Granth 06 Likhat 111: Pahili Savan 2014 Bikarmi Har Bhagat Dwar Jethuwal Jila Amritsar

ਪਹਿਲੀ ਸਾਵਣ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਕਵਣ ਸ਼ਬਦ ਕਵਣ ਧਾਰ, ਕਵਣ ਜੋਤ ਜਗਾਇੰਦਾ। ਕਵਣ ਰੂਪ ਰੰਗ ਅਪਾਰ, ਕਵਣ ਭੇਖ ਵਟਾਇੰਦਾ। ਕਵਣ ਸੰਗ ਸੰਤ ਦੁਲਾਰ, ਕਵਣ ਰੰਗ ਚੜ੍ਹਾਇੰਦਾ। ਕਵਣ ਵੇਖੇ ਦਰ ਦਰਬਾਰ, ਕਵਣ ਡੇਰਾ ਲਾਇੰਦਾ। ਕਵਣ ਕਰੇ ਜੋਤ ਨਿਰੰਜਣ ਇਕ ਅਕਾਰ, ਕਵਣ ਸਰਬ ਸਮਾਇੰਦਾ। ਕਵਣ ਰੂਪ ਵੇਖੇ ਵੇਖਣਹਾਰ, ਕਵਣ ਭੂਪ ਅਖਵਾਇੰਦਾ। ਕਵਣ ਕੂਟ ਵਸੇ ਹਰਿ ਨਿਰੰਕਾਰ, ਕਵਣ ਸਿੰਘਾਸਣ ਡੇਰਾ ਲਾਇੰਦਾ। ਕਵਣ ਤੀਰ ਨਿਰਾਲਾ ਜਾਏ ਛੂਟ, ਜੋਧਾ ਸੂਰਬੀਰ ਕਵਣ ਚਲਾਇੰਦਾ। ਕਵਣ ਭਾਂਡਾ ਕਾਇਆ ਕਾਚਾ ਜਾਏ ਫੂਟ, ਅੰਧ ਅੰਧੇਰ ਮਿਟਾਇੰਦਾ। ਕਵਣ ਫਲ ਜਾਏ ਟੂਟ, ਕਵਣ ਰਸ ਚੁਆਇੰਦਾ। ਕਵਣ ਅੰਮ੍ਰਿਤ ਆਤਮ ਸਾਚਾ ਘੂਟ, ਕਵਣ ਨਿਝਰ ਧਾਰਾ ਵਹਾਇੰਦਾ। ਕਵਣ ਰਸ ਦੋ ਜਹਾਨੀ ਰਿਹਾ ਲੂਟ, ਕਵਣ ਝੋਲੀ ਪਾਇੰਦਾ। ਕਵਣ ਪਿਤਾ ਕਵਣ ਪੂਤ, ਕਵਣ ਮਾਤ ਅਖਵਾਇੰਦਾ। ਕਵਣ ਬੈਠਾ ਕਾਇਆ ਰੂਠ, ਕਵਣ ਮੇਲ ਮਿਲਾਇੰਦਾ। ਕਵਣ ਵਖਾਏ ਖਾਲੀ ਠੂਠ, ਕਵਣ ਨਾਮ ਭਰਾਇੰਦਾ। ਕਵਣ ਮੇਟੇ ਜੂਠ ਝੂਠ, ਕਵਣ ਸੇਜ ਸੁਹਾਇੰਦਾ। ਕਵਣ ਦਾਤਾ ਜਾਏ ਤੂਠ, ਹਰਿ ਸੰਤਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਇਕ ਸੁਹਾਇੰਦਾ। ਕਵਣ ਰਾਜ ਕਵਣ ਜੋਗ, ਕਵਣ ਸ਼ਬਦ ਸੁਣਾਸਿਆ। ਕਵਣ ਤ੍ਰਿਸ਼ਨਾ ਕਵਣ ਆਸਾ ਕਵਣ ਰਸ ਰਸਨਾ ਭੋਗ, ਕਵਣ ਕਰੇ ਬੰਦ ਖੁਲ੍ਹਾਸਿਆ। ਕਵਣ ਮੇਲ ਮਿਲਾਏ ਧੁਰ ਸੰਜੋਗ, ਕਵਣ ਦੇਵੇ ਧੀਰ ਧਰਵਾਸਿਆ। ਕਵਣ ਚੁਗਾਏ ਆਤਮ ਚੋਗ, ਸਾਚਾ ਸ਼ਬਦ ਇਕ ਅਪਣਾਸਿਆ। ਕਵਣ ਦਿਸਾਏ ਦਰਸ ਅਮੋਘ, ਸਾਚੇ ਮੰਡਲ ਪਾਵੇ ਰਾਸਿਆ। ਕਵਣ ਮਿਟਾਏ ਦੂਈ ਦਵੈਤੀ ਹਉਮੇ ਰੋਗ, ਦੇਵੇ ਦਾਨ ਚਰਨ ਭਰਵਾਸਿਆ। ਕਵਣ ਉਡਾਏ ਪਾਰ ਕਰਾਏ ਤੀਨੋ ਲੋਕ, ਘਰ ਚੌਥੇ ਮੇਲ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖੇ ਇਕ ਘਰ, ਦਿਵਸ ਰੈਣ ਪਰਭਾਤਿਆ। ਕਵਣ ਦਿਵਸ ਕਵਣ ਰੈਣ, ਕਵਣ ਰਵ ਸਸ ਸਿਤਾਰਿਆ। ਕਵਣ ਨੇਤਰ ਕਵਣ ਨੈਣ, ਕਵਣ ਲੋਚਨ ਨੈਣ ਮੁੰਧਾਰਿਆ। ਕਵਣ ਸਾਕ ਕਵਣ ਸੈਣ, ਕਵਣ ਸੱਜਣ ਵਿਚ ਸੰਸਾਰਿਆ। ਕਵਣ ਮਾਤ ਕਵਣ ਪਿਤ ਕਵਣ ਭਾਈ ਕਵਣ ਭੈਣ, ਕਵਣ ਕਰੇ ਸਚ ਪਿਆਰਿਆ। ਕਵਣ ਨਾਤਾ ਕਵਣ ਦਾਤਾ ਕਵਣ ਮਿਲਾਏ ਪੁਰਖ ਬਿਧਾਤਾ, ਵੇਖ ਵਖਾਣੇ ਡੂੰਘੀ ਗਾਰਿਆ। ਕਵਣ ਰੱਤ ਕਵਣ ਸਤ ਕਵਣ ਮਤ ਕਵਣ ਮਨ ਬੁਧ ਕਰੇ ਵਿਸਥਾਰਿਆ। ਕਵਣ ਧੀਰਜ ਕਵਣ ਯਤ, ਕਵਣ ਮੇਲ ਮਿਲਾਏ ਕਮਲਾਪਤ, ਪਤ ਪਤਵੰਤਾ ਕਵਣ ਮਿਲਾ ਰਿਹਾ। ਕਵਣ ਡੋਰੀ ਕਵਣ ਨੱਥ ਕਵਣ ਰੂਪ ਹਰਿ ਸਮਰਥ, ਕਵਣ ਖੇਲ ਖਿਲਾ ਰਿਹਾ। ਕਵਣ ਰਾਮਾ ਕਵਣ ਦਸਰਥ, ਕਵਣ ਤੀਰ ਕਮਾਨ ਉਠਾ ਰਿਹਾ। ਕਵਣ ਕਾਹਨਾ ਜੋਧਾ ਸੂਰਬੀਰ  (ਸਮਰਥ), ਕਵਣ ਅਰਜਨ ਗੀਤਾ ਗਿਆਨ ਸੁਣਾ ਰਿਹਾ। ਕਵਣ ਨਾਨਕ ਗੋਬਿੰਦ ਦਰਸ ਸਗਲ ਵਸੂਰੇ ਜਾਇਣ ਲੱਥ, ਕਵਣ ਵਿਛੜੇ ਜੋੜ ਜੁੜਾ ਰਿਹਾ। ਕਵਣ ਲੇਖ ਚੁਕਾਏ ਸਾਢੇ ਤਿੰਨ ਤਿੰਨ ਹੱਥ, ਬੰਦੀ ਤੋੜ ਕਵਣ ਅਖਵਾ ਰਿਹਾ। ਕਵਣ ਬਿਠਾਏ ਨਾਮ ਬਿਬਾਣ ਸਾਚੇ ਰਥ, ਲੋਆਂ ਪੁਰੀਆਂ ਪਾਰ ਕਰਾ ਰਿਹਾ। ਕਵਣ ਚਲਾਏ ਜੁਗ ਜੁਗ ਮਹਿੰਮਾ ਅਕੱਥ, ਵੇਦ ਪੁਰਾਨ ਸ਼ਾਸਤਰ ਸਿਮਰਤ ਭੇਵ ਕੋਈ ਨਾ ਪਾ ਰਿਹਾ। ਕਵਣ ਕਰਾਏ ਗੁਰਮੁਖ ਗੁਰ ਗੁਰ ਚੇਲੇ ਸੰਤ ਸੁਹੇਲੇ ਦਰ ਘਰ ਇਕੱਠ, ਕਵਣ ਜੋਤੀ ਸ਼ਬਦ ਮਿਲਾ ਰਿਹਾ। ਕਵਣ ਕਾਇਆ ਕਵਣ ਮੰਦਰ ਕਵਣ ਟਿੱਲਾ ਜਾਏ ਢੱਠ, ਕਵਣ ਅਟੱਲ ਰਖਾ ਰਿਹਾ। ਕਵਣ ਨਹਾਵਣ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਕਵਣ ਵਹਾ ਰਿਹਾ। ਕਵਣ ਪੂਜਾ ਕਵਣ ਪਾਠ ਕਵਣ ਅੱਖਰ ਹਰਿ ਵੱਖਰ, ਹਰਿ ਸੰਤਾਂ ਆਪ ਜਣਾ ਰਿਹਾ। ਕਵਣ ਤੋੜੇ ਬਜਰ ਕਪਾਟੀ ਪੱਥਰ, ਕਵਣ ਸਿਲਾ ਦੂਰ ਕਰਾ ਰਿਹਾ। ਕਵਣ ਨੇਤਰ ਨੀਰ ਵਰੋਲੇ ਅੱਥਰ, ਕਵਣ ਨਿਝਰ ਧਾਰ ਚੁਆ ਰਿਹਾ। ਕਵਣ ਤਤ ਲੱਥੇ ਸੱਥਰ, ਕਵਣ ਖੰਡਾ ਹਰਿ ਉਠਾ ਰਿਹਾ। ਕਵਣ ਰੂਪ ਹਰਿ ਸ਼ਾਹੋ ਭੂਪ, ਕਵਣ ਸਿੰਘਾਸਣ ਸੇਜ ਵਛਾ ਰਿਹਾ। ਕਵਣ ਜੋਤ ਪਰਕਾਸ਼ ਕਰੇ ਅੰਧ ਕੂਪ, ਸਤਿ ਸਰੂਪ ਇਕ ਵਖਾ ਰਿਹਾ। ਨੌ ਦਵਾਰੇ ਦਿਸਣ ਝੂਠ, ਜਗਤ ਮੰਦਰ ਇਕ ਸੁਹਾ ਰਿਹਾ। ਸੰਤ ਸੁਹੇਲੇ ਨਾਮ ਦਾਨ ਧੁਰਦਰਗਾਹੀ ਦੇਵੇ ਏਕਾ ਮੂਠ, ਆਤਮ ਝੋਲੀ ਆਪ ਭਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਖਿਲਾ ਰਿਹਾ। ਹਰਿ ਭਜਨ ਹਰਿ ਕਾ ਨਾਉਂ, ਕਵਣ ਦਵਾਰ ਵਸੇਰਾ। ਕਵਣ ਨਗਾਰਾ ਕਵਣ ਗਰਾਉਂ, ਕਵਣ ਧਾਮ ਡੇਰਾ। ਕਵਣ ਬਿਰਖ ਦੇਵੇ ਠੰਢੀ ਛਾਉਂ, ਕਵਣ ਚੁਕਾਏ ਮੇਰਾ ਤੇਰਾ। ਕਵਣ ਪਿਤਾ ਕਵਣ ਮਾਉਂ, ਕਵਣ ਕਰੇ ਹੱਕ ਨਿਬੇੜਾ। ਕਵਣ ਹੰਸ ਬਣਾਏ ਕਾਉਂ, ਮੇਲ ਮਿਲਾਏ ਕਾਇਆ ਖੇੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਹਰਿ ਸੰਤਨ ਦਰ ਖੁਲ੍ਹਾ ਵਿਹੜਾ। ਆਦਿ ਸ਼ਕਤ ਆਦਿ ਭਵਾਨੀ, ਜੋਤੀ ਜੋਤ ਅਕਾਲਿਆ। ਆਸ਼ਾ ਮਨਸਾ ਇਕ ਨਿਸ਼ਾਨੀ, ਹਰਿ ਸ਼ਬਦੀ ਸ਼ਬਦ ਮਹਾਨਿਆ। ਨਾ ਕੋਈ ਜਾਣੇ ਵੇਦ ਪੁਰਾਨੀ, ਹਰਿ ਖੇਲੇ ਖੇਲ ਮਹਾਨਿਆ। ਹਰਿ ਸਰੂਪ ਪਦ ਨਿਰਬਾਨੀ, ਏਕਾ ਏਕ ਵਖਾਨਿਆ। ਪੰਜ ਤਤ ਨਾ ਕੋਈ ਨਿਸ਼ਾਨੀ, ਮਨ ਮਤ ਬੁੱਧ ਨਾ ਕੋਈ ਰਖਾਨਿਆ। ਨਾ ਕੋਈ ਵੇਦ ਸ਼ਸਤਰ ਨਾ ਕੋਈ ਅੰਜ਼ੀਲ ਕੁਰਾਨ ਨਾਨਕ ਅਰਜਨ ਬਾਣੀ, ਨਾ ਕੋਈ ਲੇਖ ਲਿਖਾਨਿਆ। ਇਕ ਇਕੱਲਾ ਹਰਿ ਸੁਲਤਾਨੀ, ਬੈਠਾ ਸਚ ਤਖ਼ਤ ਸੁਲਤਾਨਿਆ। ਜੋਤੀ ਨੂਰ ਜਗੇ ਮਹਾਨੀ, ਅਕਲ ਕਲਾ ਅਖਵਾਨਿਆ। ਖੇਲੇ ਖੇਲ ਦੋ ਜਹਾਨੀ, ਲੋਆਂ ਪੁਰੀਆਂ ਬਣਤ ਬਣਾਨਿਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਦਾਨੀ, ਦਾਤਾ ਦਾਨੀ ਆਪ ਅਖਵਾਨਿਆ। ਤ੍ਰੈਗੁਣ ਮਾਇਆ ਗੁਣ ਨਿਧਾਨੀ, ਸਾਚੀ ਰਚਨਾ ਆਪ ਰਚਾਨਿਆ। ਲੱਖ ਚੁਰਾਸੀ ਖੇਲ ਮਹਾਨੀ, ਸੇਵਕ ਸੇਵਾ ਆਪ ਕਮਾਨਿਆ। ਨਿਰਗੁਣ ਵਿਟਹੋਂ ਕਰ ਕੁਰਬਾਨੀ, ਆਪ ਆਪਣਾ ਅੰਗ ਕਟਵਾਨਿਆ। ਨਿਝ ਘਰ ਬੈਠਾ ਸਚ ਅਸਥਾਨੀ, ਸਾਚਾ ਧਾਮ ਸੁਹਾਨਿਆ। ਸਾਧਾਂ ਸੰਤਾਂ ਦੇਵੇ ਧੁਰ ਫ਼ਰਮਾਨੀ, ਏਕਾ ਸ਼ਬਦ ਸੁਣਾਨਿਆ। ਰਾਗ ਅਨਾਦੀ ਧੁਨ ਆਤਮਕ ਸੁਣਾਏ ਸਾਚੀ ਬਾਣੀ, ਛੱਤੀ ਰਾਗ ਭੇਵ ਨਾ ਜਾਨਿਆ। ਅੰਮ੍ਰਿਤ ਆਤਮ ਦੇਵੇ ਠੰਢਾ ਪਾਣੀ, ਤਟ ਤੀਰਥ ਇਕ ਵਖਾਨਿਆ। ਸੁਰਤ ਸ਼ਬਦ ਮੇਲ ਮਿਲਾਏ ਸਾਚੇ ਹਾਣੀ, ਏਕਾ ਦੂਜਾ ਸੰਗ ਨਿਭਾਨਿਆ। ਮਾਰੇ ਤੀਰ ਇਕ ਨਿਸ਼ਾਨੀ, ਬੰਦ ਕਵਾੜਾ ਖੋਲ੍ਹ ਵਿਖਾਨਿਆ। ਆਤਮ ਸੇਜਾ ਕਰ ਪਰਵਾਨੀ, ਹਰਿ ਖੇਲੇ ਨੂਰ ਜਹਾਨਿਆ। ਸਾਚੇ ਮੰਦਰ ਸਾਚੀ ਰਾਣੀ, ਸੰਤ ਸੁਹੇਲੇ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਨਿਆ। ਏਕਾ ਅਲ੍ਹਾ ਏਕਾ ਨੂਰ, ਏਕਾ ਰੰਗ ਅਲਾਹੀਆ। ਏਕਾ ਸ਼ਬਦ ਏਕਾ ਤੂਰ, ਇਕ ਮਰਦੰਗ ਵਜਾਈਆ। ਏਕਾ ਆਸਾ ਮਨਸਾ ਪੂਰ, ਏਕਾ ਦੂਜਾ ਭਉ ਚੁਕਾਈਆ। ਤੀਜਾ ਨੇਤਰ ਖੋਲ੍ਹ ਹਜ਼ੂਰ, ਚੌਥੇ ਘਰ ਸਮਾਈਆ। ਪੰਚਮ ਮੀਤਾ ਨਾ ਨੇੜੇ ਨਾ ਦਿਸੇ ਦੂਰ, ਸਦਾ ਅਤੀਤਾ ਆਪ ਅਖਵਾਈਆ। ਛੇਵੇਂ ਛੱਪਰ ਛੰਨ ਨਾ ਕੋਈ ਬੇੜਾ ਪੂਰ, ਵੰਞ ਮੁਹਾਣਾ ਨਾ ਕੋਈ ਰਖਾਈਆ। ਸਤਵੇਂ ਸਤਿ ਪੁਰਖ ਨਿਰੰਜਣ ਹਾਜ਼ਰ ਹਜ਼ੂਰ, ਦਰਸ ਦਿਖਾਈਆ। ਜਗਤ ਨਾਤਾ ਤੋੜੇ ਕੂੜੋ ਕੂੜ, ਜੂਠ ਝੂਠ ਨੇੜ ਨਾ ਆਈਆ। ਚਰਨ ਪ੍ਰੀਤੀ ਬਖ਼ਸ਼ੇ ਸਾਚੀ ਧੂੜ, ਕੌਸਤਕ ਮਣੀਆ ਮਸਤਕ ਟਿੱਕਾ ਏਕਾ ਲਾਈਆ। ਮਨ ਮੂਰਖ ਨਾ ਸਮਝੇ ਮੂੜ੍ਹ, ਮਨ ਮਤੀ ਭਰਮ ਭੁਆਈਆ। ਹਰਿਜਨ ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲਖ ਨਿਰੰਜਣ ਜੋਤ ਨਿਰੰਜਣ ਆਪਣੇ ਅੰਗ ਲਗਾਈਆ। ਏਕਾ ਅਲ੍ਹਾ ਅਹਿਨਲ ਹੱਕ, ਹਕੀਕਤ ਜਾਨਿਆ। ਪਰਵਰਦਿਗਾਰ ਰਾਹ ਰਿਹਾ ਤੱਕ, ਅਹਿਬਾਬ ਕਰੇ ਪਛਾਨਿਆ। ਅੰਤਮ ਮੇਲਾ ਮੁਕਾਮੇ ਹੱਕ, ਖ਼ੁਦੀ ਖ਼ੁਦਾਈ ਮੇਟ ਮਿਟਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਕਰ ਕਰ ਮੇਲੇ ਦਰ ਦਵਾਰ ਕਰੇ ਪਰਵਾਨਿਆ। ਸਾਚਾ ਨੂਰ ਐਲੀ ਅਲ੍ਹਾ, ਏਕਾ ਪਰਵਰਦਿਗਾਰਿਆ। ਸ਼ਬਦ ਵਸਾਏ ਸਮ ਮਹੱਲਾ, ਨਾ ਕੋਈ ਚਾਰ ਦਿਵਾਰਿਆ। ਆਪ ਸਮਾਏ ਜਲ ਥਲਾ, ਡੁੰਘੀ ਕੰਦਰ ਉਚ ਪਹਾੜਿਆ। ਲੱਖ ਚੁਰਾਸੀ ਕਾਇਆ ਅੰਦਰ ਮੌਲਾ, ਮੌਲਾ ਰੂਪ ਸਮਾ ਰਿਹਾ। ਜਨ ਭਗਤਾਂ ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਝਿਰਨਾ ਆਪ ਝਿਰਾ ਰਿਹਾ। ਆਬ ਹਯਾਤ ਮਿਲੇ ਕਿਰਨਾ, ਦੋ ਦੋ ਆਬ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁੰਨ ਸਵਾਬ ਪਾਪ ਆਪਣੇ ਹੱਥ ਰਖਾ ਰਿਹਾ। ਆਪ ਆਪਣੇ ਹੱਥ ਰਖਾਏ, ਏਕਾ ਸ਼ਬਦ ਵਡਿਆਈਆ। ਲੱਖ ਚੁਰਾਸੀ ਜੋਤ ਜਗਾਏ, ਨਿਰਗੁਣ ਰੂਪ ਸਮਾਈਆ। ਨਿਰਗੁਣ ਸਰਗੁਣ ਖੇਲ ਖਿਲਾਏ, ਸਾਚੀ ਬਣਤ ਬਣਾਈਆ। ਸਤਿ ਪੁਰਖ ਨਿਰੰਜਣ ਦਇਆ ਕਮਾਏ, ਜੁਗ ਜੁਗ ਭੇਸ ਵਟਾਈਆ। ਸੰਤ ਸੁਹੇਲੇ ਆਪ ਉਪਾਏ, ਆਪ ਆਪਣਾ ਸੰਗ ਨਿਭਾਈਆ। ਦੀਪਕ ਜੋਤੀ ਇਕ ਜਗਾਏ, ਅਗਿਆਨ ਅੰਧੇਰ ਮਿਟਾਈਆ। ਸ਼ਬਦ ਅਨਾਦੀ ਧੁਨ ਉਪਜਾਏ, ਸਾਚਾ ਰਾਗ ਅਲਾਈਆ। ਪੰਚਮ ਪੰਚਮ ਸੇਵਾ ਲਾਏ, ਪੰਚਮ ਸੇਵਾ ਰਿਹਾ ਸੁਣਾਈਆ। ਸੁਨ ਸਮਾਧੀ ਆਪ ਖੁਲ੍ਹਾਏ, ਸੁਨ ਮੰਡਲ ਬਾਹਰ ਕਰਾਈਆ। ਬੋਧ ਅਗਾਧੀ ਸ਼ਬਦ ਜਣਾਏ, ਅਕੱਥ ਕਥਾ ਰਖਾਈਆ। ਮੋਹਣ ਮਾਧਵ ਮਾਧੀ ਮੇਲ ਮਿਲਾਏ, ਜੋਤ ਨਿਰੰਜਣ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਦਰ ਘਰ ਸਾਚਾ ਵੇਖ ਵਖਾਈਆ। ਹਰਿਜਨ ਸਾਜਨ ਸਾਚਾ ਸ਼ਾਹੋ, ਏਕਾ ਏਕ ਅਕਾਲਿਆ। ਆਪੇ ਦਾਤਾ ਬੇਪਰਵਾਹੋ, ਦੀਨਾ ਬੰਧਪ ਦੀਨ ਦਿਆਲਿਆ। ਜੁਗ ਜੁਗ ਬਣੇ ਮਾਤ ਮਲਾਹੋ, ਨਾਮ ਚਪੂ ਇਕ ਰਖਾ ਲਿਆ। ਗੁਰਮੁਖਾਂ ਮੇਲ ਮਿਲਾਏ ਥਾਈਂ ਥਾਉਂ, ਹਰਿ ਸ਼ਬਦੀ ਆਪ ਜਗਾ ਲਿਆ। ਪਕੜ ਉਠਾਏ ਧੁਰਦਰਗਾਹੀ ਬਾਹੋਂ, ਆਤਮ ਸੇਜਾ ਡੇਰਾ ਲਾ ਲਿਆ। ਇਕ ਵਖਾਏ ਸਾਚਾ ਨਾਉਂ, ਲਿਖਣ ਪੜ੍ਹਨ ਵਿਚ ਨਾ ਆ ਰਿਹਾ। ਮੇਲ ਮਿਲਾਏ ਅਗੰਮ ਅਥਾਹੋ, ਅਗੰਮ ਅਥਾਹ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾ ਲਿਆ। ਸਾਚਾ ਘਰ ਦਰ ਦਰਬਾਰ, ਜਗੇ ਜੋਤ ਨੁਰਾਨਿਆ। ਇਕ ਇਕੱਲਾ ਏਕੰਕਾਰ, ਓਅੰਕਾਰਾ ਰੂਪ ਸਮਾਨਿਆ। ਏਕਾ ਸ਼ਬਦ ਸੱਚੀ ਧੁਨਕਾਰ, ਬ੍ਰਹਿਮੰਡਾਂ ਵਿਚ ਸਮਾਨਿਆ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਵੇਖ ਵਖਾਨਿਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰ ਪਿਆਰ, ਵਿਸ਼ਨੂੰ ਵੰਸੀ ਮੇਲ ਮਿਲਾਨਿਆ। ਜੋਤ ਸਰੂਪੀ ਕਰ ਅਕਾਰ, ਲੋਕਮਾਤ ਖੇਲੇ ਖੇਲ ਹਰਿ ਭਗਵਾਨਿਆ। ਸਾਧ ਸੰਤ ਲਏ ਉਭਾਰ, ਦਰ ਦਵਾਰ ਕਰੇ ਪਰਵਾਨਿਆ। ਏਕਾ ਜੋਤ ਏਕਾ ਨੂਰ ਏਕਾ ਸ਼ਬਦ ਏਕਾ ਤੂਰ, ਏਕਾ ਦਾਤਾ ਆਸਾ ਮਨਸਾ ਪੂਰ, ਸਦ ਏਕਾ ਰੰਗ ਸਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖੇ ਆਤਮ ਦਰ, ਕਵਣ ਸੇਜਾ ਰੰਗ ਰੰਗਾਨਿਆ। ਆਤਮ ਸੇਜਾ ਸ਼ਬਦ ਫੁਲਵਾੜੀ, ਗੁਰਮੁਖ ਮਾਤ ਲਗਾਈਆ। ਬ੍ਰਹਮ ਪਾਰਬ੍ਰਹਮ ਕਰੇ ਪਿਆਰੀ, ਆਤਮ ਸ਼ਬਦ ਜਣਾਈਆ। ਆਵੇ ਜਾਵੇ ਵਾਰੋ ਵਾਰੀ, ਸੰਤ ਸੁਹੇਲੇ ਲਏ ਜਗਾਈਆ। ਜੀਵ ਜੰਤ ਨਾ ਮਿਲਿਆ ਕੰਤ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ, ਆਪਣੀ ਬਣਤ ਬਣਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲੇ, ਖੇਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਉਚ ਮਹੱਲ ਅਟੱਲ, ਆਪਣਾ ਆਪ ਬਣਾਇਆ। ਆਪੇ ਵੇਖੇ ਉਪਰ ਥਲ, ਦੂਸਰ ਕਿਸੇ ਦਿਸ ਨਾ ਆਇਆ। ਸਚ ਸਿੰਘਾਸਣ ਬੈਠਾ ਮੱਲ, ਪਾਵਾ ਚੂਲ ਨਾ ਕੋਈ ਰਖਾਇਆ। ਆਪੇ ਜਾਣੇ ਆਪਣਾ ਵਲ ਛਲ, ਅਛਲ ਛਲ ਅਖਵਾਇਆ। ਜੋਤੀ ਸ਼ਬਦੀ ਗਿਆ ਰਲ, ਪਵਣੀ ਪਵਣ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਾਂ ਵੇਖੇ ਸਾਚਾ ਘਰ, ਕਵਣ ਧਾਮ ਸੁਹਾਇਆ। ਜਨ ਭਗਤਾਂ ਲਹਿਣਾ ਦੇਣ ਚੁਕਾਏ, ਆਵਣ ਜਾਵਣ ਲੱਖ ਚੁਰਾਸੀ ਗੇੜਾ। ਰਾਏ ਧਰਮ ਨੇੜ ਨਾ ਆਏ, ਭਾਗ ਲਗਾਏ ਕਾਇਆ ਖੇੜਾ। ਅੰਦਰ ਮੰਦਰ ਡੇਰਾ ਲਾਏ, ਗੁਰਮੁਖ ਤੇਰਾ ਦਸਮ ਦਵਾਰੀ ਖੁਲ੍ਹਾ ਕਰਾਏ ਵਿਹੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਕਾਇਆ ਮੰਦਰ ਅੰਦਰ ਕਰੇ ਹੱਕ ਨਿਬੇੜਾ। ਏਕਾ ਮੱਕਾ ਏਕਾ ਕਾਅਬਾ, ਦੋ ਦੋਆਬਾ ਮੇਲ ਮਿਲਾਈਆ। ਚਰਨ ਘੋੜੇ ਦੇ ਰਕਾਬਾ, ਚਾਰੋਂ ਕੁੰਟ ਦੁੜਾਈਆ। ਖੇਲੇ ਖੇਲ ਦੇਸ ਮਾਝਾ, ਦਿਸ ਕਿਸੇ ਨਾ ਆਈਆ। ਅੱਸੂ ਤਿੰਨ ਰੁੱਤ ਸੁਹਾਏ, ਹਰਿ ਸਾਚੇ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਸੁਲਤਾਨਾਂ ਆਪ ਉਠਾਈਆ। ਅੱਸੂ ਤਿੰਨ ਸਚ ਦਿਵਸ ਦਿਹਾੜਾ, ਪ੍ਰਭ ਸਾਚਾ ਆਪ ਵਿਚਾਰਦਾ। ਨੇੜ ਨਾ ਆਏ ਪੰਚਮ ਧਾੜਾ, ਜਮਨ ਕਿਨਾਰਾ ਵੇਖ ਵਿਚਾਰਦਾ। ਖੇਲ ਖੇਲ ਅਗੰਮ ਅਪਾਰਾ, ਸਾਧਾਂ ਸੰਤਾਂ ਵੇਖ ਵਿਚਾਰਦਾ। ਹਰਿਜਨ ਮੇਲਾ ਵਿਚ ਸੰਸਾਰਾ, ਏਕਾ ਬਖ਼ਸ਼ੇ ਚਰਨ ਦਵਾਰ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਏ, ਏਕਾ ਦੂਜਾ ਭਉ ਨਿਵਾਰਦਾ। ਸ਼ਬਦ ਪਿਆਰਾ ਗੁਰੂ ਸਤਿ, ਸਤਿਗੁਰ ਆਪ ਅਖਵਾਏ। ਜੂਠ ਝੂਠ ਛੱਡਣਾ ਨੱਤ, ਮਦਿਰਾ ਮਾਸ ਰਸਨ ਤਜਾਏ। ਆਪੇ ਦੇ ਸਮਝਾਵੇ ਮਤ, ਮਨਮਤ ਦਏ ਦੁਰਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਰੰਗ ਚੜ੍ਹਾਏ। ਅੱਸੂ ਤਿੰਨ ਸਚ ਵਿਹਾਰਾ, ਕਰੇ ਜੋਤ ਅਕਾਲਿਆ। ਸਾਧਾਂ ਸੰਤਾਂ ਕਰ ਪਿਆਰਾ, ਆਤਮ ਜੋਤੀ ਕਰ ਅਕਾਰਾ, ਸ਼ਬਦ ਵਜਾਏ ਤਾਲਿਆ। ਆਪੇ ਵਸੇ ਅੰਦਰ ਬਾਹਰਾ, ਗੁਪਤ ਜ਼ਾਹਰ ਖੇਲ ਨਿਰਾਲਿਆ। ਆਪੇ ਕਰੇ ਸ੍ਰਿਸ਼ਟ ਸਬਾਈ ਕਲ ਖਵਾਰਾ, ਚਲੇ ਅਵੱਲੜੀ ਚਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਆਪ ਰਚਾਏ ਆਪਣਾ ਕਾਜਿਆ। ਹਰਿ ਕਰਤਾ ਅਬਿਨਾਸ਼, ਪੁਰਖ ਅਬਿਨਾਸ਼ਿਆ। ਜਨ ਭਗਤਾਂ ਦਾਸੀ ਦਾਸ, ਨਿਜ ਘਰ ਆਤਮ ਕਰੇ ਵਾਸਿਆ। ਚਲੇ ਚਲਾਏ ਪਵਣ ਸਵਾਸ, ਆਪੇ ਸ਼ਬਦ ਸੱਚਾ ਧਰਵਾਸਿਆ। ਸਾਚੇ ਮੰਡਲ ਪਾਵੇ ਰਾਸ, ਖੇਲੇ ਖੇਲ ਪ੍ਰਿਥਮੀ ਆਕਾਸਿਆ। ਆਦਿ ਅੰਤ ਨਾ ਹੋਏ ਵਿਨਾਸ, ਹਰਿ ਸਾਜਣ ਸ਼ਾਹੋ ਸ਼ਾਬਾਸਿਆ। ਲੇਖੇ ਲਾਏ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਧੁਰ ਭਰਵਾਸਿਆ। ਨਾਮ ਨਿਧਾਨਾ ਹਰਿ ਭਗਵਾਨਾ, ਜੁਗ ਜੁਗ ਆਪ ਚਲਾਇੰਦਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਸਾਚੀ ਡੋਰੀ ਇਕ ਵਖਾਇੰਦਾ। ਤਨ ਪਹਿਨਾਏ ਤੀਰ ਕਮਾਨਾ, ਬਸਤਰ ਸ਼ਸਤਰ ਨਾਮ ਸਜਾਇੰਦਾ। ਲੋਚਨ ਤੀਜੇ ਇਕ ਨਿਸ਼ਾਨਾ, ਦੋਏ ਨੇਤਰ ਮੂੰਦ ਆਪ ਲਗਾਇੰਦਾ। ਪੰਚ ਵਿਕਾਰਾ ਹੋਏ ਵੈਰਾਨਾ, ਸ਼ਾਹ ਸ਼ਿਕਾਰ ਨਾ ਕੋਇ ਵਖਾਇੰਦਾ। ਸਾਚਾ ਰਾਹ ਇਕ ਵਖਾਨਾ, ਗੁਰਮੁਖ ਮਾਰਗ ਲਾਇੰਦਾ। ਅੱਖਰ ਵੱਖਰ ਧੁਰ ਫ਼ਰਮਾਨਾ, ਸ਼ਬਦੀ ਸ਼ਬਦ ਜਣਾਇੰਦਾ। ਰਾਗ ਅਨਾਦੀ ਏਕਾ ਗਾਨਾ, ਏਕਾ ਧੁਨ ਉਪਜਾਇੰਦਾ। ਉਪਾਏ ਸਮਾਏ ਪਵਣ ਮਸਾਨਾ, ਪਵਣੀ ਪਵਣ ਰਚਾਇੰਦਾ। ਆਰ ਪਾਰ ਇਕ ਟਿਕਾਨਾ, ਆਪਣਾ ਆਪ ਜਣਾਇੰਦਾ। ਸਤਿ ਪੁਰਖ ਨਿਰੰਜਣ ਸ਼ਬਦ ਬਿਬਾਨਾ, ਜੁਗ ਜੁਗ ਆਪ ਲਿਆਇੰਦਾ। ਸਾਧਾਂ ਸੰਤਾਂ ਦੇਵੇ ਦਾਨਾ, ਆਤਮ ਝੋਲੀ ਆਪ ਭਰਾਇੰਦਾ। ਦਰ ਦਵਾਰੇ ਕਰ ਪਰਵਾਨਾ, ਚਰਨ ਗੋਲੀ ਸੇਵ ਕਮਾਇੰਦਾ। ਚਲੇ ਚਲਾਏ ਆਪਣੇ ਭਾਣਾ, ਭਾਣਾ ਰਾਣਾ ਹਰਿ ਵਖਾਇੰਦਾ। ਇਕ ਵਖਾਏ ਪਦ ਨਿਰਬਾਨਾ, ਘਰ ਚੌਥਾ ਧਾਮ ਸੁਹਾਇੰਦਾ। ਰਕਤ ਬੂੰਦ ਨਾ ਕੋਇ ਨਿਸ਼ਾਨਾ, ਨਾਰੀ ਕੰਤ ਨਾ ਕੋਇ ਹੰਢਾਇੰਦਾ। ਪਿਤਾ ਪੂਤ ਨਾ ਸੰਗ ਰਖਾਨਾ, ਸਗਲਾ ਸੰਗ ਤੁੜਾਇੰਦਾ। ਏਕਾ ਸ਼ਬਦ ਏਕਾ ਗਾਣਾ, ਨਾਦ ਅਨਾਦੀ ਆਪ ਸੁਣਾਇੰਦਾ। ਏਕਾ ਜੋਤ ਸ੍ਰੀ ਭਗਵਾਨਾ, ਏਕਾ ਰੂਪ ਸਮਾਇੰਦਾ। ਸੰਤ ਸੁਹੇਲੇ ਕਰ ਪਛਾਨਾ, ਆਪ ਆਪਣੇ ਰੰਗ ਰੰਗਾਇੰਦਾ। ਏਕਾ ਦੂਜਾ ਭੇਵ ਚੁਕਾਨਾ, ਤੀਜਾ ਲੇਖ ਮਿਟਾਇੰਦਾ। ਚੌਥੇ ਦਰ ਕਰ ਪਰਵਾਨਾ, ਆਪਣਾ ਸੰਗ ਨਿਭਾਇੰਦਾ। ਪੰਚਮ ਪੰਚਾਂ ਖੇਲ ਮਹਾਨਾ, ਸੰਤ ਸੁਹੇਲੇ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਅੰਦਰ ਦਵਾਰ, ਏਕਾ ਜੋਤ ਰੁਸ਼ਨਾਈਆ। ਆਪੇ ਕਰੇ ਬੰਦ ਕਿਵਾੜ, ਆਪੇ ਖੋਲ੍ਹ ਵਖਾਈਆ। ਆਪੇ ਵੇਖੇ ਜੰਗਲ ਜੂਹ ਉਜਾੜ ਪਹਾੜ, ਆਪੇ ਰੁਤ ਬਸੰਤੀ ਫਲ ਫੁਲਵਾੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਨਾਰ ਆਪੇ ਕੰਤੀ ਆਪ ਆਪਣੀ ਸੇਜ ਹੰਢਾਈਆ। ਆਪਣੀ ਸੇਜਾ ਆਪ ਹੰਢਾ, ਆਪਣੀ ਦਇਆ ਕਮਾਇੰਦਾ। ਜੋਤੀ ਨਾਰੀ ਸੁਤ ਉਪਜਾ, ਸ਼ਬਦੀ ਨਾਉਂ ਰਖਾਇੰਦਾ। ਸ਼ਬਦ ਸੁਤ ਬੇਪਰਵਾਹ, ਬ੍ਰਹਿਮੰਡਾਂ ਵਿਚ ਸਮਾਇੰਦਾ। ਬ੍ਰਹਿਮੰਡਾਂ ਅੰਦਰ ਡੇਰਾ ਲਾ, ਦਿਸ ਕਿਸੇ ਨਾ ਆਇੰਦਾ। ਗੁਰਸਿਖ ਸੰਤ ਸੁਹੇਲੇ ਲਏ ਜਗਾ, ਚੋਰੀ ਡੋਰੀ ਘੋਰੀ ਏਕਾ ਪਾਇੰਦਾ। ਆਪ ਵਖਾਏ ਆਪਣਾ ਰਾਹ, ਜੋਤ ਨਿਰੰਜਣ ਡਗਮਗਾਇੰਦਾ। ਇਕ ਵਖਾਏ ਸਾਚਾ ਨਾਂ, ਆਪ ਆਪਣਾ ਆਪ ਅਲਾਇੰਦਾ। ਦਸਮ ਦਵਾਰੀ ਸਾਚਾ ਥਾਂ, ਦਰ ਘਰ ਸਾਚਾ ਇਕ ਸੁਹਾਇੰਦਾ। ਨਾ ਕੋਈ ਪੰਥੀ ਪੰਛੀ ਤਰਵਰ ਉਡੇ ਕਾਂ, ਮਛ ਕਛ ਨਾ ਕੋਈ ਦਿਸਾਇੰਦਾ। ਪਿਤਾ ਪੂਤ ਨਾ ਪਕੜੇ ਬਾਂਹ, ਮਾਤਾ ਗੋਦ ਨਾ ਕੋਈ ਉਠਾਇੰਦਾ। ਨਾ ਕੋਈ ਦੇਵੇ ਠੰਢੀ ਛਾਂ, ਹਿਤ ਚਿਤ ਨਾ ਕੋਈ ਦੁਖਾਇੰਦਾ। ਗੁਰ ਪੂਰੇ ਸਦ ਬਲ ਬਲ ਜਾਂ, ਹਰਿ ਸ਼ਬਦੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਕਰ, ਜਗ ਮੇਲੀ ਜੁਗ ਮਿਲਾਇੰਦਾ। ਜੁਗ ਮੇਲਾ ਜਗ ਕਰਤਾ ਆਪ, ਜੁਗ ਜੁਗ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਧਰਤਾ ਆਪ, ਧਰਨੀ ਧਰਤ ਉਪਾਇੰਦਾ। ਅਜਪਾ ਜਾਪ ਜਪਤਾ ਆਪ, ਆਪ ਆਪਣਾ ਜਾਪ ਜਪਾਇੰਦਾ। ਹਰਤਾ ਕਰਤਾ ਵਡ ਪਰਤਾਪ, ਕਰਤਾ ਪੁਰਖ ਆਪ ਅਖਵਾਇੰਦਾ। ਨਾ ਕੋਈ ਪੁੰਨ ਨਾ ਕੋਈ ਪਾਪ, ਹਰਖ ਸੋਗ ਨਾ ਕੋਈ ਵਖਾਇੰਦਾ। ਆਪ ਆਪਣੀ ਥਾਪਣ ਥਾਪ, ਜੁਗ ਜੁਗ ਰਚਨ ਰਚਾਇੰਦਾ। ਤ੍ਰੈਗੁਣ ਤੇਰਾ ਮਿਟੇ ਤਾਪ, ਰਾਜਸ ਤਾਮਸ ਸਾਂਤਕ ਵੇਖ ਵਖਾਇੰਦਾ। ਕਲਜੁਗ ਕਾਇਆ ਰਹੀ ਕਾਂਪ, ਵੇਲਾ ਅੰਤਮ ਆਇੰਦਾ। ਪੰਜ ਤਤ ਵਿਕਾਰਾ ਰਿਹਾ ਨਾਚ, ਕਲਜੁਗ ਡੌਰੂ ਵਾਹਿੰਦਾ। ਗੁਰਮੁਖ ਵਿਰਲਾ ਚੜ੍ਹੇ ਸਾਚੇ ਘਾਟ, ਲੱਖ ਚੁਰਾਸੀ ਆਪ ਰੁੜ੍ਹਾਇੰਦਾ। ਨਾਮ ਸੌਦਾ ਹਰਿਜਨ ਹਾਟ, ਚੌਦਾਂ ਹੱਟਾਂ ਵੇਖ ਵਖਾਇੰਦਾ। ਦੀਪਕ ਜੋਤੀ ਇਕ ਲਿਲਾਟ, ਮਸਤਕ ਥਾਲੀ ਆਪ ਟਿਕਾਇੰਦਾ। ਆਤਮ ਸੇਜਾ ਸਾਚੀ ਖਾਟ, ਫੂਲਨ ਵਰਖਾ ਆਪੇ ਲਾਇੰਦਾ। ਅੰਮ੍ਰਿਤ ਆਤਮ ਸਰ ਸਰੋਵਰ ਮਾਰੇ ਠਾਠ, ਸਚ ਹੁਲਾਰਾ ਆਪ ਦਵਾਇੰਦਾ। ਸਤਿਜੁਗ ਤੇਰਾ ਸਾਚਾ ਪਾਠ, ਸੋਹੰ ਸੋ ਰਖਾਇੰਦਾ। ਚਾਰ ਵਰਨਾਂ ਇਕ ਇਕੱਠ, ਏਕਾ ਦਰ ਸੁਹਾਇੰਦਾ। ਜੋਧਾ ਸੂਰਾ ਵਲੀਆ ਛਲੀਆ ਹਰਿ ਹਰਿ ਰਾਠ, ਸੰਤ ਸੁਹੇਲੇ ਤੀਰ ਉਠਾਇੰਦਾ। ਨਾਮ ਸ਼ਬਦ ਗੁਰਜ ਸਾਚੀ ਲਾਠ, ਚਾਰੋਂ ਕੁੰਟ ਆਪ ਭਵਾਇੰਦਾ। ਕਲਜੁਗ ਕਾਇਆ ਅਗਨੀ ਜਲੇ ਕਾਠ, ਅਗਨੀ ਤਤ ਰੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਏਕਾ ਦਰ, ਏਕਾ ਧਾਮ ਸੁਹਾਇੰਦਾ। ਏਕਾ ਧਾਮ ਏਕਾ ਰਾਹ, ਏਕਾ ਸ਼ਬਦ ਜਣਾਈਆ। ਏਕਾ ਗੁਰ ਬੇਪਰਵਾਹ, ਏਕਾ ਨਾਮ ਵਖਾਈਆ। ਏਕਾ ਦੇਵੇ ਠੰਢੀ ਛਾਂ, ਏਕਾ ਬਿਰਖਾ ਹੇਠ ਬਠਾਈਆ। ਏਕਾ ਹੰਸ ਬਣਾਏ ਕਾਂ, ਮਾਣਕ ਮੋਤੀ ਸੋਹੰ ਚੋਗ ਚੁਗਾਈਆ। ਸੋ ਪੁਰਖ ਨਿਰੰਜਣ ਜਾਣੇ ਆਪਣਾ ਨਾਂ, ਆਪ ਆਪਣੀ ਬਣਤ ਬਣਾਈਆ। ਹੰ ਹੰਗਤਾ ਦਏ ਮਿਟਾ, ਹਾਹਾ ਹਰਿ ਗੁਣ ਵੇਖ ਵਿਖਾਈਆ। ਸੱਸਾ ਕਿਲ੍ਹਾ ਇਕ ਬਣਾ, ਚਾਰੋਂ ਕੁੰਟ ਲਕਾਰਾ ਲਾਈਆ। ਹੋੜਾ ਉਪਰ ਦਏ ਟਿਕਾ, ਦੋਵੇਂ ਮੁਖ ਭਵਾਈਆ। ਤਿੱਖੀ ਧਾਰਾ ਲਏ ਰਖਾ, ਲੇਖਾ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਵੇਖ ਵਖਾ, ਊਚੋ ਨੀਚ ਸਮਾਈਆ। ਉਪਰ ਬੈਠਾ ਬੇਪਰਵਾਹ, ਜੋਤ ਸਰੂਪੀ ਡਗਮਗਾਈਆ। ਸ਼ਬਦ ਧਾਰਾ ਰਿਹਾ ਚਲਾ, ਹੋੜੇ ਉਪਰ ਆਪ ਟਿਕਾਈਆ। ਹੋੜੇ ਮੁਖ ਦਏ ਭਵਾ, ਸੱਸੇ ਵਿਚ ਸਮਾਈਆ। ਸੱਸਾ ਕਿਲ੍ਹਾ ਦਏ ਖੁਲ੍ਹਾ, ਏਕਾ ਚੋਟ ਲਗਾਈਆ। ਸ਼ਬਦ ਸੁਤ ਦਰ ਬਹਾ, ਸਾਚੀ ਸਿਖਿਆ ਦਏ ਸਮਝਾਈਆ। ਸੰਤ ਸੁਹੇਲੇ ਲਏ ਮਿਲਾ, ਏਕਾ ਰੰਗ ਰੰਗਾਈਆ। ਏਕਾ ਘੁੰਡੀ ਪੈਰ ਲਗਾ, ਲੋਕਮਾਤੀ ਕੁੰਡਾ ਲਾਹੀਆ। ਸ਼ਬਦ ਖੂੰਡੀ ਹੱਥ ਰਖਾ, ਹਾਹਾ ਲੇਖ ਲਿਖਾਈਆ। ਹਾਹਾ ਡੰਡਾ ਲਏ ਖਿਚਾ, ਨੀਚੇ ਧਾਰ ਚਲਾਈਆ। ਆਪੇ ਅੱਗੋਂ ਲਏ ਭਵਾ, ਟੇਡਾ ਰਾਹ ਬਣਾਈਆ। ਚੌਥਾ ਘਰ ਚੌਥਾ ਪਦ ਚੌਥਾ ਹਿਸਾ ਲਏ ਵੰਡਾ, ਅੰਦਰ ਮੁਖ ਕਰਾਈਆ। ਆਪੇ ਅੰਦਰ ਫੜੇ ਬਾਂਹ, ਏਕਾ ਰਾਹ ਵਖਾਈਆ। ਉਤੇ ਟਿੱਪੀ ਦਏ ਟਿਕਾ, ਦਸਮ ਦਵਾਰੀ ਬਣਤ ਬਣਾਈਆ। ਸੁਰਤ ਸਵਾਣੀ ਬੰਦ ਕਰਾ, ਦਿਸ ਕਿਸੇ ਨਾ ਆਈਆ। ਬ੍ਰਹਮ ਸਰੂਪੀ ਭੇਵ ਛੁਪਾ, ਬ੍ਰਹਮ ਬ੍ਰਹਮ ਸਮਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਪੇ ਵੇਖੇ ਵੇਖ ਵਖਾਈਆ। ਆਪ ਆਪਣੀ ਦਇਆ ਕਮਾ, ਹਾਹਾ ਟਿੱਪੀ ਸੰਗ ਨਿਭਾਈਆ। ਨਾਰੀ ਕੰਤਾ ਰੂਪ ਜਣਾ, ਵਿਚਲਾ ਡੰਡਾ ਸੇਜ ਬਣਾਈਆ। ਸਤਿ ਸਰੂਪੀ ਬੀਜ ਪਾ, ਮਨ ਮਤ ਬੁੱਧ ਲਏ ਉਪਾਈਆ। ਨਿਰਗੁਣ ਤੇਰਾ ਕੋਈ ਨਾ ਜਾਣੇ ਨਾਂ, ਰੂਪ ਰੰਗ ਦਿਸ ਨਾ ਆਈਆ। ਮਨ ਜੋਤ ਸਰੂਪ ਰਿਹਾ ਅਖਵਾ, ਨਾਨਕ ਦਏ ਗਵਾਹੀਆ। ਮਤ ਬੁਧ ਸੇਵਕ ਸੇਵਾ ਲਏ ਲਗਾ, ਆਪ ਆਪਣੀ ਕਰ ਚਤੁਰਾਈਆ। ਪਾਰਬ੍ਰਹਮ ਬੈਠਾ ਮੁਖ ਭਵਾ, ਬ੍ਰਹਮ ਤੇਰੇ ਹੱਥ ਦਿਤੀ ਵਡਿਆਈਆ। ਪੰਜਾਂ ਤਤਾਂ ਬਣਤ ਬਣਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਵਿਚ ਸਮਾ, ਰਕਤ ਬੂੰਦ ਮੇਲ ਮਿਲਾਈਆ। ਹੱਡ ਮਾਸ ਨਾੜੀ ਤੇਰਾ ਦਏ ਉਪਾ, ਤਿੰਨ ਸੌ ਸੱਠ ਹਾਡੀ ਜੋੜ ਜੁੜਾਈਆ। ਰਥ ਰਥਵਾਹੀ ਕਾਇਆ ਰਥ ਰਿਹਾ ਚਲਾ, ਆਪ ਆਪਣੀ ਰਚਨ ਰਚਾਈਆ। ਮਨ ਮਨੂਆ ਸੇਵਾ ਦਿਤਾ ਲਾ, ਚਾਰੋਂ ਕੁੰਟ ਰਿਹਾ ਭਵਾਈਆ। ਪੰਜ ਤਤ ਆਪ ਉਪਾ, ਪੰਚਾਂ ਵੇਖ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਜਣਾ, ਜਗਤ ਵਿਦਿਆ ਇਕ ਪੜ੍ਹਾਈਆ। ਮਨ ਮਤ ਬੁੱਧ ਸੰਗ ਰਲਾ, ਅੱਠਾਂ ਤਤਾਂ ਮੇਲ ਮਿਲਾਈਆ। ਬੱਤੀ ਦੰਦਾਂ ਰਿਹਾ ਗਿਣਾ, ਜਿਹਵਾ ਲੇਖ ਲਿਖਾਈਆ। ਨੌ ਦਵਾਰੇ ਆਪ ਖੁਲ੍ਹਾ, ਆਪੇ ਵੇਖ ਵਖਾਈਆ। ਦਾਹੜੀ ਕੇਸ ਮੁੱਛ ਰਖਾ, ਮੂੰਡ ਮੁੰਡਾਈ ਆਪ ਹੋ ਜਾਈਆ। ਧਰਮੀ ਨੈਣੀ ਤਿਲਕ ਲਿਲਾਟ ਲਗਾ, ਕੜਾ ਕ੍ਰਿਪਾਨ ਕਛ ਆਪ ਹੰਢਾਈਆ। ਪੰਜ ਤਤ ਤੇਰਾ ਰੰਗ ਰੰਗਾ, ਲੱਖ ਚੁਰਾਸੀ ਲਈ ਭੁਲਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਲਏ ਉਪਾ, ਦੇ ਮਤ ਸਮਝਾ, ਅੰਦਰ ਬੈਠਾ ਆਸਣ ਲਾਈਆ। ਏਕਾ ਵੰਡਣ ਰਿਹਾ ਵੰਡਾ, ਜੁਗ ਜੁਗ ਹਿਸੇ ਪਾਈਆ। ਬ੍ਰਹਿਮੰਡਾਂ ਖੋਜ ਰਿਹਾ ਖੁਜਾ, ਖੋਜਣਹਾਰਾ ਬੇਪਰਵਾਹੀਆ। ਨਾਰ ਰੰਡਾਂ ਦੁਹਾਗਣਾਂ ਅੱਡ ਕਰਾ, ਰਾਏ ਧਰਮ ਕਰੇ ਕੁੜਮਾਈਆ। ਲਾੜੀ ਮੌਤ ਮਹਿੰਦੀ ਲਾ, ਸਾਚੇ ਸਗਨ ਮਨਾਈਆ। ਪੰਚਮ ਜੇਠ ਤੇਲ ਚੜ੍ਹਾ, ਸਾਚਾ ਮੰਗਲ ਗਾਈਆ। ਅੱਸੂ ਤਿੰਨ ਗਾਨਾ ਦਏ ਬੰਨ੍ਹਾ, ਸਾਧਾਂ ਸੰਤਾਂ ਕਰੇ ਜਣਾਈਆ। ਸ਼ਬਦ ਬਰਾਤੀ ਆਪ ਬਣਾ, ਜਮਨ ਕਿਨਾਰਾ ਵੇਖ ਵਖਾਈਆ। ਸੰਤਾਂ ਸੁਰਤੀ ਆਪ ਜਗਾ, ਸ਼ਬਦ ਕੰਤ ਇਕ ਵਖਾਈਆ। ਸਾਚੀ ਵੇਦੀ ਲਏ ਗੜਾ, ਸੋਹੰ ਝੰਡਾ ਲਾਈਆ। ਸੱਤ ਰੰਗ ਨਿਸ਼ਾਨਾ ਲਏ ਉਠਾ, ਧੁਰਦਰਗਾਹੀ ਬੇਪਰਵਾਹੀਆ। ਨਾਰੀ ਕੰਤਾ ਏਕਾ ਧਾਮ ਬਹਾ, ਸੰਤ ਸਤਿਗੁਰ ਮੇਲ ਮਿਲਾਈਆ। ਆਪੇ ਫੜੇ ਪਲੂ ਬਾਂਹ, ਆਪੇ ਮੁਖ ਭਵਾਈਆ। ਆਪੇ ਜਾਣੇ ਆਪਣਾ ਰਾਹ, ਚਾਰੇ ਕੁੰਟਾਂ ਵੇਖ ਵਖਾਈਆ। ਚੌਥੇ ਜੁਗ ਤੇਰੀ ਅੰਤਮ ਵਾਰ ਫੇਰਾ ਪਾ, ਜੋਤੀ ਸ਼ਬਦੀ ਬਣਤ ਬਣਾਈਆ। ਸੰਤਾਂ ਸੁਰਤੀ ਲਏ ਪਰਨਾ, ਆਪ ਆਪਣੇ ਲੜ ਲਗਾਈਆ। ਸ਼ਬਦ ਘੋੜੀ ਲਏ ਚੜ੍ਹਾ, ਚਰਨ ਰਕਾਬੇ ਇਕ ਟਿਕਾਈਆ। ਦਸਮ ਦਵਾਰੀ ਵਿਚ ਟਿਕਾ, ਪਹਿਲਾ ਪੌੜਾ ਇਕ ਵਖਾਈਆ। ਦੂਜਾ ਪੌੜਾ ਲਏ ਉਠਾ, ਸੋਹੰ ਦੇਸ ਸੁਹਾਈਆ। ਤੀਜਾ ਪੌੜਾ ਬੇਪਰਵਾਹ, ਸੁਨ ਅਗੰਮੋ ਪਾਰ ਕਰਾਈਆ। ਚੌਥਾ ਵੇਖੇ ਸਾਚਾ ਥਾਂ, ਸਤਿ ਪੁਰਖ ਨਿਰੰਜਣ ਬੈਠਾ ਸੇਜ ਵਛਾਈਆ। ਨਾ ਕੋਈ ਜਪੇ ਕਿਸੇ ਦਾ ਨਾਂ, ਬ੍ਰਹਮਾ ਵਿਸ਼ਨੂੰ ਸ਼ਿਵ ਦਿਸ ਨਾ ਆਈਆ। ਨਾਨਕ ਗੋਬਿੰਦ ਸੰਗ ਮੁਹੰਮਦ ਚਾਰ ਯਾਰ, ਰਾਮ ਕ੍ਰਿਸ਼ਨ ਨਾ ਕੋਈ ਸੁਹਾਈਆ। ਸੰਤਾਂ ਪਕੜੇ ਆਪੇ ਬਾਂਹ, ਨਿਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਸਾਚੇ ਦਰ ਵੱਜੀ ਵਧਾਈਆ। ਸਾਚੇ ਦਰ ਵੱਜੇ ਵਧਾਈ, ਹੋਏ ਸ਼ਬਦ ਕੁੜਮਾਈਆ। ਪੰਚਮ ਗਾਵਣ ਚਾਈਂ ਚਾਈਂ, ਮਿਲਿਆ ਮੇਲ ਸਾਚੇ ਮਾਹੀਆ। ਵੇਖ ਵਖਾਏ ਥਾਉਂ ਥਾਈਂ, ਊਚੋ ਨੀਚ ਆਪ ਵਖਾਈਆ। ਕੋਟਨ ਕੋਟ ਜੀਵ ਜੰਤ ਸਾਧ ਸੰਤ ਪਾਂਧੀ ਥੱਕੇ ਰਾਹੀ, ਰਾਹ ਖਹਿੜਾ ਦਿਸ ਨਾ ਆਈਆ। ਤ੍ਰੈਗੁਣ ਮਾਇਆ ਪਾਈ ਫਾਹੀ, ਨਾ ਕੋਈ ਸਕੇ ਤੁੜਾਈਆ। ਪੰਚਾਂ ਟਿੱਕਾ ਲਾਇਆ ਕਾਲਖ ਸ਼ਾਹੀ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚੀ ਸਿਖੀ ਸਾਚਾ ਮਿਲਿਆ ਮਾਹੀ, ਆਪ ਆਪਣਾ ਲੜ ਫੜਾਈਆ। ਲਜ ਪਤ ਪਾਰਬ੍ਰਹਮ ਅਬਿਨਾਸ਼ੀ ਕਰਤੇ ਰੱਖੀ, ਜਿਸ ਹੱਥ ਵੱਡੀ ਵਡਿਆਈਆ। ਹਰਿ ਕਾ ਨਾਮ ਕਿਸੇ ਹੱਥ ਨਾ ਕਰੋੜ ਲੱਖੀ, ਕੀਮਤ ਕਰਤੇ ਕਿਸੇ ਨਾ ਪਾਈਆ। ਸਾਧ ਸੰਤ ਜੋ ਸੁੱਤੇ ਲਾਲ ਅਨਮੁਲੜੇ ਲਏ ਉਠਾਈਆ। ਪਵਣ ਉਨੰਜਾ ਝੱਲੇ ਪੱਖੀ, ਪ੍ਰਭ ਸਾਚੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਇਕ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਸੁਹੰਦੜਾ, ਮਿਲਿਆ ਪੁਰਖ ਭਤਾਰ। ਜੁਗ ਜੁਗ ਸਦ ਬਖ਼ਸ਼ਿੰਦੜਾ, ਜੋ ਜਨ ਢਹਿ ਪਏ ਦਵਾਰ। ਮੇਲ ਮਿਲਾਏ ਸਾਚੇ ਅੰਦਰਾ, ਕਾਇਆ ਮੰਦਰ ਇਕ ਅਪਾਰ। ਇਕ ਸੁਣਾਏ ਸੁਹਾਗੀ ਛੰਦੜਾ, ਆਪ ਆਪਣੀ ਕਿਰਪਾ ਧਾਰ। ਏਕਾ ਜੋਗ ਜਗਤ ਰਖੰਦੜਾ, ਖੁਲ੍ਹੇ ਕੇਸ ਦਰ ਦਰਵੇਸ਼ ਨਰ ਨਰੇਸ਼ ਨਾ ਕੋਈ ਵਿਚਾਰ। ਹਰਿ ਸ਼ਬਦ ਏਕਾ ਏਕ ਵਖੰਦੜਾ, ਏਕਾ ਮੇਲੀ ਮੇਲਣਹਾਰ। ਦੀਪਕ ਜੋਤੀ ਇਕ ਜਗੰਦੜਾ, ਮੇਟ ਮਿਟਾਏ ਅੰਧ ਅੰਧਿਆਰ। ਦੂਈ ਦਵੈਤੀ ਢਾਹੇ ਕੰਧੜਾ, ਭਾਂਡਾ ਭਰਮ ਭਉ ਨਿਵਾਰ। ਮਨਮੁਖ ਜੀਵ ਕਾਇਆ ਪੰਜ ਤਤ ਅੰਧੜਾ, ਭੇਵ ਨਾ ਪਾਏ ਸਿਰਜਨਹਾਰ। ਆਪੇ ਨੇਤਰ ਲੋਚਨ ਨੈਣ ਖੁਲ੍ਹੰਦੜਾ, ਆਪੇ ਕਰੇ ਬੰਦ ਕਿਵਾੜ। ਆਪੇ ਤੋੜਨਹਾਰਾ ਜਿੰਦੜਾ, ਬਜਰ ਕਪਾਟੀ ਦੇੇਵੇ ਪਾੜ। ਜੀਵ ਅੰਞਾਣਾ ਭਾਗਾਂ ਮੰਦੜਾ, ਦਰ ਦਰ ਫਿਰੇ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਭਰੇ ਨਾਮ ਭੰਡਾਰ। ਨਾਮ ਭੰਡਾਰਾ ਸਚ ਖ਼ਜੀਨਾ, ਪ੍ਰਭ ਆਪਣੇ ਹੱਥ ਰਖਾਇਆ। ਜਨ ਭਗਤਾਂ ਦੇਵੇ ਦਾਨਾ ਬੀਨਾ, ਆਪ ਆਪਣੀ ਦਇਆ ਕਮਾਇਆ। ਸਾਂਤਕ ਸਤਿ ਕਰਾਏ ਠਾਂਡਾ ਸੀਨਾ, ਅੰਮ੍ਰਿਤ ਆਤਮ ਜਾਮ ਪਿਆਇਆ। ਕਾਇਆ ਚੋਲੀ ਰੰਗ ਰੰਗੇ ਭੀਨਾ, ਆਪ ਆਪਣਾ ਰੰਗ ਰੰਗਾਇਆ। ਨਾ ਕੋਈ ਮਜ਼੍ਹਬ ਨਾ ਕੋਈ ਦੀਨਾ, ਜ਼ਾਤ ਪਾਤ ਨਾ ਕੋਈ ਰਖਾਇਆ। ਨੌ ਖੰਡ ਪ੍ਰਿਥਮੀ ਤੇਰੀ ਭੰਨੇ ਹੰਕਾਰੀ ਬੀਨਾ, ਝੂਠਾ ਤਾਲ ਨਾ ਕੋਈ ਵਜਾਇਆ। ਆਪੇ ਵੇਖੇ ਰੂਸਾ ਚੀਨਾ, ਚੀਨਾ ਰੂਸਾ ਆਪ ਸਮਾਇਆ। ਮਿਲੇ ਮੇਲ ਸ਼ਾਹ ਅਬਨੂਸਾ, ਕੋਹਤੂਰਾ ਨੂਰ ਸਵਾਇਆ। ਨਾ ਕੋਈ ਕੁਰਾਨ ਨਾ ਹਦੀਸਾ, ਨਾ ਕੋਈ ਸਬਕ ਪੜ੍ਹਾਇਆ। ਲੇਖਾ ਚੁੱਕੇ ਈਸਾ ਮੂਸਾ, ਮੁਸਲਿਮ ਸੁਨੀ ਰਹਿਣ ਨਾ ਪਾਇਆ। ਆਪੇ ਵੇਖੇ ਕਾਲਾ ਸੂਸਾ, ਅਲ੍ਹਾ ਰਾਣੀ ਮੁਖ ਛੁਪਾਇਆ। ਖੇਲੇ ਖੇਲ ਬੀਸ ਬੀਸਾ, ਜਗਤ ਜਗਦੀਸਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਇਆ। ਆਪੇ ਵੇਖ ਵੇਦ ਪੁਰਾਨ, ਸਿਮਰਤ ਸ਼ਾਸਤਰ ਵੇਖ ਵਖਾਨਿਆ। ਦਾਤਾ ਦਾਨੀ ਗੁਣ ਨਿਧਾਨ, ਗੁਣ ਅਵਗੁਣ ਜਾਣੇ ਦੋ ਜਹਾਨਿਆ। ਲੱਖ ਚੁਰਾਸੀ ਪੁਣ ਛਾਣ, ਛਾਣ ਪੁਣ ਕਰੇ ਸ੍ਰੀ ਭਗਵਾਨਿਆ। ਬ੍ਰਹਮਾ ਵੇਤਾ ਦਰ ਦਰਬਾਨ, ਰੋ ਰੋ ਕਰੇ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਧੁਰ ਫੁਰਮਾਨਿਆ। ਏਕਾ ਸ਼ਬਦ ਧੁਰ ਫੁਰਮਾਨੀ, ਹਰਿ ਬ੍ਰਹਮੇ ਆਪ ਜਣਾਇੰਦਾ। ਕਲਜੁਗ ਅੰਤਮ ਮੇਲ ਮਿਲਾਨੀ, ਵੇਲਾ ਅੰਤ ਚੁਕਾਇੰਦਾ। ਨੇਤਰ ਅੱਠ ਬੰਦ ਕਰਾਈ, ਚਾਰੇ ਮੁਖ ਵਖਾਇੰਦਾ। ਸ਼ਾਮ ਯੁਜਰ ਰਿਗ ਥਾਉਂ ਥਾਈਂ, ਅਥਰਬਣ ਰੰਗ ਰੰਗਾਇੰਦਾ। ਐੜਾ ਅੱਲਾ ਨੂਰ ਅਲਾਹੀ, ਆਪਣਾ ਸੰਗ ਨਿਭਾਇੰਦਾ। ਪਰਗਟ ਹੋਏ ਬੇਪਰਵਾਹੀ, ਪਰਵਰਦਿਗਾਰ ਕਰੇ ਖ਼ਬਰਦਾਰ ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਸ਼ਾਹ ਹਕੀਰ ਆਪ ਚੁਕਾਇੰਦਾ। ਖ਼ਲਕ ਖ਼ਾਲਕ ਵੇਖ ਖ਼ੁਦਾਏ ਨਬੀ ਰਸੂਲ ਹਾਏ ਹਾਏ, ਧੀਰਜ ਧੀਰ ਨਾ ਕੋਈ ਧਰਾਇੰਦਾ। ਨਾ ਕੋਈ ਦੇਵੇ ਸਚ ਸਦਾਏ, ਰੋਜ਼ਾ ਬਾਂਗ ਮੁਸੱਲਾ ਕੂਜਾ ਨਾ ਕੋਈ ਵਸਤੂ ਵੇਖ ਵਖਾਇੰਦਾ। ਏਕਾ ਏਕ ਕਿਸੇ ਨਾ ਬੂਝਾ, ਵਾਹਿਦ ਖ਼ੁਦਾ ਨਾ ਕੋਈ ਰਖਾਇੰਦਾ। ਸੰਗ ਮੁਹੰਮਦ ਦਰ ਦਵਾਰਾ ਏਕਾ ਸੂਝਾ, ਦਰ ਦਰਵੇਸ਼ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਾਰੀ ਕੇਸ ਰੂਪ ਵਟਾਇੰਦਾ। ਧਾਰੀ ਕੇਸਾ ਹਰਿ ਬਲਵਾਨ, ਆਪਣੀ ਜੋਤ ਜਗਾਈਆ। ਗੋਬਿੰਦ ਦੇਵੇ ਦਾਤਾ ਦਾਨ, ਦੇਵਣਹਾਰ ਆਪ ਅਖਵਾਈਆ। ਨਾਮ ਖੰਡਾ ਤੇਜ ਕ੍ਰਿਪਾਨ, ਬ੍ਰਹਿਮੰਡਾਂ ਵੇਖ ਵਖਾਈਆ। ਹੱਥ ਕੰਗਣ ਧਰਮ ਨਿਸ਼ਾਨ, ਸਤਿ ਸੰਤੋਖੀ ਧੀਰ ਬੰਧਾਈਆ। ਤੇੜ ਕੱਛ ਪਤ ਲਏ ਰੱਖ, ਧੀਰਜ ਯਤ ਰਖਾਈਆ। ਕੰਘਾ ਕੇਸ ਦਸ ਦਸਮੇਸ਼, ਦੁਰਮਤ ਮੈਲ ਰਿਹਾ ਧਵਾਈਆ। ਜੋਤ ਸਰੂਪੀ ਹਰਿ ਪਰਵੇਸ਼, ਸ਼ਬਦੀ ਕਰੇ ਜਣਾਈਆ। ਨਰੈਣ ਨੈਣਾ ਕਰੇ ਆਦੇਸ, ਨੇਤਰ ਦਰਸ ਦਿਖਾਈਆ। ਸਚ ਸੁਗ਼ਾਤੀ ਧੁਰਦਰਗਾਹੀ ਕੇਸ, ਸੀਸ ਦਸਤਾਰ ਟਿਕਾਈਆ। ਲਹਿਣਾ ਦੇਣਾ ਚੁਕਾਇਆ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਨਾ ਸੀਸ ਝੁਕਾਈਆ। ਮਿਲਿਆ ਵਰ ਦਸ ਦਸਮੇਸ਼, ਪੂਤ ਸਪੂਤਾ ਗੋਦ ਉਠਾਈਆ। ਪਾਰਬ੍ਰਹਮ ਵਡ ਨਰ ਨਰੇਸ਼, ਸ਼ਾਹੋ ਭੂਪ ਆਪ ਅਖਵਾਈਆ। ਲੋਆਂ ਪੁਰੀਆਂ ਰਿਹਾ ਵੇਖ, ਮਾਤ ਪਾਤਾਲ ਆਕਾਸ਼ ਡੇਰਾ ਲਾਈਆ। ਪਰਗਟ ਹੋ ਗੁਰ ਦਸਮੇਸ਼, ਪੁਰਖ ਅਕਾਲ ਦੋਏ ਜੋੜ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਦੀਨ ਦਿਆਲ, ਆਪਣੇ ਗਲੇ ਰਿਹਾ ਲਗਾਈਆ। ਸ਼ਬਦ ਬਣਾਏ ਇਕ ਦਲਾਲ, ਆਵੇ ਜਾਵੇ ਫੇਰਾ ਪਾਏ ਵਾਹੋ ਦਾਹੀਆ। ਮਿਲਾਏ ਮੇਲ ਕਾਇਆ ਸੱਚੀ ਧਰਮਸਾਲ, ਸਚਖੰਡ ਧਾਮ ਸੁਹਾਈਆ। ਸਤਿ ਪੁਰਖ ਨਿਰੰਜਣ ਜਾਣੀ ਜਾਣ, ਨੇਤਰ ਅੰਜਨ ਏਕਾ ਪਾਈਆ। ਗੁਰ ਗੋਬਿੰਦਾ ਦਰ ਪਰਵਾਨ, ਸਾਚਾ ਸੱਜਣ ਆਪ ਬਣਾਈਆ। ਏਕਾ ਦੇਵੇ ਧੁਰ ਫ਼ਰਮਾਨ, ਕਲਜੁਗ ਕਰਨੀ ਅੰਤ ਲੜਾਈਆ। ਲੱਖ ਚੁਰਾਸੀ ਚੁੱਕੇ ਕਾਨ, ਲੋਕਮਾਤੀ ਬਣਤ ਬਣਾਈਆ। ਜੋਧੇ ਸੂਰ ਬਲੀ ਬਲਵਾਨ, ਪੰਜ ਤਤ ਰਿਹਾ ਉਠਾਈਆ। ਆਪ ਬਣਾਏ ਪੰਜ ਸ਼ੈਤਾਨ, ਕਲਗੀ ਤੋੜਾ ਸੀਸ ਟਿਕਾਈਆ। ਨੀਲਾ ਘੋੜਾ ਕਰ ਧਿਆਨ, ਸੋਲਾਂ ਕਲੀਆਂ ਆਸਣ ਲਾਈਆ। ਜੋਤੀ ਜੋੜਾ ਹਰਿ ਹਰਿ ਦਾਨ, ਏਕਾ ਓਟ ਰਖਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਕਾਇਆ ਚੋਟ ਸ਼ਬਦ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦਿਤਾ ਵਰ, ਪੁਰੀ ਅਨੰਦ ਇਕ ਵਖਾਈਆ। ਪਪਾ ਪੁਰਖ ਅਪਾਰ, ਰਾਰਾ ਰਾਮ ਅਖਵਾਇਆ। ਐੜਾ ਅੱਖ ਦਏ ਉਘਾੜ, ਨੱਨਾ ਨਿਰਗੁਣ ਵੇਖ ਵਖਾਇਆ। ਦੱਦਾ ਦਰਦ ਦੁੱਖ ਭੈ ਭੰਜਨਹਾਰ, ਸਮਰਥ ਪੁਰਖ ਆਪ ਅਖਵਾਇਆ। ਪੁਰ ਅਨੰਦ ਲਏ ਉਸਾਰ, ਗੁਰ ਗੋਬਿੰਦ ਵਿਚ ਸਮਾਇਆ। ਸ਼ਬਦ ਜਣਾਏ ਅੱਠੇ ਪਹਿਰ, ਦਿਵਸ ਰੈਣ ਰਿਹਾ ਜਗਾਇਆ। ਆਪੇ ਕਰੇ ਖ਼ਬਰਦਾਰ, ਸਾਚਾ ਖੰਡਾ ਹੱਥ ਫੜਾਇਆ। ਸਿੱਖ ਸੁਹੇਲੇ ਸੰਗੀ ਯਾਰ, ਏਕਾ ਮਤਾ ਪਕਾਇਆ। ਅੰਮ੍ਰਿਤ ਆਤਮ ਕਰ ਤਿਆਰ, ਲੋਕਮਾਤ ਆਪ ਪਿਲਾਇਆ। ਖੰਡੇ ਤਿੱਖੀ ਰੱਖੀ ਧਾਰ, ਨਿੱਕੀ ਸਿੱਖੀ ਰੂਪ ਜਣਾਇਆ। ਨੇਤਰ ਪੇਖੀ ਵਿਚ ਸੰਸਾਰ, ਵੇਲਾ ਅੰਤਮ ਆਇਆ। ਲਿਖਿਆ ਲੇਖ ਬੈਠ ਦਰਬਾਰ, ਏਕਾ ਦੂਜਾ ਸੰਗ ਤੁੜਾਇਆ। ਗੁਰ ਗੋਬਿੰਦਾ ਕਰ ਪਿਆਰ, ਮਾਝੇ ਦੇਸ ਦਏ ਵਧਾਇਆ। ਅੰਤਮ ਪਰਗਟੇ ਨਿਹਕਲੰਕ ਨਰਾਇਣ ਨਰ ਅਵਤਾਰ, ਸੰਬਲ ਨਗਰੀ ਧਾਮ ਸੁਹਾਇਆ। ਸਾਢੇ ਤਿੰਨ ਹੱਥ ਨਗਰ ਉਚ ਮੁਨਾਰ, ਸਾਚਾ ਕਿਲ੍ਹਾ ਇਕ ਸੁਹਾਇਆ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਲਏ ਉਠਾਇਆ। ਗੁਰਮੁਖਾਂ ਬਖ਼ਸ਼ੇ ਏਕਾ ਸ਼ਬਦ ਪਿਆਰ, ਸ਼ਸਤਰ ਬਸਤਰ ਨਾ ਕੋਇ ਵਖਾਇਆ। ਆਪ ਆਪਣੀ ਜੋਤ ਕਰ ਆਕਾਰ, ਆਦਿ ਨਿਰੰਜਣ ਵੇਖ ਵਖਾਇਆ। ਜੋਤ ਨਿਰੰਜਣ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਇਆ। ਸੰਤ ਸੁਹੇਲੇ ਕਰੇ ਖ਼ਬਰਦਾਰ, ਫੜ ਬਾਹੋਂ ਆਪ ਜਗਾਇਆ। ਅੰਤਮ ਮੇਲਾ ਪਾਰ ਬਿਆਸ ਕਿਨਾਰ, ਸਾਚਾ ਧਾਮ ਇਕ ਸੁਹਾਇਆ। ਮਨਮੁਖ ਡੋਬੇ ਅਧ ਵਿਚਕਾਰ, ਬੇੜਾ ਸ਼ੌਹ ਦਰਿਆ ਰੁੜਾਇਆ। ਗੁਰਮੁਖ ਸਾਚੇ ਲਏ ਉਭਾਰ, ਜਿਨ੍ਹਾਂ ਪੁਰੀ ਅਨੰਦ ਸੰਗ ਰਖਾਇਆ। ਸਰਸੇ ਡੋਬੇ ਡੂੰਘੀ ਗਾਰ, ਆਪ ਆਪਣਾ ਮੋਹ ਚੁਕਾਇਆ। ਵਿਛੜਿਆ ਮੇਲ ਮੇਲ ਵਿਛੋੜੇ ਵਿਛੜਨਹਾਰ, ਸਰਸੇ ਭੇਟ ਚੜ੍ਹਾਇਆ। ਗੁਰਮੁਖ ਮੰਗਣ ਮੰਗ ਅਪਾਰ, ਗੋਬਿੰਦ ਤੇਰਾ ਰੂਪ ਸਹਾਇਆ। ਗੁਰ ਗੋਬਿੰਦਾ ਦੇਵੇ ਵਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਬਣ ਭਿਖਾਰ ਗੁਰਸਿਖਾਂ ਰਿਹਾ ਸਮਝਾਇਆ। ਚੌਥੇ ਜੁਗ ਜੋਤ ਧਾਰ, ਗੁਰ ਗੋਬਿੰਦਾ ਨਾਰੀ ਲਏ ਵਰ, ਸੰਤ ਸੁਹੇਲੇ ਸਾਚੇ ਸੁਤ ਆਪਣੇ ਲਏ ਉਪਾਇਆ। ਮੇਲ ਮਿਲਾਏ ਅਬਿਨਾਸ਼ੀ ਅਚੁਤ, ਸੰਬਲ ਨਗਰੀ ਧਾਮ ਸੁਹਾਇਆ। ਸੰਮਤ ਚੌਦਾਂ ਸੁਹਾਏ ਸਾਚੀ ਰੁੱਤ, ਬੀਸ ਬਿਕ੍ਰਮੀ ਦਏ ਵਡਿਆਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪ ਬਣਾਏ ਆਪਣੇ ਮਿਤ, ਏਕਾ ਰਾਹ ਰਿਹਾ ਪਾਇਆ। ਸਾਚੀ ਸਿੱਖੀ ਸੱਜਣ ਸੁਹੇਲੇ, ਧਾਰ ਤਿੱਖੀ ਰਿਹਾ ਧਰਾਇਆ। ਸੋਹੰ ਖੰਡਾ ਨੇਤਰ ਪੇਖੇ, ਦੋ ਜਹਾਨਾਂ ਲਿਖੇ ਲੇਖੇ, ਮੁਖੀ ਤਿੱਖੀ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਹਿਜ ਸੁਭਾਇਆ। ਨਿੱਕੀ ਸਿੱਖੀ ਤਿੱਖੀ ਧਾਰ, ਏਕਾ ਏਕ ਰਖਾਈਆ। ਗੁਰ ਗੋਬਿੰਦਾ ਕਰ ਪਿਆਰ, ਪਹਿਰੇਦਾਰ ਆਪ ਹੋ ਆਈਆ। ਸਾਚਾ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਬ੍ਰਹਿਮੰਡਾਂ ਨਾ ਕੋਈ ਖੋਜ ਨਾ ਕਰ ਵਿਚਾਰ, ਵੇਦ ਸ਼ਾਸਤਰ ਨਾ ਲੇਖ ਲਿਖਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਪੂਤ ਸਪੂਤਾ ਕਰ ਤਿਆਰ, ਸਾਚੀ ਸੇਵਾ ਲਾਈਆ। ਸਾਚੀ ਸ਼ਾਹੀ ਇਕ ਅਪਾਰ, ਏਕਾ ਬੂੰਦ ਰਖਾਈਆ। ਲੇਖਾ ਲਿਖੇ ਲਿਖਣਹਾਰ, ਜਗਤ ਜਗਦੀਸ ਤੇਰੀ ਵਡਿਆਈਆ। ਨੌ ਦਵਾਰੇ ਖੋਲ੍ਹ ਕਵਾੜ, ਨੌ ਖੰਡ ਪ੍ਰਿਥਮੀ ਰਿਹਾ ਜਣਾਈਆ। ਦਸਵੇਂ ਮੇਲਾ ਕੰਤ ਭਤਾਰ, ਸਾਚੀ ਸੇਜ ਵਛਾਈਆ। ਇਕ ਇਕੱਲਾ ਏਕੰਕਾਰ, ਬੈਠਾ ਜੋਤ ਜਗਾਈਆ। ਸ਼ਬਦ ਮਹੱਲਾ ਕਰ ਤਿਆਰ, ਸੰਤ ਸੁਹੇਲੇ ਰਿਹਾ ਵਸਾਈਆ। ਗੋਬਿੰਦ ਡੱਲਾ ਇਕ ਪਿਆਰ, ਸੁਰਤ ਸ਼ਬਦ ਸੱਚੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਮੇਲ ਦਰ, ਜੁਗ ਵਿਛੜੇ ਮੇਲ ਮਿਲਾਈਆ।