Granth 07 Likhat 062: 15 Bhadron 2015 Bikarmi Karnail Singh de Ghar Dogar Basti Faridkot Shehar

੧੫ ਭਾਦਰੋਂ ੨੦੧੫ ਬਿਕ੍ਰਮੀ ਕਰਨੈਲ ਸਿੰਘ ਦੇ ਘਰ ਡੋਗਰ ਬਸਤੀ ਫਰੀਦਕੋਟ ਸ਼ਹਿਰ

ਨਿਰਗੁਣ ਜੋਤ ਹਰਿ ਨਿਰੰਕਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਆਦਿ ਅੰਤਾ ਏਕਾ ਏਕੰਕਾਰ, ਏਕਾ ਕਲ ਵਰਤਾਈਆ। ਲੋਆਂ ਪੁਰੀਆਂ ਪਸਰ ਪਸਾਰ, ਬ੍ਰਹਿਮੰਡਾਂ ਖੰਡਾਂ ਵੰਡ ਵੰਡਾਈਆ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਰਿਹਾ ਸਮਾਈਆ। ਚੌਦਾਂ ਲੋਕ ਹੱਟ ਵਪਾਰ, ਏਕਾ ਵਣਜ ਕਰਾਈਆ। ਤਿੰਨਾਂ ਲੋਕਾਂ ਪਹਿਰੇਦਾਰ, ਸੇਵਕ ਸੇਵ ਕਮਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰੇ ਖ਼ਬਰਦਾਰ, ਏਕਾ ਸ਼ਬਦ ਜਣਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੱਖ ਚੁਰਾਸੀ ਡੇਰਾ ਲਾਈਆ । ਹਰਿ ਕਾ ਰੂਪ ਅਗੰਮ ਅਪਾਰ, ਦਿਸ ਕਿਸੇ ਨਾ ਆਈਆ। ਹੱਡ ਮਾਸ ਨਾੜੀ ਚੰਮ ਨਾ ਕੋਈ ਅਕਾਰ, ਪੰਜ ਤਤ ਨਾ ਮੇਟ ਮਿਟਾਈਆ। ਰੰਗ ਰੂਪ ਨਾ ਕੋਈ ਸੰਸਾਰ, ਲੇਖਾ ਲਿਖਤ ਵਿਚ ਨਾ ਆਈਆ। ਜੁਗ ਜੁਗ ਖੇਲੇ ਖੇਲ ਅਪਾਰ, ਜੁਗ ਕਰਤਾ ਨਾਮ ਧਰਾਈਆ। ਸਤਿਜੁਗ ਤ੍ਰੇਤਾ ਕਰਿਆ ਪਾਰ, ਦੁਆਪਰ ਧਾਰ ਬੰਧਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਵਿਚ ਸੰਸਾਰ, ਆਪਣਾ ਰਿਹਾ ਲਗਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਹੁਲਾਰ, ਸੋਇਆ ਕੋਈ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਮਾਰੇ ਮਾਰ, ਚਾਰੋਂ ਕੁੰਟਾਂ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨੂਰ ਅੱਲਾ, ਏਕਾ ਨੂਰ ਦਰਸਾਇਆ। ਪਾਰਬ੍ਰਹਮ ਪ੍ਰਭ ਇਕ ਅਕੱਲਾ, ਆਪ ਆਪਣਾ ਕਰਮ ਕਮਾਇਆ। ਵੇਖ ਵਖਾਏ ਜਲਾਂ ਥਲਾਂ, ਜਲ ਥਲ ਡੇਰਾ ਲਾਇਆ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਊਚ ਅਗੰਮ ਸਮਾਇਆ। ਕਰੇ ਖੇਲ ਘੜੀ ਘੜੀ ਪਲ ਪੱਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਹਰਿ ਰਘੁਰਾਈ ਆਪ ਭੁਲਾਏ ਕਰ ਕਰ ਵਲ ਛਲਾ, ਭੇਵ ਅਭੇਦਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕਾ ਹਰਿ ਮਿਹਰਵਾਨ, ਨਿਰਗੁਣ ਰੂਪ ਅਖਵਾਇੰਦਾ। ਸ਼ਬਦ ਗੁਰ ਕਰ ਪਰਧਾਨ, ਲੋਕਮਾਤ ਧਰਾਇੰਦਾ। ਚਾਰ ਵਰਨ ਦੇਵੇ ਇਕ ਗਿਆਨ, ਊਚਾਂ ਨੀਚਾਂ ਇਹ ਸਮਝਾਇੰਦਾ। ਏਕਾ ਪੁਰਖ ਹਰਿ ਸੁਲਤਾਨ, ਦੂਸਰ ਕੋਈ ਦਿਸ ਨਾ ਆਇੰਦਾ। ਆਦਿ ਜੁਗਾਦੀ ਜੀਵਾਂ ਜੰਤਾਂ ਦੇਵੇ ਜੀਆ ਦਾਨ, ਦਾਤਾ ਦਾਨੀ ਨਾਮ ਧਰਾਇੰਦਾ। ਮੇਟ ਮਿਟਾਏ ਕੂੜ ਨਿਸ਼ਾਨ, ਕੂੜੀ ਕਿਰਿਆ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਹੋਈ ਵੈਰਾਨ, ਚਾਰੋਂ ਕੁੰਟ ਧੂੰਆਂਧਾਰ ਕਰਾਇੰਦਾ। ਮੰਦਰ ਮਸਜਿਦ ਗੁਰ ਦਰ ਮੱਠ ਸਰਬ ਕੁਰਲਾਨ, ਹਰਿ ਹਰਿ ਰੂਪ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਜਗਾਇੰਦਾ। ਨਿਹਕਲੰਕ ਕਲ ਜਾਮਾ ਧਾਰ, ਲੋਕਮਾਤ ਕਰੇ ਰੁਸ਼ਨਾਈਆ। ਰਾਜ ਰਾਜਾਨਾ ਦਏ ਹੁਲਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਸ਼ਬਦ ਖੰਡਾ ਤੇਜ ਕਟਾਰ, ਹਰਿ ਸਾਚਾ ਰਿਹਾ ਉਠਾਈਆ। ਮਨਮੁਖਾਂ ਜੀਵਾਂ ਮਾਰੇ ਮਾਰ, ਚਾਰੋਂ ਕੁੰਟ ਪਏ ਦੁਹਾਈਆ। ਦਰ ਦਰ ਘਰ ਘਰ ਰੋਵੇ ਨਾਰੀ ਨਾਰ, ਨੇਤਰ ਨੈਣਾਂ ਨੀਰ ਵਹਾਈਆ। ਗੁਰਮੁਖ ਵਿਰਲੇ ਕਰੇ ਹਰਿ ਪਿਆਰ, ਜਿਸ ਜਨ ਆਪਣੀ ਬੂਝ ਬੁਝਾਈਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਰਿਹਾ ਜਣਾਈਆ। ਲੱਖ ਚੁਰਾਸੀ ਜਗਤ ਮਹੱਲਾ, ਲੋਕਮਾਤ ਪਸਾਰਾ। ਹਰਿ ਵੇਖਣਹਾਰਾ ਇਕ ਅਕੱਲਾ, ਜੁਗ ਜੁਗ ਲਏ ਮਾਤ ਅਵਤਾਰਾ। ਗੁਰਮੁਖਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਦੇਵੇ ਨਾਮ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਪਾਰ ਕਿਨਾਰਾ। ਕਲਜੁਗ ਤੇਰਾ ਪਾਰ ਕਿਨਾਰਾ, ਅੰਤਮ ਵੇਖ ਵਖਾਈਆ। ਚਾਰੋਂ ਕੁੰਟ ਹਾਹਾਕਾਰਾ, ਨਾ ਕੋਈ ਧੀਰ ਧਰਾਈਆ। ਨਾਤਾ ਤੁਟੇ ਮੁਹੰਮਦੀ ਯਾਰਾ, ਚਾਰ ਯਾਰੀ ਮੁਖ ਭਵਾਈਆ। ਅੰਜੀਲ ਕੁਰਾਨਾ ਆਈ ਹਾਰਾ, ਨਾ ਦੀਸੇ ਕੋਈ ਸਹਾਈਆ। ਵੇਦ ਪੁਰਾਨੀ ਕਰੇ ਖ਼ਬਰਦਾਰ, ਆਪ ਆਪਣੀ ਬੂਝ ਬੁਝਾਈਆ। ਸ਼ਬਦ ਨਿਸ਼ਾਨੀ ਇਕ ਸੰਸਾਰ, ਧੁਰ ਦਰਗਾਹੀ ਰਿਹਾ ਦਿਖਾਈਆ। ਤੀਰ ਕਾਨੀ ਮਾਰੇ ਮਾਰ, ਰਸਨਾ ਚਿੱਲਾ ਇਕ ਚੜ੍ਹਾਈਆ। ਦੋ ਜਹਾਨੀ ਕਰੇ ਵਿਚਾਰ, ਜੋਤ ਸਰੂਪੀ ਬੇਪਰਵਾਹੀਆ। ਸ੍ਰਿਸ਼ਟ ਨਿਧਾਨ ਹੋਈ ਗਵਾਰ, ਹਰਿ ਕਾ ਭੇਵ ਨਾ ਜਾਣੇ ਰਾਈਆ। ਸਿਖ ਹਿੰਦੂ ਈਸਾਈ ਮੁਸਲਮਾਨੀ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਨਿਰੰਕਾਰ, ਆਪਣਾ ਆਪ ਉਪਾਇੰਦਾ। ਜੀਵਾਂ ਜੰਤਾਂ ਪਾਵੇ ਸਾਰ, ਸਾਧਾਂ ਸੰਤਾਂ ਵੇਖ ਵਖਾਇੰਦਾ। ਰਾਓ ਰੰਕਾਂ ਪਾਰ ਕਿਨਾਰ, ਖ਼ਾਕੀ ਖ਼ਾਕ ਸਮਾਇੰਦਾ। ਗੁਰਮੁਖ ਵਿਰਲਾ ਜਨਕਾ ਲਾਏ ਪਾਰ, ਜਿਸ ਜਨ ਆਪਣੀ  ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਸ਼ਬਦ ਹੁਲਾਰ, ਹਰਿ ਆਪਣਾ ਆਪ ਦਵਾਇੰਦਾ। ਕਲਜੁਗ ਵਖਾਏ ਧੁੰਧੂਕਾਰ, ਧੂੰਆਂਧਾਰ ਨਾ ਕੋਈ ਮਿਟਾਇੰਦਾ। ਕਾਇਆ ਗੜ੍ਹ ਹਉਮੇ ਹੰਗਤਾ ਭਰ ਭੰਡਾਰ, ਕਲਜੁਗ ਮਾਰਗ ਲਾਇੰਦਾ। ਜੂਠ ਝੂਠ ਵਡ ਸਿਕਦਾਰ, ਸਾਚੇ ਤਖ਼ਤ ਸੁਹਾਇੰਦਾ। ਧਰਤ ਮਾਤ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚਾ ਉਠ ਉਠ ਜਾਗ, ਹਰਿ ਸਾਚੇ ਜੋਤ ਜਗਾਈਆ। ਲੋਕਮਾਤ ਲੱਗਾ ਭਾਗ, ਭਾਰਤ ਵੱਜੀ ਵਧਾਈਆ। ਸ੍ਰਿਸ਼ਟ ਸਬਾਈ ਵੇਖੇ ਹੰਸ ਕਾਗ, ਕਾਗੋਂ ਕਾਗ ਰਹੇ ਕੁਰਲਾਈਆ। ਦੁਰਮਤ ਮੈਲ ਲੱਗਾ ਦਾਗ, ਨਾ ਸਕੇ ਕੋਈ ਧੁਆਈਆ। ਮਾਇਆ ਡੱਸੇ ਡੱਸਨੀ ਨਾਗ, ਅੱਠੇ ਪਹਿਰ ਹਲਕਾਈਆ। ਦੀਪਕ ਜੋਤ ਨਾ ਜਗੇ ਚਿਰਾਗ, ਮੰਦਰ ਅੰਦਰ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਜੋਤ ਸਰਬ ਗੁਣਵੰਤਾ, ਹਰਿ ਹਰਿ ਆਪ ਅਖਵਾਇਆ। ਹਰਿਜਨ ਵੇਖੇ ਸਾਚੇ ਸੰਤਾਂ, ਸਤਿਗੁਰ ਪੁਰਖ ਮਨਾਇਆ। ਦੇਵੇ ਵਡਿਆਈ ਜੀਆਂ ਜੰਤਾਂ, ਜੀਆ ਦਾਨ ਝੋਲੀ ਪਾਇਆ। ਆਪ ਬਣਾਵਣਹਾਰਾ ਬਣਤਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਵੇ ਸਾਚੇ ਸੰਤ, ਦਰ ਘਰ ਡੇਰਾ ਲਾਇਆ। ਸਾਚਾ ਸੁਤ ਸੰਤ ਦੁਲਾਰਾ, ਹਰਿ ਹਰਿ ਆਪ ਉਪਾਇੰਦਾ। ਏਕਾ ਘਰ ਨਾਮ ਭੰਡਾਰਾ, ਲੋਕਮਾਤ ਵਰਤਾਇੰਦਾ। ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਆਵਣ ਜਾਵਣ ਖੇਲ ਅਪਾਰਾ, ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਡੰਕ ਵਜਾਇੰਦਾ। ਨਿਹਕਲੰਕਾ ਆਦਿ ਨਿਰੰਜਣ ਏਕਾ ਏਕ ਅਖਵਾਇਆ। ਭਗਤ ਸੁਹੇਲਾ ਸਾਚਾ ਸੱਜਣ, ਲੋਕਮਾਤ ਵੇਖ ਵਖਾਇਆ। ਹਰਿਜਨ ਕਰਾਏ ਸਾਚਾ ਮਜਨ, ਧੂੜੀ ਚਰਨ ਨੁਹਾਇਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਜਿਸ ਜਨ ਦਰਸ਼ਨ ਪਾਇਆ। ਅਨਹਦ ਤਾਲ ਤਲਵਾੜੇ ਵੱਜਣ, ਰਾਗ ਅਨਾਦੀ ਏਕਾ ਗਾਇਆ। ਨੌਂ ਦਵਾਰੇ ਜਗਤ ਤਜਣ, ਘਰ ਸਾਚਾ ਵੇਖ ਵਖਾਇਆ। ਪਾਰਬ੍ਰਹਮ ਪ੍ਰਭ ਮਿਲਿਆ ਸਾਚਾ ਸੱਜਣ, ਕਲਜੁਗ ਵੇਲਾ ਅੰਤ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਰਿਹਾ ਉਠਾਇਆ। ਨੌਂ ਖੰਡ ਸ਼ਬਦ ਜੈਕਾਰਾ, ਏਕਾ ਏਕ ਸੁਣਾਇੰਦਾ। ਵਰਨ ਬਰਨਾਂ ਪਾਰ ਕਿਨਾਰਾ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਇਕ ਅਕੱਲਾ ਏਕੰਕਾਰਾ, ਕਾਇਨਾਤ ਸਮਾਇੰਦਾ। ਜਲਾਂ ਥਲਾਂ ਵੇਖੇ ਸਮੁੰਦ ਸਾਗਰ ਡੂੰਘੀ ਗਾਰਾ, ਟਿੱਲੇ ਪਰਬਤ ਫੋਲ ਫੋਲਾਇੰਦਾ। ਲੱਖ ਚੁਰਾਸੀ ਅੰਦਰ ਕਰ ਪਸਾਰਾ, ਆਪ ਆਪਣਾ ਮੁਖ ਛੁਪਾਇੰਦਾ। ਗੁਰਮੁਖ ਵਿਰਲਾ ਕਰੇ ਪਿਆਰਾ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਨੂਰ ਕਰ ਉਜਿਆਰਾ, ਮੰਦਰ ਅੰਦਰ ਡਗਮਗਾਇੰਦਾ। ਦੇਵੇ ਸ਼ਬਦ ਸੱਚੀ ਧੁਨਕਾਰਾ, ਧੁਨ ਅਨਾਦੀ ਤਾਲ ਵਜਾਇੰਦਾ। ਸੁਣੇ ਸੁਣਾਏ ਸੁਨਣੇਹਾਰਾ, ਜੀਵਾਂ ਜੰਤਾਂ ਦਿਸ ਨਾ ਆਇੰਦਾ। ਭਗਤਨ ਮੀਤਾ ਕਰ ਪਿਆਰਾ, ਹਰਿ ਭਗਤੀ ਮੇਲ ਮਿਲਾਇੰਦਾ। ਬੈਠਾ ਰਹੇ ਇਕ ਅਤੀਤਾ ਨਰ ਨਿਰੰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰਾ, ਅਲੱਖ ਅਲੱਖਣਾ ਨਾਉਂ ਰਖਾਇੰਦਾ। ਸਚਖੰਡ ਸੁਹਾਏ ਸਚ ਦਵਾਰਾ, ਥਿਰ ਘਰ ਵਾਸੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੋਤੀ ਜਾਮਾ ਵੇਸ ਵਟਾਇੰਦਾ। ਕਲਜੁਗ ਤੇਰਾ ਅੰਤਮ ਮੂਲ, ਹਰਿ ਸਾਚੇ ਆਪ ਚੁਕਾਵਣਾ। ਲੱਖ ਚੁਰਾਸੀ ਗਈ ਭੂਲ, ਹਰਿ ਏਕਾ ਮਾਰਗ ਲਾਵਣਾ। ਨਾਰੀ ਮੇਲਾ ਕੰਤ ਕੰਤੂਹਲ, ਸਾਚਾ ਕੰਤ ਸੁਹਾਗ ਵਖਾਵਣਾ। ਸਤਿਜੁਗ ਫੁਲਵਾੜੀ ਲਾਏ ਫੂਲ, ਰੁੱਤ ਬਸੰਤੀ ਵੇਖ ਵਖਾਵਣਾ। ਸ਼ਬਦ ਸਿੰਘਾਸਣ ਹਰਿ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਸਾਚਾ ਧਾਮ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਪੂਰ ਕਰਾਏ ਭਾਵਨਾ। ਕਲਜੁਗ ਤੇਰੀ ਅੰਤਮ ਆਸ, ਹਰਿ ਸਾਚਾ ਪੂਰ ਕਰਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਪਰਭਾਸ, ਘਰ ਘਰ ਡੇਰਾ ਲਾਇੰਦਾ। ਸਾਧਾਂ ਸੰਤਾਂ ਵੇਖੇ ਪਵਣ ਸਵਾਸ, ਰਸਨਾ ਜਿਹਵਾ ਕਵਣ ਗੁਣ ਗਾਇੰਦਾ। ਕਵਣ ਬੈਰਾਗੀ ਹੋਏ ਉਦਾਸੀ, ਕਵਣ ਤਿਆਗੀ ਨਾਉਂ ਧਰਾਇੰਦਾ। ਕਵਣ ਸੁਰਤ ਸਵਾਣੀ ਸੋਈ ਜਾਗੀ, ਸ਼ਬਦ ਹਾਣੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਕਿਰਿਆ ਕਰਮ ਵੇਖ ਵਖਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਕੂੜਾ ਡੰਕ ਵਜਾਇਆ। ਚਾਰੋਂ ਕੁੰਟ ਏਕਾ ਨਾਅਰਾ, ਏਕਾ ਕੂਕ ਸੁਣਾਇਆ। ਸ੍ਰਿਸ਼ਟ ਸਬਾਈ ਹੋਏ ਖ਼ਵਾਰਾ, ਵੇਲਾ ਨੇੜੇ ਆਇਆ। ਰਾਣੀ ਅੱਲਾ ਲਾਏ ਨਾਅਰਾ, ਚੌਦਾਂ ਤਬਕਾਂ ਦਏ ਹਿਲਾਇਆ। ਸੰਗ ਮੁਹੰਮਦ ਪਾਰ ਕਿਨਾਰਾ, ਨਾ ਕੋਈ ਧੀਰ ਧਰਾਇਆ। ਪੁਰਖ ਅਬਿਨਾਸ਼ੀ ਕਰੇ ਖੇਲ ਅਪਾਰਾ, ਖੇਲਣਹਾਰ ਸ੍ਰਿਸ਼ਟ ਸਬਾਇਆ। ਆਦਿਨ ਅੰਤਾ ਏਕਾ ਏਕੰਕਾਰਾ, ਅਕਲ ਕਲਾ ਅਖਵਾਇਆ। ਕਲਜੁਗ ਤੇਰੀ ਅੰਤਮ ਵਾਰਾ, ਲੋਕਮਾਤ ਲਏ ਅੰਗੜਾਇਆ। ਸ਼ਬਦ ਖੰਡਾ ਤੇਜ਼ ਕਟਾਰਾ, ਦਹਿ ਦਿਸ਼ਾ ਰਿਹਾ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰਤਾ ਪੁਰਖ ਆਪ ਅਖਵਾਇਆ। ਚੌਦਾਂ ਲੋਕ ਚੌਦਾਂ ਹੱਟ, ਹਰਿ ਚੌਦਾਂ ਵੇਖ ਵਖਾਈਆ। ਚੌਦਾਂ ਖੇਲ ਬਾਜ਼ੀਗਰ ਨੱਟ, ਸਵਾਂਗ ਸਵਾਂਗੀ ਵਰਤਾਈਆ। ਚੌਦਾਂ ਲੋਕ ਪਏ ਭੱਠ, ਹਰਿ ਭਠਿਆਲਾ ਏਕਾ ਤਾਈਆ। ਅੰਤਮ ਕਰਨ ਆਇਆ ਕੱਠ, ਏਕਾ ਦਿਵਸ ਮਨਾਈਆ। ਝੂਠ ਮੁਨਾਰਾ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁੱਕੇ ਤੀਰਥ ਅਠ ਸਠ, ਗੰਗਾ ਗੋਦਾਵਰੀ ਕੋਈ ਨਾ ਨਹਾਈਆ। ਸ੍ਰਿਸ਼ਟ ਸਬਾਈ ਗੇੜਨਹਾਰਾ ਉਲਟੀ ਲੱਠ, ਆਪੇ ਦਾਤਾ ਸ਼ਬਦ ਸਲਾਹੀਆ। ਧੂੰਆਂਧਾਰ ਚੌਦਾਂ ਹੱਟ, ਪ੍ਰਿਥਮੀ ਆਕਾਸ਼ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸ੍ਰਿਸ਼ਟ ਸਬਾਈਆ। ਅੱਲਾ ਰਾਣੀ ਕਰ ਪਿਆਰ, ਕਲਜੁਗ ਰੂਪ ਦਰਸਾਇਆ। ਨੇਤਰ ਨੈਣ ਵੇਖ ਉਘਾੜ, ਚਾਰੋਂ ਕੁੰਟ ਹੋਏ ਦੁਹਾਇਆ। ਈਸਾ ਮੂਸਾ ਇਕ ਅਖਾੜ, ਏਕਾ ਮਹੱਲਾ ਦਏ ਵਸਾਇਆ। ਪੁਰਖ ਅਬਿਨਾਸ਼ੀ ਆਪ ਚੜ੍ਹਾਏ ਅਗੰਮੀ ਧਾੜ, ਦਿਸ ਕਿਸੇ ਨਾ ਆਇਆ। ਲੁਕਿਆ ਰਹਿਣ ਨਾ ਦੇਵੇ ਕੋਈ ਝਾੜ, ਦਹਿ ਦਿਸ਼ਾ ਫੋਲ ਫੋਲਾਇਆ। ਅਗਨੀ ਲੱਗੇ ਸਤਾਰਾਂ ਹਾੜ, ਨਾ ਕੋਈ ਲੇਖਾ ਮੇਟ ਮਿਟਾਇਆ। ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹ, ਆਪ ਆਪਣਾ ਹੁਕਮ ਸੁਣਾਇਆ। ਧਰਤ ਮਾਤ ਵੇਖੇ ਇਕ ਅਖਾੜ, ਨੌਂ ਖੰਡ ਰੂਪ ਵਟਾਇਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜ, ਖ਼ੁਦੀ ਖ਼ੁਦਾਈ ਰਹਿਣ ਨਾ ਪਾਇਆ। ਗੁਰਮੁਖ ਸਾਜਣ ਵੇਖੇ ਸਾਚੇ ਲਾੜ, ਚਾਰੋਂ ਕੁੰਟ ਫੋਲ ਫੋਲਾਇਆ। ਸ਼ਬਦ ਘੋੜੇ ਦੇਵੇ ਚਾੜ੍ਹ, ਆਪ ਆਪਣੀ ਦਇਆ ਕਮਾਇਆ। ਥਿਰ ਘਰ ਸਾਚੇ ਦੇਵੇ ਵਾੜ, ਮਹੱਲ ਅਟੱਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਨਿਹਕਲੰਕਾ ਹਰਿ ਨਿਰੰਕਾਰਾ, ਏਕਾ ਰੂਪ ਸਮਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਆਪਣੀ ਕਾਰ ਕਮਾਇੰਦਾ। ਨਾਨਕ ਗੁਰ ਲਾਇਆ ਨਾਅਰਾ, ਸ੍ਰਿਸ਼ਟ ਸਬਾਈ ਇਹ ਸਮਝਾਇੰਦਾ। ਗੁਰ ਗੋਬਿੰਦ ਬਣ ਵਣਜਾਰਾ, ਹਰਿ ਹਰਿ ਵਣਜ ਕਰਾਇੰਦਾ। ਮੰਗੇ ਮੰਗ ਅਪਰ ਅਪਾਰਾ, ਅਕਾਲ ਪੁਰਖ ਧਿਆਇੰਦਾ। ਅਕਾਲ ਮੂਰਤ ਅਜੂਨੀ ਰਹਿਤ ਦਰਦ ਦੁੱਖ ਭੈ ਭੰਜਨ ਪ੍ਰਭ ਪਾਵੇ ਸਾਰਾ, ਦੇ ਮਤ ਆਪ ਸਮਝਾਇੰਦਾ। ਕਲਜੁਗ ਅੰਤਮ ਵੇਖੇ ਪਾਰ ਕਿਨਾਰਾ, ਪ੍ਰਭ ਆਪਣਾ ਰਾਹ ਤਕਾਇੰਦਾ। ਨਿਹਕਲੰਕਾ ਲਏ ਅਵਤਾਰਾ, ਸੰਬਲ ਨਗਰੀ ਧਾਮ ਸੁਹਾਇੰਦਾ। ਸੰਬਲ ਨਗਰ ਧਾਮ ਅਪਾਰਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਜਗੇ ਜੋਤ ਅਗੰਮ ਅਪਾਰਾ, ਗਿਆਨ ਗਿਆਨ ਸਮਾਇੰਦਾ। ਸ਼ਬਦ ਧੁਨ ਵੱਜੇ ਧੁਨਕਾਰਾ, ਅਨਹਦ ਸੇਵਾ ਲਾਇੰਦਾ। ਰਾਗ ਰਾਗਨੀ ਨਾ ਪਾਇਣ ਸਾਰਾ, ਵੇਦ ਪੁਰਾਨ ਨਾ ਭੇਦ ਚੁਕਾਇੰਦਾ। ਆਦਿ ਪੁਰਖ ਅਪਰੰਪਰ ਸਵਾਮੀ ਖੇਲ ਕਰੇ ਨਿਆਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਤੇਰਾ ਦਰ ਦਵਾਰਾ, ਹਰਿ ਸਾਚਾ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਬਿਕ੍ਰਮੀ ਆਪ ਵਡਿਆਇੰਦਾ। ਵੀਹ ਸਦ ਹਰਿ ਜੋਤ ਜਗਾ, ਜੋਤੀ ਨੂਰ ਕਰੇ ਰੁਸ਼ਨਾਈਆ। ਏਕਾ ਏਕ ਆਪ ਅਖਵਾ, ਏਕਾ ਨਾਉਂ ਧਰਾਈਆ। ਦੂਜਾ ਦਰ ਡੇਰਾ ਲਾ, ਦਵਾਰ ਬੰਕ ਵੇਖ ਵਖਾਈਆ। ਤੀਜਾ ਨੇਤਰ ਨੈਣ ਖੁਲ੍ਹਾ, ਆਪਣਾ ਦਰਸ ਦਿਖਾਈਆ। ਚੌਥੇ ਘਰ ਗਿਆ ਸਮਾ, ਵੀਹ ਸੌ ਚਾਰ ਬਿਕ੍ਰਮੀ ਵੱਜੀ ਵਧਾਈਆ। ਪੰਚਮ ਮੇਲਾ ਸਹਿਜ ਸਭਾ, ਬ੍ਰਹਮ ਰਿਹਾ ਕਰਾਈਆ। ਛੇਵੇਂ ਛੱਪਰ ਛੰਨ ਕੋਈ ਦਿਸੇ ਨਾ, ਹਰਿ ਬੈਠਾ ਬੇਪਰਵਾਹੀਆ। ਸੱਤਵੇਂ ਸਤਿ ਪੁਰਖ ਨਿਰੰਜਣ ਆਪ ਜਪਾਏ ਆਪਣਾ ਨਾਂ, ਆਪਣੇ ਨਾਮ ਕਰੇ ਵਡਿਆਈਆ। ਅੱਠਾਂ ਤੱਤਾਂ ਵੇਖੇ ਥਾਉਂ ਥਾਂ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਹੋਏ ਸਹਾਈਆ। ਨੌਂ ਦਰ ਕੋਈ ਜੀਵ ਜੰਤ ਭੁੱਲੇ ਨਾ, ਵੇਲਾ ਗਿਆ ਹੱਥ ਨਾ ਆਈਆ। ਦਸਵਾਂ ਘਰ ਬਿਨ ਗੁਰ ਪੂਰੇ ਖੁਲ੍ਹੇ ਨਾ, ਵੀਹ ਸੌ ਦਸ ਬਿਕ੍ਰਮੀ ਖ਼ੁਸ਼ੀ ਮਨਾਈਆ। ਪੂਰੇ ਕੰਡੇ ਸਾਚੇ ਤੋਲ ਕੋਈ ਤੁਲੇ ਨਾ, ਨਾ ਕੋਈ ਤੋਲੇ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਗਿਆਰਾ, ਏਕਾ ਧਾਰਾ ਚਾਰ ਵਰਨਾਂ ਰਿਹਾ ਚਲਾਈਆ। ਚਾਰ ਵਰਨਾਂ ਏਕਾ ਰੰਗ, ਹਰਿ ਸਾਚੇ ਆਪ ਰੰਗਾਇਆ। ਅੰਦਰ ਮੰਦਰ ਵਜਾਏ ਸੱਚਾ ਮਰਦੰਗ, ਏਕਾ ਢੋਲਾ ਗਾਇਆ। ਅੰਮ੍ਰਿਤ ਆਤਮ ਨੁਹਾਏ ਸਾਚੀ ਗੰਗ, ਦੁਰਮਤ ਮੈਲ ਰਹਿਣ ਨਾ ਪਾਇਆ। ਕੱਟਣਹਾਰਾ ਭੁੱਖ ਨੰਗ, ਗਊ ਗ਼ਰੀਬਾਂ ਹੋਏ ਸਹਾਇਆ। ਜਗਤ ਹੰਕਾਰੀ ਭੰਨੇ ਕਾਚੀ ਵੰਗ, ਸ਼ਬਦ ਹਥੌੜਾ ਏਕਾ ਲਾਇਆ। ਜਨ ਭਗਤਾਂ ਖ਼ੁਸ਼ੀ ਕਰਾਏ ਬੰਦ ਬੰਦ, ਵੀਹ ਸਦ ਬਾਰਾਂ ਮੂਲ ਚੁਕਾਇਆ। ਸੁਤ ਸੁਲਤਾਨੀ ਆਪ ਬਣਾਏ ਆਪਣੇ ਫਰਜ਼ੰਦ, ਆਪ ਆਪਣੀ ਗੋਦ ਉਠਾਇਆ। ਤੇਰਾਂ ਤੇਰਾ ਚਾੜ੍ਹੇ ਚੰਦ, ਨਾਨਕ ਤੋਲਾ ਤੋਲ ਤੁਲਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਸੁਣਾਏ ਆਪਣਾ ਛੰਦ, ਸੋਹੰ ਸਾਚਾ ਮੰਗਲ ਗਾਇਆ। ਤੀਜੀ ਚੇਤਰ ਹਰਿ ਆਏ ਗੋਬਿੰਦ, ਕੋਟ ਫਰੀਦ ਡੇਰਾ ਲਾਇਆ। ਭੇਵ ਨਾ ਪਾਇਣ, ਰਾਜ ਰਾਜਾਨ ਵਡ ਨਰਿੰਦ, ਨਰ ਹਰਿ ਸਾਚਾ ਦਿਸ ਨਾ ਆਇਆ। ਪਾਰਬ੍ਰਹਮ ਪ੍ਰਭ ਜੋਤ ਜਗਾਈ ਵਿਚ ਹਿੰਦ, ਨਿਹਕਲੰਕਾ ਨਾਉਂ ਰਖਾਇਆ। ਸ਼ਬਦ ਚਲਾਏ ਧਾਰ ਸਾਗਰ ਸਿੰਧ, ਮਨਮੁਖ ਜੀਵਾਂ ਦਏ ਰੁੜ੍ਹਾਇਆ। ਗੁਰਮੁਖ ਉਪਜਾਏ ਸਾਚੀ ਬਿੰਦ, ਆਪ ਆਪਣਾ ਹੁਕਮ ਸੁਣਾਇਆ। ਮਨਮੁਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਟਿਕਾਇਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਜੁਗ ਜੁਗ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਤੇਰਾਂ ਤੇਰੀ ਧਾਰ ਚਲਾਇਆ। ਵੀਹ ਸਦ ਚੌਦਾਂ ਤੇਰੀ ਧਾਰ, ਏਕਾ ਇਕੀ ਪਾਈਆ। ਗੁਰਮੁਖ ਸਾਚੇ ਕਰ ਪਿਆਰ, ਵੰਡਨ ਵੰਡ ਵੰਡਾਈਆ। ਨਿੱਕੀ ਤਿਖੀ ਏਕਾ ਧਾਰ, ਪਾਰਬ੍ਰਹਮ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਮਾਰ ਝਾਤ, ਏਕਾ ਡੰਕਾ ਰਿਹਾ ਵਜਾਈਆ। ਸ਼ਬਦ ਡੰਕਾ ਹਰਿ ਭਗਵਾਨਾ, ਏਕਾ ਏਕ ਵਜਾਇਆ। ਉਠਿਆ ਜੋਧਾ ਸੂਰਬੀਰ ਵਡ ਮਰਦਾਨਾ, ਸ਼ਾਹ ਸੁਲਤਾਨਾ ਦਏ ਹਿਲਾਇਆ। ਸੋਹੰ ਚਿਲਾ ਰਸਨਾ ਤੀਰ  ਕਮਾਨਾ, ਸੱਸਾ ਕਿਲਾ ਇਕ ਬਣਾਇਆ। ਹੰ ਹੰਗਤਾ ਮੇਟ ਮਿਟਾਣਾ, ਮੇਟਣਹਾਰ ਆਪ ਰਘੁਰਾਇਆ। ਕਲਜੁਗ ਤੇਰਾ ਵੇਖੇ ਕੂੜ ਕੁੜਿਆਰਾ ਪਰਧਾਨਾ, ਚਾਰੋਂ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਵੇਸ ਵਟਾਇਆ। ਵੀਹ ਸਦ ਪੰਦਰਾਂ ਹਰਿ ਹਰਿ ਨਿਰੰਕਾਰਾ, ਆਪਣੀ ਕਲ ਵਰਤਾਇੰਦਾ। ਉਠਿਆ ਜੋਧਾ ਸੂਰ ਬਲੀ ਬਲਕਾਰਾ, ਸ਼ਬਦ ਖੰਡਾ ਇਕ ਚਮਕਾਇੰਦਾ। ਖੰਡ ਬ੍ਰਹਿਮੰਡ ਦੇਵੇ ਹੁਲਾਰਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਕਰੇ ਖਵਾਰਾ, ਲੇਖਾ ਲਿਖਤ ਲਿਖਾਇੰਦਾ। ਕਲਜੁਗ ਰਾਵਣ ਹੋ ਤਿਆਰਾ, ਆਪਣਾ ਦਰ ਸੁਹਾਇੰਦਾ। ਦਿਵਸ ਰੈਣ ਮਾਰੇ ਲਲਕਾਰਾ, ਮਨ ਮਤ ਬੁਧ ਨਾਲ ਰਲਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਆਪੇ ਰਾਮਾਂ ਰਾਮ ਅਵਤਾਰਾ, ਲੰਕਾ ਗੜ੍ਹ ਤੁੜਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਚਰਨ ਛੁਹਾਏ ਦਿਲੀ ਦਰਬਾਰਾ, ਸ਼ਾਹ ਭਬੀਖਨ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਪੰਦਰਾਂ ਦੇਵੇ ਵਰ, ਲੇਖਾ ਲਿਖਤ ਵਿਚ ਨਾ ਆਇੰਦਾ। ਲੇਖਾ ਲਿਖਤ ਹਰਿ ਨਿਰੰਕਾਰ, ਆਪਣੇ ਹੱਥ ਰਖਾਇੰਦਾ। ਵੇਦ ਪੁਰਾਨ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਨਾ ਸਕੇ ਵਿਚਾਰ, ਭੇਵ ਅਭੇਦਾ ਭੇਵ ਛੁਪਾਇਆ। ਖਾਣੀ ਬਾਣੀ ਪੜ੍ਹ ਪੜ੍ਹ ਗਏ ਹਾਰ, ਪਾਰ ਕਿਨਾਰਾ ਦਿਸ ਨਾ ਆਇਆ। ਗਿਆਨੀ ਧਿਆਨੀ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਵਡ ਵਿਦਵਾਨੀ ਹੋਇਣ ਖਵਾਰ, ਹਰਿ ਕਾ ਰੂਪ ਦਿਸ ਨਾ ਆਇਆ। ਪੰਡਤ ਪਾਂਧੇ ਕਰ ਵਿਚਾਰ, ਤਿਲਕ ਲਿਲਾਟੀ ਰਹੇ ਲਗਾਇਆ। ਪੰਡਤ ਕਾਸ਼ੀ ਨਾ ਹੋਏ ਅਧਾਰ, ਠੱਗ ਠਗੋਰੀ ਪਾਇਆ। ਕਲਮਾ ਅਮਾਮ ਨਾ ਕੋਈ ਯਾਰ, ਨਬੀ ਰਸੂਲਾ ਨਾ ਕੋਈ ਸਹਾਇਆ। ਐਨਲਹਕ ਨਾ ਕੋਈ ਵਿਚਾਰ, ਮੁਕਾਮੇ ਹੱਕ ਨਾ ਕੋਈ ਖ਼ੁਦਾਇਆ । ਹਿੰਦੂ ਮੁਸਲਮ ਸਿਖ ਈਸਾਈ ਇਕ ਦੂਜੇ ਦਾ ਰਾਹ ਰਹੇ ਤੱਕ, ਦਰ ਦਵਾਰ ਨਾ ਕੋਈ ਖੁਲ੍ਹਾਇਆ। ਅੰਤਮ ਮੇਲਾ ਹੋਣਾ ਵਿਚ ਢੱਕ, ਧਰਤ ਮਾਤ ਰਹੀ ਬੁਲਾਇਆ । ਲਾੜੀ ਮੌਤ ਨਕੇਲ ਪਾਏ ਨੱਕ, ਧਰਮ ਦਵਾਰਾ ਦਏ ਦਿਖਾਇਆ। ਕੂੜ ਕੁੜਿਆਰਾ ਫਲ ਗਿਆ ਪੱਕ, ਪ੍ਰਭ ਸਾਚਾ ਵੇਖਣ ਆਇਆ। ਮਹੱਲ ਅਟੱਲ ਨਾ ਸਕੇ ਕੋਈ ਰੱਖ, ਰਾਜ ਰਾਜਾਨ ਨਾ ਕੋਈ ਸੁਹਾਇਆ। ਜੋਗੀ ਜਤੀਏ ਅਭਿਆਸ਼ੀ ਹਠੀਏ ਚੜ੍ਹ ਚੜ੍ਹ ਪੌੜੇ ਗਏ ਥੱਕ, ਹਰਿ ਕਾ ਪੌੜਾ ਦਿਸ ਨਾ ਆਇਆ। ਬ੍ਰਹਿਮਣ ਗੌੜੇ ਰਾਹ ਰਹੇ ਤੱਕ, ਪੂਤ ਸਪੂਤਾ ਫੇਰਾ ਪਾਇਆ। ਨੀਲੇ ਵਾਲਾ ਕਰੇ ਵੱਖ, ਨੀਲ ਧਾਰੀ ਪਾਰ ਕਰਾਇਆ। ਸ੍ਰਿਸ਼ਟ ਸਬਾਈ ਭਾਂਡੇ ਸੱਖ, ਨਾਮ ਭੰਡਾਰਾ ਦਿਸ ਨਾ ਆਇਆ। ਪਾਰਬ੍ਰਹਮ ਹੋ ਪਰਤੱਖ, ਨੇਤਰ ਲੋਚਣ ਨੈਣਾਂ ਵੇਖਣ ਆਇਆ। ਵੇਖੇ ਭਾਗ ਲੱਗਾ ਕੁਲੀ ਕੱਖ, ਕਵਣ ਗੁਰਮੁਖ ਡੇਰਾ ਲਾਇਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਸਿਰ ਆਪਣਾ ਹੱਥ ਟਿਕਾਇਆ। ਸੰਮਤ ਪੰਦਰਾਂ ਦੇਵਣਹਾਰਾ ਸਾਚੀ ਵੱਥ, ਏਕਾ ਨਾਮ ਝੋਲੀ ਪਾਇਆ। ਸਮਰਥ ਕਲ ਆਪੇ ਸਮਰਥ, ਜਗਤ ਨਿਵਾਸੀ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਬਿਕ੍ਰਮੀ ਕਰ ਵਿਚਾਰ, ਸ੍ਰਿਸ਼ਟ ਸਬਾਈ ਦਏ ਹੁਲਾਰ, ਨਾਮ ਹੁਲਾਰਾ ਏਕਾ ਲਾਇਆ। ਸੰਮਤ ਪੰਦਰਾਂ ਪੰਦਰਾਂ ਕੱਤਕ, ਲੰਕਾ ਗੜ੍ਹ ਚੜ੍ਹਾਈਆ। ਨਾ ਕੋਈ ਜਾਣੇ ਪਾਂਧਾ ਪੰਡਤ, ਕਵਣ ਕੂਟੇ ਹਰਿ ਸਾਚੇ ਜੋਤ ਜਗਾਈਆ । ਨਾ ਕੋਈ ਜਾਣੇ ਜੇਰਜ ਅੰਡਜ, ਪੰਜ ਤਤ ਨਾ ਕੋਈ ਰੁਸ਼ਨਾਈਆ। ਨਾ ਕੋਈ ਵਖਾਏ ਸਾਚੀ ਸੰਗਤ, ਹਰਿ ਹਰਿ ਰੂਪ ਦਿਸ ਨਾ ਆਈਆ। ਗੁਰ ਦਰ ਮੰਦਰ ਮਸਜਿਦ ਬੈਠੇ ਨੰਗਤ, ਤ੍ਰਿਸਨਾ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਖਲਕ ਖ਼ੁਦਾਈਆ। ਖ਼ਲਕ ਖ਼ੁਦਾਈ ਤੇਰਾ ਰੂਪ, ਹਰਿ ਸਾਚਾ ਵੇਖ ਵਖਾਇੰਦਾ। ਸਦੀ ਚੌਧਵੀਂ ਚੌਥੀ ਕੂਟ, ਲਹਿੰਦੀ ਦਿਸ਼ਾ ਫੇਰਾ ਪਾਇੰਦਾ। ਜ਼ਿਮੀ ਅਸਮਾਨਾ ਪਾੜਾ ਜਾਏ ਫੂਟ, ਨਾ ਕੋਈ ਬੰਧਨ ਬੰਧ ਬੰਧਾਇੰਦਾ। ਦਿਨ ਦਿਹਾੜੇ ਪਏ ਲੁੱਟ, ਸੰਮਤ ਸੋਲਾਂ ਰਾਹ ਤਕਾਇੰਦਾ। ਜਗਤ ਚੋਗ ਜਾਏ ਨਿਖੁਟ, ਨਾ ਕੋਈ ਆਲਣਿਉਂ ਡਿਗੇ ਬੋਟ ਉਠਾਇੰਦਾ। ਆਪਣੀ ਹੱਥੀਂ ਜੜ ਦੇਵੇ ਪੁੱਟ, ਨਾ ਕੋਈ ਬੂਟਾ ਮਾਤ ਧਰਾਇੰਦਾ। ਸ਼ੌਹ ਦਰਯਾਏ ਦਏ ਸੁੱਟ, ਲਹਿੰਦੀ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਸੋਲਾਂ ਤਨ ਸ਼ੰਗਾਰ, ਨਿਹਕਲੰਕੀ ਲੈ ਅਵਤਾਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਕਰ ਉਜਾਲਾ, ਸੰਮਤ ਸੋਲਾ ਕਰੇ ਰੁਸ਼ਨਾਈਆ। ਪਰਗਟ ਹੋਏ ਗੁਰ ਗੋਪਾਲਾ, ਨੌਂ ਖੰਡ ਪ੍ਰਿਥਮੀ ਵੱਜੇ ਵਧਾਈਆ। ਸੱਤਾਂ ਦੀਪਾਂ ਜਗਾਏ ਦੀਪ ਮਾਲਾ, ਜੋਤੀ ਨੂਰ ਡਗਮਗਾਈਆ। ਬ੍ਰਹਮਾ ਵੇਖੇ ਮਾਰ ਧਿਆਨਾ, ਨੇਤਰ ਨੈਣ ਖੁਲ੍ਹਾਈਆ। ਭੋਲਾ ਨਾਥ ਹੋਏ ਸਵਾਧਾਨਾ, ਆਪ ਆਪਣੀ ਲਏ ਅੰਗੜਾਈਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਵੇਖ ਵਖਾਨਾ, ਨਿਉਂ ਨਿਉਂ ਸੀਸ ਝੁਕਾਇਆ। ਲੋਆਂ ਪੁਰੀਆਂ ਕਰੇ ਪਛਾਨਾ, ਜੋਤੀ ਜੋਤ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਬੰਨੇ ਗਾਨਾ, ਹਾੜ ਸਤਾਰਾਂ ਸਗਨ ਮਨਾਈਆ। ਰਾਜ ਰਾਜਾਨ ਦਰ ਦਰਬਾਨ ਨਾ ਕੋਈ ਵਖਾਨਾ, ਸੀਸ ਤਾਜ ਨਾ ਕੋਈ ਟਿਕਾਈਆ। ਜੰਗਲ ਜੂਹ ਉਜਾੜ ਪਹਾੜ ਮਿਲੇ ਟਿਕਾਨਾ, ਰਾਜ ਮਹੱਲ ਨਾ ਲੇਫ ਤਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਦੇਵੇ ਵਰ, ਸ੍ਰਿਸ਼ਟ ਸਬਾਈ ਕਰੇ ਹਲਕਾਈਆ। ਸ੍ਰਿਸ਼ਟ ਸਬਾਈ ਤੇਰੀ ਧਾਰ, ਹਰਿ ਸਾਚੇ ਆਪ ਚਲਾਈਆ। ਘਰ ਘਰ ਰੋਵੇ ਨਰ ਨਾਰ, ਨਾਰੀ ਨਰ ਰਿਹਾ ਕੁਰਲਾਈਆ। ਜੀਵ ਜੰਤ ਹੋਏ ਗਵਾਰ, ਸਾਧ ਸੰਤ ਰਸਨ ਹਲਕਾਈਆ। ਮਾਇਆ ਮਦਿ ਮਤੇ ਭਰੇ ਭੰਡਾਰ, ਨਾਮ ਵਸਤ ਨਾ ਕੋਈ ਰਖਾਈਆ। ਜਗਤ ਕਾਮਨਾ ਕਰ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਪਾਰਬ੍ਰਹਮ ਨਾ ਪਾਏ ਸਾਰ, ਗੁਰ ਪੂਰਾ ਦਿਸ ਨਾ ਆਈਆ। ਹਉਮੇ ਹੰਗਤਾ ਗੜ੍ਹ ਹੰਕਾਰ ਕਾਇਆ ਤਨ ਸਜਾਈਆ। ਨਿਰਗੁਣ ਜੋਤ ਨਾ ਜਗੇ ਅਗੰਮ ਅਪਾਰ, ਬਿਨ ਦੀਵਾ ਬਾਤੀ ਨਾ ਹੋਏ ਰੁਸ਼ਨਾਈਆ। ਕੂੜੀ ਕਿਰਿਆ ਕਰਿਆ ਜਗਤ ਪਸਾਰ, ਝੂਠਾ ਬੰਧਨ ਬੰਧ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਬਦਲੇ ਚੋਲਾ ਸ੍ਰਿਸ਼ਟ ਸਬਾਈ ਖੇਲੇ ਹੋਲਾ, ਲਾਲ ਗੁਲਾਲਾ ਰੰਗ ਚੜ੍ਹਾਈਆ। ਲਾਲ ਗੁਲਾਲ ਰੰਗ ਚਲੂਲ, ਹਰਿ ਖ਼ਾਕੀ ਖ਼ਾਕ ਰੰਗਾਇੰਦਾ। ਸ਼ਿਵ ਸ਼ੰਕਰ ਸੁੱਟੇ ਹੱਥ ਤ੍ਰਿਸੂਲ, ਬ੍ਰਹਮਾ ਮੁਖ ਭਵਾਇੰਦਾ। ਕਰੋੜ ਤੇਤੀਸਾ ਨਾ ਬਰਸੇ ਫੂਲ, ਨਾ ਕੋਈ ਸੇਜ ਹੰਢਾਇੰਦਾ। ਸਚ ਪੰਘੂੜਾ ਨਾ ਕੋਈ ਲਏ ਝੂਲ, ਨਾਮ ਹੁਲਾਰਾ ਨਾ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਦੇਵੇ ਵਰ, ਭਾਣਾ ਆਪਣੇ ਹੱਥ ਰਖਾਇੰਦਾ। ਭਾਣਾ ਹੱਥ ਕਰਤਾਰ, ਭੇਵ ਕੋਈ ਨਾ ਪਾਇਆ। ਜੁਗ ਜੁਗ ਲਹਿਣਾ ਦੇਣਾ ਰਿਹਾ ਕਰਜ ਉਤਾਰ, ਚਾਰੇ ਪਗ ਵੇਖ ਵਖਾਇਆ। ਕਲਜੁਗ ਆਯੂ ਲੱਖ ਚਾਰ ਬੱਤੀ ਹਜ਼ਾਰ, ਪੰਜ ਪੰਜ ਵਿਚ ਸਮਾਇਆ। ਪੰਜ ਪੰਜ ਮਾਰੇ ਮਾਰ, ਪੰਚਮ ਨਰਾਇਣ ਮੇਟ ਮਿਟਾਇਆ। ਪੰਚਮ ਪੰਚਮ ਭੁਲਿਆ ਸੰਸਾਰ, ਸਾਚਾ ਮਾਰਗ ਗਏ ਭੁਲਾਇਆ। ਭਰਮੇ ਭੁੱਲਿਆ ਜੀਵ ਗਵਾਰ, ਜੀਵ ਧਰਮ ਨਾ ਕੋਈ ਧਰਾਇਆ। ਕਰਮੀ ਕਰਮ ਨਾ ਕਰੇ ਵਿਚਾਰ, ਕੁਕਰਮਾ ਲੇਖ ਲਿਖਾਇਆ। ਹਰਿ ਦਾਤਾ ਬੇਪਰਵਾਹ ਸ੍ਰਿਸ਼ਟ ਸਬਾਈ ਵੇਖਣਹਾਰ, ਵੇਖਣਹਾਰ ਦਿਸ ਨਾ ਆਇਆ। ਸੇਵਕ ਸੇਵਾ ਲਾਏ ਆਪ ਆਪ ਉਪਾਏ ਧਰਮ ਦਵਾਰ, ਚਿਤਰ ਗੁਪਤ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਦਏ ਵਡਿਆਇਆ। ਸੰਮਤ ਸੋਲਾਂ ਕਰ ਵਿਚਾਰ, ਰਾਏ ਧਰਮ ਉਠ ਧਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਨੇਤਰ ਰੋ ਰੋ ਨੀਰ ਵਹਾਇਆ। ਖਾਲੀ ਭਰ ਮੇਰੇ ਭੰਡਾਰ, ਦਰ ਸਾਚਾ ਦਏ ਸੁਹਾਇਆ। ਪਾਰਬ੍ਰਹਮ ਸੁਣ ਪੁਕਾਰ, ਦੇ ਮਤ ਇਹ ਸਮਝਾਇਆ। ਖੋਲ੍ਹ ਕਿਵਾੜ ਸਤਾਰਾਂ ਹਾੜ, ਸੰਮਤ ਸੋਲਾਂ ਦਿਨ ਮਨਾਇਆ। ਧਰਤ ਮਾਤ ਵੇਖ ਅਖਾੜ, ਚਾਰੋਂ ਕੁੰਟ ਦਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸਗਨ ਮਨਾਇਆ। ਚਿਤਰ ਗੁਪਤ ਕਰ ਵਿਚਾਰ, ਆਪਣਾ ਮਤਾ ਪਕਾਇੰਦਾ। ਲੇਖਾ ਵੇਖੇ ਸਰਬ ਸੰਸਾਰ, ਸਾਚੇ ਕੰਡੇ ਤੋਲ ਤੁਲਾਇੰਦਾ। ਸਚ ਸੁੱਚ ਨਾ ਕਰੇ ਕੋਈ ਵਣਜ ਵਾਪਾਰ, ਜੂਠ ਝੂਠ ਝੋਲੀ ਭਰਾਇੰਦਾ। ਅੰਤਮ ਬੇੜਾ ਹੋਇਆ ਤਿਆਰ, ਕਲਜੁਗ ਕੂੜਾ ਆਪ ਚਲਾਇੰਦਾ। ਨਾਲ ਰਲਾਇਆ ਮੁਹੰਮਦੀ ਯਾਰ, ਚਾਰ ਯਾਰੀ ਜੀਵ ਇਕ ਵਖਾਇੰਦਾ। ਸੰਸਾਰ ਸਾਗਰ ਨਾ ਦੀਸੇ ਪਾਰ ਕਿਨਾਰ, ਪਾਰ ਕਿਨਾਰਾ ਨਾ ਕੋਈ ਜਣਾਇੰਦਾ। ਸੰਮਤ ਸਤਾਰਾਂ ਹੁਲਾਰਾ ਦਏ ਮਾਰ, ਏਕਾ ਧੱਕਾ ਲਾਇੰਦਾ। ਸ੍ਰਿਸ਼ਟ ਸਬਾਈ ਦੋ ਦੋ ਧਾਰ, ਵੱਖ ਵੱਖ ਕਰਾਇੰਦਾ। ਹੋ ਪਰਤੱਖ ਵਿਚ ਸੰਸਾਰ, ਰੂਸਾ ਚੀਨਾ ਚਰਨ ਛੁਹਾਇੰਦਾ। ਸੰਮਤ ਸੋਲਾਂ ਲਾਏ ਨਾਅਰ, ਲਾਹੌਰ ਸ਼ਹਿਰ ਵੇਖ ਵਖਾਇੰਦਾ। ਉਮਤੀ ਉਮਤ ਹੋ ਤਿਆਰ, ਪੀਰ ਦਸਤਗੀਰਾਂ ਇਹ ਸਮਝਾਇੰਦਾ। ਸ਼ਾਹ ਹਕੀਰਾਂ ਕਰੇ ਖ਼ਬਰਦਾਰ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇੰਦਾ। ਸੰਮਤ ਸਤਾਰਾਂ ਸੱਤ ਰੰਗ, ਸਤਿ ਸਤਿ ਆਪ ਸਮਾਇਆ। ਭੇਖ ਵਟਾਏ ਸ਼ਬਦ ਮਲੰਘ, ਗੁਰ ਗੁਰ ਰੂਪ ਦਰਸਾਇਆ। ਸ੍ਰਿਸ਼ਟ ਸਬਾਈ ਕਰੇ ਨੰਗ, ਤਨ ਕਪੜ ਰਹਿਣ ਨਾ ਪਾਇਆ। ਸੀਲ ਸੰਤੋਖ ਸਤਿ ਰਹਿਣ ਨਾ ਪਾਏ ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਰ ਮੰਗਣ ਮੰਗ, ਦਰ ਭਿਛਿਆ ਕੋਈ ਨਾ ਪਾਇਆ। ਗੁਰਮੁਖ ਮਿਲੇ ਮੇਲ ਹਰਿ ਸੂਰੇ ਸਰਬੰਗ, ਪੂਰਬ ਲਹਿਣਾ ਝੋਲੀ ਦਏ ਭਰਾਇਆ। ਚਰਨ ਪ੍ਰੀਤੀ ਮੰਗੇ ਸਾਚੀ ਮੰਗ, ਚਰਨ ਨਾਤਾ ਜੋੜ ਜੁੜਾਇਆ। ਚਿੱਟੇ ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤ ਸਤਾਰਾਂ ਵੇਖ ਵਖਾਇਆ। ਸਤ ਸਤਾਰਾਂ ਵੇਖ ਪੁਕਾਰ, ਸਤਿ ਸਤਿ ਜਣਾਈਆ। ਕਰਤਾ ਪੁਰਖ ਕਰੇ ਕਰਾਏ ਆਪਣੀ ਕਾਰ, ਕਰਨੀ ਕਰਤਾ ਨਾਉਂ ਧਰਾਈਆ। ਮਰਨੀ ਮਰੇ ਨਾ ਵਿਚ ਸੰਸਾਰ, ਜਨਮ ਮਰਨ ਵਿਚ ਨਾ ਆਈਆ। ਆਦਿ ਜੁਗਾਦੀ ਜੁਗ ਜੁਗ ਕਾਰ, ਜਨ ਭਗਤਾਂ ਹੋਏ ਸਹਾਈਆ। ਖੋਜੇ ਖੋਜ ਸ਼ਬਦ ਬ੍ਰਹਿਮਾਦੀ ਬ੍ਰਹਿਮਾਦ ਡੇਰਾ ਲਾਈਆ। ਬਾਣ ਚਲਾਏ ਬੋਧ ਅਗਾਧ, ਬੋਧ ਅਗਾਧੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਠ ਅਠਾਰਾਂ ਦਏ ਉਠਾਈਆ। ਵੀਹ ਸਦ ਅਠਾਰਾਂ ਤੇਰਾ ਲੇਖ, ਹਰਿ ਸਾਚੇ ਆਪ ਲਿਖਾਇਆ। ਨਾ ਕੋਈ ਲਾਏ ਮਸਤਕ  ਮੇਖ, ਨਾ ਕੋਈ ਭਰਮ ਗਵਾਇਆ। ਨਾ ਕੋਈ ਸਹਾਈ ਔਲੀਆ ਪੀਰ ਸ਼ੇਖ਼, ਪੀਰ ਫ਼ਕੀਰ ਨਾ ਕੋਇ ਦਸਾਇਆ। ਨਾ ਕੋਈ ਪੰਡਤ ਪਾਂਧਾ ਨੇਤਰ ਲਏ ਪੇਖ, ਗਿਆਨ ਨੇਤਰ ਨਾ ਕੋਈ ਖੁਲ੍ਹਾਇਆ। ਨਾ ਕੋਈ ਗ੍ਰੰਥੀ ਪੰਥੀ ਜਾਣੇ ਧਾਰੀ ਕੇਸ, ਦਸ ਦਸਮੇਸ ਫੇਰਾ ਪਾਇਆ। ਨਾ ਕੋਈ ਵਿਚਾਰੇ ਬ੍ਰਹਮਾ ਵਿਸ਼ਨ ਮਹੇਸ਼, ਗਣਪਤ ਗਣੇਸ਼ ਨਾ ਕੋਈ ਦਸਾਇਆ। ਪਾਰਬ੍ਰਹਮ ਦਰ ਦਰਵੇਸ਼, ਲੋਕਮਾਤ ਆਪਣੀ ਅਲੱਖ ਰਿਹਾ ਜਗਾਇਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਵੰਡ ਵੰਡਾਇਆ। ਆਦਿ ਜੁਗਾਦਿ ਜੁਗ ਜੁਗ ਰਹੇ ਸਦਾ ਹਮੇਸ਼, ਆਵਣ ਜਾਵਣ ਚਲਤ ਚਲਾਇਆ। ਪਾਰਬ੍ਰਹਮ ਪ੍ਰਭ ਸਦਾ ਆਦੇਸ਼, ਨਿਰਗੁਣ ਸਰਗੁਣ ਵਿਚ ਸਮਾਇਆ। ਸਰਗੁਣ ਬਣਾਏ ਰਿਖੀ ਕੇਸ਼, ਜਗਤ ਗਵਰਧਨ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਅਠਾਰਾਂ ਵੇਖ ਵਖਾਇਆ। ਵੀਹ ਸਦ ਅਠਾਰਾਂ ਗੰਗਾ ਧਾਰ, ਜਲ ਜਲ ਰੂਪ ਸਮਾਇਆ। ਮੇਘਾ ਬਰਸੇ ਕਰ ਪਿਆਰ, ਅੰਦਰ ਅੰਦਰ ਆਸਣ ਦਏ ਤਜਾਇਆ। ਖਿਜ਼ਰ ਰੋਵੇ ਜ਼ਾਰੋ ਜ਼ਾਰ, ਖਵਾਜਾ ਖ਼ੁਸ਼ੀ ਮਨਾਇਆ । ਨੌਂ ਖੰਡ ਪ੍ਰਿਥਮੀ ਏਕਾ ਧਾਰ, ਜਲ ਧਾਰਾ ਦਏ ਰੁੜ੍ਹਾਇਆ। ਗੁਰਮੁਖ ਸਾਚੇ ਲਏ ਉਭਾਰ, ਸਾਚੇ ਬੇੜੇ ਨਾਮ ਚੜ੍ਹਾਇਆ। ਸੋਹੰ ਗਾਇਨ ਰਸਨਾ ਜੈ ਜੈਕਾਰ, ਜਲ ਚਰਨ ਛੋਹ ਮੁੜ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਵੇਖਣ ਆਇਆ। ਸੰਮਤ ਉਨੀਸਾ, ਅਕਲ ਕਲ ਆਪਣੀ ਆਪ ਰਖਾਇੰਦਾ। ਨਾ ਕੋਈ ਪੜ੍ਹੇ ਕੁਰਾਨ ਹਦੀਸਾ, ਤੀਸ ਬਤੀਸਾ ਨਾ ਕੋਈ ਸੁਹਾਇੰਦਾ। ਅੱਲਾ ਰਾਣੀ ਖਾਲੀ ਖੀਸਾ, ਖਾਲੀ ਹੱਥ ਫਿਰਾਇੰਦਾ । ਵਕ਼ਤ ਚੁਕਾਏ ਮੂਸਾ ਈਸਾ, ਚੌਦਾਂ ਤਬਕਾਂ ਮੇਟ ਮਿਟਾਇੰਦਾ। ਮਾਇਆ ਰਾਣੀ ਤ੍ਰੈਗੁਣ ਪੀਸਨ ਪੀਸਾ, ਕਲਜੁਗ ਚੱਕੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਉਨੀਸਾ ਨਾ ਕੋਈ ਦੀਸੇ ਮੁਸਲਮ ਸੁੰਨੀ, ਨਾ ਕੋਈ ਚੋਟੀ ਮੂੰਡ ਮੁੰਡਾਇੰਦਾ। ਸੰਮਤ ਬੀਸ ਬੀਸ ਸਦ ਧਾਰਾ, ਹਰਿ ਹਰਿ ਜੋਤ ਜਗਾਏ। ਵੇਖ ਵਖਾਏ ਜਮਨ ਕਿਨਾਰਾ, ਆਪ ਆਪਣਾ ਚਰਨ ਛੁਹਾਏ ਦਿਲੀ ਦਰਬਾਰਾ, ਨੌਂ ਖੰਡ ਕਰੇ ਰੁਸ਼ਨਾਏ। ਨੌਂ ਖੰਡ ਢਹਿ ਪਏ ਦਵਾਰਾ, ਪ੍ਰਭ ਸਾਚਾ ਵੇਖ ਵਖਾਏ। ਸ਼ਬਦ ਸੁਣਾਏ ਇਕ ਜੈਕਾਰਾ, ਸੋ ਪੁਰਖ ਨਿਰੰਜਣ ਲੇਖ ਲਿਖਾਏ। ਹੰ ਹੰਗਤਾ ਦੂਰ ਕਿਨਾਰਾ, ਦੂਈ ਦਵੈਤੀ ਰਹਿਣ ਨਾ ਪਾਏ। ਹੋਏ ਮੰਗਤਾ ਸੱਤ ਦੀਪ ਵਿਚਾਰਾ, ਅੱਗੇ ਆਪਣੀ ਝੋਲੀ ਡਾਹੇ। ਸਤਿਗੁਰ ਪੂਰਾ ਭਰੇ ਭੰਡਾਰਾ, ਨਾਮ ਭਿਛਿਆ ਇਕ ਵਖਾਏ। ਇਕ ਸੁਣਾਏ ਸੱਚੀ ਧੁਨਕਾਰਾ, ਏਕਾ ਤਾਲ ਵਜਾਏ। ਹਿੰਦੂ ਮੁਸਲਮ ਸਿਖ ਈਸਾਈ ਆਪ ਲਿਆਏ ਸਚ ਦਵਾਰਾ, ਏਕਾ ਕਲਮਾ ਦਏ ਪੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਹਰਿ ਜਗਦੀਸਾ ਆਪਣੇ ਛੱਤਰ ਝੁਲਾਏ ਸੀਸਾ, ਪੰਦਰਾਂ ਕੱਤਕ ਵੇਖ ਵਖਾਏ। ਵੀਹ ਸਦ ਬੀਸ ਪੰਦਰਾਂ ਕੱਤਕ ਪੰਦਰਾਂ ਸੋਹੇ ਸੀਸ ਹਰਿ ਤਾਜਾ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ, ਨਾਮ ਧਰਾਏ ਗ਼ਰੀਬ ਨਿਵਾਜਾ। ਨਾ ਕੋਈ ਦੀਸੇ ਮਦਿਰਾ ਮਾਸੀ, ਸ੍ਰਿਸ਼ਟ ਸਬਾਈ ਏਕਾ ਕਾਜਾ। ਨਾ ਕੋਈ ਬੋਲੇ ਪੰਡਤ ਕਾਸੀ, ਮੱਕਾ ਮਦੀਨਾ ਨਾ ਕੋਈ ਹਾਜੀ ਹਾਜਾ। ਗੁਰਮੁਖ ਵੇਖੇ ਸ਼ਬਦ ਸਵਾਸੀ, ਹਰਿ ਚੜ੍ਹਿਆ ਸਾਚੇ ਤਾਜਾ। ਜੋਤ ਜਗਾਏ ਘਨਕ ਪੁਰ ਵਾਸੀ, ਸਤਿਜੁਗ ਰੱਖੇ ਸਾਚੀ ਲਾਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਸਾਜਣ ਸਾਜਾ। ਸਾਜਣ ਸਾਜ ਗੁਰੂ ਗ਼ਰੀਬ ਨਿਵਾਜ, ਗੋਬਿੰਦ ਰੂਪ ਵਟਾਇਆ। ਪਰਗਟ ਹੋਇਆ ਦੇਸ ਮਾਝ, ਸੰਬਲ ਨਗਰੀ ਆਸਣ ਲਾਇਆ। ਦੋ ਜਹਾਨਾਂ ਰਚਿਆ ਕਾਜ, ਲੋਆਂ ਪੁਰੀਆਂ ਵੇਖ ਵਖਾਇਆ। ਸਤਿਜੁਗ ਚਲਾਏ ਸਚ ਜਹਾਜ਼, ਸੋਹੰ ਚੱਪੂ ਏਕਾ ਲਾਇਆ। ਚਾਰ ਵਰਨ ਸੁਣਾਏ ਇਕ ਅਵਾਜ਼, ਏਕਾ ਗਿਆਨ ਦ੍ਰਿੜਾਇਆ। ਧੁਰਦਰਗਾਹੀ ਦੇਵੇ ਸਾਚਾ ਦਾਜ, ਧੁਰਦਰਗਾਹੀ ਲੈ ਕੇ ਆਇਆ। ਊਚਾਂ ਨੀਚਾਂ ਰਾਓ ਰੰਕਾਂ ਆਪ ਬਣਾਏ ਇਕ ਸਮਾਜ, ਨਾ ਕੋਈ ਵੰਡਨ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਇਕੀ ਤੇਰੀ ਰੱਖੇ ਧਾਰ ਤਿਖੀ, ਨੌਂ ਖੰਡ ਪ੍ਰਿਥਮੀ ਨਿੱਕੀ ਸਿਖੀ ਲਏ ਬਣਾਇਆ। ਨੌਂ ਖੰਡ ਪ੍ਰਿਥਮੀ ਏਕਾ ਸਿਖਿਆ ਹਰਿ ਸਾਚਾ ਦਏ ਸਿਖਾਈਆ। ਸ੍ਰਿਸ਼ਟ ਸਬਾਈ ਦਿਸੇ ਮਿਥਿਆ, ਥਿਰ ਕੋਈ ਕਹਿਣ ਨ ਪਾਈਆ। ਜੁਗ ਜੁਗ ਲੇਖਾ ਲਿਖਣਹਾਰ ਪ੍ਰਭ ਲਿਖਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੀ ਕਰੇ ਪੜ੍ਹਾਈਆ। ਸਤਿਜੁਗ ਸਾਚੀ ਸਤਿਗੁਰ ਧਾਰ ਆਪਣੀ ਆਪ ਚਲਾਇੰਦਾ। ਚਾਰ ਵਰਨਾਂ ਇਕ ਪਿਆਰ, ਏਕਾ ਨਾਮ ਸੁਣਾਇੰਦਾ। ਜ਼ਾਤ ਪਾਤ ਪਾਰ ਕਿਨਾਰ, ਵਰਨ ਬਰਨ ਨਾ ਕੋਈ ਰਖਾਇੰਦਾ। ਸ਼ੱਤਰੀ ਬ੍ਰਹਿਮਣ ਵੈਸ਼ ਸ਼ੂਦਰ ਨਾ ਦੇਵੇ ਕੋਈ ਦੁਰਕਾਰ, ਨਾ ਕੋਈ ਮੁਖ ਭਵਾਇੰਦਾ। ਨਾ ਕੋਈ ਧਨ ਧਨਾਡ ਕਰੇ ਹੰਕਾਰ, ਮਾਇਆ ਭੰਡਾਰ ਨਾ ਕੋਈ ਭਰਾਇੰਦਾ। ਜਗਤ ਵਿਦਿਆ ਨਾ ਕਰੇ ਕੋਈ ਵਿਚਾਰ, ਬ੍ਰਹਮ ਵਿਦਿਆ ਇਕ ਸਿਖਾਇੰਦਾ। ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ, ਸਾਂਤਕ ਸਤਿ ਵਖਾਇੰਦਾ। ਧੀਰਜ ਯਤ ਬੰਨੇ ਵਿਚ ਸੰਸਾਰ, ਸਤਿ ਸੰਤੋਖ ਮੋਖ ਰਖਾਇੰਦਾ। ਦੇਵੇ ਮਤ ਆਪ ਨਿਰੰਕਾਰ, ਗੁਰਮਤ ਇਹ ਸਮਝਾਇੰਦਾ। ਦਵੈਤੀ ਦੂਈ ਮੇਟੇ ਫਟ, ਡੂੰਘੀ ਗਾਰ ਵੇਖ ਵਖਾਇੰਦਾ। ਏਕਾ ਵਣਜ ਏਕਾ ਹੱਟ, ਦੂਜਾ ਹੱਟ ਨਾ ਕੋਈ ਰਖਾਇੰਦਾ। ਨਾ ਕੋਈ ਤੀਰਥ ਨਾ ਕੋਈ ਤਟ, ਮੰਦਰ ਮਸਜਿਦ ਨਾ ਕੋਈ ਸੁਹਾਇੰਦਾ। ਪ੍ਰਭ ਦਰਸ ਦਿਖਾਏ ਨਿਰਗੁਣ ਜੋਤ ਹੋ ਪਰਗਟ, ਸਰਗੁਣ ਵਿਚ ਸਮਾਇੰਦਾ । ਦੀਪਕ ਜਗੇ ਲਟ ਲਟ, ਜੋਤੀ ਜੋਤ ਉਪਾਇੰਦਾ। ਵੇਖ ਵਖਾਏ ਘਟ ਘਟ, ਨਾ ਕੋਈ ਪੜਦਾ ਪਾਇੰਦਾ। ਵੀਹ ਸਦ ਇਕੀ ਤੇਰੇ ਨਗਾਰੇ ਸ਼ਬਦ ਅਗੰਮੀ ਲੱਗੇ ਸੱਟ, ਚਾਰੋਂ ਕੁੰਟ ਸੁਣਾਇੰਦਾ। ਸ਼ਬਦ ਚੋਟ ਸਚ ਨਗਾਰੇ, ਹਰਿ ਸਾਚੇ ਆਪ ਲਗਾਈਆ। ਕਰੇ ਖੇਲ ਅਗੰਮ ਅਪਾਰੇ, ਭੇਵ ਕੋਇ ਨਾ ਪਾਈਆ। ਵੇਦ ਕਤੇਬ ਲਿਖ ਲਿਖ ਥੱਕੇ ਹਾਰੇ, ਹਰਿ ਕਾ ਰੂਪ ਨਾ ਕੋਈ ਦਰਸਾਈਆ। ਪੜ੍ਹ ਪੜ੍ਹ ਭਰੇ ਭੰਡਾਰੇ, ਨਾਮ ਭੰਡਾਰਾ ਦਿਸ ਨਾ ਆਈਆ। ਚੜ੍ਹ ਚੜ੍ਹ ਬੈਠੇ ਉਚ ਚੁਬਾਰੇ, ਜਗਤ ਮਹੱਲ ਸੁਹਾਈਆ। ਅੰਦਰ ਮੰਦਰ ਨਾ ਕੋਈ ਮਿਲਾਵੇ ਨਰ ਨਿਰੰਕਾਰੇ, ਘਰ ਬੈਠਾ ਬੇਪਰਵਾਹੀਆ। ਵੀਹ ਸਦ ਇਕੀ ਆਪ ਖੁਲ੍ਹਾਏ ਬੰਦ ਕਿਵਾੜੇ, ਸਵੱਛ ਸਰੂਪੀ ਦਰਸ ਦਿਖਾਈਆ। ਸਤਿਜੁਗ ਤੇਰੀ ਸਾਚੀ ਨੀਂਹ ਰੱਖੇ ਸਤਾਰਾਂ ਹਾੜੇ, ਕਲਜੁਗ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗੁਣ ਵੱਡੀ ਵਡਿਆਈਆ।