Granth 05 Likhat 091: 11 Chet 2013 Bikarmi Ajit Singh de Greh Batala

੧੧ ਚੇਤ ੨੦੧੩ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਸ਼ਾਸਤਰ ਵੇਦ ਪ੍ਰਭ ਜਣਾਈ। ਕੁਤਬ ਜੀਵ ਜਨ ਰਹੇ ਗਾਈ। ਆਤਮ ਸਾਚੀ ਸੇਵ ਗੁਰਮੁਖ ਵਿਰਲੇ ਮਾਤ ਕਮਾਈ। ਫ਼ਲ ਲੱਗਾ ਸਾਚਾ ਨਾਮ ਮੇਵ, ਕਾਇਆ ਪੱਤ ਡਾਲ੍ਹੀ ਪ੍ਰਭ ਹਰੀ ਕਰਾਈ। ਦਰ ਘਰ ਪਾਇਆ ਵਡ ਦੇਵੀ ਦੇਵ, ਮਿਲੀ ਸਚ ਸੱਚੀ ਸਰਨਾਈ। ਦਾਤਾ ਭਿਖਾਰੀ ਅਲੱਖ ਅਭੇਦ, ਇਕ ਵਜਾਏ ਦਇਆ ਕਮਾਏ, ਸ਼ਬਦ ਸੱਚੀ ਵਧਾਈ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਖੰਡ ਪ੍ਰਿਥਮੀ ਏਕਾ ਘਰ ਰਿਹਾ ਵਖਾਈ। ਪੁਰਾਨ ਗਿਆਨ ਪ੍ਰਭ ਰਾਹ ਚਲਾਇਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧਿਆਨ, ਸ਼ਬਦ ਮਲਾਹ ਇਕ ਰਖਾਇਆ। ਆਪੇ ਹੋਏ ਨਿਗਾਹਬਾਨ, ਜਮ ਕਾ ਫਾਹ ਰਿਹਾ ਕਟਾਇਆ। ਜਗਤ ਕੁਕਰਮੀ ਕਰ ਕੁਰਬਾਨ, ਸਾਚਾ ਧਰਮੀ ਧਰਮ ਨਿਸ਼ਾਨ, ਨਾਮ ਝੰਡਾ ਵਿਚ ਬ੍ਰਹਿਮੰਡਾਂ ਏਕਾ ਹੱਥ ਫੜਾਇਆ। ਆਤਮ ਅੰਤਮ ਪੀਣ ਖਾਣ, ਸਤਿ ਸਰੋਵਰ ਨਹਾਵਣ ਨੁਹਾਣ, ਦੁਰਮਤ ਮੈਲ ਪ੍ਰਭ ਰਿਹਾ ਧਵਾਇਆ। ਸ਼ਬਦ ਚੜ੍ਹਾਏ ਸਚ ਬਿਬਾਣ, ਧਰਮ ਰਾਏ ਦੀ ਚੁਕੇ ਕਾਣ, ਸ਼ਬਦ ਰਾਗ ਤਨ ਵੈਰਾਨ, ਸੁਰਤ ਸੋਈ ਗਈ ਜਾਗ, ਘਰ ਸਾਚੇ ਗਾਣ ਏਕਾ ਰੰਗ ਵਖਾਈਆ। ਜੋਧਾ ਸੂਰਾ ਹਰਿ ਬਲਵਾਨ, ਖਾਣੀ ਬਾਣੀ ਕਰ ਪਛਾਣ, ਜੀਆਂ ਜੰਤਾਂ ਦੇਵੇ ਦਾਨ, ਜੋ ਜਨ ਰਹੇ ਸਰਨਾਈਆ। ਜਾਗਰਤ ਜਗੇ ਭਗਵਾਨ, ਵਰਨ ਗੋਤ ਮਿਟੇ ਨਿਸ਼ਾਨ, ਏਕਾ ਰੰਗ ਚੜ੍ਹ ਸ਼ਬਦ ਤਰੰਗ ਆਪਣਾ ਆਪ ਵਖਾਈਆ। ਚਰਨ ਧੂੜ ਇਕ ਵਖਾਏ ਸਚ ਗੰਗ, ਗਊ ਗਰੀਬ ਨਿਮਾਣਿਆਂ ਕਟੇ ਭੁੱਖ ਨੰਗ, ਅੰਗ ਸੰਗ ਸੰਗ ਅੰਗ ਆਪ ਸਮਾਈਆ। ਨੌਂ ਖੰਡ ਨੌਂ ਦਵਾਰੇ ਲੱਗਾ ਜੰਗ, ਦਸਵੇਂ ਘਰ ਕੋਇ ਨਾ ਜਾਏ ਆਤਮ ਲੰਘ, ਸ਼ਬਦ ਰੰਗੀਲੇ ਪਲੰਘ ਹਰਿ ਬੈਠਾ ਗੁਣ ਨਿਧਾਨਿਆ। ਗੁਰਮੁਖ ਵਿਰਲਾ ਸਚ ਦਾਤ ਨਾਮ ਵਸਤ ਦਰ ਘਰ ਸਾਚੇ ਲਏ ਮੰਗ, ਅੱਠੇ ਪਹਿਰ ਰਹੇ ਪਰਭਾਤ ਆਤਮ ਅੰਤਰ ਵਹੇ ਸਾਚੀ ਗੰਗ, ਮਿਲੇ ਮੇਲ ਸੂਰੇ ਸਰਬੰਗ, ਆਵਣ ਜਾਵਣ ਗੇੜ ਚੁਕਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਿਚ ਬ੍ਰਹਿਮੰਡ ਵਰਭੰਡ ਚਲਾਏ ਆਪਣੇ ਭਾਣਿਆ। ਵਰਭੰਡ ਚਲਾਏ ਆਪਣੇ ਭਾਣੇ, ਆਪਣਾ ਭਾਣਾ ਆਪਣੇ ਹੱਥ ਰਖਾਈਆ। ਸ਼ਬਦ ਫੜੇ ਤੀਰ ਕਮਾਣੇ, ਰਸਨਾ ਚਿਲੇ ਆਪ ਚੜ੍ਹਾਈਆ। ਪੰਚ ਜਗਾਏ ਸੁਘੜ ਸਿਆਣੇ, ਪੰਚਾਂ ਬਸਤਰ ਸ਼ਸਤਰ ਨਾਮ ਅਸਤਰ ਆਪ ਸੁਹਾਈਆ। ਪੰਚ ਸੁਣਾਏ ਸਾਚੇ ਗਾਣੇ, ਪੰਚਮ ਰਾਗਾ ਆਪ ਅਖਵਾਈਆ। ਪੰਚਮ ਤਣਿਆ ਜਗਤ ਤਾਣੇ, ਪੰਚਮ ਫਿਰੇ ਮਾਤ ਹਲਕਾਈਆ। ਪੰਚ ਵਖਾਇਆ ਇਕ ਗਿਆਨੇ, ਮਿਲੇ ਮੇਲ ਸ੍ਰੀ ਭਗਵਾਨੇ, ਤਨ ਬੱਧੇ ਸਾਚੇ ਨਾਮ ਗਾਨੇ, ਹੋਏ ਸੱਚੀ ਕੁੜਮਾਈਆ। ਪੰਚਮ ਹੋਏ ਜਗਤ ਵੈਰਾਨੇ, ਆਪਣਾ ਆਪ ਨਾ ਕੋਈ ਪਛਾਣੇ, ਆਤਮ ਭਰਿਆ ਇਕ ਗੁਮਾਨੇ, ਹੰਕਾਰ ਵਿਕਾਰਾ ਆਤਮ ਤ੍ਰਿਸ਼ਨਾ ਇਕ ਰਖਾਈਆ। ਗੁਰਮੁਖ ਸਾਚਾ ਨੌਜਵਾਨੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਨਾਮ ਮਰਦੰਗ ਰਿਹਾ ਵਜਾਈਆ। ਨਾਮ ਮਰਦੰਗ ਵੱਜੇ ਤਨ ਅੰਦਰੇ, ਸਾਚੀ ਰਚਨ ਰਚਾਈਆ। ਹਰਿਜਨ ਵੇਖੇ ਜਗਤ ਦਵਾਰਾ ਅਗੇ ਲੰਘੇ, ਪ੍ਰਭ ਸਾਚੀ ਬਣਤ ਬਣਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਘੋੜੇ ਕਸਿਆ ਤੰਗੇ, ਆਪਣੀ ਹੱਥੀਂ ਵਾਗ ਗੁੰਦਾਈਆ। ਗੁਰਮੁਖ ਸਾਚੀ ਮੰਗ ਲੈਣ ਮੰਗੇ, ਸੋਲਾਂ ਕਲੀਆਂ ਤਨ ਸ਼ਿੰਗਾਰ ਸਦਾ ਰੰਗ ਰਲੀਆਂ ਪੁਰਖ ਭਤਾਰ ਆਤਮ ਸੇਜਾ ਇਕ ਸੁਹਾਈਆ। ਜੋਤ ਨਿਰੰਜਣ ਕਰ ਪਿਆਰ, ਨੇਤਰ ਅੰਜਨ ਕੱਜਲ ਧਾਰ, ਸੋਹੰ ਬਸਤਰ ਅਪਰ ਅਪਾਰ, ਚਰਨ ਪ੍ਰੀਤੀ ਸਾਚੀ ਨੀਤੀ ਫੂਲਨ ਬਰਖਾ ਏਕਾ ਵਾਰ, ਰੁੱਤ ਬਸੰਤੀ ਸਾਚਾ ਕੰਤੀ ਆਪੇ ਆਪ ਸੁਹਾਈਆ। ਦਿਵਸ ਰੈਣ ਰਹੇ ਮੰਗਲਾਚਾਰ, ਸੁਣੇ ਸੁਣਾਏ ਆਪ ਸੁਣਨੇਹਾਰ, ਬੈਠਾ ਦਸਵੇਂ ਘਰ ਦਰ ਸਚ ਸੱਚੇ ਦਰਬਾਰ। ਨਾ ਕੋਈ ਜਾਣੇ ਜੀਵ ਭਾਂਡਾ ਕੱਚ, ਨੌਂ ਦਵਾਰੇ ਰਹੇ ਨੱਚ, ਮਾਇਆ ਮਮਤਾ ਰਹੀ ਮਚ, ਗੁਰਮੁਖ ਵਿਰਲਾ ਉਧਰੇ ਪਾਰ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਬਖ਼ਸ਼ੇ ਧੁਰ ਦਰਗਾਹੀ ਚਰਨ ਪਿਆਰ। ਚਰਨ ਪਿਆਰ ਜਿਸ ਜਨ ਪਾਇਆ। ਸ਼ਬਦ ਘੋੜੇ ਹੋ ਅਸਵਾਰ, ਅੰਦਰ ਮੰਦਰ ਕੁੰਡਾ ਲਾਹਿਆ। ਮਿਲੇ ਮੇਲ ਪ੍ਰਭ ਮੀਤ ਮੁਰਾਰ, ਉਚਾ ਲੰਮਾ ਕੋਈ ਦਿਸ ਨਾ ਆਇਆ। ਕੰਤ ਭਤਾਰੀ ਨਰ ਨਿਰੰਕਾਰੀ ਏਕਾ ਵੇਖੇ ਸਾਂਝਾ ਯਾਰ, ਸਭ ਘਟ ਅੰਦਰ ਆਪ ਸਮਾਇਆ। ਸੀਤਲ ਠਾਂਢਾ ਦਰ ਦਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਜਗਤ ਵਰ, ਆਪਣੀ ਗੋਦ ਰਿਹਾ ਉਠਾਇਆ। ਆਪ ਆਪਣੀ ਗੋਦ ਉਠਾਏ, ਗੁਰ ਗੋਬਿੰਦ ਗੋਪਾਲਾ। ਹਰਿਜਨ ਹਿਰਦਾ ਸੋਧ ਵਖਾਏ, ਦੇਵੇ ਦਾਤ ਵਡ ਕਰਾਮਾਤ ਕਮਲਾਪਾਤ ਹਰਿ ਸ਼ਬਦ ਕਿਰਪਾਲਾ। ਅਗਾਧ ਬੋਧ ਬੋਧ ਅਗਾਧ ਜਣਾਏ, ਆਤਮਕ ਧੁਨ ਇਕ ਉਪਜਾਏ, ਸੁਨ ਮੁਨ ਪ੍ਰਭ ਦਏ ਤੁੜਾਏ, ਦੀਪਕ ਜੋਤ ਕਰ ਉਜਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਸਦਾ ਸ਼ਾਹ ਨਾ ਹੋਏ ਕੰਗਾਲਾ। ਜਗਤ ਸ਼ਾਹ ਕਲ ਹੋਏ ਕੰਗਾਲ। ਕੋਈ ਨਾ ਮਿਲੇ ਧੁਰ ਦਰਗਾਹ ਸਚ ਮਲਾਹ, ਚਾਰੋਂ ਕੁੰਟ ਥੱਕੇ ਭਾਲ। ਪੰਚ ਵਿਕਾਰਾ ਫੜਿਆ ਰਾਹ, ਧਰਮ ਰਾਏ ਗਲ ਪਾਏ ਫਾਹ, ਕੋਇ ਨਾ ਸਕੇ ਮਾਤ ਸੁਰਤ ਸੰਭਾਲ। ਲਾੜੀ ਮੌਤ ਆਪਣਾ ਆਪੇ ਲਾਏ ਦਾਅ, ਘਰ ਘਰ ਉਡੇ ਅੰਤਮ ਕਾਂ, ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਹੋਵੇ ਕੋਈ ਸਹਾਈਆ। ਕੋਈ ਨਾ ਦੇਵੇ ਠੰਢੀ ਛਾਂ, ਏਕਾ ਭੁੱਲਿਆ ਹਰਿ ਹਰਿ ਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਇਕ ਦਵਾਰਾ ਬੰਕ ਆਪਣਾ ਆਪ ਵਖਾਈਆ। ਬੰਕ ਦਵਾਰਾ ਛੱਡ, ਜਗਤ ਸਮਾਇਆ। ਨਰ ਨਿਰੰਕਾਰਾ ਅੰਦਰੋਂ ਕੱਢ, ਹੰਕਾਰ ਵਿਕਾਰ ਭਰਾਇਆ। ਵੇਲੇ ਅੰਤਮ ਕਵਣ ਲਡਾਏ ਲਡ, ਮੋਹ ਪਿਆਰਾ ਸਾਚਾ ਸਚ ਨਾ ਕਿਸੇ ਕਮਾਇਆ। ਅੰਤਮ ਸਾਕ ਸੱਜਣ ਸੈਣ, ਮਾਤ ਪਿਤ ਭਾਈ ਭੈਣ ਸਭ ਦੇਣੇ ਛਡ, ਧਰਮ ਰਾਏ ਡੰਕ ਵਜਾਇਆ। ਕਿਸੇ ਕੰਮ ਨਾ ਆਵੇ ਨਾੜੀ ਮਾਸ ਹੱਡ, ਜੂਠਾ ਝੂਠਾ ਵਿਕਾਰ ਵਧਾਇਆ। ਏਕਾ ਏਕ ਪ੍ਰਭ ਚਰਨ ਟੇਕ, ਜਗਤ ਮਾਇਆ ਨਾ ਲਾਏ ਸੇਕ, ਪ੍ਰਭ ਨਾਮ ਝੰਡਾ ਗੁਰਮੁਖ ਸਾਚੇ ਗੱਡ, ਦੋ ਜਹਾਨੀ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਭਰਮ ਭੁਲੇਖਾ ਦੇਵੇ ਕੱਢ, ਦੂਈ ਦਵੈਤੀ ਅੰਦਰ ਵੱਢ, ਆਪ ਆਪਣੇ ਰੰਗ ਰੰਗਾਇਆ। ਰੰਗੇ ਰੰਗ ਕਰਤਾਰ, ਕਾਇਆ ਚੋਲੀ ਰੱਤਿਆ। ਜਨ ਭਗਤਾਂ ਕਰੇ ਪਿਆਰ, ਆਪੇ ਦੇ ਸਮਝਾਵੇ ਮੱਤਿਆ। ਕਲਜੁਗ ਅੰਤਮ ਹੋਣ ਖੁਆਰ, ਏਕਾ ਵਗੇ ਵਾ ਤੱਤਿਆ। ਸੱਤਾਂ ਦੀਪਾਂ ਕੋਇ ਨਾ ਪਾਵੇ ਸਾਰ, ਨਾ ਕੋਈ ਦਿਸੇ ਨਾਰ ਸਤਿਆ। ਭਰੇ ਰਹਿਣ ਖਾਲੀ ਭੰਡਾਰ, ਨਾ ਕੋਈ ਸਵਾਣੀ ਸਿਰ ਉਠਾਏ ਭੱਤਿਆ। ਨਾਤਾ ਤੁਟੇ ਮੀਤ ਮੁਰਾਰ, ਨਾਰੀ ਖੌਤ ਨਾ ਕਰੇ ਪਿਆਰ, ਨਾ ਕੋਈ ਦੇਵੇ ਧੀਰਜ ਜੱਤਿਆ। ਚਾਰੋਂ ਕੁੰਟ ਹਾਹਾਕਾਰ, ਸ਼ਬਦ ਮਾਰੇ ਡਾਹਢੀ ਮਾਰ, ਕਰੇ ਖੇਲ ਪ੍ਰਭ ਕਮਲਾਪਤਿਆ। ਜੀਵ ਜੰਤ ਦੂਤ ਦੁਸ਼ਟ ਨਾਰ ਵਿਭਚਾਰ, ਵੇਲੇ ਅੰਤ ਨਾ ਕੋਈ ਸਹਾਰ, ਲਥੀ ਪਤ ਉਬਲੀ ਰਤ, ਨਾ ਮਿਲਿਆ ਮੇਲ ਪਤ ਪਤੀ ਪਤਵੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੰਤ ਸੁਹੇਲੇ ਲਏ ਉਭਾਰ, ਦੇਵੇ ਦਰਸ਼ਨ ਅਗੰਮ ਅਪਾਰ, ਏਕਾ ਏਕ ਚਰਨ ਕਵਲ ਕਵਲ ਚਰਨ ਉਪਰ ਧਵਲ ਬਣਾਏ ਸਾਚਾ ਨੱਤਿਆ। ਚਰਨ ਨਾਤਾ ਜੋੜ, ਗੁਰਮੁਖ ਤਰਾਈਆ। ਧੁਰ ਦਰਗਾਹੀ ਆਇਆ ਦੌੜ, ਮਾਤ ਕੁੱਖ ਨਾ ਕੋਈ ਉਠਾਈਆ। ਆਪੇ ਆਪ ਬ੍ਰਹਿਮਣ ਗੌੜ, ਸ਼ਬਦ ਜੋਤ ਸਪੂਤਾ ਆਪ ਉਪਜਾਈਆ। ਸੰਬਲ ਨਗਰ ਵੇਖੇ ਲੰਮਾ ਚੌੜ, ਸਾਢੇ ਤਿੰਨ ਹੱਥ ਆਪ ਬਣਾਈਆ। ਜੋਤ ਨਿਰੰਜਣ ਸਾਚਾ ਸ਼ਬਦ ਲਾਏ ਪੌੜ, ਆਪੇ ਚੜ੍ਹ ਚੜ੍ਹ ਵੇਖ ਵਖਾਈਆ। ਲੱਖ ਚੁਰਾਸੀ ਵੇਖੇ ਮਿੱਠਾ ਕੌੜ, ਭੰਨੇ ਭੰਨਣਹਾਰ ਰਘੁਰਾਈਆ। ਦੋ ਜਹਾਨੀ ਰਿਹਾ ਦੌੜ, ਬੇੜਾ ਬੰਨ੍ਹਣਹਾਰ ਦਾਤਾਰ ਕਲਜੁਗ ਬੇੜਾ ਬੰਨ੍ਹੇ ਲਾਈਆ। ਗੁਰਮੁਖਾਂ ਆਤਮ ਲੱਗੀ ਏਕਾ ਔੜ, ਪ੍ਰਭ ਅੰਮ੍ਰਿਤ ਆਤਮ ਮੁਖ ਬਰਸ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਏਕਾ ਦੇਵੇ ਸ਼ਬਦ ਵਰ, ਜਗਤ ਭੰਡਾਰਾ ਦੇਵੇ ਭਰ, ਆਪ ਆਪਣਾ ਜਿਹਾ ਕਰ, ਆਪਣੀ ਗੋਦ ਆਪ ਉਠਾਈਆ। ਆਪ ਆਪਣੀ ਗੋਦ ਉਠਾਏ ਗੁਰਮੁਖ ਸਾਚੇ ਲਾਲ। ਪੁਰਖ ਅਬਿਨਾਸ਼ੀ ਦਇਆ ਕਮਾਏ, ਦੀਨਾਂ ਬੰਧੂ ਦੀਨ ਦਿਆਲ। ਸਾਚੀ ਨਈਆ ਨਾਮ ਚਲਾਏ ਪਕੜ ਬਿਠਾਏ, ਨਾ ਕੋਈ ਜਣਾਏ ਸ਼ਾਹ ਕੰਗਾਲ। ਸਾਚਾ ਸਈਆ ਆਪ ਅਖਵਾਏ, ਭੈਣਾ ਭਈਆ ਜਗਤ ਹੋ ਜਾਏ, ਜਗਤ ਅਵੱਲੜੀ ਚਲੇ ਚਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਚਰਨ ਪਿਆਰ, ਫ਼ਲ ਲਗਾਏ ਕਾਇਆ ਡਾਲ੍ਹ। ਕਾਇਆ ਡਾਲ ਲਗਾ ਫ਼ਲ, ਪ੍ਰਭ ਸਾਚੇ ਮਾਤ ਲਗਾਇਆ। ਅੰਮ੍ਰਿਤ ਆਤਮ ਸੁਹਾਇਆ ਤਾਲ, ਗੁਰਮੁਖ ਸਾਚਾ ਨੁਹਾਵਣ ਆਇਆ। ਮਿਲੀ ਵਸਤ ਨਾਮ ਧਨ ਸੱਚਾ ਮਾਲ, ਜਗਤ ਜੰਜ਼ਾਲਾ ਮੋਹ ਚੁਕਾਇਆ। ਧੁਰ ਦਰਗਾਹੀ ਆਪ ਦਲਾਲ, ਕਲਜੁਗ ਅੰਤ ਕਰੇ ਪ੍ਰਿਤਪਾਲ, ਜਿਸ ਜਨ ਪੱਲਾ ਆਪ ਫੜਾਇਆ। ਸ਼ਬਦ ਸਰੂਪੀ ਮਾਰ ਉਛਾਲ, ਹਰਿਜਨ ਸੰਤ ਸੁਹੇਲੇ ਆਪ ਆਪਣੇ ਲਏ ਭਾਲ, ਅੰਦਰੇ ਅੰਦਰ ਸਾਚੇ ਮੰਦਰ ਸ਼ਬਦ ਡੋਰੀ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਚਰਨ ਪਿਆਰ, ਬਤੀ ਦੰਦ ਹਰਿ ਬਖ਼ਸ਼ਿੰਦ, ਮਾਤ ਸੀਰ ਅੰਮ੍ਰਿਤ ਨੀਰ ਕਟੇ ਹਉਮੇ ਪੀੜ, ਸੁਖ ਸਾਂਤਕ ਸਹਿਜ ਸਹਿਜ ਸਮਾਇਆ। ਜੋਤ ਅਕਾਲਣ ਮੰਗਤੀ, ਗੁਰਸਿਖ ਤੇਰੇ ਪਿਆਰ ਦੀ। ਮਾਤ ਰਖਾਏ ਸਾਚੀ ਸੰਗਤੀ, ਸਿੱਕ ਤੇਰੇ ਦੀਦਾਰ ਦੀ। ਅੱਠੇ ਪਹਿਰ ਭੁੱਖ ਨੰਗਤੀ, ਕਰੇ ਵੇਸ ਸ਼ਬਦ ਸ਼ਿੰਗਾਰਦੀ। ਆਪੇ ਹੋਏ ਅੰਗ ਸੰਗ ਸੰਗਤੀ, ਬਜਰ ਕਪਾਟੀ ਦੇਵੇ ਪਾੜ। ਰੂਹ ਨਿਮਾਣੀ ਵਿਰਲੀ ਆਏ ਦਰ ਮੰਗਤੀ, ਮਿਲਾਏ ਮੇਲ ਪ੍ਰਭ ਸਾਚੇ ਲਾੜ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਦਰਸ ਦਿਖਾਏ ਦਇਆ ਕਮਾਏ, ਨੇੜ ਨਾ ਆਏ ਪੰਚਮ ਧਾੜ।