੨੩ ਚੇਤ ੨੦੧੬ ਬਿਕ੍ਰਮੀ ਸੋਹਣ ਸਿੰਘ ਦੇ ਘਰ ਤਰਨ ਤਾਰਨ
ਆਦਿ ਪੁਰਖ ਸ੍ਰੀ ਭਗਵਾਨ, ਏਕਾ ਏਕਉਂਕਾਰਿਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨ, ਨਿਰਗੁਣ ਨੂਰ ਜੋਤ ਉਜਿਆਰਿਆ। ਥਿਰ ਘਰ ਵਸੇ ਸਚ ਮਕਾਨ, ਸਚਖੰਡ ਦਵਾਰਾ ਆਪ ਸੁਹਾ ਰਿਹਾ। ਸਚ ਸਿੰਘਾਸਣ ਹਰਿ ਮਿਹਰਵਾਨ, ਆਪ ਆਪਣਾ ਆਸਣ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵੇਸ ਕਰਾ ਰਿਹਾ। ਇਕ ਅਕੱਲਾ ਪੁਰਖ ਅਗੰਮ, ਅਗੰਮੜੀ ਕਾਰ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣਾ ਕੰਮ, ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪ ਉਪਾਇੰਦਾ। ਨਿਰਗੁਣ ਨੂਰ ਪੁਰਖ ਅਕਾਲ, ਏਕਾ ਰੰਗ ਸਮਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਆਪ ਅਖਵਾਈਆ। ਆਪੇ ਵਸੇ ਸਚ ਸੱਚੀ ਧਰਮਸਾਲ, ਦਰ ਘਰ ਆਪਣਾ ਆਪ ਸੁਹਾਈਆ। ਆਪਣੀ ਆਪ ਕਰੇ ਪ੍ਰਿਤਪਾਲ, ਪਰਮ ਪੁਰਖ ਵਡ ਵਡਿਆਈਆ। ਆਪਣੀ ਘਾਲ ਆਪੇ ਰਿਹਾ ਘਾਲ, ਨਾ ਕੋਈ ਦੂਸਰ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਈਆ। ਨਿਰਗੁਣ ਧਾਰ ਨਿਰਗੁਣ ਰੂਪ, ਨਿਰਗੁਣ ਇਕ ਉਪਾਇੰਦਾ। ਨਿਰਗੁਣ ਸ਼ਾਹ ਨਿਰਗੁਣ ਭੂਪ, ਸਚ ਸਿਕਦਾਰ ਆਪ ਅਖਵਾਇੰਦਾ। ਨਿਰਗੁਣ ਦਾਤਾ ਸਤਿ ਸਰੂਪ, ਰੂਪ ਰੇਖ ਨਾ ਕੋਇ ਜਣਾਇੰਦਾ। ਨਿਰਗੁਣ ਵਸੇ ਚਾਰੇ ਕੂਟ, ਦਹਿ ਦਿਸ਼ਾ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਰਖਾਇੰਦਾ। ਅਬਿਨਾਸ਼ੀ ਕਰਤਾ ਹਰਿ ਕਰਤਾਰਾ, ਅਕਲ ਕਲਾ ਅਖਵਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਕੋਇ ਨਾ ਪਾਈਆ। ਏਕਾ ਵਸੇ ਧਾਮ ਨਿਆਰਾ, ਮਹੱਲ ਅਟੱਲ ਉਚ ਆਪ ਸੁਹਾਈਆ। ਨਾ ਕੋਈ ਦੀਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਗਗਨ ਮੰਡਲ ਨਾ ਕੋਇ ਸਤਾਰਾ, ਰਵ ਸਸ ਨਾ ਕੋਇ ਰੁਸ਼ਨਾਈਆ। ਧਰਤ ਧਵਲ ਨਾ ਕੋਇ ਅਧਾਰਾ, ਜਲ ਥਲ ਨਾ ਕੋਇ ਵਖਾਈਆ। ਪੰਜ ਤੱਤ ਨਾ ਕੋਇ ਅਕਾਰਾ, ਤ੍ਰੈਗੁਣ ਰੂਪ ਨਾ ਕੋਇ ਵਟਾਈਆ। ਪਿਤਾ ਮਾਤ ਨਾ ਸੁੱਤ ਦੁਲਾਰਾ, ਭੈਣ ਭਾਈ ਨਾ ਕੋਇ ਬਣਾਈਆ। ਇਕ ਅਕੱਲਾ ਏਕਉਂਕਾਰਾ, ਘਰ ਸਾਚੇ ਬੈਠਾ ਆਸਣ ਲਾਈਆ। ਦੀਵਾ ਬਾਤੀ ਇਕ ਉਜਿਆਰਾ, ਏਕਾ ਏਕ ਨੂਰ ਰੁਸ਼ਨਾਈਆ। ਏਕਾ ਘੜਣ ਭੰਨਣਹਾਰਾ, ਏਕਾ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਘਰ ਬੈਠਾ ਡੇਰਾ ਲਾਈਆ। ਸਚ ਘਰ ਧੁਰ ਦਰਬਾਰਾ, ਹਰਿ ਸਾਚੀ ਜੋਤ ਜਗਾਈਆ। ਇਕ ਅਕੱਲਾ ਕਰ ਅਕਾਰਾ, ਨਿਰਾਕਾਰ ਵੇਖ ਵਖਾਈਆ। ਨਾ ਕੋਈ ਦੂਸਰ ਜਾਣੇ ਧਾਰਾ, ਨਾ ਕੋਈ ਰੂਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਰਿਹਾ ਸੁਹਾਈਆ। ਥਿਰ ਘਰ ਸਾਚਾ ਠਾਂਡਾ ਦਰ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਅੰਦਰ ਬੈਠਾ ਵੜ, ਆਪ ਆਪਣੀ ਜੋਤ ਜਗਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤੱਤਵ ਤੱਤ ਨਾ ਕੋਇ ਰਖਾਇੰਦਾ। ਨਾ ਕੋਈ ਅੱਖਰ ਰਿਹਾ ਪੜ੍ਹ, ਰਸਨਾ ਜੇਹਵਾ ਨਾ ਕੋਇ ਹਲਾਇੰਦਾ। ਨਾ ਕੋਈ ਕਿਲਾ ਨਾ ਕੋਈ ਗੜ੍ਹ, ਨਾ ਕੋਈ ਰਚਨ ਰਚਾਇੰਦਾ। ਨਾ ਕੋਈ ਚੋਟੀ ਨਾ ਕੋਈ ਜੜ, ਨਾ ਕੋਈ ਭਾਰ ਉਠਾਇੰਦਾ। ਆਪਣਾ ਆਪ ਆਪੇ ਘੜ, ਆਪਣੇ ਦਰ ਰਖਾਇੰਦਾ। ਸਚ ਤਖ਼ਤ ਹਰਿ ਸੁਲਤਾਨ ਨਿਰਗੁਣ ਰੂਪ ਬੈਠਾ ਚੜ੍ਹ, ਆਪ ਆਪਣਾ ਰਾਜ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਨੂਰ ਪਰਗਟਾਇੰਦਾ। ਜੋਤੀ ਨੂਰ ਪੁਰਖ ਸੁਲਤਾਨ, ਘਰ ਮੰਦਰ ਆਪ ਸੁਹਾਇਆ। ਆਪੇ ਵਸਿਆ ਸਚ ਮਕਾਨ, ਦਰ ਦਰਵਾਜ਼ਾ ਨਾ ਕੋਇ ਰਖਾਇਆ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵੇਸ ਵਟਾਇਆ। ਆਪੇ ਜਾਣੇ ਆਪਣਾ ਮਾਣ, ਮਾਣ ਨਿਮਾਣਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚਾ ਘਰ ਸੁਹਾਇਆ। ਘਰ ਸੁਹਾਇਆ ਆਦਿ ਨਿਰੰਜਣ, ਏਕਾ ਵੱਜੀ ਵਧਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਗਵਨ ਰੂਪ ਵਟਾਈਆ। ਪਾਰਬ੍ਰਹਮ ਪ੍ਰਭ ਸਾਚਾ ਸੱਜਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਕਰੇ ਕੁੜਮਾਈਆ। ਸਾਚੇ ਘਰ ਹਰਿ ਕੁੜਮਾਈ, ਆਪਣੀ ਆਪ ਕਰਾਇੰਦਾ। ਨਿਰਗੁਣ ਵੇਖੇ ਵੱਜੇ ਸਚ ਵਧਾਈ, ਨਿਰਗੁਣ ਸਾਚਾ ਆਪ ਵਜਾਇੰਦਾ। ਨਿਰਗੁਣ ਧੀ ਨਿਰਗੁਣ ਜਵਾਈ, ਨਿਰਗੁਣ ਨਿਰਗੁਣ ਆਪ ਪਰਨਾਇੰਦਾ। ਨਿਰਗੁਣ ਸੇਜ ਰਿਹਾ ਵਛਾਈ, ਨਿਰਗੁਣ ਆਪ ਹੰਢਾਇੰਦਾ। ਨਿਰਗੁਣ ਨਿਰਗੁਣ ਵਿਚ ਟਿਕਾਈ, ਨਿਰਗੁਣ ਨਿਰਗੁਣ ਆਪ ਉਪਾਇੰਦਾ। ਸੁੱਤ ਦੁਲਾਰਾ ਨਾਉਂ ਰਖਾਈ, ਸ਼ਬਦੀ ਸ਼ਬਦ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਵਰ ਆਪਣਾ ਆਪ ਸੁਹਾਇੰਦਾ। ਸ਼ਬਦ ਸੁੱਤ ਸਚ ਦੁਲਾਰਾ, ਹਰਿ ਸਾਚੇ ਆਪ ਉਪੰਨਿਆ। ਆਪੇ ਕਰੇ ਸਚ ਪਿਆਰਾ, ਆਪੇ ਬੇੜਾ ਰਿਹਾ ਬੰਨ੍ਹਿਆ। ਦੇਵੇ ਫ਼ਰਮਾਣ ਸੱਚੀ ਸਰਕਾਰਾ, ਲੋਆਂ ਪੁਰੀਆਂ ਤਾਣਾ ਤਣਿਆ। ਬ੍ਰਹਿਮੰਡਾਂ ਖੰਡਾਂ ਦਏ ਸਹਾਰਾ, ਖੇਲੇ ਖੇਲ ਸ੍ਰੀ ਭਗਵੰਨਿਆ। ਰਵ ਸਸ ਕਰ ਸਤਾਰਾ, ਨੂਰੋ ਨੂਰ ਆਪ ਅਖਵੰਨਿਆ। ਵਿਸ਼ਨੂੰ ਵੰਸੀ ਖੇਲ ਨਿਆਰਾ, ਆਪਣਾ ਅੰਗ ਆਪ ਕਟੰਨਿਆ। ਨਾਭੀ ਕਵਲ ਕਰ ਉਜਿਆਰਾ, ਪਾਰਬ੍ਰਹਮ ਪ੍ਰਭ ਸਾਚਾ ਮੰਨਿਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰਾ, ਆਪ ਆਪਣਾ ਰੰਗ ਰਗੰਨਿਆ। ਤ੍ਰੈਗੁਣ ਤੇਰਾ ਵਣਜ ਵਪਾਰਾ, ਘਰ ਸਾਚੇ ਆਪ ਕਰੰਨਿਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਪੰਜਾਂ ਤੱਤਾਂ ਦਏ ਆਧਾਰਾ, ਖੇਲੇ ਖੇਲ ਖੇਲ ਖਲੰਨਿਆ। ਮਨ ਮਤ ਬੁਧ ਡੇਰਾ ਬੰਨ੍ਹਿਆ। ਨੌ ਦਵਾਰੇ ਖੋਲ੍ਹ ਕਿਵਾੜਾ, ਲੋਕਮਾਤ ਚਾੜ੍ਹੇ ਚੰਨਿਆ। ਘਰ ਵਿਚ ਘਰ ਆਪ ਸੁਹਾ, ਆਪਣਾ ਮੰਦਰ ਆਪੇ ਮੱਲਿਆ। ਬੰਦ ਕਿਵਾੜੀ ਲਾਇਆ ਤਾਲਾ, ਨਾ ਕੋਈ ਤੋੜ ਤੁੜੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟੰਨਿਆ। ਨਿਰਗੁਣ ਖੇਲ ਹਰਿ ਕਰਤਾਰ, ਸਰਗੁਣ ਵਿਚ ਸਮਾਈਆ। ਸਰਗੁਣ ਮੇਲਾ ਵਿਚ ਸੰਸਾਰ, ਸਤਿ ਪੁਰਖ ਕਰਾਈਆ । ਦੋਹਾਂ ਵਿਚੋਲਾ ਸ਼ਬਦੀ ਧਾਰ, ਸ਼ਬਦ ਅਗੰਮੀ ਆਪ ਉਪਾਈਆ। ਕਾਇਆ ਡੂੰਘੀ ਵੇਖੇ ਗਾਰ, ਆਪ ਆਪਣੀ ਖੇਲ ਖਿਲਾਈਆ। ਨਿਰਗੁਣ ਮਾਰੇ ਏਕਾ ਧਾਰ, ਅੰਮ੍ਰਿਤ ਧਾਰ ਚਵਾਈਆ। ਇਕ ਵਜਾਏ ਸਾਚਾ ਤਾਲ, ਅਨਹਦ ਸੇਵ ਕਮਾਈਆ। ਜੋਤ ਨਿਰੰਜਣ ਦੀਪਕ ਬਾਲ, ਕਰੇ ਸਚ ਰੁਸ਼ਨਾਈਆ। ਸ਼ਬਦੀ ਗੁਰ ਬਣ ਦਲਾਲ, ਸਤਿਗੁਰ ਰੂਪ ਵਟਾਈਆ। ਸੰਤ ਸੁਹੇਲੇ ਆਪੇ ਭਾਲ, ਆਪ ਆਪਣੀ ਬੂਝ ਬੁਝਾਈਆ। ਦੇਵੇ ਨਾਮ ਸੱਚਾ ਧਨ ਮਾਲ, ਅਤੁਟ ਭੰਡਾਰ ਆਪ ਵਰਤਾਈਆ। ਆਪੇ ਸ਼ਾਹ ਆਪੇ ਕੰਗਾਲ, ਆਪੇ ਦਰ ਦਰ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਡੇਰਾ ਲਾਈਆ। ਨਿਰਗੁਣ ਸਰਗੁਣ ਸਾਚਾ ਰੰਗ, ਪੰਜ ਤੱਤ ਆਪ ਚੜ੍ਹੰਨਿਆ। ਆਤਮ ਬੈਠਾ ਸਚ ਪਲੰਘ, ਸਾਚੀ ਸੇਜਾ ਥਾਨ ਸੁਹੰਨਿਆ। ਸਚ ਪ੍ਰੀਤੀ ਰਿਹਾ ਮੰਗ, ਨਾਮ ਨਾਮਾ ਆਪੇ ਮੰਨਿਆ। ਆਪੇ ਭਾਗ ਲਗਾਏ ਕਾਚੀ ਮਾਟੀ ਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਨੌਜਵਾਨਿਆ। ਨੌਜਵਾਨ ਜੋਧਾ ਸੂਰਬੀਰ ਬਲੀ ਬਲਕਾਰ, ਏਕਾ ਪੁਰਖ ਅਖਵਾਇੰਦਾ। ਲੱਖ ਚੁਰਾਸੀ ਕਰ ਪਸਾਰ, ਲੋਕਮਾਤ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਪੁਰੀਆਂ ਲੋਆਂ ਆਪ ਸੁਹਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਭੇਵ ਕੋਇ ਨਾ ਪਾਇੰਦਾ। ਆਪੇ ਲੇਖਾ ਬਣੇ ਲਖਾਰ, ਆਪੇ ਬ੍ਰਹਮਾ ਮੁਖ ਸਲਾਹਿੰਦਾ। ਆਪੇ ਸ਼ਬਦ ਨਾਮ ਜੈਕਾਰ, ਆਪਣਾ ਢੋਲਾ ਆਪੇ ਗਾਇੰਦਾ। ਆਪੇ ਪੜਦਾ ਓਹਲਾ ਰੱਖੇ ਮੀਤ ਮੁਰਾਰ, ਆਪਣਾ ਮੁਖ ਛੁਪਾਇੰਦਾ। ਜਨ ਭਗਤਾਂ ਸੋਹੇ ਬੰਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਨਿਤ ਨਵਿਤ ਸਾਚੀ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਪੁਰਖ ਅਬਿਨਾਸ਼, ਆਪਣਾ ਆਪ ਕਰਾਇੰਦਾ। ਆਪਣੇ ਮੰਡਲ ਪਾਵੇ ਰਾਸ, ਸਾਚਾ ਮੰਡਪ ਆਪ ਸੁਹਾਇੰਦਾ। ਜੋਤ ਨੂਰ ਪ੍ਰਿਥਮੀ ਆਕਾਸ਼, ਬ੍ਰਹਿਮੰਡ ਡਗਮਗਾਇੰਦਾ। ਹਰ ਘਟ ਅੰਦਰ ਰੱਖੇ ਵਾਸ, ਘਟ ਘਟ ਵੇਖ ਵਖਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸ, ਥਿਰ ਘਰ ਸਾਚੇ ਡੇਰਾ ਲਾਇੰਦਾ। ਗੁਰਮੁਖ ਵੇਖੇ ਰਸਨ ਸਵਾਸ, ਜੁਗ ਜੁਗ ਮੇਲ ਮਿਲਾਇੰਦਾ। ਸਚ ਸੁਲਤਾਨ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਜੁਗ ਕਰਤਾ ਹਰਿ ਕਰਨੀ ਕਰ, ਆਪਣਾ ਕਰਮ ਕਮਾਇੰਦਾ। ਧਰਨੀ ਧਵਲ ਉਪਰ ਜੋਤ ਧਰ, ਪੰਜ ਤੱਤ ਡੇਰਾ ਲਾਇੰਦਾ। ਬ੍ਰਹਮ ਪਾਰਬ੍ਰਹਮ ਲਏ ਵਰ, ਏਕਾ ਘਰ ਮਲਾਇੰਦਾ। ਇਕ ਰਖਾਏ ਸਾਚਾ ਸਰ, ਅੰਮ੍ਰਿਤ ਧਾਰ ਇਕ ਵਹਾਇੰਦਾ। ਏਕਾ ਪੁਰਖ ਨਾ ਨਾਰੀ ਨਾ ਨਰ, ਨਰ ਹਰਿ ਨਰਾਇਣ ਆਪ ਅਖਵਾਇੰਦਾ। ਆਪਣਾ ਭਾਣਾ ਆਪੇ ਜਰ, ਆਪੇ ਹੁਕਮ ਸੁਣਾਇੰਦਾ। ਆਪੇ ਜੁਗਾ ਜੁਗੰਤਰ ਵੇਖੇ ਖੜ, ਆਪ ਆਪਣਾ ਰੂਪ ਵਟਾਇੰਦਾ। ਆਪ ਆਪਣੇ ਨਾਲ ਰਿਹਾ ਲੜ, ਆਪ ਆਪਣੀ ਬਣਤ ਬਣਾਇੰਦਾ। ਆਪੇ ਸ਼ਬਦ ਘੋੜੇ ਸਾਚੇ ਜਾਏ ਚੜ੍ਹ, ਖ਼ਾਕੀ ਖ਼ਾਕ ਆਪ ਸਮਾਇੰਦਾ। ਆਪੇ ਸ਼ਸਤਰ ਖੰਡਾ ਤੇਜ਼ ਕਟਾਰ ਰਿਹਾ ਫੜ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਅਵੱਲਾ, ਅਕਲ ਕਲਾ ਵਰਤਾਈਆ। ਖੇਲੇ ਖੇਲ ਇਕ ਅਕੱਲਾ, ਹਰਿ ਵਡ ਵੱਡਾ ਵਡਿਆਈਆ। ਸਤਿਜੁਗ ਫੜਾਏ ਸਾਚਾ ਪੱਲਾ, ਏਕਾ ਨਾਮ ਵਧਾਈਆ। ਤ੍ਰੇਤੇ ਕਰਿਆ ਸਾਚਾ ਹੱਲਾ, ਰਾਮ ਰਾਮਾ ਰੂਪ ਵਟਾਈਆ। ਦੁਆਪਰ ਦੇਵੇ ਆਪੇ ਡੰਨਾ, ਰਥ ਰਥਵਾਹੀ ਸੇਵ ਕਮਾਈਆ। ਕਲਜੁਗ ਲੋਕਮਾਤ ਆਏ ਭੰਨਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਿਸੇ ਨਾ ਵਸਿਆ ਛੱਪਰ ਛੰਨਾ, ਮੰਦਰ ਮਸਜਿਦ ਗੁਰੂਦਵਾਰ ਨਾ ਡੇਰਾ ਲਾਈਆ। ਹਰਿਜਨ ਵੇਖੇ ਤੇਰਾ ਕਾਇਆ ਤਨਾ, ਘਰ ਘਰ ਵਿਚ ਆਪ ਸੁਹਾਈਆ। ਜਨਨੀ ਜਨਿਆ ਸਾਚਾ ਜਨਾ, ਧੰਨ ਧੰਨ ਜਣੇਂਦੀ ਮਾਈਆ। ਏਕਾ ਰਾਗ ਸੁਣਾਇਆ ਕੰਨਾ, ਧੁਨ ਅਨਾਦੀ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਬੇਐਬ ਪਰਵਰਦਿਗਾਰ, ਨੂਰ ਅੱਲਾ ਨੂਰੋ ਨੂਰ ਸਮਾਇੰਦਾ। ਸ਼ਬਦੀ ਸ਼ਬਦ ਸਚ ਸਲਾਹ, ਹਰਿ ਸ਼ਬਦੀ ਮਤਾ ਪਕਾਇੰਦਾ। ਸ਼ਬਦ ਗੁਰ ਸ਼ਬਦ ਮਲਾਹ, ਸ਼ਬਦ ਬੇੜਾ ਆਪ ਚਲਾਇੰਦਾ। ਸ਼ਬਦ ਪਿਤਾ ਸ਼ਬਦ ਮਾਂ, ਸ਼ਬਦ ਸੁੱਤ ਦੁਲਾਰਾ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਰੂਪ ਵਟਾਇਆ, ਹਰਿ ਸਚ ਵੱਜੀ ਵਧਾਈਆ। ਸ਼ਬਦ ਗੁਰ ਇਕ ਉਠਾਇਆ, ਨਾਮ ਡੰਕਾ ਹੱਥ ਫੜਾਈਆ। ਲੋਆਂ ਪੁਰੀਆਂ ਰਿਹਾ ਹਿਲਾਇਆ, ਨੌ ਖੰਡ ਲਏ ਅੰਗੜਾਈਆ। ਸੱਤਾਂ ਦੀਪਾਂ ਫੇਰਾ ਪਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾਂ ਰਿਹਾ ਜਗਾਇਆ, ਰਾਓ ਰੰਕਾਂ ਵੇਖ ਵਖਾਈਆ। ਸਾਧਾਂ ਸੰਤਾਂ ਸ਼ਬਦ ਸੁਨੇਹੜਾ ਇਕ ਘਲਾਇਆ, ਗੁਰ ਮੰਤਰ ਨਾਮ ਦ੍ਰਿੜਾਈਆ। ਆਤਮ ਬ੍ਰਹਮ ਬੂਝ ਬੁਝਾਇਆ, ਦੂਈ ਦਵੈਤੀ ਪੜਦਾ ਲਾਹੀਆ। ਤੀਜਾ ਲੋਇਨ ਇਕ ਖੁਲ੍ਹਾਇਆ, ਦੋਏ ਬੰਦ ਰਖਾਈਆ। ਚੌਥੇ ਪਦ ਆਪ ਸਮਾਇਆ, ਹਰਿਜਨ ਮੇਲੇ ਸਹਿਜ ਸੁਭਾਈਆ। ਪੰਚਮ ਮੀਤਾ ਨਜ਼ਰੀ ਆਇਆ, ਪੰਚਮ ਸਖੀਆਂ ਮੰਗਲ ਗਾਈਆ। ਚਾਰ ਵਰਨਾਂ ਬਖ਼ਸ਼ੇ ਇਕ ਸਰਨਾਇਆ, ਊਚ ਨੀਚ ਨਾ ਕੋਇ ਵਖਾਈਆ। ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਬਹਾਇਆ, ਏਕਾ ਕਰੇ ਪੜ੍ਹਾਈਆ। ਕਲਮਾ ਅਮਾਮ ਇਕ ਸਖਾਇਆ, ਏਕਾ ਨਾਅਰਾ ਲਾਈਆ। ਜਲਵਾ ਜਲਾਲ ਨੂਰ ਉਪਾਇਆ, ਮੁਕਾਮੇ ਹੱਕ ਖ਼ੁਦਾਈਆ। ਰਾਮ ਰੂਪ ਆਪ ਉਪਾਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਕਾਹਨਾ ਕ੍ਰਿਸ਼ਨਾ ਰਥ ਚਲਾਇਆ, ਨਾਮ ਬੰਸਰੀ ਇਕ ਸੁਣਾਈਆ। ਨਿਰਗੁਣ ਨਾਮ ਨਿਰਬਾਨ ਏਕਾ ਲਾਇਆ, ਨਾਨਕ ਵਡ ਵਡਿਆਈਆ। ਗੋਬਿੰਦ ਡੰਕਾ ਇਕ ਵਜਾਇਆ, ਗੁਰ ਫ਼ਤਹਿ ਆਪ ਸੁਣਾਈਆ। ਸ੍ਰਿਸ਼ਟ ਸਬਾਈ ਹਰਿ ਭੁਲਾਇਆ, ਭੁੱਲੇ ਪਾਂਧੀ ਰਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ, ਆਸਾ ਤ੍ਰਿਸਨਾ ਰਹੀ ਕੁਰਲਾਈਆ। ਹਉਮੇ ਹੰਗਤਾ ਅੰਗ ਲਾਇਆ, ਸਾਚਾ ਸੰਗ ਨਾ ਕੋਇ ਨਿਭਾਈਆ। ਜੂਠ ਝੂਠ ਮੰਗਤਾ ਮੰਗਦਾ ਕਲਜੁਗ ਆਇਆ, ਕਾਲੀ ਕਫ਼ਨੀ ਹੱਥ ਉਠਾਈਆ। ਮਨ ਮਤ ਚੋਲੀ ਰੰਗਦਾ ਆਇਆ, ਨਾ ਸਕੇ ਕੋਇ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚਾ ਵੇਖ ਵਖਾਇੰਦਾ। ਚਾਰੋਂ ਕੁੰਟ ਅੰਧ ਅੰਧਿਆਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਵਰਨਾਂ ਬਰਨਾਂ ਹਾਹਾਕਾਰ, ਸਤਿ ਸੰਤੋਖ ਨਾ ਕੋਇ ਵਰਤਾਇੰਦਾ। ਗੁਰਮਤ ਨਾ ਕੋਇ ਪਿਆਰ, ਗੁਰ ਗੁਰ ਨਾ ਮੇਲ ਮਿਲਾਇੰਦਾ। ਨਾਤਾ ਛੁੱਟਾ ਧੁਰ ਦਰਬਾਰ, ਕਲਜੁਗ ਮਾਇਆ ਤੱਤ ਪਰਨਾਇੰਦਾ। ਧਰਨੀ ਧਵਲ ਕਰੇ ਪੁਕਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਸੱਚਾ ਸਚ ਨਾ ਦੀਸੇ ਕੋਈ ਸਿਕਦਾਰ, ਗ਼ਰੀਬ ਨਿਮਾਣਿਆਂ ਗਲੇ ਨਾ ਕੋਇ ਲਗਾਇੰਦਾ। ਮਾਤ ਪਿਤ ਨਾ ਕੋਇ ਪਿਆਰ, ਪਿਤਾ ਪੂਤ ਨਾ ਕੋਇ ਸੁਹਾਇੰਦਾ। ਸ੍ਰਿਸ਼ਟ ਸਬਾਈ ਦੁਹਾਗਣ ਨਾਰ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਗੁਰਸਿਖ ਵਿਰਲਾ ਨਾਮ ਵੈਰਾਗਣ ਹੋਇਆ ਖ਼ਬਰਦਾਰ, ਜਿਸ ਜਨ ਸਾਚਾ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜ ਕੁੜਿਆਰਾ ਮੇਟ ਮਿਟਾਇੰਦਾ। ਕੂੜ ਪਸਾਰਾ ਜਾਏ ਉਠ, ਹਰਿ ਸਾਚੇ ਜੋਤ ਜਗਾਈਆ। ਸ਼ਾਹ ਸੁਲਤਾਨਾਂ ਖ਼ਾਲੀ ਠੁਠ, ਦਰ ਦਰ ਰਿਹਾ ਫਿਰਾਈਆ। ਕੂੜੀ ਕਿਰਿਆ ਪਈ ਲੁੱਟ, ਨਾ ਸਕੇ ਕੋਈ ਬਚਾਈਆ। ਜਨ ਭਗਤਾਂ ਉਪਰ ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਜਾਏ ਤੁਠ, ਆਪ ਆਪਣੀ ਦਇਆ ਕਮਾਈਆ। ਅੰਮ੍ਰਿਤ ਦੇਵੇ ਸਾਚਾ ਘੁਟ, ਨਿਝਰ ਝਿਰਨਾ ਆਪ ਝਿਰਾਈਆ। ਦੂਈ ਦਵੈਤੀ ਕੱਢੇ ਕੁਟ, ਏਕਾ ਦਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਕਰੇ ਕੁੜਮਾਈਆ। ਚਾਰ ਵਰਨਾਂ ਇਕ ਬਣੌਣਾ, ਏਕਾ ਰੰਗ ਰੰਗਾਈਆ। ਇਸ਼ਟ ਦੇਵ ਗੁਰ ਇਕ ਵਖੌਣਾ, ਏਕਾ ਰੂਪ ਦਰਸਾਈਆ। ਮੂਲ ਮੰਤਰ ਇਕ ਦ੍ਰਿੜੌਣਾ, ਏਕਾ ਨਾਮ ਜਪਾਈਆ। ਏਕਾ ਮੰਦਰ ਆਪ ਵਸੌਣਾ, ਏਕਾ ਸੇਜ ਵਿਛਾਈਆ। ਏਕਾ ਰਾਗ ਆਪ ਅਲਾਉਣਾ, ਅਨਹਦ ਸਾਚੀ ਸੇਵ ਲਗਾਈਆ। ਫੜ ਫੜ ਕਾਗ ਹੰਸ ਬਣੌਣਾ, ਮਾਣਕ ਮੋਤੀ ਚੋਗ ਚੁਗਾਈਆ। ਦੀਪਕ ਜੋਤੀ ਇਕ ਜਗੌਣਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਬਜਰ ਕਪਾਟੀ ਤੋੜ ਤੁੜੌਣਾ, ਨਾਮ ਖੰਡਾ ਏਕਾ ਲਾਈਆ। ਆਤਮ ਸੇਜਾ ਦਰ ਸੁਹੌਣਾ, ਹਰਿ ਸ਼ਬਦ ਵੱਡੀ ਵਡਿਆਈਆ। ਨਾਰੀ ਕੰਤ ਮੇਲ ਮਿਲੌਣਾ, ਸੁਰਤ ਸ਼ਬਦ ਲਏ ਪਰਨਾਈਆ। ਸਾਚੀ ਸਖੀਆਂ ਮੰਗਲ ਗੌਣਾ, ਏਕਾ ਰਾਗ ਇਲਾਹੀਆ। ਬੰਕ ਦਵਾਰਾ ਇਕ ਸੁਹੌਣਾ, ਏਕਾ ਵੇਖ ਵਖਾਈਆ। ਹਰਿ ਹਰਿ ਹਰਿ ਪ੍ਰਭ ਨਜ਼ਰੀ ਔਣਾ, ਦੂਈ ਦੂਸ਼ਮਨ ਰਹਿਣ ਨਾ ਪਾਈਆ। ਤੀਜੇ ਨੇਤਰ ਜੋਤ ਜਗੌਣਾ, ਅੰਧ ਅੰਧੇਰ ਮਿਟਾਈਆ। ਸਗਲਾ ਸੰਗ ਸੂਰੇ ਸਰਬੰਗ ਚਾਰ ਵਰਨ ਤੇਰੇ ਸੰਗ ਨਿਭੌਣਾ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਚ ਸੁੱਚ ਵਿਚ ਟਿਕਾਈਆ। ਜਨ ਭਗਤਾਂ ਲੇਖਾ ਆਪ ਗਣੌਣਾ, ਚਿਤਰ ਗੁਪਤ ਨਾ ਲੇਖ ਵਖਾਈਆ। ਧਰਮ ਰਾਏ ਦਰ ਮੁਖ ਛੁਪੌਣਾ, ਬੈਠਾ ਸੀਸ ਝੁਕਾਈਆ। ਕਾਲ ਜੰਜਾਲ ਤੋੜ ਤੁੜੌਣਾ, ਆਪ ਆਪਣੀ ਦਇਆ ਕਮਾਈਆ। ਅੰਤਮ ਜੋਤੀ ਜੋਤ ਮਿਲੌਣਾ, ਜੋਤੀ ਜੋਤ ਸਮਾਈਆ। ਸਚਖੰਡ ਦਵਾਰਾ ਇਕ ਸੁਹੌਣਾ, ਘਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਰਿਹਾ ਤਰਾਈਆ। ਹਰਿ ਸੱਜਣ ਹਰਿ ਪਾਇਆ, ਗੁਰਮੁਖ ਚਤੁਰ ਸੁਜਾਨ। ਆਤਮ ਬ੍ਰਹਮ ਜਣਾਇਆ, ਏਕਾ ਸ਼ਬਦ ਨਿਸ਼ਾਨ। ਦੂਈ ਦਵੈਤੀ ਪੜਦਾ ਲਾਹਿਆ, ਮਿਟਿਆ ਮਾਣ ਅਭਿਮਾਨ। ਦਰ ਦਰਵਾਜ਼ਾ ਇਕ ਖੁਲ੍ਹਾਇਆ, ਆਵਣ ਜਾਵਣ ਚੁੱਕੀ ਕਾਣ। ਗ਼ਰੀਬ ਨਿਵਾਜ਼ਾ ਨਜ਼ਰੀ ਆਇਆ, ਦੇਵਣਹਾਰਾ ਸਾਚਾ ਦਾਨ। ਅਨਹਦ ਵਾਜਾ ਇਕ ਵਜਾਇਆ, ਸੇਵ ਕਮਾਏ ਪਵਣ ਮਸਾਣ। ਰਾਗ ਅਨਾਦਾ ਇਕ ਸੁਣਾਇਆ, ਧੁਨੀ ਰਾਗ ਮਹਾਨ। ਜਗਤ ਨੇਤਰ ਦਿਸ ਨਾ ਆਇਆ, ਭੁੱਲਾ ਸਰਬ ਜਹਾਨ। ਗੁਰਮੁਖ ਵਿਰਲਾ ਵੇਖ ਵਖਾਇਆ, ਜਿਸ ਵਖਾਏ ਆਪ ਭਗਵਾਨ। ਗੁਰ ਪੂਰਾ ਸੰਗ ਰਖਾਇਆ, ਆਦਿ ਜੁਗਾਦੀ ਸਦ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਜੀਆ ਦਾਨ। ਹਰਿਜਨ ਹਰਿ ਹਰਿ ਜਾਣਿਆ, ਆਤਮ ਬ੍ਰਹਮ ਵਿਚਾਰ। ਗੁਰ ਸਤਿਗੁਰ ਆਪ ਪਛਾਨਿਆ, ਦੇਵੇ ਨਾਮ ਆਧਾਰ। ਦਾਤਾ ਦਾਨੀ ਗੁਣ ਨਿਧਾਨਿਆ, ਗੁਣਵੰਤਾ ਖੇਲ ਅਪਾਰ। ਆਤਮ ਸੇਜਾ ਸ਼ਾਹ ਸੁਲਤਾਨਿਆ, ਸੁੱਤਾ ਪੈਰ ਪਸਾਰ। ਦਿਵਸ ਰੈਣ ਸੁਣਾਏ ਆਪਣੀ ਬਾਣੀਆ, ਆਪਣਾ ਰਾਗ ਉਚਾਰ। ਆਪੇ ਜਾਣੇ ਅਕਥ ਕਹਾਨੀਆ, ਕਥਨੀ ਕੋਇ ਨਾ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਲਏ ਵਰ, ਆਪੇ ਨਾਰੀ ਕੰਤ ਭਤਾਰ। ਗੁਰਮੁਖ ਨਾਰੀ ਕਰ ਪਿਆਰੀ, ਕੰਤ ਕੰਤੂਹਲ ਪਰਨਾਇੰਦਾ। ਮਹੱਲ ਅਟੱਲ ਉਚ ਮਨਾਰੀ, ਦਸਮ ਦਵਾਰੀ ਆਪ ਬਹਾਇੰਦਾ। ਆਪੇ ਫਿਰੇ ਪਿੱਛੇ ਅਗਾੜੀ, ਦਿਵਸ ਰੈਣ ਸੇਵ ਕਮਾਇੰਦਾ। ਲੇਖੇ ਲਾਏ ਸਾਚੀ ਲਾੜੀ, ਆਪ ਆਪਣਾ ਲੜ ਫੜਾਇੰਦਾ। ਆਪਣੇ ਮੰਦਰ ਆਪੇ ਵਾੜੀ, ਆਪੇ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਗੁਰਮੁਖ ਨਾਰ ਕੰਤ ਭਤਾਰ, ਹਰਿ ਜੂ ਹਰਿ ਹਰਿ ਪਾਇਆ। ਸ਼ਬਦੀ ਸ਼ਬਦ ਤਨ ਸ਼ੰਗਾਰ, ਸੋਲਾਂ ਸੋਲਾਂ ਰੂਪ ਵਟਾਇਆ। ਨੇਤਰ ਨੈਣਾਂ ਕਜਲਾ ਧਾਰ, ਅੰਜਨ ਨਾਮ ਸੁਹਾਇਆ। ਹੱਥੀਂ ਮੈਂਹਦੀ ਲਾਲ ਅਪਾਰ, ਪ੍ਰੇਮ ਰੰਗੀਲਾ ਰੰਗ ਰੰਗਾਇਆ। ਨੇਤਰ ਨੈਣ ਰਹੀ ਉਘਾੜ, ਪ੍ਰੀਆ ਪ੍ਰੀਤਮ ਵੇਖ ਵਖਾਇਆ। ਮੇਟ ਮਿਟਾਈ ਪੰਚਮ ਧਾੜ, ਝੂਠਾ ਸਾਕ ਨਾ ਕੋਇ ਜਣਾਇਆ। ਅਗਨੀ ਅੱਗ ਨਾ ਲੱਗੀ ਨਾੜ, ਤ੍ਰੈਗੁਣ ਮੂਲ ਚੁਕਾਇਆ। ਧਰਮ ਵੇਖੇ ਇਕ ਅਖਾੜ, ਅਨਹਦ ਤਾਲ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਚੜ੍ਹਾਇਆ। ਚੜ੍ਹਾਏ ਰੰਗ ਨਾਮ ਅਨਮੋਲ ਗੁਰਮੁਖ ਰੰਗ ਰੰਗਾਈਆ। ਸ਼ਬਦ ਅਗੰਮੀ ਕੰਡੇ ਤੋਲ, ਪੂਰਾ ਤੋਲ ਵਖਾਈਆ। ਸਦਾ ਸੁਹੇਲਾ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਗੁਰੂ ਗੁਰ ਚੇਲਾ ਰਹੇ ਮੌਲ, ਚੇਲਾ ਗੁਰ ਆਪ ਅਖਵਾਈਆ। ਉਲਟਾ ਕਰੇ ਨਾਭ ਕੌਲ, ਕਵਲੀ ਮੁਖ ਭਰਾਈਆ। ਮੇਲ ਮਿਲਾਵਾ ਸਾਵਲ ਸਵਲ, ਮੁਕੰਦ ਮਨੋਹਰ ਦਰਸਾਈਆ। ਏਕਾ ਨੂਰ ਅੱਲਾ ਅਵਲ, ਏਕਾ ਏਕ ਖ਼ੁਦਾਈਆ। ਏਕਾ ਅੰਮ੍ਰਿਤ ਸਾਚੀ ਪੌਲ, ਏਕਾ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਲਏ ਮਿਲਾਈਆ। ਸੰਤ ਮਿਲਾਵਾ ਸਾਚੇ ਦਰ, ਗੁਰ ਸਤਿਗੁਰ ਆਪ ਕਰਾਇਆ। ਆਪ ਚੁਕਾਏ ਆਪਣਾ ਡਰ, ਨਿਰਭੈ ਆਪ ਅਖਵਾਇਆ। ਨਾਮ ਸਤਿ ਭੰਡਾਰਾ ਭਰ, ਆਪੇ ਰਿਹਾ ਵਰਤਾਇਆ। ਕਰਤਾ ਪੁਰਖ ਕਰਨੀ ਕਰ, ਕਰਨਹਾਰ ਭੇਵ ਨਾ ਆਇਆ। ਜੂਨੀ ਰਹਿਤ ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਖੇਲ ਖਿਲਾਇਆ। ਨਿਰਭੌ ਰੂਪ ਅੱਗੇ ਰਿਹਾ ਖੜ, ਭੈ ਭਿਆਨਕ ਹੋਏ ਸਹਾਇਆ। ਅਕਾਲ ਮੂਰਤ ਮੂਰਤ ਅਕਾਲ ਏਕਾ ਨਰ, ਨਰ ਨਾਰੀ ਆਪ ਹੋ ਜਾਇਆ। ਜੁਗ ਜੁਗ ਆਪਣਾ ਭਾਣਾ ਆਪੇ ਜਰ, ਹਰਿ ਭਾਣੇ ਵਿਚ ਸਮਾਇਆ। ਆਪੇ ਸਾਧ ਸੰਤ ਗੁਰ ਪੀਰ ਅਵਤਾਰ, ਦਸਤਗੀਰ ਆਪ ਅਖਵਾਇਆ। ਆਪੇ ਊਚ ਨੀਚ ਸ਼ਾਹ ਹਕੀਰ ਕਰ, ਸ਼ਾਹ ਸੁਲਤਾਨ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਏਕਾ ਸਰਨਾ, ਨੇਤਰ ਖੋਲ੍ਹੇ ਹਰਨਾ ਫਰਨਾ, ਦੂਈ ਦਵੈਤੀ ਮੇਟ ਮਿਟਾਇਆ। ਹਰਨ ਫਰਨ ਨੇਤਰ ਖੋਲ੍ਹ, ਗੁਰਮੁਖਾਂ ਦਏ ਵਡਿਆਈਆ। ਕਾਇਆ ਮੰਦਰ ਆਪੇ ਬੋਲ, ਆਪਣਾ ਸ਼ਬਦ ਸੁਣਾਈਆ। ਸਚ ਨਗਾਰਾ ਵੱਜੇ ਢੋਲ, ਤਾਲ ਤਲਵਾੜਾ ਇਕ ਵਖਾਈਆ। ਦਿਵਸ ਰੈਣ ਕਰੇ ਚੋਲ੍ਹ, ਆਠ ਪਹਿਰ ਰੰਗ ਰੰਗਾਈਆ। ਸ਼ਬਦ ਦੇਵੇ ਸਚ ਝਕੋਲ, ਦੋ ਜਹਾਨਾਂ ਪਾਰ ਕਰਾਈਆ। ਏਕਾ ਕੰਡੇ ਦੇਵੇ ਤੋਲ, ਊਚ ਨੀਚ ਨਾ ਕੋਇ ਰਖਾਈਆ। ਹਰਿਜਨ ਹਰ ਘਟ ਹਰਿ ਹਰਿ ਵਸੇ ਕੋਲ, ਗੁਰ ਬਿਨ ਕੋਇ ਨਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਦਰ, ਬੰਕ ਦਵਾਰਾ ਆਪ ਸੁਹਾਈਆ। ਬੰਕ ਦਵਾਰਾ ਸਾਚੀ ਰਾਸ, ਹਰਿ ਸਾਚੀ ਵਸਤ ਰਖਾਇੰਦਾ। ਸਤਿਗੁਰ ਸਾਜਣ ਵਸੇ ਪਾਸ, ਸ਼ਬਦੀ ਸ਼ਬਦ ਸੁਣਾਇੰਦਾ। ਜੁਗਾਂ ਜੁਗੰਤ ਪੂਰੀ ਕਰੇ ਆਸ, ਜੋ ਜਨ ਧਿਆਨ ਲਗਾਇੰਦਾ। ਨਿਜ ਘਰ ਵਾਸੀ ਨਿਝ ਘਰ ਰੱਖੇ ਵਾਸ, ਨਿਜ ਨੇਤਰ ਵੇਖ ਵਖਾਇੰਦਾ। ਹਰਿਜਨ ਲੇਖੇ ਲਾਏ ਸਵਾਸ ਸਵਾਸ, ਰਸਨਾ ਜੇਹਵਾ ਜੋ ਜਨ ਗਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਡੂੰਘੀ ਕੰਦਰ ਆਪ ਤਰਾਇੰਦਾ। ਹਰਿਜਨ ਤੇਰਾ ਨਾਮ ਨਾ ਜਾਏ ਵਿਨਾਸ, ਪੰਜ ਤੱਤ ਅਗਨੀ ਤੱਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਖੇ ਸਾਚਾ ਘਰ, ਭਗਤ ਭਗਵੰਤ ਸੰਤ ਕੰਤ ਨਾਰ ਭਤਾਰ ਏਕਾ ਧਾਰ ਵਖਾਇੰਦਾ। ਸੰਤ ਨਾਰ ਭਤਾਰੀ ਸਾਚਾ ਮੀਤੜਾ, ਏਕਾ ਏਕਉਂਕਾਰ। ਗੁਰਮੁਖ ਕਾਇਆ ਚੋਲੀ ਰੰਗੇ ਚੀਥੜਾ, ਰੰਗਨ ਰੰਗ ਅਪਾਰ। ਰੰਗ ਚੜ੍ਹਾਏ ਇਕ ਮਜੀਠੜਾ, ਆਪ ਆਪਣੀ ਕਿਰਪਾ ਧਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ। ਮਿਠਾ ਕਰੇ ਕਾਇਆ ਕੌੜਾ ਰੀਠੜਾ, ਅੰਮ੍ਰਿਤ ਫਲ ਲਗਾਏ ਸਾਚੇ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤ ਆਦਿ ਅੰਤ ਹਰਿ ਭਗਵੰਤ, ਚਲੇ ਚਲਾਏ ਅਵੱਲੜੀ ਚਾਲ। ਚਾਲ ਨਿਰਾਲੀ ਜੋਤ ਅਕਾਲੀ, ਆਪਣੇ ਆਪ ਰਖਾਈਆ। ਦੋ ਜਹਾਨਾਂ ਸਾਚਾ ਪਾਲੀ, ਪਰਮ ਪੁਰਖ ਵਡਿਆਈਆ। ਸ਼ਬਦ ਗੁਰ ਕਰੇ ਦਲਾਲੀ, ਕਲਜੁਗ ਵਣਜ ਵਖਾਈਆ। ਲੱਖ ਚੁਰਾਸੀ ਵੇਖੇ ਪੱਤ ਪੱਤ ਡਾਲ ਡਾਲੀ, ਚਾਰੋਂ ਕੁੰਟ ਫੇਰਾ ਪਾਈਆ। ਵੇਖ ਵਖਾਏ ਪੰਜ ਤੱਤ ਮੰਦਰ ਖਾਲੀ, ਹਰਿ ਕਾ ਨਾਮ ਖ਼ਜ਼ਾਨਾ ਨਾ ਕੋਇ ਰਖਾਈਆ। ਗੁਰਮੁਖ ਵਿਰਲੇ ਘਾਲ ਘਾਲੀ, ਜਿਸ ਜਨ ਬੂਝ ਬੁਝਾਈਆ। ਤੋੜਨਹਾਰ ਜਗਤ ਜੰਜਾਲੀ, ਲੱਖ ਚੁਰਾਸੀ ਤੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਆਸ ਨਿਰਾਸ ਨਾ ਕੋਇ ਵਖਾਈਆ। ਚਰਨ ਪ੍ਰੀਤੀ ਦੇਵੇ ਜੋੜ, ਸੁਰਤ ਸ਼ਬਦ ਜੁੜਾਈਆ। ਨਾਮ ਚੜ੍ਹਾਏ ਸਾਚੇ ਘੋੜ, ਸਾਚਾ ਅਸਵ ਇਕ ਰਖਾਈਆ। ਕਾਇਆ ਮੰਦਰ ਅੰਦਰ ਲਾਏ ਏਕਾ ਪੌੜ, ਡੂੰਘੀ ਭਵਰੀ ਪਾਰ ਕਰਾਈਆ। ਲੇਖਾ ਚੁੱਕੇ ਸੁਖਮਨ ਨਾੜੀ ਸੌੜ, ਈੜਾ ਪਿੰਗਲ ਮੁਖ ਸ਼ਰਮਾਈਆ। ਏਕਾ ਰਸ ਵਖਾਏ ਮਿਠਾ ਕੌੜ, ਅੰਮ੍ਰਿਤ ਮੁਖ ਚੁਆਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸਾਚੇ ਮੰਦਰ ਜਾਏ ਬੌਹੜ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲੇ ਬੇਪਰਵਾਹੀਆ। ਸੁਰਤੀ ਸ਼ਬਦ ਸ਼ਬਦ ਗਿਆਨ, ਨਾਮ ਦਾਨ ਵਡਿਆਈਆ। ਗੁਰ ਗੋਬਿੰਦ ਮੇਲਾ ਦੋ ਜਹਾਨ, ਲੋਕਮਾਤ ਕਰੇ ਕੁੜਮਾਈਆ। ਸਚ ਵਖਾਏ ਸਚ ਨਿਸ਼ਾਨ, ਸਚ ਸਾਚਾ ਆਪ ਝੁਲਾਈਆ। ਇਕ ਜਣਾਈ ਧੁਰ ਫ਼ਰਮਾਣ, ਬੋਧ ਅਗਾਧਾ ਸ਼ਬਦ ਸੁਣਾਈਆ। ਚਰਨ ਪ੍ਰੀਤੀ ਚਰਨ ਦਵਾਰ ਹਰਿ ਨਿਰੰਕਾਰ ਹਰਿਜਨ ਦੇਵੇ ਏਕਾ ਮਾਣ, ਏਕਾ ਬੂਝ ਬੁਝਾਈਆ। ਆਪ ਵਸਾਏ ਘਰ ਸਚ ਦਰ ਸਚ ਹਰਿ ਸਚ ਮਕਾਨ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪੰਚ ਵਿਕਾਰ ਨੌ ਦਵਾਰ ਨਾ ਜਾਏ ਨੱਚ, ਪੰਚ ਸ਼ੈਤਾਨ ਮੇਟ ਮਿਟਾਈਆ। ਹਰਿ ਹਿਰਦੇ ਅੰਦਰ ਜਾਏ ਰਚ, ਸ਼ਬਦੀ ਸ਼ਬਦ ਸ਼ਬਦ ਸਮਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਸਾਚੀ ਨੀਤੀ, ਕਾਇਆ ਮੰਦਰ ਵਿਚ ਮਸੀਤੀ ਆਪੇ ਦਏ ਕਰਾਈਆ। ਕਾਇਆ ਮੰਦਰ ਮਸੀਤ ਗੁਰੂਦਵਾਰ, ਮੱਠ ਸ਼ਿਵਦਵਾਲਾ ਆਪ ਸੁਹਾਇੰਦਾ। ਨਿਰਗੁਣ ਬਾਤੀ ਕਰ ਉਜਿਆਰ, ਜੋਤ ਲਲਾਟੀ ਆਪ ਜਗਾਇੰਦਾ। ਸ਼ਬਦ ਹਾਟੀ ਕਰ ਵਣਜਾਰ, ਏਕ ਵਸਤ ਝੋਲੀ ਪਾਇੰਦਾ। ਤੀਰਥ ਤਟ ਸਚ ਕਿਨਾਰ, ਸਰ ਸਰੋਵਰ ਇਕ ਨੁਹਾਇੰਦਾ। ਪਿਛਲਾ ਪੂਰਾ ਕਰੇ ਘਾਟੀ ਅੱਗੇ ਭਰੇ ਭੰਡਾਰ, ਨਾਮ ਭੰਡਾਰ ਇਕ ਰਖਾਇੰਦਾ। ਗੁਰਮੁਖ ਅਸਵ ਸ਼ਾਹ ਅਸਵਾਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਬ੍ਰਹਮਾ ਵਿਸ਼ਨੂੰ ਸ਼ਿਵ ਕਰਨ ਨਿਮਸਕਾਰ, ਸੁਰਪਤ ਨਿਉਂ ਨਿਉਂ ਸੀਸ ਝੁਕਾਇੰਦਾ । ਜਿਸ ਜਨ ਵਖਾਏ ਆਪਣਾ ਘਰ ਬਾਰ, ਚਰਨ ਕਵਲ ਦਵਾਰਾ ਇਕ ਵਖਾਇੰਦਾ। ਨਰ ਨਰੇਸ਼ਾ ਏਕਉਂਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਦੇਵੇ ਵਰ, ਚਰਨ ਚਰਨੋਦਕ ਇਕ ਪਿਆਇੰਦਾ। ਚਰਨ ਪ੍ਰੀਤੀ ਚਰਨ ਧੂੜ, ਚਰਨ ਕਵਲ ਚਿਤ ਲਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਕੂੜ ਕੂੜਾ ਮੇਟ ਮਿਟਾਇਆ। ਆਵਣ ਜਾਵਣ ਪਤਿਤ ਪਾਵਨ ਲੱਖ ਚੁਰਾਸੀ ਜਮ ਕੀ ਫਾਸੀ ਕੱਟੇ ਜੂੜ, ਆਪ ਆਪਣੀ ਗੋਦ ਉਠਾਇਆ। ਦਿਵਸ ਰੈਣ ਆਠ ਪਹਿਰ ਹਾਜ਼ਰ ਹਜ਼ੂਰ, ਸਰਬ ਕਲ ਭਰਪੂਰ ਵਿਛੜ ਕਦੇ ਨਾ ਜਾਇਆ। ਗੁਰਸਿਖ ਤੇਰੀ ਆਸਾ ਮਨਸਾ ਪੂਰ, ਪ੍ਰੀਤੀ ਨੀਤੀ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਾਤੀ ਜਾਤੀ ਜੋਤ ਵਿਚ ਸਮਾਇਆ।
