੨ ਮੱਘਰ ੨੦੧੫ ਬਿਕ੍ਰਮੀ ਗੁਰਦੁਆਰਾ ਲੰਗਰ ਸਾਹਿਬ ਨਨਦੇੜ ਸੰਤ ਹਰਨਾਮ ਸਿੰਘ ਦੇ ਸਰੋਪਾਓ ਦੇਣ ਤੇ
ਸਾਚੀ ਭੇਟ ਦਰ ਪਰਵਾਨ, ਹਰਿ ਸੰਤਨ ਮੇਲ ਮਿਲਾਈਆ। ਵੇਖ ਵਖਾਏ ਸ੍ਰੀ ਭਗਵਾਨ, ਅੱਠੇ ਪਹਿਰ ਏਕਾ ਰੰਗ ਰੰਗਾਈਆ। ਗੁਰ ਗੋਬਿੰਦ ਕਰੇ ਧਿਆਨ, ਗੁਰੂ ਗ੍ਰੰਥ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਵੇਖੇ ਸਾਚਾ ਘਰ, ਘਰ ਸਾਚਾ ਜਗਤ ਮਲਾਈਆ। ਸਾਚਾ ਘਰ ਸਚ ਵਡਿਆਈ, ਹਰਿ ਸਾਚਾ ਲੇਖੇ ਲਾਈਆ। ਹਰਿ ਸੰਤਨ ਮੇਲਾ ਸਹਿਜ ਸੁਭਾਈ, ਦਰ ਮੰਗਲ ਏਕਾ ਗਾਈਆ। ਸੰਗਤ ਖ਼ੁਸ਼ੀ ਇਕ ਮਨਾਈ, ਨੇਤਰ ਨੈਣ ਦਰਸ਼ਨ ਪਾਈਆ। ਦੋ ਜਹਾਨ ਮਿਲੇ ਵਡਿਆਈ, ਦੇਵਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਵੇਖੇ ਸਾਚਾ ਦਰ, ਦਰ ਸਾਚਾ ਇਕ ਸੁਹਾਈਆ। ਸਾਚੀ ਭੇਟਾ ਹਰਿ ਦਰਬਾਰ, ਹਰਿ ਹਰਿ ਆਪ ਚੜ੍ਹਾਈਆ। ਗੁਰੂ ਗ੍ਰੰਥ ਅੱਗੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਭਰੇ ਰਹਿਣ ਸਦਾ ਭੰਡਾਰ, ਤੋਟ ਰਹੇ ਨਾ ਰਾਈਆ। ਸਚ ਖੰਡ ਖੰਡ ਸੱਚ ਬਣੇ ਇਕ ਦਵਾਰ, ਹਰਿ ਸਾਚਾ ਵੇਖ ਵਖਾਈਆ। ਸੰਤ ਨਿਧਾਨ ਮਿਹਰਬਾਨ, ਹਰਿਸੰਗਤ ਗੁਰਮੁਖ ਗੁਰਸਿਖ ਤੇਰਾ ਪਰਵਾਰ, ਲੋਕਮਾਤ ਫਲ ਫੁਲਵਾੜੀ ਵੇਖ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪਾਵਣਹਾਰਾ ਸਾਰ, ਸਿਰ ਹੱਥ ਸਮਰਥ ਆਪ ਟਿਕਾਈਆ। ਆਪ ਆਪਣਾ ਆਪਣੇ ਉਤੋਂ ਦਿਤਾ ਵਾਰ, ਸਿੰਘ ਹਰਨਾਮ ਹਰਨਾਮ ਸਿੰਘ ਸਾਚੀ ਰੀਤ ਬਤਾਈਆ। ਜਗਤ ਤਪਿਆ ਤੀਨੋਂ ਤਾਪਾ ਏਕਾ ਜਾਪਾ, ਸਾਚਾ ਜਾਪ ਕਰਾਈਆ। ਆਪ ਪਛਾਣਿਆਂ ਆਪਣਾ ਆਪ, ਹਉਮੇ ਰੋਗ ਰਿਹਾ ਨਾ ਰਾਈਆ। ਸ੍ਰਿਸ਼ਟ ਸਬਾਈ ਰਹੀ ਕਾਂਪ, ਪੂਰੇ ਸੰਤ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਕਰੇ ਵਡ ਪ੍ਰਤਾਪ, ਘਰ ਸਾਚੇ ਨੌਂ ਨਿਧ ਸ਼ਬਦ ਵੱਜੇ ਵਧਾਈਆ।
