Granth 11 Likhat 013: 15 Maghar 2018 Bikarmi Bhag Singh BabuPur Jethuwal Darbar wich

੧੫ ਮੱਘਰ ੨੦੧੮ ਬਿਕਰਮੀ ਭਾਗ ਸਿੰਘ ਬਾਬੂਪੁਰ ਜੇਠੂਵਾਲ ਦਰਬਾਰ ਵਿਚ

ਜਗਤ ਮਿਟੀ ਭਾਂਡਾ ਘੁਮਿਆਰ, ਜਗਤ ਵਿਹਾਰ ਚਲਾਈਆ। ਸਾਚੀ ਮਿੱਟੀ ਪਰਖ ਨਾ ਸਕੇ ਵਿਚ ਸੰਸਾਰ, ਅੰਗ ਅੰਗ ਨਾ ਕੋਇ ਮਿਲਾਈਆ। ਫੜ ਥਥਵਾ ਮਾਰੇ ਮਾਰ, ਉਪਰ ਚੱਕ ਭੁਵਾਈਆ। ਕੂੜਾ ਕਰਕਟ ਕਰ ਤਿਆਰ, ਵਿਸ਼ਟਾ ਨਾਲ ਮਿਲਾਈਆ। ਕੱਚੇ ਭਾਂਡੇ ਲਏ ਉਸਾਰ, ਇਕ ਦੂਜੇ ਉਪਰ ਟਿਕਾਈਆ। ਪਹਿਲੋਂ ਪ੍ਰਭ ਅੱਗੇ ਕਰੇ ਨਿਮਸਕਾਰ, ਮੇਰਾ ਆਵਾ ਦੇਣਾ ਪਕਾਈਆ। ਹਾਵਾ ਰਹੇ ਨਾ ਮੇਰੇ ਯਾਰ, ਮੈਂ ਤੇਰੀ ਓਟ ਤਕਾਈਆ। ਤੂੰ ਘੜਿਆ ਸਰਬ ਸੰਸਾਰ, ਮੈਂ ਘੜ ਪਿਆਲੇ ਹੱਥ ਰਿਹਾ ਫੜਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਏਕਾ ਵਾਰ ਸਮਝਾਈਆ। ਜਿਸ ਭਾਂਡੇ ਅਗਨੀ ਮਿਲ ਕਰ ਸਤਿਕਾਰ, ਸੋ ਸਤਿ ਸਤਿ ਰੂਪ ਵਟਾਈਆ। ਜਿਸ ਭਾਂਡੇ ਅੰਦਰ ਵਿਸ਼ਟਾ ਦਿਤਾ ਡਾਰ, ਸੋ ਭਾਂਡਾ ਟੁੱਟਿਆ ਆਪਣਾ ਅੰਗ ਕਟਾਈਆ। ਜਿਸ ਭਾਂਡੇ ਆਪਣਾ ਤਨ ਰਖਿਆ ਬਾਹਰ, ਸੋ ਕੱਚਾ ਪਿਲਾ ਨਾਉਂ ਰਖਾਈਆ। ਜੋ ਬੈਠਾ ਰਿਹਾ ਵਿਚ ਬਣ ਸਰਦਾਰ, ਆਪਣਾ ਬਲ ਰਖਾਈਆ। ਅਗਨੀ ਵੇਖ ਨਾ ਗਿਆ ਹਾਰ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਜਗਤ ਘੁਮਿਆਰ ਭਾਂਡਾ ਘੜ, ਅਗਨੀ ਵਿਚ ਰਖਾਇੰਦਾ। ਫੇਰ ਨਾ ਸਕੇ ਅੰਦਰ ਵੜ, ਡਰਦਾ ਨੇੜ ਨਾ ਆਇੰਦਾ। ਪੁਰਖ ਅਬਿਨਾਸ਼ੀ ਜੀਵ ਜੰਤ ਲੱਖ ਚੁਰਾਸੀ ਅੰਡਜ ਜੇਰਜ ਉਤਭੁਜ ਸੇਤਜ ਜੋ ਭਾਂਡਾ ਲਿਆ ਘੜ, ਸੋ ਮਾਤ ਗਰਭ ਅੰਦਰ ਵੜ ਵੜ ਖੇਲ ਕਰਾਇੰਦਾ। ਸੋ ਅਬਿਨਾਸ਼ੀ ਨਾ ਜਾਏ ਸੜ, ਅੱਗ ਕੋਲੋਂ ਨਾ ਜਾਏ ਡਰ, ਥਥਵਾ ਲੈ ਨਾ ਮੁਖ ਭੁਵਾਇੰਦਾ। ਕੂੜਾ ਕਿਰਕਟ ਨਾ ਦੇਵੇ ਡਾਰ, ਰਕਤ ਬੂੰਦ ਕਰੇ ਪਿਆਰ, ਨਾਰੀ ਪੁਰਖ ਸੇਜ ਸੁਆਰ, ਜਗਤ ਵਿਚੋਲਾ ਵੇਸ ਵਟਾਇੰਦਾ। ਸਾਚੇ ਆਵੇ ਵਿਚੋਂ ਹਰਿ ਭਗਤ ਕਰੇ ਤਿਆਰ, ਆਪਣੀ ਹੱਥੀਂ ਆਪ ਟਣਕਾਇੰਦਾ। ਅੰਦਰੋਂ ਆਵਾਜ਼ ਆਈ ਤੂੰ ਹੀ ਨਿਰੰਕਾਰ, ਏਕਾ ਰਾਗ ਸਰਬ ਸੁਣਾਇੰਦਾ। ਜਗਤ ਭਾਂਡਾ ਜੋਰ ਦੀ ਠੋਕਰ ਨਾ ਸਕੇ ਕੋਈ ਮਾਰ, ਮਾਰ ਮਾਰ ਠੋਕਰ ਬਬਰੀ ਬਬਰੀ ਹੋ ਜਾਇੰਦਾ। ਗੁਰਸਿਖ ਠੋਕਰ ਮਾਰੇ ਸੰਸਾਰ, ਉਜਲ ਮੁਖ ਕਰਾਇੰਦਾ। ਪਾਰਬ੍ਰਹਮ ਦੀ ਸਾਚੀ ਕਾਰ, ਭੇਵ ਕੋਇ ਨਾ ਪਾਇੰਦਾ। ਕਰਮ ਕੁਕਰਮ ਨਿਹਕਰਮ ਵੰਡ ਵੰਡੇ ਵੰਡਣਹਾਰ, ਏਕਾ ਤੋਲਾ ਆਪ ਅਖਵਾਇੰਦਾ। ਜੁਗ ਜੁਗ ਗੇੜਾ ਗੇੜੇ ਗੇੜਨਹਾਰ, ਜੀਵ ਜੰਤ ਖੇਲ ਕਰਾਇੰਦਾ। ਜਗਤ ਘੁਮਿਆਰ ਭਾਂਡੇ ਘੜ ਵੇਚੇ ਵਿਚ ਬਾਜ਼ਾਰ, ਦਵੱਨੀ ਦਵੱਨੀ ਹੱਟ ਵਿਕਾਇੰਦਾ। ਹਰਿ ਆਪਣੇ ਭਾਂਡੇ ਆਪੇ ਘੜ ਆਪੇ ਲਏ ਸੰਭਾਲ, ਹੱਥ ਨਾ ਕਿਸੇ ਫੜਾਇੰਦਾ। ਮਾਟੀ ਭਾਂਡੇ ਹੋਏ ਬੇਹਾਲ, ਜੀਵ ਜੰਤ ਵੰਡ ਵੰਡਾਇੰਦਾ। ਕੋਈ ਫੜ ਫੜ ਰਿੰਨੇ ਵਿਚ ਦਾਲ, ਅੱਠੇ ਪਹਿਰ ਅੱਗ ਲਗਾਇੰਦਾ। ਪਾਰਬ੍ਰਹਮ ਆਪਣੇ ਭਾਂਡੇ ਆਪੇ ਲਏ ਫੜ, ਆਪਣੀ ਵਸਤੂ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੱਖ ਚੁਰਾਸੀ ਆਪਣੇ ਹੁਕਮ ਚਲਾਇੰਦਾ। ਹਰਿ ਕਾ ਭਾਂਡਾ ਕਾਇਆ ਮਾਟੀ, ਪੰਜ ਤੱਤ ਮੇਲ ਮਿਲਾਇੰਦਾ। ਕਿਸੀ ਕੀਮਤ ਮਿਲੇ ਨਾ ਕਿਸੇ ਹਾਟੀ, ਹੱਟੋ ਹੱਟ ਨਾ ਕੋਇ ਵਿਕਾਇੰਦਾ। ਪਹਿਲੋਂ ਕਲਜੁਗ ਰੱਖੇ ਉਤੇ ਅੱਗ, ਅਗਨੀ ਹਵਨ ਕੁੰਡ ਤਪਾਈਆ। ਫਿਰ ਦਸ ਮਾਸ ਛੱਡੇ ਢਕ, ਉਪਰ ਪਰਦਾ ਪਾਈਆ। ਫਿਰ ਬਾਹਰ ਕੱਢੇ ਰੱਖ, ਜਗਤ ਵਿਚ ਫਿਰਾਈਆ। ਫਿਰ ਬਣ ਕੂਕਰ ਲਏ ਚੱਟ, ਜੂਠ ਝੂਠ ਨਾਲ ਰਲਾਈਆ। ਫਿਰ ਵਿਕੇ ਬਜ਼ਾਰ ਹੱਟ, ਸੌਹਰੇ ਪੇਈਏ ਕੀਮਤ ਪਾਈਆ। ਕਰ ਕਿਰਪਾ ਜਿਸ ਸਤਿਗੁਰ ਲਿਆ ਆਪਣੇ ਹੱਥ, ਤਿਸ ਦੇਵੇ ਮਾਣ ਵਡਿਆਈਆ। ਪੁਰਖ ਨਾਰ ਇਕੋ ਮਾਣ, ਨਿਮਾਣਿਆਂ ਹੋਏ ਸਹਾਈਆ। ਨਾਰ ਪੁਰਖ ਇਕੋ ਗਿਆਨ, ਏਕਾ ਕਰੇ ਪੜ੍ਹਾਈਆ। ਪੁਰਖ ਪੁਰਖੋਤਮ ਵਡ ਮਿਹਰਵਾਨ, ਪਾਰਬ੍ਰਹਮ ਬੇਪਰਵਾਹੀਆ। ਨਾਰ ਪੁਰਖ ਇਕ ਮਕਾਨ, ਏਕਾ ਘਰ ਸੁਹਾਈਆ। ਪੁਰਖ ਨਾਰ ਇਕ ਧਿਆਨ, ਲਿਵ ਅੰਤਰ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨ, ਬਣ ਬਣ ਸਾਲਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਈਆ। ਤਾਰਨ ਕੋ ਹਰਿ ਆਇਆ ਇਕ, ਇਕ ਇਕੱਲਾ ਖੇਲ ਖਲਾਇੰਦਾ। ਆਪਣੀ ਕਿਰਪਾ ਲੇੇਖਾ ਦੇਵੇ ਲਿਖ, ਜਨ ਭਗਤਾਂ ਲੇਖ ਜਣਾਇੰਦਾ। ਜਨਮ ਜਨਮ ਦੀ ਮੇਟੇ ਤ੍ਰਿਖ, ਕਰਮ ਕਰਮ ਦਾ ਰੋਗ ਮਿਟਾਇੰਦਾ। ਨੇਤਰ ਨੈਣ ਆਏ ਦਿਸ, ਦਿਸ਼ਾ ਦਿਸ਼ਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਖੇਲ ਖਲਾਇੰਦਾ। ਨਰ ਨਰਾਇਣ ਤਾਰੇ ਨਰ ਨਾਰ, ਨਰ ਹਰਿ ਵਡੀ ਵਡਿਆਈਆ। ਦਰ ਘਰ ਸਾਚੇ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਨਿਭਾਈਆ। ਸਾਚੀ ਰੀਤੀ ਅਪਰ ਅਪਾਰ, ਅਪਰੰਪਰ ਰਿਹਾ ਚਲਾਈਆ। ਏਕਾ ਘਰ ਸੱਚਾ ਦਰਬਾਰ, ਏਕਾ ਦਰ ਦਏ ਵਡਿਆਈਆ। ਏਕਾ ਰੰਗ ਰੰਗਣਹਾਰ, ਰੰਗ ਰੰਗੀਲਾ ਸੱਚਾ ਮਾਹੀਆ। ਇਕ ਵਸੀਲਾ ਵਿਚ ਸੰਸਾਰ, ਆਦਿ ਜੁਗਾਦਿ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਵਖਾਈਆ। ਹਰਿਜਨ ਰੰਗ ਇਕੋ ਪੇਖ, ਪੇਖ ਖ਼ੁਸ਼ੀ ਮਨਾਈਆ। ਸਾਹਿਬ ਸੁਲਤਾਨ ਅਵੱਲੜਾ ਵੇਸ, ਨਿਰਗੁਣ ਸਰਗੁਣ ਰੂਪ ਧਰਾਈਆ। ਤਿਸ ਸਾਹਿਬ ਕੋ ਸਦਾ ਆਦੇਸ, ਜਿਸ ਡਿਠਿਆਂ ਸਰਬ ਦੁੱਖ ਮਿਟ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਈਆ। ਸਾਚਾ ਰਾਹ ਚਲੇ ਪੰਥ, ਪਾਰਬ੍ਰਹਮ ਪ੍ਰਭ ਆਪ ਚਲਾਇੰਦਾ। ਏਕੋ ਨਾਮ ਸਾਚਾ ਸੰਖ, ਚਾਰ ਵਰਨ ਆਪ ਸੁਣਾਇੰਦਾ । ਏਕਾ ਸ਼ਬਦ ਸਾਚਾ ਗ੍ਰੰਥ, ਸੋਹੰ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲੇ ਮਾਰਗ, ਏਕਾ ਪੰਧ ਮੁਕਾਈਆ। ਲੱਖ ਚੁਰਾਸੀ ਬਣੇ ਪਾਰਖ, ਆਪਣੀ ਪਰਖ ਨਾ ਕਿਸੇ ਕਰਾਈਆ। ਭਗਤਾਂ ਬਣੇ ਭਗਵਨ ਸਾਲਸ, ਸਚ ਸਾਲਸੀ ਰਿਹਾ ਕਮਾਈਆ । ਲੱਖ ਚੁਰਾਸੀ ਵਿਚੋਂ ਵੇਖੇ ਖ਼ਾਲਸ, ਖ਼ਾਲਸ ਰੂਪ ਦਏ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਨਾਰ ਪੁਰਖ ਹਰਿ ਦੇਵੇ ਤਾਰ, ਤਾਰਨਹਾਰਾ ਆਇਆ। ਜਿਸ ਦੀ ਗਾਥਾ ਗੌਂਦੇ ਰਹੇ ਜੁਗ ਚਾਰ, ਜਸ ਵੇਦ ਪੁਰਾਨ ਸੁਣਾਇਆ। ਜਿਸ ਦਾ ਹੁਕਮ ਮੰਨਦੇ ਰਹੇ ਗੁਰ ਅਵਤਾਰ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਜਿਸ ਨੂੰ ਬ੍ਰਹਮਾ ਵਿਸ਼ਨ ਸ਼ਿਵ ਕਰਦੇ ਰਹੇ ਨਿਮਸਕਾਰ, ਦਰ ਦਰ ਬੈਠੇ ਅਲਖ ਜਗਾਇਆ। ਜਿਸ ਦਾ ਗੀਤ ਗੌਂਦੇ ਰਹੇ ਵਾਰੋ ਵਾਰ, ਰਸਨਾ ਜਿਹਵਾ ਸਾਲਾਹਿਆ। ਜਿਸ ਨੂੰ ਅਠਸਠ ਤੀਰਥ ਮੰਨਦੇ ਰਹੇ ਸਾਚਾ ਯਾਰ, ਸੋ ਯਾਰੜਾ ਵੇਸ ਵਟਾਇਆ। ਨਿਰਗੁਣ ਨਿਰਵੈਰ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਨਾਰੀ ਪੁਰਖ ਉਤਰੇ ਘਾਟ, ਪਾਰ ਕਿਨਾਰਾ ਇਕ ਜਣਾਈਆ। ਹਰਿ ਸੰਗਤ ਤੇਰੀ ਮੁੱਕੀ ਵਾਟ, ਅੱਗੇ ਪੰਧ ਨਾ ਕੋਇ ਵਧਾਈਆ। ਸਚ ਖਟੋਲਾ ਮਿਲੇ ਖਾਟ, ਸ਼ਬਦ ਬਬਾਣੇ ਲਏ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ਾਤ ਪਾਤ ਨਾ ਕੋਇ ਰਖਾਈਆ। ਜ਼ਾਤ ਪਾਤ ਨਾ ਕੋਇ ਨਾਤਾ, ਨਿਤ ਨਿਤ ਆਪਣੀ ਖੇਲ ਕਰਾਇੰਦਾ। ਸਤਿਜੁਗ ਸਾਚੇ ਸਾਚੀ ਗਾਥਾ, ਹਰਿ ਸਾਚਾ ਸਚ ਪੜ੍ਹਾਇੰਦਾ। ਚਾਰ ਵਰਨ ਇਕੋ ਗਾਥਾ, ਏਕਾ ਵਾਰ ਚਲਾਇੰਦਾ। ਏਕੋ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕੋ ਪੁਰਖ ਇਕ ਅਬਿਨਾਸ਼ਾ, ਏਕਾ ਸੰਗ ਨਿਭਾਇੰਦਾ। ਏਕੋ ਖੇਲ ਇਕ ਤਮਾਸ਼ਾ, ਵੇਖਣਹਾਰਾ ਇਕ ਹੋ ਆਇੰਦਾ। ਏਕੋ ਸੰਗ ਏਕੋ ਹਰਿ ਸਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਨਿਭਾਇੰਦਾ। ਸਾਚਾ ਸੰਗ ਨਿਭੇ ਸੰਸਾਰ, ਬਣ ਸੰਸਾਰੀ ਸੇਵ ਕਮਾਈਆ। ਜੁਗ ਚੌਕੜੀ ਕਰ ਕਰ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਗ਼ੁਫ਼ਤ ਸ਼ਨੀਦ ਕਰੇ ਗ਼ੁਫ਼ਤਾਰ, ਤਾਰ ਸਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਰਿਹਾ ਸਮਝਾਈਆ। ਹਰਿ ਭਗਤਾਂ ਆਪ ਸਮਝਾ, ਏਕਾ ਸਮਝ ਰਖਾਈਆ। ਝੂਠੀ ਮਰਜ਼ ਜਗਤ ਮਿਟਾ, ਏਕਾ ਨਾਅਰਾ ਦਏ ਪੜ੍ਹਾਈਆ। ਸਾਚੀ ਤਰਜ ਆਪੇ ਗਾ, ਸੋਹੰ ਢੋਲਾ ਰਿਹਾ ਸੁਣਾਈਆ। ਪਿਛਲਾ ਬਖ਼ਸ਼ੇ ਸਰਬ ਗੁਨਾਹ, ਅਗਲਾ ਲੇਖਾ ਲੇਖੇ ਵਿਚ ਰਖਾਈਆ। ਭਾਈਆਂ ਸੰਗ ਭਾਈ ਰਲਾ, ਭਗਤ ਭਗਵਾਨ ਦਏ ਵਡਿਆਈਆ। ਸਚ ਦੁਆਰਾ ਦਏ ਬਣਾ, ਬਾਵਣ ਏਕਾ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ । ਬਾਵਨ ਪੁੰਨੇ ਆਸ, ਨਿਰਾਸ਼ ਨਾ ਕੋਇ ਵਖਾਈਆ। ਭਗਤ ਵਸਣ ਭਗਤਾਂ ਪਾਸ, ਏਕਾ ਘਰ ਬਹਾਈਆ। ਕਰਿਆ ਖੇਲ ਪੁਰਖ ਅਬਿਨਾਸ਼, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤ ਨਾ ਕੋਇ ਹੋਏ ਨਿਰਾਸ, ਜਿਸ ਜਨ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਲਏ ਮਿਲਾਈਆ। ਭਗਤ ਮਿਲਾਏ ਭਗਤ ਦੁਆਰ, ਭਗਵਨ ਸੇਵ ਕਮਾਇਆ। ਚੌਥੇ ਜੁਗ ਪਾਈ ਸਾਰ, ਚੌਥੇ ਪਦ ਬਹਾਇਆ। ਜਗਤ ਮੰਜ਼ਲ ਪਾਰ ਕਿਨਾਰ, ਹੱਦ ਆਪਣੀ ਆਪ ਵੰਡਾਈਆ। ਮਾਨਸ ਜਨਮ ਨਾ ਜਾਏ ਹਾਰ, ਜਿਸ ਜਨ ਸਦ ਆਪਣੇ ਚਰਨ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰ ਰਿਹਾ ਸੁਹਾਇਆ। ਭਗਤ ਦੁਆਰ ਭਗਤ ਮਹੱਲ, ਹਰਿ ਭਗਤਨ ਨਾਲ ਬਣਾਈਆ। ਸਦਾ ਸਦਾ ਸਦ ਰਹੇ ਅਟੱਲ, ਅਟੱਲ ਮਿਲੀ ਵਡਿਆਈਆ। ਭਗਤਾਂ ਲੱਗਾ ਸਚ ਫਲ, ਸ੍ਰਿਸ਼ਟ ਸਬਾਈ ਦਏ ਵਖਾਈਆ। ਪਿਛੇ ਬਹੇ ਸਿੰਘਾਸਣ ਮਲ, ਅੱਗੇ ਭਗਤਾਂ ਰਿਹਾ ਰਖਾਈਆ। ਆਪ ਹੋਇਆ ਭਗਤਾਂ ਵਲ, ਭੁੱਲੀ ਸਰਬ ਲੋਕਾਈਆ। ਸ੍ਰਿਸ਼ਟ ਸਬਾਈ ਜਾਏ ਹੱਲ, ਹੌਲੀ ਹੌਲੀ ਰਿਹਾ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦੁਆਰਾ ਆਪ ਉਪਜਾਈਆ।