੩ ਮਾਘ ੨੦੧੭ ਬਿਕਰਮੀ ਨਸੀਬ ਸਿੰਘ ਦੇ ਗ੍ਰਹਿ ਪਿੰਡ ਬੋਪਾ ਰਾਏ
ਹਰਿ ਜੁਗ ਜੁਗ ਵੇਸ ਵਟਾਇਆ, ਆਦਿ ਜੁਗਾਦੀ ਏਕੰਕਾਰ। ਹਰਿ ਜੁਗ ਜੁਗ ਵੇਸ ਵਟਾਇਆ, ਜੁਗਾ ਜੁਗੰਤਰ ਖੇਲ ਅਪਾਰ। ਹਰਿ ਜੁਗ ਜੁਗ ਵੇਸ ਵਟਾਇਆ, ਨਿਰਗੁਣ ਸਰਗੁਣ ਲੈ ਅਵਤਾਰ। ਹਰਿ ਜੁਗ ਜੁਗ ਵੇਸ ਵਟਾਇਆ, ਪੰਚ ਤੱਤ ਕਰੇ ਪਿਆਰ। ਹਰਿ ਜੁਗ ਜੁਗ ਵੇਸ ਵਟਾਇਆ, ਕਰੇ ਖੇਲ ਅਗੰਮ ਅਪਾਰ। ਹਰਿ ਜੁਗ ਜੁਗ ਵੇਸ ਵਟਾਇਆ, ਨਾਉਂ ਧਰਾਏ ਵਿਚ ਸੰਸਾਰ। ਹਰਿ ਜੁਗ ਜੁਗ ਵੇਸ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਵਿਹਾਰ। ਹਰਿ ਜੁਗ ਜੁਗ ਵੇਸ ਵਟਾਇੰਦਾ, ਅਲਖ ਅਗੋਚਰ ਅਗੰਮ ਅਥਾਹ। ਹਰਿ ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਦਾਤਾ ਬੇਪਰਵਾਹ। ਹਰਿ ਜੁਗ ਵੇਸ ਵਟਾਇੰਦਾ, ਅਲਖ ਅਲਖਣਾ ਸੱਚਾ ਸ਼ਹਿਨਸ਼ਾਹ। ਹਰਿ ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ ਨਾਉਂ ਨਿਰੰਕਾਰ ਆਪ ਪਰਗਟਾ। ਹਰਿ ਜੁਗ ਜੁਗ ਵੇਸ ਵਟਾਇੰਦਾ, ਸ਼ਬਦ ਅਨਾਦੀ ਨਾਦ ਦੋ ਜਹਾਨਾਂ ਦਏ ਵਜਾ। ਹਰਿ ਜੁਗ ਜੁਗ ਵੇਸ ਵਟਾਇੰਦਾ, ਜੋਤੀ ਨੂਰ ਕਰ ਰੁਸ਼ਨਾ। ਹਰਿ ਜੁਗ ਜੁਗ ਵੇਸ ਵਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣੇ ਸਚ ਮਲਾਹ। ਹਰਿ ਜੁਗ ਜੁਗ ਵੇਸ ਅਵੱਲੜਾ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਸੋ ਪੁਰਖ ਨਿਰੰਜਣ ਭੇਵ ਨਾ ਰਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਹਰਿ ਪੁਰਖ ਨਿਰੰਜਣ ਰੂਪ ਅਨੂਪ ਆਪ ਧਰਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਏਕੰਕਾਰਾ ਅਨਭਵ ਪਰਕਾਸ਼ ਆਪਣਾ ਆਪ ਧਰਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਆਦਿ ਨਿਰੰਜਣ ਨੂਰੋ ਨੂਰ ਨੂਰ ਨੁਰਾਨਾ ਡਗਮਗਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਸ੍ਰੀ ਭਗਵਾਨ ਸਚਖੰਡ ਦੁਆਰਾ ਆਪਣਾ ਆਪ ਸੁਹਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਥਿਰ ਘਰ ਸਚ ਸਿੰਘਾਸਣ ਏਕਾ ਆਸਣ ਲਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਪਾਰਬ੍ਰਹਮ ਪ੍ਰਭ ਆਪਣਾ ਵੇਖੇ ਖੇਲ ਤਮਾਸਨ, ਹੁਕਮੀ ਹੁਕਮ ਆਪ ਵਰਤਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਸਾਚੇ ਤਖ਼ਤ ਬੈਠ ਸ਼ਾਹੋ ਸ਼ਾਬਾਸ਼ਣ, ਰਾਜ ਰਾਜਾਨ ਭੂਪਣ ਭੂਪ ਆਪਣੀ ਦਇਆ ਆਪ ਕਮਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਖੇਲ ਆਪ ਖਿਲਾਈਆ। ਹਰਿ ਜੁਗ ਜੁਗ ਵੇਸ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਹਰਿ ਜੁਗ ਜੁਗ ਹੋ ਉਜਿਆਰਾ, ਸ਼ਬਦ ਧਾਰ ਆਪ ਚਲਾਇੰਦਾ। ਹਰਿ ਜੁਗ ਜੁਗ ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਹਰਿ ਜੁਗ ਜੁਗ ਤ੍ਰੈਗੁਣ ਮਾਇਆ ਭਰੇ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਹਰਿ ਜੁਗ ਜੁਗ ਪੰਜ ਤੱਤ ਕਰੇ ਪਸਾਰਾ, ਲੱਖ ਚੁਰਾਸੀ ਕੰਚਨ ਗੜ੍ਹ ਵਸਾਇੰਦਾ। ਹਰਿ ਜੁਗ ਜੁਗ ਖੇਲ ਅਪਾਰਾ, ਨਿਰਗੁਣ ਸਰਗੁਣ ਮੇਲਾ ਕੰਤ ਭਤਾਰਾ, ਸਾਚੀ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਨਰ, ਨਰ ਨਰਾਇਣ ਆਪਣਾ ਨਾਉਂ ਉਪਜਾਇੰਦਾ। ਹਰਿ ਜੁਗ ਜੁਗ ਜੋਤ ਜਗਾਇੰਦਾ, ਜੋਤੀ ਜਾਤਾ ਹਰਿ ਨਿਰੰਕਾਰ। ਹਰਿ ਜੁਗ ਜੁਗ ਘਾੜਨ ਘੜਤ ਆਪ ਘੜਾਇੰਦਾ, ਘੜਣ ਭੰਨਣਹਾਰ ਸਮਰਥ ਪੁਰਖ ਕਰਤਾਰ। ਹਰਿ ਜੁਗ ਜੁਗ ਰਥ ਚਲਾਇੰਦਾ, ਰਥ ਰਥਵਾਹੀ ਬਣੇ ਸੱਚੀ ਸਰਕਾਰ। ਹਰਿ ਜੁਗ ਜੁਗ ਮਹਿਮਾ ਕਥ ਆਪ ਸੁਣਾਇੰਦਾ, ਆਪੇ ਗਾਏ ਆਪਣੀ ਵਾਰ। ਹਰਿ ਜੁਗ ਜੁਗ ਸਾਚੀ ਵਥ ਲੋਕਮਾਤ ਵਰਤਾਇੰਦਾ, ਨਾਮ ਅਨਮੁਲਾ ਇਕ ਭੰਡਾਰ। ਹਰਿ ਜੁਗ ਜੁਗ ਆਪਣਾ ਹੱਟ ਆਪ ਖੁਲ੍ਹਾਇੰਦਾ, ਗੁਰ ਪੀਰ ਬਣ ਅਵਤਾਰ। ਹਰਿ ਜੁਗ ਜੁਗ ਧੀਰਜ ਸਤਿ ਆਪ ਧਰਾਇੰਦਾ, ਸਤਿ ਸੰਤੋਖ ਦਏ ਆਧਾਰ। ਹਰਿ ਜੁਗ ਜੁਗ ਬ੍ਰਹਮ ਮਤ ਇਕ ਸਮਝਾਇੰਦਾ, ਆਤਮ ਅੰਤਰ ਕਰ ਵਿਚਾਰ। ਹਰਿ ਜੁਗ ਜੁਗ ਰਤੀ ਰਤ ਨਾਮ ਰੰਗਾਇੰਦਾ, ਰੰਗ ਰੰਗੀਲਾ ਮੀਤ ਮੁਰਾਰ। ਹਰਿ ਜੁਗ ਜੁਗ ਸਾਚਾ ਬੀਜ ਏਕਾ ਘੱਤ ਅੰਮ੍ਰਿਤ ਫਲ ਇਕ ਉਪਜਾਇੰਦਾ, ਫੁੱਲ ਫੁਲਵਾੜੀ ਵੇਖੇ ਸਰਬ ਸੰਸਾਰ। ਹਰਿ ਜੁਗ ਜੁਗ ਚਰਨ ਕਵਲ ਨਾਤਾ ਆਪ ਬੰਧਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਹਰਿ ਜੁਗ ਜੁਗ ਕਾਰ ਕਮਾਈਆ, ਕਮਾਵਣਹਾਰਾ ਏਕੰਕਾਰ। ਲੱਖ ਚੁਰਾਸੀ ਖੇਲ ਰਚਾਈਆ, ਲੇਖਾ ਜਾਣੇ ਅਗੰਮ ਅਪਾਰ। ਘਰ ਘਰ ਬੈਠਾ ਸੇਜ ਹੰਢਾਈਆ, ਲੱਖ ਚੁਰਾਸੀ ਕੰਤ ਭਤਾਰ। ਸਾਚਾ ਮੰਗਲ ਏਕਾ ਗਾਈਆ, ਜੁਗਾ ਜੁਗੰਤਰ ਸ਼ਬਦ ਅਨਾਦ ਸੱਚੀ ਧੁੰਨਕਾਰ। ਸਾਚੀ ਸਖ਼ੀਆਂ ਆਪ ਸੁਣਾਈਆ, ਸਖ਼ਾ ਸੁਹੇਲਾ ਬਣ ਮੀਤ ਮੁਰਾਰ। ਇਕ ਇਕੇਲਾ ਵੇਖੇ ਚਾਈਂ ਚਾਈਂਆ, ਜੁਗਾ ਜੁਗੰਤਰ ਹੋ ਤਿਆਰ। ਭਗਤ ਭਗਵੰਤ ਵੇਖੇ ਥਾਉਂ ਥਾਈਂਆ, ਨੌਂ ਖੰਡ ਪ੍ਰਿਥਮੀ ਏਕਾ ਨੈਣ ਉਘਾੜ। ਸੰਤ ਸੁਹੇਲੇ ਪਕੜੇ ਬਾਹੀਂਆ, ਮੇਟ ਮਿਟਾਏ ਪੰਚਮ ਧਾੜ। ਗੁਰਮੁਖਾਂ ਦੇਵੇ ਠੰਡੀ ਛਾਈਂਆ, ਸਿਰ ਹੱਥ ਰੱਖ ਕਰਤਾਰ। ਗੁਰਸਿਖ ਸਾਚੇ ਲਏ ਸਮਝਾਈਆ, ਜਗਤ ਵਿਦਿਆ ਕਰੇ ਪਾਰ ਕਿਨਾਰ। ਏਕਾ ਅੱਖਰ ਦਏ ਪੜ੍ਹਾਈਆ, ਆਪ ਆਪਣੀ ਕਿਰਪਾ ਧਾਰ। ਜੁਗ ਜੁਗ ਆਪਣਾ ਰੂਪ ਧਰਾਈਆ, ਸਤਿਜੁਗ ਸਾਚਾ ਕਰ ਵਰਤਾਰ। ਤ੍ਰੇਤਾ ਲੇਖਾ ਆਪ ਮੁਕਾਈਆ, ਤ੍ਰੈਗੁਣ ਭਾਂਡਾ ਭੰਨ ਭੰਡਾਰ। ਦੁਆਪਰ ਆਪਣਾ ਖੇਲ ਖਿਲਾਈਆ, ਖੇਲਣਹਾਰਾ ਸੱਚਾ ਸ਼ਾਹਕਾਰ। ਕਲਜੁਗ ਕੂੜ ਕੁੜਿਆਰਾ ਡੰਕ ਵਜਾਈਆ, ਚਾਰੋਂ ਕੁੰਟ ਹਾਹਾਕਾਰ। ਵੇਲਾ ਅੰਤਮ ਦਏ ਦੁਹਾਈਆ, ਨਾ ਕੋਈ ਪਾਵੇ ਸਾਰ। ਹਰਿ ਕਰਤੇ ਖੇਲ ਰਚਾਈਆ, ਖੇਲੇ ਖੇਲ ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਉਜਿਆਰ। ਹਰਿ ਜੁਗ ਜੁਗ ਖੇਲ ਖਿਲੰਦੜਾ, ਖੇਲਣਹਾਰ ਸਦਾ ਬੇਅੰਤ। ਨਿਰਗੁਣ ਆਪਣਾ ਵੇਸ ਵਟੰਦੜਾ, ਜੋਤੀ ਨੂਰ ਸ੍ਰੀ ਭਗਵੰਤ। ਸਾਚਾ ਮੰਦਰ ਆਪ ਸੁਹੰਦੜਾ, ਮਹਿਮਾ ਗਣਤ ਅਗਣਤ। ਨੇਤਰ ਲੋਚਣ ਨੈਣ ਨਾ ਕੋਇ ਵੇਖ ਵਖੰਦੜਾ, ਭਰਮੇ ਭੁੱਲੇ ਕਲਜੁਗ ਸੰਤ। ਗੁਰਮੁਖ ਸਾਚੇ ਆਪ ਉਠੰਦੜਾ, ਲੱਖ ਚੁਰਾਸੀ ਵਿਚੋਂ ਵੇਖੇ ਆਪਣਾ ਜੰਤ। ਏਕਾ ਦਰਸ ਦਰਸੀ ਸਚ ਵਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਗੜ੍ਹ ਤੋੜੇ ਹਉਮੇ ਹੰਗਤ। ਹਰਿ ਜੁਗ ਜੁਗ ਗੇੜ ਗੜਾਇਆ, ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ। ਕਲਜੁਗ ਅੰਤਮ ਵੇਖਣ ਆਇਆ, ਨਿਰਗੁਣ ਨੂਰ ਕਰ ਉਜਿਆਰ। ਜੋਤੀ ਜਾਮਾ ਵੇਸ ਵਟਾਇਆ, ਦਿਸ ਨਾ ਆਏ ਵਿਚ ਸੰਸਾਰ। ਸ਼ਬਦ ਖੰਡਾ ਹੱਥ ਚਮਕਾਇਆ, ਦੋ ਜਹਾਨਾਂ ਰਿਹਾ ਹੁਲਾਰ। ਲੋਆਂ ਪੁਰੀਆਂ ਦਏ ਉਠਾਇਆ, ਬ੍ਰਹਿਮੰਡ ਖੰਡ ਪਾਵੇ ਸਾਰ। ਲੱਖ ਚੁਰਾਸੀ ਫੋਲ ਫੋਲਾਇਆ, ਨਵ ਖੰਡ ਪ੍ਰਿਥਮੀ ਕਰੇ ਬੇਹਾਲ। ਗੁਰਮੁਖ ਸਾਚੇ ਸੰਗ ਰਲਾਇਆ, ਲੱਗੀ ਪ੍ਰੀਤੀ ਨਿਭੇ ਨਾਲ। ਗ੍ਰਹਿ ਮੰਦਰ ਨਾਮ ਮਰਦੰਗ ਇਕ ਵਜਾਇਆ, ਛੱਤੀ ਰਾਗ ਸੁਰਤ ਨਾ ਸਕਣ ਸੰਭਾਲ। ਰਾਗੀ ਨਾਦੀ ਬਾਹਰਾ ਏਕਾ ਰੂਪ ਧਰ ਕੇ ਆਇਆ, ਨਾ ਸ਼ਾਹ ਨਾ ਦਿਸੇ ਕੰਗਾਲ। ਸਾਚਾ ਸੰਗ ਆਪ ਰਖਾਇਆ, ਸੁਹਾਏ ਸਚਖੰਡ ਸੱਚੀ ਧਰਮਸਾਲ। ਗੁਰਸਿਖ ਗੁਰਮੁਖ ਅਨੰਦ ਮੰਗਲ ਏਕਾ ਗਾਇਆ, ਘਰ ਪਾਇਆ ਪੁਰਖ ਅਕਾਲ। ਆਵਣ ਜਾਵਣ ਲੱਖ ਚੁਰਾਸੀ ਬੰਧਨ ਇਕ ਤੁੜਾਇਆ, ਨਾਤਾ ਤੁਟਾ ਜਗਤ ਜੰਜਾਲ। ਪਰਮਾਨੰਦਨ ਵਿਚ ਸਮਾਇਆ, ਸਤਿਗੁਰ ਪੂਰਾ ਦੀਨ ਦਿਆਲ ਦਿਵਸ ਰੈਣ ਕਰੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਦੀਨ ਦਿਆਲ। ਹਰਿ ਜੁਗ ਜੁਗ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਭਗਵਾਨ। ਸਤਿ ਸਤਿਵਾਦੀ ਸਚ ਨਿਸ਼ਾਨ ਇਕ ਰਖਾਇੰਦਾ, ਆਪ ਝੁਲਾਏ ਦੋ ਜਹਾਨ। ਚੌਦਾਂ ਲੋਕ ਏਕਾ ਹੁਕਮ ਵਰਤਾਇੰਦਾ, ਚੌਦਾਂ ਤਬਕਾਂ ਪਾਏ ਆਣ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ, ਪੁਰਖ ਅਬਿਨਾਸ਼ੀ ਦੇਵੇ ਧੁਰ ਫ਼ਰਮਾਨ। ਸਚ ਸੰਦੇਸ਼ਾ ਇਕ ਸੁਣਾਇੰਦਾ, ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ। ਚੌਥੇ ਜੁਗ ਪੰਧ ਮੁਕਾਇੰਦਾ, ਕੂੜੀ ਕਿਰਿਆ ਮੇਟੇ ਜਗਤ ਨਿਸ਼ਾਨ। ਗੁਰਮੁਖ ਸਾਚੇ ਵੇਖ ਵਖਾਇੰਦਾ, ਆਦਿ ਜੁਗਾਦੀ ਨਿਗਹਬਾਨ। ਨਿਰਵੈਰ ਪੁਰਖ ਵੈਰ ਨਾ ਕੋਇ ਕਮਾਇੰਦਾ, ਕਰੇ ਖੇਲ ਵਡ ਮਿਹਰਵਾਨ। ਜੀਵ ਜੰਤ ਕਰਮ ਝੋਲੀ ਪਾਇੰਦਾ, ਆਪੇ ਬਣਿਆ ਰਹੇ ਬੇਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਇਕ ਇਕੱਲਾ ਨੌਜਵਾਨ। ਜੁਗ ਜੁਗ ਵੇਸ ਮਾਤ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਵੇਖ ਵਖਾਈਆ। ਨਿਰਭੌ ਚੁਕਾਏ ਭੈ ਜਗਤ ਡਰ, ਭਿਆਨਕ ਆਪਣਾ ਨਾਉਂ ਰਖਾਈਆ। ਸੰਤ ਸੁਹੇਲੇ ਸਾਚੇ ਫੜ, ਸੱਜਣ ਮੇਲੇ ਥਾਉਂ ਥਾਈਂਆ। ਕਿਲਾ ਕੋਟ ਤੋੜ ਹੰਕਾਰੀ ਗੜ੍ਹ, ਗ੍ਰਹਿ ਮੰਦਰ ਵੇਖ ਵਖਾਈਆ। ਸ਼ਬਦ ਫੜਾਏ ਸਾਚਾ ਲੜ, ਗੁਰ ਸ਼ਬਦੀ ਵਡ ਵਡਿਆਈਆ। ਆਦਿ ਅੰਤ ਨਾ ਜਾਏ ਮਰ, ਜੁਗ ਜੁਗ ਸਗਲਾ ਸੰਗ ਰਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਤਿਗੁਰ ਪੂਰਾ ਇਕ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪ੍ਰਗਟਾਈਆ। ਜੁਗ ਜੁਗ ਨਾਉਂ ਪ੍ਰਗਟਾਇੰਦਾ, ਪਾਰਬ੍ਰਹਮ ਹਰਿ ਕਰਤਾਰ । ਰਾਮਾ ਰੂਪ ਆਪ ਵਟਾਇੰਦਾ, ਆਪੇ ਲੇਖਾ ਜਾਣੇ ਕ੍ਰਿਸ਼ਨ ਮੁਰਾਰ। ਈਸਾ ਮੂਸਾ ਆਪਣੀ ਖੇਲ ਖਿਲਾਇੰਦਾ, ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰ। ਨਾਨਕ ਨਿਰਗੁਣ ਨਾਉਂ ਧਰਾਇੰਦਾ, ਗੋਬਿੰਦ ਜੋਤੀ ਏਕਾ ਧਾਰ। ਸੁਤ ਦੁਲਾਰਾ ਆਪ ਅਖਵਾਇੰਦਾ, ਪਿਤਾ ਪੂਤ ਕਰੇ ਪਿਆਰ। ਸਾਚਾ ਹੁਕਮ ਆਪ ਵਰਤਾਇੰਦਾ, ਹੁਕਮੀ ਹੁਕਮ ਸੱਚੀ ਸਰਕਾਰ। ਆਪਣਾ ਭਾਣਾ ਆਪਣੇ ਵਿਚ ਰਖਾਇੰਦਾ, ਆਪਣੇ ਭਾਣੇ ਕਰੇ ਸਦਾ ਨਿਮਸਕਾਰ। ਆਪਣਾ ਭਾਣਾ ਆਪਣਾ ਬੰਧਨ ਪਾਇੰਦਾ, ਜੁਗ ਜੁਗ ਲੋਕਮਾਤ ਲੈ ਅਵਤਾਰ। ਚੌਥੇ ਜੁਗ ਵੇਸ ਵਟਾਇੰਦਾ, ਚਾਰੇ ਖਾਣੀ ਚਾਰੇ ਬਾਣੀ ਵਸਿਆ ਬਾਹਰ। ਚਾਰੇ ਵੇਦ ਭੇਵ ਨਾ ਆਇੰਦਾ, ਚਾਰੇ ਮੁਖ ਬ੍ਰਹਮ ਨਾ ਕਰੇ ਵਿਚਾਰ। ਪੁਰਖ ਅਬਿਨਾਸ਼ੀ ਆਪਣਾ ਖੇਲ ਖਿਲਾਇੰਦਾ, ਕਲ ਕਲਕੀ ਲੈ ਅਵਤਾਰ। ਕਾਗਦ ਕ਼ਲਮ ਨਾ ਲੇਖ ਲਿਖਾਇੰਦਾ, ਸੱਤ ਸਮੁੰਦਰ ਮਸ ਰੋਵੇ ਜ਼ਾਰੋ ਜ਼ਾਰ। ਬਨਾਸਪਤ ਵੰਡ ਨਾ ਕੋਇ ਵੰਡਾਇੰਦਾ, ਤੋਲ ਤੁਲੇ ਨਾ ਅਠਾਰਾਂ ਭਾਰ। ਅਮੁਲ ਅਮੁਲ ਅਮੁਲ ਆਪ ਹੋ ਜਾਇੰਦਾ, ਨਿਰਗੁਣ ਦਾਤਾ ਹਰਿ ਨਿਰੰਕਾਰ। ਗੁਰਮੁਖ ਵਿਰਲੇ ਬੂਝ ਬੁਝਾਇੰਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਆਦਿ ਜੁਗਾਦੀ ਗੁਰ ਅਵਤਾਰ। ਹਰਿ ਜੁਗ ਜੁਗ ਗੁਰ ਅਵਤਾਰਿਆ, ਰੂਪ ਅਨੂਪ ਅਪਾਰ। ਕਰੇ ਖੇਲ ਵਿਚ ਸੰਸਾਰਿਆ, ਸਤਿ ਸਰੂਪ ਪਰਵਰਦਿਗਾਰ। ਆਪੇ ਰਾਮ ਨਾਮ ਆਧਾਰਿਆ, ਆਪੇ ਕ੍ਰਿਸ਼ਨਾ ਬੋਲ ਜੈਕਾਰ। ਆਪੇ ਹੂ ਹੂ ਨਾਅਰਾ ਲਾ ਲਿਆ, ਆਪੇ ਐਨਲਹੱਕ ਰਿਹਾ ਵਿਚਾਰ। ਆਪੇ ਨਿਉਂ ਨਿਉਂ ਸੀਸ ਝੁਕਾ ਲਿਆ, ਆਪੇ ਸੱਯਦਾ ਕਰੇ ਪਰਵਰਦਿਗਾਰ। ਆਪੇ ਮੰਤਰ ਨਾਮ ਸਤਿ ਦ੍ਰਿੜਾ ਲਿਆ, ਸਤਿ ਨਾਮ ਕਰੇ ਪਰਧਾਨ। ਆਪੇ ਵਾਹਿਗੁਰੂ ਫ਼ਤਿਹ ਗਜਾ ਲਿਆ, ਵਾਹ ਵਾ ਗੁਰੂ ਬਲੀ ਬਲਵਾਨ। ਆਪੇ ਆਪਣੀ ਓਟ ਤਕਾ ਲਿਆ, ਆਪੇ ਵੇਖੇ ਸਚ ਨਿਸ਼ਾਨ। ਆਪੇ ਆਪਣਾ ਰੂਪ ਧਰਾ ਲਿਆ, ਨਿਰਗੁਣ ਨਿਰਗੁਣ ਹੋ ਮਿਹਰਵਾਨ। ਆਪੇ ਸ਼ਬਦ ਡੰਕਾ ਇਕ ਵਜਾ ਲਿਆ, ਆਪੇ ਸੁਣੇ ਸੁਣਾਏ ਆਪਣੇ ਕਾਨ। ਆਪੇ ਜੁਗ ਜੁਗ ਵੇਸ ਵਟਾ ਲਿਆ, ਕਲਜੁਗ ਅੰਤਮ ਵੇਖੇ ਮਾਰ ਧਿਆਨ। ਆਪੇ ਨਿਹਕਲੰਕ ਨਰ ਨਰਾਇਣ ਨਾਉਂ ਧਰਾ ਲਿਆ, ਮਾਤ ਪਿਤ ਨਾ ਸਕੇ ਕੋਇ ਪਛਾਣ। ਆਪੇ ਗੁਰਮੁਖ ਅੰਗ ਲਗਾ ਲਿਆ, ਗੁਰਸਿਖ ਸਾਚਾ ਚਤੁਰ ਸੁਜਾਨ। ਆਪੇ ਬ੍ਰਹਿਮੰਡ ਖੋਜ ਖੁਜਾ ਲਿਆ, ਜੇਰਜ ਅੰਡ ਕਰੇ ਕਲਿਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸਾਚੇ ਦੇਵੇ ਮਾਣ। ਜੁਗ ਜੁਗ ਭਗਤ ਤਰਾਇਆ, ਭਗਤਨ ਮੀਤਾ ਆਪ ਭਗਵਾਨ। ਜੁਗ ਜੁਗ ਸੰਤ ਮਿਲਾਇਆ, ਸੰਤ ਸਤਿਗੁਰ ਸਤਿ ਪਛਾਣ। ਜੁਗ ਜੁਗ ਗੁਰਮੁਖ ਵੇਖ ਵਖਾਇਆ, ਆਤਮ ਅੰਤਰ ਦੇਵੇ ਬ੍ਰਹਮ ਗਿਆਨ। ਜੁਗ ਜੁਗ ਗੁਰਸਿਖ ਸੰਗ ਨਿਭਾਇਆ, ਸਵਛ ਸਰੂਪੀ ਦਰਸੀ ਦਰਸ ਦੇਵੇ ਦਰ ਘਰ ਆਣ। ਕਲਜੁਗ ਅੰਤਮ ਵੇਸ ਵਟਾਇਆ, ਵੇਸ ਅਵੱਲੜਾ ਜੀਵ ਜਹਾਨ। ਖ਼ਾਲਕ ਖ਼ਲਕ ਦਿਸ ਨਾ ਆਇਆ, ਆਪੇ ਹੋਇਆ ਬੇਪਹਿਚਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
