, ਨਿਜ ਆਤਮ ਗਏ ਗਵਾਈਆ। ਘਰ ਸੁਣੇ ਨਾ ਸਾਚਾ ਛੰਦ, ਅਨਹਦ ਸ਼ਬਦ ਨਾ ਕੋਇ ਸੁਣਾਈਆ। ਖੁਸ਼ੀ ਹੋਏ ਨਾ ਬੰਦ ਬੰਦ, ਤ੍ਰੈਗੁਣ ਮਾਇਆ ਬੰਧਨ ਪਾਈਆ। ਮਨ ਇਛਿਆ ਨਾ ਕਰੇ ਕੋਇ ਖੰਡ ਖੰਡ, ਮਨਮਤ ਨਾ ਕੋਇ ਸਮਝਾਈਆ। ਬ੍ਰਹਮ ਮਤ ਨਾ ਵੰਡੇ ਵੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਆਪ ਕਰਾਈਆ। ਕਲਜੁਗ ਕੂੜਾ ਰਾਜਾ, ਚਾਰ ਕੁੰਟ ਅਖਵਾਇੰਦਾ। ਦਹਿ ਦਿਸ਼ਾ ਫਿਰੇ ਭਾਜਾ, ਆਪ ਆਪਣਾ ਵੇਖ ਵਖਾਇੰਦਾ। ਲੱਖ ਚੁਰਾਸੀ ਰਚਿਆ ਕਾਜਾ, ਸਾਚਾ ਸਗਨ ਮਨਾਇੰਦਾ। ਰਾਏ ਧਰਮ ਮਾਰੇ ਵਾਜਾਂ, ਸੁਤਿਆਂ ਆਪ ਉਠਾਇੰਦਾ। ਲਾੜੀ ਮੌਤ ਦੇਵੇ ਦਾਜਾ, ਸਾਚੀ ਵਸਤ ਹੱਥ ਉਠਾਇੰਦਾ। ਨਾਤਾ ਤੋੜੇ ਸੰਤਾਂ ਸਾਧਾਂ, ਸਾਚਾ ਸੰਤ ਨਾ ਕੋਇ ਵਖਾਇੰਦਾ। ਮਿਲੇ ਮੇਲ ਨਾ ਕ੍ਰਿਸ਼ਨ ਰਾਧਾ, ਸਚ ਸਵਾਮੀ ਨਾ ਕੋਇ ਮਨਾਇੰਦਾ। ਸੀਤਾ ਰਾਮ ਨਾ ਮਾਧਵ ਮਾਧਾ, ਸੁਰਤੀ ਸੀਤਾ ਸ਼ਬਦ ਨਾ ਕੋਇ ਪਰਨਾਇੰਦਾ। ਖਾਣੀ ਬਾਣੀ ਸ਼ਬਦ ਨਾ ਜਾਣੇ ਬੋਧ ਅਗਾਧਾ, ਪੜ੍ਹ ਪੜ੍ਹ ਰਸਨ ਵਿਵਾਦ ਵਧਾਇੰਦਾ। ਘਰ ਘਰ ਵਜਾਏ ਨਾ ਕੋਇ ਨਾਦਾ, ਧੁਨ ਆਤਮਕ ਨਾ ਕੋਇ ਸੁਣਾਇੰਦਾ। ਅੰਮ੍ਰਿਤ ਭੋਜਣ ਕਿਸੇ ਨਾ ਖ਼ਾਧਾ, ਜੂਠ ਝੂਠ ਮੁਖ ਵਖਾਇੰਦਾ। ਨਜ਼ਰ ਨਾ ਆਇਆ ਮੱਕਾ ਕਾਅਬਾ, ਸਾਚਾ ਹਾਜੀ ਹੱਜ ਨਾ ਕੋਇ ਕਰਾਇੰਦਾ। ਕਲਜੁਗ ਉਠ ਉਠ ਵੇਖੇ ਸ਼ਾਹ ਨਵਾਬਾ, ਚਰਨ ਰਕਾਬਾ ਆਪ ਟਿਕਾਇੰਦਾ। ਸੱਤਾਂ ਦੀਪਾਂ ਫਿਰੇ ਭਾਜਾ, ਦਿਵਸ ਰੈਣ ਰੈਣ ਦਿਵਸ ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਆਪ ਮੁਕਾਇੰਦਾ। ਕਲਜੁਗ ਤੇਰਾ ਸਾਜਨ ਸਾਜ਼, ਚੌਥੇ ਜੁਗ ਕਰੀ ਕੁੜਮਾਈਆ। ਤੇਰੀ ਸੁਰਤੀ ਰਹੀ ਬਾਂਝ, ਸਾਚਾ ਸੁੱਤ ਨਾ ਕੋਇ ਵਖਾਈਆ। ਤੇਰੇ ਨੇਤਰ ਨੀਰ ਅੰਝੂ ਆਂਝ, ਅੱਖ ਪਰਤੱਖ ਵੇਖ ਵਖਾਈਆ। ਤੇਰਾ ਨਾਤਾ ਤੁੱਟੇ ਜਗਤ ਸਾਂਝ, ਸਤਿਗੁਰ ਪੂਰਾ ਦਏ ਤੁੜਾਈਆ। ਅੰਤਮ ਕਲ ਪਰਗਟ ਹੋਏ ਦੇਸ ਮਾਝ, ਨਿਹਕਲੰਕ ਨਾਉਂ ਰਖਾਈਆ। ਸਤਿਜੁਗ ਸਾਚੇ ਸਾਚਾ ਬਖ਼ਸ਼ੇ ਰਾਜ, ਸਚ ਸੁੱਚ ਦਏ ਵਡਿਆਈਆ। ਸਤਿ ਧਰਮ ਦਾ ਸੀਸ ਰਖਾਏ ਤਾਜ, ਧੀਰਜ ਜਤ ਇਕ ਵਖਾਈਆ। ਜਨ ਭਗਤਾਂ ਸੰਤਾਂ ਰੱਖੇ ਲਾਜ, ਜੋ ਹਰਿ ਹਰਿ ਰਸਨਾ ਗਾਈਆ। ਪਿਛਲਾ ਲੱਗਾ ਧੋਵੇ ਦਾਗ਼, ਅੱਗੇ ਨਿਰਮਲ ਆਪ ਕਰਾਈਆ। ਚਰਨ ਧੂੜ ਕਰਾਏ ਮਜਨ ਮਾਘ, ਦੁਰਮਤ ਮੈਲ ਰਹਿਣ ਨਾ ਪਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਸਾਚੀ ਮਾਣਕ ਮੋਤੀ ਚੋਗ ਚੁਗਾਈਆ। ਘਰ ਘਰ ਦੀਪਕ ਜੋਤ ਜਗੇ ਚਿਰਾਗ, ਅਨਹਦ ਸ਼ਬਦ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਆਪਣੇ ਹੱਥ ਪਕੜੇ ਵਾਗ, ਚਾਰੋਂ ਕੁੰਟ ਆਪ ਫਿਰਾਈਆ। ਸਤਿ ਸਤਿਵਾਦੀ ਚਲਾਏ ਇਕ ਜਹਾਜ਼, ਚਾਰੇ ਵਰਨਾਂ ਲਏ ਚੜ੍ਹਾਈਆ। ਅਠਾਰਾਂ ਬਰਨ ਨਾ ਕਰਨ ਨਾਚ, ਸਵਾਂਗੀ ਸਾਂਗ ਨਾ ਕੋਇ ਵਖਾਈਆ। ਲੇਖਾ ਜਾਣੇ ਕਾਇਆ ਮਾਟੀ ਕਾਚ, ਘਰ ਸਚ ਸੁੱਚ ਦਏ ਵਖਾਈਆ। ਤ੍ਰੈਗੁਣ ਲੱਗੀ ਬੁਝਾਏ ਆਂਚ, ਸੀਤਲ ਧਾਰ ਆਪਣੀ ਆਪ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦਏ ਵਡਿਆਈਆ। ਸਤਿਜੁਗ ਸਾਚਾ ਲਾਵਣਾ, ਕਲਜੁਗ ਤੇਰੀ ਅੰਤਮ ਵਾਰ। ਬਲ ਬਾਵਨ ਭੇਖ ਵਟਾਵਣਾ, ਨਿਰਗੁਣ ਰੂਪ ਅਗੰਮ ਅਪਾਰ। ਕਲਜੁਗ ਹੰਕਾਰੀ ਮਾਰੇ ਰਾਵਣਾ, ਸ਼ਬਦ ਖੰਡਾ ਤੇਜ਼ ਕਟਾਰ। ਜੂਠ ਝੂਠ ਕੰਸਾ ਪਕੜ ਗਿਰਾਵਣਾ, ਕ੍ਰਿਸ਼ਨਾ ਕਾਹਨਾ ਹੋ Tਜਿਆਰ। ਤੇਰਾ ਕੂੜਾ ਪੰਧ ਮੁਕਾਵਣਾ, ਮਿਟੇ ਰੈਣ ਅੰਧੇਰੀ ਧੂਆਂਧਾਰ। ਸਤਿਜੁਗ ਸਾਚਾ ਚੰਨ ਚੜ੍ਹਾਵਣਾ, ਜਗੇ ਜੋਤ ਇਕ ਨਿਰੰਕਾਰ। ਚਾਰ ਵਰਨਾਂ ਏਕਾ ਰੰਗ ਰੰਗਾਵਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰਨ ਪਿਆਰ। ਸਿਖ ਈਸਾਈ ਹਿੰਦੂ ਮੁਸਲਮ ਏਕਾ ਧਾਮ ਬਹਾਵਣਾ, ਇਕ ਵਖਾਏ ਮੰਦਰ ਮਸਜਿਦ ਗੁਰੂਦਵਾਰ। ਏਕਾ ਰਾਮ ਨਾਮ ਦਰਸ ਕਰਾਵਣਾ, ਮਿਟੇ ਹਰਸ ਸਰਬ ਸੰਸਾਰ। ਪਾਰਬ੍ਰਹਮ ਪ੍ਰਭ ਤਰਸ ਕਮਾਵਣਾ, ਬ੍ਰਹਮ ਮੇਲੇ ਕਿਰਪਾ ਧਾਰ। ਏਕ ਅੱਖਰ ਜਾਪ ਜਪਾਵਣਾ, ਸੋ ਪੁਰਖ ਨਿਰੰਜਣ ਨਿਰਾਕਾਰ। ਹੰ ਹੰਗਤਾ ਮੇਟ ਮਿਟਾਵਣਾ, ਸਾਚੀ ਸੰਗਤਾਂ ਬਖ਼ਸ਼ੇ ਇਕ ਆਧਾਰ। ਕਾਇਆ ਚੋਲਾ ਰੰਗ ਰੰਗਾਵਣਾ, ਉਤਰ ਨਾ ਜਾਏ ਦੂਜੀ ਵਾਰ। ਭਾਂਡਾ ਭਰਮ ਭੌ ਭੰਨਾਵਣਾ, ਸ਼ਬਦ ਹਥੌੜਾ ਏਕਾ ਮਾਰ। ਸੋਹੰ ਸੋ ਸਾਚਾ ਜਾਪ ਜਪਾਵਣਾ, ਜਾਗਰਤ ਜੋਤ ਹੋਏ ਉਜਿਆਰ। ਘਰ ਘਰ ਮੰਗਲ ਏਕਾ ਗਾਵਣਾ, ਏਕਾ ਰੰਗ ਰੰਗਾਏ ਨਰ ਨਾਰ। ਸਤਿ ਸਤਿਵਾਦੀ ਖੇਲ ਖਿਲਾਵਣਾ, ਬ੍ਰਹਮ ਬ੍ਰਹਿਮਾਦੀ ਕਰੇ ਵਿਚਾਰ। ਆਦਿ ਜੁਗਾਦੀ ਰੂਪ ਵਟਾਵਣਾ, ਜੁਗਾ ਜੁਗੰਤਰ ਸਾਚੀ ਕਾਰ। ਜਨ ਭਗਤਾਂ ਮੇਲ ਮਿਲਾਵਣਾ, ਸੰਤਨ ਖੋਲ੍ਹੇ ਬੰਦ ਕਿਵਾੜ। ਗੁਰਮੁਖਾਂ ਅੰਮ੍ਰਿਤ ਜਾਮ ਪਿਆਵਣਾ, ਗੁਰਸਿਖਾਂ ਤ੍ਰਿਸ਼ਨਾ ਦਏ ਨਿਵਾਰ। ਧੁਰ ਦਾ ਲੇਖਾ ਆਪ ਸਮਝਾਵਣਾ, ਥਿਰ ਰਹੇ ਨਾ ਕੋਈ ਵਿਚ ਸੰਸਾਰ। ਗ਼ਰੀਬ ਨਿਮਾਣੇ ਗਲੇ ਲਗਾਵਣਾ, ਸ਼ਾਹ ਸੁਲਤਾਨਾ ਕਰ ਖਵਾਰ। ਸ੍ਰਿਸ਼ਟ ਸਬਾਈ ਤੇਰਾ ਮਾਰਗ ਇਕ ਵਿਖਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਭਗਵਨ ਆਦਿ ਜੁਗਾਦੀ ਜਾਏ ਤਾਰ।