੫ ਪੋਹ ੨੦੧੧ ਬਿਕ੍ਰਮੀ ਸ੍ਰ: ਗੁਰਬਖ਼ਸ਼ ਸਿੰਘ ਅਡੀਟਰ ਪ੍ਰੀਤ ਲੜੀ ਨੂੰ ਸ਼ਬਦ ਭੇਜਿਆ ਗਿਆ
ਚਾਰ ਵਰਨਾਂ ਸੱਚੇ ਯਾਰ। ਲੋਕਮਾਤ ਰਹਿਣਾ ਖ਼ਬਰਦਾਰ। ਕਲਜੁਗ ਮਿਲਿਆ ਅੰਤਮ ਗਹਿਣਾ, ਜੀਆਂ ਜੰਤਾਂ ਆਤਮ ਕਰੇ ਇਕ ਸ਼ਿੰਗਾਰ। ਜਗਤ ਤਮਾਸ਼ਾ ਵੇਖੇ ਨੈਣਾਂ, ਆਤਮ ਭਰਿਆ ਵਡ ਹੰਕਾਰ। ਪ੍ਰਭ ਕਾ ਭਾਣਾ ਸਹਿਣਾ ਪੈਣਾ, ਨਾ ਕੋਈ ਜਾਣੇ ਜੀਵ ਗਵਾਰ। ਆਪ ਚੁਕਾਏ ਲਹਿਣਾ ਦੇਣਾ, ਮੀਤ ਬਣਾਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਅਵਤਾਰ। ਜਗਤ ਰੀਤ ਇਕ ਚਲਾਈ। ਮਾਨਸ ਦੇਹੀ ਸਚ ਮਸੀਤ, ਮੰਦਰ ਗੁਰੂਦਵਾਰਾ ਧਾਮ ਸੁਹਾਈ। ਸੁਰਤੀ ਬੁੱਧ ਜੋਤੀ ਅੰਦਰ ਆਦਿ ਅੰਤ ਇਕ ਟਿਕਾਈ। ਜੋਤੀ ਜੋਤ ਸਰੂਪ ਹਰਿ, ਕਾਇਆ ਕਾਅਬਾ ਜਗਤ ਦੋਆਬਾ, ਵਾਹ ਵਾਹ ਸੋਹਣੀ ਬਣਤ ਬਣਾਈ। ਬਣਾਏ ਬਣਤ ਹਰਿ ਬਨਵਾਲੀ। ਕੋਈ ਨਾ ਮੰਗੇ ਵਿਚ ਦਲਾਲੀ। ਲੋਕਮਾਤ ਪੁਰਖ ਬਿਧਾਤ, ਆਵੇ ਜਾਵੇ ਦੋਹਾਂ ਹੱਥਾਂ ਖਾਲੀ। ਜਨ ਭਗਤਾਂ ਦੇਵੇ ਸ਼ਬਦ ਦਾਤ, ਚਲੇ ਚਾਲ ਜਗਤ ਨਿਰਾਲੀ। ਕਲਜੁਗ ਮਿਟਾਏ ਅੰਧੇਰੀ ਰਾਤ, ਗਊ ਗਰੀਬ ਨਿਮਾਣਿਆਂ ਪ੍ਰਭ ਬਣੇ ਪਾਲੀ। ਇਕ ਬੰਧਾਏ ਚਰਨ ਨਾਤ, ਹਰਿ ਦਰ ਚਰਨ ਸੁਹੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬੂੰਦ ਪਿਆਏ ਸਵਾਂਤ। ਚਾਰ ਵਰਨਾਂ ਇਕ ਪਿਆਰਾ। ਚਾਰ ਵਰਨਾਂ ਏਕਾ ਧਾਰਾ। ਚਾਰ ਵਰਨਾਂ ਏਕਾ ਰੰਗ ਏਕਾ ਸੰਗ, ਏਕਾ ਮੰਗ ਪ੍ਰਭ ਸਚ ਦਵਾਰਾ। ਚਾਰ ਵਰਨਾਂ ਕਟੇ ਭੁੱਖ ਨੰਗ, ਆਤਮ ਭਰੇ ਤਨ ਭੰਡਾਰਾ। ਚਾਰ ਵਰਨਾਂ ਹੋਏ ਸਹਾਈ ਅੰਗ ਸੰਗ, ਪਰਮ ਪੁਰਖੋਤਮ ਨਿਹਕਲੰਕ ਨਰਾਇਣ ਨਰ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਆਦਿ ਅੰਤ ਦੇਵੇ ਮਾਤ ਦਾਤ ਇਕ ਭੰਡਾਰਾ। ਸਚ ਭੰਡਾਰਾ ਦੇਵੇ ਵੰਡ। ਗਊ ਗਰੀਬ ਨਿਮਾਣਿਆਂ, ਪ੍ਰਭ ਆਤਮ ਪਾਏ ਠੰਡ। ਵਡ ਸ਼ਾਹ ਰਾਜ ਰਾਜਾਨਿਆਂ, ਅੰਤਮ ਨੰਗੀ ਹੋਈ ਕੰਡ। ਵੱਜੇ ਸ਼ਬਦ ਤੀਰ ਸਾਚਾ ਬਾਣਿਆ, ਜੋਤ ਸਰੂਪੀ ਦੇਵੇ ਸੱਚਾ ਦੰਡ। ਹਰਿਜਨ ਚਲੇ ਪ੍ਰਭ ਕੇ ਭਾਣਿਆ, ਆਤਮ ਸਦਾ ਸੁਹਾਗਣ ਨਾ ਹੋਏ ਰੰਡ। ਕਲਜੁਗ ਜੀਵ ਭੁੰਨੇ ਜਿਉਂ ਭਠਿਆਲੇ ਦਾਣਿਆਂ, ਸੱਤ ਦੀਪ ਨੌਂ ਖੰਡ ਚਾਰ ਕੁੰਟਾਂ ਪਾਏ ਵੰਡ। ਪ੍ਰਭ ਕਾ ਭਾਣਾ ਵਿਰਲੇ ਗੁਰਮੁਖ ਜਾਣਿਆ, ਜਗਤ ਭਰਿਆ ਤਨ ਘਮੰਡ। ਦਰ ਆਇਆ ਨਾ ਕਿਸੇ ਪਛਾਣਿਆ, ਮਾਨਸ ਦੇਹੀ ਗਈ ਹੰਢ। ਜੋਤੀ ਜੋਤ ਸਰੂਪ ਹਰਿ, ਜੀਆਂ ਜੰਤਾਂ ਬੇਮੁਹਾਣਿਆਂ ਜਗਤ ਨਿਮਾਣਿਆਂ, ਸਿਰ ਆਪਣੇ ਚੁੱਕੇ ਦੁੱਖਾਂ ਪੰਡ। ਪੰਚਮ ਹਾੜ ਸ਼ਬਦ ਉਡਾਰ। ਪ੍ਰੀਤ ਨਗਰ ਆਇਆ ਕਰ ਵਿਚਾਰ। ਵੇਖ ਵਖਾਣੇ ਕਾਇਆ ਗਾਗਰ, ਏਕਾ ਭਰਿਆ ਜਗਤ ਹੰਕਾਰ। ਗੁਰਮੁਖ ਵਿਰਲੇ ਕਰਮ ਉਜਾਗਰ, ਪਰਮ ਪੁਰਖ ਦੀ ਪਾਏ ਸਾਰ। ਏਕਾ ਬਣਨਾ ਸ਼ਬਦ ਸੁਦਾਗਰ, ਸੋਹੰ ਸ਼ਬਦ ਵਸਤ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤੀ ਭਗਤ ਉਧਾਰ।