Granth 10 Likhat 146: 22 Jeth 2018 Bikarmi Daulat Ram de Greh Kotli Rayian Jammu

੨੨ ਜੇਠ ੨੦੧੮ ਬਿਕ੍ਰਮੀ ਦੌਲਤ ਰਾਮ ਦੇ ਗ੍ਰਹਿ ਕੋਟਲੀ ਰਾਈਆਂ ਜੰਮੂ

ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਨਿਰਵੈਰ ਆਪ ਕਰਾਇੰਦਾ। ਲੱਖ ਚੁਰਾਸੀ ਬ੍ਰਹਮ ਪਸਾਰਾ, ਈਸ਼ ਜੀਵ ਵੇਸ ਵਟਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਹਰਿ ਸੁਹਾਇੰਦਾ। ਏਕਾ ਨਾਦ ਸ਼ਬਦ ਜੈਕਾਰਾ, ਏਕਾ ਰਾਗੀ ਰਾਗ ਸੁਣਾਇੰਦਾ। ਏਕਾ ਅੰਮ੍ਰਿਤ ਰਸ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਏਕਾ ਸੁਤ ਇਕ ਅਖਾੜਾ, ਏਕਾ ਆਪਣਾ ਖੇਲ ਖਿਲਾਇੰਦਾ। ਏਕਾ ਨੂਰ ਇਕ ਉਜਿਆਰਾ, ਜੋਤੀ ਜਾਤਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਏਕਾ ਮੰਦਰ ਸ੍ਰੀ ਭਗਵਾਨ, ਲੱਖ ਚੁਰਾਸੀ ਅੰਦਰ ਆਪ ਬਣਾਈਆ। ਮਾਣਸ ਮਾਨੁਖ ਕਰ ਪਰਧਾਨ, ਆਤਮ ਰਾਮ ਦਏ ਜਣਾਈਆ। ਸਤਿ ਸਰੂਪੀ ਸਤਿ ਨਿਸ਼ਾਨ, ਘਟ ਅੰਦਰ ਦਏ ਵਖਾਈਆ। ਆਤਮ ਬ੍ਰਹਮ ਹੋ ਪਰਧਾਨ, ਸਾਚੀ ਸੇਜਾ ਸੋਭਾ ਪਾਈਆ। ਏਕਾ ਗਾਏ ਗੋਬਿੰਦ ਗਾਨ, ਏਕਾ ਰਾਮ ਨਾਮ ਪੜ੍ਹਾਈਆ। ਏਕਾ ਵੇਖੇ ਖੇਲ ਮਹਾਨ, ਵੇਖਣਹਾਰ ਆਪ ਹੋ ਜਾਈਆ। ਏਕਾ ਦੇਵੇ ਧੁਰ ਫ਼ਰਮਾਨ, ਸਚ ਸੰਦੇਸਾ ਆਪ ਸੁਣਾਈਆ। ਏਕਾ ਬਣੇ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਇਕ ਹੰਢਾਈਆ। ਏਕਾ ਮਾਰੇ ਸਾਚਾ ਬਾਣ, ਤੀਰ ਨਿਰਾਲਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰਾ ਅਚਰਜ ਖੇਲ ਆਪ ਖਿਲਾਈਆ। ਏਕਾ ਦਾਤਾ ਏਕਾ ਦਾਨ, ਆਦਿ ਜੁਗਾਦਿ ਹਰਿ ਵਰਤਾਇੰਦਾ। ਏਕਾ ਨੂਰ ਗੁਣ ਨਿਧਾਨ, ਰੂਪ ਅਨੂਪ ਇਕ ਦਰਸਾਇੰਦਾ । ਏਕਾ ਜੋਤ ਸ੍ਰੀ ਭਗਵਾਨ, ਘਟ ਘਟ ਅੰਦਰ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਏਕਾ ਵਰਨ ਏਕਾ ਗੋਤ, ਏਕਾ ਬ੍ਰਹਮ ਕਰੇ ਜਣਾਈਆ। ਏਕਾ ਨੂਰ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਏਕਾ ਕਿਲਾ ਏਕਾ ਕੋਟ, ਕਾਇਆ ਬੰਕ ਇਕ ਵਖਾਈਆ। ਇਕ ਨਗਾਰਾ ਏਕਾ ਚੋਟ, ਏਕਾ ਸ਼ਬਦ ਤਾਲ ਵਜਾਈਆ। ਏਕਾ ਕੱਢਣਹਾਰਾ ਖੋਟ, ਮਾਇਆ ਮਮਤਾ ਮੋਹ ਮਿਟਾਈਆ। ਏਕਾ ਦੇਵਣਹਾਰ ਭੰਡਾਰ ਅਤੋਟ, ਨਾਮ ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਇਕ ਇਕੱਲਾ ਸੱਚਾ ਸ਼ਹਿਨਸ਼ਾਹ, ਸਚਖੰਡ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਧੁਰ ਫ਼ਰਮਾਨਾ ਇਕ ਜਣਾ, ਲੋਕਮਾਤ ਮਾਰਗ ਲਾਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਬਜਰ ਕਪਾਟੀ ਦਏ ਤੁੜਾ, ਅਨਭਵ ਪਰਕਾਸ਼ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਇੰਦਾ। ਇਕ ਇਕੱਲਾ ਅਕਲ ਕਲਧਾਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਚਾਰ ਵਰਨਾਂ ਕਰ ਸਚ ਪਿਆਰ, ਊਚ ਨੀਚ ਨਾ ਕੋਇ ਰਖਾਇੰਦਾ। ਜ਼ਾਤ ਪਾਤ ਵਸਿਆ ਬਾਹਰ, ਸੋ ਪੁਰਖ ਨਿਰੰਜਣ ਆਪਣਾ ਨਾਉਂ ਧਰਾਇੰਦਾ। ਕਮਲਾਪਾਤ ਮੀਤ ਮੁਰਾਰ, ਹਰ ਘਟ ਆਪਣਾ ਰੰਗ ਰੰਗਾਇੰਦਾ। ਠਾਂਡਾ ਮੰਦਰ ਇਕ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗ਼ਰੀਬ ਨਿਵਾਜ਼ਾ ਗ਼ਰੀਬ ਨਿਮਾਣਿਆਂ ਪਾਏ ਸਾਰ, ਜੁਗਾ ਜੁਗੰਤਰ ਮੇਲ ਮਿਲਾਇੰਦਾ। ਚਰਨ ਕਵਲ ਦਏ ਆਧਾਰ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣੇ ਰੰਗ ਰੰਗਾਇੰਦਾ। ਇਕ ਇਕੱਲਾ ਸਾਚਾ ਰੰਗ, ਹਰਿਜਨ ਸਾਚੇ ਆਪ ਰੰਗਾਈਆ। ਆਤਮ ਸੇਜਾ ਵੇਖ ਪਲੰਘ, ਨਿਰਗੁਣ ਬੈਠਾ ਆਸਣ ਲਾਈਆ। ਸ਼ਬਦ ਨਾਦ ਧੁੰਨ ਮਰਦੰਗ, ਅਨਹਦ ਨਾਦੀ ਨਾਦ ਵਜਾਈਆ। ਪੰਜ ਵਿਕਾਰਾ ਕਰੇ ਭੰਗ, ਹਉਮੇ ਹੰਗਤਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਹਰਿਜਨ ਸਾਚੇ ਲਏ ਮਿਲਾਈਆ। ਇਕ ਇਕੱਲਾ ਸ੍ਰੀ ਭਗਵੰਤ, ਆਦਿ ਜੁਗਾਦਿ ਦਇਆ ਕਮਾਇੰਦਾ। ਹਰਿਜਨ ਮੇਲੇ ਨਾਰੀ ਕੰਤ, ਨਰ ਨਰਾਇਣ ਵੇਖ ਵਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਨਾਮ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹੰ ਬ੍ਰਹਮ ਹਰਿ ਪਸਾਰਾ, ਲੱਖ ਚੁਰਾਸੀ ਰੂਪ ਵਟਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਵੇਸ ਧਰਾਈਆ। ਭਗਤ ਭਗਵੰਤ ਦਏ ਸਹਾਰਾ, ਭਗਵਨ ਆਪਣੀ ਦਇਆ ਕਮਾਈਆ। ਸੰਤ ਬਣਾਏ ਸਚ ਦੁਲਾਰਾ, ਪੂਤ ਸਪੂਤਾ ਗਲੇ ਲਗਾਈਆ । ਗੁਰਮੁਖਾਂ ਦੇਵੇ ਨਾਮ ਭੰਡਾਰਾ, ਨਾਮ ਨਾਮਾ ਝੋਲੀ ਪਾਈਆ। ਗੁਰਸਿਖਾਂ ਬਖ਼ਸ਼ੇ ਚਰਨ ਕਵਲ ਦਵਾਰਾ, ਸਰਨ ਚਰਨ ਸੱਚੀ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਨੇਤਰ ਰੋਵਣ ਜ਼ਾਰੋ ਜ਼ਾਰਾ, ਲੱਖ ਚੁਰਾਸੀ ਧੀਰ ਨਾ ਕੋਇ ਧਰਾਈਆ। ਚਾਰ ਵਰਨ ਲੱਗਾ ਅਖਾੜਾ, ਬਰਨ ਅਠਾਰਾਂ ਕਰੇ ਲੜਾਈਆ। ਮਨ ਮਤ ਮਾਰੇ ਉਚਾ ਨਾਅਰਾ, ਕੂਕ ਕੂਕ ਰਹੀ ਸੁਣਾਈਆ। ਬੁਧ ਨਿਮਾਣੀ ਕੱਢੇ ਹਾੜਾ, ਨਿਉਂ ਨਿਉਂ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਕ਼ੁਦਰਤ ਕ਼ਾਦਰ ਹਰਿ ਮਹੱਲਾ, ਲੋਕਮਾਤ ਆਪ ਵਸਾਇੰਦਾ। ਮੁਕਾਮੇ ਹੱਕ ਬੈਠ ਇਕੱਲਾ, ਚੌਦਾਂ ਲੋਕ ਵੇਖ ਵਖਾਇੰਦਾ। ਸਚ ਸੰਦੇਸ ਕਲਮਾ ਅਮਾਮ ਆਪੇ ਘੱਲਾ, ਨਰ ਨਰੇਸ਼ ਸਰਬ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਅਕਲ ਕਲ ਆਪ ਅਖਵਾਇੰਦਾ। ਇਕ ਇਕੱਲਾ ਅਕਲ ਕਲ ਧਾਰੀ, ਨਿਰਗੁਣ ਨਿਰਵੈਰ ਅਖਵਾਈਆ। ਕਲਜੁਗ ਅੰਤਮ ਕਰੇ ਖੇਲ ਨਿਆਰੀ, ਰੂਪ ਅਨੂਪ ਵਟਾਈਆ। ਗੁਰਮੁਖਾਂ ਕਰੇ ਸਾਚੀ ਕਾਰੀ, ਦੁਬਧਾ ਮੈਲ ਧਵਾਈਆ। ਇਕ ਵਖਾਏ ਮਹੱਲ ਅਟਾਰੀ, ਸਾਚੇ ਮੰਦਰ ਕਰ ਰੁਸ਼ਨਾਈਆ। ਹਉਮੇ ਦੇਵੇ ਕੱਟ ਬੀਮਾਰੀ, ਚਿੰਤਾ ਦੁੱਖ ਨਾ ਲਾਗੇ ਰਾਈਆ। ਚਾਰ ਵਰਨਾਂ ਵਖਾਏ ਇਕ ਸਿਕਦਾਰੀ, ਸ਼ਾਹ ਪਾਤਸ਼ਾਹ ਇਕ ਬੈਠਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਏਕਾ ਬੰਧਨ ਹਰਿ ਕਰਤਾਰਾ, ਲੱਖ ਚੁਰਾਸੀ ਪਾਇੰਦਾ। ਲੱਖ ਲੱਖ ਗੇੜਾ ਵਿਚ ਸੰਸਾਰਾ, ਜੂਨ ਅਜੂਨੀ ਆਪ ਭਵਾਇੰਦਾ। ਗੁਰਮੁਖ ਮਨਮੁਖ ਆਪ ਚਲਾਏ ਦੋਵਾਂ ਧਾਰਾ, ਮਾਣਸ ਮਾਨੁਖ ਖੇਲ ਖਿਲਾਇੰਦਾ। ਆਪੇ ਡੋਬੇ ਆਪੇ ਹੋਏ ਤਾਰਨਹਾਰਾ, ਸਾਚਾ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚਾ ਉਠੇ ਮੀਤ, ਹਰਿ ਸੱਜਣ ਆਪ ਉਠਾਈਆ। ਏਕਾ ਗਾਏ ਸੁਹਾਗੀ ਗੀਤ, ਗੀਤ ਗੋਬਿੰਦ ਇਕ ਅਲਾਈਆ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਪੀ ਲਏ ਤਰਾਈਆ। ਹਰਿ ਦਰਸ ਦਿਖਾਏ ਬਿਨ ਮੰਦਰ ਗੁਰੂਦਵਾਰ ਮਸੀਤ, ਕਾਇਆ ਅੰਦਰ ਕਰ ਰੁਸ਼ਨਾਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਈਆ। ਸਦੀ ਚੌਧਵੀ ਰਹੀ ਬੀਤ, ਬੀਸ ਬੀਸਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਖ ਵਖਾਈਆ। ਇਕ ਇਕੱਲਾ ਵੇਖਣਹਾਰਾ, ਹਰਿਜਨ ਸਾਚੇ ਆਪ ਮਿਲਾਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਜੁਗ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਪੂਰਬ ਕਰਮਾਂ ਵੇਖ ਵਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰਾ, ਜਨਮ ਅਜਨਮ ਨਾ ਕੋਇ ਜਣਾਇੰਦਾ। ਆਪੇ ਮੇਲੇ ਆਪਣੇ ਸਚ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰਸ ਦਿਖਾਏ ਗੁਪਤ ਜ਼ਾਹਰਾ, ਅੰਦਰ ਬਾਹਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਵਖਾਇੰਦਾ। ਹਰਿ ਰੰਗ ਰਾਤਾ ਗੁਰਮੁਖ ਗੁਰ ਗੁਰ, ਲੋਕਮਾਤ ਮਿਲੇ ਵਡਿਆਈਆ। ਮਿਲੇ ਮੇਲ ਸੰਜੋਗੀ ਧੁਰ ਧੁਰ, ਧੁਰ ਮੇਲਾ ਆਪ ਮਿਲਾਈਆ। ਸੁਰਤੀ ਸ਼ਬਦੀ ਬਹੇ ਜੁੜ ਜੁੜ, ਸੁਰਤ ਸ਼ਬਦ ਹੋਏ ਕੁੜਮਾਈਆ। ਪੈਂਡਾ ਮੁਕਾਏ ਨਾ ਕੋਇ ਤੁਰ ਤੁਰ, ਗੁਰਮੁਖ ਪਾਂਧੀ ਬਣੇ ਨਾ ਕੋਇ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਕਰਾਈਆ। ਆਪਣਾ ਮੇਲਾ ਦੇਵੇ ਕਰ, ਮੇਲਣਹਾਰ ਸ੍ਰੀ ਭਗਵਾਨ। ਚੇਲਾ ਗੁਰ ਆਪੇ ਬਣ, ਵਖਾਏ ਧਰਮ ਨਿਸ਼ਾਨ। ਚਾਰ ਵਰਨ ਜਾਇਣ ਹਰ, ਹਰਿਜਨ ਵਿਰਲਾ ਹੋਏ ਪਰਵਾਨ। ਨਿਰਭੌ ਚੁਕਾਏ ਝੂਠਾ ਡਰ, ਇਕ ਫੜਾਏ ਨਾਮ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਇਕ ਇਕ ਗੁਰਮੁਖ ਕਰੇ ਪਰਵਾਨ। ਇਕ ਪਰਵਾਨਾ ਇਕ ਫ਼ਰਮਾਨਾ, ਏਕਾ ਹੁਕਮੀ ਹੁਕਮ ਫਿਰਾਇੰਦਾ। ਏਕਾ ਪੁਰਖ ਇਕ ਸੁਲਤਾਨਾ, ਏਕਾ ਸ਼ਾਹ ਵਡ ਮਿਹਰਵਾਨਾ, ਏਕਾ ਰਾਜ ਜੋਗ ਕਮਾਇੰਦਾ। ਏਕਾ ਬੰਨ੍ਹੇ ਸਾਚਾ ਗਾਨਾ, ਇਕ ਵਜਾਏ ਨਾਦ ਤਰਾਨਾ, ਏਕਾ ਸਾਂਤਕ ਸਤਿ ਕਰਾਇੰਦਾ। ਏਕਾ ਵੇਖੇ ਦੋ ਜਹਾਨਾਂ, ਜੁਗ ਜੁਗ ਲੋਕਮਾਤ ਹੋ ਪਰਧਾਨਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਲਜੁਗ ਅੰਤਮ ਜਨ ਭਗਤਾਂ ਦੇਵੇ ਇਕ ਪਰਵਾਨਾ, ਉਪਰ ਆਪਣਾ ਲੇਖ ਲਿਖਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣਾ ਰੂਪ ਧਰਾਇੰਦਾ। ਦਸ ਅੱਠ ਅਠਾਰਾਂ, ਪੁਰਾਨ ਅਠਾਰਾਂ ਦੇਣ ਗਵਾਹੀਆ। ਵੇਦ ਵਿਆਸਾ ਬਣ ਲਿਖਾਰਾ, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਲਿਖਿਆ ਲੇਖਾ ਚਾਰ ਲੱਖ ਹਜ਼ਾਰ ਸਤਾਰਾਂ, ਸਲੋਕ ਸਲੋਕ ਆਪ ਉਪਾਈਆ। ਕਲਜੁਗ ਆਯੂ ਲੱਖ ਚਾਰ ਬੱਤੀ ਹਜ਼ਾਰਾ, ਵੇਦ ਸ਼ਾਸਤਰ ਰਹੇ ਫ਼ਰਮਾਈਆ। ਕਰਮ ਕੁਕਰਮ ਨਾ ਕਿਸੇ ਵਿਚਾਰਾ, ਨਿਹਕਰਮੀ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਅੱਠ ਆਪਣਾ ਖੇਲ ਖਿਲਾਈਆ। ਦਸ ਅੱਠ ਅਠਾਰਾਂ ਸ਼ਬਦ ਗਿਆਨ, ਅਰਜਣ ਗੀਤਾ ਕਰੇ ਪੜ੍ਹਾਈਆ। ਕਾਹਨਾ ਕ੍ਰਿਸ਼ਨਾ ਹੋ ਮਿਹਰਵਾਨ, ਏਕਾ ਭਗਤ ਦਏ ਵਡਿਆਈਆ। ਆਤਮ ਅੰਤਰ ਬਖ਼ਸ਼ੇ ਬ੍ਰਹਮ ਗਿਆਨ, ਬ੍ਰਹਮ ਨੇਤਾ ਬ੍ਰਹਮ ਵੇਤਾ ਆਪਣਾ ਭੇਵ ਖੁਲ੍ਹਾਈਆ। ਚੌਦਾਂ ਲੋਕ ਵਖਾਏ ਕਾਇਆ ਹੱਟ ਮਕਾਨ, ਆਪਣਾ ਪਰਦਾ ਆਪ ਉਠਾਈਆ। ਕਰੇ ਕਰਾਏ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਇ ਚਤੁਰਾਈਆ। ਦਸ ਅੱਠ ਵੇਖੇ ਮੈਦਾਨ, ਅਠਾਰਾਂ ਦਿਵਸ ਕਰੇ ਲੜਾਈਆ। ਦੁਆਪਰ ਤੇਰਾ ਮੇਟੇ ਨਿਸ਼ਾਨ, ਨਿਸ਼ਾਨਾ ਆਪਣਾ ਇਕ ਵਖਾਈਆ। ਰਥ ਰਥਵਾਹੀ ਬਣੇ ਆਪ ਭਗਵਾਨ, ਭਗਤਨ ਸੇਵਾ ਸਚ ਕਮਾਈਆ। ਵੇਦ ਵਿਆਸਾ ਲੇਖਾ ਕਰੇ ਪਰਵਾਨ, ਧੁਰ ਪਰਵਾਨਾ ਲੋਕਮਾਤ ਸੁਣਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਬੀਸ ਬੀਸਾ ਗੁਣ ਨਿਧਾਨ, ਬੀਸ ਬੀਸ ਦਏ ਵਡਿਆਈਆ। ਅਠ ਦਸ ਹੋਏ ਨੌਜਵਾਨ, ਸਾਲ ਅਠਾਰਵਾਂ ਖ਼ੁਸ਼ੀ ਮਨਾਈਆ। ਸੰਮਤ ਬਿਕ੍ਰਮੀ ਕਰ ਪਰਧਾਨ, ਆਪਣੀ ਧਾਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਚੁਕਾਈਆ। ਬਿਕ੍ਰਮੀ ਵੀਹ ਸੌ ਅਠਾਰਾਂ, ਹਰਿ ਸਾਚੇ ਖੇਲ ਖਿਲਾਇਆ। ਦਿੱਲੀ ਦਰਬਾਰ ਲਗਾਇਆ ਨਾਅਰਾ, ਰਾਸ਼ਟਰਪਤ ਆਪ ਜਗਾਇਆ। ਚਾਰ ਕੁੰਟ ਹੋਏ ਖ਼ੁਆਰਾ, ਧੀਰਜ ਧੀਰ ਨਾ ਕੋਇ ਧਰਾਇਆ। ਪੁਰਖ ਅਬਿਨਾਸ਼ੀ ਵਰਤੇ ਆਪਣੀ ਕਾਰਾ, ਹੁਕਮੀ ਹੁਕਮ ਇਕ ਜਣਾਇਆ। ਸ਼ਾਹ ਸੁਲਤਾਨਾਂ ਮਾਰੇ ਮਾਰਾ, ਰਾਜ ਰਾਜਾਨਾਂ ਦਏ ਮਿਟਾਇਆ। ਕਲਜੁਗ ਤੋੜੇ ਗੜ੍ਹ ਹੰਕਾਰਾ, ਏਕਾ ਖੰਡਾਂ ਨਾਮ ਚਮਕਾਇਆ। ਬ੍ਰਹਿਮੰਡਾਂ ਪਾਵੇ ਸਾਰਾ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇਆ। ਜੇਰਜ ਅੰਡ ਦਏ ਹੁਲਾਰਾ, ਉਤਭੁਜ ਸੇਤਜ ਫੋਲ ਫੋਲਾਇਆ। ਕਰੋੜ ਛਿਆਨਵੇ ਏਕਾ ਵਰਤੇ ਆਪ ਵਰਤਾਰਾ, ਧੁਰ ਦੀ ਧਾਰਾ ਆਪ ਜਣਾਇਆ। ਅੰਮ੍ਰਿਤ ਮੇਘ ਬਰਸੇ ਠੰਡਾ ਠਾਰਾ, ਨੌਂ ਖੰਡ ਆਪਣਾ ਰੂਪ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਅਠਾਰਾਂ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਇਆ। ਸੰਮਤ ਅਠਾਰਾਂ ਖੇਲ ਅਵੱਲਾ, ਹਰਿ ਸਾਚਾ ਆਪ ਕਰਾਈਆ। ਸੰਮਤ ਉਨੀ ਵੇਖੇ ਰਾਣੀ ਅੱਲਾ, ਸੁੱਤੀ ਰਾਣੀ ਆਪ ਜਗਾਈਆ। ਸੰਗ ਮੁਹੰਮਦ ਚਾਰ ਯਾਰ ਜੋ ਫੜਿਆ ਪੱਲਾ, ਫੜਿਆ ਪੱਲੂ ਦਏ ਛੁਡਾਈਆ। ਚਾਰੋਂ ਕੁੰਟ ਏਕਾ ਹੱਲਾ, ਏਕਾ ਨਾਅਰਾ ਦਏ ਲਗਾਈਆ। ਉਮਤ ਰਸੂਲ ਕਰੇ ਬਿਸਮਿੱਲਾ, ਬਿਸਮਲ ਆਪਣੀ ਧਾਰ ਵਹਾਈਆ। ਲੇਖਾ ਜਾਣੇ ਬੂਰਾ ਕੱਕਾ ਬਿੱਲਾ, ਦੂਰ ਦੁਰਾਡਾ ਪੰਧ ਮੁਕਾਈਆ। ਸਦੀ ਚੌਧਵੀਂ ਪੂਰਾ ਕਰੇ ਛਿਲਾ, ਅੰਤਮ ਲਹਿਣਾ ਦਏ ਚੁਕਾਈਆ। ਚੌਦਾਂ ਤਬਕ ਏਕਾ ਵਾਰ ਹਿਲਾ, ਮੁਹੰਮਦ ਬੈਠਾ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਿਚ ਉਨੀਸਾ, ਰਾਜ ਰਾਜਾਨਾ ਖ਼ਾਲੀ ਖ਼ੀਸਾ, ਮਾਇਆ ਰਾਣੀ ਸੰਗ ਨਾ ਕੋਇ ਰਖਾਈਆ। ਬੀਸ ਬੀਸਾ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਚਾਰੇ ਕੁੰਟ ਕਰ ਖ਼ੁਆਰਾ, ਧੂੰਆਂਧਾਰ ਸਰਬ ਵਖਾਇੰਦਾ। ਏਕਾ ਨਿਰਗੁਣ ਜੋਤ ਕਰ ਉਜਿਆਰਾ, ਨੌਂ ਖੰਡ ਪ੍ਰਿਥਮੀ ਨੂਰ ਟਿਕਾਇੰਦਾ। ਚਾਰ ਵਰਨਾਂ ਏਕਾ ਕਰੇ ਸਚ ਪਿਆਰਾ, ਸਾਚਾ ਮਾਰਗ ਆਪੇ ਲਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਾ ਰਹੇ ਵਿਚ ਸੰਸਾਰਾ, ਆਤਮ ਬ੍ਰਹਮ ਸਰਬ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹਰਿ ਜਗਦੀਸਾ, ਸ਼ਾਹ ਪਾਤਸ਼ਾਹ ਹੁਕਮ ਆਪਣਾ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਸ਼ਬਦੀ ਸ਼ਬਦ ਜਣਾਈਆ। ਵੀਹ ਸੌ ਬੀਸ ਬਿਕ੍ਰਮੀ ਕੋਈ ਨਾ ਰਹੇ ਰਾਜਾ ਰਾਣਾ, ਸਿਰ ਤਾਜ ਨਾ ਕੋਇ ਟਿਕਾਈਆ। ਸਭ ਨੂੰ ਮੰਨਣਾ ਪਏ ਹਰਿ ਕਾ ਭਾਣਾ, ਹਰਿ ਭਾਣਾ ਮੇਟ ਨਾ ਸਕੇ ਕੋਇ ਰਾਈਆ। ਕਲਜੁਗ ਜੀਵ ਉਠ ਨਾਦਾਨਾ, ਵੇਲਾ ਅੰਤਮ ਆਈਆ। ਦਿਵਸ ਰੈਣ ਰੈਣ ਦਿਵਸ ਸਿਮਰੋ ਸ੍ਰੀ ਭਗਵਾਨਾ, ਬਿਨ ਭਗਵਨ ਪਾਰ ਨਾ ਕੋਇ ਕਰਾਈਆ। ਜੂਠ ਝੂਠ ਮਾਇਆ ਮਮਤਾ ਆਸਾ ਤ੍ਰਿਸਨਾ ਜਗਤ ਮਿਟਾਨਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਕਾਇਆ ਮੰਦਰ ਅੰਦਰ ਸੁਣਨਾ ਗਾਣਾ, ਸਤਿਗੁਰ ਪੂਰਾ ਅੰਦਰੇ ਅੰਦਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹਰਿ ਜਗਦੀਸ਼ਾ, ਚਾਰ ਵਰਨ ਏਕਾ ਸਰਨ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਏਕਾ ਬਖ਼ਸ਼ੇ ਸੱਚੀ ਸ਼ਾਹੀਆ। ਸਰਬ ਜੀਆਂ ਏਕਾ ਭਗਵਾਨ, ਸ੍ਰਿਸ਼ਟ ਸਬਾਈ ਦਏ ਸਮਝਾਈਆ।