੬ ਭਾਦਰੋਂ ੨੦੧੬ ਬਿਕ੍ਰਮੀ ਹਰਬੰਸ ਸਿੰਘ ਬਲਵੰਤ ਸਿੰਘ ਦੇ ਘਰ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਹਰਿ ਕਰਤਾਰ, ਹਰਿ ਆਪਣੀ ਕਲ ਵਰਤਾਈਆ। ਨਿਰਗੁਣ ਖੇਲ ਅਗੰਮ ਅਪਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਪੁਰਖ ਅਕਾਲ ਆਪ ਕਰਾਈਆ। ਸਚਖੰਡ ਵਸੇ ਸਚ ਦੁਵਾਰ, ਆਦਿ ਨਿਰੰਜਣ ਬੇਪਰਵਾਹੀਆ। ਥਿਰ ਘਰ ਖੋਲ੍ਹ ਬੰਦ ਕਿਵਾੜ, ਆਪਣਾ ਮਹੱਲ ਅਟੱਲ ਆਪ ਸੁਹਾਈਆ। ਸਾਚਾ ਨਾਮ ਕਰ ਤਿਆਰ, ਨਾਮ ਸਤਿ ਨਾਉਂ ਰਖਾਈਆ। ਨਾਮ ਸਤਿ ਤਿੱਖੀ ਧਾਰ, ਆਪੇ ਆਪ ਉਪਾਈਆ। ਸਾਚਾ ਖੰਡਾ ਹਰਿ ਨਿਰੰਕਾਰ, ਆਪਣਾ ਆਪ ਉਠਾਈਆ। ਆਪਣੇ ਅੰਦਰੋਂ ਆਏ ਬਾਹਰ, ਆਪ ਅਪਣੀ ਕਲ ਧਰਾਈਆ। ਸੁਨ ਅਗੰਮੀ ਕਰ ਵਿਚਾਰ, ਸੁਨ ਸਮਾਧ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਰਵ ਸਸ ਦਏ ਹੁਲਾਰ, ਮੰਡਲ ਮੰਡਪ ਆਪ ਸੁਹਾਈਆ। ਬ੍ਰਹਿਮੰਡ ਖੰਡ ਮਾਰੇ ਨਾਅਰ, ਇਕ ਜੈਕਾਰ ਬੁਲਾਈਆ। ਪਾਰਬ੍ਰਹਮ ਪ੍ਰਭ ਭੇਵ ਅਪਾਰ, ਭੇਵ ਕੋਈ ਨਾ ਪਾਈਆ। ਜੁਗਾ ਜੁਗੰਤ ਲਏ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਲੱਖ ਚੁਰਾਸੀ ਪਾਵੇ ਸਾਰ, ਜੀਆਂ ਜੰਤਾਂ ਵੇਖ ਵਖਾਈਆ। ਸਾਧਾਂ ਸੰਤਾਂ ਨਾਮ ਅਧਾਰ, ਭਗਤ ਭਗਤੀ ਮਾਰਗ ਲਾਈਆ। ਆਪਣੇ ਰੰਗ ਰੰਗੇ ਕਰਤਾਰ, ਰੰਗ ਸਾਚਾ ਆਪ ਚੜ੍ਹਾਈਆ। ਨੌ ਖੰਡ ਪਾਵਣਹਾਰਾ ਸਾਰ, ਸੱਤਾਂ ਦੀਪਾਂ ਵੇਖ ਵਖਾਈਆ। ਜੇਰਜ ਅੰਡ ਸੁਣੇ ਪੁਕਾਰ, ਉਤਭੁਜ ਸੇਹਤਜ ਭੁੱਲ ਨਾ ਜਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਡੇਰਾ ਲਾਈਆ। ਸਮੁੰਦ ਸਾਗਰ ਬੰਨ੍ਹੇ ਧਾਰ, ਸਰ ਸਰੋਵਰ ਵੇਖ ਵਖਾਈਆ। ਜਲ ਥਲ ਮਹੀਅਲ ਕਰ ਵਿਚਾਰ, ਆਪ ਆਪਣੀ ਰਚਨ ਰਚਾਈਆ। ਪ੍ਰਿਥਮੀ ਅਕਾਸ਼ ਖੇਲ ਅਪਾਰ, ਗਗਨ ਗਗਨੰਤਰ ਸੋਭਾ ਪਾਈਆ। ਦਿਵਸ ਰੈਣ ਖੇਲ ਸਤਾਰ, ਘੜੀ ਪਲ ਵੰਡ ਵੰਡਾਈਆ। ਆਪੇ ਸਭ ਤੋਂ ਵਸਿਆ ਬਾਹਰ, ਭੇਵ ਅਭੇਦਾ ਭੇਵ ਛੁਪਾਈਆ। ਅਕਲ ਕਲਾ ਕਲ ਆਪੇ ਧਾਰ, ਧਰਨੀ ਧਰਤ ਧਵਲ ਸੁਹਾਈਆ। ਆਪੇ ਸਾਧ ਸੰਤ ਗੁਰ ਪੀਰ ਬਣ ਅਵਤਾਰ, ਆਪਣਾ ਮਾਰਗ ਆਪੇ ਲਾਈਆ। ਆਪੇ ਹਰਿ ਕਾ ਨਾਮ ਕਰੇ ਕਰਾਏ ਵਣਜ ਵਪਾਰ, ਸਾਚੀ ਵਸਤ ਆਪ ਉਪਾਈਆ। ਆਪੇ ਚੌਦਾਂ ਲੋਕਾਂ ਖੋਲ੍ਹ ਕਿਵਾੜ, ਚੌਦਾਂ ਹੱਟਾਂ ਵੇਖ ਵਖਾਈਆ। ਆਪੇ ਪੰਜ ਤੱਤ ਕਰ ਅਕਾਰ, ਆਪੇ ਤ੍ਰੈਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣੀ ਰਚਨ ਰਚਾਈਆ। ਸਤਿ ਪੁਰਖ ਨਿਰੰਜਣ ਇਕ ਇਕੱਲਾ, ਏਕਾ ਰੰਗ ਸਮਾਇੰਦਾ। ਸਚਖੰਡ ਵਸੇ ਸਚ ਮਹੱਲਾ, ਆਪ ਆਪਣਾ ਦਰ ਵਖਾਇੰਦਾ। ਥਿਰ ਘਰ ਵਾਸੀ ਉਚ ਅਟੱਲਾ, ਪੁਰਖ ਅਬਿਨਾਸ਼ੀ ਆਪ ਹੋ ਜਾਇੰਦਾ। ਆਪਣੀ ਜੋਤੀ ਆਪੇ ਬਲਾ, ਆਪਣਾ ਦੀਪਕ ਆਪ ਜਗਾਇੰਦਾ। ਆਪਣਾ ਸ਼ਬਦ ਸੰਦੇਸ਼ਾ ਆਪੇ ਘੱਲਾ, ਸਚ ਸੁਨੇਹੜਾ ਆਪ ਸੁਣਾਇੰਦਾ। ਆਪਣਾ ਫੜਾਏ ਆਪੇ ਪੱਲਾ, ਨਾਮ ਖੰਡਾ ਹੱਥ ਚਮਕਾਇੰਦਾ। ਆਦਿ ਜੁਗਾਦੀ ਅਛਲ ਅਛੱਲਾ, ਵੇਦ ਪੁਰਾਨਾਂ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਵੇਸ ਵਟਾਇੰਦਾ । ਸ਼ਬਦ ਖੰਡਾ ਤੇਜ਼ ਕਟਾਰ, ਨਿਰਗੁਣ ਆਪਣੀ ਆਪ ਉਪਾਈਆ। ਆਪੇ ਰੱਖੇ ਸਚਖੰਡ ਦੁਵਾਰ, ਦੂਸਰ ਹੱਥ ਕਿਸੇ ਨਾ ਆਈਆ। ਜੁਗਾ ਜੁਗੰਤਰ ਕਰ ਤਿਆਰ, ਤਿੱਖੀ ਧਾਰ ਬੰਧਾਈਆ। ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਖੋਜ ਖੁਜਾਈਆ। ਲੋਕਮਾਤ ਹਰਿ ਹੋ ਉਜਿਆਰ, ਆਪ ਆਪਣਾ ਡੰਕ ਵਜਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਸਤਿ ਪੁਰਖ ਵੱਡੀ ਵਡਿਆਈਆ। ਸੰਤ ਸਹੇਲੇ ਲਾਏ ਪਾਰ, ਗੁਰ ਚੇਲੇ ਮੇਲ ਮਿਲਾਈਆ। ਆਪੇ ਤੋੜੇ ਗੜ੍ਹ ਹੰਕਾਰ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਲੱਖ ਚੁਰਾਸੀ ਵੇਖ ਵਿਚਾਰ, ਘਟ ਘਟ ਫੋਲੇ ਫੋਲ ਫੁਲਾਈਆ। ਲਹਿਣਾ ਦੇਣਾ ਕਰਮ ਵੀਚਾਰ, ਧਰਮੀ ਧਰਮ ਕਰੇ ਵਡਿਆਈਆ। ਜੂਠ ਝੂਠ ਕਰੇ ਖੁਵਾਰ, ਸਚ ਸੁੱਚ ਸਾਚਾ ਮਾਰਗ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਰਾਈਆ। ਸਤਿ ਪੁਰਖ ਨਿਰੰਜਣ ਪੁਰਖ ਬਿਧਾਤਾ, ਏਕਾ ਮਾਰਗ ਲਾਇੰਦਾ। ਸਚਖੰਡ ਵਸੇ ਇਕ ਇਕਾਂਤਾ, ਏਕਾ ਦਰ ਖੁਲ੍ਹਾਇੰਦਾ। ਖੇਲੇ ਖੇਲ ਬਹੁ ਬਿਧ ਭਾਂਤਾ, ਵੇਸ ਅਨੇਕ ਰੂਪ ਵਟਾਇੰਦਾ। ਜ਼ਾਤ ਮੇਂ ਜੋਤ ਜੋਤ ਮੇਂ ਜਾਤਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਨਾਉਂ ਧਰਾਇੰਦਾ। ਸ਼ਬਦ ਅਗੰਮੀ ਸਾਚੀ ਗਾਥਾ, ਆਪਣਾ ਮੰਤਰ ਨਾਮ ਦ੍ਰਿੜਾਇੰਦਾ। ਆਪੇ ਖੋਲ੍ਹੇ ਸਾਚਾ ਹਾਟਾ, ਆਪੇ ਵਣਜ ਵਖਾਇੰਦਾ। ਆਪੇ ਤੀਰਥ ਆਪੇ ਤਾਟਾ, ਆਪੇ ਅੰਮ੍ਰਿਤ ਜਲ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਤਿ ਪੁਰਖ ਨਿਰੰਜਣ ਸਤਿ ਸਤਿ ਸਤਿਵਾਦ, ਸਾਰਿੰਗ ਧਰ ਅਖਵਾਇੰਦਾ। ਪਾਰਬ੍ਰਹਮ ਬੀਠਲੋ ਮਾਧਵ ਮਾਧ, ਰੂਪ ਰੰਗ ਨਾ ਕੋਈ ਜਣਾਇੰਦਾ। ਸਚਖੰਡ ਦੁਵਾਰਾ ਆਪੇ ਲਾਧ, ਆਪੇ ਆਸਣ ਲਾਇੰਦਾ। ਸ਼ਬਦ ਅਨਾਦੀ ਬੋਧ ਅਗਾਧ, ਪੁਰਖ ਅਕਾਲਾ ਆਪੇ ਗਾਇੰਦਾ। ਆਪ ਵਜਾਏ ਆਪਣਾ ਨਾਦ, ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਆਪੇ ਮਾਰੇ ਆਪਣੀ ਵਾਜ, ਆਪਣਾ ਨਾਮ ਆਪ ਧਰਾਇੰਦਾ। ਆਪੇ ਰੱਖੇ ਆਪਣੀ ਲਾਜ, ਲਜਪਤ ਆਪਣੇ ਹੱਥ ਰਖਾਇੰਦਾ। ਆਪੇ ਰਚੇ ਆਪਣਾ ਕਾਜ, ਕਰਨੀ ਕਰਤਾ ਆਪ ਕਰਾਇੰਦਾ। ਆਪੇ ਜਾਣੇ ਆਪਣਾ ਰਾਜ, ਸ਼ਾਹ ਸੁਲਤਾਨ ਆਪ ਹੋ ਜਾਇੰਦਾ। ਆਪਣਾ ਸਾਜਣ ਆਪੇ ਸਾਜ, ਆਪੇ ਵੇਖ ਵਖਾਇੰਦਾ। ਆਪੇ ਦਾਤਾ ਗ਼ਰੀਬ ਨਿਵਾਜ਼, ਪਰਵਰਦਿਗਾਰ ਆਪ ਅਖਵਾਇੰਦਾ। ਆਪੇ ਰੱਖੇ ਲੱਖ ਚੁਰਾਸੀ ਸਾਂਝ, ਆਪੇ ਘਟ ਘਟ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਸਤਿ ਪੁਰਖ ਨਿਰੰਜਣ ਸਤਿ ਸਰੂਪ, ਹਰਿ ਹਰਿ ਵੱਡੀ ਵਡਿਆਈਆ। ਵਸਣਹਾਰਾ ਦਹਿ ਦਿਸ਼ਾ ਚਾਰੇ ਕੂਟ, ਭੇਵ ਅਭੇਦਾ ਭੇਵ ਛੁਪਾਈਆ। ਸਚਖੰਡ ਹੁਲਾਰਾ ਰਿਹਾ ਝੂਟ, ਸਚ ਸਿੰਘਾਸਣ ਆਸਣ ਲਾਈਆ। ਸ਼ਬਦ ਅਗੰਮੀ ਆਪੇ ਬੋਲੇ ਨਿਰਗੁਣ ਨਿਰਗੁਣ ਵਿਚੋਂ ਫੂਟ, ਤੱਤਵ ਤੱਤ ਨਾ ਕੋਈ ਵਖਾਈਆ। ਆਪੇ ਧਾਰੇ ਭੇਸ ਕੋਟਨ ਕੋਟ, ਕੋਟੀ ਕੋਟ ਰੂਪ ਵਟਾਈਆ। ਆਪੇ ਚੜ੍ਹਿਆ ਆਪਣੀ ਚੋਟ, ਆਪਣਾ ਦਰ ਆਪ ਸੁਹਾਈਆ। ਆਪੇ ਰੱਖੇ ਆਪਣੀ ਓਟ, ਸਿਰ ਆਪਣਾ ਹੱਥ ਟਿਕਾਈਆ। ਆਪੇ ਨਿਰਗੁਣ ਬਣੇ ਜੋਤ, ਆਪੇ ਸਰਗੁਣ ਪੰਜ ਤੱਤ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਬਣਤ ਬਣਾਈਆ। ਸਤਿ ਪੁਰਖ ਨਿਰੰਜਣ ਬਣਤ ਬਣਾਏ, ਆਪ ਆਪਣੀ ਕਲ ਧਾਰੀਆ। ਸਚਖੰਡ ਸਾਚਾ ਧਾਮ ਸੁਹਾਏ, ਨਿਰਗੁਣ ਬੈਠਾ ਨਿਰੰਕਾਰੀਆ। ਥਿਰ ਘਰ ਆਸਣ ਇਕ ਵਿਛਾਏ, ਭੇਵ ਨਾ ਜਾਣੇ ਜੀਵ ਸੰਸਾਰੀਆ। ਸ਼ਬਦ ਅਗੰਮੀ ਆਪ ਚਲਾਏ, ਆਪੇ ਬੰਨ੍ਹੇ ਆਪਣੀ ਧਾਰੀਆ। ਤੇਜ਼ ਧਾਰ ਨਾਮ ਰਖਾਏ, ਪ੍ਰਗਟ ਹੋਏ ਵਡ ਸੰਸਾਰੀਆ। ਬ੍ਰਹਿਮੰਡੀ ਖੰਡੀ ਵੇਖ ਵਖਾਏ, ਆਪ ਆਪਣੀ ਕਰ ਵਿਚਾਰੀਆ। ਜੇਰਜ ਅੰਡੀ ਵੰਡ ਵੰਡਾਏ, ਖੇਲੇ ਖੇਲ ਅਗੰਮ ਅਪਾਰੀਆ । ਜੁਗਾ ਜੁਗੰਤਰ ਭੇਖ ਪਖੰਡੀ ਮੇਟ ਮਿਟਾਏ, ਹਰਿਜਨ ਸਾਚੇ ਪਾਰ ਉਤਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸ਼ਬਦ ਪੈਜ ਸੁਵਾਰੀਆ। ਸ਼ਬਦ ਨਿਵਾਸੀ ਪੁਰਖ ਅਬਿਨਾਸ਼ੀ, ਘਟ ਘਟ ਅੰਦਰ ਜਾਣਿਆ। ਬ੍ਰਹਿਮੰਡਾਂ ਖੰਡਾਂ ਪਾਵੇ ਰਾਸੀ, ਨਿਰਗੁਣ ਜੋਤ ਨੂਰ ਮਹਾਨਿਆ। ਪ੍ਰਿਥਮੀ ਅਕਾਸ਼ੀ ਖੇਲ ਤਮਾਸ਼ੀ, ਖੇਲੇ ਖੇਲ ਵਾਲੀ ਦੋ ਜਹਾਨਿਆ। ਜਨ ਭਗਤਾਂ ਪੂਰੀ ਕਰੇ ਆਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਹੋ ਪਰਧਾਨਿਆ। ਲੋਕਮਾਤ ਹਰਿ ਹੋ ਪਰਧਾਨ, ਆਪਣਾ ਖੇਲ ਖਲਾਇੰਦਾ। ਪੁਰਖ ਅਗੰਮਾ ਸ੍ਰੀ ਭਗਵਾਨ, ਆਪ ਆਪਣੀ ਕਲ ਵਰਤਾਇੰਦਾ। ਸ਼ਬਦ ਸਰੂਪੀ ਸਚ ਨਿਸ਼ਾਨ, ਆਪਣਾ ਆਪ ਝੁਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਆਪ ਫ਼ਰਮਾਣ, ਕਰੋੜ ਤੇਤੀਸਾ ਭੁੱਲ ਨਾ ਜਾਇੰਦਾ। ਲੋਕਮਾਤ ਕਰ ਧਿਆਨ, ਸਾਧਾਂ ਸੰਤਾਂ ਆਪ ਉਠਾਇੰਦਾ। ਆਤਮ ਅੰਤਰ ਦੇਵੇ ਇਕ ਗਿਆਨ, ਏਕਾ ਬ੍ਰਹਮ ਸਮਝਾਇੰਦਾ। ਸ਼ਬਦ ਅਨਾਦੀ ਧੁਰ ਫ਼ਰਮਾਣ, ਅੰਦਰ ਮੰਦਰ ਆਪ ਅਲਾਇੰਦਾ। ਦਾਤਾ ਦਾਨੀ ਹਰਿ ਮਿਹਰਵਾਨ, ਚਤੁਰ ਸੁਘੜ ਸਿਆਣ ਬਾਲ ਅੰਞਾਣ ਆਪ ਉਠਾਇੰਦਾ। ਏਕਾ ਰਾਗ ਸੁਣਾਏ ਕਾਨ, ਦੂਜੀ ਧਾਰ ਨਾ ਕੋਈ ਜਣਾਇੰਦਾ। ਭਗਤਨ ਭਗਤੀ ਦੇਵੇ ਦਾਨ, ਹਰਿ ਸੱਜਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਖੇਲਣਹਾਰ ਪੁਰਖ ਸਮਰਥ, ਜੁਗ ਜੁਗ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਚਾਰੋਂ ਕੁੰਟ ਆਪ ਫਿਰਾਈਆ। ਉਲਟੀ ਗੇੜੇ ਆਪੇ ਲੱਠ, ਗੇੜਾ ਆਪਣੇ ਹੱਥ ਰਖਾਈਆ। ਸੰਤ ਸੁਹੇਲੇ ਮੇਲੇ ਨੱਠ ਨੱਠ, ਦਿਵਸ ਰੈਣ ਸੇਵ ਕਮਾਈਆ। ਵਸਣਹਾਰਾ ਘਟ ਘਟ, ਜਾਗਰਤ ਜੋਤ ਕਰੇ ਰੁਸ਼ਨਾਈਆ। ਖੇਲੇ ਖੇਲ ਬਾਜ਼ੀਗਰ ਨਟ, ਨਟ ਨਟੂਆ ਸਵਾਂਗ ਵਰਤਾਈਆ। ਪਾਵੇ ਸਾਰ ਤੀਰਥ ਅਠਸਠ, ਤੱਟ ਕਿਨਾਰਾ ਵੇਖ ਵਖਾਈਆ। ਜੋਤੀ ਨੂਰ ਲਟ ਲਟ, ਆਦਿ ਜੁਗਾਦੀ ਡਗਮਗਾਈਆ। ਗੁਰਮੁਖਾਂ ਦੁਰਮਤ ਮੈਲ ਦੇਵੇ ਕੱਟ, ਸਰ ਸਰੋਵਰ ਇਕ ਨੁਹਾਈਆ। ਦੂਈ ਦਵੈਤੀ ਮੇਟੇ ਫੱਟ, ਹਉਮੇ ਹੰਗਤਾ ਰੋਗ ਮਿਟਾਈਆ। ਅਨਹਦ ਮਾਰੇ ਸਾਚੀ ਸੱਟ, ਬਜ਼ਰ ਕਪਾਟੀ ਤੋੜ ਤੁੜਾਈਆ। ਦਸਮ ਦੁਆਰੀ ਹੋ ਪ੍ਰਗਟ, ਆਪ ਆਪਣਾ ਰੂਪ ਦਰਸਾਈਆ। ਅੰਮ੍ਰਿਤ ਆਤਮ ਦੇਵੇ ਝੱਟ, ਨਿਝਰ ਧਾਰਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਸੁਲਤਾਨ, ਹਰਿ ਸਤਿਗੁਰ ਵਡ ਮਿਹਰਵਾਨਾ। ਖੇਲੇ ਖੇਲ ਸ੍ਰੀ ਭਗਵਾਨ, ਆਦਿ ਨਿਰੰਜਣ ਜੋਤ ਮਹਾਨਾ। ਪਾਰਬ੍ਰਹਮ ਬ੍ਰਹਮ ਮਿਹਰਵਾਨ, ਦੇਵਣਹਾਰਾ ਸਾਚਾ ਦਾਨਾ। ਹਰਿਜਨ ਹਰਿ ਹਰਿ ਆਤਮ ਗਿਆਨ, ਦੇਵੇ ਮਾਣ ਚਰਨ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਣਾ। ਖੇਲਣਹਾਰਾ ਖੇਲ ਖਲਾਰੀ, ਜੁਗਾ ਜੁਗੰਤਰ ਆਪ ਖਲਾਈਆ। ਆਦਿ ਨਿਰੰਜਣ ਜੋਤ ਉਜਿਆਰੀ, ਜੁਗ ਜੁਗ ਵੇਸ ਵਟਾਈਆ। ਸਚਖੰਡ ਸੁਹਾਏ ਬੰਕ ਦੁਵਾਰੀ, ਸੋਭਾਵੰਤ ਵੱਡੀ ਵਡਿਆਈਆ। ਸ਼ਬਦ ਖ਼ਜ਼ਾਨਾ ਵਡ ਭੰਡਾਰੀ, ਅਤੋਟ ਅਤੁਟ ਚਲਾਈਆ। ਆਪੇ ਬਣ ਹਰਿ ਸੰਸਾਰੀ, ਆਪਣੇ ਰੰਗ ਰੰਗਾਈਆ। ਆਪੇ ਵਣਜ ਕਰੇ ਵਪਾਰੀ, ਆਪੇ ਵਸਤ ਵਖਾਈਆ। ਆਪੇ ਗੁਰ ਪੀਰ ਅਵਤਾਰੀ, ਸਾਧ ਸੰਤ ਆਪ ਹੋ ਜਾਈਆ। ਆਪੇ ਰਾਜ ਰਾਜਾਨ ਸ਼ਾਹ ਸਿਕਦਾਰੀ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਦਰ ਦਰ ਬਣੇ ਭਿਖਾਰੀ, ਆਪੇ ਘਰ ਘਰ ਅਲੱਖ ਜਗਾਈਆ। ਆਪੇ ਕਿੱਲਾ ਕੋਟ ਰਿਹਾ ਉਸਾਰੀ, ਆਪੇ ਰਿਹਾ ਢਾਈਆ। ਆਪੇ ਲੱਖ ਚੁਰਾਸੀ ਕਰ ਪਿਆਰੀ, ਆਪੇ ਮੇਟ ਮਿਟਾਈਆ। ਆਪੇ ਉਤਪਤ ਕਰੇ ਆਦਿ ਜੁਗਾਦੀ ਆਪਣੀ ਵਾਰੀ, ਆਪੇ ਆਪਣੇ ਵਿਚ ਸਮਾਈਆ। ਆਪੇ ਵਿਸ਼ਨੂੰ ਵੰਸੀ ਹੋ ਉਜਿਆਰੀ, ਆਪੇ ਆਪਣਾ ਵੇਸ ਵਟਾਈਆ। ਆਪੇ ਬ੍ਰਹਮਾ ਕਵਲ ਖਿਲੇ ਗੁਲਜ਼ਾਰੀ, ਆਪੇ ਪਾਰਬ੍ਰਹਮ ਬ੍ਰਹਮ ਰੂਪ ਵਟਾਈਆ। ਆਪੇ ਸ਼ੰਕਰ ਖੇਲ ਨਿਆਰੀ, ਬਾਸ਼ਕ ਤਸ਼ਕਾ ਗਲ ਸੁਹਾਈਆ। ਆਪੇ ਤ੍ਰੈਗੁਣ ਤੱਤ ਵਿਚਾਰੀ, ਤ੍ਰੈ ਤ੍ਰੈ ਵੇਖ ਵਖਾਈਆ। ਆਪੇ ਪੰਜ ਤੱਤ ਬਣ ਭੰਡਾਰੀ, ਆਪ ਆਪਣਾ ਆਪ ਵਿਕਾਈਆ। ਆਪੇ ਸਤਿਗੁਰ ਗੁਰ ਗੁਰ ਖੇਲ ਕਰੇ ਸੰਸਾਰੀ, ਗੁਰ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਸਤਿ ਪੁਰਖ ਨਿਰੰਜਣ ਹਰਿ ਹਰਿ ਨਾਉਂ, ਜੁਗਾ ਜੁਗੰਤਰ ਆਪ ਧਰਾਇੰਦਾ। ਆਪੇ ਵੇਖੇ ਥਾਈਂ ਥਾਉਂ, ਦਰ ਦਰ ਆਪਣਾ ਵੇਸ ਵਟਾਇੰਦਾ। ਆਪੇ ਨਗਰ ਆਪ ਗਰਾਉਂ, ਆਪਣਾ ਖੇੜਾ ਆਪ ਵਸਾਇੰਦਾ। ਆਪੇ ਪਿਤਾ ਆਪੇ ਮਾਉਂ, ਪੂਤ ਸਪੂਤਾ ਆਪੇ ਜਾਇੰਦਾ। ਆਪੇ ਪਕੜਣਹਾਰਾ ਬਾਹੋਂ, ਆਪੇ ਆਪਣਾ ਮਾਰਗ ਲਾਇੰਦਾ। ਆਪੇ ਦੇਵਣਹਾਰਾ ਠੰਡੀ ਛਾਉਂ, ਸਿਰ ਸਮਰਥ ਆਪਣਾ ਹੱਥ ਟਿਕਾਇੰਦਾ। ਆਪੇ ਫੜ ਫੜ ਹੰਸ ਬਣਾਏ ਕਾਉਂ, ਆਪੇ ਸਾਚੀ ਚੋਗ ਚੁਗਾਇੰਦਾ। ਆਪੇ ਜੁਗ ਜੁਗ ਕਰੇ ਸਚ ਨਿਆਉਂ, ਸ਼ਬਦ ਵਿਚੋਲਾ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਰਖਾਇੰਦਾ। ਸ਼ਬਦ ਵਿਚੋਲਾ ਹਰਿ ਨਿਰੰਕਾਰ, ਆਪਣਾ ਆਪ ਬਣਾਇੰਦਾ। ਸਚਖੰਡ ਵੇਖੇ ਸਚ ਦੁਵਾਰ, ਲੋਕਮਾਤ ਫੇਰਾ ਪਾਇੰਦਾ। ਲੋਕਮਾਤ ਲੱਖ ਚੁਰਾਸੀ ਬਣ ਬਣ ਯਾਰ, ਸਾਚਾ ਹੁਕਮ ਸੁਣਾਇੰਦਾ। ਸਚਖੰਡ ਵੇਖੇ ਮੀਤ ਮੁਰਾਰ, ਨਿਰਗੁਣ ਬੈਠਾ ਆਸਣ ਲਾਇੰਦਾ । ਲੋਕਮਾਤ ਹੋ ਖ਼ਬਰਦਾਰ, ਆਪਣਾ ਡੰਕ ਵਜਾਇੰਦਾ। ਸਚਖੰਡ ਨਿਉਂ ਨਿਉਂ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਸਚਖੰਡ ਵਡ ਬਲਕਾਰ, ਰਾਜ ਰਾਜਾਨਾ ਆਪ ਉਠਾਇੰਦਾ। ਲੋਕਮਾਤ ਮਾਰੇ ਮਾਰ, ਬਚਿਆ ਕੋਈ ਰਹਿਣ ਨਾ ਪਾਇੰਦਾ। ਕਰਨੀ ਕਰਤਾ ਕਰੇ ਕਾਰ, ਕਾਦਰ ਕਰੀਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਚੋਲਾ ਮਾਤ ਕਰ, ਜੁਗ ਜੁਗ ਲੇਖਾ ਲੇਖ ਚੁਕਾਇੰਦਾ। ਸ਼ਬਦ ਵਿਚੋਲਾ ਮਾਰੇ ਫੇਰੇ, ਦੋ ਜਹਾਨੀ ਬਣਤ ਬਣਾਈਆ। ਲੱਖ ਚੁਰਾਸੀ ਲੇਵੇ ਘੇਰੇ, ਆਪ ਆਪਣੀ ਕਲ ਵਰਤਾਈਆ। ਸਚਖੰਡ ਨਿਵਾਸੀ ਦੇਵੇ ਗੇੜੇ, ਆਪਣੀ ਵਾਰੀ ਆਪ ਭੁਵਾਈਆ। ਜਗਤ ਵਿਚੋਲਾ ਵਸੇ ਖੁਲ੍ਹੇ ਵਿਹੜੇ, ਕੋਟਨ ਕੋਟ ਬ੍ਰਹਿਮੰਡਾਂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪ ਆਪਣਾ ਹੁਕਮ ਚਲਾਈਆ। ਸਾਚਾ ਹੁਕਮ ਧੁਰ ਫ਼ਰਮਾਣ, ਹਰਿ ਸ਼ਬਦੀ ਸ਼ਬਦ ਅਲ੍ਹਾਇੰਦਾ। ਲੋਕਮਾਤ ਮਾਰ ਧਿਆਨ, ਸਚ ਸੰਤਾਂ ਆਪ ਸੁਣਾਇੰਦਾ। ਭਗਤਾਂ ਦੇਵੇ ਇਕ ਗਿਆਨ, ਏਕਾ ਰੂਪ ਦਰਸਾਇੰਦਾ। ਗੁਰਮੁਖ ਬਣਾਏ ਚਤੁਰ ਸੁਜਾਨ, ਮੂਰਖ ਮੂੜ ਗਲੇ ਲਗਾਇੰਦਾ। ਗੁਰਮੁਖਾਂ ਦੇਵੇ ਨਾਮ ਨਿਧਾਨ, ਹਉਮੇ ਰੋਗ ਮਿਟਾਇੰਦਾ। ਮਨਮੁਖ ਨਾ ਸਕੇ ਕੋਈ ਪਛਾਣ, ਗੂੜੀ ਨੀਂਦ ਸੁਵਾਇੰਦਾ। ਸ਼ਬਦ ਵਿਚੋਲਾ ਗੁਣ ਨਿਧਾਨ, ਆਪਣਾ ਕਰਮ ਕਮਾਇੰਦਾ। ਡੰਕਾ ਮਾਰੇ ਵਿਚ ਜਹਾਨ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਮਾਇਆ ਰਾਣੀ ਹੋ ਪ੍ਰਧਾਨ, ਆਪਣਾ ਰੰਗ ਰੰਗਾਇੰਦਾ। ਨਾਲ ਰਲਾਏ ਪੰਜ ਸ਼ੈਤਾਨ, ਪੰਚਾਂ ਜੋੜ ਜੁੜਾਇੰਦਾ। ਮਨ ਮਤ ਰਲਾਈ ਬੇਈਮਾਨ, ਸਚ ਈਮਾਨ ਨਾ ਕੋਈ ਧਰਾਇੰਦਾ। ਹਰਿ ਕਾ ਨਾਮ ਨਾ ਸੁਣਿਆ ਕਾਨ, ਕਾਇਆ ਗੜ੍ਹ ਨਾ ਕੋਈ ਵਖਾਇੰਦਾ। ਸ਼ਬਦ ਵਿਚੋਲਾ ਮਾਰੇ ਉਠ ਧਿਆਨ, ਆਪ ਆਪਣੀ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਖੇਲ ਖਲਾਇੰਦਾ। ਲੋਕਮਾਤ ਵੇਖ ਵਿਚਾਰ, ਸ਼ਬਦੀ ਸ਼ਬਦ ਕਰੇ ਸਲਾਹੀਆ। ਮਨ ਮਤ ਹੋਈ ਨਾਰ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਪਿਆਰ, ਆਪਣੀ ਸੇਜ ਰਹੀ ਹੰਢਾਈਆ। ਹਉਮੇ ਹੰਗਤਾ ਆਸਾ ਤ੍ਰਿਸ਼ਨਾ ਝੂਠੀ ਜੂਠੀ ਧਾਰ, ਸ਼ੌਹ ਦਰਯਾ ਰਹੀ ਵਹਾਈਆ। ਮਾਇਆ ਮਮਤਾ ਡੂੰਘੀ ਗਾਰ, ਅੰਧ ਅੰਧੇਰਾ ਅੰਧ ਰਿਹਾ ਛਾਈਆ। ਵਰਨ ਬਰਨ ਨਾ ਕੋਈ ਪਿਆਰ, ਨਾਤਾ ਤੁਟਾ ਭੈਣਾਂ ਭਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰਹੇ ਝੱਖ ਮਾਰ, ਗ਼ਰੀਬ ਨਿਮਾਣੇ ਕੋਈ ਨਾ ਗਲੇ ਲਗਾਈਆ। ਧਰਤ ਧਵਲ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਸਾਧਾਂ ਸੰਤਾਂ ਹਾਹਾਕਾਰ, ਅੰਤਰ ਆਤਮ ਰਹੀ ਕੁਰਲਾਈਆ। ਭਗਤ ਨਾ ਸੁਣੇ ਕੋਈ ਪੁਕਾਰ, ਭਰਮੇ ਭੁੱਲੀ ਝੂਠੀ ਸ਼ਾਹੀਆ। ਚਾਰੋਂ ਕੁੰਟ ਗੜ੍ਹ ਹੰਕਾਰ, ਕਲਜੁਗ ਕਿਲਾ ਰਿਹਾ ਬਣਾਈਆ। ਉਤੇ ਚੜ੍ਹਿਆ ਮਨ ਸਿਕਦਾਰ, ਸੀਸ ਆਪਣਾ ਤਾਜ ਟਿਕਾਈਆ। ਹਉਮੇ ਰਲਿਆ ਨਾਲ ਸਰਦਾਰ, ਦੇਵੇ ਸਿਫ਼ਤ ਸਲਾਹੀਆ। ਕਾਮ ਕਰੋਧ ਮੋਹ ਹੰਕਾਰ, ਲੋਭੀ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਹੰਦੜਾ ਵੇਖੇ ਘਰ, ਚਾਰੋਂ ਕੁੰਟ ਫੇਰਾ ਪਾਈਆ। ਸ਼ਬਦ ਸਰੂਪੀ ਘਰ ਘਰ ਵੜਿਆ, ਭੁੱਲ ਰਹੇ ਨਾ ਰਾਇਆ। ਕਲਜੁਗ ਆਪੇ ਘਾੜਣ ਘੜਿਆ, ਆਪੇ ਰਚਨ ਰਚਾਇਆ। ਕਲਜੁਗ ਵਿਦਿਆ ਆਪੇ ਪੜ੍ਹਿਆ, ਚੌਦਾਂ ਵਿਦਿਆ ਮਾਣ ਮੁਕਾਇਆ। ਸਾਧਾਂ ਸੰਤਾਂ ਪਾਂਧੇ ਪੰਡਤਾਂ ਦਰ ਦੁਵਾਰੇ ਖੜਿਆ, ਮੁਲਾਂ ਸ਼ੇਖ਼ ਮੁਸਾਇਕ ਪੀਰ ਰਿਹਾ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਸ਼ਬਦ ਵਿਚੋਲਾ, ਲੋਕਮਾਤ ਧਰਾਇਆ। ਸ਼ਬਦ ਵਿਚੋਲਾ ਫੇਰਾ ਪਾ, ਲੋਕਮਾਤ ਵੇਖ ਵਖਾਈਆ। ਆਪਣਾ ਪੰਧ ਰਿਹਾ ਮੁਕਾ, ਸਚਖੰਡ ਸਾਚਾ ਰਾਹ ਤਕਾਈਆ। ਸੰਮਤ ਸੋਲਾਂ ਗਿਆ ਆ, ਆਪਣਾ ਲੇਖਾ ਲਏ ਲਿਖਾਈਆ। ਪੁਰਖ ਅਬਿਨਾਸ਼ੀ ਦਏ ਸੁਣਾ, ਜੋ ਪੜ੍ਹਿਆ ਪੜ੍ਹ ਜਣਾਈਆ। ਲੱਖ ਚੁਰਾਸੀ ਭਾਂਡਾ ਜੋ ਲਿਆ ਬਣਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਈਆ। ਤੇਰਾ ਨਾਂ ਗਏ ਭੁਲਾ, ਭਰਮੇ ਭੁੱਲੀ ਸਰਬ ਲੋਕਾਈਆ। ਗੁਰ ਗੋਬਿੰਦ ਗਿਆ ਲਿਖਾ, ਰੈਣ ਅੰਧੇਰੀ ਛਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਭੈਣ ਨਾ ਭਰਾ, ਨਾ ਕੋਈ ਨਾਰੀ ਕੰਤ ਭਤਾਰ, ਨਾ ਕੋਈ ਨਗਰ ਨਾ ਕੋਈ ਗਰਾਂ, ਨਾ ਕੋਈ ਤੀਰਥ ਤੱਟਾਂ ਦੇਵੇ ਛਾਂ, ਚਾਰੋਂ ਕੁੰਟ ਕਾਮ ਕਰੋਧ ਲੋਭ ਮੋਹ ਹੰਕਾਰ ਸਾਧ ਸੰਤ ਨਾ ਪਕੜੇ ਬਾਂਹ, ਰਾਜ ਰਾਜਾਨ ਨਾ ਕਰੇ ਸਚ ਨਿਆਂ, ਗ਼ਰੀਬ ਨਿਮਾਣੇ ਮਾਰਨ ਧਾਹ, ਦੁੱਖ ਭੁੱਖ ਰਹੀ ਸਤਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਵੇਖਣਹਾਰਾ ਥਾਉਂ ਥਾਂ, ਜੁਗ ਜੁਗ ਕਰੇ ਸਚ ਨਿਆਂ, ਘਰ ਸਾਚੇ ਬੈਠਾ ਆਸਣ ਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਸ਼ਬਦੀ ਸੁੱਤ ਬੁਲਾਇਆ। ਘਨਕ ਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਸਚ ਸੰਦੇਸ਼ਾ ਹਾਲ ਸੁਣਾਇਆ। ਪੰਡਤ ਕਾਂਸ਼ੀ ਮਦਿਰਾ ਮਾਸੀ, ਦਰ ਮੰਦਰ ਨਾ ਕੋਈ ਸੁਹਾਇਆ। ਸਨਿਆਸੀ ਵੈਰਾਗੀ ਨਾ ਰਹੀ ਉਦਾਸੀ, ਧੀਰਜ ਜਤ ਨਾ ਕੋਈ ਧਰਾਇਆ। ਮਾਇਆ ਮਮਤਾ ਪਾਈ ਫਾਸੀ, ਸਾਧ ਸੰਤ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਭਾਣਾ ਤੇਰੇ ਦਰ ਨਾ ਭਾਇਆ। ਪੁਰਖ ਅਬਿਨਾਸ਼ੀ ਲਏ ਅੰਗੜਾਈ, ਆਪਣੀ ਕਰਵਟ ਆਪ ਬਦਲਾਈਆ। ਸਚਖੰਡ ਦੁਵਾਰਾ ਸੋਹੇ ਚਾਈਂ ਚਾਈਂ, ਨਿਰਗੁਣ ਖੇਲੇ ਖੇਲ ਬੇਪਰਵਾਹੀਆ। ਨਾਮ ਕਟਾਰ ਤਿੱਖੀ ਧਾਰ ਰਿਹਾ ਉਠਾਈ, ਦੋ ਜਹਾਨਾਂ ਆਪ ਚਮਕਾਈਆ। ਸੋ ਪੁਰਖ ਨਿਰੰਜਣ ਖੇਲ ਰਚਾਈ, ਹੰ ਬ੍ਰਹਮ ਕਰੇ ਕੁੜਮਾਈਆ। ਸੋਹੰ ਚਿਲਾ ਤੀਰ ਕਮਾਨ ਚਲਾਈ, ਜਗਤ ਨਿਸ਼ਾਨਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੰਡਾ ਕਰ ਤਿਆਰ, ਪੁਰਖ ਅਬਿਨਾਸ਼ੀ ਮਾਰੇ ਮਾਰ, ਨਿਰਗੁਣ ਦਾਤਾ ਬੇਪਰਵਾਹੀਆ। ਸ਼ਬਦ ਖੰਡਾ ਤੇਜ਼ ਕਟਾਰ, ਤਿੱਖੀ ਧਾਰ ਰਖਾਇੰਦਾ। ਸੋਹੰ ਸ਼ਬਦ ਬੋਲ ਜੈਕਾਰ, ਲੋਕਮਾਤ ਉਠ ਧਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇੰਦਾ। ਸ਼ੰਕਰ ਗਲ ਵਿਚ ਲਾਹੇ ਹਾਰ, ਹੱਥ ਤ੍ਰਸੂਲ ਉਠਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਢਹਿ ਢਹਿ ਪਏ ਦੁਵਾਰਾ, ਫੜ ਬਾਹੋਂ ਨਾ ਕੋਈ ਉਠਾਇੰਦਾ। ਰਵ ਸਸ ਕਰਨ ਨਿਮਸਕਾਰਾ, ਆਪ ਆਪਣਾ ਭੇਟ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਅਸਵਾਰਾ, ਸਾਚੇ ਅਸਵ ਆਸਣ ਲਾਇੰਦਾ। ਸੋਲਾਂ ਕਲੀਆਂ ਕਰ ਸ਼ਿੰਗਾਰਾ, ਸੋਲਾਂ ਇਛਿਆ ਪੂਰ ਕਰਾਇੰਦਾ। ਖੜਗ ਖੰਡਾ ਹਰਿ ਤੇਜ਼ ਕਟਾਰਾ, ਬ੍ਰਹਿਮੰਡਾਂ ਆਪ ਚਮਕਾਇੰਦਾ। ਨੀਲੀ ਧਾਰੋਂ ਪਾਰ ਕਿਨਾਰਾ, ਲੋਕਮਾਤੀ ਰਾਹ ਤਕਾਇੰਦਾ। ਪ੍ਰਗਟ ਹੋ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸੋਹੰ ਡੰਕਾ ਅਪਰ ਅਪਾਰਾ, ਆਪਣਾ ਨਾਮ ਵਜਾਇੰਦਾ। ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰਾ, ਵੇਲਾ ਅੰਤਮ ਆਇੰਦਾ। ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਨੈਣ ਖੁਲ੍ਹਾਇੰਦਾ। ਈਸਾ ਮੂਸਾ ਖੋਲ੍ਹ ਕਿਵਾੜਾ, ਆਪਣਾ ਰਾਹ ਵਖਾਇੰਦਾ। ਅੰਜੀਲ ਕੁਰਾਨਾ ਦਏ ਹੁਲਾਰਾ, ਕਲਮਾ ਨਬੀ ਆਪ ਪੜ੍ਹਾਇੰਦਾ। ਆਪੇ ਪਾਵਣਹਾਰਾ ਸਾਰਾ, ਸ਼ਰਅ ਸ਼ਰੀਅਤ ਆਪ ਰਚਾਇੰਦਾ। ਆਪੇ ਚੌਦਾਂ ਤਬਕਾਂ ਦਏ ਹੁਲਾਰਾ, ਨੌ ਪੰਜ ਵੇਖ ਵਖਾਇੰਦਾ। ਆਪੇ ਚੌਦਾਂ ਸਦੀਆਂ ਕਰੇ ਪਾਰ ਕਿਨਾਰਾ, ਚੌਧਵੀਂ ਚੰਦ ਆਪ ਚੜ੍ਹਾਇੰਦਾ। ਆਪੇ ਅੱਲ੍ਹਾ ਹੂ ਹੂ ਲਾਏ ਨਾਅਰਾ, ਬਿਸਮਲ ਰੂਪ ਆਪ ਹੋ ਆਇੰਦਾ। ਆਪੇ ਐਨਲਹੱਕ ਕਰੇ ਪਿਆਰਾ, ਹੱਕ ਹਕੀਕਤ ਆਪੇ ਵੇਖ ਵਖਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਸਾਂਝਾ ਯਾਰ ਆਪ ਹੋ ਜਾਇੰਦਾ। ਮੁਕਾਮੇ ਹੱਕ ਹੋ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਆਪੇ ਜਾਣੇ ਆਪਣਾ ਪਾਰ ਕਿਨਾਰਾ, ਆਪਣਾ ਹੁਕਮ ਆਪ ਚਲਾਇੰਦਾ। ਕਲਜੁਗ ਅੰਤਮ ਖੇਲ ਅਪਾਰਾ, ਭੇਵ ਕੋਈ ਨਾ ਪਾਇੰਦਾ। ਵੇਦ ਪੁਰਾਨ ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਨੇਤਰ ਲੋਚਣ ਨੈਣ ਦਰਸ ਕੋਈ ਨਾ ਪਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਸਾਚਾ ਰਾਹ ਵਖਾਇੰਦਾ। ਨਾਨਕ ਗੋਬਿੰਦ ਰਹੇ ਪੁਕਾਰਾ, ਏਕਾ ਨੈਣ ਉਠਾਇੰਦਾ। ਕਲਜੁਗ ਅੰਤਮ ਪ੍ਰਗਟ ਹੋਵੇ ਵਿਚ ਸੰਸਾਰ, ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਕੋਈ ਬਣਾਇੰਦਾ। ਤ੍ਰੈਗੁਣ ਰੂਪ ਵਸਿਆ ਬਾਹਰਾ, ਪੰਜ ਤੱਤ ਨਾ ਕੋਈ ਵਖਾਇੰਦਾ। ਨਿਰਗੁਣ ਨੂਰ ਨੂਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਨਾਮ ਖੰਡਾ ਤੇਜ ਕਟਾਰਾ, ਹਰਿ ਆਪਣੇ ਹੱਥ ਉਠਾਇੰਦਾ। ਦਿਸ ਨਾ ਆਏ ਵਿਚ ਸੰਸਾਰਾ, ਨੇਹ ਕਰਮੀ ਕਰਮ ਕਮਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਚਰਨ ਪ੍ਰੀਤੀ ਚਰਨ ਦੁਆਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਸਮਰਥ ਪੁਰਖ ਘੜਨ ਭੰਨਣਹਾਰਾ, ਆਪੇ ਘੜੇ ਆਪੇ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਕਟਾਰ ਰੱਖੀ ਤਿੱਖੀ, ਪਾਵੇ ਸਾਰ ਮੁਨੀ ਰਿਖੀ, ਪਰਖੀ ਜਾਏ ਸਾਚੀ ਸਿਖੀ, ਵਾਲੋਂ ਨਿੱਕੀ ਖੰਡਿਉਂ ਤਿੱਖੀ, ਨੇਤਰ ਨੈਣ ਦਿਸ ਨਾ ਆਈਆ। ਸੂਰਬੀਰ ਸੁਲਤਾਨ, ਜੋਧਾ ਬਲ ਬਲੀ ਬਲਕਾਰਿਆ। ਪਾਰਬ੍ਰਹਮ ਸ੍ਰੀ ਭਗਵਾਨ, ਆਦਿ ਨਿਰੰਜਣ ਖੇਲ ਅਪਾਰਿਆ। ਆਦਿ ਜੁਗਾਦੀ ਨੌਜਵਾਨ, ਜਾਗਰਤ ਜੋਤ ਇਕ ਜਗਾ ਰਿਹਾ। ਕਲਜੁਗ ਵੇਖੇ ਜੀਵ ਸ਼ੈਤਾਨ, ਘਟ ਘਟ ਅੰਦਰ ਰੂਪ ਵਟਾ ਲਿਆ। ਗੁਰਮੁਖ ਮੇਲੇ ਕਰੇ ਦਰ ਪਰਵਾਨ, ਦਰ ਦਰਵਾਜ਼ਾ ਆਪ ਖੁਲ੍ਹਾ ਲਿਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਆਪ ਆਪਣੀ ਦਇਆ ਕਮਾ ਰਿਹਾ। ਚਰਨ ਧੂੜ ਬਖ਼ਸ਼ੇ ਸਚ ਅਸ਼ਨਾਨ, ਦੁਰਮਤ ਮੈਲ ਗਵਾ ਰਿਹਾ। ਮਨਮੁੱਖ ਵੇਖੇ ਜੀਵ ਸ਼ੈਤਾਨ, ਧਰਤ ਮਾਤ ਗੋਦ ਬਹਾ ਰਿਹਾ। ਜੂਠੀ ਝੂਠੀ ਜਗਤ ਦੁਕਾਨ, ਕਲਜੁਗ ਅੰਤਮ ਆਪ ਲੁਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਪੀਰ ਆਪ ਬਣਾ ਰਿਹਾ। ਸ਼ਬਦ ਹਰਿ ਸ਼ਬਦ ਦਰ, ਸ਼ਬਦੀ ਸ਼ਬਦ ਵੱਡੀ ਵਡਿਆਈਆ। ਸ਼ਬਦੀ ਧਰਨੀ ਧਰਤ ਧਵਲ ਧਰ, ਹਰਿ ਸ਼ਬਦ ਕਰੇ ਕੁੜਮਾਈਆ। ਸ਼ਬਦ ਚੁਕਾਏ ਜਗਤ ਡਰ, ਗੁਰਮੁਖ ਸੱਜਣ ਮੇਲ ਮਿਲਾਈਆ। ਸ਼ਬਦ ਸ਼ਬਦੀ ਰਿਹਾ ਲੜ, ਨੌ ਖੰਡ ਫੇਰਾ ਪਾਈਆ। ਸ਼ਬਦੀ ਸ਼ਬਦ ਫੜਾਏ ਲੜ, ਏਕਾ ਪੱਲੂ ਨਾਮ ਰਖਾਈਆ। ਸ਼ਬਦੀ ਸ਼ਬਦ ਮੰਦਰ ਜਾਏ ਵੜ, ਕਾਇਆ ਮੰਦਰ ਸੋਭਾ ਪਾਈਆ। ਸ਼ਬਦ ਸ਼ਬਦੀ ਗੁਰਮੁਖ ਅੱਖਰ ਜਾਏ ਪੜ੍ਹ, ਨਾ ਦੂਸਰ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੱਜਣ ਲਏ ਤਰਾਈਆ। ਤਾਰਨਹਾਰਾ ਹਰਿ ਨਿਰੰਕਾਰ, ਹਰਿਜਨ ਸਾਚੇ ਆਪ ਤਰਾਇੰਦਾ। ਚਰਨ ਪ੍ਰੀਤੀ ਬਖ਼ਸ਼ ਪਿਆਰ, ਸਾਚੀ ਰੀਤ ਇਕ ਵਖਾਇੰਦਾ। ਨਾਮ ਨਿਧਾਨਾ ਭਰ ਭੰਡਾਰ, ਆਤਮ ਝੋਲੀ ਆਪ ਭਰਾਇੰਦਾ। ਕਲਜੁਗ ਖਾਲੀ ਕਰੇ ਦੁਵਾਰ, ਝੂਠਾ ਠੂਠਾ ਭੰਨ ਵਖਾਇੰਦਾ। ਸਚ ਵਸਤ ਨਾ ਕਿਸੇ ਦੁਵਾਰ, ਨਾ ਕੋਈ ਭਿਛਿਆ ਇਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮੀਤ ਮੁਰਾਰ, ਕਰ ਕਰ ਕਿਰਪਾ ਲਾਏ ਪਾਰ, ਬੇੜਾ ਬੰਨੇ ਆਪੇ ਲਾਇੰਦਾ। ਗੁਰਮੁਖ ਬੇੜਾ ਪਾਰ ਕਿਨਾਰੇ, ਹਰਿ ਸਾਚਾ ਆਪ ਲਗਾਈਆ। ਮਨਮੁਖ ਡੁੱਬੇ ਵਿਚ ਮੰਝਧਾਰੇ, ਡੂੰਘੀ ਧਾਰ ਵਹਾਈਆ। ਕਲਜੁਗ ਕੂੜਾ ਕੂਕੇ ਕੂਕ ਪੁਕਾਰੇ, ਦਿਵਸ ਰੈਣ ਦਏ ਦੁਹਾਈਆ। ਨਾਤਾ ਤੁਟਾ ਸੰਗ ਮੁਹੰਮਦ ਚਾਰ ਯਾਰੇ, ਚਾਰ ਯਾਰੀ ਰਹੀ ਮੁਖ ਭੁਵਾਈਆ। ਪ੍ਰਗਟ ਹੋਇਆ ਹਰਿ ਨਿਰੰਕਾਰੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੰਚਾਂ ਬੰਨ੍ਹੇ ਸੀਸ ਦਸਤਾਰੇ, ਸਿਰ ਆਪਣਾ ਹੱਥ ਟਿਕਾਈਆ। ਚਾਰ ਵਰਨ ਕਰਾਏ ਇਕ ਵਪਾਰੇ, ਏਕਾ ਕਰੇ ਪੜ੍ਹਾਈਆ। ਹਿੰਦੂ ਮੁਸਲਮ ਸਿਖ ਈਸਾਈ ਸੋਹਿਣ ਇਕ ਦੁਵਾਰੇ, ਸ਼ੂਦਰ ਬ੍ਰਹਿਮਣ ਸ਼ੱਤਰੀ ਵੈਸ਼ ਨਾ ਕੋਈ ਅਖਵਾਈਆ। ਏਕਾ ਨਾਮ ਭਰੇ ਭੰਡਾਰੇ, ਅਤੋਟ ਅਤੁਟ ਰਖਾਈਆ। ਚਾਰ ਕੁੰਟ ਪੁਰਖ ਅਕਾਲ ਤੇਰੇ ਨਾਉਂ ਜੈਕਾਰੇ, ਦੂਜਾ ਇਸ਼ਟ ਨਾ ਕੋਈ ਮਨਾਈਆ। ਆਪੇ ਰਾਮ ਕ੍ਰਿਸ਼ਨ ਅਵਤਾਰੇ, ਆਪੇ ਗੀਤਾ ਗਿਆਨ ਦ੍ਰਿੜਾਈਆ। ਆਪੇ ਬ੍ਰਹਮਾ ਵੇਦ ਵਿਚਾਰੇ, ਸ਼ਾਸਤਰ ਸਿਮਰਤ ਆਪ ਬਣਾਈਆ। ਆਪੇ ਵੇਦ ਵਿਆਸ ਬਣ ਲਿਖਾਰੇ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਲਿਖਾਈਆ। ਆਪੇ ਈਸਾ ਮੂਸਾ ਖੇਲ ਨਿਆਰੇ, ਖ਼ਾਲਕ ਖ਼ਲਕ ਵੇਖ ਵਖਾਈਆ। ਆਪ ਮੁਹੰਮਦ ਚਾਰ ਯਾਰੇ, ਆਪੇ ਸਗਲਾ ਸੰਗ ਨਿਭਾਈਆ। ਆਪੇ ਬੰਨ੍ਹੇ ਸਾਚੀ ਧਾਰੇ, ਤੀਸ ਬਤੀਸਾ ਆਪੇ ਗਾਈਆ। ਆਪੇ ਨਿਰਗੁਣ ਜੋਤ ਨੂਰ ਉਜਿਆਰੇ, ਆਪ ਪੰਜ ਤੱਤ ਨਾਉਂ ਰਖਾਈਆ। ਆਪੇ ਸਤਿਨਾਮ ਬੋਲ ਜੈਕਾਰੇ, ਸਾਚਾ ਮੰਤਰ ਇਕ ਦ੍ਰਿੜਾਈਆ। ਆਪੇ ਗੋਬਿੰਦ ਦਸ ਅਵਤਾਰੇ, ਪੂਤ ਸਪੂਤਾ ਨਾਉਂ ਧਰਾਈਆ। ਆਪੇ ਅੰਮ੍ਰਿਤ ਠੰਡੀ ਠਾਰੇ, ਆਪੇ ਸ਼ਸਤਰ ਬਸਤਰ ਤਨ ਸਜਾਈਆ। ਆਪੇ ਕਰੇ ਖੇਲ ਨਿਆਰੇ, ਖੇਲਣਹਾਰਾ ਦਿਸ ਨਾ ਆਈਆ। ਆਪੇ ਸੂਲਾਂ ਸੱਥਰ ਆਪਣੀ ਸੇਜ ਮਾਣੇ, ਆਪੇ ਸ਼ਬਦ ਸੁਨੇਹੜਾ ਰਿਹਾ ਘਲਾਈਆ। ਆਪੇ ਜੋਤ ਅਕਾਲ ਦੀਨ ਦਿਆਲ ਖੇਲੇ ਖੇਲ ਵਿਚ ਸੰਸਾਰੇ, ਆਪ ਆਪਣਾ ਹੁਕਮ ਸੁਣਾਈਆ। ਆਪੇ ਆਦਿ ਆਪੇ ਅੰਤ, ਆਪੇ ਮਧ ਸਮਾਈਆ। ਆਪੇ ਜੋਤ ਨੂਰ ਹੋ ਉਜਿਆਰੇ, ਗੁਰ ਗੁਰ ਆਪੇ ਨਾਉਂ ਧਰਾਈਆ। ਆਪੇ ਲੇਖਾ ਲਿਖੇ ਲਿਖਾਰੇ, ਗੁਰ ਗੋਬਿੰਦ ਰਿਹਾ ਸਮਝਾਈਆ। ਕਲਜੁਗ ਤੇਰੀ ਅੰਤਮ ਵਾਰੇ, ਨਿਹਕਲੰਕਾ ਜਾਮ ਪਿਆਈਆ। ਸੰਬਲ ਨਗਰੀ ਧਾਮ ਨਿਆਰੇ, ਬੈਠੇ ਆਸਣ ਲਾਈਆ। ਮਨਮੁਖ ਜੀਵ ਨਾ ਕੋਈ ਵਿਚਾਰੇ, ਗੁਰਮੁਖਾਂ ਬੂਝ ਬੁਝਾਈਆ। ਸਦੀ ਬੀਸਵੀਂ ਖੇਲ ਅਪਾਰੇ, ਬੀਸ ਬੀਸਾ ਆਪ ਕਰਾਈਆ। ਸੰਮਤ ਸੋਲਾਂ ਆਪਣਾ ਪਰਦਾ ਪਾੜੇ, ਆਪਣਾ ਨੂਰ ਕਰੇ ਰੁਸ਼ਨਾਈਆ। ਸੰਮਤ ਸਤਾਰਾਂ ਆਏ ਵਿਚ ਅਖਾੜੇ, ਜੋਧਾ ਸੂਰਬੀਰ ਆਪ ਹੋ ਜਾਈਆ। ਨਾਲ ਰਲਾਏ ਗੁਰਮੁਖ ਲਾੜੇ, ਹੱਥੀਂ ਗਾਨਾ ਨਾਮ ਬੰਧਾਈਆ। ਦਿਵਸ ਸੁਹਾਏ ਸਤਾਰਾਂ ਹਾੜੇ, ਹਰਿ ਕੀ ਪੌੜੀ ਆਪ ਚੜ੍ਹਾਈਆ। ਜਗੇ ਜੋਤ ਬਹੱਤਰ ਨਾੜੇ, ਸੰਮਤ ਸੋਲਾਂ ਵਡ ਵਡਿਆਈਆ। ਆਪੇ ਜਾਣੇ ਆਰ ਪਾਰ ਕਿਨਾਰੇ, ਮੰਝਧਾਰ ਆਪੇ ਡੇਰਾ ਲਾਈਆ। ਗੁਰਮੁਖਾਂ ਹਰਿ ਕਾਜ ਸੁਵਾਰੇ, ਗੁਰ ਗੋਬਿੰਦ ਦਏ ਗਵਾਹੀਆ। ਜੋ ਸਰਸੇ ਡੁੱਬੇ ਕਲਜੁਗ ਧਾਰੇ, ਅੰਤਮ ਆਪ ਆਪਣਾ ਮੇਲ ਮਿਲਾਈਆ। ਮਾਇਆ ਮਮਤਾ ਭੁੱਲੇ ਜੀਵ ਗਵਾਰੇ, ਹਰਿ ਕਾ ਰੂਪ ਦਿਸ ਨਾ ਆਈਆ। ਗੁਰਮੁੱਖ ਸੁੱਤੇ ਪੈਰ ਪਸਾਰੇ, ਜਿਸ ਮਿਲਿਆ ਦਾਤਾ ਬੇਪਰਵਾਹੀਆ। ਲੋਕਮਾਤ ਖਿੜੀ ਗੁਲਜ਼ਾਰੇ, ਫਲ ਫੁੱਲ ਆਪ ਮਹਿਕਾਈਆ। ਗੁਰਸਿਖ ਪ੍ਰੀਤੀ ਬਣਿਆ ਸਾਚੇ ਹਾਰੇ, ਤਨ ਸਚ ਸ਼ਿੰਗਾਰ ਕਰਾਈਆ। ਲੱਖ ਚੁਰਾਸੀ ਲੁੱਟੀ ਜਾਏ ਦਿਨ ਦਿਹਾੜੇ, ਔਂਦਾ ਜਾਂਦਾ ਦਿਸ ਨਾ ਆਈਆ। ਗੁਰਮੁਖਾਂ ਕਰੇ ਜਗਤ ਪਿਆਰੇ, ਜਾਗਰਤ ਜੋਤ ਨੂਰ ਰੁਸ਼ਨਾਈਆ। ਦਰਸ ਦਖਾਏ ਅਗੰਮ ਅਪਾਰੇ, ਅਲੱਖ ਅਗੋਚਰ ਵਡ ਵਡਿਆਈਆ। ਜੁਗਾਂ ਜੁਗਾਂ ਦੇ ਕਾਜ ਸੁਵਾਰੇ, ਜੋ ਜਨ ਰਸਨਾ ਰਹੇ ਧਿਆਈਆ। ਕਾਲ ਮਹਾਂਕਾਲ ਨਾ ਆਏ ਦੁਆਰੇ, ਪ੍ਰਭ ਬਖ਼ਸ਼ੇ ਸਚ ਸਰਨਾਈਆ। ਗੁਰਸਿਖ ਬਹਾਏ ਸਚਖੰਡ ਮਹੱਲ ਉਚ ਚੁਬਾਰੇ, ਅਟੱਲ ਥਾਨ ਇਕ ਵਖਾਈਆ। ਦਰਗਹਿ ਸਾਚੀ ਮੇਲ ਕੰਤ ਭਤਾਰੇ, ਕੰਤ ਕੰਤੂਹਲਾ ਮੇਲ ਮਿਲਾਈਆ। ਧੰਨ ਸੋਭਾਗਣ ਗੁਰਮੁਖ ਸਾਜਣ ਸਾਚੀ ਨਾਰੇ, ਵਰ ਪਾਇਆ ਬੇਪਰਵਾਹੀਆ। ਮਨਮੁਖ ਜੀਵ ਮਾਨਸ ਜਨਮ ਗਏ ਹਾਰੇ, ਲੱਖ ਚੁਰਾਸੀ ਆਪ ਭੁਵਾਈਆ। ਰਾਏ ਧਰਮ ਮਾਰੇ ਮਾਰੇ, ਆਪਣੇ ਕੁੰਡਾਂ ਆਪ ਫਿਰਾਈਆ। ਰੋ ਰੋ ਕੱਢਣ ਹਾੜੇ, ਬਿਨ ਸਤਿਗੁਰ ਪੂਰੇ ਨਾ ਕੋਈ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਮੇਲੇ ਸਾਚੇ ਘਰ, ਆਵਣ ਜਾਵਣ ਚੁੱਕੇ ਡਰ, ਆਪ ਲਗਾਏ ਆਪਣੇ ਲੜ, ਸਾਚੇ ਪੌੜੇ ਜਾਏ ਚੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਦਰਸ ਦਖਾਏ ਅੱਗੇ ਖੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਈਆ। ਭਗਤ ਜਨਾਂ ਗੁਣ ਹਰਿ ਹਰਿ ਗਾਏ, ਹਰਿ ਸੰਤ ਜਨਾਂ ਸੇਵ ਕਮਾਈਆ। ਗੁਰਮੁਖਾਂ ਲੇਖਾ ਲੇਖ ਲਖਾਏ, ਗੁਰਮੁਖ ਵੇਖ ਵਖਾਈਆ। ਧੁਰ ਸੰਦੇਸ਼ਾ ਆਪ ਸੁਣਾਏ, ਸਤਿਗੁਰ ਸਾਚਾ ਨਾਉਂ ਧਰਾਈਆ। ਨਰ ਨਰੇਸ਼ਾ ਵੇਸ ਵਟਾਏ, ਧਰਤ ਧਵਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸੱਜਣ ਲਏ ਮਿਲਾਈਆ। ਗੁਰਮੁਖ ਸਾਚੇ ਆਪ ਉਪਾਏ, ਆਪਣੀ ਦਇਆ ਕਮਾਈਆ। ਗੁਰਮੁਖ ਰੰਗਨ ਰੰਗ ਰੰਗਾਏ, ਰੰਗ ਕੰਚਨ ਇਕ ਚੜ੍ਹਾਈਆ। ਸੰਤ ਸਾਜਣ ਸੰਗ ਨਿਭਾਏ, ਸਗਲਾ ਸੰਗ ਨਿਭਾਈਆ। ਭਗਤਾਂ ਭਗਤੀ ਮਾਰਗ ਪਾਏ, ਆਪ ਆਪਣਾ ਰਾਹ ਦਿਸਾਈਆ। ਜੁਗਾ ਜੁਗੰਤਰ ਧਾਰ ਬੰਧਾਏ, ਆਪ ਆਪਣਾ ਨਾਮ ਦ੍ਰਿੜਾਈਆ। ਏਕਾ ਸ਼ਕਤੀ ਜੋਤ ਜਗਾਏ, ਸਚ ਵਿਅਕਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਈਆ। ਭਗਤਨ ਘਰ ਹਰਿ ਵਸਿਆ, ਸੰਤਾਂ ਧੁਰ ਸੰਜੋਗ। ਗੁਰਮੁਖਾਂ ਰਾਹ ਸਾਚਾ ਦੱਸਿਆ, ਗੁਰਮੁਖਾਂ ਕੱਟੇ ਹਉਮੇ ਰੋਗ। ਬਿਰਹੋ ਵੈਰਾਗੀ ਫਿਰੇ ਨੱਸਿਆ, ਲੱਭਦਾ ਫਿਰੇ ਚੌਦਾਂ ਲੋਕ। ਔਂਦਾ ਜਾਂਦਾ ਕਿਸੇ ਨਾ ਦਿਸਿਆ, ਆਪ ਸੁਣਾਏ ਸਚ ਸਲੋਕ। ਲੋਕਮਾਤ ਵੰਡਾਵੇ ਆਪਣਾ ਹਿਸਿਆ, ਆਪੇ ਦੇਵੇ ਸਾਚੀ ਮੋਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਓਤ ਪੋਤ। ਸਿਖ ਵਣਜਾਰਾ ਨਾਮ ਧਨ, ਗੁਰ ਸਤਿਗੁਰ ਆਪ ਬਣਾਈਆ। ਗੁਰਮੁਖਾਂ ਰਾਗ ਸੁਣਾਏ ਕੰਨ, ਆਪ ਆਪਣਾ ਢੋਲਾ ਗਾਈਆ । ਸੰਤ ਚੜ੍ਹਾਏ ਸਾਚੇ ਚੰਨ, ਲੋਕਮਾਤ ਕਰੇ ਰੁਸ਼ਨਾਈਆ। ਭਗਤਾਂ ਬੇੜਾ ਦੇਵੇ ਬੰਨ੍ਹ, ਨਿਤ ਨਵਿਤ ਵੱਜੀ ਵਧਾਈਆ। ਹਰਿਜਨ ਸਾਚਾ ਜਨਨੀ ਜਣੇ ਜਨ, ਜਨ ਜਨਨੀ ਲੇਖੇ ਲਾਈਆ। ਮੇਟ ਮਿਟਾਏ ਪੰਚ ਵਿਕਾਰਾ ਤਨ, ਏਕਾ ਨਾਮ ਰਤਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਭਗਤਨ ਘਰ ਭਗਵਾਨ, ਜੁਗ ਜੁਗ ਵੇਸ ਵਟਾਇੰਦਾ। ਸੰਤਾਂ ਦੇਵੇ ਆਤਮ ਗਿਆਨ, ਬ੍ਰਹਮ ਗਿਆਨ ਆਪ ਸਮਝਾਇੰਦਾ। ਗੁਰਮੁਖ ਮੇਲੇ ਵਾਲੀ ਦੋ ਜਹਾਨ, ਭਗਤ ਵਿਛੋੜਾ ਫੰਦ ਕਟਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਸਚ ਪ੍ਰੀਤੀ ਇਕ ਸਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਆਂ ਦਾਤਾ ਆਪਣੀ ਜੁਗਤ ਆਪ ਜਣਾਇੰਦਾ। ਗੁਰਸਿਖ ਸਿੱਖੀ ਸਚ ਵਿਚਾਰ, ਸਾਚਾ ਸਚ ਸਮਝਾਇੰਦਾ। ਗੁਰਮੁਖ ਸਾਜਣ ਲਾਏ ਪਾਰ, ਆਪਣਾ ਬੇੜਾ ਆਪ ਉਠਾਇੰਦਾ। ਸੰਤ ਸੁਹੇਲੇ ਬੋਲ ਜੈਕਾਰ, ਆਪਣਾ ਸੋਹਲਾ ਆਪ ਸੁਣਾਇੰਦਾ। ਭਗਤ ਮੇਲਾ ਵਿਚ ਸੰਸਾਰ, ਭਗਵਨ ਆਪਣਾ ਆਪ ਕਰਾਇੰਦਾ। ਨੇਤਰ ਦਰਸਨ ਨੈਣ ਉਘਾੜ, ਲੋਚਣ ਆਪ ਖੁਲ੍ਹਾਇੰਦਾ। ਧਰਮ ਵਖਾਏ ਇਕ ਅਖਾੜ, ਸਚਖੰਡ ਦੁਵਾਰੇ ਸੋਭਾ ਪਾਇੰਦਾ। ਧੁਰਦਰਗਾਹੀ ਸਾਚਾ ਲਾੜ, ਏਕਓਅੰਕਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਭਗਤਨ ਮੀਤਾ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਸੁੱਤ ਜਗਾਏ ਜੁਗਾ ਜੁਗੰਤ, ਜੋਤੀ ਨੂਰ ਕਰ ਰੁਸ਼ਨਾਈਆ। ਗੁਰਮੁਖ ਮਹਿਮਾ ਜਗਤ ਅਗਣਤ, ਲੇਖਾ ਲੇਖ ਨਾ ਕੋਈ ਵਖਾਈਆ। ਗੁਰਸਿਖ ਰਸਨਾ ਜਿਹਵਾ ਮਣੀਆ ਮੰਤ, ਏਕਾ ਬ੍ਰਹਮ ਨਾਮ ਦਿਸਾਈਆ। ਦੋਹਾਂ ਵਿਚੋਲਾ ਬਣ ਭਗਵੰਤ, ਚਾਰੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਭਗਤ ਭਗਵਾਨ ਏਕਾ ਓਟ, ਏਕਾ ਆਸ ਰਖਾਇੰਦਾ। ਸੰਤਨ ਕੱਢੇ ਵਿਚੋਂ ਖੋਟ, ਕੋਟੀ ਕੋਟ ਫੋਲ ਫੁਲਾਇੰਦਾ। ਗੁਰਮੁਖ ਤਨ ਨਗਾਰੇ ਲਾਏ ਚੋਟ, ਅਨਹਦ ਸਾਚਾ ਤਾਲ ਵਜਾਇੰਦਾ। ਗੁਰਸਿਖਾਂ ਕੱਢੇ ਵਾਸਨਾ ਖੋਟ, ਸਚ ਸੁਗੰਧੀ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਸ ਦਖਾਏ ਨਿਰਮਲ ਜੋਤ, ਬਿਜਲੀ ਰੂਪ ਆਪ ਹੋ ਜਾਇੰਦਾ। ਗੁਰਮੁਖ ਸੱਜਣ ਸਚ ਹੈ, ਸਾਚੇ ਸੰਗ ਪਿਆਰ। ਗੁਰਮੁਖ ਰਿਹਾ ਨੱਚ ਹੈ, ਘਰ ਹੋਏ ਮੰਗਲਾਚਾਰ। ਸੰਤ ਹਰਿ ਸ਼ਬਦ ਰਿਹਾ ਵਾਚ ਹੈ, ਧੁਰ ਫ਼ਰਮਾਣਾ ਪਾਵੇ ਸਾਰ। ਭਗਤ ਨਾਤਾ ਤੋੜੇ ਪੰਜ ਤੱਤ ਮਾਟੀ ਕੱਚ ਹੈ, ਪਾਏ ਪੁਰਖ ਪੁਰਖ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਭਗਤਨ ਭਗਤੀ ਰਤਿਆ, ਨਾਮਾ ਰੰਗ ਚਲੂਲ। ਸੰਤਾਂ ਅੰਦਰ ਆਪੇ ਵਸਿਆ, ਪੁਰਖ ਅਬਿਨਾਸ਼ੀ ਕੰਤ ਕੰਤੂਹਲ। ਗੁਰਮੁਖਾਂ ਪਿੱਛੇ ਫਿਰੇ ਨੱਸਿਆ, ਆਦਿ ਜੁਗਾਦਿ ਨਾ ਜਾਏ ਭੂਲ। ਗੁਰਸਿਖ ਮਾਰਗ ਆਪਣਾ ਦੱਸਿਆ, ਆਪ ਚੁਕਾਏ ਪਿਛਲਾ ਮੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਪ ਅਸਥੂਲ। ਗੁਰਸਿਖ ਸੱਚਾ ਸੱਚਾ ਰਾਹ, ਏਕਾ ਏਕ ਤਕਾਈਆ। ਗੁਰਮੁਖਾਂ ਬਣੇ ਆਪ ਮਲਾਹ, ਆਪੇ ਬੇੜਾ ਰਿਹਾ ਚਲਾਈਆ। ਸੰਤਾਂ ਦੇਵੇ ਸਚ ਸਲਾਹ, ਪੰਚਮ ਪੰਚਮ ਇਕ ਬਣਾਈਆ। ਭਗਤਨ ਮੇਲਾ ਬੇਪਰਵਾਹ, ਭਗਤ ਭਗਤੀ ਲੇਖੇ ਲਾਈਆ। ਵੇਖਣਹਾਰਾ ਥਾਉਂ ਥਾਂ, ਹਰਿ ਵਡ ਵੱਡਾ ਵਡਿਆਈਆ। ਕਰੇ ਕਰਾਏ ਸਚ ਨਿਆਂ, ਲਾਸ਼ਰੀਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਭਗਤਨ ਸੰਗ, ਸੰਤਨ ਦਰ ਵੱਜੇ ਮਰਦੰਗ, ਗੁਰਮੁਖ ਪਾਰ ਕਿਨਾਰਾ ਜਾਏ ਲੰਘ, ਗੁਰਸਿਖ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ। ਗੁਰਸਿਖਾਂ ਆਪਣੇ ਅੰਗ ਆਪ ਲਗਾ, ਆਪੇ ਗੋਦ ਸੁਹਾਇੰਦਾ। ਗੁਰਮੁਖ ਸਾਚੇ ਲਏ ਜਗਾ, ਆਪਣਾ ਮੇਲ ਮਿਲਾਇੰਦਾ। ਸੰਤਨ ਨਾਮ ਦਏ ਜਪਾ, ਰਾਮ ਨਾਮ ਰੰਗ ਰੰਗਾਇੰਦਾ। ਭਗਤਨ ਬਣੇ ਪਿਤਾ ਮਾਂ, ਸਿਰ ਆਪਣਾ ਹੱਥ ਰਖਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਭਗਤਨ ਰੰਗ ਹਰਿ ਮੌਲਿਆ, ਪਰਮ ਪੁਰਖ ਕਰਤਾਰ। ਜਨ ਸੰਤਾਂ ਉਲਟਾ ਕਰੇ ਨਾਭ ਕਵਲਿਆ, ਅੰਮ੍ਰਿਤ ਭਰੇ ਭੰਡਾਰ। ਗੁਰਮੁਖਾਂ ਮਾਣ ਦੁਵਾਏ ਉਪਰ ਧਵਲਿਆ, ਧਰਨ ਧਰਨੀ ਪੈਜ ਸਵਾਰ। ਗੁਰਮੁਖ ਮੇਲਾ ਸਾਵਲ ਸਵਲਿਆ, ਸ਼ਾਮ ਸੁੰਦਰ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਗੁਰਸਿਖ ਗੁਰ ਗੁਰ ਪਾਇਆ, ਹਰਿ ਗੋਬਿੰਦ। ਗੁਰਮੁਖ ਨਾਮ ਧਿਆਇਆ, ਮਿਟੀ ਸਗਲੀ ਚਿੰਦ। ਘਰ ਸੰਤਨ ਰਾਗ ਅਲਾਇਆ, ਵਡ ਦਾਤਾ ਗੁਣੀ ਗਹਿੰਦ। ਭਗਤਨ ਮੇਲਾ ਸਹਿਜ ਸੁਭਾਇਆ, ਕਰੇ ਕਰਾਏ ਸਦਾ ਬਖ਼ਸ਼ਿੰਦ। ਕਲਜੁਗ ਚੌਥੇ ਜੁਗ ਆਪਣਾ ਖੇਲ ਖਲਾਇਆ, ਵਡ ਦਾਤਾ ਗੁਣੀ ਗਹਿੰਦ। ਚਾਰੇ ਅੱਖਰ ਆਪ ਪੜ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਅੰਕ ਆਪੇ ਲੇਖੇ ਲਾਇਆ, ਆਪਣਾ ਅੰਕ ਆਪ ਬਣਾ, ਏਕਾ ਅੱਖਰ ਕਰੇ ਪੜ੍ਹਾਈਆ। ਭਗਤਨ ਮੇਲਾ ਸਹਿਜ ਸੁਭਾ, ਘਰ ਸੱਜਣ ਵੇਖ ਵਖਾਈਆ। ਦੂਜਾ ਅੱਖਰ ਨਾਲ ਰਲਾ, ਹਰਿ ਸੰਤ ਕਰੇ ਕੁੜਮਾਈਆ। ਤੀਜਾ ਨਾਤਾ ਦਏ ਜੁੜਾ, ਗੁਰਮੁਖ ਮੇਲ ਸਚ ਸਰਨਾਈਆ। ਚੌਥੇ ਪੌੜੇ ਆਪ ਦਏ ਚੜ੍ਹਾ, ਗੁਰਮੁਖ ਵਿਛੜ ਕਦੇ ਨਾ ਜਾਈਆ । ਚਾਰੇ ਅੱਖਰ ਵੇਖ ਵਖਾ, ਆਪ ਆਪਣਾ ਰੰਗ ਰੰਗਾਈਆ। ਕਲਜੁਗ ਢੇਰੀ ਦੇਵੇ ਢਾਹ, ਚੌਥਾ ਜੁਗ ਰਹਿਣ ਨਾ ਪਾਈਆ। ਚਾਰੇ ਅੱਖਰ ਦੇਣ ਸਲਾਹ, ਵਾਹ ਵਾਹ ਗੁਰੂ ਵੱਡੀ ਵਡਿਆਈਆ। ਗੁਰਸਿਖ ਗੁਰਮੁਖ ਲਏ ਤਰਾ, ਸੰਤ ਭਗਵੰਤ ਗੋਦ ਉਠਾਈਆ। ਚੌਹਾਂ ਮੇਲਾ ਦਏ ਮਿਲਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਨਿਹਕਲੰਕਾ ਨਾਉਂ ਧਰਾ, ਸਚਖੰਡ ਦੁਵਾਰੇ ਸਚ ਦਰਬਾਰਾ ਇਕ ਲਗਾਈਆ। ਨਾਨਕ ਗੋਬਿੰਦ ਬਣੇ ਗਵਾਹ, ਨਾਲ ਕਬੀਰਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੇ ਵਿਛੜੇ ਯਾਰ, ਆਪ ਆਪਣਾ ਕਰ ਪਿਆਰ, ਅੰਤਮ ਆਪਣੇ ਲੇਖੇ ਆਪਣੇ ਖਾਤੇ ਆਪੇ ਪਾਈਆ। ਹਰਿ ਸੱਜਣ ਸ਼ਾਹ ਵੱਡਾ ਖਾਤਾ, ਧੁਰਦਰਗਾਹ ਰਖਾਇਆ। ਆਪੇ ਬਣਿਆ ਗੁਰਮੁਖਾਂ ਮਲਾਹ, ਬੇੜਾ ਆਪਣੇ ਕੰਧ ਉਠਾਇਆ। ਦੂਸਰ ਕੋਲੋਂ ਨਾ ਲਏ ਸਲਾਹ, ਨਾ ਕੋਈ ਸੰਗ ਰਲਾਇਆ। ਲੱਖ ਚੁਰਾਸੀ ਵਿਚੋਂ ਕੱਢੇ ਫੜ ਫੜ ਬਾਂਹ, ਆਪ ਆਪਣਾ ਬਿਰਧ ਰਖਾਇਆ। ਗੁਰਸਿਖ ਗੁਰ ਕਦੀ ਭੁੱਲੇ ਨਾ, ਗੁਰ ਗੋਬਿੰਦ ਰਿਹਾ ਗੁਰਮੁਖਾਂ ਉਤੋਂ ਭੇਟ ਚੜ੍ਹਾਇਆ। ਅੰਤਮ ਖੇਵਟ ਖੇਟ ਬਣ ਦੱਸੇ ਰਾਹ, ਅਗਲਾ ਪੰਧ ਮੁਕਾਇਆ। ਗੁਰਸਿਖਾਂ ਦੇ ਗੀਤ ਸੁਹਾਗੀ ਆਪੇ ਰਿਹਾ ਗਾ, ਆਪੇ ਸਗਨ ਮਨਾਇਆ। ਜੋਤ ਨਿਰੰਜਣ ਤੱਕੇ ਰਾਹ, ਆਦਿ ਨਿਰੰਜਣ ਧਿਆਨ ਲਗਾਇਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਭੱਜਾ ਜਾਵੇ ਵਾਹੋ ਦਾਹਿਆ। ਦਰਗਹਿ ਸਾਚੀ ਸਾਚਾ ਥਾਂ, ਗੁਰਸਿਖਾਂ ਵੰਡ ਵੰਡਾਇਆ। ਕਲਜੁਗ ਜੀਵ ਅੰਞਾਣੇ ਹੰਸ ਬਣੇ ਕਾਂ, ਕਾਂ ਕਾਗਾਂ ਵਿਚ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਉਤੋਂ ਹੋ ਕੁਰਬਾਨ, ਆਪ ਆਪਣਾ ਸੀਸ ਜਗਦੀਸ਼ ਭੇਟ ਚੜ੍ਹਾਇਆ।
