Granth 04 Likhat 100: 5 Poh 2011 Bikarmi Sant Labh Singh Saidpur nu Shabad Bhejia gia

੫ ਪੋਹ ੨੦੧੧ ਬਿਕ੍ਰਮੀ ਸੰਤ ਲਾਭ ਸਿੰਘ ਸੈਦਪੁਰ ਨੂੰ ਸ਼ਬਦ ਭੇਜਿਆ ਗਿਆ

ਲਾਭ ਸਿੰਘ ਪ੍ਰਭ ਲੈਣਾ ਲੱਭ। ਘਰ ਬੈਠਿਆਂ ਨਾ ਲਏ ਦੱਬ। ਪ੍ਰਗਟ ਹੋਇਆ ਮਾਝੇ ਦੇਸ, ਕਰ ਨਾਲ ਵੇਸ ਝੱਬ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਉਲਟੀ ਸਿੱਧੀ ਕਵਲ ਨਭ। ਕਵਣ ਬਿਧ ਨਭ ਉਲਟਾਏ। ਕਵਣ ਰਿਧ ਕਵਣ ਸਿਧ, ਤੀਜੇ ਘਰ ਸ਼ਿੰਗਾਰ ਲਗਾਏ। ਕਵਣ ਕਰੇ ਕਾਰਜ ਸਿਧ, ਚੌਥਾ ਦਰ ਚੌਥਾ ਪਦ ਘਰ ਸਦ ਆਤਮ ਦਰ ਦਏ ਖੁਲ੍ਹਾਏ। ਕਿੱਥੇ ਵਜੇ ਸਾਚਾ ਨਦ, ਧੁਨ ਅਨਹਦ ਕਿਸ ਧਾਮ ਸੁਣਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਸਮਾਧ ਸੁੰਨ ਲਗਾਏ। ਸੁੰਨ ਸਮਾਧੀ ਲਏ ਲਗਾ। ਸਾਧ ਸੰਤ ਲਏ ਬਹਾ। ਪੰਜ ਦਿਨ ਖ਼ੁਸ਼ੀ ਮਨਾ। ਪੰਜਾਂ ਚੋਰਾਂ ਡੋਰੀ ਪਾ। ਦਰ ਦਵਾਰ ਦਏ ਸੁਹਾ। ਖਾਣਾ ਪੀਣਾ ਦਏ ਛੁਡਾ। ਬੇਮੁਹਾਣਾ ਖੇਲ ਰਚਾ। ਵਡ ਜਰਵਾਣਾ ਭੇਖ ਵਟਾ। ਸੰਤ ਸੁਹੇਲੇ ਅੰਦਰ ਬਹਾ। ਬਾਹਰੋਂ ਕੁੰਡਾ ਦੇਵੇ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਗਤ ਪਖੰਡਾ ਦਏ ਮਿਟਾ।