ਆਈਏ ਨਗੋਜੇ, ਬੰਸਰੀਆਂ ਨਾਲ ਸ਼ਨਵਾਈਆ। ਕੀ ਉਠੌਂਦੇ ਆਈਏ ਤੋਤੇ, ਜੋ ਮਨੁੱਖਾਂ ਕਰਨ ਪੜ੍ਹਾਈਆ। ਕੀ ਨੈਣਾਂ ਆਈਏ ਰੋਂਦੇ, ਬਹੁੜੀ ਕਰ ਸੁਣਾਈਆ । ਕੀ ਕੱਪੜੇ ਆਈਏ ਧੋਂਦੇ, ਸਾਫ਼ ਸੁਥਰੇ ਰੂਪ ਵਟਾਈਆ। ਕੀ ਫਿਰ ਕੇ ਆਈਏ ਪਟਨੇ ਪੌਂਟੇ, ਬਣ ਕੇ ਪਾਂਧੀ ਰਾਹੀਆ। ਕੀ ਆਈਏ ਆਪਣਾ ਆਪ ਤੇਰੇ ਚਰਨਾਂ ਹੇਠ ਵਛੌਂਦੇ, ਤਨ ਮਾਟੀ ਖ਼ਾਕੀ ਤੇਰੀ ਭੇਟ ਚੜ੍ਹਾਈਆ। ਕੀ ਆਈਏ ਤੇਰਾ ਧਿਆਨ ਲਗੌਂਦੇ, ਧੀਆਂ ਪੁੱਤਰ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਕੀ ਆਈਏ ਗਲ ਵਿਚ ਪਾ ਕੇ ਫਾਸੀ, ਅੰਤਰ ਤੇਰੇ ਲੇਖੇ ਲਾਈਆ । ਕੀ ਕਰਦੇ ਆਈਏ ਹਾਸੀ, ਖ਼ੁਸ਼ੀਆਂ ਮੁਖ ਵਖਾਈਆ। ਕੀ ਚੜ੍ਹ ਕੇ ਆਈਏ ਘਾਟੀ, ਮੰਜ਼ਲ ਪੰਧ ਚੁਕਾਈਆ। ਕੀ ਮੁਕਾ ਕੇ ਆਈਏ ਵਾਟੀ, ਪਿਛਲਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਕੀ ਕਹਿੰਦੇ ਆਈਏ ਸਤਿਨਾਮ, ਢੋਲਾ ਤੇਰਾ ਗਾਈਆ। ਕੀ ਕਹਿੰਦੇ ਆਈਏ ਦਸਰਥ ਬੇਟਾ ਰਾਮ, ਰਾਮ ਸੀਤਾ ਬੇਪਰਵਾਹੀਆ। ਕੀ ਕਹਿੰਦੇ ਆਈਏ ਕਾਹਨ, ਘਨਈਆ ਕ੍ਰਿਸ਼ਨ ਦਏ ਵਡਿਆਈਆ। ਕੀ ਕਹਿੰਦੇ ਆਈਏ ਮੂਸਾ ਅਲੈ ਅਸਲਾਮ, ਕੀ ਸਲਲ ਤੇਰੀ ਸਰਨਾਈਆ। ਕੀ ਮਸੀਹ ਕਹੀਏ ਅਮਾਮ, ਕੀ ਇਬਰਾਹੀਮ ਵਡਿਆਈਆ । ਕੀ ਮੁਹੰਮਦ ਦਾ ਸੁਣੌਦੇ ਆਈਏ ਪੈਗ਼ਾਮ, ਯਾਮੁਬੀਨ ਰਾਗ ਅਲਾਈਆ। ਕੀ ਕਲਮਾ ਪੜ੍ਹਦੇ ਆਈਏ ਕਲਾਮ, ਪੱਲਾ ਕਇਨਾਤ ਵਿਚੋਂ ਛੁਡਾਈਆ। ਕੀ ਬਣ ਕੇ ਆਈਏ ਗ਼ੁਲਾਮ, ਬਰਦੇ ਹੋ ਕੇ ਸੇਵ ਕਮਾਈਆ। ਕੀ ਛਡ ਕੇ ਆਈਏ ਕਾਮ, ਹਿਰਸ ਹਵਸ ਗਵਾਈਆ। ਕੀ ਖਾ ਕੇ ਆਈਏ ਬਾਦਾਮ, ਪਿਸਤੇ ਮੁਖ ਛੁਹਾਈਆ। ਕੀ ਕਰ ਕੇ ਆਈਏ ਆਰਾਮ, ਸੁਖ ਸਾਗਰ ਰੂਪ ਵਟਾਈਆ। ਕੀ ਕਰ ਕੇ ਆਈਏ ਇਸ਼ਨਾਨ, ਜਲ ਧਾਰਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਕੀ ਹੋ ਕੇ ਆਈਏ ਨੀਵੇਂ, ਨੀਂਵਿਆਂ ਦਏਂ ਵਡਿਆਈਆ। ਕੀ ਘਰਾਂ ਵਿਚ ਜਗਾ ਕੇ ਆਈਏ ਦੀਵੇ, ਘਿਰਤ ਦੀਪਕਾਂ ਵਿਚ ਪਾਈਆ। ਕੀ ਮਸਤੀ ਵਿਚ ਹੋ ਕੇ ਆਈਏ ਖੀਵੇ, ਖ਼ਿਮਾਂ ਵਿਚ ਦਏਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਕਾਈਆ। ਕੀ ਬਣ ਕੇ ਆਈਏ ਚਿਰਾਗ਼, ਤੇਰਾ ਦੀਪ ਜਗਾਈਆ। ਕੀ ਬਣ ਕੇ ਆਈਏ ਕੰਤ ਸੁਹਾਗ, ਸੋਹਣਾ ਰੂਪ ਵਟਾਈਆ। ਕੀ ਬਣ ਕੇ ਆਈਏ ਨਾਰ ਪਿਆਰੀ ਵੈਰਾਗ, ਬਿਰਹੋਂ ਵਿਚ ਕੁਰਲਾਈਆ। ਕੀ ਬੁਝਾ ਕੇ ਆਈਏ ਆਗ, ਅਗਨੀ ਤੱਤ ਗਵਾਈਆ। ਕੀ ਧੋ ਕੇ ਆਈਏ ਦਾਗ਼, ਦੁਰਮਤ ਮੈਲ ਸਾਫ਼ ਕਰਾਈਆ। ਕੀ ਬਣ ਕੇ ਆਈਏ ਜਗਤ ਸਮਾਜ, ਦੀਨ ਮਜ਼੍ਹਬ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦੇ ਉਠਾਈਆ। ਕੀ ਦੱਸੀਏ ਹਾਲ ਦਿਲ ਦਾ, ਜਨ ਭਗਤ ਰਹੇ ਜਣਾਈਆ। ਤੂੰ ਸਾਹਿਬ ਕਿਸ ਬਿਧ ਮਿਲਦਾ, ਮਿਲਣੀ ਲਏਂ ਕਰਾਈਆ। ਕਿਸ ਵੇਲੇ ਆਪਣੇ ਆਸਣ ਸਿੰਘਾਸਣ ਤੋਂ ਹਿਲਦਾ, ਸਾਚੀ ਲਏਂ ਅੰਗੜਾਈਆ। ਕਿਸ ਵੇਲੇ ਮਾਲਕ ਬਣੇਂ ਭਗਤਾਂ ਦੇ ਦਿਲ ਦਾ, ਵੇਲਾ ਵਕ਼ਤ ਦੇ ਦ੍ਰਿੜਾਈਆ। ਕਿਸ ਵੇਲੇ ਤੇਰਾ ਪ੍ਰੇਮ ਗ਼ੁੰਚਾ ਖਿਲਦਾ, ਸੁਗੰਧੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣਾ ਸਮਝਾਈਆ। ਕੀ ਆਈਏ ਤੇਰੇ ਕੋਲ ਬਣ ਕੇ ਨਿੱਕੇ, ਨਿੱਕਿਆਂ ਦਏਂ ਵਡਿਆਈਆ। ਕੀ ਆਈਏ ਤੇਰੇ ਕੋਲ ਬਣ ਕੇ ਚਿੱਟੇ, ਪਵਿੱਤਰਾਂ ਪੁਨੀਤ ਦਏਂ ਕਰਾਈਆ । ਕੀ ਆਈਏ ਤੇਰੇ ਕੋਲ ਲੈ ਕੇ ਫਲ ਮਿੱਠੇ, ਜਿਸ ਨੂੰ ਖਾ ਕੇ ਖ਼ੁਸ਼ੀ ਮਨਾਈਆ। ਕੀ ਲੈ ਕੇ ਆਈਏ ਤੇਰੇ ਕੋਲ ਸਾਚੇ ਸਿੱਟੇ, ਜਿਸ ਸਿੱਟੇ ਨਾਲ ਬਾਜ਼ੀ ਸਭ ਦੀ ਜਿੱਤ ਵਖਾਈਆ। ਕੀ ਲੈ ਕੇ ਆਈਏ ਪਿਛਲੇ ਚਿੱਠੇ, ਜਿਨ੍ਹਾਂ ਉਤੇ ਰਵਿਦਾਸ ਚੁਮਾਰਾ ਦਏ ਗਵਾਹੀਆ। ਕੀ ਲੈ ਕੇ ਆਈਏ ਪਤੇ, ਜੋ ਪਾਤੀ ਰਾਹੀਂ ਦਏ ਜਣਾਈਆ। ਕੀ ਲੈ ਕੇ ਆਈਏ ਉਹ ਤੀਰ ਬਧਕ ਛੁ਼ੱਟੇ, ਜੋ ਕ੍ਰਿਸ਼ਨ ਚਰਨ ਛੋਹ ਕੇ ਖ਼ੁਸ਼ੀ ਮਨਾਈਆ। ਕੀ ਲੈ ਕੇ ਆਈਏ ਜਿਨ੍ਹਾਂ ਨੂੰ ਅਜੇ ਨਹੀਂ ਪਤੇ, ਕੀ ਉਹਨਾਂ ਸੰਜੋਗ ਬਣਾਈਆ। ਕੀ ਲੈ ਕੇ ਆਈਏ ਨਰਾਇਣ ਸਿੰਘ ਜਿਹੇ ਸੱਚੇ, ਜੋ ਨੌਜਵਾਨ ਦਾ ਪਿਤਾ ਇਕ ਅਖਵਾਈਆ। ਕੀ ਲੈ ਕੇ ਆਈਏ ਉਹ ਬੱਚੇ, ਜਿਹਨਾਂ ਨੂੰ ਜਨਮ ਜਨਮ ਵਿਚੋਂ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕੀ ਬਣ ਕੇ ਆਈਏ ਸੁਥਰੇ, ਡੰਡਿਆਂ ਤਾਲ ਵਜਾਈਆ। ਕੀ ਕਰਦੇ ਆਈਏ ਮੁਜਰੇ, ਵੇਸਵਾ ਨਾਚ ਨਚਾਈਆ। ਕੀ ਬਹਿ ਕੇ ਆਈਏ ਹੁਜਰੇ, ਸਾਚੀ ਰੀਤ ਸੁਹਾਈਆ। ਕੀ ਹਾਲ ਦੱਸੀਏ ਗੁਜ਼ਰੇ, ਪਿਛਲੀ ਕਹਾਣੀ ਸਭ ਨੂੰ ਰਹੀ ਸਤਾਈਆ। ਬਿਨ ਤੇਰੀ ਕਿਰਪਾ ਕੋਈ ਨਾ ਪੁੱਛ ਲੇ, ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਦੇ ਕਮਾਈਆ। ਪੁਰਖ ਅਬਿਨਾਸ਼ੀ ਕਿਹਾ ਮੈਂ ਕਿਸੇ ਬਿਧ ਕਦੇ ਨਾ ਰੀਝਾਂ, ਭਗਤਾਂ ਦਿਆਂ ਸਮਝਾਈਆ। ਬਿਨਾ ਚਰਨ ਪ੍ਰੀਤੀ ਨਾ ਕਦੇ ਪਤੀਜਾਂ, ਬਾਕੀ ਲੋੜ ਨਾ ਕੋਇ ਰਖਾਈਆ। ਵੇਖੋ ਤੁਹਾਡੇ ਸਾਹਮਣੇ ਕੱਢੀ ਜਾਂਦਾ ਨਤੀਜਾ, ਜੁਗ ਜੁਗ ਦੇ ਪਰਚੇ ਵੇਖ ਵਖਾਈਆ। ਨਰੈਣ ਸਿੰਘ ਬਧਕ ਦਾ ਪਿਛਲਾ ਸੀ ਭਤੀਜਾ, ਜਿਸ ਦਾ ਬੇਟਾ ਨੌਜਵਾਨ ਨਜ਼ਰੀ ਆਈਆ। ਉਨੀ ਸਾਲ ਦੀ ਉਮਰ ਓਸ ਦੀ ਠੀਕਾ, ਅੱਛੀ ਤਰਾ ਦ੍ਰਿੜਾਈਆ। ਜਿਸ ਦੀ ਕਲਜੁਗ ਵਿਚ ਪਈ ਤਰੀਕਾ, ਤਰਾ ਤਰਾ ਨਾਲ ਦਿਤਾ ਸਮਝਾਈਆ। ਭਾਵੇਂ ਕੋਈ ਕੋਲ ਲਿਖਣ ਵਾਲਾ ਨਹੀਂ ਸੀ ਵਸੀਕਾ, ਵਸੀਅਤ ਭਗਵਨ ਆਪਣੀ ਆਪ ਲਿਖਾਈਆ। ਨਾਲ ਹੁਕਮ ਨਾਲ ਹਦੀਸਾ, ਸਭ ਕੁਛ ਦਿਤਾ ਸਮਝਾਈਆ। ਬਧਕ ਦੇ ਭਤੀਜੇ ਦਾ ਬੇਟਾ, ਬਧਕ ਨਾਲ ਲੇਖਾ ਬਦਲ ਕੇ ਆਇਆ ਵੇਸਾ, ਬੇਟੇ ਦਾ ਬੇਟਾ ਬੇਟੀ ਸ਼ਾਨ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਦੇ ਵਿਛੜੇ ਦੋਵੇਂ ਪਿਉ ਪੁਤ ਦਿਆਂ ਮਿਲਾਈਆ।
G18L021 ੧੮ ਪੋਹ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
- Post category:Written Harbani Granth 18
