ਪਹਿਲੀ ਮੱਘਰ ੨੦੧੪ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਬਿਨਾਸ਼ੀ ਆਦਿ ਅੰਤ, ਆਪਣੀ ਰਚਨ ਰਚਾਈਆ। ਮੇਲ ਮਿਲਾਵਾ ਸਾਚੇ ਸੰਤ, ਆਪ ਆਪਣਾ ਰਿਹਾ ਕਰਾਈਆ। ਆਪੇ ਪੁਰਖ ਆਪੇ ਨਾਰੀ ਹੋਏ ਕੰਤ, ਸੇਜ ਸੁਹਾਵੀ ਆਪ ਸੁਹਾਈਆ। ਆਪੇ ਰਸਨ ਜਿਹਵਾ ਮਣੀਆ ਮੰਤ, ਨਾਮ ਨਾਮਾ ਆਪ ਅਖਵਾਈਆ। ਆਪੇ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਫੁਲ ਫੁਲਵਾੜੀ ਵੇਖ ਵਖਾਈਆ। ਆਪੇ ਮਾਇਆ ਪਾਏ ਜਗਤ ਬੇਅੰਤ, ਭਰਮ ਭੁਲੇਖੇ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਪੁਰਖ ਆਪ ਅਖਵਾਈਆ। ਕਰਤਾ ਪੁਰਖ ਆਪ ਨਿਰੰਜਣ, ਏਕਾ ਜੋਤ ਸਮਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਹਰ ਘਟ ਬੈਠਾ ਆਸਣ ਲਾਇਆ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇਆ। ਧੁਰ ਦਰਗਾਹੀ ਸਾਚਾ ਸੱਜਣ, ਹਰਿਜਨ ਸਾਚੇ ਮੇਲ ਮਿਲਾਇਆ। ਜਨ ਭਗਤਾਂ ਧੂੜ ਕਰਾਏ ਸਾਚਾ ਮਜਨ, ਦਰ ਦਵਾਰੇ ਫੇਰਾ ਪਾਇਆ। ਹਰਿਜਨ ਅੰਮ੍ਰਿਤ ਆਤਮ ਪੀ ਪੀ ਰੱਜਣ, ਹਰਿ ਨਿਝਰ ਧਾਰ ਵਹਾਇਆ। ਲੋਕਮਾਤ ਆਇਆ ਪੜਦੇ ਕੱਜਣ, ਆਪ ਆਪਣਾ ਭੇਖ ਵਟਾਇਆ। ਮੂਰਖ ਮੁਗਧ ਉਧਾਰੇ ਜਿਉਂ ਨਾਨਕ ਠੱਗ ਸੱਜਣ, ਜੋ ਜਨ ਸਰਨ ਸਰਨਾਈ ਆਇਆ। ਭਾਂਡੇ ਗੜ੍ਹ ਹੰਕਾਰੀ ਭੱਜਣ, ਥਿਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨਹਾਰ ਆਪ ਅਖਵਾਇਆ। ਕਰਨਹਾਰ ਆਪ ਕਰਤਾਰਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਸੰਸਾਰਾ, ਆਪ ਆਪਣੀ ਬਣਤ ਬਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਪਸਾਰਾ, ਵੇਸ ਅਵੇਸਾ ਵੇਸ ਵਟਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕਾ ਜਾਮ ਪਿਆਇੰਦਾ। ਗੁਰ ਗੋਬਿੰਦਾ ਦਰ ਭਿਖਾਰਾ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਆਪ ਆਪਣੀ ਦਇਆ ਕਮਾਇੰਦਾ। ਏਕਾ ਦੇਵੇ ਨਾਮ ਹੁਲਾਰਾ, ਆਤਮ ਅੰਤਰ ਗਿਆਨ ਦ੍ਰਿੜਾਇੰਦਾ। ਅਕਾਲ ਮੂਰਤ ਅਜੂਨੀ ਜੂਨ ਰਹਿਤ ਨਾ ਕੋਈ ਪਾਵੇ ਸਾਰਾ, ਅਗੰਮ ਅਗੰਮਾ ਦੇਵੇ ਧਾਰਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਨਾਨਕ ਗੁਰ ਢਹਿ ਪਿਆ ਦਵਾਰਾ, ਪ੍ਰਭ ਆਪਣੀ ਗੋਦ ਉਠਾਇੰਦਾ। ਦੇਵੇ ਨਾਮ ਅਪਰ ਅਪਾਰਾ, ਨਾਮ ਸਤਿ ਮੰਤਰ ਦ੍ਰਿੜਾਇੰਦਾ। ਸੋ ਪੁਰਖ ਨਿਰੰਜਣ ਤੇਰਾ ਖੇਲ ਨਿਆਰਾ, ਹੰ ਹੰਗਤਾ ਮੇਟ ਮਿਟਾਇੰਦਾ। ਏਕਾ ਦੀਪਕ ਜੋਤ ਕਰ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਨਾ ਕੋਈ ਗੁਰੂਦਵਾਰਾ ਨਾ ਦਿਸੇ ਧਰਮਸਾਲਾ, ਨਾਨਕ ਕਾਇਆ ਇਕ ਸੁਹਾਇੰਦਾ। ਪਰਗਟ ਹੋਵੇ ਹਰਿ ਨਿਰੰਕਾਰਾ, ਨਿਰਗੁਣ ਖੇਲ ਖਿਲਾਇੰਦਾ। ਸਰਗੁਣ ਤੇਰਾ ਬਹੱਤਰ ਨਾੜੀ ਵੱਜੇ ਤਾੜਾ, ਛੱਤੀ ਰਾਗ ਅਲਾਇੰਦਾ। ਵੇਖੇ ਵਿਗਸੇ ਕਰ ਵਿਚਾਰਾ, ਕੀਰਤਨ ਕੀਰਤ ਕਰਤਾ ਆਪ ਕਰਾਇੰਦਾ। ਪੰਚਮ ਗਾਵਣ ਵਾਰੋ ਵਾਰਾ, ਸੇਵਕ ਸੇਵਾ ਆਪੇ ਲਾਇੰਦਾ। ਆਪੇ ਵਸਿਆ ਸਭ ਤੋਂ ਬਾਹਰਾ, ਹਰ ਘਟ ਆਪ ਸਮਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਗੁਰ ਗੋਬਿੰਦਾ ਸੁਤ ਦੁਲਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਲਹਿਣਾ ਦੇਣਾ ਵਿਚ ਸੰਸਾਰਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਆਪ ਲਟਕਾਇੰਦਾ। ਅਟੱਲ ਮਹੱਲ ਚੜ੍ਹ ਦਸਮ ਦਵਾਰਾ, ਚੋਟੀ ਸੋਟੀ ਏਕਾ ਸ਼ਬਦ ਫੜਾਇੰਦਾ। ਸੁੰਨ ਅਗੰਮੋ ਪਾਰ ਕਿਨਾਰਾ, ਸੋਹੰ ਦੇਸ ਸੁਹਾਇੰਦਾ। ਸੋ ਪੁਰਖ ਨਿਰੰਜਣ ਮੇਲ ਮਿਲਾਏ ਗੁਰ ਗੋਬਿੰਦ ਜਗਤ ਦੁਲਾਰਾ, ਏਕਾ ਨਾਮ ਦ੍ਰਿੜਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਭੇਵ ਅਭੇਦਾ ਆਪ ਜਣਾਇੰਦਾ। ਲਾਜ ਰਖਾਏ ਕੇਸ ਛੁਹਾਏ ਦਾਹੜਾ, ਪੰਜ ਤਤ ਰੱਤ ਮਤ ਮਨ ਬੁਧ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਪੁਰਖ ਆਪ ਹੋ ਆਇੰਦਾ। ਕਰਤਾ ਪੁਰਖ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਜੋਤੀ ਜਾਮਾ ਭੇਖ ਵਟਾਇੰਦਾ। ਗੁਰਮੁਖ ਸਾਜਣ ਮੀਤ ਮੁਰਾਰ, ਆਪ ਆਪਣੇ ਰੰਗ ਰੰਗਾਇੰਦਾ। ਦੇਵੇ ਦਰਸ ਅਗੰਮ ਅਪਾਰ, ਆਤਮ ਦਰਸੀ ਆਪ ਅਖਵਾਇੰਦਾ। ਬਜਰ ਕਪਾਟੀ ਦੇਵੇ ਪਾੜ, ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਮਿਟਾਇੰਦਾ। ਇਕ ਵਖਾਏ ਸਚ ਅਖਾੜ, ਪੁਰਖ ਅਬਿਨਾਸ਼ੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਕੰਤ ਸੁਹਾਗ ਅਖਵਾਇੰਦਾ। ਸਾਚਾ ਕੰਤ ਹਰਿ ਸੁਹਾਗ, ਏਕਾ ਏਕ ਅਖਵਾਇਆ। ਗਾ ਗਾ ਥੱਕੇ ਛੱਤੀ ਰਾਗ, ਨਾਨਕ ਨਿਰਗੁਣ ਸੇਵਾ ਲਾਇਆ। ਤਾਲ ਤਲਵਾੜਾ ਵੱਜੇ ਸਾਚਾ ਨਾਦ, ਧੁਨ ਧੁਨਕਾਰਾ ਇਕ ਰਖਾਇਆ। ਜਾਣੇ ਜਣਾਏ ਬੋਧ ਅਗਾਧ, ਭੇਵ ਕਿਸੇ ਨਾ ਪਾਇਆ। ਪੁਰਖ ਅਬਿਨਾਸ਼ੀ ਦੇਵਣਹਾਰਾ ਆਪਣੀ ਦਾਦ, ਜੁਗ ਜੁਗ ਦੇਵਣਹਾਰ ਆਪ ਅਖਵਾਇਆ। ਸਾਧ ਸੰਤ ਕੋਟਨ ਕੋਟ ਰਹੇ ਅਰਾਧ, ਗੁਰਮੁਖ ਵਿਰਲੇ ਵਰ ਘਰ ਪਾਇਆ। ਜਿਸ ਜਨ ਮਿਲਿਆ ਮੋਹਣ ਮਾਧਵ ਮਾਧ, ਮੇਲ ਵਿਛੋੜਾ ਜਗਤ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਅੱਖਰ ਨਾਮ ਵੱਖਰ ਚਾਰ ਵਰਨ ਸ੍ਰਿਸ਼ਟ ਸਬਾਈ ਰਿਹਾ ਪੜ੍ਹਾਇਆ। ਏਕਾ ਅੱਖਰ ਹਰਿ ਸੁਲਤਾਨ, ਆਪਣਾ ਆਪ ਚਲਾਇੰਦਾ। ਸਤਿਜੁਗ ਸਾਚਾ ਕਰ ਪਰਵਾਨ, ਲੋਕਮਾਤ ਚਰਨ ਟਿਕਾਇੰਦਾ। ਪਰਗਟ ਹੋ ਵਿਚ ਜਹਾਨ, ਇਕ ਨਿਸ਼ਾਨ ਵਖਾਇੰਦਾ। ਏਕਾ ਸੁਰਤੀ ਇਕ ਗਿਆਨ, ਇਕ ਧਿਆਨ ਜਣਾਇੰਦਾ। ਵੇਦ ਪੁਰਾਨ ਅੰਜੀਲ ਕੁਰਾਨ ਸਰਬ ਮਿਟ ਜਾਣ, ਖਾਣੀ ਬਾਣੀ ਹੋਏ ਹੈਰਾਨ, ਨਾਰਦ ਮੁਨ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਹਰਿ ਭਗਵਾਨ, ਜੁਗ ਜੁਗ ਆਪਣੀ ਜਾਣੇ ਆਣ, ਧਰਤ ਮਾਤ ਮੰਗੇ ਦਾਨ, ਭਗਤ ਸੁਹੇਲੇ ਕਰ ਪਛਾਨ, ਨਾਮ ਨਿਧਾਨ ਝੋਲੀ ਪਾਇੰਦਾ। ਕਲਜੁਗ ਅੰਤਮ ਮੇਟ ਮਿਟਾਏ ਜਗਤ ਸ਼ੈਤਾਨ, ਜੂਠ ਝੂਠ ਸਰਬ ਮਿਟ ਜਾਣ, ਸਚ ਸੁੱਚ ਕਰ ਬਲਵਾਨ, ਲੋਕਮਾਤ ਆਪ ਟਿਕਾਇੰਦਾ। ਸੋਹੰ ਸ਼ਬਦ ਸਚ ਨਿਸ਼ਾਨ, ਨੌਂ ਖੰਡ ਪ੍ਰਿਥਮੀ ਆਪ ਜਣਾਇੰਦਾ। ਸੱਤਾਂ ਦੀਪਾਂ ਇਕ ਗਿਆਨ, ਏਕਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਕਾਸ਼ ਪਰਕਾਸ਼ ਵੇਖ ਵਖਾਇੰਦਾ। ਆਕਾਸ਼ ਪਰਕਾਸ਼ ਹਰਿ ਜੋਤ ਜਗਾ, ਆਪਣੀ ਕਲ ਵਰਤਾਇੰਦਾ। ਸੁਰਪਤ ਰਾਜਾ ਇੰਦ ਦਏ ਹਿਲਾ, ਕਰੋੜ ਤੇਤੀਸਾ ਨਾਲ ਰਲਾਇੰਦਾ। ਲੋਕਮਾਤੀ ਫੇਰੀ ਪਾ, ਕਲਜੁਗ ਅੰਤਮ ਵੇਖ ਵਖਾਇੰਦਾ। ਰਾਜ ਰਾਜਾਨਾ ਦਏ ਜਗਾ, ਸ਼ਾਹ ਸੁਲਤਾਨਾ ਆਪ ਸਮਝਾਇੰਦਾ। ਮਰਦ ਮਰਦਾਨਾ ਆਪ ਹੋ ਜਾ, ਏਕਾ ਡੰਕਾ ਆਪ ਵਜਾਇੰਦਾ। ਤੀਰ ਨਿਸ਼ਾਨਾ ਇਕ ਰਖਾ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਗੁਰ ਗੋਬਿੰਦਾ ਸੰਗ ਰਲਾ, ਬਸਤਰ ਸਸ਼ਤਰ ਤਨ ਪਹਿਨਾ, ਸਾਚੇ ਅਸਵ ਆਪ ਚੜਾਇੰਦਾ। ਪਹਿਲਾ ਪੌੜਾ ਲਏ ਉਠਾ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਸੋਹੰ ਮੁੱਠਾ ਤਨ ਬੰਧਾ, ਆਪ ਆਪਣਾ ਭਾਰ ਚੁਕਾਇੰਦਾ। ਦੂਸਰ ਕੋਈ ਰਹਿਣ ਨਾ ਪਾ, ਤੀਰਥ ਅਠਸਠਾ ਦਏ ਮਿਟਾ, ਕਲਜੁਗ ਖੇਲ ਖਿਲਾਇੰਦਾ। ਸਤਿਜੁਗ ਤੇਰੀ ਸਾਚੀ ਚੱਠਾ ਰਿਹਾ ਕਰਾ, ਸੰਮਤ ਚੌਦਾਂ ਲੇਖ ਲਿਖਾਇੰਦਾ। ਸੰਮਤ ਪੰਦਰਾਂ ਭੱਠਾ ਦਏ ਤਪਾ, ਤ੍ਰੈਗੁਣ ਅਗਨੀ ਲਾਇੰਦਾ। ਸੰਮਤ ਸੋਲਾਂ ਜਗਤ ਵਿਕਾਰਾ ਇਕੱਠਾ ਦਏ ਕਰਾ, ਆਪਣੀ ਬਣਤ ਬਣਾਇੰਦਾ। ਸੰਮਤ ਸਤਾਰਾਂ ਉਲਟੀ ਲੱਠਾ ਦਏ ਗਿੜਾ, ਸਰ ਅੰਮ੍ਰਿਤ ਥੇਹ ਕਰਾਇੰਦਾ। ਸੰਮਤ ਅਠਾਰਾਂ ਦਏ ਰੁੜ੍ਹਾ, ਜਲ ਧਾਰਾ ਆਪ ਵਹਾਇੰਦਾ। ਉਨੀ ਉਨੀਸਾ ਤੇਰਾ ਕੋਈ ਨਾ ਸਕੇ ਨਾਅਰਾ ਲਾ, ਅੱਲਾ ਰਾਣੀ ਦਏ ਦੁਹਾਈ ਨਾ ਕੋਈ ਸੰਗ ਸੰਗ ਨਿਭਾਇੰਦਾ। ਬੀਸ ਬੀਸਾ ਹਰਿ ਜੋਤ ਜਗਾ, ਆਪ ਆਪਣਾ ਵੇਖ ਵਖਾਇੰਦਾ। ਨਿਹਕਲੰਕਾ ਡੰਕ ਵਜਾ, ਸ੍ਰਿਸ਼ਟ ਸਬਾਈ ਆਪ ਹਿਲਾਇੰਦਾ। ਰਾਜ ਰਾਜਾਨ ਕੋਈ ਦਿਸੇ ਨਾ, ਨਾ ਕੋਈ ਤਾਜ ਹੰਢਾਇੰਦਾ। ਦਰ ਦਰਬਾਨ ਨਾ ਕੋਈ ਲਏ ਬਹਾ, ਨਾ ਕੋਈ ਹੁਕਮ ਜਣਾਇੰਦਾ। ਪੁਰਖ ਅਬਿਨਾਸ਼ੀ ਏਕਾ ਏਕ ਵਖਾਏ ਆਪਣਾ ਨਾਂ, ਦੂਸਰ ਕੋਈ ਦਿਸ ਨਾ ਆਇੰਦਾ। ਗੁਰ ਗੋਬਿੰਦਾ ਦੇਵੇ ਠੰਡੀ ਛਾਂ, ਪੰਦਰਾਂ ਕੱਤਕ ਆਪ ਸੁਹਾਇੰਦਾ। ਸੱਤ ਰੰਗ ਨਿਸ਼ਾਨਾ ਦਏ ਚੜ੍ਹਾ, ਆਪ ਆਪਣੀ ਰਚਨ ਰਚਾਇੰਦਾ। ਸਤਿਜੁਗ ਤੇਰੀ ਸਾਚੀ ਨਈਆ ਦਏ ਚਲਾ, ਸੋਹੰ ਚੱਪੂ ਲਾਇੰਦਾ। ਮਨਮੁਖ ਜੀਵਾਂ ਅੰਤ ਮਿਟਾ, ਏਕਾ ਦੂਜਾ ਭਉ ਚੁਕਾਇੰਦਾ। ਜਨ ਭਗਤਾਂ ਤੀਜਾ ਨੇਤਰ ਆਪ ਖੁਲ੍ਹਾ, ਏਕਾ ਧਾਮ ਸੁਹਾਇੰਦਾ। ਨਿਜ ਘਰ ਆਤਮ ਵੇਖੇ ਥਾਉਂ ਥਾਂ, ਚੌਥਾ ਘਰ ਹਰਿ ਸੁਹਾ, ਏਕਾ ਪਦ ਸਮਾਇੰਦਾ। ਪੰਚਮ ਗੁਣ ਆਪਣਾ ਗਾ, ਗੋਬਿੰਦ ਮੇਲ ਮਿਲਾਇੰਦਾ। ਮਾਤਾ ਗੁਜਰੀ ਨਾ ਪੁਕਾਰੇ ਲੈ ਕੇ ਨਾਂ, ਤੇਗ ਬਹਾਦਰ ਨਾ ਗੋਦ ਉਠਾਇੰਦਾ। ਜੋਤ ਨਿਰੰਜਣ ਆਦਿ ਪੁਰਖ ਬਣੀ ਸਾਚੀ ਮਾਂ, ਸਤਿ ਪੁਰਖ ਸਾਚਾ ਪਿਤਾ ਆਪ ਹੋ ਜਾਇੰਦਾ। ਸੰਬਲ ਨਗਰੀ ਧਾਮ ਸੁਹਾ, ਆਪ ਆਪਣੀ ਜੋਤ ਪਰਗਟਾਇੰਦਾ। ਆਪ ਆਪਣਾ ਵਿਚ ਟਿਕਾ, ਗੋਬਿੰਦ ਗੜ੍ਹ ਸੁਹਾਇੰਦਾ। ਉਚਾ ਨੀਵਾਂ ਨਾ ਕੋਈ ਦਿਸੇ ਥਾਂ, ਏਕਾ ਰੰਗ ਰੰਗਾਇੰਦਾ। ਨੌਂ ਖੰਡ ਪ੍ਰਿਥਮੀ ਜਪਾਏ ਆਪਣਾ ਨਾਂ, ਸੋਹੰ ਸੋ ਰਸਨ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ। ਨਰ ਨਰਾਇਣ ਹਰਿ ਆਪ ਕਰਤਾਰ, ਅਕਲ ਕਲ ਵਰਤਾਈਆ। ਜੋਤੀ ਨੂਰ ਕਰ ਆਕਾਰ, ਵੇਖ ਵਖਾਏ ਥਾਉਂ ਥਾਈਂਆ। ਸ਼ਬਦ ਖੰਡਾ ਤੇਜ ਕਟਾਰ, ਹਰਿ ਮਾਰੇ ਬੇਪਰਵਾਹੀਆ। ਲੋਆਂ ਪੁਰੀਆਂ ਪਾਰ ਕਿਨਾਰ ਪਾਵੇ ਸਾਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਖੇਲੇ ਖੇਲ ਵਿਚ ਸੰਸਾਰ, ਖੇਲਣਹਾਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨਣੀ ਜਨ ਏਕ ਜਨ, ਪੂਤ ਸਪੂਤਾ ਇਕ ਉਪਾਈਆ। ਪੂਤ ਸਪੂਤਾ ਹਰਿ ਗੋਬਿੰਦ, ਹਰਿ ਹਰਿ ਚਿੰਤ ਮਿਟਾਈਆ। ਆਪ ਉਪਾਏ ਆਪਣੀ ਬਿੰਦ, ਆਪਣਾ ਰੰਗ ਰੰਗਾਈਆ। ਆਪ ਵਹਾਏ ਅੰਮ੍ਰਿਤ ਧਾਰਾ ਸਾਗਰ ਸਿੰਧ, ਆਪੇ ਰਿਹਾ ਰੁੜਾਈਆ। ਆਪੇ ਹੋਏ ਦਾਤਾ ਦਾਨੀ ਹਰਿ ਬਖ਼ਸ਼ਿੰਦ, ਆਪੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਮੇਲਾ ਸਚ ਘਰ, ਮੇਲਣਹਾਰ ਕਰਤਾਰਾ। ਦੋ ਜਹਾਨਾਂ ਮਿਲਿਆ ਵਰ, ਪਾਇਆ ਪੁਰਖ ਅਗੰਮ ਅਪਾਰਾ। ਨਾ ਜਨਮੇ ਨਾ ਜਾਏ ਮਰ, ਆਵੇ ਜਾਵੇ ਵਾਰੋ ਵਾਰਾ। ਆਪਣੀ ਕਰਨੀ ਰਿਹਾ ਕਰ, ਕਰਨਹਾਰ ਕਰਤਾਰਾ। ਧਰਨੀ ਧਰਤ ਧਵਲ ਉਪਰ ਧਰ, ਆਕਾਸ਼ ਆਕਾਸ਼ ਕਰ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸੁਹਾਏ ਇਕ ਦਵਾਰਾ। ਗੋਬਿੰਦ ਰਾਗ ਸ਼ਬਦ ਜਣਾ, ਆਤਮ ਧੁਨ ਉਪਜਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਆਪਣੀ ਬੂਝ ਬੁਝਾਈਆ। ਅਕਾਲ ਮੂਰਤ ਇਕ ਵਖਾ, ਅਕਲ ਕਲਾ ਸਮਝਾਈਆ। ਨਾਦ ਤੂਰਤ ਰਿਹਾ ਸੁਣਾ, ਤੁਰੀਆ ਪਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਮੇਲ ਮਿਲਾਈਆ। ਗੋਬਿੰਦ ਮੇਲਾ ਹਰਿ ਦਵਾਰ, ਹਰਿ ਸਾਚਾ ਆਪ ਕਰਾਇੰਦਾ। ਦਾਤਾ ਦਾਨੀ ਪਾਵੇ ਸਾਰ, ਮਹਾਂਸਾਰਥੀ ਆਪ ਅਖਵਾਇੰਦਾ। ਲਿਖਿਆ ਲੇਖ ਵਖਾਏ ਅਪਰ ਅਪਾਰ, ਕਾਗਦ ਕਲਮ ਆਪ ਹੋ ਜਾਇੰਦਾ। ਜਨਣੀ ਜਨ ਜਾਏ ਸੁਤ ਦੁਲਾਰ, ਸਤਿ ਸੰਤੋਖ ਸਮਾਇੰਦਾ। ਨੱਠ ਨੱਠ ਮੇਲਾ ਹਰਿ ਚਰਨ ਦਵਾਰ, ਇਕ ਇਕੱਠ ਸੁਹਾਇੰਦਾ। ਕਾਇਆ ਬੁਰਜ ਢੱਠ ਜਾਏ ਮਹੱਲ ਮੁਨਾਰ, ਕੋਈ ਰਹਿਣ ਨਾ ਪਾਇੰਦਾ। ਪਰਗਟ ਹੋ ਵਿਚ ਸੰਸਾਰ, ਭਰਮ ਭੁਲੇਖਾ ਸਰਬ ਭੁਲਾਇੰਦਾ। ਧਾਰੀ ਕੇਸਾ ਲਏ ਉਭਾਰ, ਜੋ ਜਨ ਚਰਨੀ ਸੀਸ ਝੁਕਾਇੰਦਾ। ਦਸ ਦਸਮੇਸ਼ਾ ਕਰ ਤਿਆਰ, ਸਾਚਾ ਧਾਮ ਸੁਹਾਇੰਦਾ। ਨਗਰ ਖੇੜਾ ਇਕ ਅਪਾਰ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਛੱਪਰ ਛੰਨ ਨਾ ਲਿਆ ਸਵਾਰ, ਨਾ ਕੋਈ ਬਾਡੀ ਬਣਤ ਬਣਾਇੰਦਾ। ਆਪ ਆਪਣੀ ਕਿਰਪਾ ਧਾਰ, ਗੁਰਮੁਖ ਸਾਚਾ ਰੰਗ ਚੜ੍ਹਾਇੰਦਾ। ਆਤਮ ਸੇਜਾ ਕਰ ਤਿਆਰ, ਆਪਣਾ ਆਸਣ ਲਾਇੰਦਾ। ਜੋਤੀ ਨੂਰ ਕਰ ਆਕਾਰ, ਸਾਚਾ ਸ਼ਬਦ ਸੱਚੀ ਧੁਨਕਾਰ, ਸਾਚਾ ਰਾਗ ਅਲਾਇੰਦਾ। ਸੁਣੇ ਸੁਣਾਏ ਸੁਣਨੇਹਾਰ, ਆਪ ਆਪਣਾ ਵੇਖ ਵਖਾਇੰਦਾ। ਨਾਰੀ ਕੰਤਾ ਸੰਤ ਭਤਾਰ, ਸਾਚੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਚੋਲੀ ਜਗਤ ਡੋਲੀ ਆਪਣੇ ਕੰਧ ਉਠਾਇੰਦਾ। ਨਿਹਕਲੰਕ ਹਰਿ ਨਾਉਂ ਹੈ, ਨਿਰਗੁਣ ਰੂਪ ਸਮਾਏ। ਵਸੇ ਹਰ ਘਟ ਥਾਉਂ ਹੈ, ਦਿਸ ਕਿਸੇ ਨਾ ਆਏ। ਸ਼ਬਦ ਅਨਾਦੀ ਬੇਪਰਵਾਹੋ ਹੈ, ਬੇਪਰਵਾਹ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਧਰਾਏ। ਨਿਹਕਲੰਕਾ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਏਕਾ ਡੰਕ ਸ਼ਬਦ ਅਪਾਰ, ਜੁਗ ਜੁਗ ਆਪ ਵਜਾਇੰਦਾ। ਦੋ ਜਹਾਨਾਂ ਕਰੇ ਖ਼ਬਰਦਾਰ, ਪੁਰੀਆਂ ਲੋਆਂ ਆਪ ਉਠਾਇੰਦਾ। ਨਿਰਗੁਣ ਸਰਗੁਣ ਕਰ ਵਿਚਾਰ, ਆਪ ਆਪਣਾ ਕਰਮ ਕਮਾਇੰਦਾ। ਜਗ ਜੁਗਤ ਬੰਨ੍ਹੇ ਧਾਰ, ਜੋਗ ਜੁਗਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਧਰਾਇੰਦਾ। ਨਿਹਕਲੰਕਾ ਨਾਮ ਨਿਧਾਨ, ਨਰ ਹਰਿ ਆਪ ਅਖਵਾਇਆ। ਏਕਾ ਸ਼ਬਦ ਇਕ ਗਿਆਨ, ਇਕ ਧਿਆਨ ਲਗਾਇਆ। ਏਕਾ ਚਰਨ ਧੂੜ ਸੱਚਾ ਇਸ਼ਨਾਨ, ਸਰ ਸਰੋਵਰ ਇਕ ਵਖਾਇਆ । ਏਕਾ ਜੋਤੀ ਆਤਮ ਬ੍ਰਹਮ ਗਿਆਨ, ਅਗਿਆਨ ਅੰਧੇਰ ਮਿਟਾਇਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਗਵਾਇਆ। ਮੂਰਖ ਮੂੜ੍ਹ ਬਣਾਏ ਚਤੁਰ ਸੁਘੜ ਸਿਆਣ, ਆਪ ਆਪਣੀ ਦਇਆ ਕਮਾਇਆ। ਹਰਿ ਕਾ ਸ਼ਬਦ ਸਚ ਨਿਸ਼ਾਨ, ਜੁਗ ਜੁਗ ਆਪ ਚਲਾਇਆ। ਜੋਧਾ ਸੂਰ ਬਲੀ ਬਲਵਾਨ, ਨਿਹਕਲੰਕਾ ਆਪ ਅਖਵਾਇਆ। ਰਾਓ ਰੰਕਾਂ ਵੇਖੇ ਮਾਰ ਧਿਆਨ ਵਿਚ ਜਹਾਨ, ਦਵਾਰ ਬੰਕਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਨਿਹਕਲੰਕਾ ਨਰ ਨਿਰੰਜਣ, ਨਰ ਨਰਾਇਣ ਅਖਵਾਇਆ। ਨਾ ਕੋਈ ਘੜੇ ਨਾ ਮਾਤ ਭੱਜਣ, ਨਾ ਕੋਈ ਬਣਤ ਬਣਾਇਆ। ਨਾ ਕੋਈ ਤਾਲ ਤਲਵਾੜਾ ਦਰ ਦਵਾਰੇ ਵੱਜਣ, ਵਜਾਵਣਹਾਰ ਦਿਸ ਨਾ ਆਇਆ। ਆਪ ਆਪਣਾ ਬਣਿਆ ਸੱਜਣ, ਸ਼ਬਦ ਮੀਤ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਰਿਹਾ ਵਖਾਇਆ। ਏਕਾ ਅੰਕ ਏਕੰਕਾਰ, ਏਕਾ ਕਲ ਵਰਤਾਈਆ। ਏਕ ਤਨ ਕਰ ਸ਼ਿੰਗਾਰ, ਤਨ ਬਸਤਰ ਇਕ ਸਜਾਈਆ। ਏਕਾ ਖੰਡਾ ਇਕ ਕਟਾਰ, ਇਕ ਗਾਤਰੇ ਰਿਹਾ ਪਾਈਆ। ਏਕਾ ਸ਼ਬਦ ਏਕਾ ਧਾਰ, ਏਕ ਏਕ ਰਿਹਾ ਚਲਾਈਆ। ਏਕਾ ਗੁਰ ਏਕਾ ਅਵਤਾਰ, ਏਕਾ ਖੇਲ ਖਿਲਾਈਆ। ਏਕਾ ਸਾਜਣ ਮੀਤ ਮੁਰਾਰ, ਸਖਾ ਸੁਹੇਲਾ ਇਕ ਅਖਵਾਈਆ। ਏਕਾ ਗੁਰ ਏਕਾ ਚੇਲਾ ਇਕ ਦਵਾਰ, ਏਕਾ ਮੰਗ ਮੰਗਾਈਆ। ਏਕਾ ਦਾਤਾ ਦਾਨੀ ਭਰੇ ਭੰਡਾਰ, ਏਕਾ ਖਾਲੀ ਰਿਹਾ ਕਰਾਈਆ। ਏਕਾ ਗੁਣਵੰਤਾ ਗੁਣ ਰਿਹਾ ਵਿਚਾਰ, ਗੁਣ ਅਵਗੁਣ ਵੇਖ ਵਖਾਈਆ। ਏਕਾ ਰੰਗ ਬਸੰਤਾ ਰਿਹਾ ਚਾੜ੍ਹ, ਏਕਾ ਚੋਲੀ ਰਿਹਾ ਰੰਗਾਈਆ। ਏਕਾ ਹਉਮੇ ਹੰਗਤਾ ਦੇਵੇ ਸਾੜ, ਹਰਿਜਨ ਸਾਚੇ ਮੇਲ ਮਿਲਾਈਆ। ਏਕਾ ਨਾਨਕ ਏਕਾ ਅੰਗਦ ਮਿਲਿਆ ਮੇਲ ਕੰਤ ਭਤਾਰ, ਏਕਾ ਸੇਜ ਹੰਢਾਈਆ। ਏਕਾ ਮੰਗਤਾ ਬਣੇ ਭਿਖਾਰ, ਏਕਾ ਝੋਲੀ ਅੱਗੇ ਡਾਹੀਆ। ਏਕਾ ਪੈਜ ਦੇਵੇ ਸਵਾਰ, ਏਕਾ ਗੁਰ ਵੱਡੀ ਵਡਿਆਈਆ। ਏਕਾ ਸ਼ਬਦ ਏਕਾ ਧੁਨ ਧੁਨਕਾਰ, ਏਕਾ ਨਾਦ ਵਜਾਈਆ। ਏਕਾ ਸੁਨ ਇਕ ਸਮਾਧ, ਇਕ ਧਿਆਨ ਵਖਾਈਆ। ਏਕਾ ਬਾਣੀ ਬੋਧ ਅਗਾਧ, ਅਗਾਧ ਬੋਧ ਜਣਾਈਆ। ਏਕਾ ਏਕ ਰਸਨਾ ਰਹੇ ਅਰਾਧ, ਏਕਾ ਏਕ ਲਿਵ ਲਾਈਆ। ਏਕਾ ਏਕ ਮਾਧਵ ਮਾਧ, ਮੋਹਣ ਮੋਹਣੀ ਰੂਪ ਵਟਾਈਆ। ਏਕਾ ਏਕ ਸੰਤ ਸਾਧ, ਏਕਾ ਏਕ ਧੂਣੀਆਂ ਤਾਈਆ। ਏਕਾ ਏਕ ਹਰਿ ਸ਼ਬਦ ਹਰ ਰੱਖਣਾ ਯਾਦ, ਨਿਹਕਲੰਕਾ ਨਾਉਂ ਰਖਾਈਆ। ਜੁਗ ਜੁਗ ਸੁਣੇ ਲੱਖ ਚੁਰਾਸੀ ਤੇਰੀ ਫਰਿਆਦ, ਧਰਤ ਮਾਤ ਰਹੀ ਕੁਰਲਾਈਆ। ਜਨ ਭਗਤਾਂ ਦੇਵੇ ਸਾਚੀ ਦਾਦ, ਦੇਵਣਹਾਰ ਆਪ ਅਖਵਾਈਆ। ਹਰਿਜਨ ਸਾਚੇ ਲਏ ਲਾਧ, ਗੁਰ ਗੋਬਿੰਦਾ ਮੇਲ ਮਿਲਾਈਆ। ਸ਼ਬਦ ਡੋਰੀ ਲਏ ਬਾਂਧ, ਏਕਾ ਤੰਦਨ ਤੰਦ ਬੰਧਾਈਆ। ਖੇਲੇ ਖੇਲ ਆਦਿ ਜੁਗਾਦਿ, ਆਦਿ ਜੁਗਾਦੀ ਆਪ ਅਖਵਾਈਆ। ਕਲਜੁਗ ਅੰਤਮ ਦੇਵੇ ਦਾਦ, ਨਾਨਕ ਗੋਬਿੰਦ ਗਿਆ ਲਿਖਾਈਆ। ਖੇਲੇ ਖੇਲ ਹਰਿ ਬ੍ਰਹਿਮਾਦ, ਬ੍ਰਹਿਮੰਡ ਖੋਜ ਖੁਜਾਈਆ। ਮੇਟ ਮਿਟਾਏ ਜਗਤ ਵਿਵਾਦ, ਵਿਕਾਰ ਹੰਕਾਰ ਰਹਿਣ ਨਾ ਪਾਈਆ। ਪਕੜ ਉਠਾਏ ਨੌਂ ਨੌਂ ਨਾਥ, ਸਿਧ ਚੁਰਾਸੀ ਰਿਹਾ ਹਿਲਾਈਆ। ਈਸਾ ਮੂਸਾ ਛੱਡਣਾ ਸਾਥ, ਚਾਰ ਯਾਰੀ ਸੰਗ ਤੁੜਾਈਆ। ਸੀਆਂ ਵੰਡ ਵੰਡਾਏ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਗਿਆ ਲਿਖਾਈਆ। ਆਪ ਚਲਾਏ ਆਪਣੀ ਗਾਥ, ਸਤਿਜੁਗ ਸਾਚਾ ਮਾਰਗ ਲਾਈਆ। ਸੋਹੰ ਸੋ ਏਕਾ ਰਾਥ, ਰਥ ਰਥਵਾਹੀ ਆਪ ਅਖਵਾਈਆ। ਜਨ ਭਗਤਾਂ ਮਸਤਕ ਟਿੱਕਾ ਲਾਏ ਮਾਥ, ਜੋਤ ਨਿਰੰਜਣ ਲਿਲਾਟ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਮਾਰੇ ਠਾਠ, ਤਾਲ ਸੁਹਾਵਾ ਇਕ ਵਖਾਈਆ। ਲੇਖ ਚੁਕਾਏ ਤੀਰਥ ਅੱਠ ਸਾਠ, ਘਰ ਮੰਦਰ ਇਕ ਸੁਹਾਈਆ। ਸ਼ਬਦ ਘੋੜਾ ਦੇਵੇ ਸਾਚਾ ਰਾਠ, ਸੋਲਾਂ ਕਲੀਆਂ ਆਸਣ ਲਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਿਹਕਲੰਕ ਤੇਰੇ ਦਰਸ ਵੱਡੀ ਵਡਿਆਈਆ। ਲੇਖੇ ਲਾਏ ਹੱਡੀ ਤਿੰਨ ਸੌ ਸਾਠ, ਬਹੱਤਰ ਨਾੜ ਕਰੇ ਰੁਸ਼ਨਾਈਆ। ਆਪੇ ਗੇੜੇ ਕਾਇਆ ਉਲਟੀ ਲਾਠ, ਬਜਰ ਕਪਾਟੀ ਕੁੰਡਾ ਲਾਹੀਆ। ਚਰਨ ਦਵਾਰੇ ਇਕ ਇਕੱਠ, ਇਕ ਇਕੱਲਾ ਰਿਹਾ ਕਰਾਈਆ। ਅੰਤਮ ਮੇਲਾ ਨੱਠ ਨੱਠ, ਸਾਧਾਂ ਸੰਤਾਂ ਰਾਹ ਖਹਿੜਾ ਦਿਸ ਨਾ ਆਈਆ। ਤ੍ਰੈਗੁਣ ਮਾਇਆ ਪ੍ਰਭ ਤਪਾਏ ਮੱਠ, ਪੰਚ ਵਿਕਾਰਾ ਅਗਨੀ ਡਾਹੀਆ। ਸੰਮਤ ਚੌਦਾਂ ਕਰੇ ਚੱਠ, ਗੁਰਮੁਖ ਸਾਚੇ ਸੰਗ ਰਲਾਈਆ। ਆਪ ਤਪਾਇਆ ਜਗਤ ਵਖਾਇਆ ਏਕਾ ਮੱਠ, ਜੋਤੀ ਲੰਬੂ ਏਕਾ ਅਗਨੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਆਪ ਅਖਵਾਈਆ। ਨਿਹਕਲੰਕ ਸ਼ਬਦ ਸਿਤਾਰ, ਏਕਾ ਏਕ ਵਜਾਇੰਦਾ। ਨਾਨਕ ਗਾਏ ਨਿਰੰਕਾਰ ਨਿਰੰਕਾਰ ਨਿਰੰਕਾਰ, ਨਿਰਗੁਣ ਵੇਖ ਵਖਾਇੰਦਾ। ਗੋਬਿੰਦ ਪਾਇਆ ਪੁਰਖ ਅਪਾਰ, ਪਰਮ ਪੁਰਖ ਸਮਾਇੰਦਾ। ਦੋਏ ਜੋੜ ਢਹਿ ਪਏ ਦਵਾਰ, ਨੇਤਰ ਨੀਰ ਵਹਾਇੰਦਾ। ਸਿੱਖੀ ਸਿਖਿਆ ਕਰ ਵਿਚਾਰ, ਸਤਿਗੁਰ ਸਾਚਾ ਸੀਸ ਝੁਕਾਇੰਦਾ। ਲਿਖਿਆ ਲੇਖ ਧੁਰ ਕਰਤਾਰ, ਨਾ ਕੋਈ ਮੇਟ ਮਿਟਾਇੰਦਾ। ਪੁਰੀ ਅਨੰਦ ਨਾ ਕੋਈ ਘਰ ਬਾਹਰ, ਅਨੰਦ ਅਨੰਦ ਗੁਰ ਚਰਨਾਂ ਇਕ ਵਖਾਇੰਦਾ। ਸ਼ਬਦ ਛੰਦ ਨਾ ਕੋਈ ਸੰਸਾਰ, ਬੰਦ ਬੰਦ ਨਾ ਕੋਈ ਕਟਾਇੰਦਾ। ਮਦਿਰਾ ਮਾਸ ਨਾ ਰਸਨਾ ਬੱਤੀ ਦੰਦ, ਗੁਰ ਗੋਬਿੰਦਾ ਤੀਰ ਚਲਾਇੰਦਾ। ਤੇਗ ਬਹਾਦਰ ਵਰ ਪਾਇਆ ਪਰਮਾਨੰਦ, ਨਿਜ ਰੂਪ ਆਪ ਸਮਾਇੰਦਾ। ਹਰਿਕ੍ਰਿਸ਼ਨ ਚੜ੍ਹਿਆ ਜਗਤ ਚੰਦ, ਬਾਲ ਬਾਲਾ ਸੇਵ ਕਮਾਇੰਦਾ। ਹਰਿ ਹਰਿ ਰਾਏ ਪ੍ਰਭ ਆਪ ਬਖ਼ਸ਼ੰਦ, ਬਖ਼ਸ਼ਣਹਾਰ ਦਇਆ ਕਮਾਇੰਦਾ। ਹਰਿਗੋਬਿੰਦ ਜੋਧਾ ਸੂਰ ਮਰਗਿੰਦ, ਆਸਣ ਸਿੰਘਾਸਣ ਇਕ ਵਿਛਾਇੰਦਾ। ਅਰਜਨ ਗੁਰ ਸਾਗਰ ਸਿੰਧ, ਬਾਣੀ ਬੋਧ ਗਿਆਨ ਧਿਆਨ ਇਕ ਦ੍ਰਿੜਾਇੰਦਾ। ਰਾਮ ਦਾਸ ਸਾਚਾ ਸਰ, ਪੁਰਖ ਅਬਿਨਾਸ਼ੀ ਵਸਿਆ ਘਰ, ਏਕਾ ਤਰਨੀ ਗਿਆ ਤਰ, ਸਰ ਸਰੋਵਰ ਇਕ ਸੁਹਾਇੰਦਾ। ਅਮਰਦਾਸ ਪਾਇਆ ਵਰ, ਨਾਰ ਸੁਹਾਗਣ ਸੋਹੇ ਦਰ, ਕੰਤ ਕੰਤੂਹਲ ਸੇਜ ਹੰਢਾਇੰਦਾ। ਅੰਗਦ ਅੰਗ ਗਿਆ ਲੱਗ, ਮਿਲਿਆ ਮੇਲ ਸੂਰੇ ਸਰਬਗ, ਕਲਜੁਗ ਮਾਇਆ ਅਗਨੀ ਨਾ ਗਿਆ ਦਗ, ਏਕਾ ਰੰਗਣ ਰੰਗ ਚੜ੍ਹਾਇੰਦਾ। ਨਿਰਗੁਣ ਨਾਨਕ ਗਿਆ ਗਾ, ਆਪਣਾ ਆਪ ਮੇਟ ਮਿਟਾ, ਪੁਰਖ ਅਬਿਨਾਸ਼ੀ ਦਰਸ਼ਨ ਪਾ, ਚਾਰ ਵਰਨਾਂ ਇਕ ਜਣਾ, ਨਿਹਕਲੰਕ ਤੇਰੀ ਓਟ ਰਖਾ, ਏਕਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਧਰਾਇੰਦਾ। ਏਕਾ ਨਾਉਂ ਜਗਤ ਧਰਾ, ਆਪਣੀ ਕਲ ਵਰਤਾਈਆ। ਨੌਂ ਖੰਡ ਪ੍ਰਿਥਮੀ ਦਏ ਪੜ੍ਹਾ, ਸੱਤਾਂ ਦੀਪਾਂ ਇਕ ਵਡਿਆਈਆ। ਰਾਜ ਰਾਜਾਨਾਂ ਦਏ ਸੁਣਾ, ਦੂਈ ਦਵੈਤੀ ਪੜਦਾ ਲਾਹੀਆ। ਗੁਣ ਅਵਗੁਣ ਨਾ ਕੋਈ ਜਣਾ, ਮਹਿੰਮਾ ਅਗਣਤ ਨਾ ਕੋਈ ਜਣਾਈਆ। ਰਾਗ ਰਾਗਨੀ ਰਹੇ ਗਾ, ਦਿਵਸ ਰੈਣ ਸੇਵ ਕਮਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਥਿਰ ਘਰ ਬੈਠਾ ਆਸਣ ਲਾਈਆ। ਦੀਪਕ ਜੋਤੀ ਇਕ ਜਗਾ, ਅੱਠੇ ਪਹਿਰ ਡਗਮਗਾਈਆ। ਸ਼ਬਦ ਧੁਨ ਆਪਣੀ ਆਪ ਵਜਾ, ਘਰ ਆਪਣੇ ਰਿਹਾ ਅਲਾਈਆ। ਪੰਜ ਤਤ ਨਾ ਵੇਖ ਵਖਾ, ਮਨ ਮਤ ਬੁਧ ਨਾ ਕੋਈ ਚਤੁਰਾਈਆ। ਰਕਤ ਬੂੰਦ ਨਾ ਮੇਲ ਮਿਲਾ, ਹੱਡ ਮਾਸ ਨਾੜੀ ਦਿਸ ਨਾ ਆਈਆ। ਚਿਤਰ ਗੁਪਤ ਨਾ ਲੇਖਾ ਰਿਹਾ ਲਿਖਾ, ਧਰਮ ਰਾਏ ਨਾ ਦਏ ਸਜ਼ਾਈਆ। ਨਾ ਕੋਈ ਬ੍ਰਹਮਾ ਤ੍ਰੈਗੁਣ ਮਾਇਆ ਰਿਹਾ ਰਲਾ, ਵਿਸ਼ਨੂੰ ਵੰਸੀ ਨਾ ਵੇਸ ਵਟਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਨਾ ਬੈਠਾ ਗਲ ਲਟਕਾ, ਤਨ ਭਬੂਤ ਨਾ ਖ਼ਾਕ ਰਮਾਈਆ। ਨਾ ਕੋਈ ਤਾਰ ਸਿਤਾਰ ਰਿਹਾ ਵਜਾ, ਗਾਵਣਹਾਰ ਨਾ ਕੋਈ ਦਿਸਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਏਕਾ ਬੈਠਾ ਆਸਣ ਲਾਈਆ। ਆਦਿ ਜੁਗਾਦੀ ਆਪ ਅਖਵਾ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਜੁਗ ਜੁਗ ਮੇਲਾ ਮੇਲ ਮਿਲਾ, ਮੇਲ ਵਿਛੋੜੇ ਖੇਲ ਆਪਣੇ ਹੱਥ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਰਚਨ ਰਚਾ, ਰਾਮ ਕ੍ਰਿਸ਼ਨ ਕ੍ਰਿਸ਼ਨਾ ਰਾਮ ਅਖਵਾਈਆ। ਕਲਜੁਗ ਵੇਖੇ ਸਾਚਾ ਥਾਂ, ਸਚ ਸਮਗਰੀ ਇਕ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਏਕਾ ਭੁੱਲਿਆ ਹਰਿ ਹਰਿ ਨਾਂ, ਗੀਤ ਸੰਗੀਤ ਨਾ ਕੋਈ ਗਾਈਆ। ਮਨਮੁਖ ਜੀਵ ਹੋਏ ਕਾਂ, ਰਸਨਾ ਕਾਗ ਵਾਂਗ ਕੁਰਲਾਈਆ। ਕੋਈ ਨਾ ਦੇਵੇ ਠੰਡੀ ਛਾਂ, ਸਾਧ ਸੰਤ ਬੈਠੇ ਮੁਖ ਛੁਪਾਈਆ। ਪੁਰਖ ਅਬਿਨਾਸ਼ੀ ਵੇਖੇ ਥਾਉਂ ਥਾਂ, ਹਰ ਘਟ ਆਪਣਾ ਫੇਰਾ ਪਾਈਆ। ਕਰਨਹਾਰਾ ਸਚ ਨਿਆਂ, ਸਾਚੇ ਕੰਡੇ ਤੋਲ ਤੁਲਾਈਆ। ਕਲਜੁਗ ਦਵਾਰੇ ਰਿਹਾ ਕੁਰਲਾ, ਜੂਠ ਝੂਠ ਨਾਲ ਰਲਾਈਆ। ਧਰਤ ਮਾਤ ਵੈਣ ਰਹੀ ਪਾ, ਖੁਲ੍ਹੜੇ ਕੇਸ ਦਏ ਦੁਹਾਈਆ। ਲਾੜੀ ਮੌਤ ਖ਼ੁਸ਼ੀ ਰਹੀ ਮਨਾ, ਹੱਥੀਂ ਮਹਿੰਦੀ ਲਾਲ ਰੰਗਾਈਆ। ਸਗਣਾ ਚੂੜਾ ਸਾਚਾ ਪਾ, ਨੌਂ ਖੰਡ ਪ੍ਰਿਥਮੀ ਰਿਹਾ ਛਣਕਾਈਆ। ਰਾਏ ਧਰਮ ਰੰਗ ਗੂੜ੍ਹਾ ਦਏ ਚੜ੍ਹਾ, ਆਪ ਆਪਣਾ ਸੰਗ ਨਿਭਾਈਆ। ਚਿਤਰ ਗੁਪਤ ਲੇਖਾ ਰਿਹਾ ਵਖਾ, ਮਨਮੁਖ ਜੀਵਾਂ ਭੁੱਲ ਨਾ ਰਾਈਆ। ਪੁਰਖ ਅਬਿਨਾਸ਼ੀ ਦੇਵਣਹਾਰ ਸਜ਼ਾ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਰਿਹਾ ਦੁੜਾ, ਪਵਣ ਪਵਣੀ ਰਿਹਾ ਸਮਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਵੇਖ ਵਖਾ, ਸੰਬਲ ਨਗਰ ਡੇਰਾ ਲਾਈਆ। ਗੁਰ ਗੋਬਿੰਦ ਲਿਆ ਜਗਾ, ਜਾਗਰਤ ਦਿਸ਼ਾ ਇਕ ਵਖਾਈਆ। ਰਸਨਾ ਚਿੱਲੇ ਤੀਰ ਚੜ੍ਹਾ, ਨਾਮ ਨਿਸ਼ਾਨਾ ਰਿਹਾ ਲਗਾਈਆ। ਬੂਰਾ ਕੱਕਾ ਬਿੱਲਾ ਦਏ ਹਿਲਾ, ਈਸਾ ਮੂਸਾ ਵੇਖ ਵਖਾਈਆ। ਪਹਿਲਾ ਨਿਸ਼ਾਨਾ ਰਿਹਾ ਲਗਾ, ਅੱਲਾ ਰਾਣੀ ਮੁਖ ਸ਼ਰਮਾਈਆ। ਸੰਗ ਮੁਹੰਮਦ ਚਾਰ ਯਾਰ ਨਾ ਕੋਈ ਬਣਿਆ ਸਕਾ, ਸਗਲਾ ਸੰਗ ਨਾ ਕੋਈ ਨਿਭਾਈਆ। ਸੰਮਤ ਚੌਦਾਂ ਲੇਖਾ ਰਿਹਾ ਲਿਖਾ, ਚੌਦਾਂ ਤਬਕਾਂ ਜੜ੍ਹ ਹਿਲਾਈਆ। ਚੌਦਾਂ ਲੋਕਾਂ ਆਪ ਸੁਣਾ, ਤ੍ਰੈਲੋਕ ਕਰੇ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਵੇਖੇ ਥਾਉਂ ਥਾਂ, ਆਵੇ ਜਾਵੇ ਫੇਰਾ ਪਾਈਆ। ਕਲਜੁਗ ਕਾਇਆ ਰਿਹਾ ਕੁਰਲਾ, ਧੀਰਜ ਧੀਰ ਨਾ ਕੋਈ ਧਰਾਈਆ। ਅੰਮ੍ਰਿਤ ਜਾਮ ਨਾ ਦੇਵੇ ਕੋਈ ਪਿਆ, ਅੱਠ ਸੱਠ ਤੀਰਥ ਫਿਰੇ ਹਲਕਾਈਆ। ਗੁਰ ਦਰ ਮੰਦਰ ਅੰਦਰ ਸਾਚਾ ਰਾਗ ਨਾ ਦਏ ਕੋਈ ਸੁਣਾ, ਮਾਇਆ ਰਾਣੀ ਨਿਤ ਲੜਾਈਆ। ਕੁਰਾਨ ਹਦੀਸ ਨਾ ਕੋਈ ਰਿਹਾ ਪੜ੍ਹਾ, ਸ਼ਰਅ ਸ਼ਰਾਇਤ ਨਾ ਕੋਈ ਵਖਾਈਆ। ਮੁਲਾਂ ਪੀਰ ਸ਼ੇਖ਼ ਦਸਤਗੀਰ ਰਾਣੀ ਅੱਲਾ ਤੇਰਾ ਕੋਈ ਨਾ ਕਰੇ ਨਿਕਾਹ, ਹੱਕ ਜ਼ਨਾਬ ਨਾ ਕੋਈ ਮਿਲਾਈਆ। ਮਿਲੇ ਨਾ ਪਾਕੀ ਪਾਕ ਇਕ ਖ਼ੁਦਾ, ਐਹਨਲ ਹੱਕ ਨਾ ਨਾਅਰਾ ਲਾਈਆ। ਅੰਤਮ ਹੋਣਾ ਮਾਤ ਜੁਦਾ, ਸੰਗ ਮੁਹੰਮਦ ਚਾਰ ਯਾਰ ਛਾਹੀਆ। ਪੁਰਖ ਅਬਿਨਾਸ਼ੀ ਏਕਾ ਸਦਾ ਰਿਹਾ ਲਗਾ, ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਏਕਾ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਰਖਾਈਆ। ਨਿਹਕਲੰਕ ਹਰਿ ਹਰਿ ਰੰਗ, ਰੰਗ ਰਤਾ ਕਰਤਾਰਾ। ਸ਼ਬਦ ਸਰੂਪੀ ਬੈਠ ਪਲੰਘ, ਖੇਲੇ ਖੇਲ ਵਿਚ ਸੰਸਾਰਾ। ਨਾਦੀ ਸ਼ਬਦ ਵਜਾਏ ਇਕ ਮਰਦੰਗ, ਅਨਹਦ ਵਜਾਏ ਸਾਚੀ ਤਾਰਾ। ਸਰ ਸਰੋਵਰ ਧਾਰਾ ਗੰਗ, ਪ੍ਰਭ ਰੱਖੇ ਚਰਨ ਦਵਾਰਾ। ਸ਼ਬਦ ਸੁਤ ਤੇਰਾ ਸਾਚਾ ਜੰਗ, ਕਲਜੁਗ ਵੇਖੇ ਅੰਤਮ ਵਾਰਾ। ਚਿੱਟੇ ਅਸਵ ਕਸਿਆ ਤੰਗ, ਪਰਗਟ ਹੋਏ ਪੁਰਖ ਅਪਾਰਾ। ਲੋਆਂ ਪੁਰੀਆਂ ਆਏ ਲੰਘ, ਲੋਕਮਾਤ ਵੇਖੇ ਇਕ ਦਵਾਰਾ। ਭਗਤ ਜਨਾਂ ਹਰਿ ਸਗਲਾ ਸੰਗ, ਦੋਏ ਜੋੜ ਕਰੇ ਨਿਮਸਕਾਰਾ। ਆਪ ਲਗਾਏ ਆਪਣੇ ਅੰਗ, ਆਪਣੀ ਗੋਦੀ ਦਏ ਹੁਲਾਰਾ। ਸੋਹੰ ਕੰਗਣ ਤਨ ਪਾਵੇ ਸਾਚੀ ਵੰਗ, ਉਤਰ ਨਾ ਜਾਏ ਦੂਜੀ ਵਾਰਾ। ਮਾਨਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਉਤਰੇ ਪਾਰਾ। ਧਰਮ ਰਾਏ ਨਾ ਦੇਵੇ ਡੰਨ, ਕਾਲ ਮਹਾਂਕਾਲ ਨਾ ਆਏ ਦਵਾਰਾ। ਦਰ ਦਵਾਰਾ ਪਾਰਬ੍ਰਹਮ ਅਬਿਨਾਸ਼ੀ ਕਰਤੇ ਜੋ ਜਨ ਤੇਰਾ ਰਿਹਾ ਮੰਗ, ਆਦਿ ਅੰਤ ਭਰੇ ਅਤੁਟ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਵਿਚ ਸੰਸਾਰਾ। ਖੇਲੇ ਖੇਲ ਵਿਚ ਸੰਸਾਰ, ਅਕਲ ਅਕਲ ਕਲਾ ਸਮਾਈਆ। ਜੋਤੀ ਨੂਰ ਕਰ ਆਕਾਰ, ਸ਼ਬਦੀ ਬਣਤ ਬਣਾਈਆ। ਸ਼ਬਦ ਸਰੂਪੀ ਇਕ ਜੈਕਾਰ, ਜੈ ਜੈ ਜੈਕਾਰ ਆਪ ਕਰਾਈਆ। ਮੇਟ ਮਿਟਾਏ ਅੰਧ ਅੰਧਿਆਰ, ਕਾਲੀ ਰੈਣ ਰਹਿਣ ਨਾ ਪਾਈਆ। ਗੁਰਮੁਖ ਸਾਜਣ ਮੀਤ ਮੁਰਾਰ, ਸਤਿ ਪੁਰਖ ਮੇਲ ਮਿਲਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਿਖਾਈਆ। ਆਪੇ ਪੁਰਖ ਆਪੇ ਨਾਰ, ਆਪੇ ਨਾਰੀ ਕੰਤ ਭਤਾਰ, ਆਪ ਆਪਣੀ ਸੇਜ ਹੰਢਾਈਆ। ਪੂਤ ਸਪੂਤਾ ਕਰ ਉਜਿਆਰ, ਹਰਿ ਸ਼ਬਦੀ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਜੋਤੀ ਨੂਰ ਸ਼ਬਦ ਤੂਰ ਨਾਦ ਅਨਾਦੀ ਏਕਾ ਧੁਨ ਵਜਾਈਆ।
