Granth 08 Likhat 193: 23 Maghar 2016 Bikarmi Langar vaste Loh ate chur puttan samen Najar Singh de Ghar

੨੩ ਮੱਘਰ ੨੦੧੬ ਬਿਕ੍ਰਮੀ ਲੰਗਰ ਵਾਸਤੇ ਲੋਹ ਅਤੇ ਚੁਰ ਪੁੱਟਣ ਸਮੇਂ ਨਾਜ਼ਰ ਸਿੰਘ ਦੇ ਘਰ

ਦਿਆਲ ਕਾਲ ਹਰਿ ਨਿਰੰਕਾਰ, ਮੂਰਤ ਅਕਾਲ ਅਨਭਵ ਪਰਕਾਸ਼ਿਆ। ਦੇਵਣਹਾਰਾ ਸਾਚਾ ਧਨ ਮਾਲ, ਸ੍ਰਿਸ਼ਟ ਸਬਾਈ ਪ੍ਰਿਥਮੀ ਅਕਾਸ਼ਿਆ। ਗਗਨ ਮੰਡਲ ਵੇਖ ਦੀਪਕ ਥਾਲ, ਰਵ ਸਸ ਜੋਤ ਪੁਰਖ ਅਬਿਨਾਸਿਆ। ਸਾਧ ਸੰਤ ਗੁਰ ਪੀਰ ਅਵਤਾਰ ਕਰੇ ਪ੍ਰਿਤਪਾਲ, ਭਗਤ ਭਗਵੰਤ ਸੰਤ ਦਾਸਨ ਦਾਸ ਦਾਸਿਆ। ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਾਹ ਕੰਗਾਲ, ਸਤਿ ਸਰੂਪ ਅਕਾਸ਼ਿਆ। ਜੁਗਾ ਜੁਗੰਤਰ ਘਾਲਣ ਘਾਲ, ਖੇਲੇ ਖੇਲ ਜਲ ਥਲ ਮਹੀਅਲ ਹਰਿ ਭਰਵਾਸਿਆ। ਨੌ ਨੌ ਚਾਰ ਅਵੱਲੜੀ ਚਾਲ, ਛੇ ਤੀਸ ਖੇਲ ਤਮਾਸਿਆ। ਚਾਰ ਜੁਗ ਤੋੜ ਜੰਜਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਵੇ ਰਾਸਿਆ। ਹਰਿ ਸੰਗਤ ਕਰੇ ਸਦਾ ਪ੍ਰਿਤਪਾਲ, ਪਤ ਡਾਲ੍ਹ ਸ਼ਾਹੋ ਸ਼ਬਾਸਿਆ। ਲੱਖ ਚੁਰਾਸੀ ਵਿਚੋਂ ਭਾਲ, ਅੰਮ੍ਰਿਤ ਆਤਮ ਦੇਵੇ ਜਲ ਪੂਰੀ ਕਰੇ ਆਸ ਨਿਰਾਸਿਆ। ਗੋਬਿੰਦ ਮੇਲਾ ਸਾਚੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਸਿਆ। ਸਤਿਜੁਗ ਦੱਸੇ ਰਾਹ ਸੁਖਾਲ, ਸਤਿ ਪੁਰਖ ਨਿਰੰਜਣ ਸਚਖੰਡ ਵਾਸੀ ਵਾਸ ਨਿਵਾਸਿਆ। ਪੰਚਮ ਮੀਤਾ ਪੰਚਮ ਲਏ ਉਠਾਲ, ਪੰਚਮ ਪਵੇ ਸਾਚੀ ਰਾਸਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨੂਰ ਕਰੇ ਪਰਕਾਸ਼ਿਆ। ਪੰਚਮ ਪੰਚਮ ਨੌਜਵਾਨ, ਅੰਦਰ ਮੰਦਰ ਹਰਿ ਸਮਾਈਆ। ਪੰਚਮ ਵੇਖੇ ਮਾਰ ਧਿਆਨ, ਜਗਤ ਕੁੰਦਰ ਫੋਲ ਫੁਲਾਈਆ। ਪੰਚਮ ਉਪਜੇ ਬ੍ਰਹਮ ਗਿਆਨ, ਪਾਰਬ੍ਰਹਮ ਸੱਚੀ ਸਰਨਾਈਆ। ਪੰਚਮ ਦੇਵੇ ਸਾਚਾ ਦਾਨ, ਆਪਣੀ ਭਿਛਿਆ ਝੋਲੀ ਪਾਈਆ। ਪੰਚਮ ਬਖ਼ਸ਼ੇ ਚਰਨ ਧੂੜ ਅਸ਼ਨਾਨ, ਦੁਰਮਤ ਮੈਲ ਗਵਾਈਆ। ਪੰਚਮ ਮੇਲਾ ਸਾਚੇ ਕਾਹਨ, ਸਾਚਾ ਮੰਗਲ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰੀਤ ਪਤਿਤ ਪੁਨੀਤ ਆਪੇ ਰਿਹਾ ਚਲਾਈਆ। ਸਾਚੀ ਰੀਤੀ ਸਚ ਮਹੱਲਾ ਹਰਿ ਸਤਿਗੁਰ ਪੁਰਖ ਸੁਹਾਇੰਦਾ। ਕਰੇ ਖੇਲ ਇਕ ਅਕੱਲਾ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਹਿਰਦੇ ਅੰਦਰ ਰਲਾ, ਵਲ ਛਲ ਧਾਰੀ ਭੇਖ ਵਟਾਇੰਦਾ। ਅੰਮ੍ਰਿਤ ਭਰਿਆ ਨੀਰ ਸਾਚਾ ਜਲਾ, ਘਰ ਘਰ ਜਾਮ ਪਿਆਇੰਦਾ। ਸ਼ਬਦ ਖੰਡਾ ਤਿਖਾ ਭੱਲਾ, ਆਪਣੇ ਹੱਥ ਉਠਾਇੰਦਾ। ਉਜੜਿਆ ਬਾਗ ਹਰਿਆ ਕੀਤਾ ਜੱਟ ਡੱਲਾ, ਲਹਿਣਾ ਲਹਿਣਾ ਝੋਲੀ ਪਾਇੰਦਾ। ਆਪ ਫੜਾਇਆ ਆਪਣਾ ਪੱਲਾ, ਦੋ ਜਹਾਨ ਨਾ ਕੋਈ ਛੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਦੇਵੇ ਸਾਚਾ ਵਰ, ਸਾਚੀ ਧਾਰ ਬੰਧਾਇੰਦਾ। ਪੰਚ ਪਿਆਰੇ ਟੱਪ ਲਗਾਇਣ ਪੰਚ, ਪੰਚਾਂ ਪੰਚ ਵਡਿਆਈਆ। ਕਲਜੁਗ ਮਾਇਆ ਲੇਖਾ ਚੁੱਕਿਆ ਕਾਰੂ ਗੰਜ, ਮਾਇਆ ਮਮਤਾ ਹੋਏ ਹਲਕਾਈਆ। ਹਰਿ ਸੰਗਤ ਕਰਾਏ ਸਾਚਾ ਵਣਜ, ਵਣਜ ਵਾਪਾਰੀ ਆਪ ਅਖਵਾਈਆ। ਧਾਰ ਚਲਾਏ ਬਾਵਨ ਬਵੰਜ, ਬਾਵਨ ਕਰੇ ਆਪ ਪੜ੍ਹਾਈਆ। ਲੇਖਾ ਜਾਣੇ ਸਵੇਰ ਸੰਝ, ਅੱਠ ਪਹਿਰ ਹਰਿ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਰਿਹਾ ਵਖਾਈਆ। ਕਰਿਆ ਖੇਲ ਪੁਰਖ ਅਗੰਮ, ਪਾਰਬ੍ਰਹਮ ਅਬਿਨਾਸਿਆ। ਹਰਿ ਸੰਗਤ ਸਵਾਰੇ ਤੇਰਾ ਕੰਮ, ਦਰ ਤੇਰੇ ਪਾਏ ਸਾਚੀ ਰਾਸਿਆ। ਨਾ ਮਰੇ ਨਾ ਪਏ ਜੰਮ, ਗੋਬਿੰਦ ਖੇਲੇ ਖੇਲ ਤਮਾਸਿਆ। ਹਰਿ ਮੰਦਰ ਬਣਾਇਆ ਹੱਡ ਮਾਸ ਨਾੜੀ ਚੰਮ, ਲੇਖੇ ਚੁੱਕੇ ਪ੍ਰਿਥਮੀ ਅਕਾਸਿਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਹਰਖ਼ ਸੋਗ ਨਾ ਕੋਈ ਰਖਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਪੁਰਖ ਅਬਿਨਾਸਿਆ। ਕਲਜੁਗ ਤੇਰੀ ਉਖੜੇ ਜੜ੍ਹ, ਹਰਿ ਹਰਿ ਹਰਿ ਹਰੀ ਹਰੀ ਹਰੀ ਰਿਹਾ ਉਖੜਾਈਆ। ਚਾਰ ਕੁੰਟਾਂ ਦਹਿ ਦਿਸ਼ਾ ਤੇਰਾ ਆਕਾਰ ਵੇਖੇ ਸੀਸ ਧੜ, ਪੰਜ ਤੱਤ ਤ੍ਰੈਗੁਣ ਵੰਡ ਵੰਡਾਈਆ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਖੜ, ਪੂਰਬ ਕਰਮਾਂ ਫੋਲ ਫੋਲਾਈਆ। ਆਪਣੀ ਹੱਥੀਂ ਢਾਏ ਹੰਕਾਰੀ ਗੜ੍ਹ, ਢਾਵਣਹਾਰਾ ਮੁਖ ਛੁਪਾਈਆ। ਤੇਰੀ ਤ੍ਰਿਸਨਾ ਜਾਏ ਸੜ, ਜੋਤੀ ਲੰਬੂ ਏਕਾ ਲਾਈਆ। ਵੇਲੇ ਅੰਤ ਹਰਿ ਸੰਗਤ ਏਕਾ ਅੱਖਰ ਜਾਏ ਪੜ੍ਹ, ਸੋਹੰ ਸ਼ਬਦ ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰਾ ਸਤਿ ਦਵਾਰਾ, ਨਾਥੇ ਵਾਲਾ ਭਰ ਭੰਡਾਰਾ, ਬਣਿਆ ਰਹੇ ਆਪ ਰਖਵਾਲਾ, ਹਰਿ ਗੋਬਿੰਦ ਸੇਵਾਦਾਰਾ, ਗੁਰ ਗੋਬਿੰਦ ਮੀਤ ਮੁਰਾਰਾ, ਨਾਨਕ ਚਾਕਰੀ ਚਾਕਰ ਕਰੇ ਵਿਚ ਸੰਸਾਰਾ, ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰਾ, ਲੇਖਾ ਲੇਖ ਨਾ ਕੋਈ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਚਾਰ ਵਰਨ ਚਾਰ ਜੁਗ ਦੇਵੇ ਵਰ, ਲੋਕਮਾਤ ਥਿਰ ਘਰ ਸਚਖੰਡ ਵੱਡੀ ਵਡਿਆਈਆ। ਬਲ ਬਾਵਨ ਭੇਖ ਅਪਾਰ, ਹਰਿ ਵਲ ਛਲ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਵੇਲਾ ਅੰਤਮ ਆਇੰਦਾ। ਏਕਾ ਜੋਤੀ ਦਸ ਅਵਤਾਰ, ਪੁਰਖ ਅਕਾਲ ਮਨਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਨਾਮ ਸਤਿ ਜਗਤ ਵਣਜਾਰ, ਸਚ ਭੰਡਾਰਾ ਇਕ ਵਰਤਾਇੰਦਾ। ਸਾਚੀ ਫਤਿਹ ਬੋਲ ਜੈਕਾਰ, ਵਾਹਿਗੁਰੂ ਇਕ ਸਮਝਾਇੰਦਾ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾਇੰਦਾ। ਬਸਤਰ ਭੂਸ਼ਨ ਸਚ ਸ਼ਿੰਗਾਰ, ਸਾਚਾ ਬਸਤਰ ਤਨ ਸਜਾਇੰਦਾ। ਪੰਚਮ ਮੀਤਾ ਖ਼ਬਰਦਾਰ, ਪੰਚਮ ਮੇਲ ਮਿਲਾਇੰਦਾ। ਗੁਰਮੁਖ ਸਾਜਣ ਲਾਏ ਪਾਰ, ਸਿੰਘ ਰੂਪ ਵਟਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਾਚਾ ਜਲ ਪਿਆਇੰਦਾ। ਨਾਮ ਖੰਡਾ ਤੇਜ਼ ਕਟਾਰ, ਕਾਇਆ ਤਨ ਲਟਕਾਇੰਦਾ। ਸਾਚਾ ਕੰਗਣ ਕਰ ਤਿਆਰ, ਹੱਥੋ ਹੱਥ ਫੜਾਇੰਦਾ। ਧੀਰਜ ਜਤ ਅਪਰ ਅਪਾਰ, ਸਚ ਸਤਿ ਸਤਿ ਵਰਤਾਇੰਦਾ। ਸੀਸ ਜਗਦੀਸ ਕਰ ਤਿਆਰ, ਨਰ ਨਰੇਸ਼ ਵੇਸ ਵਟਾਇੰਦਾ। ਦਏ ਸੁਨੇਹੜਾ ਸਾਂਝੇ ਯਾਰ, ਸ਼ਬਦੀ ਅਗੰਮੀ ਪਵਣ ਅਲਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰ, ਤਾਰ ਸਤਾਰ ਆਪ ਵਜਾਇੰਦਾ। ਦੋਹਾਂ ਵਿਚੋਲਾ ਹਰਿ ਨਿਰੰਕਾਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਆਦਿ ਸ਼ਕਤੀ ਅਧਵਿਚਕਾਰ, ਸਾਚਾ ਰਾਹ ਆਪ ਸੁਹਾਇੰਦਾ। ਨਿਰਭੈ ਰੂਪ ਵਰਤੇ ਵਿਚ ਸੰਸਾਰ, ਭੈ ਭਿਆਨਕ ਖੇਲ ਖਿਲਾਇੰਦਾ। ਆਪਣਾ ਦਵਾਰਾ ਆਪਣਾ ਘਰ ਆਪੇ ਜਾਣੇ ਸਿਰਜਣਹਾਰ, ਆਪਣੀ ਨਗਰੀ ਆਪ ਸੁਹਾਇੰਦਾ। ਕੰਚਨ ਕਾਇਆ ਗੜ੍ਹ ਕਰ ਤਿਆਰ, ਉਚ ਮਹੱਲ ਅਟੱਲ ਮੁਨਾਰ ਥਿਰ ਘਰ ਵਾਸੀ ਆਪੇ ਸੋਭਾ ਪਾਇੰਦਾ। ਖੜਗ ਖੰਡਾ ਤੇਜ਼ ਕਟਾਰ, ਬ੍ਰਹਿਮੰਡ ਖੰਡ ਵੇਖ ਖੇਲੇ ਖੇਲ ਅਪਰ ਅਪਾਰ, ਨੇਤਰ ਲੋਚਣ ਨੈਣ ਇਕ ਖੁਲ੍ਹਾਇੰਦਾ। ਆਵਣ ਜਾਵਣ ਜਾਵਣ ਆਵਣ ਏਕਾ ਰੰਗ ਰੰਗੇ ਕਰਤਾਰ, ਕੁਦਰਤ ਕਾਦਰ ਕਰਤਾ ਸ੍ਰਿਸ਼ਟ ਸਬਾਈ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਲ ਬਾਵਨ ਆਪਣਾ ਨਾਉਂ ਧਰਾਇੰਦਾ। ਬਲ ਬਾਵਨ ਹਰਿ ਨਿਰੰਕਾਰਾ, ਏਕਾ ਰੰਗ ਸਮਾਇਆ। ਆਦਿ ਜੁਗਾਦਿ ਗੁਰ ਅਵਤਾਰਾ, ਆਪਣਾ ਰੂਪ ਵਟਾਇਆ। ਜਨ ਭਗਤਾਂ ਦੇਵੇ ਭਗਤ ਭੰਡਾਰਾ, ਸਚ ਵਸਤ ਝੋਲੀ ਪਾਇਆ। ਹਰਿਜਨ ਸੰਤਨ ਦੇਵੇ ਸਤਿ ਸਤਿ ਸਤਿ ਨਿਰਾਕਾਰਾ, ਨਿਰਗੁਣ ਆਪਣਾ ਦਰਸ ਦਿਖਾਇਆ। ਗੁਰਮੁਖ ਦੇਵੇ ਇਕ ਅਧਾਰਾ, ਜਗਤ ਤ੍ਰਿਸਨਾ ਮੇਟ ਮਿਟਾਇਆ। ਗੁਰਸਿਖਾਂ ਦਰ ਦਰ ਬਣੇ ਆਪ ਵਰਤਾਰਾ, ਅੰਮ੍ਰਿਤ ਆਤਮ ਜਾਮ ਸੁਹਾਇਆ। ਹਰਿ ਸੰਗਤ ਮੇਲਾ ਵਿਚ ਸੰਸਾਰਾ, ਪੁਰਖ ਨਿਰੰਜਣ ਦਏ ਕਰਾਇਆ। ਮੂਰਤ ਅਕਾਲ ਖੇਲ ਅਪਾਰਾ, ਅਜੂਨੀ ਰਹਿਤ ਵੇਸ ਧਰਾਇਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਧਰਾਇਆ। ਨਾਲ ਰਲਾਇਆ ਰਵਦਾਸ ਚੁਮਿਆਰਾ, ਬਾਲਮੀਕ ਬਜਵਾੜਾ ਲੇਖਾ ਵੇਖ ਵਖਾਇਆ। ਸਾਚਾ ਮੀਤਾ ਸੁੱਤ ਦੁਲਾਰਾ, ਇੰਦਰ ਇੰਦਰ ਇੰਦਰ ਆਪਣੀ ਬਿੰਦ ਉਪਜਾਇਆ। ਜਗਤ ਸੁਦਾਮਾ ਏਕਾ ਧਾਰਾ, ਗ਼ਰੀਬ ਨਿਮਾਣੇ ਗਲੇ ਲਗਾਇਆ। ਸਿੰਘ ਦਇਆ ਬੋਲ ਜੈਕਾਰਾ, ਵਾਹਿਗੁਰੂ ਅੱਖਰ ਇਕ ਪੜ੍ਹਾਇਆ। ਸੋ ਪੁਰਖ ਨਿਰੰਜਣ ਸਭ ਤੋਂ ਬਾਹਰਾ, ਹੰ ਬ੍ਰਹਮ ਰੂਪ ਵਟਾਇਆ। ਸੋਹੰ ਸ਼ਬਦ ਸਾਚਾ ਨਾਅਰਾ, ਨਾਨਕ ਨਿਰਗੁਣ ਆਪਣੀ ਰਸਨਾ ਲਾਇਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਲੇਖਾ ਲੇਖ ਦਏ ਮੁਕਾਇਆ। ਭਾਗ ਲਗਾਏ ਸਚ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਇਆ। ਗੁਰਦਾਸ ਬਣਿਆ ਨਾਲ ਲਿਖਾਰਾ, ਏਕਾ ਢਈਆ ਮੇਲ ਮਿਲਾਇਆ। ਹਰਿ ਸੰਗਤ ਤੇਰਾ ਪਾਰ ਕਿਨਾਰਾ, ਪੁਰਖ ਅਬਿਨਾਸ਼ੀ ਆਪਣੇ ਬੇੜੇ ਆਪ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚੁਰ ਪੁੱਟੇ ਭੱਠੀ, ਗੁਰਮੁਖ ਗੁਰਸਿਖ ਹਰਿਜਨ ਬਿਰਧ ਬਾਲ ਨੌਜਵਾਨ, ਲੇਖਾ ਪੂਰ ਕਰਾਏ ਜਪ ਤਪ ਹਠ ਸਤੀ, ਸਤਿਵਾਦ ਆਪਣੇ ਪੇਟੇ ਪਾਇਆ। ਹਰਿ ਸੰਗਤ ਹਰਿ ਜੂ ਹਰਿ ਹਰਿ ਮੰਦਰ ਕਰ ਅਕੱਠੀ, ਆਪਣਾ ਦਰਸ਼ਨ ਆਪੇ ਪਾਈਆ। ਕਲਜੁਗ ਅੰਤਮ ਰਾਏ ਧਰਮ ਦੀ ਕੋਈ ਨਾ ਭਰੇ ਚੱਟੀ, ਜਿਸ ਜਨ ਮਿਲਿਆ ਹਰਿ ਦਾਤਾ ਬੇਪਰਵਾਹੀਆ। ਆਪ ਚੜ੍ਹਾਵਣ ਆਇਆ ਫੜ ਫੜ ਔਖੀ ਘਾਟੀ, ਸੇਵਕ ਸੇਵਾ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਹੱਡੀਆਂ ਬਣਾਏ ਬਾਲਣ, ਸਾਚੀ ਭੱਠੀ ਦੇਵੇ ਡਾਹੀਆ। ਹਰੀ ਹਰਿ ਹਰਿ ਭੇਖ ਪੁਰਖ ਅਬਿਨਾਸ਼, ਪਰਮ ਪੁਰਖ ਵੱਡੀ ਵਡਿਆਈਆ। ਗਗਨ ਮੰਡਲ ਖੇਲ ਪ੍ਰਿਥਮੀ ਅਕਾਸ਼, ਜੁਗਾਂ ਜੁਗੰਤਰ ਰਚਨ ਰਚਾਈਆ। ਜਨ ਭਗਤਾਂ ਪੂਰੀ ਕਰਦਾ ਆਇਆ ਆਸ, ਨਿਜ ਘਰ ਆਪਣਾ ਰੂਪ ਵਟਾਈਆ। ਲੇਖਾ ਗਿਣਦਾ ਆਇਆ ਸਵਾਸ ਸਵਾਸ, ਜੋ ਜਨ ਜੇਹਵਾ ਰਿਹਾ ਧਿਆਈਆ। ਘਟ ਘਟ ਅੰਦਰ ਕਰ ਕਰ ਵਾਸ, ਆਪਣਾ ਬੈਠਾ ਮੁਖ ਛੁਪਾਈਆ। ਦਾਤਾ ਦਾਨੀ ਸ਼ਾਹੋ ਸ਼ਬਾਸ, ਗਹਿਰ ਗੰਭੀਰ ਇਕ ਅਖਵਾਈਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਈ ਰਾਸ, ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਸਰਗੁਣ ਸ਼ਬਦ ਅਗੰਮੀ ਕਰਿਆ ਤਿਆਰ ਖਰਾਸ, ਕਲਜੁਗ ਸਤਿਜੁਗ ਦੋਵਾਂ ਪੁੜ ਬਣਾਈਆ। ਮਾਇਆ ਰਾਣੀ ਹੋਈ ਦਾਸ, ਤ੍ਰੈਗੁਣ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵ ਕਮਾਈਆ। ਕਲਜੁਗ ਸਤਿਜੁਗ ਦੋਵਾਂ ਪੁੜ, ਸਾਚਾ ਖੇਲ ਖਿਲਾਇੰਦਾ। ਇਕ ਦੂਜੇ ਨਾਲ ਗਏ ਜੁੜ, ਜੋੜਨਹਾਰਾ ਦਿਸ ਨਾ ਆਇੰਦਾ। ਸਚ ਸਵਾਣੀ ਦੀ ਪਈ ਲੋੜ, ਆਦਿ ਸ਼ਕਤ ਆਦਿ ਭਵਾਨੀ ਜੋਤ ਨੂਰਾਨੀ ਆਦਿ ਨਿਰੰਜਣ ਸੇਵਾ ਲਾਇੰਦਾ। ਪੁਰਖ ਅਕਾਲ ਦੀਨ ਦਿਆਲ ਸ਼ਬਦ ਅਗੰਮੀ ਚੜ੍ਹ ਚੜ੍ਹ ਘੋੜ, ਆਪ ਆਪਣਾ ਵੇਖ ਵਖਾਇੰਦਾ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਰਿਹਾ ਦੌੜ, ਮਾਤ ਪਾਤਾਲ ਅਕਾਸ਼ ਗਗਨ ਮੰਡਲ ਫੋਲ ਫੋਲਾਇੰਦਾ। ਲੱਖ ਚੁਰਾਸੀ ਵੇਖੇ ਬੀਜ ਮਿਠਾ ਕੌੜ, ਪਤ ਡਾਲ੍ਹੀ ਫੁਲ ਵੇਖ ਵਖਾਇੰਦਾ। ਜਨ ਭਗਤਾਂ ਅੰਤਮ ਜਾਏ ਬੌੜ੍ਹ, ਆਪ ਆਪਣਾ ਰੂਪ ਵਟਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਮਾਰਗ ਦਿਸੇ ਏਕਾ  ਸੌੜ, ਵੇਲੇ ਅੰਤ ਨਾ ਕੋਈ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤਾਏ, ਹਰਿ ਸੱਜਣ ਖੇਲ ਅਪਾਰਿਆ। ਜੂਠ ਝੂਠ ਦੋ ਬੈਲ ਬਣਾਏ, ਜੋੜੀ ਮੇਲ ਮਿਲਾ ਰਿਹਾ। ਪੰਚ ਵਿਕਾਰਾ ਹਿੱਕਣ ਡਾਹੇ, ਏਕਾ ਡੰਡਾ ਹੱਥ ਫੜਾ ਲਿਆ। ਕਲਜੁਗ ਕੰਢਾ ਨੇੜੇ ਆਏ, ਲੇਖਾ ਲੇਖ ਨਾ ਕਿਸੇ ਜਣਾ ਲਿਆ। ਚਾਰ ਕੁੰਟ ਭੇਖ ਪਖੰਡਾ ਪੁਰਖ ਅਬਿਨਾਸ਼ੀ ਕਰੇ ਰੰਡਾ, ਆਪਣੀ ਹੱਥੀਂ ਬੰਧਨ ਪਾ ਲਿਆ। ਤੀਰਥ ਤੱਟਾਂ ਫੇਰਾ ਪਾਏ, ਸਮੁੰਦ ਸਾਗਰ ਵਰੋਲ ਵਖਾਏ, ਨਾਮ ਤੰਦਨ ਇਕ ਰਖਾ ਲਿਆ। ਬਾਸ਼ਕ ਤਸ਼ਕਾ ਖੇਲ ਖਿਲਾਏ, ਦੋਏ ਸਹੰਸਰ ਗਾਏ, ਰਸਨਾ ਜੇਹਵਾ ਆਪੇ ਗਾ ਲਿਆ। ਵਿਸ਼ਨੂੰ ਉਠ ਉਠ ਫੇਰੇ ਪਾਏ, ਬ੍ਰਹਮਾ ਨੀਰ ਉਠ ਉਠਾਏ, ਭੋਲਾ ਨਾਥ ਰਿਹਾ ਕੁਰਲਾਏ, ਕਰੋੜ ਤੇਤੀਸਾ ਆਸਣ ਸਿੰਘਾਸਣ ਆਪਣਾ ਆਪ ਤਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਵਸਤ ਦੇਵਣਹਾਰਾ ਦਸਤ ਬਦਸਤ, ਦੂਸਰ ਹੱਥ ਨਾ ਕਿਸੇ ਟਿਕਾਇੰਦਾ। ਕਲਜੁਗ ਜੋੜ ਹਰਿ ਜੁੜਾਇਆ, ਸਤਿਜੁਗ ਸੰਗ ਮਿਲਾਇੰਦਾ। ਹੇਠਾ ਉਪਰ ਰੱਖ ਵਖਾਇਆ, ਨਾਮ ਕਿਲੀ ਵਿਚ ਟਿਕਾਇੰਦਾ। ਸੰਮਤ ਸੋਲਾਂ ਗੇੜਾ ਰਿਹਾ ਦਵਾਇਆ, ਉਲਟਾ ਗੇੜਾ ਆਪ ਦੁਆਇੰਦਾ। ਨੌ ਖੰਡ ਪ੍ਰਿਥਮੀ ਭੇੜ ਭੜਾਇਆ, ਦੋਹਾਂ ਪੁੜਾਂ ਵਿਚ ਦਬਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਆਪਣਾ ਪੀਸਣ ਆਪਣੀ ਹੱਥੀਂ ਪੀਸ ਪਿਸਾਇਆ, ਕਲਜੁਗ ਅੰਤਮ ਗੁਰਸਿਖਾਂ ਆਪ ਖੁਆਇੰਦਾ। ਸਵਾ ਸੇਰ ਆਟਾ ਨਾਲ ਧਰਾਇਆ, ਇਕ ਸੇਰ ਹਰਿ ਨਿਰੰਕਾਰ ਚੌਥਾ ਹਿੱਸਾ ਸਰਬ ਸੰਸਾਰ ਗੁਰ ਪੀਰ ਅਵਤਾਰ ਨਾਲ ਰਲਾਇੰਦਾ। ਸੇਵਾ ਕਰੇ ਆਪ ਨਿਰੰਕਾਰ, ਨਿਰਗੁਣ ਅਤੀਤਾ ਖੇਲ ਖਿਲਾਇੰਦਾ। ਡੱਲੇ ਮਿਲਿਆ ਝੱਲਾ ਯਾਰ, ਡੱਲਾ ਭੁੱਲਾ ਯਾਰ ਭੁੱਲ ਵਿਚ ਨਾ ਆਇੰਦਾ। ਹਰਿ ਸੰਗਤ ਸਾਚੀ ਕਰ ਤਿਆਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਉਜੜਿਆ ਹਰਾ ਕਰੇ ਬਗੀਚਾ ਆਪ ਕਰਤਾਰ, ਪਤ ਡਾਲ੍ਹੀ ਫੁਲ ਪੰਖੜੀਆਂ ਆਪ ਮਹਿਕਾਇੰਦਾ। ਹੋਏ ਭਵਰਾ ਉਪਰ ਗੁੰਜੇ ਵਾਰੋ ਵਾਰ, ਸਚ ਸੁਗੰਧੀ ਆਪਣੀ ਵੰਡ ਵੰਡਾਇੰਦਾ। ਰਚਿਆ ਕਾਜ ਹਰਿ ਕਰਤਾਰ, ਵੇਲਾ ਅੰਤਮ ਵੇਖ ਵਖਾਇੰਦਾ। ਸੇਵਾ ਲਾਏ ਸੇਵਕ ਚਾਰ, ਚਾਰ ਯਾਰੀ ਮੁਖ ਭਵਾਇੰਦਾ। ਨੌ ਖੰਡ ਪ੍ਰਿਥਮੀ ਬੰਨ੍ਹੇ ਧਾਰ, ਨੌ ਦਰ ਖੋਜ ਖੁਜਾਇੰਦਾ। ਨੌ ਦਰ ਵਾਸ਼ਨਾ ਕਰੇ ਖੁਆਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਜੁਗ ਤੇਰਾ ਸਤੋ ਗੁਣ ਵਿਚਾਰ, ਵਿਸ਼ਨੂੰ ਵਿਸ਼ਨੂੰ ਨਾਲ ਮਿਲਾਇੰਦਾ। ਬ੍ਰਹਮਾ ਰਜੋ ਗੁਣ ਭਰ ਭੰਡਾਰ, ਰਾਜਸ ਆਪਣਾ ਰੰਗ ਰੰਗਾਇੰਦਾ। ਸ਼ੰਕਰ ਤਮੋ ਗੁਣ ਵੇਖ ਸੰਸਾਰ, ਅੰਤਮ ਵਸਦਾ ਨਗਰ ਆਪੇ ਢਾਇੰਦਾ। ਪਾਰਬ੍ਰਹਮ ਪ੍ਰਭ ਭੇਵ ਅਪਾਰ, ਭੇਵ ਕੋਇ ਨਾ ਪਾਇੰਦਾ। ਸਚ ਸਵਾਣੀ ਕਰ ਤਿਆਰ, ਨੌ ਨੌ ਸੇਵ ਕਮਾਇੰਦਾ। ਖਾਣੀ ਬਾਣੀ ਰਹੀ ਪੁਕਾਰ, ਬੋਧ ਅਗਾਧ ਆਪ ਹੋ ਜਾਇੰਦਾ। ਧੁਰ ਦਰਗਾਹੀ ਠੰਡਾ ਪਾਣੀ ਨਿਝ ਘਰ ਆਤਮ ਪਰਮ ਪੁਰਖ ਪਰਮਾਤਮ ਹਰਿ ਸੰਗਤ ਉਤੋਂ ਦੇਵੇ ਵਾਰ, ਗੰਗਾ ਗੋਦਾਵਰੀ ਅਠਸਠ ਤੀਰਥ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦਾ ਚੁੱਕਿਆ ਭਾਰ, ਆਪਣੇ ਸਿਰੋਂ ਦਏ ਉਤਾਰ, ਗੁਰਮੁਖਾਂ ਲੈਣਾ ਦੇਣਾ ਝੋਲੀ ਪਾਇੰਦਾ।