੧੩ ਜੇਠ ੨੦੧੭ ਬਿਕ੍ਰਮੀ ਦੌਲਤ ਰਾਮ ਦੇ ਘਰ ਕੋਟਲੀ ਰਾਈਆਂ ਜ਼ਿਲਾ ਜੰਮੂ
ਹਰਿ ਭਗਤ ਵਡਿਆਈ ਜੁਗ ਚਾਰ, ਜੁਗਾ ਜੁਗੰਤਰ ਲਏ ਪਰਗਟਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਭਗਤ ਭਗਵੰਤ ਮੇਲ ਮਿਲਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਲੋਕਮਾਤ ਕਰੇ ਕੁੜਮਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਪੁਰਖ ਅਬਿਨਾਸ਼ੀ ਲਏ ਉਠਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿ ਭਗਤ ਵਡਿਆਈ ਸਚ ਘਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਹਰਿ ਭਗਤ ਵਡਿਆਈ ਮੇਲਾ ਪੁਰਖ ਨਰ, ਨਰਾਇਣ ਮੇਲ ਮਿਲਾਇੰਦਾ। ਹਰਿ ਭਗਤ ਵਡਿਆਈ ਏਕਾ ਅੱਖਰ ਜਾਏ ਪੜ੍ਹ, ਨਿਰਗੁਣ ਆਪਣਾ ਆਪ ਪੜ੍ਹਾਇੰਦਾ। ਹਰਿ ਭਗਤ ਵਡਿਆਈ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਹਰਿ ਭਗਤ ਵਡਿਆਈ ਏਕਾ ਮਿਲੇ ਸਾਚਾ ਹਰਿ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿ ਭਗਤ ਵਡਿਆਈ ਹਰਿ ਚਰਨ ਲੇਖ, ਲੇਖਾ ਲਿਖ ਬੇਪਰਵਾਹੀਆ। ਜੁਗਾ ਜੁਗੰਤਰ ਆਪੇ ਵੇਖ, ਨੇਤਰ ਨੈਣ ਦਏ ਖੁਲ੍ਹਾਈਆ। ਕਰੇ ਕਰਾਏ ਅਵੱਲੜਾ ਵੇਸ, ਰੂਪ ਰੰਗ ਨਾ ਕੋਇ ਰਖਾਈਆ। ਸੂਰਬੀਰ ਹਰਿ ਨਰ ਨਰੇਸ਼, ਵਡ ਮਰਗੇਸ਼ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਹਰਿ ਕਰਤਾਰ, ਆਦਿ ਜੁਗਾਦਿ ਕਰਾਇੰਦਾ। ਏਕਾ ਬਖ਼ਸ਼ੇ ਸ਼ਬਦ ਆਧਾਰ, ਆਤਮ ਅੰਤਰ ਬੂਝ ਬੁਝਾਇੰਦਾ। ਏਕਾ ਜੋਤ ਕਰ ਉਜਿਆਰ, ਅੰਧ ਅੰਧੇਰ ਮਿਟਾਇੰਦਾ। ਏਕਾ ਖੋਲ੍ਹ ਬੰਦ ਕਵਾੜ, ਧਰਮ ਦਵਾਰ ਇਕ ਵਖਾਇੰਦਾ। ਇਕ ਚਲਾਏ ਨਾਮ ਸਾਰ, ਆਰ ਪਾਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਵਸਾਏ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਕਾਇਆ ਗੜ੍ਹ, ਜਨ ਭਗਤਾਂ ਆਪ ਵਖਾਈਆ। ਪੰਚ ਵਿਕਾਰਾ ਮਾਰੇ ਫੜ, ਦੂਤ ਦੁਸ਼ਟ ਰਹਿਣ ਨਾ ਪਾਈਆ। ਸਾਚਾ ਘਾੜਣ ਆਪੇ ਘੜ, ਘਰ ਘਰ ਵਿਚ ਲਏ ਟਿਕਾਈਆ। ਸਾਚੀ ਵਸਤੂ ਅੰਦਰ ਧਰ, ਅੰਮ੍ਰਿਤ ਸਾਚਾ ਤਾਲ ਭਰਾਈਆ। ਜਨ ਭਗਤਾਂ ਦੇਵੇ ਸਾਚਾ ਵਰ, ਭਰ ਪਿਆਲਾ ਜਾਮ ਪਿਆਈਆ। ਏਕਾ ਰੂਪ ਦਸਾਏ ਹਰੀ ਹਰਿ, ਨੇਤਰ ਨੈਣ ਇਕ ਖੁਲ੍ਹਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਏਕਾ ਮੰਦਰ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਵੇਖ ਵਖਾਈਆ। ਹਰਿ ਭਗਤਨ ਮੇਲ ਗ਼ਰੀਬ ਨਿਵਾਜ਼ਾ, ਪੁਰਖ ਅਬਿਨਾਸ਼ੀ ਆਪ ਮਿਲਾਇੰਦਾ। ਆਪੇ ਖੋਲ੍ਹੇ ਬੰਦ ਦਰਵਾਜ਼ਾ, ਅਪਣਾ ਪਰਦਾ ਆਪੇ ਲਾਹਿੰਦਾ। ਪਾਵੇ ਸਾਰ ਵਡ ਰਾਜਨ ਰਾਜਾ, ਸ਼ਾਹ ਸਿਕਦਾਰ ਦਇਆ ਕਮਾਇੰਦਾ। ਘਰ ਮੰਦਰ ਵਜਾਏ ਆਪਣਾ ਵਾਜਾ, ਅਨਹਦ ਸਾਚਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਅੰਦਰ ਭਗਤੀ ਭਰ, ਭਾਂਡਾ ਭਰਮ ਭੌ ਭੰਨਾਇੰਦਾ। ਹਰਿ ਭਗਤਾਂ ਭਗਤੀ ਕਰ ਪਿਆਰ, ਆਤਮ ਸ਼ਕਤੀ ਇਕ ਵਖਾਈਆ। ਬੂੰਦ ਰਕਤੀ ਲੇਖੇ ਲਾਏ ਵਿਚ ਸੰਸਾਰ, ਆਪਣੇ ਰੰਗਣ ਇਕ ਰੰਗਾਈਆ। ਜਗੇ ਜੋਤ ਅਗੰਮ ਅਪਾਰ, ਅੰਧ ਅੰਧੇਰਾ ਦਏ ਮਿਟਾਈਆ। ਦੇਵੇ ਦਰਸ ਠਾਂਡੇ ਦਰਬਾਰ, ਘਰ ਘਰ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਲੇਖਾ ਦਏ ਸਮਝਾਈਆ। ਭਗਤਨ ਲੇਖਾ ਅਪਰ ਅਪਾਰਾ, ਕਥਨੀ ਕਥ ਨਾ ਸਕੇ ਕੋਈ ਰਾਈਆ। ਭਗਤਾਂ ਅੰਦਰ ਏਕਾ ਧਾਰਾ, ਨਿਰਗੁਣ ਆਪਣੀ ਆਪ ਰਖਾਈਆ। ਭਗਤਨ ਅੰਦਰ ਸ਼ਬਦ ਹੁਲਾਰਾ, ਸ਼ਬਦ ਸ਼ਬਦੀ ਆਪ ਚਲਾਈਆ। ਭਗਤਨ ਅੰਦਰ ਹੋ ਉਜਿਆਰਾ, ਦੀਪਕ ਜੋਤ ਕਰੇ ਰੁਸ਼ਨਾਈਆ। ਭਗਤਾਂ ਅੰਦਰ ਅੰਮ੍ਰਿਤ ਧਾਰਾ, ਨਿਝਰ ਝਿਰਨਾ ਆਪ ਝਿਰਾਈਆ। ਭਗਤਾਂ ਬਣੇ ਆਪ ਸਹਾਰਾ, ਜੁਗ ਜੁਗ ਲੋਕਮਾਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਏਕਾ ਬੂਝ ਬੁਝਾਈਆ। ਭਗਤਨ ਏਕਾ ਦਰ ਬੁਝਿਆ, ਪਾਇਆ ਪੁਰਖ ਹਰਿ ਕਰਤਾਰ। ਲੇਖਾ ਚੁੱਕੇ ਏਕਾ ਦੁਜਿਆ, ਤੀਜਾ ਨੈਣ ਹੋਏ ਉਜਿਆਰ। ਚੌਥੇ ਪਦ ਹਰਿ ਚਰਨ ਕਵਲ ਲੱਭਿਆ, ਪੰਚਮ ਮਿਲੇ ਸ਼ਬਦ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਨਾਮ ਭੰਡਾਰ। ਨਾਮ ਭੰਡਾਰਾ ਵਸਤ ਅਨਮੋਲ, ਹਰਿ ਭਗਤਨ ਝੋਲੀ ਪਾਇੰਦਾ। ਆਦਿ ਜੁਗਾਦੀ ਰੱਖੇ ਕੋਲ, ਜੁਗ ਜੁਗ ਆਪ ਵਰਤਾਇੰਦਾ। ਆਪਣੇ ਕੰਡੇ ਆਪੇ ਤੋਲ, ਆਪ ਆਪਣਾ ਭਾਰ ਵਖਾਇੰਦਾ। ਆਪੇ ਹੋਏ ਕਲਾ ਸੋਲ, ਅਕਲ ਕਲ ਧਾਰੀ ਆਪ ਅਖਵਾਇੰਦਾ। ਆਪੇ ਵਸੇ ਕਾਇਆ ਚੋਲ, ਆਪੇ ਨਿਰਗੁਣ ਰੂਪ ਵਟਾਇੰਦਾ। ਆਪ ਵਜਾਏ ਸਾਚਾ ਢੋਲ, ਆਪੇ ਸੁੰਨ ਸਮਾਧ ਸਮਾਇੰਦਾ। ਆਪੇ ਪਰਦਾ ਦੇਵੇ ਖੋਲ੍ਹ, ਆਪੇ ਆਪਣਾ ਮੁਖ ਭਵਾਇੰਦਾ। ਆਪੇ ਲੱਖ ਚੁਰਾਸੀ ਲਏ ਵਿਰੋਲ, ਹਰਿਜਨ ਸਾਚੇ ਬਾਹਰ ਕਢਾਇੰਦਾ। ਆਪੇ ਸ਼ਬਦ ਅਗੰਮੀ ਨਾਮ ਜੈਕਾਰਾ ਦੇਵੇ ਬੋਲ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਆਪੇ ਖੇਲੇ ਹੋਲੀ ਹੋਲ, ਧਰਤ ਹੌਲਾ ਭਾਰ ਆਪ ਕਰਾਇੰਦਾ। ਆਪੇ ਬੈਠਾ ਰਹੇ ਅਡੋਲ, ਜੀਵ ਜੰਤ ਆਪ ਡੁਲਾਇੰਦਾ। ਆਪੇ ਨੌ ਖੰਡ ਪ੍ਰਿਥਮੀ ਵੇਖੇ ਘੋਲ, ਘਰ ਘਰ ਆਪਣਾ ਬਲ ਵਖਾਇੰਦਾ। ਆਪੇ ਸੱਚਖੰਡ ਦਵਾਰਾ ਦੇਵੇ ਖੋਲ੍ਹ, ਸਾਚੇ ਭਗਤਾਂ ਮੇਲ ਮਿਲਾਇੰਦਾ। ਆਪੇ ਸੁਰਤੀ ਸ਼ਬਦੀ ਜਾਏ ਮੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਦੇਵੇ ਏਕਾ ਵਰ, ਏਕਾ ਵਸਤ ਝੋਲੀ ਪਾਇੰਦਾ। ਸੁਰਤ ਸ਼ਬਦ ਸਚ ਪਿਆਰ, ਤਨ ਮੰਦਰ ਆਪ ਕਰਾਈਆ। ਘਰ ਪੀਆ ਪ੍ਰੀਤਮ ਕੰਤ ਭਤਾਰ, ਅੰਕ ਸੁਹੇਲੜੀ ਵੇਖ ਵਖਾਈਆ। ਆਪਣੇ ਰੰਗ ਰਵੇ ਨਿਰੰਕਾਰ, ਨਿਰਗੁਣ ਦਾਤਾ ਇਕ ਅਖਵਾਈਆ। ਆਤਮ ਸੇਜਾ ਸੋਵੇ ਪੈਰ ਪਸਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਗੁਰਮੁਖ ਸਾਚੇ ਲਏ ਉਠਾਲ, ਜਿਸ ਜਨ ਆਪਣੀ ਦਇਆ ਕਮਾਈਆ। ਘਰ ਦੀਪਕ ਬਾਤੀ ਦੇਵੇ ਬਾਲ, ਅੰਧ ਅੰਧੇਰਾ ਦਏ ਗਵਾਈਆ। ਇਕ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਬੇਪਰਵਾਹੀਆ। ਨਾਤਾ ਤੋੜ ਜਗਤ ਜੰਜਾਲ, ਕਾਲ ਫਾਸ ਦਏ ਮਿਟਾਈਆ। ਜੋ ਜਨ ਘਾਲਣ ਰਹੇ ਘਾਲ, ਅੰਤਮ ਲੇਖੇ ਲਏ ਪਾਈਆ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਵਣਜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਾਂ ਅੰਦਰ ਆਪੇ ਵੜ, ਕਾਇਆ ਗੜ੍ਹ ਆਪ ਸੁਹਾਈਆ। ਕਾਇਆ ਗੜ੍ਹ ਸਚ ਮੁਨਾਰਾ, ਪੰਜ ਤਤ ਬੰਕ ਬਣਾਇਆ। ਕਰੇ ਖੇਲ ਪੁਰਖ ਨਿਰੰਕਾਰਾ, ਨਿਰਗੁਣ ਸਰਗੁਣ ਵੇਖ ਵਖਾਇਆ। ਭਗਤ ਭਗਵੰਤ ਕਰ ਉਜਿਆਰਾ, ਲੋਕਮਾਤ ਪੈਜ ਧਰਾਇਆ। ਜੁਗ ਜੁਗ ਲਏ ਆਪ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਵੇਸ ਵਟਾਇਆ। ਕਲਜੁਗ ਨਰ ਹਰਿ ਅੰਤਮ ਵਾਰਾ, ਨਿਹਕਲੰਕ ਆਪਣਾ ਨਾਉਂ ਰਖਾਇਆ। ਹਰਿਜਨ ਸਾਚੇ ਕਰੇ ਸਚ ਪਿਆਰਾ, ਸਚ ਸਰਨਾਈ ਇਕ ਦ੍ਰਿੜਾਇਆ। ਇਕ ਵਖਾਏ ਚਰਨ ਦਵਾਰਾ, ਚਾਰ ਵਰਨ ਮੇਲ ਮਿਲਾਇਆ। ਏਕਾ ਭਰੇ ਨਾਮ ਭੰਡਾਰਾ, ਦੇਵਣਹਾਰ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਨਾਮ ਨਿਧਾਨ, ਇਕ ਵਖਾਏ ਸਚ ਨਿਸ਼ਾਨ, ਸਚ ਮਹੱਲੇ ਆਪ ਝੁਲਾਇਆ। ਸਚ ਨਿਸ਼ਾਨਾ ਹਰਿ ਝੁਲੌਣਾ, ਚਾਰ ਕੁੰਟ ਵੱਜੇ ਵਧਾਈਆ। ਗੁਰਮੁਖ ਸੱਜਣ ਮੀਤ ਸਾਚਾ ਮਾਣ ਦਵੌਣਾ, ਮਾਇਆ ਮਮਤਾ ਮੋਹ ਮਿਟਾਈਆ। ਏਕਾ ਅੱਖਰ ਬ੍ਰਹਮ ਵਿਦਿਆ ਆਪ ਪੜ੍ਹੌਣਾ, ਪਾਰਬ੍ਰਹਮ ਕਰੇ ਕੁੜਮਾਈਆ। ਸਾਚੇ ਸਰੋਵਰ ਆਪ ਨੁਹੌਣਾ, ਤਾਲ ਸੁਹਾਵਾ ਇਕ ਵਖਾਈਆ। ਲੱਖ ਚੁਰਾਸੀ ਫੰਦ ਬੰਦ ਬੰਦ ਕਟੌਣਾ, ਬੰਦੀ ਛੋੜ ਦਇਆ ਕਮਾਈਆ। ਸਤਿਜੁਗ ਸਾਚਾ ਚੰਦ ਚੜ੍ਹੌਣਾ, ਘਰ ਘਰ ਦੀਪਕ ਕਰੇ ਰੁਸ਼ਨਾਈਆ। ਕੂੜ ਕੁੜਿਆਰਾ ਪੰਧ ਮਕੌਣਾ, ਜੂਠਾ ਝੂਠਾ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਦੇਵੇ ਜਗਤ ਵਡਿਆਈਆ। ਹਰਿ ਭਗਤ ਸਦਾ ਸਾਲਾਹੀਏ, ਮਿਲਿਆ ਮੇਲ ਸ੍ਰੀ ਭਗਵਾਨ। ਹਰਿ ਭਗਤ ਸਦਾ ਗੁਣ ਗਾਈਏ, ਪਰਗਟ ਹੋਵੇ ਦੋ ਜਹਾਨ। ਹਰਿ ਭਗਤ ਸਦਾ ਦਰਸ਼ਨ ਪਾਈਏ, ਜਿਸ ਮਿਲਿਆ ਆਪ ਮਿਹਰਵਾਨ। ਹਰਿ ਭਗਤ ਸਦਾ ਸੰਗ ਰਖਾਈਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਬ੍ਰਹਮ ਗਿਆਨ। ਬ੍ਰਹਮ ਗਿਆਨ ਭਗਤ ਭਗਵੰਤ ਦ੍ਰਿੜੀਤਾ, ਸਿਰ ਆਪਣਾ ਹੱਥ ਰਖਾਈਆ। ਆਪੇ ਕਰੇ ਪਤਿਤ ਪੁਨੀਤਾ, ਪਤਤ ਪਾਵਨ ਬੇਪਰਵਾਹੀਆ। ਲੇਖਾ ਜਾਣੇ ਰਾਮ ਸੀਤਾ, ਰਾਮ ਰਾਮਾ ਇਕ ਅਖਵਾਈਆ। ਭੇਵ ਖੁਲ੍ਹਾਏ ਗਿਆਨ ਗੀਤਾ, ਕਾਹਨਾ ਬੰਸਰੀ ਨਾਮ ਵਜਾਈਆ। ਗੁਰਮੁਖਾਂ ਦੇਵੇ ਨਾਮ ਅਨਡੀਠਾ, ਭਗਤਨ ਗਾਏ ਚਾਈਂ ਚਾਈਂਆ। ਜੁਗ ਜੁਗ ਚਲਾਏ ਆਪਣੀ ਰੀਤਾ, ਚਾਲ ਅਵੱਲੜੀ ਇਕ ਵਖਾਈਆ। ਕਲਜੁਗ ਅੰਤਮ ਅੰਤ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਸ਼ਬਦ ਸਾਲਾਹੀਆ। ਸ਼ਬਦ ਸਾਲਾਹ ਸਾਲਾਹਣਾ, ਸਾਹਿਬ ਸੱਚਾ ਏਕ। ਦਰਸ ਵੇਖੇ ਹਰਿ ਹਰਿ ਨੈਣਾਂ, ਤਨ ਮਨ ਨਾ ਲੱਗੇ ਸੇਕ। ਦਰਗਹਿ ਸਾਚੀ ਸਚਖੰਡ ਦੁਆਰੇ ਸਾਚੇ ਬਹਿਣਾ, ਗੁਰ ਚਰਨ ਦੁਆਰਾ ਏਕਾ ਏਕ। ਹਰਿ ਹਰਿ ਨਾਉਂ ਪੌਣਾ ਸ਼ਬਦ ਗਹਿਣਾ, ਪੁਰਖ ਅਬਿਨਾਸ਼ੀ ਲਏ ਵੇਖ। ਏਕਾ ਭਾਣਾ ਸਿਰ ਤੇ ਸਹਿਣਾ, ਹਰਿ ਹਰਿ ਜੂ ਹਰਿ ਮੰਦਰ ਬਹਿ ਬਹਿ ਲਿਖੇ ਲੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਏਕਾ ਘਰ, ਘਰ ਸਾਚਾ ਲਏ ਵੇਖ। ਘਰ ਸਾਚਾ ਹਰੀ ਹਰਿ ਮੰਦਰ, ਕਮਲਾਪਾਤੀ ਆਸਣ ਲਾਈਆ। ਮੇਲ ਮਿਲਾਵਾ ਡੂੰਘੀ ਕੰਦਰ, ਆਪਣਾ ਪੱਲੂ ਆਪ ਫੜਾਈਆ। ਆਪੇ ਤੋੜੇ ਹੰਕਾਰੀ ਜੰਦਰ, ਹਉਮੇ ਹੰਗਤਾ ਦਏ ਮਿਟਾਈਆ। ਦਰਸ ਦਖਾਏ ਅੰਦਰੇ ਅੰਦਰ, ਦਰ ਦਰ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਬੰਧਾਏ ਆਪਣੇ ਲੜ, ਏਕਾ ਬੰਧਨ ਆਪਣਾ ਪਾਈਆ। ਹਰਿ ਭਗਤਨ ਬੰਧਨ ਨਾਮ ਪਾ, ਡੋਰੀ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕੋਲੋਂ ਮੁਖ ਛੁਪਾ, ਗੁਰਮੁਖਾਂ ਦਰਸ ਦਖਾਇੰਦਾ । ਆਪਣਾ ਲੇਖਾ ਆਪੇ ਦਏ ਗਣਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਮਾਇਆ ਮਮਤਾ ਮੋਹ ਦਏ ਚੁਕਾ, ਸਾਚੀ ਸੰਗਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਭਗਤੀ ਦਾਨ, ਅੰਤਰ ਆਤਮ ਇਕ ਗਿਆਨ, ਗੁਣ ਨਿਧਾਨ ਵੇਖ ਵਖਾਇੰਦਾ। ਗੁਣ ਨਿਧਾਨਾ ਸ੍ਰੀ ਭਗਵਾਨਾ, ਜੁਗਾ ਜੁਗੰਤਰ ਖੇਲ ਖਿਲਾਈਆ। ਆਪੇ ਗਾਏ ਆਪਣਾ ਗਾਨਾ, ਆਪਣਾ ਨਾਉਂ ਆਪ ਪਰਗਟਾਈਆ। ਆਪਣਾ ਉਡਾਏ ਸਚ ਬਬਾਣਾ, ਹਰਿਜਨ ਸਾਚੇ ਆਪ ਚੜ੍ਹਾਈਆ। ਆਪੇ ਦੇਵੇ ਦਰਗਹਿ ਸਾਚੀ ਮਾਣਾ, ਮਾਣ ਨਿਮਾਣਿਆਂ ਹੋਏ ਸਹਾਈਆ। ਆਪੇ ਵਰਤੇ ਆਪਣਾ ਭਾਣਾ, ਲੱਖ ਚੁਰਾਸੀ ਆਪਣੇ ਭਾਣੇ ਵਿਚ ਰਖਾਈਆ। ਲੇਖਾ ਜਾਣੇ ਰਾਜ ਰਾਜਾਨਾ, ਸ਼ਾਹੋ ਭੂਪ ਸਾਚੇ ਤਖ਼ਤ ਆਸਣ ਲਾਈਆ। ਜਨ ਭਗਤਾਂ ਵਖਾਏ ਇਕ ਨਿਸ਼ਾਨਾ, ਸਚਖੰਡ ਦਵਾਰੇ ਆਪ ਝੁਲਾਈਆ। ਗੀਤ ਗੋਬਿੰਦ ਗਾਏ ਤਰਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਅੰਦਰ ਆਪੇ ਵਸ, ਆਪਣਾ ਮਾਰਗ ਦੇਵੇ ਦੱਸ, ਜਗਤ ਨਾਤਾ ਤੋੜ ਤੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਗਹਵਾਨ, ਜਨ ਹਰਿ ਹਰਿ ਜਨ ਵੇਖ ਵਖਾਈਆ।
