Granth 08 Likhat 157: Hazara Singh de Ghar Pind Kaunke Jila Amritsar

ਹਜ਼ਾਰਾ ਸਿੰਘ ਦੇ ਘਰ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ

ਹਰਿ ਸਤਿਗੁਰ ਸ਼ਬਦ ਬਿਬਾਨ, ਗੁਰਮਤ ਗੁਰ ਆਪ ਸੁਹਾਇੰਦਾ। ਜੁਗ ਜੁਗ ਵੇਖੇ ਮਾਰ ਧਿਆਨ, ਲੋਕਮਾਤ ਰਾਹ ਤਕਾਇੰਦਾ। ਲੱਖ ਚੁਰਾਸੀ ਪੁਣ ਛਾਣ, ਹਰਿਜਨ ਸਾਚੇ ਆਪ ਉਠਾਇੰਦਾ। ਦੇਵੇ ਮੰਤਰ ਨਾਮ ਨਿਧਾਨ, ਆਪਣਾ ਹੁਕਮ ਸੁਣਾਇੰਦਾ। ਸਾਚੀ ਸਿਖਿਆ ਸਿਖ ਪ੍ਰਵਾਨ, ਸਚ ਸਾਚਾ ਮਾਰਗ ਲਾਇੰਦਾ। ਪੰਚ ਵਿਕਾਰਾ ਮੇਟ ਨਿਸ਼ਾਨ, ਪੰਚਮ ਸ਼ਬਦ ਮਿਲਾਇੰਦਾ। ਮੇਲ ਮਿਲਾਵਾ ਦੋ ਜਹਾਨ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਵੇਖ ਵਖਾਇੰਦਾ। ਸਤਿਗੁਰ ਸੱਜਣ ਮੀਤੜਾ, ਮਿਹਰਵਾਨ ਮਿਹਰਵਾਨ। ਹਰਿ ਭਗਤ ਜਣਾਏ ਆਪਣੀ ਰੀਤੜਾ, ਦਇਆਵਾਨ ਦਇਆਵਾਨ। ਸੁਣਾਏ ਸੁਹਾਗੀ ਗੀਤੜਾ, ਧੁਰ ਫ਼ਰਮਾਣੀ ਧੁਰ ਫ਼ਰਮਾਣ। ਮਨ ਮਨੂਆ ਆਪੇ ਚੀਤੜਾ, ਡੋਰੀ ਬੰਨ੍ਹੇ ਬੰਨ੍ਹ ਬੰਧਾਣ। ਆਪ ਆਪਣੇ ਜਿਹਾ ਕੀਤੜਾ, ਭਗਤ ਭਗਵਾਨ ਰੂਪ ਪਛਾਣ। ਕਰੇ ਕਰਾਏ ਠੰਡਾ ਸੀਤੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਨਿਗਹਬਾਨ। ਸਤਿਗੁਰ ਪੂਰਾ ਸਾਚਾ ਰਸ, ਨਾਮ ਅੰਮ੍ਰਿਤ ਆਪ ਚਖਾਇੰਦਾ। ਭਗਤ ਭਗਤੀ ਮਾਰਗ ਦੱਸ, ਭਵ ਸਾਗਰ ਆਪ ਤਰਾਇੰਦਾ। ਪਕੜ ਉਠਾਏ ਨੱਸ ਨੱਸ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਾਚੇ ਮੰਦਰ ਬਹਿ ਬਹਿ ਹੱਸ, ਹੱਸਮੁੱਖ ਸਲਾਹਿੰਦਾ। ਬਿਰਹੋਂ ਤੀਰ ਨਿਰਾਲਾ ਮਾਰੇ ਕਸ, ਅਨਯਾਲਾ ਨਾਉਂ ਧਰਾਇੰਦਾ। ਹਿਰਦੇ ਅੰਦਰ ਜਾਏ ਵਸ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਧਨ ਸਰਧਨ ਸਰਧਨ ਨਿਰਧਨ ਏਕਾ ਰੰਗ ਰੰਗਾਇੰਦਾ। ਨਿਰਧਨ ਸਰਧਨ ਏਕਾ ਦਾਤ, ਚਰਨ ਦੁਵਾਰ ਰਖਾਈਆ। ਨਾਮ ਨਿਧਾਨਾ ਵਡ ਕਰਾਮਾਤ, ਗੁਰਮੁਖਾਂ ਝੋਲੀ ਪਾਈਆ। ਸਾਚਾ ਸ਼ਬਦ ਸਾਚੀ ਗਾਥ, ਹਰਿ ਸਾਚਾ ਆਪ ਸੁਣਾਈਆ। ਸਤਿਗੁਰ ਪੂਰਾ ਏਕਾ ਰਾਥ, ਲੋਕਮਾਤ ਆਪ ਚਲਾਈਆ। ਜਨ ਭਗਤਾਂ ਦੇਵੇ ਸਗਲਾ ਸਾਥ, ਫੜ ਬਾਹੋਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਮੇਲ ਮਿਲਾਈਆ। ਮੇਲ ਮਿਲਾਵਾ ਪੁਰਖ ਬਿਧਾਤਾ, ਪਰਮ ਪੁਰਖ ਮਿਲਾਇੰਦਾ। ਦੇਵੇ ਨਾਮ ਸਾਚੀ ਦਾਤਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਜੋਤ ਪ੍ਰਕਾਸ਼ ਕਰਾਇੰਦਾ। ਕਾਇਆ ਮੰਦਰ ਖੋਲ੍ਹੇ ਸਾਚਾ ਹਾਟਾ, ਬੰਦ ਕਿਵਾੜੀ ਤਾਕ ਖੁਲ੍ਹਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜੋ ਜਨ ਗੁਰ ਸਤਿਗੁਰ ਦਰਸ਼ਨ ਪਾਇੰਦਾ। ਅੱਗੇ ਨੇੜੇ ਰੱਖੇ ਵਾਟਾ, ਪਿਛਲਾ ਪੰਧ ਮੁਕਾਇੰਦਾ। ਸਚ ਸਿੰਘਾਸਣ ਵੇਖੇ ਖਾਟਾ, ਆਤਮ ਸੇਜਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੱਜਣ ਜੀਵਣ ਮੁਕਤ ਕਰਾਇੰਦਾ । ਜੀਆਂ ਦਾਤਾ ਜੀਵਣ ਦਾਨ, ਜੀਆਂ ਜੀ ਜਣਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਭਗਵਤ ਭਗਤੀ ਰੂਪ ਵਟਾਈਆ। ਅਗੰਮ ਅਗੰਮੜਾ ਅਗੰਮ ਨਿਸ਼ਾਨ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਆਪ ਝੁਲਾਈਆ। ਰਾਮ ਨਾਮ ਨਾਮ ਧੁਰ ਫ਼ਰਮਾਣ, ਕਾਇਆ ਨਗਰ ਗਰਾਮ ਆਪ ਸੁਣਾਈਆ। ਪਤਿਤ ਪਾਵਣ ਕਰ ਧਿਆਨ, ਬਲ ਬਾਵਨ ਭੇਖ ਵਟਾਈਆ। ਹਰਿਜਨ ਸਾਚੇ ਵਿਟੋI ਕੁਰਬਾਨ, ਕਾਇਆ ਕੁਰਾ ਵੇਖ ਵਖਾਈਆ। ਅਨੰਦ ਪਰਮਾਨੰਦ ਘਰ ਸਾਚੀ ਖਾਣ, ਨਾਮ ਸੁਗੰਧ ਬੰਦ ਬੰਦ ਆਪ ਮਹਿਕਾਈਆ। ਰਵ ਸਸ ਸੂਰਜ ਚੰਦ ਹੋਣ ਹੈਰਾਨ, ਜੋਤ ਨਿਰੰਜਣ ਡਗਮਗਾਈਆ। ਕੋਟਨ ਕੋਟ ਤੇਜ਼ ਬਖ਼ਸ਼ੇ ਭਾਨ, ਆਤਮ ਅੰਤਰ ਇਕ ਦ੍ਰਿੜਾਈਆ। ਮੇਲ ਮਿਲਾਵਾ ਹਰਿ ਸਾਚੇ ਰਾਮ, ਸੀਤਾ ਸੁਰਤੀ ਖ਼ੁਸ਼ੀ ਮਨਾਈਆ। ਗੋਬਿੰਦ ਮੇਲਾ ਸਾਚੇ ਕਾਹਨ, ਘਰ ਬੰਸਰੀ ਨਾਮ ਵਜਾਈਆ। ਛਹਿਬਰ ਲਾਏ ਦੋ ਜਹਾਨ, ਅੰਮ੍ਰਿਤ ਮੇਘ ਆਪ ਬਰਸਾਈਆ। ਸਾਚਾ ਸਈਆ ਵਡ ਮਿਹਰਵਾਨ, ਆਪਣੀ ਨੱਯਾ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਜਣਾਈਆ । ਸਾਚੀ ਨੱਯਾ ਸਚ ਕਿਨਾਰਾ, ਹਰਿ ਸਾਚੀ ਧਾਰ ਵਹਾਇੰਦਾ। ਡੂੰਘੇ ਸਾਗਰ ਪਾਵੇ ਸਾਰਾ, ਕਲਜੁਗ ਵੇਖ ਵਖਾਇੰਦਾ। ਏਕਾ ਚੱਪੂ ਨਾਮ ਸਹਾਰਾ, ਸਾਢੇ ਤਿੰਨ ਹੱਥ ਆਪੇ ਲਾਇੰਦਾ। ਘਾੜਣ ਘੜੇ ਘੜਣਹਾਰਾ, ਦਿਸ ਕਿਸੇ ਨਾ ਆਇੰਦਾ। ਆਪੇ ਚੜ੍ਹੇ ਉਚ ਮੁਨਾਰਾ, ਘਰ ਆਪਣੇ ਸੋਭਾ ਪਾਇੰਦਾ। ਸਮਰਥ ਪੁਰਖ ਹਰਿ ਖੇਲ ਅਪਾਰਾ, ਭੇਵ ਕੋਈ ਨਾ ਆਇੰਦਾ। ਤ੍ਰੈਗੁਣ ਵਸਿਆ ਆਪੇ ਬਾਹਰਾ, ਤੱਤਵ ਤੱਤ ਨਾ ਕੋਈ ਜਣਾਇੰਦਾ। ਰੰਗ ਰਲੀਆਂ ਮਾਣੇ ਵਿਚ ਸੰਸਾਰਾ, ਘਰ ਸੰਤਾਂ ਡੇਰਾ ਲਾਇੰਦਾ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਰੂਪ ਵਟਾਇੰਦਾ। ਆਪੇ ਚੁੱਕੇ ਆਪਣਾ ਭਾਰਾ, ਸੀਸ ਜਗਦੀਸ਼ ਆਪ ਉਠਾਇੰਦਾ। ਗੁਰਮੁਖਾਂ ਕਰੇ ਸਚ ਸ਼ਿੰਗਾਰਾ, ਸਚ ਸਾਚੀ ਸੇਜ ਵਿਛਾਇੰਦਾ। ਸ਼ਬਦ ਸਰੂਪੀ ਦਏ ਹੁਲਾਰਾ, ਅਵਣ ਗਵਣ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸਚ ਸਲਾਹਿੰਦਾ। ਸਚ ਸਲਾਹੀ ਸਤਿਗੁਰ ਰੂਪ, ਸਿਫ਼ਤੀ ਸਿਫ਼ਤ ਸਲਾਹੀਆ। ਸਰਬ ਜੀਆਂ ਦਾ ਇਕ ਮਹਿਬੂਬ, ਏਕਾ ਦਾਤਾ ਬੇਪਰਵਾਹੀਆ। ਨਾ ਕੋਈ ਰੰਗ ਨਾ ਕੋਈ ਰੂਪ, ਰੂਪ ਅਨੂਪ ਆਪ ਦਰਸਾਈਆ। ਸ਼ਾਹ ਸੁਲਤਾਨ ਵਡ ਵਡ ਭੂਪ, ਵਡ ਰਾਜਨ ਰਾਜ ਆਪ ਅਖਵਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਜਨ ਭਗਤਾਂ ਉਪਰ ਜਾਏ ਤੁਠ, ਆਪ ਆਪਣਾ ਮੇਲ ਮਿਲਾਈਆ। ਅੰਮ੍ਰਿਤ ਜਾਮ ਪਿਆਏ ਸਾਚਾ ਘੁੱਟ, ਸਾਚਾ ਸਾਕੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਵੱਡੀ ਵਡਿਆਈਆ। ਵਡ ਵਡਿਆਈ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਗੁਰਮੁਖਾਂ ਬਣੇ ਮਾਤ ਮਲਾਹ, ਫੜ ਬੇੜਾ ਪਾਰ ਕਰਾਇੰਦਾ। ਸਤਿ ਸਰੂਪੀ ਦੇਵੇ ਨਾਮ ਸਲਾਹ, ਸਾਚਾ ਵਣਜ ਇਕ ਵਖਾਇੰਦਾ। ਆਪਣਾ ਢੋਲਾ ਦੇਵੇ ਗਾ, ਆਪਣਾ ਸ਼ਬਦ ਆਪ ਉਪਜਾਇੰਦਾ। ਗੁਰਸਿਖ ਮੇਲੇ ਥਾਉਂ ਥਾਂ, ਨਿਥਾਵਿਆਂ ਥਾਨ ਵਖਾਇੰਦਾ। ਨਗਰ ਖੇੜਾ ਸਚ ਗਿਰਾਂ, ਗੁਰਮੁਖ ਕਾਇਆ ਗੜ੍ਹ ਸੁਹਾਇੰਦਾ। ਇਕ ਅਤੀਤਾ ਠੰਡਾ ਸੀਤਾ ਪਤਿਤ ਪੁਨੀਤਾ ਪਕੜੇ ਬਾਂਹ, ਗੁਰਮੀਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹਸਤ ਆਪੇ ਕੀਟਾ, ਆਪੇ ਵਸੇ ਧਾਮ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਨਾ ਦਿਸੇ ਹਰਿ ਦਿਸਣਹਾਰਾ, ਕਲਜੁਗ ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਧੂੰਆਂਧਾਰਾ, ਚਾਰ ਵਰਨ ਪਈ ਲੜਾਈਆ। ਸਾਚਾ ਧਰਮ ਨਾ ਕਿਸੇ ਵਿਚਾਰਾ, ਧਰਤ ਧਵਲ ਰਹੀ ਕੁਰਲਾਈਆ। ਗੁਰ ਕਾ ਸ਼ਬਦ ਨਾ ਬੋਲੇ ਕੋਈ ਜੈਕਾਰਾ, ਗੁਰ ਸ਼ਬਦ ਨਾ ਕੋਈ ਸਮਾਈਆ। ਜੀਵ ਜੰਤ ਗੜ੍ਹ ਹੰਕਾਰਾ, ਹਉਮੇ ਰੋਗ ਵਧਾਈਆ। ਬਿਨ ਹਰਿਨਾਮੇ ਵਿਸਰਿਆ ਕਰਤਾਰਾ, ਕਰਤਾ ਪੁਰਖ ਨਾ ਨਜ਼ਰੀ ਆਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਪੁਰਖ ਪੁਰਖੋਤਮ ਵਡ ਵਡਿਆਈਆ। ਖੇਲੇ ਖੇਲ ਅਗੰਮ ਅਪਾਰਾ, ਬੋਧ ਅਗਾਧ ਸ਼ਬਦ ਜਣਾਈਆ। ਸੋ ਪੁਰਖ ਨਿਰੰਜਣ ਬੋਲ ਜੈਕਾਰਾ, ਹੰ ਬ੍ਰਹਮ ਲਏ ਸਮਝਾਈਆ। ਆਲਮ ਇਲਮ ਉਲਮਾ ਨਾ ਕਿਸੇ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤਾਲਬ ਤਲਬ ਨਾ ਕੋਈ ਰਖਾਈਆ।