੨੫ ਮੱਘਰ ੨੦੧੫ ਬਿਕ੍ਰਮੀ ਲਾਲ ਸਿੰਘ ਦੇ ਘਰ ਪਿੰਡ ਹੇਰ ਤਹਿਸੀਲ ਨਕੋਦਰ ਜ਼ਿਲਾ ਜਲੰਧਰ
ਜੈ ਦੇਵ ਜੈ ਜੈਕਾਰ, ਏਕਾ ਦਰ ਵਡਿਆਈਆ। ਏਕਾ ਅੱਖਰ ਪਾਵੇ ਸਾਰ, ਏਕਾ ਵਿਦਿਆ ਬ੍ਰਹਮ ਵਡਿਆਈਆ। ਏਕਾ ਪੱਥਰ ਦੇਵੇ ਪਾੜ, ਹੰ ਹੰਗਤਾ ਰਹੇ ਨਾ ਰਾਈਆ। ਇਕ ਵਖਾਏ ਸਚ ਅਖਾੜ, ਸਚਖੰਡ ਵੱਜੀ ਵਧਾਈਆ। ਗੁਰਸਿਖ ਸਾਚਾ ਸਾਚਾ ਲਾੜ, ਹਰਿ ਸੱਜਣ ਵੇਖ ਵਖਾਈਆ। ਆਪੇ ਹੋਏ ਪਿੱਛੇ ਅਗਾੜ, ਦੋ ਜਹਾਨਾਂ ਸੇਵ ਕਮਾਈਆ। ਜੋਤ ਜਗਾਏ ਬਹੱਤਰ ਨਾੜ, ਸੁਰਤੀ ਸੁਰਤ ਆਪ ਭਵਾਈਆ। ਵਾ ਨਾ ਲੱਗੇ ਤੱਤੀ ਹਾੜ, ਪੰਜ ਤਤ ਨਾ ਕੋਈ ਸਤਾਈਆ। ਦਰ ਘਰ ਠਾਂਡੇ ਦੇਵੇ ਵਾੜ, ਅੰਮ੍ਰਿਤ ਜਲ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੈ ਜੈ ਜੈਕਾਰ, ਹਰਿ ਹਰਿ ਆਪ ਕਰਾਈਆ। ਜੈ ਜੈ ਜੈਕਾਰ ਹਰੀ ਹਰਿ ਦੇਵ, ਆਤਮ ਬ੍ਰਹਮ ਜਣਾਇਆ। ਅਗੰਮ ਅਗੋਚਰ ਅਲੱਖ ਅਭੇਵ, ਆਦਿ ਜੁਗਾਦੀ ਵੇਖ ਵਖਾਇਆ। ਗੁਰਸਿਖਾਂ ਕਾਇਆ ਫਲ ਲਗਾਏ ਮੇਵ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੁਲ ਫੁਲਵਾੜੀ ਵੇਖ ਵਖਾਇਆ। ਜੈ ਜੈ ਜੈਕਾਰ ਦੇਵ, ਗੁਰ ਇਸ਼ਟ ਸਤਿ ਸਰੂਪ ਸਮਾਈਆ। ਅਬਿਨਾਸ਼ੀ ਕਰਤਾ ਵੇਖ ਸ੍ਰਿਸ਼ਟ, ਲੋਕਮਾਤ ਖੇਲ ਖਿਲਾਈਆ। ਗੁਰਮੁਖ ਵਿਰਲੇ ਆਪ ਖੁਲ੍ਹਾਏ ਅੰਤਰ ਦ੍ਰਿਸ਼ਟ, ਭਰਮੇ ਭੁੱਲੀ ਸਰਬ ਲੋਕਾਈਆ । ਮੇਲ ਮਿਲਾਵਾ ਰਾਮਾ ਵਸ਼ਿਸ਼ਟ, ਵਿਸ਼ਨੂੰ ਰੂਪ ਆਪ ਸਮਾਈਆ। ਥਿਤ ਵਾਰ ਨਾ ਜਾਣੇ ਕੋਈ ਧਨਿਸ਼ਟ, ਕਾਦਰ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੈ ਜੈ ਜੈਕਾਰ ਨਾਮ ਧਰਾਈਆ। ਜੈ ਜੈਕਾਰ ਹਰਿ ਹਰਿ ਨਾਉਂ, ਆਦਿ ਅੰਤ ਕਰਾਇੰਦਾ। ਗੁਰਮੁਖ ਮੇਲਾ ਸਾਚੇ ਥਾਉਂ, ਘਰ ਘਰ ਵਿਚ ਡੇਰਾ ਲਾਇੰਦਾ। ਕਰਨਹਾਰ ਸਚ ਨਿਆਉਂ, ਜੁਗ ਜੁਗ ਵੇਸ ਵਟਾਇੰਦਾ। ਗ਼ਰੀਬ ਨਿਮਾਣੇ ਪਕੜੇ ਬਾਹੋਂ, ਆਪ ਆਪਣੇ ਅੰਗ ਸਮਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਚਾ ਲਾਲ ਅਨਮੁਲਾ, ਹਰਿ ਹਰਿ ਵੇਖ ਵਖਾਇੰਦਾ। ਸ਼ਬਦ ਕੰਡੇ ਏਕਾ ਤੁਲਾ, ਜਗਤ ਕੀਮਤ ਕੋਈ ਨਾ ਪਾਇੰਦਾ। ਭਾਗ ਲਗਾਏ ਸਾਚੀ ਕੁਲਾ, ਕੁਲ ਕੁਲਵੰਤਾ ਆਪ ਅਖਵਾਇੰਦਾ। ਲੱਖ ਚੁਰਾਸੀ ਮਾਨਸ ਜਨਮ ਨਾ ਰੁਲਾ, ਸਤਿਗੁਰ ਪੂਰਾ ਲੇਖੇ ਲਾਇੰਦਾ। ਧਰਤ ਧਵਲ ਫਲਿਆ ਫੁਲਾ, ਫਲ ਫੁਲਵਾੜੀ ਆਪ ਸੁਹਾਇੰਦਾ। ਚਰਨ ਪ੍ਰੀਤੀ ਘੋਲ ਘੁਲਾ, ਮਸਤਕ ਟਿੱਕਾ ਧੂੜੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਲ ਤਰਾਇੰਦਾ। ਲਾਲ ਲਾਲੜਾ ਲਾਲ ਗੁਲਾਲ, ਤ੍ਰਲੋਕੀ ਨਾਮ ਚੜ੍ਹਾਈਆ। ਸ਼ਬਦ ਵਿਚੋਲਾ ਗੁਰ ਦਲਾਲ, ਲੋਕਮਾਤ ਕਰੇ ਕੁੜਮਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਤਤਵ ਤਤ ਪੰਜ ਸਮਾਈਆ। ਨੂਰੀ ਜਲਵਾ ਇਕ ਜਲਾਲ, ਜੋਤ ਨਿਰੰਜਣ ਨੂਰ ਇਲਾਹੀਆ। ਦੀਪਕ ਬਾਤੀ ਸਾਚੀ ਬਾਲ, ਅਗਿਆਨ ਅੰਧੇਰ ਮਿਟਾਈਆ। ਗਗਨ ਮਸਤਕ ਏਕਾ ਥਾਲ, ਬ੍ਰਹਿਮੰਡ ਵੇਖ ਵਖਾਈਆ। ਸੁਤ ਦੁਲਾਰੇ ਆਪੇ ਭਾਲ, ਆਪ ਆਪਣੀ ਬੂਝ ਬੁਝਾਈਆ। ਚਲੇ ਬੇਹੰਗਮ ਏਕਾ ਚਾਲ, ਸੁਰਤੀ ਸ਼ਬਦ ਸ਼ਬਦ ਸੁਰਤੀ ਆਪ ਸਮਾਈਆ। ਤੋੜਣਹਾਰਾ ਜਗਤ ਜੰਜਾਲ, ਵਡ ਦਾਤਾ ਬੇਪਰਵਾਹੀਆ। ਸਦਾ ਸੁਹੇਲਾ ਵਸੇ ਨਾਲ, ਵਿਛੜ ਕਦੇ ਨਾ ਜਾਈਆ। ਲਹਿਣਾ ਦੇਣ ਚੁਕਾਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਆਪੇ ਭਾਲ, ਆਪ ਆਪਣਾ ਮੇਲ ਮਿਲਾਈਆ। ਮਿਲਿਆ ਮੇਲਾ ਧੁਰਦਰਗਹਿ, ਹਰਿ ਸੱਜਣ ਹਰਿ ਹਰਿ ਪਾਇਆ। ਇਕ ਜਪਾਇਆ ਸਾਚਾ ਨਾਂ, ਦੂਜਾ ਭੇਵ ਚੁਕਾਇਆ। ਤੀਜੇ ਨੈਣ ਦਰਸ ਦਰਸਾ, ਆਤਮ ਬ੍ਰਹਮ ਵਿਖਾਇਆ। ਚੌਥੇ ਪਦ ਡੇਰਾ ਲਾ, ਪੰਚਮ ਮੋਹ ਚੁਕਾਇਆ। ਪੰਚਮ ਮੇਲਾ ਸਹਿਜ ਸੁਭਾ, ਘਰ ਸਾਚੇ ਮੰਗਲ ਗਾਇਆ। ਅਨਹਦ ਤਾਲ ਅਨਾਦੀ ਆਪ ਵਜਾ, ਬ੍ਰਹਮ ਪਾਰਬ੍ਰਹਮ ਸਮਾਇਆ। ਬੋਧ ਅਗਾਧੀ ਭੇਵ ਖੁਲ੍ਹਾ, ਮੰਦਰ ਅੰਦਰ ਕੁੰਡਾ ਲਾਹਿਆ। ਦਸਮ ਦੁਆਰੀ ਦੀਪ ਜਗਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਅੰਮ੍ਰਿਤ ਠਾਂਡੀ ਧਾਰ ਵਹਾ, ਕਵਲ ਕਵਲਾ ਮੁਖ ਭਵਾਇਆ। ਆਤਮ ਸੇਜਾ ਰਿਹਾ ਸੁਹਾ, ਸਚ ਸਿੰਘਾਸਣ ਡੇਰਾ ਲਾਇਆ। ਪ੍ਰਿਥਮੀ ਅਕਾਸ਼ ਫੇਰਾ ਪਾ, ਗਗਨ ਪਤਾਲਾਂ ਵੇਖ ਵਖਾਇਆ। ਲੱਖ ਚੁਰਾਸੀ ਫੋਲ ਫੁਲਾ, ਮਾਨਸ ਮਾਨੁਖ ਆਪ ਜਗਾਇਆ। ਸੰਤ ਸੁਹੇਲੇ ਲਏ ਉਠਾ, ਗੁਰ ਗੁਰ ਚੇਲੇ ਰੰਗ ਰੰਗਾਇਆ। ਨਾਮ ਮੰਤਰ ਇਕ ਦ੍ਰਿੜਾ, ਏਕਾ ਰੂਪ ਵਖਾਇਆ। ਜਗਤ ਸਹਿਸਾ ਰੋਗ ਮਿਟਾ, ਹਉਮੇ ਗੜ੍ਹ ਤੁੜਾਇਆ। ਸੋਹੰ ਸਾਚੀ ਚੋਗ ਚੁਗਾ, ਹੰ ਬ੍ਰਹਮ ਭੇਵ ਨਾ ਰਾਇਆ। ਸਤਿ ਸਰੂਪੀ ਗਿਆ ਸਮਾ, ਸਾਂਤਕ ਸਤਿ ਵਰਤਾਇਆ। ਆਦਿ ਨਿਰੰਜਣ ਖੇਲ ਖਿਲਾ, ਜੋਤ ਨਿਰੰਜਣ ਵੇਖ ਵਖਾਇਆ। ਜਗਤ ਵਿਕਾਰਾ ਭੱਠ ਤਪਾ, ਨੇਤਰ ਨੈਣਾਂ ਨੀਰ ਵਹਾਇਆ। ਭਾਣਾ ਸਹਿਣਾ ਹੁਕਮ ਜਣਾ, ਏਕਾ ਬੂਝ ਬੁਝਾਇਆ। ਲਹਿਣਾ ਦੇਣਾ ਮੂਲ ਚੁਕਾ, ਲਾਲ ਦਲਾਲ ਨਾਮ ਘਸਵਟੀ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵਣਹਾਰਾ ਸਾਚਾ ਵਰ, ਜੈ ਦੇਵ ਲਗਾ ਨਿਉਂ ਕਾਇਆ ਬਿਰਖ, ਨਾ ਕੋਈ ਸੋਗ ਨਾ ਕੋਈ ਹਰਖ, ਅੰਮ੍ਰਿਤ ਆਤਮ ਏਕਾ ਬਰਖ, ਧੀਰਜ ਯਤ ਸੰਤੋਖ ਸਤਿ ਆਤਮ ਬ੍ਰਹਮ ਸਾਚਾ ਧਰਮ ਏਕਾ ਕਰਮ, ਨੇਤਰ ਨੈਣ ਦਰਸ਼ਨ ਹਰਿ ਹਰਿ ਪਾਇਆ।
ਆਸਰਾ ਇਕ ਪੁਰਖ ਅਕਾਲ, ਗੁਰਮੁਖ ਸਾਚਾ ਰਿਹਾ ਰਖਾਈਆ। ਦੀਨਾ ਬੰਧਪ ਦੀਨ ਦਿਆਲ, ਭਵ ਸਾਗਰ ਪਾਰ ਕਰਾਈਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਈਆ। ਕਾਇਆ ਮੰਦਰ ਵੇਖ ਸੱਚੀ ਧਰਮਸਾਲ, ਘਰ ਬੈਠਾ ਬੇਪਰਵਾਹੀਆ। ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਲੁੱਟ ਕੋਇ ਨਾ ਜਾਈਆ। ਚਰਨ ਪ੍ਰੀਤੀ ਘਾਲਣ ਲਈ ਘਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਏਕਾ ਵਰ, ਨਾਮ ਨਾਮਾ ਇਕ ਜਣਾਈਆ। ਭਗਤਨ ਮੰਗ ਅਪਾਰ, ਜੁਗ ਜੁਗ ਵਡਿਆਈਆ। ਚਰਨ ਕਵਲ ਇਕ ਪਿਆਰ, ਏਕਾ ਓਟ ਰਖਾਈਆ। ਏਕਾ ਨੇਤਰ ਇਕ ਗਿਆਨ, ਏਕਾ ਰਿਹਾ ਬੁਝਾਈਆ। ਏਕਾ ਸ਼ਬਦ ਦਰ ਪਰਵਾਨ, ਏਕਾ ਰਿਹਾ ਬੁਝਾਈਆ। ਏਕਾ ਰੂਪ ਸ੍ਰੀ ਭਗਵਾਨ, ਹਰ ਘਟ ਅੰਦਰ ਨਜ਼ਰੀ ਆਈਆ। ਚਤੁਰ ਸੁਘੜ ਜਨ ਸੁਜਾਣ, ਜਿਸ ਜਨ ਆਪਣੀ ਬੂਝ ਬੁਝਾਈਆ। ਦੇਵਣਹਾਰਾ ਦਾਨੀ ਦਾਨ, ਬ੍ਰਹਮ ਗਿਆਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੁੱਚ ਰਿਹਾ ਵਰਤਾਈਆ।
ਜਗਤ ਵਿਛੋੜਾ ਅੱਗ ਹੈ, ਹਰਿ ਭਗਤਨ ਮੀਤ ਮੁਰਾਰ। ਸ਼ਬਦ ਘੋੜਾ ਸੂਰਾ ਸਰਬੱਗ ਹੈ, ਹਰਿ ਸੱਜਣ ਸ਼ਾਹ ਅਸਵਾਰ। ਗੁਰਮੁਖ ਹੰਸ ਬਣਾਏ ਕੱਗ ਹੈ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਦੀਪਕ ਜੋਤੀ ਜਾਣਾ ਜਗ ਹੈ, ਜਿਸ ਜਨ ਮੇਲਾ ਵਿਚ ਸੰਸਾਰ। ਦਰਸ ਦਿਖਾਏ ਉਪਰ ਸ਼ਾਹ ਰਗ ਹੈ, ਲਹਿਣਾ ਚੁੱਕੇ ਨੌਂ ਦਵਾਰ। ਪੰਜ ਤਤ ਵਿਕਾਏ ਬੁਝਾਏ ਅੱਗ ਹੈ, ਨੇੜ ਨਾ ਆਏ ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਰਨ ਸਰਨਾਈ ਜੋ ਜਨ ਗਿਆ ਲੱਗ ਹੈ, ਫੜ ਬਾਹੋਂ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਭਾਰ। ਹਰਿ ਸੱਜਣ ਹਰਿ ਮੇਲਿਆ, ਗੁਰਮੁਖ ਬ੍ਰਹਮ ਵਿਚਾਰ। ਆਪੇ ਗੁਰੂ ਗੁਰੂ ਗੁਰ ਚੇਲਿਆ, ਆਪੇ ਰਿਹਾ ਪੈਜ ਸਵਾਰ। ਦੋ ਜਹਾਨਾਂ ਸਚ ਸੁਹੇਲਿਆ, ਵਰਭੰਡੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਲੜ, ਨਿਹਕਲੰਕ ਨਰ ਅਵਤਾਰ।
ਸਤਿਗੁਰ ਪੂਰਾ ਸਤਿ ਹੈ, ਸਤਿ ਸਤਿ ਸਮਾਏ। ਏਕਾ ਦੇਵੇ ਬ੍ਰਹਮ ਮਤ ਹੈ, ਮਨਮਤ ਰਹਿਣ ਨਾ ਪਾਏ। ਬਹੱਤਰ ਨਾੜ ਨਾ ਉਬਲੇ ਰੱਤ ਹੈ, ਧੀਰਜ ਯਤ ਇਕ ਧਰਾਏ। ਚਰਨ ਕਵਲ ਬੰਧਾਏ ਨਤ ਹੈ, ਨਾਤਾ ਬਿਧਾਤਾ ਆਪ ਹੋ ਜਾਏ। ਦੇਵੇ ਨਾਮ ਸਾਚੀ ਵਥ ਹੈ, ਚੌਦਾਂ ਲੋਕ ਹੱਥ ਨਾ ਆਏ। ਜੁਗ ਜੁਗ ਚਲਾਏ ਸਾਚਾ ਰਥ ਹੈ, ਗੁਰਮੁਖ ਸਾਚੇ ਲਏ ਚੜ੍ਹਾਏ। ਸਰਬ ਕਲਾ ਆਪੇ ਸਮਰਥ ਹੈ, ਏਕੰਕਾਰਾ ਨਾਉਂ ਧਰਾਏ। ਲਹਿਣਾ ਦੇਣਾ ਚੁਕਾਏ ਤੀਰਥ ਅਠ ਸਠ ਹੈ, ਚਰਨ ਧੂੜ ਜੋ ਜਨ ਨੁਹਾਏ। ਸਾਚਾ ਮੰਦਰ ਸ਼ਿਵਦੁਆਲਾ ਮੱਠ ਹੈ, ਕਾਇਆ ਗੁਰੂਦਵਾਰ ਇਕ ਜਣਾਏ। ਵੇਖਣਹਾਰਾ ਘਟ ਘਟ ਹੈ, ਹਰ ਘਟ ਬੈਠਾ ਆਸਣ ਲਾਏ। ਖੇਲੇ ਖੇਲ ਬਾਜ਼ੀਗਰ ਨਟ ਹੈ, ਕਲਜੁਗ ਸਵਾਂਗੀ ਸਵਾਂਗ ਵਰਤਾਏ। ਆਤਮ ਅੰਤਰ ਏਕਾ ਤੀਰਥ ਤੱਟ ਹੈ, ਅੰਮ੍ਰਿਤ ਸਰ ਸਰੋਵਰ ਆਪ ਭਰਾਏ। ਗੁਰਮੁਖ ਵਿਰਲਾ ਰਸਨਾ ਰਿਹਾ ਚਟ ਹੈ, ਮਨਮੁਖਾਂ ਹੱਥ ਨਾ ਆਏ। ਸੰਤ ਸੁਹੇਲਾ ਲਾਹਾ ਲਏ ਖਟ ਹੈ, ਲੱਖ ਚੁਰਾਸੀ ਰਹੀ ਕੁਰਲਾਏ। ਭਾਗ ਲੱਗੇ ਕਾਇਆ ਮਟ ਹੈ, ਨਿਰਗੁਣ ਜੋਤ ਕਰੇ ਰੁਸ਼ਨਾਏ। ਲਹਿਣਾ ਦੇਣਾ ਚੁਕਾਏ ਆਨ ਬਾਟ ਹੈ, ਮਾਤ ਗਰਭ ਫੇਰ ਨਾ ਆਏ। ਅੱਗੇ ਨੇੜੇ ਦਿਸੇ ਵਾਟ ਹੈ, ਕਲਜੁਗ ਕੂੜਾ ਮੁਖ ਸ਼ਰਮਾਏ। ਆਪ ਉਤਾਰੇ ਸਾਚੇ ਘਾਟ ਹੈ, ਹਰਿ ਬੇੜਾ ਰਿਹਾ ਚਲਾਏ। ਬਜ਼ਰ ਕਪਾਟੀ ਜਾਏ ਪਾਟ ਹੈ, ਜਿਸ ਜਨ ਪਰਦਾ ਆਪਣਾ ਲਾਹੇ। ਅੰਤਰ ਆਤਮ ਸਾਚੀ ਖਾਟ ਹੈ, ਹਰਿ ਬੈਠਾ ਆਸਣ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਾਲ ਤਰਾਏ। ਲਾਲ ਅਨਮੁਲਾ ਹਰਿ ਭਗਵੰਤਾ, ਏਕਾ ਏਕ ਅਖਵਾਈਆ। ਹੱਥ ਫੜਾਏ ਧਰਮ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਈਆ। ਵੇਖੇ ਖੇਲ ਗੋਪੀ ਕਾਹਨਾ, ਮੰਡਲ ਰਾਸ ਆਪ ਨਚਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣਾ, ਜਾਨਣਹਾਰ ਦਿਸ ਨਾ ਆਈਆ। ਸੰਤ ਸੁਹੇਲੇ ਕਰ ਪਛਾਣ, ਆਦਿ ਜੁਗਾਦਿ ਮੇਲ ਮਿਲਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਜਗ ਤ੍ਰਿਸ਼ਨਾ ਭੁੱਖ ਮਿਟਾਈਆ। ਮੇਲ ਮਿਲਾਵਾ ਗੁਣ ਨਿਧਾਨ, ਆਦਿ ਨਿਰੰਜਣ ਵਡ ਵਡਿਆਈਆ। ਏਕਾ ਸ਼ਬਦ ਧੁਰ ਫ਼ਰਮਾਣ, ਗੁਰਮੁਖ ਸਾਚੇ ਆਪ ਸੁਣਾਈਆ। ਧੁਨੀ ਨਾਦ ਸੱਚੀ ਧੁਨਕਾਨ, ਅਨਹਦ ਸੇਵ ਕਮਾਈਆ। ਪੰਚਮ ਸਖੀਆਂ ਏਕਾ ਗਾਣ, ਮੰਗਲ ਰਾਗ ਇਕ ਅਲਾਈਆ। ਛੱਤੀ ਰਾਗ ਭੇਵ ਨਾ ਪਾਣ, ਪਾਰਬ੍ਰਹਮ ਵੱਡੀ ਵਡਿਆਈਆ। ਜੋਧਾ ਸੂਰਬੀਰ ਬਲੀ ਬਲਵਾਨ, ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵਣਹਾਰਾ ਵਰ, ਏਕਾ ਬੂਝ ਬੁਝਾਈਆ। ਸ਼ਬਦ ਸੁਰਤ ਸਚ ਗਿਆਨ, ਹਰਿਜਨ ਆਪ ਦ੍ਰਿੜਾਇੰਦਾ। ਚਰਨ ਕਵਲ ਹਰਿ ਧਿਆਨ, ਦੂਸਰ ਨਾ ਕੋਈ ਵਖਾਇੰਦਾ। ਸਤਿਗੁਰ ਪੂਰਾ ਮਿਹਰਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਦਰਗਹਿ ਸਾਚੀ ਦੇਵੇ ਮਾਣ, ਥਿਰ ਘਰ ਵਾਸੀ ਵੇਖ ਵਖਾਇੰਦਾ। ਸੰਤ ਸੁਹੇਲੇ ਕਰ ਪਛਾਣ, ਆਪ ਆਪਣੇ ਰੰਗ ਰੰਗਾਇੰਦਾ। ਮਾਰਨਹਾਰਾ ਨਾਮ ਬਾਣ, ਰਸਨਾ ਚਿਲਾ ਇਕ ਚੜ੍ਹਾਇੰਦਾ। ਲੱਖ ਚੁਰਾਸੀ ਫੰਦ ਕਟਾਨ, ਧਰਮ ਰਾਏ ਮੁਖ ਭਵਾਇੰਦਾ। ਲਾੜੀ ਮੌਤ ਨੈਣ ਸ਼ਰਮਾਣ, ਜੋ ਜਨ ਚਰਨੀ ਸੀਸ ਝੁਕਾਇੰਦਾ। ਸ਼ਬਦ ਅਨਮੁਲਾ ਦੇਵੇ ਬਿਬਾਣ, ਅੰਤਮ ਵੇਲੇ ਆਪ ਉਠਾਇੰਦਾ। ਲੋਆਂ ਪੁਰੀਆਂ ਪਾਰ ਮਕਾਨ, ਸਚਖੰਡ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਲੇਖੇ ਲਾਏ ਦਰ, ਆਤਮ ਘਰ ਇਕ ਸੁਹਾਇੰਦਾ। ਆਤਮ ਘਰ ਹਰਿ ਨਿਰੰਕਾਰ, ਏਕਾ ਏਕ ਉਪਾਇਆ। ਜੋਤੀ ਨੂਰ ਕਰ ਉਜਿਆਰ, ਦਿਵਸ ਰੈਣ ਡਗਮਗਾਇਆ। ਪੰਜ ਤਤ ਨਾ ਕੋਈ ਵਿਕਾਰ, ਪੰਚਮ ਮੋਹ ਨਾ ਕੋਈ ਰਖਾਇਆ। ਪੰਚ ਸ਼ਬਦ ਸੱਚੀ ਧੁਨਕਾਰ, ਧੁਨ ਅਨਾਦ ਆਪ ਵਜਾਇਆ। ਖੋਲ੍ਹੇ ਸੁਨ ਅਪਰ ਅਪਾਰ, ਆਪ ਆਪਣਾ ਰੂਪ ਦਰਸਾਇਆ। ਗੁਰਮੁਖ ਸਾਚੇ ਚੁਣ ਵਿਚ ਸੰਸਾਰ, ਗੁਣਵੰਤਾ ਲੇਖੇ ਲਾਇਆ। ਭੇਵ ਨਾ ਪਾਇਣ ਰਿਖ ਮੁਨ, ਸਾਧ ਸੰਤ ਰਹੇ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪੁਕਾਰ ਰਿਹਾ ਸੁਣ, ਸੁਨਣਹਾਰ ਦਿਸ ਨਾ ਆਇਆ। ਗੁਰਮੁਖ ਤੇਰੀ ਸਾਚੀ ਧਾਰ, ਆਤਮ ਆਪ ਚਲਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਨਿਰਗੁਣ ਸਰਗੁਣ ਦੇਵੇ ਵਡ ਵਡਿਆਈਆ। ਨਿਰਗੁਣ ਜੋਤੀ ਇਕ ਜਗਾ, ਸਰਗੁਣ ਵੇਖ ਵਖਾਈਆ। ਨਿਰਗੁਣ ਨਾਮ ਇਕ ਉਪਾ, ਸਰਗੁਣ ਝੋਲੀ ਆਪ ਭਰਾਈਆ। ਨਿਰਗੁਣ ਦੀਪਕ ਇਕ ਜਗਾ, ਸਰਗੁਣ ਵਿਚ ਟਿਕਾਈਆ। ਨਿਰਗੁਣ ਸ਼ਬਦ ਆਪ ਉਪਾ, ਸਰਗੁਣ ਰਿਹਾ ਸਮਾਈਆ। ਨਿਰਗੁਣ ਪੰਜ ਤਤ ਆਪ ਰਚਾ, ਸਰਗੁਣ ਮੇਲ ਮਿਲਾਵਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਜਗ ਕਰਤਾ ਨਾਉਂ ਧਰਾਈਆ। ਜਗ ਕਰਤਾ ਹਰਿ ਸਿਰਜਣਹਾਰ, ਨਰ ਨਰਾਇਣ ਆਪ ਅਖਵਾਇਆ। ਲੋਕਮਾਤ ਲਏ ਅਵਤਾਰ, ਆਪ ਆਪਣਾ ਨਾਉਂ ਧਰਾਇਆ। ਕਲਜੁਗ ਤੇਰੀ ਪਾਵੇ ਸਾਰ, ਖੰਡ ਬ੍ਰਹਿਮੰਡ ਜੇਰਜ ਅੰਡ ਵੇਖ ਵਖਾਇਆ। ਲੋਆਂ ਪੁਰੀਆਂ ਦਏ ਹੁਲਾਰ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇਆ। ਸੱਤਾਂ ਦੀਪਾਂ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਇਆ। ਮਾਨਸ ਮਾਨੁਖ ਵੇਖ ਵਿਚਾਰ, ਗੁਰਮੁਖ ਸਾਚੇ ਰਿਹਾ ਉਠਾਇਆ। ਸ਼ਬਦ ਸ਼ਬਦੀ ਤੇਜ ਕਟਾਰ, ਨਾਮ ਖੰਡਾ ਹੱਥ ਉਠਾਇਆ। ਦੂਤੀ ਦੁਸ਼ਟ ਦੇਵੇ ਮਾਰ, ਪੰਚ ਵਿਕਾਰ ਰਹਿਣ ਨਾ ਪਾਇਆ। ਮਨ ਮਤ ਏਕਾ ਧਾਰ, ਕਲਜੁਗ ਤੇਰੇ ਵਹਿਣ ਰੁੜ੍ਹਾਇਆ। ਗੁਰਮੁਖ ਸਾਚਾ ਕਰ ਉਜਿਆਰ, ਚਾਰ ਵਰਨਾਂ ਦਏ ਸਮਝਾਇਆ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਪਿਆਰ, ਏਕਾ ਰੰਗ ਰੰਗਾਇਆ। ਏਕਾ ਘਰ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਏਕਾ ਰੂਪ ਅਗੰਮ ਅਪਾਰ, ਸ਼ਾਹੋ ਭੂਪ ਇਕ ਅਖਵਾਇਆ। ਚਾਰੇ ਕੂਟ ਪਾਵੇ ਸਾਰ, ਦਹਿ ਦਿਸ਼ਾ ਫੇਰੀ ਪਾਇਆ। ਸ਼ਬਦ ਪੰਘੂੜਾ ਰਿਹਾ ਝੂਟ, ਨਿਰਗੁਣ ਨਿਰਗੁਣ ਆਪ ਹਿਲਾਇਆ। ਸਰਗੁਣ ਉਪਰ ਆਪੇ ਤੁਠ, ਆਪ ਆਪਣੇ ਵਿਚ ਟਿਕਾਇਆ। ਅੰਮ੍ਰਿਤ ਦੇਵੇ ਏਕਾ ਘੁੱਟ, ਨਿਝਰ ਝਿਰਨਾ ਇਕ ਝਿਰਾਇਆ। ਬਜ਼ਰ ਕਪਾਟੀ ਜਾਏ ਟੁੱਟ, ਸ਼ਬਦ ਖੰਡਾ ਏਕਾ ਵਾਹਿਆ। ਆਵਣ ਜਾਵਣ ਜਾਏ ਛੁੱਟ, ਜੋ ਜਨ ਸਰਨਾਈ ਆਇਆ। ਜੰਗਲ ਜੂਹ ਉਜਾੜ ਪਹਾੜ ਗੁਰਮੁਖ ਵੇਖੇ ਤੀਰਥ ਤੱਟ ਕੋਟੀ ਕੋਟ, ਹਰਿ ਕਾ ਰੂਪ ਦਿਸ ਨਾ ਆਇਆ। ਕੋਟੀ ਕੋਟ ਬੰਨ੍ਹ ਲੰਗੋਟ, ਅਗਨੀ ਤਨ ਰਹੇ ਤਪਾਇਆ। ਕੋਟੀ ਕੋਟ ਬੋਲਣ ਜੂਠ ਝੂਠ, ਮਾਇਆ ਮਮਤਾ ਮੋਹ ਰਖਾਇਆ। ਅਬਿਨਾਸ਼ੀ ਕਰਤਾ ਗਿਆ ਰੁਠ, ਨਾ ਸਕੇ ਕੋਈ ਮਨਾਇਆ। ਕਲਜੁਗ ਖਾਲੀ ਦਿਸਣ ਠੂਠ, ਨਾਮ ਭੰਡਾਰ ਨਾ ਕੋਈ ਵਰਤਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਏਕਾ ਮੁੱਠ, ਆਪ ਆਪਣੇ ਲਏ ਉਠਾਇਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁਠ, ਆਪ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਉਪਰ ਧਵਲ ਸਾਵਲ ਸਵਲ ਰੂਪ ਵਟਾਇਆ। ਧਰਤ ਧਵਲ ਹਰਿ ਵਿਚਾਰ, ਵੇਖੇ ਸਰਬ ਲੋਕਾਈਆ। ਕੂੜੀ ਕਿਰਿਆ ਰਹੀ ਹਾਰ, ਸਤਿ ਸੰਤੋਖ ਨਾ ਕੋਈ ਜਣਾਈਆ। ਸਾਧਾਂ ਸੰਤਾਂ ਆਈ ਹਾਰ, ਧੀਰਜ ਯਤ ਗਵਾਈਆ। ਆਤਮ ਬ੍ਰਹਮ ਨਾ ਪਾਵੇ ਸਾਰ, ਏਕਾ ਰੂਪ ਨਾ ਕੋਈ ਜਣਾਈਆ। ਨੀਚ ਕਰਮ ਹੋਏ ਵਿਭਚਾਰ, ਕਾਮ ਕਰੋਧ ਲੋਭ ਮੋਹ ਹਲਕਾਈਆ। ਖੜਗ ਖੰਡਾ ਨਾ ਕੋਈ ਕਟਾਰ, ਦੂਈ ਦਵੈਤੀ ਨਾ ਕੋਈ ਮਿਟਾਈਆ। ਨਾਮ ਮਰਦੰਗ ਨਾ ਵਜਾਏ ਕੋਈ ਸੰਸਾਰ, ਸਚ ਸਾਰੰਗੀ ਨਾ ਕੋਈ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਕਰੇ ਰੁਸ਼ਨਾਈਆ।
ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਏਕਾ ਏਕੰਕਾਰਿਆ। ਖੇਲੇ ਖੇਲ ਆਦਿ ਜੁਗਾਦਿ, ਜੋਤੀ ਜੋਤ ਨੂਰ ਉਜਿਆਰਿਆ। ਪਾਰਬ੍ਰਹਮ ਪੁਰਖ ਅਬਿਨਾਸ਼, ਆਪ ਆਪਣੀ ਕਲ ਵਰਤਾ ਰਿਹਾ। ਆਦਿ ਨਿਰੰਜਣ ਹੋ ਪ੍ਰਕਾਸ਼, ਆਦਿ ਸ਼ਕਤ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾ ਰਿਹਾ।
ਹਰਿ ਸ਼ਬਦ ਅਪਾਰ, ਸਤਿਗੁਰ ਵਿਚ ਟਿਕਾਈਆ। ਸਤਿਗੁਰ ਸ਼ਬਦ ਜੈਕਾਰ, ਗੁਰਮੁਖ ਲਏ ਜਗਾਈਆ। ਗੁਰਮੁਖ ਸ਼ਬਦ ਪਿਆਰ, ਸੁਰਤੀ ਸ਼ਬਦ ਸਮਾਈਆ । ਮਨਮੁੱਖ ਸੁੱਤੇ ਪੈਰ ਪਸਾਰ, ਕਲਜੁਗ ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਹਰਿ ਸ਼ਬਦ ਸ਼ਬਦ ਅਥਾਹ, ਸਤਿਗੁਰ ਵਿਚ ਟਿਕਾਇੰਦਾ। ਸਤਿਗੁਰ ਸ਼ਬਦ ਭਗਤ ਮਲਾਹ, ਗੁਰਮੁਖ ਆਪ ਤਰਾਇੰਦਾ। ਗੁਰਮੁਖ ਮੇਲਾ ਸਾਚੇ ਨਾਉਂ, ਏਕਾ ਨਾਉਂ ਰਸਨਾ ਗਾਇੰਦਾ। ਬੇਮੁਖਾਂ ਦਿਸੇ ਨਾ ਕੋਈ ਥਾਉਂ, ਦਰ ਦਵਾਰ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ । ਹਰਿ ਸ਼ਬਦ ਸ਼ਬਦ ਬੇਅੰਤ, ਹਰਿ ਹਰਿ ਆਪ ਉਪਾਇੰਦਾ। ਸਤਿਗੁਰ ਸ਼ਬਦ ਸਾਚਾ ਕੰਤ, ਗੁਰਮੁਖ ਨਾਰੀ ਆਪ ਪ੍ਰਨਾਇੰਦਾ। ਗੁਰਸਿਖ ਬਣਾਏ ਸਾਚੀ ਬਣਤ, ਲੋਕਮਾਤ ਵੇਖ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇੰਦਾ। ਸਤਿਗੁਰ ਸ਼ਬਦ ਠਾਂਡਾ ਸੀਤ, ਗੁਰਮੁਖਾਂ ਕਰੇ ਪਿਆਰਿਆ। ਗੁਰਮੁਖ ਪਰਖੇ ਸਾਚੀ ਨੀਤ, ਏਕਾ ਰੂਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿ ਸ਼ਬਦ ਬਲਵਾਨ, ਸਤਿਗੁਰ ਹੱਥ ਵਡਿਆਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਗੁਰਮੁਖਾਂ ਝੋਲੀ ਪਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਆਪਣੇ ਰੰਗ ਰੰਗਾਈਆ। ਮਨਮੁਖ ਭੁੱਲੇ ਜੀਵ ਨਿਧਾਨ, ਹਰਿ ਕਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਹਰਿ ਸ਼ਬਦ ਸ਼ਾਹੋ ਭੂਪ, ਸਤਿਗੁਰ ਵਿਚ ਟਿਕਾਇਆ। ਸਤਿਗੁਰ ਪੂਰਾ ਸਤਿ ਸਰੂਪ, ਗੁਰਮੁਖ ਸਾਚੇ ਲਏ ਤਰਾਇਆ। ਗੁਰਸਿਖ ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਪ੍ਰਨਾਇਆ। ਮਨਮੁਖ ਜੀਵ ਗਏ ਰੂਠ, ਦੂਸਰ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇਆ। ਹਰਿ ਸ਼ਬਦ ਹਰਿ ਨਿਸ਼ਾਨ, ਸਤਿਗੁਰ ਹੱਥ ਉਠਾਈਆ। ਸਤਿਗੁਰ ਵੇਖੇ ਦੋ ਜਹਾਨ, ਗੁਰਮੁਖਾਂ ਮੇਲ ਮਿਲਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਬ੍ਰਹਮ ਵਖਾਈਆ। ਮਨਮੁੱਖ ਭੁੱਲੇ ਜੀਵ ਨਿਧਾਨ, ਪੰਜ ਵਿਕਾਰ ਰਸਨ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਹਰਿ ਸ਼ਬਦ ਸੱਚਖੰਡ, ਸਤਿਗੁਰ ਝੋਲੀ ਪਾਇੰਦਾ। ਸਤਿਗੁਰ ਗੁਰਮੁਖਾਂ ਆਪੇ ਰਿਹਾ ਵੰਡ, ਲੋਕਮਾਤ ਵੇਖ ਵਖਾਇੰਦਾ। ਗੁਰਸਿਖ ਨੰਗੀ ਹੋਏ ਨਾ ਕੰਡ, ਸਤਿਗੁਰ ਪੂਰਾ ਦਇਆ ਕਮਾਇੰਦਾ। ਮਨਮੁਖ ਨਾਰ ਦੁਹਾਗਨ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖ ਪਖੰਡਾ ਮੇਟ ਮਿਟਾਇੰਦਾ। ਹਰਿ ਸ਼ਬਦ ਹਰਿ ਨਰਾਇਣ, ਸਤਿਗੁਰ ਪੂਰਾ ਵੇਖ ਵਖਾਇੰਦਾ । ਸਤਿਗੁਰ ਪੂਰਾ ਚੁਕਾਏ ਲਹਿਣ ਦੇਣ, ਗੁਰਮੁਖਾਂ ਝੋਲੀ ਪਾਇੰਦਾ। ਗੁਰਮੁਖ ਧਾਮ ਅਵੱਲੇ ਏਕਾ ਬਹਿਣ, ਨੌਂ ਦਵਾਰੇ ਪਾਰ ਕਰਾਇੰਦਾ। ਮਨਮੁੱਖ ਡੁੱਬੇ ਮਾਇਆ ਵਹਿਣ, ਮੰਝਧਾਰ ਨਾ ਕੋਈ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਹਰਿ ਸ਼ਬਦ ਹਰਿ ਰੂਪ, ਸਤਿਗੁਰ ਵਿਚ ਸਮਾਈਆ। ਸਤਿਗੁਰ ਪੂਰਾ ਵੇਖਣਹਾਰਾ ਚਾਰੇ ਕੂਟ, ਗੁਰਮੁਖ ਆਪ ਉਠਾਈਆ। ਗੁਰਮੁਖ ਉਪਰ ਆਪੇ ਤੁਠ, ਆਪਣੀ ਬੂਝ ਬੁਝਾਈਆ। ਮਨਮੁਖਾਂ ਮੁਖ ਰਖਾਇਆ ਜੂਠ ਝੂਠ, ਰਸਨਾ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਬੰਧਾਈਆ। ਹਰਿ ਸ਼ਬਦ ਨਿਰਗੁਣ ਧਾਰ, ਸਤਿਗੁਰ ਆਪ ਚਲਾਇੰਦਾ। ਸਤਿਗੁਰ ਸਾਚਾ ਕਰ ਪਿਆਰ, ਗੁਰਮੁਖਾਂ ਬੂਝ ਬੁਝਾਇੰਦਾ। ਗੁਰਮੁਖ ਸਾਚਾ ਵੇਖ ਵਿਚਾਰ, ਆਪਣਾ ਮੋਹ ਚੁਕਾਇੰਦਾ। ਮਨਮੁਖ ਮਾਨਸ ਜਨਮ ਗਏ ਹਾਰ, ਲੱਖ ਚੁਰਾਸੀ ਨਾ ਕੋਇ ਛੁਡਾਇੰਦਾ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣਾ ਸ਼ਬਦ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਅਲਾਇੰਦਾ। ਹਰਿ ਸ਼ਬਦ ਹਰਿ ਸਾਰ, ਸਾਰ ਸ਼ਬਦ ਆਪ ਅਖਵਾਈਆ। ਗੁਰ ਸ਼ਬਦ ਗੁਰ ਅਧਾਰ, ਗੁਰ ਗੁਰ ਰਿਹਾ ਟਿਕਾਈਆ । ਨਾਮ ਸ਼ਬਦ ਸ਼ਬਦ ਪਿਆਰ, ਗੁਰਮੁਖ ਸਾਚੇ ਰਿਹਾ ਕਮਾਈਆ। ਮੂਰਖ ਮੂੜ੍ਹੇ ਭੁੱਲੇ ਜੀਵ ਗਵਾਰ, ਮਨ ਮਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਚਲਤ ਚਲਾਈਆ। ਹਰਿ ਸ਼ਬਦ ਸਚ ਜੈਕਾਰ, ਏਕਾ ਨਾਅਰਾ ਲਾਇੰਦਾ। ਸਾਧਾਂ ਸੰਤਾਂ ਪਾਵੇ ਸਾਰ, ਦਰ ਸੋਇਆ ਕੋਈ ਰਹਿਣ ਨਾ ਪਾਇੰਦਾ। ਵੇਖੇ ਮਹੱਲ ਅਟੱਲ ਉਚ ਮੁਨਾਰ, ਇੰਡ ਪਿੰਡ ਬ੍ਰਹਿਮੰਡ ਖੋਜ ਖੁਜਾਇੰਦਾ। ਬ੍ਰਹਿਮੰਡ ਖੰਡ ਖੇਲ ਨਿਆਰ, ਜੇਰਜ ਅੰਡ ਫੇਰੀ ਪਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਇੰਦਾ। ਤਿਖੀਆਂ ਰੱਖੇ ਦੋਵੇਂ ਧਾਰ, ਦੋ ਜਹਾਨਾਂ ਆਪ ਚਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰ, ਆਪ ਆਪਣਾ ਕਰਮ ਕਮਾਇੰਦਾ। ਕਰੋੜ ਤੇਤੀਸਾ ਕਰ ਖ਼ਵਾਰ, ਸੁਰਪਤ ਰਾਜਾ ਇੰਦ ਸੰਗ ਰਖਾਇੰਦਾ। ਸ਼ਬਦ ਸੁਤ ਕਰ ਉਜਿਆਰ, ਜੋਤੀ ਨੂਰ ਇਕ ਚਮਕਾਇੰਦਾ। ਗੁਰਮੁਖ ਸਾਜਣ ਮੀਤ ਮੁਰਾਰ, ਆਪ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਪਾਰ ਕਿਨਾਰ, ਤੀਰਥ ਤੱਟ ਨਾ ਕੋਈ ਤਰਾਇੰਦਾ। ਵੇਦ ਪੁਰਾਨ ਕਰਨ ਪੁਕਾਰ, ਅੰਜੀਲ ਕੁਰਾਨ ਮਤਾ ਪਕਾਇੰਦਾ। ਖਾਣੀ ਬਾਣੀ ਏਕਾ ਧਾਰ, ਆਪ ਆਪਣਾ ਦਰ ਸੁਹਾਇੰਦਾ। ਲੇਖ ਲਿਖਾਏ ਬਣ ਲਿਖਾਰ, ਵੇਦ ਵਿਆਸਾ ਲੇਖੇ ਲਾਇੰਦਾ। ਰਾਮ ਰਮਈਆ ਕ੍ਰਿਸ਼ਨ ਮੁਰਾਰ, ਸਹੰਸਾ ਬੰਸਾ ਆਪ ਹੋ ਜਾਇੰਦਾ। ਈਸਾ ਮੂਸਾ ਖ਼ਬਰਦਾਰ, ਏਕਾ ਨਾਅਰਾ ਲਾਇੰਦਾ। ਸੰਗ ਮੁਹੰਮਦ ਚਾਰ ਯਾਰ, ਹੱਕ ਹਕੀਕਤ ਵੇਖ ਵਖਾਇੰਦਾ। ਐਨਲਹੱਕ ਵੇਖ ਘਰ ਬਾਰ, ਅੱਲਾ ਰਾਣੀ ਮੇਲ ਮਿਲਾਇੰਦਾ। ਨਾਨਕ ਨਾਮ ਸਤਿ ਜੈਕਾਰ, ਸ਼ਬਦ ਸਾਰ ਧੁਨ ਉਪਜਾਇੰਦਾ। ਗੁਰਮੁਖ ਸ਼ਬਦ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਏਕਾ ਜੋਤੀ ਗੁਰ ਅਵਤਾਰ, ਹਰਿ ਹਰਿ ਰੂਪ ਵਟਾਇੰਦਾ। ਕਲਜੁਗ ਤੇਰਾ ਕੂੜ ਪਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਸਾਧ ਸੰਤ ਦਿਸ ਨਾ ਆਇੰਦਾ। ਨਾ ਕੋਈ ਚੁੱਕੇ ਕਿਸੇ ਭਾਰ, ਆਪਣਾ ਭਾਰ ਨਾ ਕੋਈ ਉਠਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਗੁਰ ਦਰ ਮੰਦਰ ਮਸਜਿਦ ਡੇਰਾ ਲਾਇੰਦਾ। ਏਕਾ ਭੁੱਲਿਆ ਹਰਿ ਨਿਰੰਕਾਰ, ਗੀਤ ਗੋਬਿੰਦ ਨਾ ਕੋਈ ਗਾਇੰਦਾ। ਅਗਨੀ ਲੱਗੀ ਤੱਤੀ ਹਾੜ, ਤ੍ਰੈਗੁਣ ਵੇਖ ਵਖਾਇੰਦਾ। ਰਜੋ ਤਮੋ ਤੇਰਾ ਅਖਾੜ, ਸਤੋ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਆਪ ਤਰਾਇੰਦਾ।
