Granth 06 Likhat 149: 23 Maghar 2014 Bikarmi Najar Singh de Greh Pind Nathewal Jila Ferozepur

੨੩ ਮੱਘਰ ੨੦੧੪ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਨਿਰਗੁਣ ਸਤਿ ਸਮਾ, ਸਤਿ ਸਤਿ ਸਮਾਈਆ। ਸਤਿ ਸਤਿ ਗੁਣ ਆਪ ਜਣਾ, ਤਤ ਤਤ ਸਮਝਾਈਆ। ਤਤ ਤਤ ਪ੍ਰਭ ਇਕ ਰਖਾ, ਏਕਾ ਗੁਣ ਅਲ੍ਹਾਈਆ। ਧੀਰਜ ਯਤ ਦਏ ਬੰਧਾ, ਸਤਿ ਸੰਤੋਖ ਸਮਾਈਆ। ਦੇ ਮਤ ਰਿਹਾ ਸਮਝਾ, ਸਗਲੀ ਚਿੰਦ ਮਿਟਾਈਆ। ਸੋ ਪੁਰਖ ਨਿਰੰਜਣ ਜਾਪ ਜਪਾ, ਹੰ ਹੰਗਤਾ ਰਿਹਾ ਗਵਾਈਆ । ਸਤਿਗੁਰ ਇਕ ਬਣਾ, ਸਾਜਨ ਮੀਤ ਆਪ ਅਖਵਾਈਆ। ਨਿਰਗੁਣ ਨਿਰਧਨ ਵੇਖੇ ਥਾਂ, ਦਰ ਦਵਾਰਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜੋਤੀ ਨੂਰ ਉਪਾਈਆ। ਜੋਤੀ ਨੂਰ ਦੀਪਕ ਬਾਲ, ਸਤਿ ਸਤਿ ਕਰੇ ਰੁਸ਼ਨਾਈਆ। ਵੇਖ ਵਖਾਏ ਗਗਨ ਪਾਤਾਲ, ਗਤ ਮਿਤ ਨਾ ਕੋਈ ਜਣਾਈਆ। ਆਪ ਆਪਣੀ ਚਲੇ ਚਾਲ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਲੱਖ ਚੁਰਾਸੀ ਜੀਵ ਜੰਤ ਸੁਰਤ ਰਿਹਾ ਸੰਭਾਲ, ਹਰ ਘਟ ਬੈਠਾ ਆਸਣ ਲਾਈਆ। ਵੇਖਣਹਾਰਾ ਫਲ ਕਾਇਆ ਡਾਲ੍ਹ, ਰਸ ਮਿੱਠਾ ਕੌਣ ਰਖਾਈਆ। ਇਕ ਵਿਚੋਲਾ ਸ਼ਬਦ ਦਲਾਲ, ਧੁਰ ਦਰਗਾਹੀ ਆਪ ਬਣਾਈਆ। ਏਕਾ ਏਕ ਸਚ ਸੱਚੀ ਧਰਮਸਾਲ, ਹਰਿ ਮੰਦਰ ਦਏ ਸੁਹਾਈਆ। ਆਪ ਆਪਣਾ ਰੰਗ ਚਾੜ੍ਹੇ ਲਾਲ ਗੁਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਗੁਰ ਸਤਿ ਸਰੂਪ ਅਖਵਾਈਆ। ਸਤਿ ਸਤਿ ਹਰਿ ਸਤਿਗੁਰ ਪੂਰਾ, ਸਚ ਸੁੱਚ ਵਡਿਆਈਆ। ਆਪੇ ਹੋਏ ਹਾਜ਼ਰ ਹਜ਼ੂਰਾ, ਆਪ ਆਪਣਾ ਦਰਸ ਦਿਖਾਈਆ। ਆਪੇ ਨਾਦ ਆਪੇ ਤੂਰਾ, ਆਪੇ ਤਾਰ ਹਿਲਾਈਆ। ਸਰਬ ਗੁਣ ਆਪ ਭਰਪੂਰਾ, ਸਮਰਥ ਹੱਥ ਵਡਿਆਈਆ। ਨਾ ਕੋਈ ਜਾਣੇ ਨੇੜੇ ਦੂਰਾ, ਦੂਰ ਨੇੜ ਨਾ ਕੋਈ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਂਤਕ ਸਤਿ ਰਿਹਾ ਕਰਾਈਆ। ਸਤਿ ਸਤਿ ਹਰਿ ਦੀਨ ਦਿਆਲਾ, ਸਤਿ ਸਤਿਵਾਦ ਅਖਵਾਇਆ। ਨਿਰਮਲ ਜੋਤ ਇਕ ਅਕਾਲਾ, ਆਦਿ ਜੁਗਾਦਿ ਸਮਾਇਆ। ਜਨ ਭਗਤਾਂ ਚਲੇ ਨਾਲ ਨਾਲਾ, ਦਿਸ ਕਿਸੇ ਨਾ ਆਇਆ। ਜੁਗ ਜੁਗ ਵਜਾਏ ਆਪਣਾ ਤਾਲਾ, ਤਾਲ ਤਲਵਾੜਾ ਇਕ ਰਖਾਇਆ। ਨਾਮ ਉਪਾਏ ਦਇਆ ਕਮਾਏ ਸਾਚੀ ਮਾਲਾ, ਜਨ ਭਗਤਾਂ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਹਰਿ ਨਾਮੋ ਨਾਮ ਮੰਤਰ ਦ੍ਰਿੜਾਇਆ। ਨਾਮ ਮੰਤਰ ਸਤਿ ਕਰਤਾਰ, ਸਤਿਜੁਗ ਸਤਿ ਵਰਤਾਈਆ। ਸਤਿਜੁਗ ਸਾਚੇ ਕਰ ਪਿਆਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸਾਲਸ ਬਣੇ ਵਿਚ ਸੰਸਾਰ, ਸਹਿਸਾ ਰੋਗ ਗਵਾਈਆ। ਆਲਸ ਨਿੰਦਰਾ ਦਏ ਉਤਾਰ, ਸੋਇਆ ਰਹਿਣ ਕੋਈ ਨਾ ਪਾਈਆ। ਕਾਲਖ ਟਿੱਕਾ ਨਾ ਕੋਈ ਮਸਤਕ ਦਾਗ਼, ਜੂਠ ਝੂਠ ਨਾ ਵੇਖ ਵਖਾਈਆ। ਕੂੜ ਕੁੜਿਆਰਾ ਨਾ ਦਿਸੇ ਕਾਗ, ਮਾਇਆ ਮੋਹ ਵਿਸ਼ਟਾ ਨਾ ਕੋਈ ਮੁਖ ਰਖਾਈਆ। ਮਾਨੁਸ ਮਾਨੁਖ ਲਾਏ ਜਾਗ, ਆਪ ਆਪਣਾ ਰੰਗ ਚੜ੍ਹਾਈਆ। ਘਰ ਘਰ ਨਾਰੀ ਕੰਤ ਸੁਹਾਗ, ਆਪ ਆਪਣਾ ਰਹੀ ਹੰਢਾਈਆ। ਭਗਤ ਜਨਾਂ ਜਨ ਵਡ ਵਡ ਭਾਗ, ਜਨ ਜਨਣੀ ਖ਼ੁਸ਼ੀ ਮਨਾਈਆ। ਮੰਦਰ ਅੰਦਰ ਦੀਪਕ ਜੋਤੀ ਜਗੇ ਚਿਰਾਗ, ਚੰਨ ਚਾਨਣੀ ਰਹੀ ਸ਼ਰਮਾਈਆ। ਸਰ ਸਰੋਵਰ ਮਜਨ ਮਾਘ, ਨੇਤਰ ਨੈਣਾ ਦਰਸ ਦਿਖਾਈਆ। ਆਪ ਬੁਝਾਏ ਦਇਆ ਕਮਾਏ ਸ੍ਰਿਸ਼ਟ ਸਬਾਈ ਤੇਰੀ ਆਗ, ਨੌਂ ਸੱਤ ਕਰੇ ਕੁੜਮਾਈਆ। ਤ੍ਰੈਲੋਕ ਤਤ ਕਾਲ ਪ੍ਰਭ ਪਕੜੇ ਵਾਗ, ਬਣੇ ਹਰਿ ਸੱਚਾ ਰਥਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦ ਸਦਾ ਸਦਾ ਅਖਵਾਈਆ। ਸਤਿ ਸਤਿ ਹਰਿ ਸਤਿ ਕਰਤਾਰਾ, ਸਾਚੀ ਧਾਰ ਚਲਾਇੰਦਾ। ਪਰਮ ਪੁਰਖ ਅਗੰਮ ਅਪਾਰਾ, ਪਾਰ ਕਿਨਾਰਾ ਇਕ ਵਖਾਇੰਦਾ। ਲੱਖ ਚੁਰਾਸੀ ਤੇਰਾ ਏਕਾ ਨਾਅਰਾ, ਇਕ ਜੈਕਾਰਾ ਲਾਇੰਦਾ। ਸਤਿ ਪੁਰਖ ਨਿਰੰਜਣ ਬੰਨ੍ਹੇ ਧਾਰਾ, ਸੱਸਾ ਹਾਹਾ ਮੇਲ ਮਿਲਾਇੰਦਾ। ਉਪਰ ਹੋੜਾ ਵਡ ਬਲਕਾਰਾ, ਟਿੱਪੀ ਬਿੰਦੀ ਇਕ ਵਖਾਇੰਦਾ। ਆਵੇ ਜਾਵੇ ਵਿਚ ਸੰਸਾਰਾ, ਭੇਵ ਕੋਈ ਨਾ ਪਾਇੰਦਾ। ਸਤਿਜੁਗ ਤੇਰਾ ਸਤਿ ਪਸਾਰਾ, ਪ੍ਰਭ ਸਾਚਾ ਆਪ ਕਰਾਇੰਦਾ। ਆਪੇ ਹੋਏ ਮਾਤ ਸਿਕਦਾਰਾ, ਸੋਹੰ ਮਸਤਕ ਤਿਲਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦ ਵਿਚ ਬ੍ਰਹਿਮਾਦ ਏਕਾ ਸ਼ਬਦ ਜਣਾਇੰਦਾ। ਸਤਿ ਸ਼ਬਦ ਸਤਿ ਸਮਾਇਆ, ਸਤਿਗੁਰ ਹੱਥ ਵਡਿਆਈਆ। ਆਪ ਆਪਣੀ ਦਇਆ ਕਮਾਇਆ, ਆਪ ਆਪਣਾ ਜੋਗ ਕਮਾਈਆ। ਏਕਾ ਆਸਣ ਸ਼ਬਦ ਸਿੰਘਾਸਣ ਹਰਿ ਜੀ ਲਾਇਆ, ਏਕ ਘਰ ਵੱਜੇ ਵਧਾਈਆ । ਦਾਸੀ ਦਾਸਨ ਸਰਬ ਕਰਾਇਆ, ਮੰਡਲ ਰਾਸਨ ਕਰੇ ਸਫ਼ਾਈਆ। ਪ੍ਰਿਥਮੀ ਆਕਾਸ਼ਨ ਵੇਖ ਵਖਾਇਆ, ਨਾਮ ਸਵਾਸੀ ਇਕ ਚਲਾਈਆ। ਮਦਿਰਾ ਮਾਸੀ ਕੋਈ ਦਿਸ ਨਾ ਆਇਆ, ਸਤਿਜੁਗ ਤੇਰੀ ਵਡ ਵਡਿਆਈਆ। ਪੰਡਤ ਕਾਸ਼ੀ ਨਾ ਕੋਈ ਰਿਹਾ ਪੜ੍ਹਾਇਆ, ਵੇਦ ਪੁਰਾਨ ਨਾ ਕੋਈ ਗਾਈਆ। ਛੱਤੀ ਰਾਗ ਨਾ ਕੋਈ ਅਲਾਇਆ, ਅੰਜੀਲ ਕੁਰਾਨ ਨਾ ਰਿਹਾ ਲਿਖਾਈਆ। ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਦਿਸ ਨਾ ਆਇਆ, ਸ਼ਾਹ ਹਕੀਰ ਨਾ ਕੋਈ ਜਣਾਈਆ। ਮੁਸਲਿਮ ਹਿੰਦੂ ਸਿੱਖ ਨਾ ਕੋਈ ਬਣਾਇਆ, ਸ਼ੂਦਰ ਬ੍ਰਹਿਮਣ ਵੈਸ਼ ਨਾ ਕੋਈ ਸ਼ੱਤਰੀ ਕਰੇ ਲੜਾਈਆ। ਦੂਈ ਦਵੈਤੀ ਨਾ ਕੋਈ ਦਿਸੇ ਦੋਖ, ਹਰਖ ਸੋਗ ਨੇੜ ਨਾ ਆਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਕਾਮ ਕਰੋਧ ਨਾ ਕੋਈ ਵਧਾਈਆ। ਨਾ ਕੋਈ ਮੰਗੇ ਕਿਸੇ ਦਵਾਰੇ ਮੋਖ, ਪ੍ਰਭ ਚਰਨ ਧਿਆਨ ਲਗਾਈਆ। ਲੋਆਂ ਪੁਰੀਆਂ ਬਖ਼ਸ਼ੇ ਏਕਾ ਆਪਣਾ ਸੁੱਖ, ਸੋਹੰ ਸ਼ਬਦ ਜੈਕਾਰਾ ਲਾਈਆ। ਧਰਤ ਮਾਤ ਤੇਰੀ ਸੁਫਲੀ ਕਰੇ ਕੁੱਖ, ਜਨ ਭਗਤਾਂ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਸਤਿ ਸਤਿ ਤੇਰੀ ਸਾਚੀ ਧਾਰਾ, ਸਤਿਗੁਰ ਆਪ ਮਿਲਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਹਕਲੰਕੀ ਜਾਮਾ ਪਾਇੰਦਾ। ਗੁਰ ਗੋਬਿੰਦਾ ਕਰ ਪਿਆਰਾ, ਆਪ ਆਪਣਾ ਸੰਗ ਨਿਭਾਇੰਦਾ। ਚਿੱਟੇ ਅਸਵ ਹੋ ਅਸਵਾਰਾ, ਨੀਲੇ ਵਾਲਾ ਨਾਲ ਰਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਆਦਿਨ ਅੰਤਾ ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਬੰਕ ਦਵਾਰਾ ਇਕ ਸੁਹਾਇੰਦਾ। ਕਲਗੀ ਤੋੜਾ ਸੀਸ ਅਪਾਰਾ, ਜੋਤੀ ਜੋੜੇ ਜੋੜ ਜੁੜਾਇੰਦਾ। ਮੇਲ ਮਿਲਾਏ ਨਾਰੀ ਕੰਤ ਕੰਤ ਭਤਾਰਾ, ਆਪ ਆਪਣੀ ਗੋਦ ਉਠਾਇੰਦਾ। ਏਕਾ ਦੇਵੇ ਸ਼ਬਦ ਹੁਲਾਰਾ, ਲੋਆਂ ਪੁਰੀਆਂ ਪਾਰ ਕਰਾਇੰਦਾ। ਸਤਿਜੁਗ ਤੇਰਾ ਸਤਿ ਦਵਾਰਾ, ਪ੍ਰਭ ਸਾਚਾ ਮਾਤ ਖੁਲ੍ਹਾਇੰਦਾ। ਚਾਰ ਵਰਨਾਂ ਬਖ਼ਸ਼ੇ ਇਕ ਭੰਡਾਰਾ, ਦਾਤਾ ਦਾਨੀ ਆਪ ਹੋ ਜਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਢਹਿ ਪਏ ਦਵਾਰਾ, ਨਾ ਕੋਈ ਮੁਖ ਭਵਾਇੰਦਾ। ਏਕਾ ਅੱਖਰ ਜਗਤ ਚਲਾਏ ਵੱਖਰ ਸੋਹੰ ਤੇਰੀ ਜੈ ਜੈਕਾਰਾ, ਏਕਾ ਨਾਅਰਾ ਲਾਇੰਦਾ। ਅਲਖ ਨਿਰੰਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਸਤਿ ਵਰਤਾਇੰਦਾ। ਸਤਿ ਸਤਿ ਪ੍ਰਭ ਝੋਲੀ ਪਾ, ਸਤਿਜੁਗ ਭਰੇ ਭੰਡਾਰਾ। ਏਕਾ ਤਤ ਰਿਹਾ ਸਮਝਾ, ਏਕਾ ਚਰਨ ਪਿਆਰਾ। ਏਕਾ ਚਿਤ ਰਿਹਾ ਧਰਾ, ਨਾਤਾ ਤੋੜੇ ਮੋਹ ਵਿਕਾਰਾ। ਏਕਾ ਗੱਤ ਮਿਤ ਰਿਹਾ ਜਣਾ, ਇਕ ਇਕੱਲਾ ਏਕੰਕਾਰਾ। ਏਕਾ ਰੱਤ ਰਿਹਾ ਉਪਾ, ਹਰਿਜਨ ਸਾਚਾ ਮਾਤ ਦੁਲਾਰਾ। ਏਕਾ ਤੀਰਥ ਰਿਹਾ ਨੁਹਾ, ਪ੍ਰਭ ਸਾਚਾ ਚਰਨ ਦਵਾਰਾ। ਏਕਾ ਸਿਖਿਆ ਰਿਹਾ ਪੜ੍ਹਾ, ਸੋਹੰ ਸਾਚਾ ਜੈਕਾਰਾ। ਏਕਾ ਲੇਖਾ ਰਿਹਾ ਵਖਾ, ਲੇਖਾ ਲਿਖਣਹਾਰ ਕਰਤਾਰਾ। ਏਕਾ ਭਿਛਿਆ ਰਿਹਾ ਪਾ, ਕਰਾਏ ਵਣਜ ਸੱਚਾ ਵਣਜਾਰਾ। ਪੂਰਨ ਇਛਿਆ ਰਿਹਾ ਕਰਾ, ਸਤਿਜੁਗ ਮੰਗੇ ਸਤਿ ਦਵਾਰਾ। ਦਹਿ ਦਿਸ਼ਾ ਪ੍ਰਭ ਫੇਰੀ ਪਾ, ਚਾਰ ਕੁੰਟ ਕਰਾਏ ਜੈ ਜੈਕਾਰਾ। ਅਕਾਲ ਤਖ਼ਤ ਅਕਾਲ ਮੂਰਤ ਏਕਾ ਦਏ ਸੁਹਾ, ਸ਼ਬਦ ਸਿੰਘਾਸਣ ਅਪਰ ਅਪਾਰਾ। ਏਕਾ ਤਾਲ ਦਏ ਸੁਹਾ, ਅੰਮ੍ਰਿਤ ਵਹਾਏ ਸਾਚੀ ਧਾਰਾ। ਸਚ ਉਛਾਲ ਦਏ ਲਗਾ, ਦੁਰਮਤ ਆਪ ਕਰਾਏ ਪਾਰ ਕਿਨਾਰਾ। ਸ਼ਾਹ ਕੰਗਾਲ ਕੋਈ ਰਹਿਣ ਨਾ ਪਾ, ਨਾ ਕੋਈ ਮੰਗੇ ਭੇਖ ਕਿਸੇ ਦਵਾਰਾ। ਪ੍ਰਭ ਏਕਾ ਰੰਗਣ ਰੰਗ ਦਏ ਰੰਗਾ, ਰੰਗਣਹਾਰ ਵਿਚ ਸੰਸਾਰਾ। ਏਕਾ ਪੌੜੇ ਦਏ ਚੜ੍ਹਾ, ਨਾ ਡੁੱਬੇ ਵਿਚ ਮੰਝਧਾਰਾ। ਗੌੜ ਬ੍ਰਹਿਮਣ ਦਏ ਮਿਲਾ, ਪੂਤ ਸਪੂਤਾ ਕਰ ਪਿਆਰਾ। ਸੰਬਲ ਨਗਰੀ ਦਏ ਵਖਾ, ਗੁਰ ਗੋਬਿੰਦ ਲਿਆ ਅਵਤਾਰਾ। ਤਨ ਗਾਤਰਾ ਇਕ ਲਟਕਾ, ਆਪ ਆਪਣਾ ਕਰੇ ਸ਼ਿੰਗਾਰਾ। ਬਸਤਰ ਸਾਚਾ ਤਨ ਛੁਹਾ, ਗੁਰਮੁਖਾਂ ਕਰੇ ਪਿਆਰਾ। ਆਪ ਆਪਣਾ ਲਿਆ ਕੁਹਾ, ਗੁਰਸਿਖਾਂ ਉਤੋਂ ਆਪਾ ਵਾਰਾ। ਗੁਰਮੁਖ ਸਾਚੇ ਲਏ ਬਚਾ, ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਰਿਹਾ ਨਚਾ, ਨਾ ਦੇਵੇ ਕੋਈ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਤਿ ਕਰੇ ਵਰਤਾਰਾ। ਸਤਿਜੁਗ ਸਾਚਾ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਆਪੇ ਦੇਵਣਹਾਰਾ ਦਾਦ, ਆਪੇ ਬਣਤ ਬਣਾਇੰਦਾ। ਆਪ ਆਪਣਾ ਰੱਖਿਆ ਯਾਦ, ਆਪੇ ਭਰਮ ਭੁਲਾਇੰਦਾ। ਆਪੇ ਸੁਣੇ ਸੁਣਾਏ ਸਰਬ ਫਰਿਆਦ, ਆਪੇ ਮੋਹ ਚੁਕਾਇੰਦਾ। ਆਪ ਵਜਾਏ ਆਪਣਾ ਨਾਦ, ਹਰਿ ਆਪੇ ਆਪ ਸੁਣਾਇੰਦਾ। ਆਪ ਉਪਾਏ ਦਇਆ ਕਮਾਏ ਸ਼ਬਦ ਜਣਾਈ ਬੋਧ ਅਗਾਧ, ਅਗਾਧ ਬੋਧਾ ਆਪ ਅਖਵਾਇੰਦਾ। ਸਤਿਜੁਗ ਮੇਲਾ ਹਰਿ ਸਾਚੇ ਮਾਧਵ ਮਾਧ, ਦਵਾਰ ਬੰਕ ਇਕ ਸੁਹਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਇਕ ਤਤ ਵਰਤਾਇੰਦਾ।

Leave a Reply

This site uses Akismet to reduce spam. Learn how your comment data is processed.