ਪਹਿਲੀ ਜੇਠ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਦਿਆਲ, ਆਪ ਅਖਵਾਇਆ। ਕਰਤਾ ਪੁਰਖ ਅਕਾਲ, ਰੂਪ ਵਟਾਇਆ। ਸਰਬ ਕਰੇ ਪ੍ਰਿਤਪਾਲ, ਦਿਸ ਕਿਸੇ ਨਾ ਆਇਆ। ਆਪਣੀ ਆਪ ਕਰੇ ਸੰਭਾਲ, ਪਿਤਾ ਪੂਤ ਨਾ ਕੋਈ ਰਖਾਇਆ। ਆਪੇ ਚਲੇ ਆਪਣੀ ਚਾਲ, ਮਾਰਗ ਕਿਸੇ ਹੱਥ ਨਾ ਆਇਆ। ਆਪ ਆਪਣੇ ਵਸਿਆ ਨਾਲ, ਦੂਸਰ ਕੋਈ ਨਾ ਸੰਗ ਰਖਾਇਆ। ਆਪੇ ਸ਼ਾਹ ਆਪੇ ਕੰਗਾਲ, ਮੰਗਣਹਾਰਾ ਆਪ ਅਖਵਾਇਆ। ਜੋਤੀ ਨੂਰਾ ਇਕ ਆਕਾਰ, ਨੂਰੋ ਨੂਰ ਰਿਹਾ ਉਪਾਇਆ। ਸ਼ਬਦੀ ਸ਼ਬਦ ਸੱਚੀ ਧੁਨਕਾਰ, ਸਚ ਨਾਦ ਧੁਨ ਆਪਣੀ ਰਿਹਾ ਉਪਜਾਇਆ। ਆਪ ਆਪੇ ਵਸਿਆ ਬਾਹਰ, ਘਰ ਆਪਣਾ ਆਪ ਸੁਹਾਇਆ। ਅੰਦਰ ਮੰਦਰ ਨਾ ਕੋਈ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਟਿਕਾਇਆ। ਦੀਵਾ ਬੱਤੀ ਨਾ ਕੋਈ ਉਜਿਆਰ, ਹਵਣ ਪਵਣ ਨਾ ਕੋਇ ਰਖਾਇਆ। ਖਾਣੀ ਬਾਣੀ ਵੇਦ ਪਾਠ ਨਾ ਕੋਈ ਪੁਰਾਨ, ਅੰਜੀਲ ਕੁਰਾਨ ਨਾ ਕੋਈ ਗਾਇਆ। ਗੁਰ ਪੀਰ ਸਾਧ ਸੰਤ ਜੀਵ ਜੰਤ ਨਾ ਕੋਈ ਵੇਖੇ ਮਾਰ ਧਿਆਨ, ਪੰਚਮ ਪਤ ਨਾ ਕੋਈ ਵਸਾਇਆ। ਹੱਡ ਮਾਸ ਨਾੜੀ ਰੱਤ ਨਾ ਪਵਣ ਮਸਾਨ, ਮਨ ਮਤ ਬੁਧ ਨਾ ਡੇਰਾ ਲਾਇਆ। ਜੇਰਜ ਅੰਡਜ ਸੇਤਜ ਨਾ ਕੋਈ ਦਿਸੇ ਖਾਣੀ ਖਾਣ, ਨਾ ਕੋਈ ਰਚਨਾ ਰਚਨ ਰਚਾਇਆ। ਨਾ ਕੋਈ ਜੋਧਾ ਸੂਰ ਬਲੀ ਬਲਵਾਨ, ਸ਼ਸਤਰ ਅਸਤਰ ਬਸਤਰ ਨਾ ਕੋਈ ਵੇਖ ਵਖਾਇਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾਰੀ ਕੰਤ ਨਾ ਕੋਈ ਹੰਢਾਇਆ। ਪੁੱਤਰ ਧੀਆਂ ਸਾਕ ਸਨਬੰਧ ਬਿਰਧ ਬਾਲ ਨਾ ਕੋਈ ਜਵਾਨ, ਮਾਤਾ ਗੋਦ ਨਾ ਕੋਈ ਉਠਾਇਆ। ਕਰਮ ਧਰਮ ਜਰਮ ਨਾ ਕੋਇ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਦਿਸ ਕੋਈ ਨਾ ਆਇਆ। ਖਾਣ ਪੀਣ ਨਾ ਕੋਇ ਪਕਵਾਨ, ਭੋਜਨ ਭੱਖ ਨਾ ਕੋਈ ਰਖਾਇਆ। ਦੇਵਤ ਸੁਰ ਬ੍ਰਹਮਾ ਸ਼ਿਵ ਨਾ ਕੋਈ ਖੋਲ੍ਹੇ ਕਿਸੇੇ ਦੁਕਾਨ, ਬ੍ਰਹਮ ਹਟ ਨਾ ਕਿਸੇ ਵਿਕਾਇਆ। ਤੀਰਥ ਤਟ ਗੁਰ ਦਰ ਮੰਦਰ ਨਾ ਕੋਇ ਅਸਥਾਨ, ਮੱਕਾ ਕਾਅਬਾ ਦੋਆਬਾ ਨਜ਼ਰ ਨਾ ਆਇਆ। ਰਾਗ ਰਾਗਣੀ ਨਾ ਕੋਈ ਰਸਨਾ ਗਾਨ, ਬੱਤੀ ਦੰਦ ਨਾ ਕੋਇ ਹਿਲਾਇਆ। ਪੰਖੀ ਪੰਛੀ ਸਰਵਰ ਤਰਵਰ ਨਾ ਕੋਈ ਪਛਤਾਨ, ਗੁੰਗ ਮੁਖ ਨਾ ਰਸਨ ਹਿਲਾਇਆ। ਖੰਡਾ ਤੇਜ ਕਟਾਰ ਨਾ ਕੋਈ ਤੀਰ ਕਮਾਨ, ਰਾਮ ਕ੍ਰਿਸ਼ਨ ਨਾਨਕ ਗੋਬਿੰਦ ਸੰਗ ਮੁਹੰਮਦ ਚਾਰ ਯਾਰ ਦਿਸ ਕੋਈ ਨਾ ਆਇਆ। ਥਿਰ ਘਰ ਵਾਸੀ ਹਰਿ ਭਗਵਾਨ, ਘਰ ਬੈਠਾ ਆਸਣ ਲਾਇਆ। ਆਪੇ ਆਪਣੀ ਕਰ ਪਛਾਨ, ਆਪ ਆਪਣਾ ਰੰਗ ਰੰਗਾਇਆ। ਆਪ ਆਪਣਾ ਬਣਿਆ ਹਾਣੀ ਹਾਣ, ਆਪ ਆਪਣੀ ਸੇਜ ਹੰਢਾਇਆ। ਆਪੇ ਨਾਰੀ ਕਰਤਾ ਪੁਰਖ ਮਹਾਨ, ਪੰਚਾਂ ਰਸ ਭੋਗੀ ਆਪ ਅਖਵਾਇਆ। ਆਪੇ ਜਨਣੀ ਮਾਤਾ ਜੋਧਾ ਸੂਰਾ ਪੂਤ ਸਪੂਤਾ ਜਨ ਬਲਵਾਨ, ਸ਼ਬਦੀ ਸੁਤ ਉਪਜਾਇਆ। ਸ਼ਬਦੀ ਸੁਤ ਕਰੇ ਪਰਨਾਮ, ਦੋਏ ਜੋੜ ਸੀਸ ਝੁਕਾਇਆ। ਸਤਿ ਪੁਰਖ ਨਿਰੰਜਣ ਤੇਰਾ ਧਾਮ, ਨੇਤਰ ਨੈਣ ਰਿਹਾ ਤਰਸਾਇਆ। ਪੁਰਖ ਅਬਿਨਾਸ਼ੀ ਦੇਵੇ ਮਾਨ, ਸੀਸ ਆਪਣਾ ਹੱਥ ਟਿਕਾਇਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਇਕ ਗਿਆਨ, ਏਕਾ ਨਾਮ ਝੋਲੀ ਪਾਇਆ। ਨਾਮ ਨਿਧਾਨ ਹਰਿ ਮਿਹਰਵਾਨ, ਆਪਣੇ ਹੱਥ ਰਖਾਇਆ। ਦਿਸ ਨਾ ਆਏ ਬੇਪਛਾਨ, ਆਪ ਆਪਣਾ ਬੈਠਾ ਮੁਖ ਛੁਪਾਇਆ। ਆਪੇ ਦੇਵੇ ਧੁਰ ਫ਼ਰਮਾਣ, ਮੰਨਣਹਾਰ ਆਪ ਅਖਵਾਇਆ। ਆਪੇ ਖੇਲੇ ਖੇਲ ਮਹਾਨ, ਖੇਲ ਖਿਲਾਰੀ ਹਰਿ ਰਘੁਰਾਇਆ। ਜੋਤੀ ਸ਼ਬਦੀ ਇਕ ਨਿਸ਼ਾਨ, ਹਰਿ ਆਪਣਾ ਆਪ ਉਪਾਇਆ। ਆਪਣਾ ਆਪ ਕਰ ਗਿਆਨ, ਆਪੇ ਆਪ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਅਖਵਾਇਆ। ਨਿਹਕਲੰਕ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਆਪੇ ਜਾਣੇ ਆਪਣੀ ਭੂਮਿਕਾ ਸਚ ਅਸਥਾਨਾ, ਭੇਵ ਕੋਈ ਨਾ ਪਾਇੰਦਾ। ਆਪ ਆਪਣੀ ਹੱਥੀਂ ਬੰਨ੍ਹੇ ਗਾਨਾ, ਆਪ ਆਪਣਾ ਸਗਨ ਮਨਾਇੰਦਾ। ਆਪੇ ਦਾਤਾ ਗੁਣ ਨਿਧਾਨਾ, ਆਪੇ ਰੰਗ ਵਟਾਇੰਦਾ। ਆਪੇ ਭੋਗੀ ਭੋਗ ਭੁਗਾਨਾ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਉਤਪਤ ਦੋ ਜਹਾਨਾਂ, ਆਪ ਆਪਣੀ ਬਣਤ ਬਣਾਇੰਦਾ। ਸਾਚਾ ਸ਼ਬਦ ਜੋਤੀ ਦਾਨਾ, ਦਾਤਾ ਦਾਨੀ ਆਪੇ ਝੋਲੀ ਪਾਇੰਦਾ। ਆਪੇ ਦੇਵਣਹਾਰਾ ਮਾਨਾ, ਆਪੇ ਹੁਕਮ ਮਨਾਇੰਦਾ। ਆਪੇ ਜਾਣੇ ਆਪਣਾ ਗਾਣਾ, ਸੁਣਨੇਹਾਰ ਆਪ ਅਖਵਾਇੰਦਾ। ਆਪ ਉਪਜਾਏ ਧੁਨ ਤਰਾਨਾ, ਰਾਗ ਰਾਗਨੀ ਭੇਵ ਕੋਈ ਨਾ ਪਾਇੰਦਾ। ਆਪੇ ਸ਼ਾਹ ਆਪ ਸੁਲਤਾਨਾ, ਰੰਕ ਰਾਜਾਨ ਆਪ ਹੋ ਆਇੰਦਾ। ਤਖ਼ਤ ਬੈਠ ਸ੍ਰੀ ਭਗਵਾਨਾ, ਸਾਚਾ ਸ਼ਾਹੋ ਭੂਪ ਅਖਵਾਇੰਦਾ। ਏਕਾ ਤੀਰ ਇਕ ਨਿਸ਼ਾਨਾ, ਏਕਾ ਨਾਮ ਰਖਾਇੰਦਾ। ਖੇਲੇ ਖੇਲ ਹਰਿ ਮਹਾਨਾ, ਦਿਸ ਕਿਸੇ ਨਾ ਆਇੰਦਾ। ਨਿਹਕਲੰਕ ਬਲੀ ਬਲਵਾਨਾ, ਜੋਤੀ ਜੋਤ ਸਮਾਇੰਦਾ। ਨਿਹਕਲੰਕ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਆਪੇ ਨਾਰੀ ਆਪੇ ਕੰਤ, ਆਪ ਆਪਣੇ ਧਾਮ ਸੁਹਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਪੀਰ ਨਾ ਕੋਈ ਸੰਗ ਰਖਾਇੰਦਾ। ਨਾ ਕੋਈ ਰਸਨਾ ਨਾ ਕੋਈ ਜਿਹਵਾ ਨਾ ਕੋਈ ਮਣੀਆ ਮੰਤ, ਗਾਇਣ ਗਾਇਤਰੀ ਨਾ ਕੋਈ ਸਗਨ ਮਨਾਇੰਦਾ। ਨਾ ਕੋਈ ਜਾਣੇ ਆਦਿ ਅੰਤ, ਬੇਅੰਤ ਬੇਅੰਤ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਰਖਾਇੰਦਾ। ਆਦਿ ਪੁਰਖ ਨਿਹਕਲੰਕ, ਏਕਾ ਏਕ ਅਖਵਾਇਆ। ਆਪ ਵਜਾਏ ਆਪਣਾ ਡੰਕ, ਦਿਸ ਕਿਸੇ ਨਾ ਆਇਆ। ਰਾਮ ਰਾਮਾ ਨਾ ਚੁੱਕੇ ਧਨੁੱਖ, ਜਨਕ ਸਪੁੱਤਰੀ ਨਾ ਸੀਤਾ ਕੋਈ ਵਿਆਹਿਆ। ਖੇਲੇ ਖੇਲ ਆਪ ਆਪਣੇ ਬੰਕ, ਦੂਸਰ ਦਰ ਨਾ ਕੋਈ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕਾ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਏਕਾ ਤੀਰ ਇਕ ਨਿਸ਼ਾਨਾ, ਆਪਣੇ ਹੱਥ ਰਖਾਇੰਦਾ। ਸ਼ਬਦ ਸੁਤ ਵਡ ਬਲਵਾਨਾ, ਏਕਾ ਤੀਰ ਚਲਾਇੰਦਾ। ਇਛਿਆ ਭਿਛਿਆ ਪਾਵੇ ਦਾਨਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਬ੍ਰਹਮਾ ਉਤਪਤ ਕਰ ਨਿਧਾਨਾ, ਕਵਲ ਕਵਲਾ ਮੁਖ ਰਖਾਇੰਦਾ। ਤ੍ਰੈਗੁਣ ਤੇਰਾ ਸਚ ਮਕਾਨਾ, ਪ੍ਰਭ ਸਾਚਾ ਆਪ ਬਣਾਇੰਦਾ। ਪੰਜ ਤਤ ਕਰ ਪਰਵਾਨਾ, ਸੇਵਕ ਸੇਵਾ ਲਾਇੰਦਾ। ਮਨ ਮਤ ਬੁਧ ਧਰ ਨਿਸ਼ਾਨਾ, ਨਿਰਗੁਣ ਝੋਲੀ ਪਾਇੰਦਾ। ਸਰਗੁਣ ਤੇਰਾ ਖੇਲ ਮਹਾਨਾ, ਸਤਿ ਪੁਰਖ ਨਿਰੰਜਣ ਵੇਖ ਵਖਾਇੰਦਾ। ਸ਼ਬਦੀ ਸ਼ਬਦ ਸਚ ਤਰਾਨਾ, ਏਕਾ ਰਾਗ ਅਲਾਇੰਦਾ। ਆਪੇ ਵੇਖੇ ਮਾਰ ਧਿਆਨਾ, ਆਪਣਾ ਮੁਖ ਛੁਪਾਇੰਦਾ। ਆਪੇ ਹੋਇਆ ਜਾਣੀ ਜਾਣਾ, ਭੇਵ ਕੋਈ ਨਾ ਪਾਇੰਦਾ। ਆਪੇ ਸ਼ਾਹ ਸੁਲਤਾਨ ਰਾਜ ਰਾਜਾਨਾ, ਭਿੱਖਕ ਭਿਖਾਰੀ ਆਪ ਅਖਵਾਇੰਦਾ। ਆਪੇ ਦੇਵਣਹਾਰਾ ਦਾਨਾ, ਆਪੇ ਝੋਲੀ ਅੱਗੇ ਡਾਹਿੰਦਾ। ਆਪੇ ਦੇਵੇ ਧੁਰ ਫ਼ਰਮਾਨਾ, ਆਪੇ ਮੁਖ ਭਵਾਇੰਦਾ। ਲੱਖ ਚੁਰਾਸੀ ਆਪੇ ਹੱਥੀਂ ਬੱਧਾ ਗਾਨਾ, ਅੰਤਮ ਆਪੇ ਗੰਢ ਖੁਲ੍ਹਾਇੰਦਾ। ਖੇਲੇ ਖੇਲ ਮਹਾਨਾ, ਸੇਵਕ ਸਾਚੀ ਸੇਵ ਕਮਾਇੰਦਾ। ਸ਼ਿਵ ਸ਼ੰਕਰ ਵੇਖੇ ਮਾਰ ਧਿਆਨਾ, ਅੱਠੇ ਪਹਿਰ ਰਾਹ ਤਕਾਇੰਦਾ। ਬ੍ਰਹਮਾ ਸੁਤ ਹੋਏ ਹੈਰਾਨਾ, ਪਾਰਬ੍ਰਹਮ ਅਬਿਨਾਸ਼ੀ ਅਚੁੱਤ ਕਵਣ ਖੇਲ ਖਿਲਾਇੰਦਾ। ਆਪੇ ਜਾਣੇ ਆਪਣੀ ਰੁੱਤ, ਦੇਵਤ ਸੁਰ ਕੋਈ ਭੇਵ ਨਾ ਪਾਇੰਦਾ। ਲੱਖ ਚੁਰਾਸੀ ਆਪ ਉਪਾਏ ਆਪ ਮਿਟਾਏ, ਬ੍ਰਹਿਮੰਡ ਖੰਡ ਜੇਰਜ ਅੰਡ ਆਪੇ ਵੰਡ ਵੰਡਾਇੰਦਾ। ਆਪੇ ਚੜ੍ਹਿਆ ਉਪਰ ਚੋਟ, ਆਪੇ ਖ਼ਾਕੀ ਖ਼ਾਕ ਸਮਾਇੰਦਾ। ਆਪ ਉਧਾਰੇ ਕੋਟੀ ਕੋਟਨ ਕੋਟ, ਕੋਟਾਂ ਕੋਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕ ਹਰਿ ਬਨਵਾਰੀ, ਅਕਲ ਕਲਾ ਸਮਾਇਆ। ਖੇਲੇ ਖੇਲ ਵਾਰੋ ਵਾਰੀ, ਜੁਗ ਜੁਗ ਵੇਸ ਕਰੇਂਦਾ ਆਇਆ। ਸਤਿਜੁਗ ਤੇਰਾ ਖੇਲ ਖਿਲਾਰੀ, ਆਪ ਆਪਣਾ ਰੂਪ ਵਟਾਇਆ। ਬਾਵਨ ਗਾਵਣ ਨਰ ਨਿਰੰਕਾਰੀ, ਨਰ ਨਰਾਇਣ ਦਿਸ ਕਿਸੇ ਨਾ ਆਇਆ। ਤ੍ਰੇਤਾ ਤ੍ਰੀਆ ਬੰਨ੍ਹੇ ਧਾਰੀ, ਤ੍ਰੈਗੁਣ ਵਿਚ ਸਮਾਇਆ। ਰਾਮ ਰਾਮਾ ਖੇਲ ਨਿਆਰੀ, ਖੇਲਣਹਾਰ ਆਪ ਅਖਵਾਇਆ। ਦੁਆਪਰ ਤੇਰਾ ਦਰ ਵਿਚਾਰੀ, ਨੈਣ ਮੁਧਾਰੀ ਆਪ ਅਖਵਾਇਆ। ਕਾਹਨਾ ਕ੍ਰਿਸ਼ਨਾ ਕ੍ਰਿਸ਼ਨ ਮੁਰਾਰੀ, ਨਾਮ ਬੰਸਰੀ ਇਕ ਵਜਾਇਆ। ਭਗਤ ਭਗਵੰਤਾ ਰਿਹਾ ਤਾਰੀ, ਦੁਸ਼ਟ ਹੰਕਾਰੀ ਰਿਹਾ ਮਿਟਾਇਆ। ਆਪੇ ਹੋਇਆ ਖੇਲ ਖਿਲਾਰੀ, ਜਿੱਤ ਹਾਰ ਆਪਣੇ ਹੱਥ ਰਖਾਇਆ। ਕਲਜੁਗ ਮਿਲੀ ਮਾਤ ਸਿਕਦਾਰੀ, ਪ੍ਰਭ ਦਰ ਆਏ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰੀ, ਮੁਹੰਮਦ ਸੰਗ ਰਲਾਇਆ। ਅੱਲਾ ਰਾਣੀ ਕਰ ਪਿਆਰੀ, ਲਾਲ ਚੁੰਨੀ ਉਪਰ ਪਾਇਆ। ਅਹਿਨਲ ਹੱਕ ਆਵਾਜ ਏਕਾ ਮਾਰੀ, ਮੁਕਾਮ ਹੱਕ ਇਕ ਵਖਾਇਆ। ਮੱਕਾ ਕਾਅਬਾ ਚਾਰ ਦਿਵਾਰੀ, ਕਾਇਆ ਕੋਟ ਸਮਝਾਇਆ। ਉਪਰ ਚੜ੍ਹ ਸ਼ਾਹ ਸ਼ਿਕਾਰੀ, ਤੀਰ ਨਿਰਾਲਾ ਏਕਾ ਲਾਇਆ। ਲੱਖ ਚੁਰਾਸੀ ਤੇਰੀ ਪਾਵੇ ਸਾਰੀ, ਸਾਚੀ ਵੰਡਨ ਵੰਡ ਵੰਡਾਇਆ। ਦੇਵੇ ਫ਼ਰਮਾਣ ਧੁਰ ਦਰਬਾਰੀ, ਅਜ਼ਰਾਈਲ ਮੇਕਾਈਲ ਜ਼ਬਰਾਈਲ ਅਸਰਾਫੀਲ, ਸਾਚੀ ਸੇਵਾ ਰਿਹਾ ਕਰਾਇਆ। ਆਪ ਰੰਗਾਏ ਬਸਤਰ ਨੀਲ, ਨੀਲੀ ਧਾਰੋਂ ਪਾਰ ਕਰਾਇਆ। ਨਾਨਕ ਮਿਲਿਆ ਇਕ ਵਕੀਲ, ਪ੍ਰਭ ਸਾਚੇ ਮਾਤ ਉਪਜਾਇਆ। ਸ਼ਬਦ ਦਿਤੀ ਸਚ ਦਲੀਲ, ਏਕਾ ਰਾਹ ਚਲਾਇਆ। ਧੁਰਦਰਗਾਹੀ ਕਰੇ ਇਕ ਅਪੀਲ, ਦੋਏ ਜੋੜ ਸੀਸ ਝੁਕਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਛੈਲ ਛਬੀਲ, ਘਰ ਸਤਵੇਂ ਅਨਹਦ ਮਾਰੇ ਤੀਰ, ਅਲੱਖ ਅਲੱਖਣਾ ਆਇਆ। ਕੰਚਨ ਧਾਰੀ ਸਾਚਾ ਘਰ ਏਕਾ ਰੂਪ ਸ਼ਾਹੋ ਭੂਪ ਵੇਖ ਵਖਾਣੇ ਚਾਰੋਂ ਕੂਟ, ਦਹਿ ਦਿਸ਼ਾ ਫੋਲ ਫੁਲਾਇਆ। ਏਕਾ ਨਾਉਂ ਗੁਣ ਨਿਧਾਨਾ, ਸਾਚਾ ਇਕ ਜਣਾਇਆ। ਆਪੇ ਹੋਇਆ ਨਿਗਹਬਾਨਾ, ਨਾਨਕ ਨਿਰਗੁਣ ਆਪਣੇ ਗਲੇ ਲਗਾਇਆ। ਆਪ ਆਪਣੀ ਦਏ ਪਛਾਨਾ, ਸਿਰ ਆਪਣਾ ਹੱਥ ਟਿਕਾਇਆ। ਨਾਨਕ ਵਿਟਹੋਂ ਜਾਏ ਕੁਰਬਾਨਾ, ਪ੍ਰਭ ਚਰਨੀ ਸੀਸ ਟਿਕਾਇਆ। ਪੁਰਖ ਅਬਿਨਾਸ਼ੀ ਗੁਣ ਨਿਧਾਨਾ, ਸਤਿਨਾਮ ਨਾਨਕ ਝੋਲੀ ਪਾਇਆ। ਧੁਰ ਫ਼ਰਮਾਣਾ ਇਕ ਗਿਆਨਾ, ਲੋਕਮਾਤੀ ਲੈ ਕੇ ਆਇਆ। ਚਾਰੋਂ ਕੁੰਟ ਵੇਖ ਵਖਾਨਾ, ਜੀਵਾਂ ਜੰਤਾਂ ਰਿਹਾ ਸਮਝਾਇਆ। ਗਊ ਗਰੀਬਾਂ ਦੇਵੇ ਦਰ ਦਰ ਮਾਣਾ, ਹੰਕਾਰ ਹੰਕਾਰੀਆਂ ਰਿਹਾ ਗਵਾਇਆ। ਆਪੇ ਹੋਇਆ ਦਰ ਦਰਬਾਨਾ, ਹੱਥ ਮਸਲਾ ਇਕ ਰਖਾਇਆ। ਮੱਕਾ ਕਾਅਬਾ ਵੇਖ ਬਗਲ ਕੁਰਾਨਾ, ਹਾਜੀ ਹੱਜ ਕਰੇਂਦਾ ਆਇਆ। ਸਤਿਨਾਮ ਸਾਚਾ ਕਾਜੀ, ਪ੍ਰਭ ਸਾਚੇ ਹੱਥ ਰਖਾਇਆ। ਗੁਰ ਪੂਰਾ ਪ੍ਰਭ ਹਾਜੀ, ਪੁਰਖ ਅਬਿਨਾਸ਼ੀ ਸਾਚੀ ਸੇਵਾ ਲਾਇਆ। ਪਰਗਟ ਹੋਏ ਜਿਸ ਸਾਜਨਾ ਸਾਜੀ, ਨਿਹਕਲੰਕ ਨਾਉਂ ਰਖਾਇਆ। ਭੁਲਣਾ ਨਾ ਮਾਤ ਮੁੱਲਾ ਕਾਜੀ, ਸ਼ੇਖ਼ ਮੁਸਾਇਕਾਂ ਆਪ ਸਮਝਾਇਆ। ਆਪੇ ਚੜ੍ਹੇ ਸਾਚੇ ਤਾਜੀ, ਸੋਹੰ ਘੋੜਾ ਇਕ ਰਖਾਇਆ। ਰਸਨਾ ਗਾਏ ਨਾਨਕ ਹਾਜੀ, ਦਿਸ ਕਿਸੇ ਨਾ ਆਇਆ। ਪਾਰਬ੍ਰਹਮ ਪ੍ਰਭ ਮਾਰੇ ਆਵਾਜ਼ੀ, ਦਿਵਸ ਰੈਣ ਰਿਹਾ ਜਗਾਇਆ। ਅੰਤਮ ਵੇਲੇ ਰੱਖੇ ਲਾਜੀ, ਦੇ ਮਤ ਆਪ ਸਮਝਾਇਆ। ਪੰਜ ਤਤ ਤਨ ਝੂਠਾ ਨਾਜੀ, ਨਾਨਕ ਗਿਆ ਮਾਤ ਤਜਾਇਆ। ਗੁਰ ਅੰਗਦ ਸਿਰ ਤੇਰੇ ਰੱਖੀ ਬਾਜੀ, ਆਪ ਆਪਣੀ ਦਇਆ ਕਮਾਇਆ। ਅਮਰਦਾਸ ਤੇਰੀ ਸਾਜਨਾ ਸਾਜੀ, ਬਿਰਧ ਬਾਲਾ ਰੂਪ ਵਟਾਇਆ। ਰਾਮਦਾਸ ਮਿਲਿਆ ਗਰੀਬ ਨਿਵਾਜੀ, ਸਚ ਸਰੋਵਰ ਇਸ਼ਨਾਨ ਕਰਾਇਆ। ਗੁਰ ਅਰਜਨ ਮਿਲਿਆ ਇਸ਼ਕ ਮਿਜਾਜੀ, ਏਕਾ ਰੰਗ ਰੰਗਾਇਆ। ਹਰਿ ਗੋਬਿੰਦ ਮਾਰੇ ਫੜ ਫੜ ਗਾਜੀ, ਏਕਾ ਖੰਡਾ ਹੱਥ ਉਠਾਇਆ। ਹਰਿਰਾਏ ਭੁਲਾਏ ਜਗਤ ਨਿਮਾਜੀ, ਰਾਮ ਰਾਏ ਲੇਖੇ ਲਾਇਆ। ਹਰਿ ਕ੍ਰਿਸ਼ਨ ਚੜ੍ਹਿਆ ਸਚ ਜਹਾਜ਼ੀ, ਪ੍ਰਭ ਨਾਮ ਜਹਾਜ਼ ਇਕ ਵਖਾਇਆ। ਗੁਰ ਤੇਗ ਬਹਾਦਰ ਤੇਰੀ ਰੱਖੇ ਲਾਜੀ, ਦਿੱਲੀ ਸੀਸ ਲਵਾਇਆ। ਗੁਰ ਗੋਬਿੰਦ ਤੇਰੀ ਸਾਜਨਾ ਸਾਜੀ, ਨਰ ਨਿਰੰਕਾਰ ਰਿਹਾ ਭੇਖ ਵਟਾਇਆ। ਪੂਤ ਸਪੂਤਾ ਆਪੇ ਸ਼ਾਹ ਰਾਜਨ ਰਾਜੀ, ਆਪ ਆਪਣਾ ਹੁਕਮ ਸੁਣਾਇਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕ ਹਰਿ ਬਲਕਾਰਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਸ਼ਬਦੀ ਸੇਵਾ ਲਾਇੰਦਾ। ਸ਼ਬਦ ਸੁਤ ਅਪਰ ਅਪਾਰਾ, ਦਿਵਸ ਰੈਣ ਸੇਵ ਕਮਾਇੰਦਾ। ਗੁਰ ਗੋਬਿੰਦਾ ਕਰ ਪਿਆਰਾ, ਪ੍ਰਭ ਆਪਣੀ ਗੋਦ ਉਠਾਇੰਦਾ। ਏਕਾ ਦੇਵੇ ਨਾਮ ਹੁਲਾਰਾ, ਸਾਚਾ ਝੂਲਾ ਆਪ ਝੁਲਾਇੰਦਾ। ਆਪ ਕਰਾਏ ਪਾਰ ਕਿਨਾਰਾ, ਅੱਧ ਵਿਚ ਨਾ ਕੋਈ ਅਟਕਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਆਪ ਆਪਣਾ ਭੇਵ ਚੁਕਾਇੰਦਾ। ਗੁਰ ਗੋਬਿੰਦਾ ਸੁਤ ਦੁਲਾਰ, ਪ੍ਰਭ ਸਾਚੀ ਸੇਵ ਕਮਾਇੰਦਾ। ਮਿਲਿਆ ਮੇਲ ਪੁਰਖ ਭਤਾਰਾ, ਏਕਾ ਚੰਡੀ ਬ੍ਰਹਿਮੰਡੀ ਆਪਣੀ ਹੱਥ ਫੜਾਇੰਦਾ। ਲੋਕਮਾਤੀ ਸਾਚੀ ਡੰਡੀ, ਸਾਚਾ ਰਾਹ ਚਲਾਇੰਦਾ। ਏਕਾ ਵੰਡ ਗੁਰ ਗੋਬਿੰਦੇ ਵੰਡੀ, ਚਾਰ ਵਰਨਾਂ ਏਕਾ ਸਰਨ ਰਖਾਇੰਦਾ। ਕੋਈ ਨਾ ਦੀਸੇ ਜਗਤ ਘਮੰਡੀ, ਸਭ ਦੀ ਵੱਢੀ ਜਾਏ ਕੰਡੀ, ਏਕਾ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਗੁਰ ਗੋਬਿੰਦੇ ਵੰਡ ਵੰਡਾਈ, ਪ੍ਰਭ ਅੱਗੇ ਸੀਸ ਝੁਕਾਈਆ। ਦਿਵਸ ਰੈਣ ਨਾ ਹੋਏ ਜੁਦਾਈ, ਅੱਗੇ ਝੋਲੀ ਡਾਹੀਆ। ਹਰਿ ਗੋਬਿੰਦ ਗੁਰ ਗੋਬਿੰਦ ਇਕ ਧਿਆਨ ਰਖਾਈ, ਆਪ ਮਿਟਾਏ ਸਗਲੀ ਚਿੰਦ, ਸਾਚਾ ਰਾਹ ਵਖਾਈਆ। ਜੋਧਾ ਸੂਰ ਵਡ ਮਰਗਿੰਦ, ਵਡ ਮਲਾਹ ਹੋ ਆਈਆ। ਆਪ ਉਪਜਾਏ ਆਪਣੀ ਬਿੰਦ, ਪਿਤਾ ਪੂਤ ਅਖਵਾਈਆ। ਅੰਮ੍ਰਿਤ ਬਖ਼ਸ਼ੇ ਧਾਰਾ ਸਿੰਧ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਮੇਲ ਮਿਲਾਈਆ। ਗੁਰ ਗੋਬਿੰਦਾ ਚਰਨ ਭਿਖਾਰੀ, ਏਕਾ ਓਟ ਰਖਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਕਾਇਆ ਚੋਟ ਲਗਾਇੰਦਾ। ਸ਼ਬਦ ਡੰਕ ਅਪਰ ਅਪਾਰੀ, ਪੰਜ ਤਤ ਖੋਟ ਗਵਾਇੰਦਾ। ਅਗੰਮ ਅਗੰਮੜਾ ਪਾਵੇ ਸਾਰੀ, ਏਕਾ ਰੰਗ ਰੰਗਾਇੰਦਾ। ਦਮ ਦਮੜੇ ਕਰੇ ਵਣਜ ਵਪਾਰੀ, ਸਾਚਾ ਵਣਜ ਵਪਾਰੀ, ਸਾਚਾ ਵਣਜ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮੇਲਾ ਮੇਲ ਮਿਲਾਇੰਦਾ। ਗੋਬਿੰਦ ਮੇਲਾ ਹਰਿ ਗੋਬਿੰਦ, ਹਰਿ ਹਰਿ ਵਿਚ ਸਮਾਇਆ। ਸ਼ਬਦ ਸ਼ਬਦੀ ਸਾਚੀ ਬਿੰਦ, ਪੂਤ ਸਪੂਤਾ ਆਪ ਅਖਵਾਇਆ। ਪਰਗਟ ਹੋਇਆ ਹਰਿ ਹਰਿ ਹਿੰਦ, ਸਿਰ ਮਸਤਕ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਖਾਇਆ। ਆਪ ਆਪਣਾ ਰੂਪ ਵਖਾਏ, ਅਕਲ ਕਲਾ ਕਲ ਧਾਰੀ। ਗੁਰ ਗੋਬਿੰਦੇ ਵੇਖ ਵਖਾਏ, ਦੋਏ ਜੋੜ ਕਰੇ ਨਿਮਸਕਾਰੀ। ਪੁਰਖ ਅਬਿਨਾਸ਼ੀ ਹੁਕਮ ਜਣਾਏ, ਵੇਖੇ ਵਿਗਸੇ ਕਰ ਵਿਚਾਰੀ। ਪੰਜ ਤਤ ਇਕ ਰੁੱਤ ਸੁਹਾਏ, ਅੱਠ ਤਤ ਨਾ ਪਾਇਣ ਸਾਰੀ। ਸਤਿ ਸਰੂਪ ਅਨੂਪ ਸ਼ਾਹੋ ਭੂਪ ਆਪ ਵਟਾਏ, ਕਲਗੀ ਤੋੜਾ ਸੀਸ ਜਗਦੀਸ਼ ਅਪਰ ਅਪਾਰੀ। ਘੋੜਾ ਜੋੜਾ ਇਕ ਵਖਾਏ, ਲੋਆਂ ਪੁਰੀਆਂ ਵਸੇ ਬਾਹਰੀ। ਸਾਚਾ ਪੌੜਾ ਇਕ ਚੜ੍ਹਾਏ, ਏਕੰਕਾਰਾ ਇਕ ਇਕੱਲਾ ਏਕਾ ਵਾਰੀ। ਮਿੱਠਾ ਕੌੜਾ ਵੇਖ ਵਖਾਏ, ਲੱਖ ਚੁਰਾਸੀ ਵੇਖੇ ਪਰਖੇ ਸਾਚੀ ਖੇਲੇ ਖੇਲ ਖਿਲਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਲੋਕਮਾਤ ਲਾ ਸੱਚੀ ਫੁਲਵਾੜੀ। ਲੋਕਮਾਤ ਸੱਚੀ ਫੁਲਵਾੜੀ, ਏਕਾ ਏਕ ਲਗਾਵਨੀ। ਗੁਰ ਨਾਨਕ ਨਾਮ ਸ਼ਬਦ ਵਾੜੀ, ਚਾਰੋਂ ਕੁੰਟ ਕਰਾਵਨੀ। ਫਸਲ ਪੱਕੇ ਅੰਤਮ ਏਕਾ ਹਾੜੀ, ਨਿਹਕਲੰਕ ਓਟ ਰਖਾਵਨੀ। ਆਪੇ ਹੋਏ ਪਿੱਛੇ ਅਗਾੜੀ, ਜੋਤ ਸ਼ਬਦ ਮੇਲ ਮਿਲਾਵਨੀ। ਰੱਖੇ ਲਾਜ ਲੋਕਮਾਤ ਤੇਰੀ ਰੱਖੀ ਦਾੜ੍ਹੀ, ਪੂਰ ਕਰਾਏ ਭਾਵਨੀ। ਤ੍ਰੈਗੁਣ ਮਾਇਆ ਦੇਵੇ ਸਾੜੀ, ਸੰਮਤ ਚੌਦਾਂ ਲੋਕਮਾਤ ਇੱਕੀ ਜੇਠ ਦੇਵੇ ਜਾਮਨੀ। ਸਾਧਾਂ ਸੰਤਾਂ ਜੀਆਂ ਜੰਤਾਂ ਲੱਗੇ ਅੱਗ ਬਹੱਤਰ ਨਾੜੀ, ਨਾ ਕੋਈ ਹੋਏ ਹੋਰ ਬੁਝਾਵਨੀ। ਮਨਮੁਖ ਜੀਵਾਂ ਕਿਸਮਤ ਹੋਏ ਮਾੜੀ, ਚਾਰੋਂ ਕੁੰਟ ਰੈਣ ਅੰਧੇਰੀ ਸ਼ਾਮਨੀ। ਲਾੜੀ ਮੌਤ ਫਿਰੇ ਜੰਗਲ ਜੂਹ ਉਜਾੜ ਪਹਾੜੀ, ਗੁਰ ਗੋਬਿੰਦੇ ਤੇਰੀ ਚੰਡੀ ਚਮਕੇ ਦਾਮਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਮਝਾਵਨੀ। ਗੁਰ ਗੋਬਿੰਦੇ ਸ਼ਬਦ ਜਣਾ, ਪ੍ਰਭ ਆਪਣਾ ਮੁਖ ਛੁਪਾਇਆ। ਗੁਰ ਗੋਬਿੰਦਾ ਬਣ ਮਲਾਹ, ਸੇਵਕ ਸੇਵਾ ਰਿਹਾ ਕਮਾਇਆ। ਗੁਰਮੁਖ ਸਾਚੇ ਦਰ ਬਹਾ, ਲੇਖਾ ਲੇਖ ਰਿਹਾ ਚੁਕਾਇਆ। ਪੰਜ ਪਿਆਰੇ ਲਏ ਉਠਾ, ਆਪਣਾ ਭੇਵ ਖੁਲ੍ਹਾਇਆ। ਆਪੇ ਲੇਖੇ ਲਏ ਲਾ, ਲੇਖਾ ਕਿਸੇ ਹੱਥ ਨਾ ਆਇਆ। ਜ਼ਾਤ ਪਾਤੀ ਊਚ ਨੀਚ ਏਕਾ ਥਾਂ ਬਹਾ, ਅੱਗੇ ਝੋਲੀ ਡਾਹਿਆ। ਪਾਰਬ੍ਰਹਮ ਸਾਚਾ ਪਿਤਾ ਆਦਿ ਸ਼ਕਤ ਬਣਾਈ ਸਾਚੀ ਮਾਂ, ਸ਼ਬਦ ਮੁੰਮਾ ਸੀਰ ਪਿਆਇਆ। ਅੰਮ੍ਰਿਤ ਆਤਮ ਇਕ ਵਖਾ, ਨਾਮ ਖੰਡਾ ਵਿਚ ਫਿਰਾਇਆ। ਰਸ ਮਿਠਾ ਹਰਿ ਗੁਣ ਸੱਚਾ ਗਾ, ਦੇ ਮਤ ਜਗਤ ਸਮਝਾਇਆ। ਗੁਰਮੁਖ ਤੇਰਾ ਰੂਪ ਅਨਡੀਠਾ, ਚਾਰ ਵਰਨ ਦਿਸ ਨਾ ਆਇਆ। ਸਾਚੀ ਧਾਰਾ ਇਕ ਸਵਾ ਗਿੱਠਾ, ਘਰ ਸਾਚੇ ਰਿਹਾ ਵਹਾਇਆ। ਆਪੇ ਬੈਠਾ ਪ੍ਰਭ ਚਰਨ ਹੇਠਾਂ, ਗੁਰਸਿਖ ਆਪਣੇ ਹੇਠ ਰਿਹਾ ਬਿਠਾਇਆ। ਵੇਖੇ ਪਰਖੇ ਮਿੱਠਾ ਕੌੜਾ ਰੀਠਾ, ਫਲ ਅੰਮ੍ਰਿਤ ਏਕਾ ਏਕ ਚਖਾਇਆ। ਆਪਣੀ ਹੱਥੀਂ ਪੀਸਣ ਪੀਠਾ, ਸਚ ਸੁੱਚ ਪਕਵਾਨ ਪਕਾਇਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਇਹ ਸਮਝਾਇਆ। ਗੁਰ ਗੋਬਿੰਦੇ ਚੜ੍ਹਿਆ ਚਾਅ, ਘਰ ਸਾਚੇ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਜਗਤ ਮਲਾਹ, ਸਿਰ ਆਪਣਾ ਹੱਥ ਟਿਕਾਈਆ। ਏਕਾ ਦੇਵੇ ਸਚ ਸਲਾਹ, ਪੰਚਮ ਹੁਕਮ ਜਣਾਈਆ। ਪੰਚਮ ਪੰਚਮ ਦਏ ਮਿਟਾ, ਪੰਚਮ ਮੇਲ ਮਿਲਾਈਆ। ਪੰਚਮ ਹਰਿ ਹਰਿ ਸਾਚਾ ਗਾ, ਪੰਚਮ ਭੇਵ ਚੁਕਾਈਆ। ਪੰਚਮ ਵੇਖੇ ਏਕਾ ਥਾਂ, ਪੰਚਮ ਦਏ ਦੁਹਾਈਆ। ਪੰਚਮ ਮੀਤਾ ਏਕਾ ਨਾਮ ਨਿਧਾਨ, ਨਿਰਗੁਣ ਵਸਤ ਝੋਲੀ ਪਾਈਆ। ਆਪੇ ਹੋਇਆ ਮਿਹਰਵਾਨ, ਮਿਹਰਵਾਨ ਦਇਆ ਕਮਾਈਆ। ਸ਼ਬਦ ਖੰਡਾ ਸਚ ਨਿਸ਼ਾਨ, ਗੁਰ ਗੋਬਿੰਦੇ ਹੱਥ ਫੜਾਈਆ। ਬਸਤਰ ਸ਼ਸਤਰ ਇਕ ਕਮਾਨ, ਰਸਨਾ ਚਿੱਲਾ ਰਿਹਾ ਵਖਾਈਆ। ਨੇਤਰ ਲੋਚਨ ਵੇਖਣਾ ਇਕ ਧਿਆਨ, ਇਕ ਗਿਆਨ ਜਣਾਈਆ। ਆਪੇ ਹੋਏ ਬੇਪਛਾਣ, ਬੈਠੇ ਮੁਖ ਛੁਪਾਈਆ। ਪੁਰੀ ਅਨੰਦ ਨਾ ਸਚ ਮਕਾਨ, ਅੰਤਮ ਢਹਿ ਢਹਿ ਜਾਈਆ। ਹਰਿ ਕਾ ਸ਼ਬਦ ਬ੍ਰਹਮ ਨਿਸ਼ਾਨ, ਜੁਗ ਜੁਗ ਅਟੱਲ ਰਖਾਈਆ। ਗੁਰ ਗੋਬਿੰਦਾ ਵੇਖੇ ਮਾਰ ਧਿਆਨ, ਨੈਣਾ ਦੇਵੀ ਆਸਣ ਲਾਈਆ। ਆਦਿ ਸ਼ਕਤ ਰੂਪ ਭਗਵਾਨ, ਪਰਗਟ ਹੋਏ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਸਚ ਕਿਰਪਾਨ, ਗੁਰ ਗੋਬਿੰਦੇ ਤਨ ਗਾਤਰੇ ਵਿਚ ਲਟਕਾਈਆ। ਗੁਰ ਗੋਬਿੰਦੇ ਤੇਰਾ ਜਗਤ ਤਨ, ਪ੍ਰਭ ਸਚ ਮਿਆਨ ਬਣਾਇਆ। ਛੱਪਰ ਛੰਨ ਨਾ ਕਿਸੇ ਕਿੱਲੀ ਦਿਤਾ ਟੰਗ, ਸਿਰ ਆਪਣਾ ਹੱਥ ਟਿਕਾਇਆ। ਭਾਈ ਭੈਣ ਨਾ ਕੋਈ ਖੜ੍ਹੇ ਮੰਗ, ਸਾਕ ਸੈਣ ਕਿਸੇ ਦਿਸ ਨਾ ਆਇਆ। ਆਦਿ ਪੁਰਖ ਪ੍ਰਭ ਚਾੜ੍ਹੇ ਰੰਗ, ਪੀਲਾ ਬਸਤਰ ਤਨ ਛੁਹਾਇਆ। ਸਚ ਘਰ ਵਖਾਇਆ ਸ਼ਬਦ ਸਰੂਪੀ ਇਕ ਪਲੰਘ, ਪਾਰਬ੍ਰਹਮ ਆਸਣ ਲਾਇਆ। ਚਾਰੋਂ ਕੁੰਟ ਨਾ ਕੋਈ ਦਿਸੇ ਸੰਗ, ਪ੍ਰਭ ਆਲਸ ਨਿੰਦਰਾ ਵਿਚ ਨਾ ਆਇਆ। ਗੁਰ ਗੋਬਿੰਦਾ ਨਾ ਗਿਆ ਸੰਗ, ਦੋਏ ਜੋੜ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਆਪ ਲਗਾਇਆ ਆਪਣੇ ਅੰਗ, ਪੂਰਬ ਝੋਲੀ ਲਹਿਣਾ ਪਾਇਆ। ਤੇਰਾ ਅੰਤਮ ਕਲ ਆਪ ਵਜਾਏ ਮਰਦੰਗ, ਕਾਇਆ ਢੋਲ ਇਕ ਵਜਾਇਆ। ਸ਼ਬਦ ਡੋਰੀ ਚਾੜ੍ਹੇ ਪਤੰਗ, ਆਕਾਸ਼ ਪਰਕਾਸ਼ ਦਏ ਵਖਾਇਆ। ਗਊ ਗਰੀਬਾਂ ਕੱਟੀ ਭੁੱਖ ਨੰਗ, ਜਨ ਸਰਸੇ ਜਾਈ ਰੁੜ੍ਹਾਇਆ। ਨੀਲੇ ਘੋੜੇ ਕਸਿਆ ਤੰਗ, ਸ਼ਾਹ ਅਸਵਾਰ ਆਪ ਅਖਵਾਇਆ। ਜਲ ਧਾਰਾ ਵੇਖੇ ਸਾਚੀ ਗੰਗ, ਪਹਿਲਾ ਪੌੜਾ ਵਿਚ ਰਖਾਇਆ। ਧਰਤ ਮਾਤ ਮੰਗੇ ਮੰਗ, ਅੱਗੇ ਬੈਠੀ ਝੋਲੀ ਡਾਹਿਆ। ਸੱਤ ਸਰੋਵਰ ਹੋਣੇ ਨੰਗ, ਮੇਰੀ ਤ੍ਰਿਖਾ ਨਾ ਕੋਈ ਬੁਝਾਇਆ। ਗੰਗਾ ਗੋਦਾਵਰੀ ਹੋਈ ਭੰਗ, ਗੁਰ ਗੋਬਿੰਦੇ ਮੈਂ ਤੇਰੀ ਓਟ ਰਖਾਇਆ। ਗੁਰ ਗੋਬਿੰਦਾ ਖੋਲ੍ਹੇ ਨੀਲੇ ਤੰਗ, ਸ਼ਬਦ ਆਸਣ ਆਪਣਾ ਇਕ ਵਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੀਸ ਆਪਣਾ ਹੱਥ ਟਿਕਾਇਆ। ਗੁਰ ਗੋਬਿੰਦੇ ਸ਼ਬਦ ਗਿਆਨ, ਪ੍ਰਭ ਸਾਚੇ ਇਕ ਦਵਾਇਆ। ਗੁਰ ਗੋਬਿੰਦਾ ਹਰਿ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬਾਹਰ ਡੇਰਾ ਲਾਇਆ। ਇਹ ਸਰਸੇ ਮੰਗੀ ਮੰਗ ਮਹਾਨ, ਲੇਖਾ ਲਿਖਤ ਝੋਲੀ ਦਏ ਪਾਇਆ। ਸਿੰਘ ਸਵਾ ਸੱਤ ਸੌ ਮੰਗੇ ਦਾਨ, ਪ੍ਰਭ ਪਹਿਲੀ ਭੇਟ ਚੜ੍ਹਾਇਆ। ਸੱਤਾਂ ਦੀਪਾਂ ਤੇਰਾ ਝੁੱਲੇ ਨਿਸ਼ਾਨ, ਵੇਲਾ ਕਲਜੁਗ ਦਏ ਸੁਹਾਇਆ। ਨੌ ਖੰਡ ਪ੍ਰਿਥਮੀ ਬਹਿ ਬਹਿ ਸਾਰੇ ਗਾਣ, ਚਾਰ ਵਰਨਾਂ ਪਾਰਬ੍ਰਹਮ ਦੇ ਮਤ ਸਮਝਾਇਆ। ਗੁਰ ਗੋਬਿੰਦਾ ਕਰ ਪਰਵਾਨ, ਲੇਖ ਲਿਖਤ ਗ੍ਰੰਥ ਪੰਥ ਮਾਲ ਧਨ ਸਾਚੀ ਭੇਟ ਚੜ੍ਹਾਇਆ। ਪੁਰਖ ਅਬਿਨਾਸ਼ੀ ਮਾਰੇ ਬਾਨ, ਧੁਰਦਰਗਾਹੀ ਇਕ ਨਿਸ਼ਾਨ, ਸਾਚਾ ਤੀਰ ਰਿਹਾ ਚਲਾਇਆ। ਆਪੇ ਵੇਖੇ ਵਿਚ ਮੈਦਾਨ, ਲਾਲ ਦੁਪੱਟਾ ਇਕ ਰੰਗਾਇਆ। ਸਾਚਾ ਚੀਰਾ ਬਾਲ ਨਾਦਾਨ, ਆਪਣੀ ਹੱਥੀਂ ਸੀਸ ਬੰਧਾਇਆ। ਖੇਲੇ ਖੇਲ ਵਿਚ ਜਹਾਨ, ਜਗਤ ਨਾਤਾ ਮੋਹ ਚੁਕਾਇਆ। ਗੁਰਮੁਖਾਂ ਬਖ਼ਸ਼ੇ ਇਕ ਅਸਥਾਨ, ਪਾਰਬ੍ਰਹਮ ਤੇਰਾ ਚਰਨ ਧਿਆਨ ਵਖਾਇਆ। ਆਪੇ ਹੋਇਆ ਜਾਣੀ ਜਾਣ, ਜਾਨਣਹਾਰ ਆਪ ਹੋ ਆਇਆ। ਆਪ ਆਪਣਾ ਕਰ ਕੁਰਬਾਨ, ਬੰਸ ਸਰਬੰਸਾ ਰੂਪ ਵਟਾਇਆ। ਸ੍ਰਿਸ਼ਟ ਸਬਾਈ ਮੰਗੇ ਦਾਨ, ਦਾਤਾ ਦਾਨੀ ਬੈਠਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਏਕਾ ਰੰਗ ਰੰਗਾਇਆ। ਗੁਰ ਗੋਬਿੰਦੇ ਰੰਗ ਗੁਲਾਲ, ਏਕਾ ਏਕ ਚੜ੍ਹਨਿਆ। ਆਪੇ ਵਾਰ ਆਪਣੇ ਲਾਲ, ਆਪ ਆਪਣੇ ਅੰਦਰ ਮੰਨਿਆ। ਆਪ ਆਪਣਾ ਲਏ ਭਾਲ, ਨਾ ਕੋਈ ਦਿਸੇ ਸੂਰਜ ਚੰਨਿਆ। ਨਾਨਕ ਰੱਖਿਆ ਸ਼ਬਦ ਸੰਭਾਲ, ਜਨਣੀ ਜਨ ਨਾ ਕਿਸੇ ਜਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਅੰਤਮ ਵਾਰੀ ਆਪੇ ਮੰਨਿਆ। ਅੰਤਮ ਵਾਰ ਹਰਿ ਸਚ ਟਿਕਾਨਾ, ਏਕਾ ਏਕ ਰਖਾਇਆ। ਮੜ੍ਹੀ ਗੋਰ ਨਾ ਮੱਠ ਬਨਾਣਾ, ਨਾ ਕੋਈ ਨਿਸ਼ਾਨ ਵਸਾਇਆ। ਅੱਠ ਸੱਠ ਤੀਰਥ ਨਾ ਕੋਈ ਮਨਾਨਾ, ਸਰ ਸਰੋਵਰ ਨਾ ਕੋਈ ਨੁਹਾਵਣ ਨੁਹਾਇਆ। ਮੰਦਰ ਮਸਜਿਦ ਗੁਰੂਦਵਾਰੇ ਜਾਣੇ ਢੱਠ, ਪਾਰਬ੍ਰਹਮ ਲੇਖਾ ਆਪਣੇ ਹੱਥ ਰਖਾਇਆ। ਵਿਚ ਨਦੇੜ ਕਰ ਇਕੱਠ, ਸਾਧ ਸੰਗਤ ਗਿਆ ਸਮਝਾਇਆ। ਆਤਮ ਅੰਦਰ ਰੱਖਣਾ ਹੱਠ, ਗੁਰ ਗੋਬਿੰਦ ਨਾ ਮਰੇ ਨਾ ਆਇਆ ਜਾਇਆ। ਕੋਇ ਨਾ ਫੋਲੇ ਮੇਰਾ ਮੱਠ, ਸਾਚਾ ਧਾਮ ਸੁਹਾਇਆ। ਮਨ ਮਤੀ ਜੀਵ ਜਗਤ ਕੁਰੀਤੀ ਪਏ ਨੱਠ, ਗੁਰ ਕਾ ਸ਼ਬਦ ਭੁਲਾਇਆ। ਅੰਤਮ ਵੇਲੇ ਪਾਏ ਭੱਠ, ਗੁਰ ਪੂਰਾ ਦਏ ਸਜ਼ਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਆਪਣੇ ਵਿਚ ਮਿਲਾਇਆ। ਗੁਰ ਗੋਬਿੰਦੇ ਮੇਲ ਮਿਲਾਇਆ, ਪਾਰਬ੍ਰਹਮ ਅਬਿਨਾਸ਼ੀ। ਚੇਲਾ ਗੁਰ ਆਪ ਅਖਵਾਇਆ, ਘਟ ਘਟ ਅੰਦਰ ਰੱਖੇ ਵਾਸੀ। ਸੱਜਣ ਸੁਹੇਲਾ ਜੁਗ ਜੁਗ ਬਣਦਾ ਆਇਆ, ਜਨ ਭਗਤਾਂ ਦਾਸਨ ਦਾਸੀ। ਜੁਗ ਜੁਗ ਵੇਲਾ ਵਕਤ ਸੁਹਾਇਆ, ਸਾਚੀ ਜੋਤ ਕਰੇ ਪਰਕਾਸ਼ੀ। ਸਤਿਜੁਗ ਦੁਆਪਰ ਤ੍ਰੇਤਾ ਪਾਰ ਕਰਾਇਆ, ਕਲਜੁਗ ਵੇਖੇ ਅੰਤ ਉਦਾਸੀ। ਸ਼ਾਮ ਯੁਜਰ ਰਿਗ ਦਏ ਤਰਾਇਆ, ਅਥਰਬਣ ਘਰ ਘਰ ਬਹਿ ਬਹਿ ਕਰੇ ਹਾਸੀ। ਅੱਲਾ ਰਾਣੀ ਮੇਲ ਮਿਲਾਇਆ, ਸੰਗ ਮੁਹੰਮਦ ਖੇਲ ਖਿਲਾਇਆ, ਮਨਮੁਖ ਜੀਵ ਕਰਾਏ ਮਦਿਰਾ ਮਾਸੀ। ਗੁਰ ਗੋਬਿੰਦਾ ਰਚਨ ਰਚਾਇਆ, ਪ੍ਰਭ ਅਬਿਨਾਸ਼ੀ ਮੇਲ ਮਿਲਾਇਆ, ਕਿਰਪਾ ਕਰ ਘਨਕਪੁਰ ਵਾਸੀ। ਚਾਰੋਂ ਕੁੰਟ ਅੰਧੇਰਾ ਛਾਇਆ, ਮਾਂ ਪੁੱਤਰ ਨਿਹੁ ਲਗਾਇਆ, ਨਾ ਕੋਈ ਦੀਸੇ ਪੰਡਤ ਕਾਸ਼ੀ। ਗੁਰ ਦਰ ਮੰਦਰ ਅੰਦਰ ਵੇਸਵਾ ਘਰ ਬਣਾਇਆ, ਰਾਮਦਾਸ ਤੇਰਾ ਸਾਚਾ ਸਰ ਜਲ ਧਾਰਾ ਰੂਪ ਗਿਆ ਵਟਾਇਆ, ਨਾ ਕੋਈ ਕਰੇ ਸਾਚੀ ਰਾਸੀ। ਇਕ ਲਏ ਅੰਗੜਾਇਆ, ਜੋਤੀ ਨੂਰ ਕਰੇ ਰੁਸ਼ਨਾਇਆ, ਪੰਜ ਤਤ ਬਣਤ ਬਣਾਇਆ, ਆਪ ਆਪਣਾ ਭੇਖ ਵਟਾਇਆ, ਪਰਗਟ ਹੋ ਹਰਿ ਸ਼ਾਹੋ ਸ਼ਾਬਾਸ਼ੀ। ਆਪਣਾ ਮੁਖ ਰਿਹਾ ਛੁਪਾਇਆ, ਸਾਚੇ ਸੰਤ ਰਿਹਾ ਜਗਾਇਆ, ਖੇਲੇ ਖੇਲ ਆਦਿ ਅਬਿਨਾਸ਼ੀ। ਰਾਜ ਰਾਜਾਨਾਂ ਰਿਹਾ ਸੁਣਾਇਆ, ਆਪ ਆਪਣਾ ਭੇਖ ਵਟਾਇਆ, ਸੰਤ ਸੁਹੇਲੇ ਆਪ ਉਠਾਇਆ, ਆਪੇ ਹੋਇਆ ਦਾਸਨ ਦਾਸੀ। ਕਲਜੁਗ ਚੋਲਾ ਜਗਤ ਹੰਢਾਇਆ, ਸ਼ਬਦ ਬੋਲਾ ਨਾ ਕੋਈ ਅਲਾਇਆ, ਜਗਤ ਭੰਡਾਰ ਨਾ ਕੋਈ ਖੁਲ੍ਹਾਇਆ, ਦਿਸ ਨਾ ਆਇਆ ਘਨਕਪੁਰ ਵਾਸੀ। ਬੀਸ ਬੀਸ ਵਕਤ ਸੁਹਾਇਆ। ਜਗਤ ਜਗਦੀਸ ਜੋਤ ਜਗਾਇਆ। ਆਪ ਆਪਣਾ ਰਚਨ ਰਚਾਇਆ। ਗੁਰ ਤੇਗ ਬਹਾਦਰ ਸੰਗ ਰਲਾਇਆ। ਚਿੱਟੀ ਚਾਦਰ ਸੋਹੰ ਪੜਦਾ ਏਕਾ ਪਾਇਆ। ਕਾਇਆ ਗਾਗਰ ਅੰਮ੍ਰਿਤ ਤਾਲ ਸੁਹਾਇਆ। ਦਿਤਾ ਨਾਮ ਸੱਚਾ ਰੱਤੀ ਰਤਨਾਗਰ, ਗੁਰਸਿਖਾਂ ਬੇੜਾ ਪਾਰ ਕਰਾਇਆ। ਦੋ ਜਹਾਨ ਡੂੰਘੇ ਸਾਗਰ, ਸਚ ਧਾਮ ਸੁਹਾਇਆ। ਆਪੇ ਬਣਿਆ ਘਰ ਸੁਦਾਗਰ, ਜੋਤ ਸਪੂਤਾ ਵਣਜ ਕਰਾਇਆ। ਨਿਰਮਲ ਜੋਤ ਕਰੇ ਉਜਾਗਰ, ਗੁਰ ਗੋਬਿੰਦਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰਦਰਗਾਹੀ ਏਕਾ ਵਰ, ਵਰਦਾਤਾ ਆਪ ਅਖਵਾਇਆ। ਗੁਰ ਗੋਬਿੰਦਾ ਸਾਚਾ ਮੀਤ, ਹਰਿ ਆਪਣਾ ਆਪ ਰਖਾਇੰਦਾ। ਇਕ ਸੁਣਾਏ ਸੁਹਾਗੀ ਗੀਤ, ਦਿਵਸ ਰੈਣ ਅਲਾਇੰਦਾ। ਕਲਜੁਗ ਅੰਤਮ ਤੇਰੀ ਚਲੀ ਅਵੱਲੜੀ ਰੀਤ, ਭੇਵ ਕੋਈ ਨਾ ਪਾਇੰਦਾ। ਮੁੱਲਾ ਕਾਜ਼ੀ ਸ਼ੇਖ਼ ਮੁਸਾਇਕ ਲੱਭਦੇ ਫਿਰਦੇ ਵਿਚ ਮਸੀਤ, ਉਚੀ ਕੂਕੇ ਬਾਂਗ ਅਲਾਇੰਦਾ। ਖਾਣੀ ਬਾਣੀ ਬਹਿ ਬਹਿ ਗਾਉਂਦੇ ਗੀਤ, ਗੁਰ ਗੋਬਿੰਦਾ ਕਿਸੇ ਹੱਥ ਨਾ ਆਇੰਦਾ। ਵੇਦ ਪੁਰਾਨ ਬੈਠ ਅਤੀਤ, ਪੰਡਤ ਕਾਸ਼ੀ ਧਿਆਨ ਲਗਾਇੰਦਾ। ਹਰਿ ਹਰਿ ਕਾ ਰੂਪ ਕਿਸੇ ਨਾ ਵਸਿਆ ਚੀਤ, ਨਾ ਕੋਈ ਸੰਗ ਨਿਭਾਇੰਦਾ। ਆਪੇ ਵਸਿਆ ਹਸਤ ਕੀਟ, ਗ੍ਰੰਥਾਂ ਪੰਥਾਂ ਮੁਖ ਛੁਪਾਇੰਦਾ। ਏਕਾ ਏਕ ਜਗਤ ਜਗਦੀਸ਼, ਅਨਡਿਠ ਵਸਤ ਆਪਣੀ ਝੋਲੀ ਪਾਇੰਦਾ। ਲੱਖ ਚੁਰਾਸੀ ਅੰਦਰ ਮੰਦਰ ਸੁੱਤਾ ਦੇ ਕਰ ਪੀਠ, ਗੁਰਮੁਖ ਵਿਰਲੇ ਮੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਬੀਸ ਇਕ ਹਰਿ ਰੰਗ ਵਟਾਇਆ, ਅਕਲ ਕਲਾ ਵਰਤਾਈਆ। ਦੂਸਰ ਨਾ ਕੋਈ ਸੰਗ ਰਖਾਇਆ, ਖੇਲੇ ਖੇਲ ਹਰਿ ਰਘੁਰਾਈਆ। ਤੀਜਾ ਦਰ ਵੇਖ ਵਖਾਇਆ, ਘਰ ਘਰ ਬੈਠਾ ਆਸਣ ਲਾਈਆ। ਚੌਥਾ ਦਰ ਇਕ ਸੁਹਾਇਆ, ਸੰਤ ਸੁਹੇਲੇ ਲਏ ਮਿਲਾਈਆ। ਪੰਚਮ ਦਰ ਸਾਚੀ ਸੇਵਾ ਲਾਇਆ, ਅਨਹਦ ਤਾਲ ਵਜਾਈਆ। ਛੇਵੇਂ ਛੱਪਰ ਛੰਨ ਨਾ ਕੋਈ ਰਖਾਇਆ, ਪ੍ਰਭ ਬੈਠਾ ਆਸਣ ਲਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਜੋਤ ਜਗਾਇਆ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਅੱਠਵੇਂ ਅੱਠਾਂ ਤਤਾਂ ਵਿਚ ਨਾ ਆਇਆ, ਨਾ ਮਰੇ ਨਾ ਜਾਈਆ। ਨੌ ਦਵਾਰ ਨਾ ਕੋਇ ਉਪਾਇਆ, ਨਾ ਕੋਈ ਬਣਤ ਬਣਾਈਆ। ਦਸਵੇਂ ਦਸਮ ਦਵਾਰੀ ਸਚ ਮਹੱਲਾ ਇਕ ਵਸਾਇਆ, ਬੈਠਾ ਜੋਤ ਜਗਾਈਆ। ਦਸ ਇਕ ਗਿਆਰਾਂ ਇਕ ਇਕੱਲਾ ਵੇਖ ਵਖਾਇਆ, ਚਾਰੋਂ ਕੁੰਟ ਸ੍ਰਿਸ਼ਟ ਸਬਾਈਆ। ਦਸ ਦੋ ਬਾਰਾਂ ਸ੍ਰਿਸ਼ਟ ਸਬਾਈ ਤੇਰੀ ਬੰਨ੍ਹੇ ਧਾਰਾ, ਕਲਜੁਗ ਜੀਵ ਦਏ ਦੁਹਾਈਆ। ਗੁਰ ਸੰਗਤ ਸਾਚੀ ਕਰ ਤਿਆਰਾ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਗੁਰ ਗੋਬਿੰਦਾ ਕਰ ਪਿਆਰਾ, ਸਿੱਖੀ ਇਕ ਵਖਾਈਆ। ਜੋ ਜਨ ਢਹਿ ਪਏ ਦਵਾਰਾ, ਦੁੱਖ ਰਹੇ ਨਾ ਰਾਈਆ। ਸੰਮਤ ਤੇਰਾਂ ਤੇਰਾ ਖੇਲ ਨਿਆਰਾ, ਪਹਿਲੀ ਚੇਤਰ ਰੁੱਤ ਸੁਹਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸਾਧਾਂ ਸੰਤਾਂ ਰਿਹਾ ਉਠਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਣ ਅਭਿਮਾਨ ਸਭ ਦਾ ਦਏ ਗਵਾਈਆ। ਸ਼ਬਦ ਖੰਡਾ ਤੇਜ ਕਟਾਰਾ, ਹੱਥ ਆਪਣੇ ਰਿਹਾ ਉਠਾਈਆ। ਦੋਵੇਂ ਰੱਖੀਆਂ ਤਿੱਖੀਆਂ ਧਾਰਾ, ਨਿਰਗੁਣ ਸਰਗੁਣ ਭੇਵ ਨਾ ਰਾਈਆ। ਸੰਮਤ ਤੇਰਾਂ ਤੇਰੀ ਸਾਚੀ ਧਾਰਾ, ਨਾਨਕ ਗਿਆ ਗਾਈਆ। ਮੋਦੀਖਾਨੇ ਕਰ ਵਿਹਾਰਾ, ਏਕਾ ਤੋਲਾ ਆਪ ਅਖਵਾਈਆ। ਸ੍ਰਿਸ਼ਟ ਸਬਾਈ ਤੋਲਣਹਾਰਾ, ਏਕਾ ਕੰਡਾ ਰਿਹਾ ਉਠਾਈਆ। ਸੋਹੰ ਬੋਲਾ ਬੋਲਣਹਾਰਾ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹੰ ਹੰਗਤਾ ਰੋਲਣਹਾਰਾ, ਏਕਾ ਛਾਬਾ ਰਿਹਾ ਭਰਾਈਆ। ਪ੍ਰਭ ਦਰ ਮੰਗਣ ਮੰਗਣੇ ਵਾਲਾ, ਅੱਗੇ ਝੋਲੀ ਰਿਹਾ ਡਾਹੀਆ। ਸਾਚੀ ਸੰਗਤਾ ਰੰਗਣਹਾਰਾ, ਨਿਹਕਲੰਕ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰਾ, ਸਾਧਾਂ ਸੰਤਾਂ ਸੁਣੀ ਪੁਕਾਰਾ, ਆਤਮ ਘਰ ਵੇਖ ਵਿਚਾਰਾ, ਅੰਦਰ ਮੰਦਰ ਸਾਚੀ ਸੇਜ ਨਾ ਬੈਠਾ ਕੋਈ ਵਿਛਾਈਆ। ਸਾਧ ਸੰਤ ਜਗਤ ਵਿਚਾਰ, ਪ੍ਰਭ ਸਾਚਾ ਵੇਖ ਵਖਾਇੰਦਾ। ਕਿਸੇ ਨਾ ਦਿਸੇ ਤਨ ਸ਼ਿੰਗਾਰ, ਫੂਲਨ ਹਾਰ ਨਾ ਕੋਈ ਟੰਗਾਇੰਦਾ। ਕਿਸੇ ਨਾ ਮਿਲਿਆ ਕੰਤ ਭਤਾਰ, ਗਲਵਕੜੀ ਕੋਈ ਨਾ ਪਾਇੰਦਾ। ਆਸਣ ਬਹਿ ਬਹਿ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਜਗਤ ਸਤਿ ਵਹਾਇੰਦਾ। ਪੰਡਤ ਫ਼ਕੀਰ ਕਰੇ ਹਾਹਾਕਾਰ, ਪ੍ਰਭ ਸਾਚਾ ਦਿਸ ਨਾ ਆਇੰਦਾ। ਕਾਇਆ ਬਸਤਰ ਏਕਾ ਲੱਥੇ ਚੀਰ, ਸਾਲ ਬਸਾਲਾ ਖ਼ਾਕ ਰਮਾਇੰਦਾ। ਸੁਰਤ ਸਵਾਣੀ ਨਾ ਬਣੀ ਸਾਚੀ ਹੀਰ, ਪ੍ਰਭ ਰਾਂਝਾ ਦਿਸ ਨਾ ਆਇੰਦਾ। ਚਿੱਟੇ ਕਾਗਜ਼ ਕੱਢਦਾ ਜਾਏ ਲਕੀਰ, ਅਖ਼ੀਰ ਨਾ ਕੋਈ ਵਖਾਇੰਦਾ। ਅੰਤਮ ਹੋਣਾ ਧਰਮ ਰਾਏ ਦਰ ਫ਼ਕੀਰ, ਨਾ ਕੋਈ ਕਿਸੇ ਬਚਾਇੰਦਾ। ਸਾਧਾਂ ਸੰਤਾਂ ਏਕਾ ਲੱਗੀ ਹਉਮੇ ਪੀੜ, ਹੰਗਤਾ ਰੋਗ ਜਲਾਇੰਦਾ। ਮਾਇਆ ਮਮਤਾ ਡੱਸਣੀ ਕੀੜ, ਨਾਗ ਨਾਗਣੀ ਡੰਗ ਚਲਾਇੰਦਾ। ਪਾਰਬ੍ਰਹਮ ਸ਼ਬਦ ਵੇਲਣੇ ਦੇਵੇ ਪੀੜ, ਸੰਮਤ ਸੋਲਾਂ ਰੁੱਤ ਸੁਹਾਇੰਦਾ। ਸਤਿਗੁਰ ਸਾਚਾ ਹਰਿ ਸੰਤਾਂ ਆਪੇ ਬੰਨ੍ਹੇ ਬੀੜ, ਏਕਾ ਧਾਰ ਵਹਾਇੰਦਾ। ਆਪੇ ਵੇਖੇ ਚੋਟੀ ਚੜ੍ਹ ਅਖ਼ੀਰ, ਪਾਰ ਕਿਨਾਰਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਸਾਚਾ ਵੇਖ ਵਖਾਇੰਦਾ। ਸੰਮਤ ਤੇਰਾਂ ਤੇਰਾ ਰੰਗ, ਪ੍ਰਭ ਸਾਚੇ ਵੇਖ ਵਖਾਣਿਆ। ਸਾਧ ਸੰਤ ਬੈਠੇ ਨੰਗ, ਕਿਸੇ ਮਿਲੇ ਨਾ ਧੁਰ ਫ਼ਰਮਾਣਿਆ। ਘਰ ਘਰ ਬੈਠੇ ਸਾਵਣ ਸਾਵਣ ਰਹੇ ਮੰਗ, ਸਾਵਣ ਸੁਰਤ ਨਾ ਕਰੇ ਪਰਵਾਨਿਆ। ਅੰਤਮ ਹੋਣੇ ਜਨਮ ਭੰਗ, ਮਿਲੇ ਢੋਈ ਨਾ ਵਿਚ ਦੋ ਜਹਾਨਿਆ। ਸਿਰ ਪੈਰ ਧੜ ਦਿਸੇ ਨੰਗ, ਚਾਰੋਂ ਕੁੰਟ ਦਰ ਦਰ ਆਪ ਭਵਾਨਿਆ। ਕਿਸੇ ਮਿਲਿਆ ਨਾ ਸ਼ਬਦ ਪਲੰਘ, ਗੁਰ ਚਰਨ ਧੂੜ ਨਾ ਕਰਿਆ ਇਸ਼ਨਾਨਿਆ। ਏਕਾ ਏਕ ਨਾ ਮੰਗੀ ਮੰਗ, ਨਾ ਹੋਏ ਦਰ ਪਰਵਾਨਿਆ। ਕਾਇਆ ਮਾਟੀ ਕਾਚੀ ਵੰਗ, ਥਿਰ ਕੋਈ ਰਹਿਣ ਨਾ ਪਾਨਿਆ। ਨਾਨਕ ਤੇਰਾ ਇਕ ਮਰਦੰਗ, ਸਤਿਨਾਮ ਸਚ ਸਿਤਾਰ ਹਰਿ ਸੁਰੰਗਾ ਆਪ ਵਜਾਨਿਆ। ਆਪੇ ਗਾਇਆ ਨਿਰੰਕਾਰ ਨਿਰੰਕਾਰ ਨਿਰੰਕਾਰ, ਨਿਰਗੁਣ ਰੂਪ ਪਛਾਨਿਆ। ਸਰਗੁਣ ਕੋਈ ਨਾ ਪਾਵੇ ਸਾਰ, ਪ੍ਰਭ ਹੋਇਆ ਬੇਪਛਾਨਿਆ। ਤੇਰਾਂ ਤੇਰੀ ਏਕਾ ਧਾਰ, ਸ੍ਰਿਸ਼ਟ ਸਬਾਈ ਵੇਖ ਵਖਾਨਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਖੇਲੇ ਖੇਲ ਦੋ ਜਹਾਨਿਆ। ਭਾਰਤ ਖੰਡ ਵੇਖ ਵਿਚਾਰ, ਵਾਲੀ ਹਿੰਦ ਉਠਾਨਿਆ। ਸੰਮਤ ਚੌਦਾਂ ਰਿਹਾ ਖ਼ਬਰਦਾਰ, ਆਏ ਦਰ ਸੱਚਾ ਪਰਵਾਨਿਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਲਜੁਗ ਅੰਤਮ ਮਾਰੇ ਮਾਰ, ਨਾ ਕੋਈ ਕਿਸੇ ਬਚਾਨਿਆ। ਲੋਆਂ ਪੁਰੀਆਂ ਹਾਹਾਕਾਰ, ਬ੍ਰਹਮਾ ਉਠੇ ਨੇਤਰ ਵੇਖੇ ਲੋਕਮਾਤ ਕਰੇ ਧਿਆਨਿਆ। ਬਾਸ਼ਕ ਤਸ਼ਕਾ ਗਲ ਪਰੋਏ ਹਾਰ, ਸ਼ਿਵ ਸ਼ੰਕਰ ਹੋਏ ਹੈਰਾਨਿਆ। ਲੋਕਮਾਤ ਇਕ ਇਕਾਂਤ, ਕਵਣ ਖੇਲੇ ਖੇਲ ਇਕ ਨਿਧਾਨਿਆ। ਕਰੋੜ ਤੇਤੀਸਾ ਕਰੇ ਹਦੀਸਾ ਝੁਕਾਏ ਸੀਸਾ ਮੰਗੇ ਵਰ ਜਗਤ ਜਗਦੀਸਾ, ਨਾ ਹੋਏ ਦਰ ਪਰਵਾਨਿਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਲੋਕਮਾਤ ਪੀਸਨ ਪੀਸਾ, ਹਰਿ ਵੇਖੇ ਖਾਣੀ ਬਾਣੀਆ। ਈਸਾ ਮੂਸਾ ਖਾਲੀ ਖੀਸਾ, ਅੰਜੀਲ ਕੁਰਾਨਾਂ ਆਈ ਹਾਨੀਆ। ਨਾ ਕੋਈ ਗਾਏ ਰਾਗ ਛਤੀਸਾ, ਨਾ ਕੋਈ ਗਾਏ ਪਾਠ ਪੁਰਾਨੀਆ। ਨਾ ਕੋਈ ਗਾਏ ਦੰਦ ਬਤੀਸਾ, ਰਸਨਾ ਜਿਹਵਾ ਨਾ ਗੁਣ ਵਖਾਨੀਆ। ਵਰਤੇ ਖੇਲ ਹਰਿ ਜਗਦੀਸਾ, ਆਪੇ ਵੇਖੇ ਗੁਰਮੁਖ ਸਾਚੇ ਸੁਘੜ ਸਵਾਨੀਆ। ਕਵਣ ਸੀਸ ਝੁੱਲੇ ਛਤਰ ਇਕ ਜਗਦੀਸਾ, ਕਵਣ ਸੁਣਾਏ ਅਕੱਥ ਕਹਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਏਕਾ ਵਰ, ਸ੍ਰਿਸ਼ਟ ਸਬਾਈ ਵੇਖੇ ਦਰ, ਸੋਹੰ ਸ਼ਬਦ ਹੱਥ ਫੜ, ਲੱਖ ਚੁਰਾਸੀ ਰਿੜਕੇ ਵਾਂਗ ਮਧਾਨੀਆ। ਗੁਰ ਗੋਬਿੰਦਾ ਸਾਚਾ ਸੰਗੀ, ਆਪਣਾ ਆਪ ਰਖਾਇਆ। ਲੱਖ ਚੁਰਾਸੀ ਆਏ ਤੰਗੀ, ਕਲਜੁਗ ਅੰਤਮ ਦਏ ਦੁਹਾਇਆ। ਲਾੜੀ ਮੌਤ ਏਕਾ ਮੰਗ ਮੰਗੀ, ਲਾਲ ਚੁੰਨੀ ਅੱਗੇ ਡਾਹਿਆ। ਕਾਲ ਸਿਰ ਵਾਹੇ ਕੰਘੀ, ਸਾਚੀ ਪੱਟੀ ਦਏ ਗੁੰਦਾਇਆ। ਲੱਖ ਚੁਰਾਸੀ ਨਾਰ ਦੁਹਾਗਣ ਲੱਗੇ ਚੰਗੀ, ਸੰਮਤ ਸੋਲਾਂ ਪੰਚਮ ਜੇਠ ਸਗਨ ਦੇਵੇ ਝੋਲੀ ਪਾਇਆ। ਧਰਮ ਰਾਏ ਚਿਤਰ ਗੁਪਤ ਨਾਲ ਫਰੰਗੀ, ਦੇਵੇ ਜੰਞ ਚੜ੍ਹਾਇਆ। ਧਰਤ ਮਾਤ ਇਕ ਸੋਹਣੀ ਥਾਂ ਮੰਗੀ, ਜੰਬੁ ਦੀਪ ਦਏ ਸੁਹਾਇਆ। ਖੇਲੇ ਖੇਲ ਦਾਤਾ ਸੂਰਾ ਜੋਧਾ ਸਰਬੰਗੀ, ਦੋ ਜਹਾਨਾਂ ਪਾਰ ਆਸਣ ਲਾਇਆ। ਇਕ ਵਜਾਏ ਵਡ ਮਰਦੰਗੀ, ਕਾਲ ਨਗਾਰਾ ਹੱਥ ਫੜਾਇਆ। ਗੁਰਮੁਖਾਂ ਚੋਲੀ ਜਾਏ ਰੰਗੀ, ਜੋਤ ਨਿਰੰਜਣ ਸੇਵਾ ਲਾਇਆ। ਬਜਰ ਕਪਾਟੀ ਪਾੜ ਆਤਮ ਕਰਦੀ ਜਾਏ ਨੰਗੀ, ਏਕਾ ਰਾਹ ਵਖਾਇਆ। ਨਿਹਕਲੰਕ ਮਿਲਿਆ ਸਾਚਾ ਸੰਗੀ, ਗੁਰ ਗੋਬਿੰਦੇ ਲੜ ਫੜਾਇਆ। ਜੁਗ ਜੁਗ ਜਾਣੇ ਆਪਣਾ ਢੰਗੀ, ਬਿਧ ਆਪਣੇ ਹੱਥ ਰਖਾਇਆ। ਨਾਨਕ ਤੇਰੀ ਨਾਮ ਸੁਰੰਗੀ, ਗੁਰਮੁਖ ਤੇਰੇ ਤਨ ਮੰਦਰ ਅੰਦਰ ਦਏ ਵਜਾਇਆ। ਗੁਰ ਗੋਬਿੰਦੇ ਮੰਗ ਏਕਾ ਮੰਗੀ, ਮਾਛੂਵਾੜੇ ਝਾੜੀਂ ਬੈਠਾ ਆਸਣ ਲਾਇਆ। ਨੰਗੀ ਪੈਰੀ ਫਿਰੇ ਪ੍ਰਭ ਲਾਏ ਅੰਗੀ, ਅੰਗੀਕਾਰ ਆਪ ਅਖਵਾਇਆ। ਤੇਰੀ ਕਟੇ ਅੰਤਮ ਪਰਗਟ ਹੋ ਹੋ ਤੰਗੀ, ਕਿਲ੍ਹਾ ਪੁਰ ਅਨੰਦ ਛੁਡਾਇਆ। ਅਨੰਦ ਪੁਰ ਨਾ ਕਿਸੇ ਦਾ ਸੰਗੀ, ਇੱਟ ਪੱਥਰ ਨਾਲ ਰਲਾਇਆ। ਪ੍ਰਭ ਦੀ ਜੋਤ ਸਭ ਤੋਂ ਚੰਗੀ, ਆਵਣ ਜਾਵਣ ਦਏ ਮਿਟਾਇਆ। ਗੁਰ ਗੋਬਿੰਦਾ ਏਕਾ ਮੰਗ ਆਪਣੀ ਮੰਗੀ, ਪੁਰੀ ਅਨੰਦ ਦਏ ਸਮਝਾਇਆ। ਪਾਰਬ੍ਰਹਮ ਆਪ ਸਮਝਾਏ, ਗੁਰ ਗੋਬਿੰਦ ਸਪੂਤਾ। ਪੁਰੀ ਅਨੰਦ ਇਕ ਵਿਖਾਏ, ਨਾ ਕੋਈ ਦਿਸੇ ਕੂਟਾ। ਸੂਰਜ ਚੰਨ ਨਾ ਕੋਈ ਚੜ੍ਹਾਏ, ਪਵਣ ਨਾ ਦੇਵੇ ਹੂਟਾ। ਖਾਣੀ ਬਾਣੀ ਕੋਈ ਦਿਸ ਨਾ ਆਏ, ਲੋਕਮਾਤ ਨਾ ਕੋਈ ਬੂਟਾ। ਪੀਣ ਖਾਣ ਕੋਈ ਦਿਸ ਨਾ ਆਏ, ਨਾ ਕੋਈ ਦਿਸੇ ਹੱਥ ਠੂਠਾ। ਤੀਰ ਕਮਾਨ ਨਾ ਕੋਇ ਰਖਾਏ, ਨਾ ਭੱਥਾ ਭੰਨੇ ਪਿੱਛੇ ਮੁੱਠਾ। ਪਹਾੜ ਉਜਾੜ ਨਾ ਕੋਈ ਨਿਸ਼ਾਨ ਜਣਾਏ, ਨਾ ਕੋਈ ਵਿਖਾਏ ਗੁੱਠਾ। ਸਚ ਧਾਮ ਇਕ ਮਕਾਨ ਸੁਹਾਏ, ਗੁਰ ਗੋਬਿੰਦ ਸੁਣਾਏ ਹਰਿ ਅਨਡਿਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਦਿਤਾ ਭਰ, ਰਸ ਮਾਣਿਆ ਏਕਾ ਮਿੱਠਾ। ਐੜਾ ਆਕਾਰ ਹਰਿ ਨਿਰੰਕਾਰ, ਏਕਾ ਏਕ ਵਖਾਇਆ। ਆਪ ਆਪਣਾ ਖੇਲ ਅਪਾਰ, ਆਪਣੇ ਰੰਗ ਸਮਾਇਆ। ਨੱਨਾ ਨਿਰਗੁਣ ਰੂਪ ਨਿਰੰਕਾਰ, ਨਿਰਵੈਰ ਅਖਵਾਇਆ। ਆਪ ਆਪਣਾ ਕਰ ਤਿਆਰ, ਸਰਗੁਣ ਰਿਹਾ ਉਪਜਾਇਆ। ਦੱਦਾ ਦੋ ਜਹਾਨਾਂ ਵਸਿਆ ਬਾਹਰ, ਲਿਖਣ ਪੜ੍ਹਨ ਵਿਚ ਨਾ ਆਇਆ। ਪੱਪਾ ਪੁਰਖ ਹਰਿ ਸੁਲਤਾਨ, ਏਕਾ ਸ਼ਾਹੋ ਅਖਵਾਇਆ। ਇਕ ਇਕੱਲੜਾ ਵੇਖ ਬਾਲ ਨਿਧਾਨ, ਚਰਨ ਜੋੜਾ ਛੁਹਾਇਆ। ਰਾਰਾ ਰੇਖ ਨਾ ਕੋਈ ਜਹਾਨ, ਨਾ ਕੋਈ ਨਜ਼ਰੀ ਆਇਆ। ਨਾ ਕੋਈ ਧਾਰੀ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇਆ। ਨੱਨਾ ਨਾਨਕ ਗੁਰ ਦਸਮੇਸ਼ ਹਰਿ ਜੋਤੀ ਸਵਾਇਆ। ਹਰਿ ਕਾ ਰੂਪ ਪੰਜ ਤਤ ਪ੍ਰਵੇਸ਼, ਸੋ ਸਤਿਗੁਰ ਆਪ ਬਣਾਇਆ। ਸੋ ਪੁਰਖ ਨਿਰੰਜਣ ਕਰੇ ਆਦੇਸ, ਆਪ ਆਪਣਾ ਦੇਸ ਰਿਹਾ ਵਸਾਇਆ। ਪੁਰ ਅਨੰਦ ਇਕ ਨਰੇਸ਼, ਹਰਿ ਸਾਚਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸ ਦਸਮੇਸ਼ ਮੇਲ ਮਿਲਾਇਆ। ਦਸ ਦਸਮੇਸ਼ ਗੁਰ ਗੋਬਿੰਦ, ਆਤਮ ਵੱਜੀ ਵਧਾਈਆ। ਦੋ ਜਹਾਨੀ ਵੱਜੀ ਵਧਾਈ ਮਿਟੀ ਚਿੰਦ, ਹਰਿ ਜੋਤ ਹੋਈ ਕੁੜਮਾਈਆ। ਮਿਲਿਆ ਵਰ ਵਡ ਮਰਗਿੰਦ, ਡਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰਿਹਾ ਸਮਝਾਈਆ। ਪਾਰਬ੍ਰਹਮ ਪ੍ਰਭ ਆਪ ਸਮਝਾਏ, ਗੁਰ ਸ਼ਬਦੀ ਸ਼ਬਦ ਜਣਾਇਆ। ਦਰ ਦਵਾਰਾ ਵੇਖ ਵਖਾਏ, ਕਲਜੁਗ ਦਏ ਦੁਹਾਇਆ। ਸੰਮਤ ਚੌਦਾਂ ਰੁੱਤ ਸੁਹਾਏ, ਚੌਦਾਂ ਲੋਕਾਂ ਹੱਟ ਖੁਲ੍ਹਾਇਆ। ਕਾਇਆ ਬੁੱਤ ਪ੍ਰਭ ਡੇਰਾ ਲਾਏ, ਦਿਸ ਕਿਸੇ ਨਾ ਆਇਆ। ਗੁਰਮੁਖ ਸਾਚੇ ਸੰਤ ਉਠਾਏ, ਚਰਨ ਕਵਲ ਉਪਰ ਧਵਲ ਸਾਚਾ ਨਾਤਾ ਰਿਹਾ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਸਾਚਾ ਲੇਖ ਰਿਹਾ ਲਿਖਾਇਆ। ਪੰਚਮ ਜੇਠ ਵਡ ਬਲਵਾਨ, ਖੇਲੇ ਖੇਲ ਸੰਸਾਰੀ। ਸਾਧਾਂ ਸੰਤਾਂ ਕੋਈ ਨਾ ਮਿਲੇ ਉਚ ਮਕਾਨ, ਬੈਠੇ ਰਹਿਣ ਨੌ ਦਵਾਰੀ। ਮਗਰ ਲੱਗੇ ਰਹਿਣ ਪੰਜ ਸ਼ੈਤਾਨ, ਮੰਗਦੇ ਰਹਿਣ ਵਾਰੋ ਵਾਰੀ। ਗੁਰ ਪੀਰ ਸਭ ਮੁਖ ਛੁਪਾਨ, ਨਜ਼ਰ ਨਾ ਆਇਣ ਵਿਚ ਸੰਸਾਰੀ। ਥਾਂ ਥਾਂ ਬੈਠੇ ਸਾਰੇ ਗਾਨ, ਬ੍ਰਹਮਾ ਸ਼ਿਵ ਵਿਸ਼ਨ ਵਡ ਭਿਖਾਰੀ। ਦੋਏ ਜੋੜ ਮੰਗਣ ਦਾਨ, ਦਰ ਦਵਾਰੇ ਬਣ ਭਿਖਾਰੀ। ਪੁਰਖ ਅਬਿਨਾਸ਼ੀ ਗੁਣ ਨਿਧਾਨ ਏਕਾ ਵਣਜ ਕਰਾਏ, ਲੋਆਂ ਪੁਰੀਆਂ ਦੇ ਮਤ ਸਮਝਾਏ, ਦੋ ਜਹਾਨਾਂ ਪਾਵੇ ਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਹੰ ਤੇਰੀ ਲੋਕਮਾਤ ਕਰੇ ਜੈ ਜੈਕਾਰੀ। ਸੋਹੰ ਸ਼ਬਦ ਤੇਰਾ ਜੈਕਾਰਾ, ਦੋ ਜਹਾਨਾਂ ਆਪ ਸੁਣਾਇੰਦਾ। ਸਾਧਾਂ ਸੰਤਾਂ ਬੰਦ ਦਵਾਰਾ, ਅੱਧ ਵਿਚ ਆਪ ਰਖਾਇੰਦਾ। ਪੰਚਮ ਜੇਠ ਸੁਭਾਗੀ ਦਿਹਾੜਾ, ਕਲਜੁਗ ਤੇਰਾ ਭੇਖ ਮਿਟਾਇੰਦਾ। ਕਲਜੁਗ ਅੱਗੇ ਕੱਢੇ ਹਾੜਾ, ਪ੍ਰਭ ਦਰ ਸੀਸ ਝੁਕਾਇੰਦਾ। ਗੁਰਮੁਖ ਮੰਗੇ ਨਾਮ ਭਾੜਾ, ਦਰ ਦਵਾਰੇ ਫੇਰੀ ਪਾਇੰਦਾ। ਮਸਤਕ ਰਗੜੇ ਚਰਨ ਛੁਹਾਏ ਦਾਹੜਾ, ਕਾਲਾ ਰੂਪ ਦਰਸਾਇੰਦਾ। ਪੁਰਖ ਅਬਿਨਾਸ਼ੀ ਇਕ ਵਖਾਏ ਅਖਾੜਾ, ਮੱਕਾ ਮਦੀਨਾ ਨਜ਼ਰੀ ਆਇੰਦਾ। ਮਗਰ ਲਗਾਏ ਅਗੰਮੀ ਧਾੜਾ, ਰੂਸਾ ਚੀਨਾ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਤੇਰਾ ਤਤ ਸਾੜਾ, ਇੱਕੀ ਜੇਠ ਰੰਗ ਰੰਗਾਇੰਦਾ। ਨੌ ਖੰਡ ਪ੍ਰਿਥਮੀ ਤੇਰਾ ਵੱਜੇ ਤਾੜਾ, ਸੱਸਾ ਹੋੜਾ ਤੰਦੀ ਵਿਚ ਪਾਇੰਦਾ। ਨਿਰਗੁਣ ਸਰਗੁਣ ਵੇਖੇ ਖੇਲ ਦਿਨ ਦਿਹਾੜਾ, ਜੰਗਲ ਜੂਹ ਉਜਾੜ ਪਹਾੜਾ ਉਚੇ ਟਿੱਲੇ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸਤਾਰਾਂ ਵੇਖ ਵਖਾਏ ਚਾਰ ਯਾਰਾਂ, ਬੂਰੇ ਬਿੱਲੇ ਕੱਕਿਆਂ ਉਠਾਇੰਦਾ। ਬੂਰੇ ਕੱਕੇ ਬਿੱਲੇ ਪ੍ਰਭ ਦਏ ਉਠਾ, ਆਪਣੀ ਬਣਤ ਬਣਾਈਆ। ਰਸਨਾ ਚਿੱਲੇ ਤੀਰ ਚੜ੍ਹਾ, ਆਪੇ ਰਿਹਾ ਚਲਾਈਆ। ਗੜ੍ਹ ਹੰਕਾਰੀ ਦਏ ਤੁੜਾ, ਤੋੜਨਹਾਰ ਆਪ ਅਖਵਾਈਆ। ਫੜ ਫੜ ਬਾਹੋਂ ਦਏ ਉਠਾ, ਸੁਤਿਆਂ ਰੈਣ ਵਿਹਾਈਆ। ਵਾਲੀ ਹਿੰਦ ਨਾ ਅੰਤਮ ਪਛਤਾ, ਨੌ ਜੇਠ ਪ੍ਰਭ ਸਾਚਾ ਲੇਖ ਲਿਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਈ ਨਾ ਮਿਲਣਾ ਥਾਂ, ਨਾ ਸਕੇ ਕੋਈ ਬਚਾਈਆ। ਅੰਤਮ ਨਾਤਾ ਤੁੱਟਣਾ ਪੁੱਤਰਾਂ ਮਾਂ, ਭੈਣਾਂ ਭਈਆ ਹੋਏ ਜੁਦਾਈਆ। ਲੋਕਮਾਤ ਘਰ ਘਰ ਉਡਣੇ ਕਾਂ, ਸੰਮਤ ਸੋਲਾਂ ਦਏ ਦੁਹਾਈਆ। ਗੁਰਮੁਖ ਵਿਰਲੇ ਪ੍ਰਭ ਦੇਵੇ ਠੰਢੀ ਛਾਂ, ਜਿਸ ਜਨ ਆਪਣੀ ਦਇਆ ਕਮਾਈਆ। ਪੰਚਮ ਜੇਠ ਸਾਧ ਸੰਤ ਫ਼ਕੀਰ ਪੀਰ ਦਸਤਗੀਰ ਪੰਡਤ ਪਾਂਧਾ ਕੋਈ ਨਾ ਕਰੇ ਹਾਂ, ਸੁਰਤ ਸਵਾਣੀ ਸ਼ਬਦ ਮਿਲਾਈਆ। ਅੱਠ ਸੱਠ ਤੀਰਥ ਬੈਠੇ ਮੁਖ ਭਵਾ, ਗੰਗਾ ਗੋਦਾਵਰੀ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਤੇਰੀ ਜਗਤ ਰੀਤ, ਆਪਣੀ ਹੱਥੀਂ ਲਏ ਮਨਾਈਆ। ਜਗਤ ਰੀਤ ਆਪ ਮਨਾ, ਆਪਣੀ ਬਣਤ ਬਣਾਉਣੀ। ਬੀਸ ਸਿੱਖ ਨਾਲ ਰਲਾ, ਸਾਚੀ ਸਿਖਿਆ ਇਕ ਸਮਝਾਉਣੀ। ਇਕ ਇਕੀਸਾ ਆਪ ਅਖਵਾ, ਨਿਰਮਲ ਜੋਤ ਜਗਾਉਣੀ। ਸਰ ਅੰਮ੍ਰਿਤ ਵੇਖੇ ਏਕਾ ਥਾਂ, ਪੂਰ ਕਰਾਏ ਭਾਉਣੀ। ਇੱਕੀ ਛਟਾਂਕ ਅੰਨ ਤਨ ਬੰਧਾ, ਦੋ ਜਹਾਨਾਂ ਪਾਰ ਕਰਾਉਣੀ। ਜੂਠੀ ਝੂਠੀ ਕੰਧ ਦਏ ਢਾਹ, ਤੇਜ ਕਟਾਰ ਇਕ ਉਠਾਉਣੀ। ਗ੍ਰੰਥੀ ਪੰਥੀ ਭੁੱਲਣ ਰਾਹ, ਸਾਚੀ ਬੂਝ ਕਿਸੇ ਨਾ ਪਾਉਣੀ। ਸਿੰਘ ਸ਼ੇਰ ਆਪਣਾ ਤਖ਼ਤ ਆਪੇ ਦਏ ਹਿਲਾ, ਲੋਆਂ ਪੁਰੀਆਂ ਦਏ ਭਵਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਤੇਰੀ ਸਾਚੀ ਥਿਤ ਖ਼ੁਸ਼ੀਆਂ ਨਾਲ ਮਨਾਉਣੀ। ਬੀਸ ਸਿੱਖ ਪ੍ਰਭ ਕਰ ਤਿਆਰ, ਆਪਣਾ ਸੰਗ ਨਿਭਾਇੰਦਾ। ਦੂਸਰ ਨਾ ਕੋਈ ਆਏ ਦਵਾਰ, ਦੇ ਮਤ ਸਮਝਾਇੰਦਾ। ਤੀਜੇ ਨੇਤਰ ਵੇਖ ਵਿਚਾਰ, ਸਾਚੀ ਖੇਲ ਖਿਲਾਇੰਦਾ। ਚੌਥੇ ਘਰ ਪਾਵੇ ਸਾਰ, ਸਰ ਸਰੋਵਰ ਵੇਖ ਵਖਾਇੰਦਾ। ਰਾਮਦਾਸ ਤੇਰਾ ਦਰ ਦਰਬਾਰ, ਦਰ ਦਰਵਾਜ਼ਾ ਇਕ ਸੁਹਾਇੰਦਾ। ਹਰਿ ਜੂ ਹਰਿ ਮੰਦਰ ਆਵੇ ਪਹਿਰੇਦਾਰ, ਸੁਤਿਆਂ ਕੋਈ ਨਾ ਜਗਾਇੰਦਾ। ਸੰਮਤ ਪੰਦਰਾਂ ਕਰ ਵਿਚਾਰ, ਇਕ ਹਲੂਣਾ ਲਾਇੰਦਾ। ਪੰਚਮ ਜੇਠੀ ਹੋ ਤਿਆਰ, ਖੇਲ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਤੇਰਾ ਦਰ, ਕਲਜੁਗ ਤੇਰਾ ਪੂਰ ਵਰ, ਅੰਤਮ ਆਪ ਕਰਾਇੰਦਾ। ਬੀਸ ਬੀਸਾ ਹਰਿ ਨਿਰੰਕਾਰਾ, ਖੇਲੇ ਖੇਲ ਸੰਸਾਰੀ। ਜਗਤ ਜੋਗ ਕਰ ਵਿਹਾਰਾ, ਦਾਤਾ ਵਡ ਭੰਡਾਰੀ। ਨਾਮ ਖੰਡਾ ਤੇਜ ਕਟਾਰਾ, ਸ਼ਬਦ ਸ਼ਸਤਰ ਧਾਰੀ। ਰਾਮਦਾਸ ਦਰ ਦਵਾਰਾ, ਕਰੇ ਖੇਲ ਅਪਾਰੀ। ਅਰਜਨ ਗੁਰ ਗੁਰ ਅਰਜਨ ਬਣ ਲਿਖਾਰਾ, ਮੰਗੇ ਮੰਗ ਭਿਖਾਰੀ। ਹਰਿ ਜੂ ਹਰਿ ਮੰਦਰ ਮਹੱਲ ਅਪਾਰਾ, ਸ਼ਬਦ ਸਰੂਪੀ ਚਾਰ ਦਿਵਾਰੀ। ਸਰ ਸਰੋਵਰ ਤਾਲ ਸੁਹਾਵਾ, ਅੰਮ੍ਰਿਤ ਏਕਾ ਧਾਰੀ। ਸਤਿਗੁਰ ਪੂਰਾ ਬਣ ਨਿਥਾਵਾਂ, ਆਪੇ ਵਸਿਆ ਬਾਹਰੀ। ਹੰਸਾਂ ਚੋਗ ਖਾਧੀ ਕਾਵਾਂ, ਨਾ ਹੋਏ ਅੰਤ ਅਧਾਰੀ। ਇਕ ਦੂਜੇ ਗਲ ਪਾ ਪਾ ਰੋਵਣ ਬਾਹਵਾਂ, ਗ੍ਰੰਥੀ ਪੰਥੀ ਮਾਸ ਆਹਾਰੀ। ਗੁਰ ਤੇਗ ਬਹਾਦਰ ਬਲ ਬਲ ਜਾਵਾਂ, ਦਰ ਦਵਾਰੇ ਗਿਆ ਹਾਰੀ। ਗੁਰ ਗੋਬਿੰਦਾ ਨਾ ਦੇਵੇ ਠੰਢੀਆਂ ਛਾਂਵਾਂ, ਅਗਨੀ ਅਗਨ ਲਗਾਏ ਤਤੀ ਹਾੜੀ। ਪੂਤ ਸਪੂਤਾ ਨਾ ਜਣਿਆ ਮਾਵਾਂ, ਪਤ ਗਵਾਈ ਆਪਣੀ ਦਾਹੜੀ। ਪੰਚਮ ਜੇਠ ਘਰ ਸਾਚੇ ਜਾਵਾਂ, ਨਾਲ ਰਲਾਵਾਂ ਮੌਤ ਲਾੜੀ। ਆਪ ਆਪਣਾ ਭੇਵ ਛੁਪਾਵਾਂ, ਲੁੱਟੀ ਜਾਵਾਂ ਦਿਨ ਦਿਹਾੜੀ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਕਰ, ਗੁਰ ਗੋਬਿੰਦੇ ਅੰਦਰ ਵੜ, ਆਪ ਛੁਪਾਇਆ ਆਪਣਾ ਨਾਵਾਂ। ਪੰਚਮ ਜੇਠ ਸਾਢੇ ਦਸ, ਵੇਖ ਜਗਤ ਲੁਕਾਈ। ਹਰਿ ਮੰਦਰ ਵੇਖੇ ਹੱਸ ਹੱਸ, ਭਰਮੀ ਭਰਮ ਭੁਲਾਈ। ਤੀਰ ਨਿਰਾਲਾ ਕਸ ਕਸ, ਮਾਇਆ ਮਮਤਾ ਰਿਹਾ ਜਗਾਈ। ਮਨਮੁਖਾਂ ਰਾਹ ਦੱਸ ਦੱਸ, ਕੂੜੀ ਕਿਰਿਆ ਰਿਹਾ ਕਰਾਈ। ਕਲਜੁਗ ਅੰਤਮ ਨੱਸ ਨੱਸ, ਜੁਗ ਚੌਥੇ ਪੈਂਡਾ ਰਿਹਾ ਮੁਕਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਅੰਦਰ ਅੰਦਰ ਮੰਦਰ ਆਪਣਾ ਚਰਨ ਛੁਹਾਈ। ਸੱਜਾ ਚਰਨ ਅੱਗੇ ਟਿਕਾ, ਟਿੱਕਾ ਮਸਤਕ ਲਾਏ। ਸਾਚਾ ਸਿੱਕਾ ਜਗਤ ਚਲਾ, ਸੋਹੰ ਨਾਮ ਲਿਖਾਏ। ਏਕਾ ਏਕ ਦਏ ਵਖਾ, ਗੋਬਿੰਦ ਨਾਲ ਰਲਾਏ। ਅਕਾਲ ਤਖ਼ਤ ਤਖ਼ਤ ਅਕਾਲ ਵੇਖ ਵਖਾ, ਭਾਂਡਾ ਭਰਮ ਭੰਨਾਏ। ਲੇਖਾ ਲੇਖ ਲਿਖਤ ਲਿਖਾ, ਅਰਜਨ ਆਸਾ ਪੂਰ ਕਰਾਏ। ਕੇਸਾਧਾਰੀ ਆਪ ਸਵਾ, ਕਲਜੁਗ ਮਾਇਆ ਸੇਵਾ ਲਾਏ। ਸੰਮਤ ਚੌਦਾਂ ਰੁੱਤ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰਾ ਲੇਖ ਲਿਖਿਆ ਦਏ ਪੂਰ ਕਰਾ। ਪੂਰਾ ਲੇਖਾ ਆਪੇ ਕਰ, ਆਪਣੀ ਕਲ ਵਰਤਾਏ। ਚਰਨ ਦਹਿਲੀਜੋਂ ਅੰਦਰ ਧਰ, ਮਹੱਲ ਅਟੱਲ ਸੁਹਾਏ। ਮਦਿਰਾ ਮਾਸੀ ਜਾਇਣ ਹਰ, ਅੰਦਰ ਰਹਿਣ ਨਾ ਕੋਈ ਪਾਏ। ਸੰਮਤ ਸੋਲਾਂ ਆਏ ਡਰ, ਚਾਰੋਂ ਕੁੰਟ ਫਿਰੇ ਹਲਕਾਏ। ਆਪੇ ਜਾਣੇ ਆਪਣਾ ਘਰ, ਭੇਵ ਕਿਸੇ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਬੀਸਾ ਇਕ ਇਕੀਸਾ ਗੁਰ ਸੰਗਤ ਸੰਗ ਨਿਭਾਏ। ਸਤਿਗੁਰ ਪੂਰਾ ਧੰਨ ਹੈ, ਗੁਰਮੁਖ ਲਏ ਤਰਾਏ। ਗੁਰਮੁਖ ਜਾਏ ਮੰਨ ਹੈ, ਮਨ ਚਿੰਦਿਆ ਫਲ ਪਾਏ। ਏਕਾ ਦੇਵੇ ਮਾਲ ਸੱਚਾ ਨਾਮ ਧਨ ਹੈ, ਚੋਰ ਯਾਰ ਠੱਗ ਲੁੱਟ ਨਾ ਕੋਈ ਲੈ ਜਾਏ। ਸਾਚਾ ਰਾਗ ਸੁਣਾਏ ਕੰਨ ਹੈ, ਨਾਦ ਅਨਾਦੀ ਧੁਨ ਉਪਜਾਏ। ਆਪੇ ਬੇੜਾ ਦੇਵੇ ਬੰਨ੍ਹ ਹੈ, ਬੰਨ੍ਹਣਹਾਰ ਸਦਾ ਅਖਵਾਏ। ਭਾਂਡਾ ਭਰਮ ਦੇਵੇ ਭੰਨ ਹੈ, ਗੜ੍ਹ ਹੰਕਾਰੀ ਰਹਿਣ ਨਾ ਪਾਏ। ਜੋਤੀ ਨੂਰ ਚੜ੍ਹਾਏ ਸਾਚਾ ਚੰਨ ਹੈ, ਅਗਿਆਨ ਅੰਧੇਰ ਮਿਟਾਏ। ਪੰਚ ਵਿਕਾਰਾ ਕਰੇ ਖੰਨ ਖੰਨ ਹੈ, ਨਾਮ ਖੰਡਾ ਏਕਾ ਵਾਹੇ। ਜਗਤ ਰਤ ਨਾ ਦਿਸੇ ਤਨ ਹੈ, ਰੰਗ ਰਤੀ ਰੰਗ ਵਖਾਏ। ਆਪੇ ਦੇਵਣਹਾਰਾ ਡੰਨ ਹੈ, ਦੇ ਮਤ ਆਪ ਸਮਝਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਏ। ਸਤਿਗੁਰ ਪੂਰਾ ਮੀਤ ਮੁਰਾਰਾ, ਏਕਾ ਏਕ ਅਖਵਾਇਆ। ਆਪ ਕਰਾਏ ਪਾਰ ਕਿਨਾਰਾ, ਏਕਾ ਦੂਜਾ ਭਉ ਚੁਕਾਇਆ। ਤੀਜੇ ਨੈਣ ਕਰ ਉਜਿਆਰਾ, ਦੇਵੇ ਦਰਸ ਰਘੁਰਾਇਆ। ਚੌਥੇ ਘਰ ਖੇਲ ਅਪਾਰਾ, ਸੰਤ ਸੁਹੇਲੇ ਲਏ ਮਿਲਾਇਆ। ਪੰਚਮ ਮੇਲਾ ਕੰਤ ਭਤਾਰਾ, ਸਾਚਾ ਮੰਗਲ ਏਕਾ ਗਾਇਆ। ਛੇਵੇਂ ਛਲ ਵਲ ਖੇਲ ਨਿਆਰਾ, ਅਛਲ ਅਛੱਲ ਅਖਵਾਇਆ। ਸਤਿ ਪੁਰਖ ਨਿਰੰਜਣ ਸਾਚੀ ਧਾਰਾ, ਘਰ ਸਾਚੇ ਡੇਰਾ ਲਾਇਆ। ਅੱਠ ਤਤ ਵੇਖ ਦਵਾਰਾ, ਤਤ ਮਤ ਸਮਝਾਇਆ। ਨੌ ਦਰ ਕਰਾਏ ਆਰ ਪਾਰਾ, ਅੱਧਵਿਚਕਾਰ ਦਰਸ ਦਿਖਾਇਆ। ਦਸਮ ਦਵਾਰੀ ਸਚ ਦਰਬਾਰਾ, ਆਪੇ ਕੁੰਡਾ ਦਏ ਲਾਹਿਆ। ਆਤਮ ਸੇਜਾ ਕਰ ਤਿਆਰਾ, ਸ਼ਬਦ ਸਿੰਘਾਸਣ ਸੇਜ ਵਿਛਾਇਆ। ਜੋਤੀ ਨੂਰ ਕਰ ਉਜਿਆਰਾ, ਘਰ ਬੈਠਾ ਆਸਣ ਲਾਇਆ। ਗੁੁਰਮੁਖ ਸਾਜਣ ਸਾਚੀ ਨਾਰਾ, ਆਪ ਆਪਣੇ ਅੰਕ ਲਗਾਇਆ। ਰਲੀਆਂ ਮਾਣੇ ਸੇਜ ਭਤਾਰਾ, ਸਹਿਜ ਸੁਰਤ ਸਚ ਪਾਇਆ। ਏਕਾ ਰੰਗ ਰੰਗ ਕਰਤਾਰਾ, ਆਪਣੇ ਰੂਪ ਸਮਾਇਆ। ਦੂਜੀ ਬਖ਼ਸ਼ੇ ਸ਼ਬਦ ਧਾਰਾ, ਅਨਹਦ ਸੇਵਾ ਲਾਇਆ। ਤੀਜੇ ਖੋਲ੍ਹੇ ਬੰਦ ਕਿਵਾੜਾ, ਮਾਇਆ ਮੋਹ ਚੁਕਾਇਆ। ਚੌਥੇ ਘਰ ਨਾ ਆਏ ਪੰਚ ਵਿਕਾਰਾ, ਰੋ ਰੋ ਰਿਹਾ ਦੁਰਕਾਇਆ। ਪੰਚਮ ਖੇਲੇ ਖੇਲ ਪਿੱਛੇ ਅਗਾੜਾ, ਸੇਵਕ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰਜੰਣ ਸਤਿਗੁਰ ਪੂਰਾ ਆਪੇ ਆਪ ਹੋ ਆਇਆ। ਸਤਿਗੁਰ ਪੂਰਾ ਸਾਚਾ ਸੱਜਣ, ਨਿਰਮਲ ਜੋਤ ਅਕਾਲੀਆ। ਆਪ ਕਰਾਏ ਆਪਣਾ ਹੱਜਣ, ਸੰਤ ਸੁਹੇਲੇ ਸਾਚੇ ਭਾਲੀਆ। ਅੰਮ੍ਰਿਤ ਆਤਮ ਪੀ ਪੀ ਰੱਜਣ, ਦੋਵੇਂ ਹੱਥ ਵਖਾਏ ਖਾਲੀਆ। ਆਪਣਾ ਪੜਦਾ ਆਪੇ ਕੱਜਣ, ਜਿਸ ਜਨ ਸਤਿਗੁਰ ਪੂਰਾ ਮਿਲਿਆ ਦੋ ਜਹਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਫਲ ਲਗਾਏ ਕਾਇਆ ਸੱਚੀ ਡਾਲੀਆ। ਆਤਮ ਦਰਸੀ ਦਰਸ ਅਘਾਏ। ਕਰ ਦਰਸ ਤਨ ਮਨ ਤ੍ਰਿਪਤਾਏ। ਅੰਮ੍ਰਿਤ ਮੇਘ ਬਰਸ, ਹਰਿ ਤ੍ਰਿਖਾ ਬੁਝਾਏ। ਜਗਤ ਮਿਟਾਏ ਹਰਸ, ਸੰਸਾ ਰੋਗ ਗਵਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਡਗਮਗਾਏ। ਦਰਸ ਨੈਣ ਆਤਮ ਤ੍ਰਿਪਤਾਸਿਆ। ਮਿਟੇ ਸਗਲ ਵਸੂਰਾ ਰਸਨਾ ਸਕੇ ਨਾ ਕਹਿਣ, ਭੇਵ ਪੁਰਖ ਅਬਿਨਾਸਿਆ। ਆਪੇ ਨੇੜੇ ਦੂਰਾ ਆਪ ਚੁਕਾਏ ਲਹਿਣਾ ਦੇਣ, ਕਰੇ ਕਰਾਏ ਬੰਦ ਖੁਲਾਸਿਆ। ਮਨਮੁਖ ਜੀਵ ਆਪਣੇ ਵਹਿਣ ਵਹਣ, ਮਿਲੇ ਮੇਲ ਨਾ ਸ਼ਾਹੋ ਸ਼ਾਬਾਸਿਆ। ਕਾਇਆ ਨਾਤਾ ਕੂੜੋ ਕੂੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਮਾਤ ਪਰਭਾਸਿਆ। ਜਨ ਭਗਤਾਂ ਰੰਗਣ ਰੰਗ ਚਾੜ੍ਹੇ ਗੂੜ੍ਹਾ। ਜਗਤ ਨੇਤਰ ਦਰਸ ਤਰਸ, ਦਿਵਸ ਰੈਣ ਬਿਲਲਾਏ। ਜਨ ਹਰਿ ਸਾਚਾ ਆਪ ਮਿਟਾਏ ਆਪਣੀ ਹਰਸ, ਪੰਚਮ ਬੰਧ ਬੰਧਾਏ। ਪੰਚਮ ਲਹਿਣਾ ਦੇਣਾ ਪਿਛਲਾ ਕਰਜ਼, ਕੋਇ ਨਾ ਮਾਤ ਚੁਕਾਏ। ਪੰਚਮ ਮੀਤਾ ਰਿਹਾ ਵਰਜ, ਮਨ ਮਤ ਬੁਧ ਸਮਝਾਏ। ਸ਼ਬਦ ਅਨਾਹਦ ਰਿਹਾ ਗਰਜ, ਡੌਰੂ ਡੰਕ ਵਜਾਏ। ਨਾਦ ਅਨਾਦੀ ਸੁਣਾਏ ਸਾਚੀ ਤਰਜ, ਰਾਗ ਰਾਗਣੀ ਭੇਵ ਨਾ ਪਾਏ। ਗੁਰਮੁਖ ਲੱਗੀ ਏਕਾ ਮਰਜ, ਵੈਦ ਹਕੀਮ ਨਾ ਕੋਈ ਹਟਾਏ। ਪ੍ਰਭ ਮਿਲਣ ਦੀ ਸਾਚੀ ਗਰਜ਼, ਗਫ਼ਲਤ ਨੀਂਦ ਗਵਾਏ। ਜਗਤ ਵਿਕਾਰਾ ਹੋਵੇ ਹਰਜ, ਹਰਿ ਹਰਿ ਵਿਸਰ ਨਾ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਆਪੇ ਲਏ ਜਗਾਏ। ਜਾਗਣਹਾਰਾ ਆਪ ਜਗਾਏ, ਜੁਗ ਜੁਗ ਅਵੱਲੜੀ ਰੀਤਾ। ਜੀਵ ਜੰਤ ਕੋਈ ਭੇਵ ਨਾ ਪਾਏ, ਰਸਨਾ ਗਾਏ ਅਠਾਰਾਂ ਧਿਆਏ ਗੀਤਾ। ਵੇਦ ਵਿਆਸਾ ਗਿਆ ਲਿਖਾਏ, ਮੁਨੀ ਮੁਨੀਸਰ ਇਕ ਅਤੀਤਾ। ਪੁਰਾਨ ਅਠਾਰਾਂ ਦੇ ਮਤ ਸਮਝਾਏ, ਪ੍ਰਭ ਮਿਲਣ ਦੀ ਸਾਚੀ ਰੀਤਾ। ਆਦਿ ਪੁਰਖ ਹਰਿ ਭੇਵ ਖੁਲ੍ਹਾਏ, ਸੋ ਬੈਠਾ ਰਹੇ ਅਤੀਤਾ। ਗੌੜ ਬ੍ਰਹਿਮਣ ਪੂਤ ਉਪਜਾਏ, ਨਾ ਮਰੇ ਨਾ ਜੀਤਾ। ਪਿਤਾ ਪੂਤ ਆਪ ਹੋ ਜਾਏ, ਗੁਰ ਦਰ ਅੰਦਰ ਮੰਦਰ ਨਾ ਦਿਸੇ ਮਸੀਤਾ। ਡੂੰਘੀ ਕੰਦਰ ਡੇਰਾ ਲਾਏ, ਆਪ ਆਪਣਾ ਆਪੇ ਚੀਤਾ। ਤ੍ਰੈਗੁਣ ਮਾਇਆ ਨਾਰ ਦੁਹਾਗਣ ਰਹੀ ਬਿਲਲਾਏ, ਅੰਤਮ ਪਾਏ ਆਪਣਾ ਕੀਤਾ। ਕਲਜੁਗ ਸ਼ਾਹੋ ਖ਼ੁਸ਼ੀ ਮਨਾਏ, ਵੇਖੇ ਖੇਲ ਅਨਡੀਠਾ। ਪੁਰਖ ਅਬਿਨਾਸ਼ੀ ਭੇਵ ਛੁਪਾਏ, ਕਿਸੇ ਹੱਥ ਨਾ ਆਏ ਹਰਿ ਰਸ ਮੀਠਾ। ਅਗੰਮ ਅਗੋਚਰ ਆਪ ਅਖਵਾਏ, ਅਲਖ ਨਿਰੰਜਣ ਇਕ ਅਨਡੀਠਾ। ਦਮੋ ਦਮ ਵੇਖ ਵਖਾਏ, ਕਾਇਆ ਹਾਟੀ ਮਾਟੀ ਕੌੜਾ ਰੀਠਾ। ਨਗਰ ਧਾਮ ਇਕ ਸੁਹਾਏ, ਪੁਰਖ ਅਬਿਨਾਸ਼ੀ ਬੀਠਲਾ ਬੀਠਾ। ਸੰਬਲ ਸਾਚਾ ਮੇਲ ਮਿਲਾਏ, ਚਾੜ੍ਹੇ ਰੰਗ ਇਕ ਮਜੀਠਾ। ਅਚਰਜ ਆਪਣਾ ਖੇਲ ਰਚਾਏ, ਪੰਚ ਤਤ ਬਣਾਏ ਇਕ ਅੰਗੀਠਾ। ਬੁਧ ਮਤ ਕਲ ਭੇਵ ਨਾ ਪਾਏ, ਮਨ ਮਤ ਜਗਤ ਦੀ ਰੀਤਾ। ਸੁਰ ਨਰ ਮੁਨ ਜਨ ਰਹੇ ਧਿਆਏ, ਆਪ ਆਪਣਾ ਮੀਤਾ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲ ਲਟਕਾਏ, ਦਿਵਸ ਰੈਣ ਰਹੇ ਉਡੀਕਾ। ਬ੍ਰਹਮਾ ਵੇਤਾ ਸਾਚਾ ਨੇਤਾ ਅੱਠੇ ਨੇਤਰ ਖੋਲ੍ਹ ਵਖਾਏ, ਚਾਰੇ ਮੁਖ ਅਲਾਏ ਵੇਦ ਵਿਦੇਤਾ। ਸਾਮ ਯੁਜਰ ਰਿਗ ਪਾਰ ਕਰਾਏ, ਅਥਰਬਣ ਤੇਰੀ ਰੀਤਾ। ਲੋਆਂ ਪੁਰੀਆਂ ਵੇਖ ਵਖਾਏ, ਲੱਖ ਚੁਰਾਸੀ ਹਸਤ ਕੀਟਾ। ਵਰਨ ਬਰਨ ਹਰਿ ਰਿਹਾ ਜਣਾਏ, ਇਕ ਇਕੱਲਾ ਸ੍ਰਿਸ਼ਟ ਸਬਾਈ ਜੀਤਾ। ਚਰਨ ਸਰਨ ਇਕ ਰਘੁਰਾਏ, ਆਦਿ ਜੁਗਾਦੀ ਸਾਚੀ ਰੀਤਾ। ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ, ਗਿਆਨੀ ਧਿਆਨੀ ਵਡ ਵਿਦਵਾਨੀ ਰਹੇ ਧਿਆਨ ਲਗਾਏ, ਹਰਿ ਮਿਲਿਆ ਨਾ ਸਾਚਾ ਮੀਤਾ। ਸਾਰ ਪਾਸ਼ਾ ਚੌਪਟ ਬਾਜੀ ਜਗਤ ਕਾਨੀ ਰਹੇ ਲਗਾਏ, ਹਾਰ ਜਿੱਤ ਨਾ ਦਿਸੇ ਪਾਸਾ। ਆਤਮ ਧਿਆਨੀ ਰਹੇ ਬਿਲਲਾਏ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਕੀਆ ਵਾਸਾ। ਰਿਖ ਮੁਨ ਫਿਰਨ ਹਲਕਾਏ, ਰਸਨਾ ਗਾ ਗਾ ਥੱਕੇ ਸਵਾਸ ਸਵਾਸਾ। ਸਾਰੰਗ ਧਰ ਭਗਵਾਨ ਬੀਠਲਾ ਬੈਠਾ ਮੁਖ ਛੁਪਾਏ, ਖੇਲੇ ਖੇਲ ਪ੍ਰਿਥਮੀ ਆਕਾਸ਼ਾ। ਆਪੇ ਜਾਣੇ ਆਪਣੀ ਰੀਤਾ। ਵੇਖੇ ਖੇਲ ਦਿਵਸ ਰੈਣ ਪਰਭਾਤਾ। ਗੁਰਮੁਖਾਂ ਕਾਇਆ ਕਰੇ ਸੀਤਲ ਸੀਤਲਾ, ਅੰਮ੍ਰਿਤ ਆਤਮ ਜਾਮ ਪਿਆਤਾ। ਕਲਜੁਗ ਵੇਲਾ ਅੰਤਮ ਬੀਤਲਾ, ਰੋ ਰੋ ਕਰੇ ਪੁਕਾਰ ਧਰਤ ਮਾਤਾ। ਸਤਿਜੁਗ ਸਾਚਾ ਸੱਜਣ ਮੀਤਲਾ, ਮੰਗੇ ਮੰਗ ਇਕ ਸੁਗ਼ਾਤਾ। ਪੁਰਖ ਅਬਿਨਾਸ਼ੀ ਪਰਖੇ ਨੀਤਲਾ, ਧੁਰਦਰਗਾਹੀ ਦੇਵੇ ਦਾਤਾ। ਸੋਹੰ ਸ਼ਬਦ ਇਕ ਅਤੀਤਲਾ, ਭੇਵ ਚੁਕਾਏ ਜ਼ਾਤ ਪਾਤਾ। ਲੇਖਾ ਚੁੱਕੇ ਗੁਰ ਦਰ ਮੰਦਰ ਮਸੀਤਲਾ, ਮੱਕਾ ਕਾਅਬਾ ਆਪ ਪਛਾਤਾ। ਜਨ ਹਰਿ ਹਰਿ ਜਨ ਸਾਚੇ ਕਾਇਆ ਕੱਪੜ ਹੋਇਆ ਪਲੀਤਲਾ, ਹਰਿ ਧੋਵਣ ਆਇਆ ਦਾਗ਼ਾ। ਜੁਗ ਜੁਗ ਚਲਾਏ ਆਪਣੀ ਰੀਤਲਾ, ਰਥ ਰਥਵਾਹੀ ਹੱਥ ਆਪਣੇ ਰੱਖੇ ਵਾਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਸਤਿਜੁਗ ਸਤਿਜੁਗ ਕਲਜੁਗ ਮੇਲ ਵਿਛੋੜਾ ਆਪ ਕਰਾਏ ਭਾਈ ਭਰਾਤਾ।
