ਵਖਾਏ ਇਕ ਨਿਸ਼ਾਨ, ਕੂੜ ਨਿਸ਼ਾਨੇ ਸਰਬ ਮਿਟਾਈਆ। ਚਰਨ ਕਵਲ ਉਪਰ ਧਵਲ ਦੇਵੇ ਮਾਣ, ਬਖ਼ਸ਼ੇ ਸਰਨ ਸਚੀ ਸਰਨਾਈਆ। ਕੂੜ ਕੁੜਿਆਰਾ ਮੇਟੇ ਵਿਚ ਜਹਾਨ, ਦੁਤੀਆ ਭਾਉ ਰਹਿਣ ਨਾ ਪਾਈਆ। ਘਰ ਸਵਾਮੀ ਮਿਲੇ ਆਣ, ਅੰਤਰਜਾਮੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਸੋਈ ਸੁਰਤ ਆਪ ਉਠਾਈਆ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਆਲਸ ਨਿੰਦਰਾ ਦੂਰ ਕਰਾਇੰਦਾ। ਮੇਲ ਮਿਲਾ ਕੇ ਧੁਰ ਦੇ ਕਾਹਨ, ਬੰਸਰੀ ਇਕੋ ਨਾਮ ਸੁਣਾਇੰਦਾ। ਵਿਛੋੜਾ ਮੁਕੇ ਸੀਆ ਰਾਮ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਇੰਦਾ। ਸਾਚਾ ਸ਼ਬਦ ਸੁਣੇ ਧੁਨਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਠਾਕਰ ਗਹਿਰ ਗੰਭੀਰ ਮਿਲੇ ਆਣ, ਬੇਨਜ਼ੀਰ ਦਰਸ ਵਖਾਇੰਦਾ। ਆਸਾ ਮਨਸਾ ਪੂਰੀ ਕਰੇ ਸ੍ਰੀ ਭਗਵਾਨ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਇੰਦਾ। ਸਤਿਗੁਰ ਸ਼ਬਦ ਸੁਹਾਵੇ ਮੰਦਰ ਗ੍ਰਹਿ, ਸਾਢੇ ਤਿੰਨ ਹੱਥ ਕਾਇਆ ਮਾਟੀ ਵਜੇ ਵਧਾਈਆ। ਜਿਸ ਘਰ ਪੁਰਖ ਅਕਾਲਾ ਦੀਨ ਦਿਆਲਾ ਰਹੇ, ਨਿਰਗੁਣ ਬੈਠਾ ਡੇਰਾ ਲਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਸ਼ਬਦ ਅਗੰਮੀ ਕਹੇ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸਤਿਗੁਰ ਸ਼ਬਦ ਸਦਾ ਸਦ ਸੱਚਾ, ਆਦਿ ਜੁਗਾਦਿ ਇਕ ਜਣਾਇੰਦਾ। ਨਿਰਵੈਰ ਪੁਰਖ ਕਦੇ ਨਾ ਹੋਵੇ ਕੱਚਾ, ਕਾਚੀ ਗਗਰੀਆ ਆਪਣਾ ਰੰਗ ਰੰਗਾਇੰਦਾ। ਸਚ ਦਵਾਰ ਸ਼ਬਦ ਸੰਦੇਸ਼ਾ ਦੇਵੇ ਪੱਕਾ, ਕੂੜੀ ਵੰਡ ਨਾ ਕੋਇ ਵੰਡਾਇੰਦਾ। ਨਿਜ ਨੇਤਰ ਲੋਚਨ ਦਰਸ ਕਰਾਏ ਅੱਖਾਂ, ਸਨਮੁਖ ਆਪੇ ਨਜ਼ਰੀ ਆਇੰਦਾ। ਅੰਮ੍ਰਿਤ ਆਤਮ ਜਾਮ ਪਿਆਏ ਸਾਚਾ ਰਸਾ, ਰਸ ਰਸੀਆ ਇਕ ਪਰਗਟਾਇੰਦਾ। ਜਿਨ੍ਹਾਂ ਭਗਤਾਂ ਦੇ ਅੰਤਰ ਵਸਾ, ਵਸਲ ਆਪਣਾ ਸਚ ਸਮਝਾਇੰਦਾ। ਕੂੜ ਕੁੜਿਆਰਾ ਓਨ੍ਹਾਂ ਦਾ ਮਥਾ, ਜੂਠ ਝੂਠ ਮਾਇਆ ਮਮਤਾ ਮੋਹ ਮਿਟਾਇੰਦਾ। ਦੋ ਜਹਾਨਾਂ ਬਣੇ ਸਖਾਈ ਸਖ਼ਾ, ਸਗਲਾ ਸੰਗ ਨਿਭਾਇੰਦਾ। ਨਾਤਾ ਤੋੜ ਕੇ ਤੱਤਾਂ ਅੱਠਾਂ, ਨੌ ਦਵਾਰੇ ਪੰਧ ਚੁਕਾਇੰਦਾ । ਦਸਮ ਦਵਾਰੀ ਬਹਿ ਕੇ ਹੱਸਾ, ਹਸਤੀ ਆਪਣੀ ਵਿਚ ਮਿਲਾਇੰਦਾ। ਭਗਤ ਵਛਲ ਭਗਵਨ ਜਨ ਭਗਤਾਂ ਪਿੱਛੇ ਫਿਰੇ ਨੱਸਾ, ਜੁਗ ਚੌਕੜੀ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਵਡ ਵੱਡਾ ਇਕ ਅਖਵਾਇੰਦਾ। ਸਤਿਗੁਰ ਸ਼ਬਦ ਕਹੇ ਮੇਰੀ ਕੋਈ ਨਾ ਸੋਚੇ ਸੋਚ, ਸੋਚ ਵਿਚ ਕਦੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰਾ ਦਰਸ਼ਨ ਰਹੇ ਲੋਚ, ਨਿਜ ਨੇਤਰ ਅੱਖ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਮੇਰੀ ਕਰਦੇ ਖੋਜ, ਛਤੀਸ ਰਾਗ ਪਰਦਾ ਰਹੇ ਉਠਾਈਆ। ਮੇਰਾ ਖੇਲ ਸਦਾ ਲੋਕ ਪਰਲੋਕ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਅੰਦਰ ਵੜ ਕੇ ਮਾਣਾ ਸੱਚੀ ਮੌਜ, ਆਤਮ ਸੇਜਾ ਬਹਿ ਕੇ ਸੋਹਣੀ ਖ਼ੁਸ਼ੀ ਮਨਾਈਆ। ਦੂਈ ਦਵੈਤੀ ਹਉਮੇ ਕਟ ਕੇ ਰੋਗ, ਧੁਰ ਸੰਜੋਗ ਦਿਆਂ ਕਰਾਈਆ। ਚਰਨਾਂ ਹੇਠ ਦਬਾ ਕੇ ਮੁਕਤੀ ਮੋਖ, ਮੁਫ਼ਤ ਆਪਣੇ ਨਾਲ ਮਿਲਾਈਆ। ਜਨਮ ਕਰਮ ਦਾ ਹੋਏ ਨਾ ਕੋਈ ਵਿਜੋਗ, ਨਾਤਾ ਧੁਰ ਦਾ ਦਿਆਂ ਜੁੜਾਈਆ। ਨਾਮ ਅਗੰਮੀ ਲਾ ਕੇ ਚੋਟ, ਸ਼ਬਦ ਨਗਾਰਾ ਦਿਆਂ ਵਜਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਵਿਚ ਘਰ ਕਰਾਂ ਰੁਸ਼ਨਾਈਆ। ਜਿਨ੍ਹਾਂ ਗੁਰਮੁਖਾਂ ਸੋਹੰ ਢੋਲਾ ਗਾਇਆ ਸਲੋਕ, ਤੂੰ ਮੇਰਾ ਮੈਂ ਤੇਰਾ ਦੂਜਾ ਭੇਵ ਰਿਹਾ ਨਾ ਰਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਦਿ ਜੁਗਾਦਿ ਸਦਾ ਨਿਰਦੋਸ਼, ਦੋਸ਼ੀ ਲੱਖ ਚੁਰਾਸੀ ਰਿਹਾ ਠਹਿਰਾਈਆ।
G18L059 ੪ ਮਾਘ ੨੦੨੧ ਬਿਕ੍ਰਮੀ ਗੁਰਚਰਨ ਸਿੰਘ ਦੇ ਗ੍ਰਹਿ ਜੇਠੂਵਾਲ
- Post category:Written Harbani Granth 18
Pages: 1 2
