Granth 06 Likhat 136: 16 Kattak 2014 Bikarmi Juginder Nagar Jila Kangra

੧੬ ਕੱਤਕ ੨੦੧੪ ਬਿਕ੍ਰਮੀ ਜੁਗਿੰਦਰ ਨਗਰ ਜ਼ਿਲਾ ਕਾਂਗੜਾ

ਸਤਿਗੁਰ ਦੀਨ ਦਿਆਲ, ਦਇਆਨਿਧ ਅਖਵਾਇਆ। ਭਗਤ ਵਛਲ ਕਿਰਪਾਲ, ਕਾਰਜ ਸਿੱਧ ਰਖਾਇਆ। ਗੁਰਮੁਖ ਸਾਚੇ ਲਾਲ, ਜੁਗ ਜੁਗ ਵੇਖ ਵਖਾਇਆ। ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜੀਨਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਅੰਕ ਰਿਹਾ ਜਣਾਇਆ। ਕਲਜੁਗ ਅੰਤਮ ਹਰਿ ਨਿਰੰਕਾਰ, ਅਕਲ ਕਲਾ ਵਰਤਾਈਆ। ਨਿਹਕਲੰਕਾ ਲੈ ਅਵਤਾਰ, ਸ਼ਬਦ ਡੰਕਾ ਰਿਹਾ ਵਜਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਰਿਹਾ ਉਠਾਈਆ। ਚਾਰੋਂ ਕੁੰਟ ਦਹਿ ਦਿਸ਼ਾ ਰਿਹਾ ਵਿਚਾਰ, ਲੋਆਂ ਪੁਰੀਆਂ ਫੇਰਾ ਪਾਈਆ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਲਏ ਉਭਾਰ, ਵੇਖ ਵਖਾਏ ਥਾਉਂ ਥਾਈਂਆ। ਗੁਰਮੁਖ ਸਾਚੇ ਸਚ ਦੁਲਾਰ, ਹਰਿ ਗੋਬਿੰਦ ਮੇਲ ਮਿਲਾਈਆ। ਗੋਬਿੰਦ ਮੇਲਾ ਵਿਚ ਸੰਸਾਰ, ਵਿਛੜ ਕਦੇ ਨਾ ਜਾਈਆ। ਏਕਾ ਦੂਜਾ ਭੌ ਨਿਵਾਰ, ਤੀਜੇ ਨੇਤਰ ਦਰਸ ਵਖਾਈਆ। ਚੌਥਾ ਘਰ ਅਪਰ ਅਪਾਰ, ਪਦ ਚੌਥਾ ਇਕ ਵਖਾਈਆ। ਪੰਚਮ ਮੇਲਾ ਮੀਤ ਮੁਰਾਰ, ਆਤਮ ਦਰਸੀ ਦਰਸ ਦਖਾਈਆ। ਸ਼ਬਦ ਅਨਾਦੀ ਧੁਨ ਅਨਾਹਦ ਵਜਾ ਏਕਾ ਤਾਰ, ਸੁਨ ਸਮਾਧ ਖੁਲ੍ਹਾਈਆ। ਆਤਮ ਸੇਜਾ ਕਰ ਪਿਆਰ, ਗੁਰਮੁਖ ਸਾਚੇ ਮੇਲ ਮਿਲਾਈਆ। ਜੋਤ ਸਰੂਪੀ ਇਕ ਆਕਾਰ, ਸਤਿ ਸਰੂਪ ਸਮਾਈਆ। ਸਤਿ ਸਰੂਪੀ ਹਰਿ ਨਿਰੰਕਾਰ, ਅਨਡਿਠਾ ਰਾਗ ਅਲਾਈਆ। ਸੁਣੇ ਸੁਣਾਏ ਸੁਨਣੇਹਾਰ, ਸਮਰਥ ਹੱਥ ਵਡਿਆਈਆ। ਭਗਤ ਸੁਹੇਲੇ ਲਏ ਉਧਾਰ, ਜੁਗ ਜੁਗ ਆਪਣੇ ਹੱਥ ਰੱਖੀ ਵਡਿਆਈਆ। ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਗੁਰ ਗੋਬਿੰਦਾ ਮੀਤ ਮੁਰਾਰ, ਸੰਬਲ ਨਗਰੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਜੋਤੀ ਨੂਰ ਹਰਿ ਨਿਰੰਕਾਰ, ਅਕਲ ਕਲਾ ਸਮਾਇਆ। ਖੇਲੇ ਖੇਲ ਵਿਚ ਸੰਸਾਰ, ਜੁਗ ਜੁਗ ਵੇਸ ਵਟਾਇਆ। ਨਾਨਕ ਗੋਬਿੰਦ ਲੇਖ ਲਿਖਾਰ, ਸੇਵਕ ਸੇਵਾ ਸਾਚੀ ਲਾਇਆ। ਆਪ ਆਪਣੀ ਕਿਰਪਾ ਧਾਰ, ਅੰਮ੍ਰਿਤ ਮੇਵਾ ਇਕ ਖਵਾਇਆ। ਇਕ ਇਕੱਲਾ ਏਕੰਕਾਰ, ਓਅੰਕਾਰਾ ਵੇਖ ਵਖਾਇਆ। ਸਤਿ ਪੁਰਖ ਨਿਰੰਜਣ ਬੰਨ੍ਹੇ ਧਾਰ, ਸਤਿ ਪੁਰਖਾਂ ਮੇਲ ਮਿਲਾਇਆ। ਚਾਰੋ ਕੁੰਟ ਵੇਖ ਵਿਚਾਰ, ਕਲਜੁਗ ਬੇੜਾ ਰਿਹਾ ਡੁਬਾਇਆ। ਗੁਰਮੁਖ ਸਾਚੇ ਲਏ ਉਧਾਰ, ਆਪ ਆਪਣੀ ਦਇਆ ਕਮਾਇਆ। ਨੀਲੇ ਵਾਲਾ ਸ਼ਾਹ ਸਵਾਰ, ਸੋਲਾਂ ਕਲੀਆਂ ਆਸਣ ਲਾਇਆ। ਚਿੱਟੇ ਅਸਵ ਹੋ ਤਿਆਰ, ਨੌਂ ਖੰਡ ਪ੍ਰਿਥਮੀ ਵੇਖ ਵਖਾਇਆ। ਸੱਤਾਂ ਦੀਪਾਂ ਪਾਏ ਸਾਰ, ਆਪ ਆਪਣਾ ਰੰਗ ਰੰਗਾਇਆ। ਸੰਮਤ ਚੌਦਾਂ ਵੇਖ ਵਿਚਾਰ, ਬੀਸ ਸਦ ਰੁੱਤ ਸੁਹਾਇਆ। ਪਰਗਟ ਹੋ ਹਰਿ ਨਿਰੰਕਾਰ, ਬ੍ਰਹਿਮੰਡੀ ਖੋਜ ਖੁਜਾਇਆ। ਆਪ ਆਪਣੀ ਕਲ ਆਪੇ ਧਾਰ, ਗੁਰ ਗੋਬਿੰਦ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਖੇਲ ਲੋਕਮਾਤ ਰਿਹਾ ਵਰਤਾਇਆ। ਅਚਰਜ ਖੇਲ ਕਰ ਕਰ ਹਰਿ, ਹਰਿ ਹਰਿ ਜੋਤ ਜਗਾਈਆ। ਗੋਬਿੰਦ ਗੁਰ ਮਿਲਿਆ ਵਰ, ਆਤਮ ਵੱਜੀ ਵਧਾਈਆ। ਚਰਨ ਛੁਹਾਏ ਰਵਾਲ ਸਰ, ਵੇਖੇ ਸਹਿਜ ਸੁਭਾਈਆ। ਆਵਣ ਜਾਵਣ ਚੁੱਕੇ ਡਰ, ਜਨ ਭਗਤਾਂ ਲੇਖੇ ਲਏ ਲਾਈਆ। ਗੁਰਮੁਖ ਆਸ ਪਿਆਸ ਏਕਾ ਰਹੇ ਕਰ, ਨੇਤਰ ਨੈਣ ਰਹੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਨੇਤਰ ਨੈਣ ਵਖਾਈਆ। ਦੇਵੇ ਦਰਸ ਹਰਿ ਗੋਬਿੰਦਾ, ਆਪਣੀ ਦਇਆ ਕਮਾਇੰਦਾ। ਆਪ ਮਿਟਾਏ ਸਗਲੀ ਚਿੰਦਾ, ਚਿੰਤਾ ਦੁੱਖ ਰਹਿਣ ਨਾ ਪਾਇੰਦਾ। ਦਾਤਾ ਜੋਧਾ ਸੂਰ ਵਡ ਮਰਗਿੰਦਾ, ਸਦ ਬਖ਼ਸ਼ਿੰਦਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਆਸਾ ਪੂਰ, ਚਿੰਤ ਮਿਟਾਈਆ। ਦੇਵੇ ਦਰਸ ਹਾਜ਼ਰ ਹਜ਼ੂਰ, ਤ੍ਰਿਸਨਾ ਭੁੱਖ ਗਵਾਈਆ। ਜਗਤ ਨਾਤਾ ਤੋੜੇ ਕੂੜੋ ਕੂੜ, ਸ਼ਬਦ ਗੁਰ ਕਰੇ ਕੁੜਮਾਈਆ। ਬਖ਼ਸ਼ੇ ਚਰਨ ਸਾਚੀ ਧੂੜ, ਦੁਰਮਤ ਮੈਲ ਗਵਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਮੀਤ ਮੁਰਾਰ, ਦਰ ਘਰ ਸਾਚੇ ਮੇਲ ਮਿਲਾਈਆ। ਸਾਜਣ ਮੀਤ ਸੱਜਣਾ, ਹਰਿ ਹਰਿ ਆਪ ਅਖਵਾਏ। ਜਨ ਭਗਤਾਂ ਪੜਦਾ ਕੱਜਣਾ, ਏਕਾ ਪੱਲਾ ਨਾਮ ਪਾਏ। ਕਾਲ ਨਗਾਰਾ ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਅੰਤਮ ਵੱਜਣਾ, ਨਾ ਹੋਏ ਕੋਈ ਕਿਸੇ ਸਹਾਏ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਏ। ਗੁਰਮੁਖਾਂ ਚਰਨ ਧੂੜ ਬਖ਼ਸ਼ੇ ਸਾਚਾ ਮਜਨਾ, ਜੁਗਿੰਦਰ ਨਗਰ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਦੇਵੇ ਵਰ, ਆਇਆ ਗਿਆ ਲੇਖੇ ਲਾਏ। ਰਸਨਾ ਭੋਗ ਹਰਿ ਭਗਵੰਤ, ਲੇਖੇ ਪੱਕ ਪਕਵਾਨ। ਗੁਰਮੁਖ ਸਾਚੇ ਸਾਜਨ ਸੰਤ, ਹਰਿ ਦੇਵੇ ਨਾਮ ਨਿਧਾਨ। ਜੁਗ ਜੁਗ ਬਣਾਏ ਜਗਤ ਬਣਤ, ਵਡ ਦਾਤਾ ਗੁਣੀ ਨਿਧਾਨ। ਮੇਲ ਮਿਲਾਵਾ ਸਾਚੇ ਕੰਤ, ਵਿਛੜ ਕਦੇ ਨਾ ਜਾਣ।  ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਪਰਮ ਪੁਰਖ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਏਕਾ ਸ਼ਬਦ ਆਤਮ ਜੋਤੀ ਬ੍ਰਹਮ ਗਿਆਨ।

Leave a Reply

This site uses Akismet to reduce spam. Learn how your comment data is processed.