੨੨ ਅੱਸੂ ੨੦੧੫ ਬਿਕ੍ਰਮੀ ਇੰਦਰ ਸਿੰਘ ਦੇ ਘਰ ਕਰੋਲ ਬਾਗ ਨਵੀ ਦਿਲੀ
ਹਰਿ ਜੋਤ ਹਰਿ ਨੂਰ ਅਪਾਰ, ਹਰੀ ਹਰਿ ਹਰਿ ਆਪ ਉਪਾਈਆ। ਆਦਿ ਪੁਰਖ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਨਿਰਗੁਣ ਨਾਂ ਹਰਿ ਨਿਰੰਕਾਰ, ਰੂਪ ਰੇਖ ਨਾ ਕੋਈ ਜਣਾਈਆ। ਆਦਿ ਸ਼ਕਤ ਵੇਖ ਵਿਚਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਨਾਮਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਪੁਰਖ ਅਕਾਲਾ, ਅਕਲ ਕਲਾ ਅਖਵਾਇਆ। ਠਾਕਰ ਕਰਤਾ ਦੀਨ ਦਿਆਲਾ, ਏਕਾ ਏਕ ਏਕ ਰੂਪ ਦਰਸਾਇਆ। ਆਦਿ ਸ਼ਕਤੀ ਜੋਤ ਜਵਾਲਾ, ਜਾਗਰਤ ਜੋਤ ਜਗਾਇਆ। ਹੱਕ ਹਕੀਕਤ ਖੇਲ ਨਿਰਾਲਾ, ਖੇਲਣਹਾਰ ਦਿਸ ਨਾ ਆਇਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇਆ। ਅਬਿਨਾਸ਼ੀ ਕਰਤਾ ਗੁਰ ਕਰਤਾਰ, ਗੁਰ ਗੁਰ ਵੇਸ ਵਟਾਇਆ। ਥਾਨ ਥਨੰਤਰ ਸੋਹੇ ਦਵਾਰ, ਥਿਰ ਘਰ ਡੇਰਾ ਲਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਸ਼ਾਹੋ ਭੂਪ ਸੁਹਾਇਆ। ਰਾਜ ਰਾਜਾਨਾ ਏਕਾ ਏਕੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਜੋਤ ਅਕਾਲਾ ਪੁਰਖ ਕਰਤਾਰ, ਆਪਣੀ ਆਪ ਜਗਾਇੰਦਾ। ਆਦਿ ਜੁਗਾਦੀ ਜਾਣੇ ਸਾਰ, ਲਿਖਿਆ ਲੇਖ ਨਾ ਕੋਈ ਵਖਾਇੰਦਾ। ਗੁਣਵੰਤਾ ਹਰਿ ਗੁਣ ਦਾਤਾਰ, ਗੁਣ ਗੁਣ ਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਭੇਵ ਅਭੇਦ ਅਛਲ ਅਛੇਦ, ਆਪਣਾ ਆਪ ਕਰਾਇੰਦਾ। ਅਛਲ ਅਛੇਦ ਹਰਿ ਭਗਵਾਨਾ, ਏਕਾ ਏਕ ਅਖਵਾਈਆ। ਏਕਾ ਜੋਧਾ ਸੂਰ ਬਲੀ ਬਲਵਾਨਾ, ਏਕਾ ਤੀਰ ਚਲਾਈਆ। ਏਕਾ ਸ਼ਸਤਰ ਦੋ ਜਹਾਨਾਂ, ਆਪ ਆਪਣਾ ਰਿਹਾ ਚਮਕਾਈਆ। ਏਕਾ ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਵੇਖ ਵਖਾਈਆ। ਰਾਗ ਅਨਾਦੀ ਦੇਵੇ ਧੁਰ ਫ਼ਰਮਾਣਾ, ਸ਼ਬਦੀ ਸ਼ਬਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਦਰ ਦਰਵੇਸ਼ ਅਲੱਖ ਨਿਰੰਜਣ ਏਕਾ ਅਲਖ ਜਣਾਈਆ। ਅਲੱਖ ਨਿਰੰਜਣ ਨਾਮ ਜੈਕਾਰਾ, ਏਕਾ ਏਕ ਅਲਾਇੰਦਾ। ਸੁਹਾਏ ਘਰ ਥਿਰ ਦਰਬਾਰਾ, ਥਿਰ ਘਰ ਵੇਖ ਵਖਾਇੰਦਾ। ਨਿਰਮਲ ਜੋਤੀ ਕਰ ਉਜਿਆਰਾ, ਨੂਰੋ ਨੂਰ ਦਰਸਾਇੰਦਾ। ਸ਼ਬਦ ਸਿੰਘਾਸਣ ਬੈਠ ਸੱਚੀ ਸਰਕਾਰਾ, ਸਚ ਸੁਲਤਾਨਾ ਨਾਉਂ ਧਰਾਇੰਦਾ। ਲੋਆਂ ਪੁਰੀਆਂ ਬੰਨੇ ਧਾਰਾ, ਬ੍ਰਹਿਮੰਡ ਖੰਡ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਰੂਪ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਆਪ ਆਪਣਾ ਸੁਹਾਏ ਬੰਕ ਦਵਾਰ, ਦਰ ਆਪਣੇ ਅਲੱਖ ਜਗਾਈਆ। ਮੰਗੇ ਮੰਗ ਨਿਰਾਕਾਰ, ਨਿਰਗੁਣ ਝੋਲੀ ਅੱਗੇ ਡਾਹੀਆ। ਸ਼ਬਦੀ ਭਰ ਸ਼ਬਦ ਭੰਡਾਰ, ਅਤੋਟ ਅਤੁੱਟ ਰਖਾਈਆ। ਵਰਤੇ ਵਰਤਾਵੇ ਆਪ ਸੰਸਾਰ, ਤ੍ਰੈਗੁਣ ਮਾਇਆ ਰੰਗ ਰੰਗਾਈਆ। ਤ੍ਰੈਗੁਣ ਮਾਇਆ ਵੇਸ ਅਪਾਰ, ਪੰਜ ਤਤ ਕਰੇ ਕੁੜਮਾਈਆ। ਬ੍ਰਹਮਾ ਵੇਤਾ ਕਰ ਪਿਆਰ, ਏਕਾ ਅੰਗ ਲਗਾਈਆ। ਲੱਖ ਚੁਰਾਸੀ ਪਾਵੇ ਸਾਰ, ਮਨ ਮਤ ਬੁੱਧ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਕਟਾਈਆ। ਆਪ ਆਪਣਾ ਅੰਗ ਦਏ ਕੱਟ, ਆਪਣੀ ਦਇਆ ਕਮਾਇੰਦਾ। ਵੇਖ ਵਖਾਏ ਚੌਦਾਂ ਲੋਕ ਚੌਦਾਂ ਹੱਟ, ਦਹਿ ਦਿਸ਼ਾ ਫੇਰੀ ਪਾਇੰਦਾ। ਖੇਲੇ ਖੇਲ ਬਾਜ਼ੀਗਰ ਨਟੂਆ ਨਟ, ਹਰਿ ਸਵਾਂਗੀ ਸਵਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਲਟ ਲਟ, ਪਾਰਬ੍ਰਹਮ ਅਖਵਾਇੰਦਾ। ਪਾਰਬ੍ਰਹਮ ਬ੍ਰਹਮ ਪਿਆਰ, ਭੇਦ ਅਭੇਦ ਕਰਾਇਆ। ਪੰਜ ਤਤ ਕਰ ਪਸਾਰਾ, ਨੌਂ ਦਰ ਫੇਰਾ ਪਾਇਆ। ਨੌਂ ਦਰ ਵੇਖੇ ਜਗਤ ਦਵਾਰਾ, ਆਪਣੀ ਖੇਲ ਖਿਲਾਇਆ। ਉਚ ਮਹੱਲਾ ਇਕ ਅਟੱਲਾ ਘਰ ਘਰ ਵਿਚ ਆਪ ਟਿਕਾਇਆ। ਆਪੇ ਬੈਠ ਇਕ ਇਕੱਲਾ ਆਪ ਆਪਣੀ ਰਚਨ ਰਚਾਇਆ। ਦੀਪਕ ਜੋਤੀ ਏਕਾ ਬਲਾ, ਅਗਿਆਨ ਅੰਧੇਰ ਗਵਾਇਆ। ਸ਼ਬਦੀ ਧੁਨ ਅਨਾਦੀ ਵਜਾਏ ਤਾਲਾ, ਤਲਵਾੜਾ ਇਕ ਸੁਣਾਇਆ। ਗਗਨ ਮੰਡਲ ਗਗਨ ਗਗਨੰਤਰ ਵੇਖੇ ਧਰਮ ਸੱਚੀ ਧਰਮਸਾਲਾ, ਸਾਚਾ ਸੁੰਦਰ ਰੂਪ ਸੁਹਾਇਆ। ਬਜ਼ਰ ਕਪਾਟੀ ਤੋੜੇ ਜ਼ਿੰਦਾ, ਦੂਈ ਦਵੈਤੀ ਮੇਟ ਮਿਟਾਇਆ। ਮੇਲ ਮਿਲਾਵਾ ਅੰਦਰੇ ਅੰਦਰ, ਕਰ ਕਿਰਪਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਵੇਸ ਪੁਰਖ ਅਕਾਲਾ ਦੀਨ ਦਿਆਲਾ, ਆਪ ਆਪਣਾ ਰਿਹਾ ਕਰਾਇਆ। ਦੀਨ ਦਿਆਲ ਹਰਿ ਭਗਵੰਤਾ, ਹਰਿ ਹਰਿ ਆਪ ਅਖਵਾਇਆ। ਆਪ ਉਪਾਏ ਸਾਚੇ ਸੰਤਾਂ, ਸਤਿਗੁਰ ਮੇਲ ਮਿਲਾਇਆ। ਵੇਖ ਵਖਾਏ ਲੱਖ ਚੁਰਾਸੀ ਜੀਵ ਜੰਤਾਂ, ਉਤਭੁਜ ਸੇਤਜ ਜੇਰਜ ਅੰਡ ਫੋਲ ਫੁਲਾਇਆ। ਗੁਰਮੁਖ ਵਿਰਲੇ ਮੇਲ ਮਿਲਾਵਾ ਨਾਰੀ ਕੰਤਾ, ਆਤਮ ਸੇਜਾ ਇਕ ਵਿਛਾਇਆ। ਫੁੱਲ ਫੁਲਵਾੜੀ ਨਾਮ ਸੁਹਾਏ ਰੁੱਤ ਬਸੰਤਾ, ਸਾਚਾ ਧਾਮ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਪਣਾ ਵੇਸ ਕਰੇ ਕਰਾਏ ਨਰ ਹਰਿ ਨਿਰਗੁਣ ਸਰਗੁਣ ਵੇਖ ਵਖਾਇਆ। ਨਿਰਗੁਣ ਸਰਗੁਣ ਸਾਚੀ ਧਾਰ, ਹਰਿ ਹਰਿ ਆਪ ਚਲਾਈਆ। ਆਪ ਉਪਾਏ ਆਪ ਖਪਾਏ ਵਿਚ ਸੰਸਾਰ, ਦੂਸਰ ਦਿਸ ਕਿਸੇ ਨਾ ਆਈਆ। ਹਰ ਘਟ ਬੈਠਾ ਦੀਪਕ ਜੋਤੀ ਕਰ ਉਜਿਆਰ, ਸਚ ਸਿੰਘਾਸਣ ਡੇਰਾ ਲਾਈਆ। ਚਾਰੋਂ ਕੁੰਟ ਦਹਿ ਦਿਸ਼ਾ ਗੁਰਦਰ ਮੰਦਰ ਮਸਜਿਦ ਜੀਵ ਜੰਤ ਕਰਨ ਵਿਚਾਰ, ਹੱਥ ਕਿਸੇ ਨਾ ਆਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਸੋ ਜਨ ਬੂਝੇ ਦਰ ਸਾਚਾ ਸੂਝੇ, ਏਕਾ ਦੂਜਾ ਭੇਵ ਗਵਾਈਆ। ਤੀਜੇ ਨੈਣ ਆਪੇ ਲੂਝੇ, ਚੌਥੇ ਪਦ ਸਮਾਈਆ। ਪੰਚਮ ਪਾਰਬ੍ਰਹਮ ਪ੍ਰਭ ਆਪੇ ਬੂਝੇ, ਮਿਲੇ ਸਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਆਦਿ ਪੁਰਖ ਸਰਬ ਘਟ ਦੇਵਾ, ਹਰਿ ਹਰਿ ਰੂਪ ਸਮਾਇਆ। ਅਜੂਨੀ ਰਹਿਤ ਅਲੱਖ ਅਭੇਵਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਹਰਿ ਸੰਤਨ ਵੇਖੇ ਸਾਚੀ ਸੇਵਾ, ਲੋਕਮਾਤ ਫੇਰੀ ਪਾਇਆ। ਗੁਣ ਵਿਖਾਏ ਰਸਨਾ ਜਿਹਵਾ, ਜੋ ਜਨ ਰਸਨਾ ਰਹੇ ਗਾਇਆ। ਕੌਸਤਕ ਮਣੀਆ ਮਸਤਕ ਲਾਏ ਥੇਵਾ, ਲਹਿਣਾ ਦੇਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿਨ ਅੰਤਾ ਹਰਿ ਭਗਵੰਤਾ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਕਰਨੇਹਾਰਾ, ਕਰਤਾ ਪੁਰਖ ਅਖਵਾਈਆ। ਆਦਿ ਸ਼ਕਤ ਖੇਲ ਅਪਾਰਾ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਨਾਮ ਭਗੌਤੀ ਖੰਡਾ ਅਪਾਰਾ, ਬ੍ਰਹਿਮੰਡਾਂ ਰਿਹਾ ਚਮਕਾਈਆ। ਮੇਟ ਮਿਟਾਏ ਧੂਆਂਧਾਰਾ, ਰੈਣ ਅੰਧੇਰਾ ਰਹਿਣ ਨਾ ਪਾਈਆ। ਰਵ ਸਸ ਕਰਨ ਨਿਮਸਕਾਰਾ, ਬੈਠੇ ਸੀਸ ਝੁਕਾਈਆ। ਮੰਡਲ ਮੰਡਪ ਦਏ ਸਹਾਰਾ, ਗਗਨ ਪਤਾਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਈਆ। ਆਪ ਆਪਣੀ ਵੰਡ ਵੰਡਾ, ਆਪਣੀ ਦਇਆ ਕਮਾਇੰਦਾ। ਆਪਣਾ ਲਹਿਣਾ ਆਪਣੀ ਝੋਲੀ ਪਾ, ਆਪੇ ਵੇਖ ਵਖਾਇੰਦਾ। ਭਾਣਾ ਸਹਿਣਾ ਹੁਕਮ ਜਣਾ, ਗੁਰ ਪੀਰ ਅਵਤਾਰ ਲੋਕਮਾਤ ਧਰਾਇੰਦਾ। ਸ਼ਬਦ ਸੁਨੇਹੁੜਾ ਇਕ ਘਲਾ, ਜੋਤੀ ਜੋਤ ਜਗਾਇੰਦਾ । ਨੇਤਰ ਨੈਣਾਂ ਦਰਸ ਦਿਖਾ, ਆਤਮ ਤ੍ਰਿਸ਼ਨਾ ਬੁਝਾਇੰਦਾ। ਬਸਤਰ ਗਹਿਣਾ ਏਕਾ ਪਾ, ਸ਼ਬਦ ਸ਼ਿੰਗਾਰ ਕਰਾਇੰਦਾ। ਸਾਚੇ ਘੋੜੇ ਰਿਹਾ ਚੜਾ, ਚਿਟਾ ਅਸਵ ਇਕ ਦੌੜਾਇੰਦਾ। ਸੋਲਾਂ ਕਲੀਆਂ ਆਸਣ ਲਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਅਨੂਪ ਸ਼ਾਹੋ ਭੂਪ ਹਰਿ ਭਗਵਾਨਾ, ਦੋ ਜਹਾਨਾਂ ਆਪਣਾ ਆਪ ਵਟਾਇੰਦਾ। ਭਗਵਨ ਰੂਪ ਭਗਤਨ ਲੇਖਾ, ਜੁਗ ਜੁਗ ਆਪ ਚੁਕਾਇਆ। ਲੱਖ ਚੁਰਾਸੀ ਪਾਏ ਭਰਮ ਭੁਲੇਖਾ, ਦਿਸ ਕਿਸੇ ਨਾ ਆਇਆ। ਆਪੇ ਲਿਖਣਹਾਰਾ ਮਸਤਕ ਰੇਖਾ, ਆਪੇ ਦਏ ਮਿਟਾਇਆ। ਆਪੇ ਵੇਖੇ ਮੂੰਡ ਮੁੰਡਾਏ ਧਾਰੀ ਕੇਸਾ, ਹਰ ਘਟ ਬੈਠਾ ਆਸਣ ਲਾਇਆ। ਆਪੇ ਜੋਤੀ ਰਾਮ ਕ੍ਰਿਸ਼ਨਾ ਰੂਪ ਵਟਾਇਆ। ਆਪੇ ਬ੍ਰਹਮਾ ਵਿਸ਼ਨ ਮਹੇਸ਼ਾ ਗਣਪਤ ਦਰ ਦਰਵੇਸ਼ਾ, ਆਪੇ ਅਲੱਖ ਜਗਾਇਆ। ਆਪੇ ਸ਼ਬਦ ਸਿੰਘਾਸਣ ਬੈਠ ਨਰ ਨਰੇਸ਼ਾ, ਆਪ ਆਪਣਾ ਹੁਕਮ ਸੁਣਾਇਆ। ਆਪੇ ਲੋਕਮਾਤ ਕਰੇ ਕਰਾਏ ਵੇਸਾ, ਜੁਗ ਜੁਗ ਵੇਸ ਵਟਾਇਆ। ਏਕਾ ਰੂਪ ਨਾ ਕੋਈ ਦਾੜ੍ਹੀ ਮੁੱਛ ਕੇਸਾ, ਪੰਜ ਤਤ ਨਾ ਕੋਈ ਜਣਾਇਆ। ਸੰਤ ਸੁਹੇਲੇ ਵਿਰਲੇ ਵੇਖਾ, ਦਰ ਕਬੀਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਖੇਲੇ ਖੇਲ ਘਨਕ ਪੁਰ ਵਾਸੀ, ਘਟ ਘਟ ਵਾਸੀ ਨਾਮ ਰਖਾਇਆ। ਘਟ ਘਟ ਅੰਤਰ ਹਰਿ ਨਿਰੰਕਾਰਾ, ਘਟ ਘਟ ਜੋਤ ਜਗਾਈਆ। ਘਟ ਘਟ ਕਰੇ ਆਪ ਪਸਾਰਾ, ਘਟ ਘਟ ਬੈਠਾ ਡੇਰਾ ਲਾਈਆ। ਘਟ ਘਟ ਜੋਤ ਨਿਰੰਜਣ ਕਰ ਉਜਿਆਰਾ, ਘਟ ਘਟ ਆਦਿ ਨਿਰੰਜਣ ਵੇਖ ਵਖਾਈਆ। ਘਟ ਘਟ ਅਨਹਦ ਸ਼ਬਦ ਵਜਾਏ ਸੱਚੀ ਧੁਨਕਾਰਾ, ਘਟ ਅਨਹਦ ਤਾਲ ਵਜਾਈਆ। ਘਟ ਘਟ ਆਤਮ ਸੇਜਾ ਕਰ ਪਿਆਰਾ, ਘਟ ਘਟ ਆਪੇ ਮੇਲ ਮਿਲਾਈਆ। ਘਟ ਘਟ ਅੰਦਰ ਪੁਰਖ ਪ੍ਰਖੋਤਮ ਨਾਰੀ ਨਾਰਾ, ਘਟ ਘਟ ਸੁਹੰਜਣੀ ਸੇਜ ਜਣਾਈਆ। ਗੁਰਮੁਖ ਵਿਰਲੇ ਮੇਲੇ ਵਿਚ ਸੰਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਇਕ ਇਕੱਲਾ ਪਾਵੇ ਸਾਰਾ, ਲੱਖ ਚੁਰਾਸੀ ਵੇਖ ਵਿਖਾਈਆ। ਤ੍ਰੇਤਾ ਤੇਰਾ ਪਾਰ ਕਿਨਾਰਾ, ਹਰਿ ਸਾਚਾ ਆਪ ਕਰਾਈਆ। ਵੇਦ ਵਿਆਸਾ ਬਣ ਲਿਖਾਰਾ, ਲੇਖਾ ਗਿਆ ਲਿਖਾਈਆ । ਨਾਨਕ ਗੋਬਿੰਦ ਬਣ ਭਿਖਾਰਾ, ਮੰਗੇ ਮੰਗ ਬੇਪਰਵਾਹੀਆ। ਪਾਰਬ੍ਰਹਮ ਲੈ ਅਵਤਾਰਾ, ਕਲਜੁਗ ਮੇਟੇ ਝੂਠੀ ਸ਼ਾਹੀਆ। ਸ਼ਬਦ ਖੰਡਾ ਤੇਜ ਕਟਾਰਾ, ਦੋ ਜਹਾਨਾਂ ਆਪ ਚਮਕਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਹੰ ਹੰਗਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਰੂਪ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਕਰਤਾਰ, ਆਪਣਾ ਆਪ ਕਰਾਇਆ। ਗੋਬਿੰਦ ਮੇਲਾ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਪੰਚਮ ਮੀਤਾ ਕਰ ਪਿਆਰ, ਪੰਚਮ ਮੋਹ ਚੁਕਾਇਆ। ਪੰਚਮ ਢਹਿ ਪਏ ਦਵਾਰ, ਪੰਚਮ ਗਲੇ ਲਗਾਇਆ। ਪੰਚਮ ਮਾਰੇ ਤੇਜ ਕਟਾਰ, ਪੰਚਮ ਖੰਡਾਂ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਨਿਰੰਕਾਰ ਤੇਰਾ ਤੇਰੀ ਝੋਲੀ ਪਾਈਆ।
