Granth 03 Likhat 018: 17 Jeth 2010 Bikarmi Aatma Singh de Greh Pind Patti Zila Amritsar

੧੭ ਜੇਠ ੨੦੧੦ ਬਿਕ੍ਰਮੀ ਆਤਮਾ ਸਿੰਘ ਦੇ ਗ੍ਰਹਿ ਪਿੰਡ ਪੱਟੀ ਜ਼ਿਲਾ ਅੰਮ੍ਰਿਤਸਰ
ਗੁਰ ਚਰਨ ਛੁਹਾਇਆ ਪੱਟੀ। ਗੁਰਮੁਖ ਸਾਚੇ ਲਾਹੀ ਜਾਣ ਖੱਟੀ। ਬੇਮੁੱਖ ਭਰਦੇ ਰਹਿਣ ਚੱਟੀ। ਸ਼ਬਦ ਸਰੂਪ ਪ੍ਰਭ ਸਾਚੇ ਪੱਟੀ ਪੱਟੀ। ਕਿਸੇ ਘਰ ਨਾ ਦਿਸੇ ਪੂਣੀ ਅੱਟੀ। ਆਪਣੇ ਤੋਲ ਤੋਲਣਹਾਰ, ਨਾ ਧੜੀ ਨਾ ਵੱਟੀ। ਨਾ ਕੋਈ ਦਿਸੇ ਸੇਠ ਸਿਠਾਣਾ, ਨਾ ਕੋਈ ਜੱਟ ਜੱਟੀ। ਨਾ ਕੋਈ ਦਿਸੇ ਰਾਮ ਰਾਓ, ਨਾ ਕੋਈ ਦਿਸੇ ਭੱਟੀ। ਕਲਜੁਗ ਜੀਵ ਝੂਠੀ ਕਾਇਆ ਵਖਾਏ ਝੂਠੀ ਹੱਟੀ। ਗੁਰਮੁਖ ਸਾਚੇ ਸਚ ਨਾਉਂ, ਦਿਵਸ ਰੈਣ ਆਤਮ ਰਸ ਚੱਟੀ। ਪ੍ਰਭ ਦਰਸ ਦੇਵੇ ਘਰ ਆਏ ਗੁਰਸਿਖ ਪੇਖੇ ਨੈਣ ਸਾਚਾ ਸ਼ਬਦ ਲਗਾਏ ਗੁਰ ਚਰਨ ਸਾਚੀ ਹੱਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਾਰ ਕਰ ਖੁਆਰ ਅੰਤਮ ਕਲ ਕਰਾਏ ਚੌੜ ਚਪੱਟੀ। ਪੱਟੀ ਪੁੱਟੀ ਜਾਏ ਜੜ੍ਹ। ਪਹਿਲੇ ਹੜ੍ਹ ਜਾਏ ਹੜ੍ਹ। ਨਾ ਕੋਈ ਦੀਸੇ ਕਿਲ੍ਹਾ ਗੜ੍ਹ। ਨਾ ਕੋਈ ਬੈਠੇ ਅੰਦਰ ਵੜ੍ਹ। ਮੁਗਲ ਪਠਾਨੀ ਆਏ ਚੜ੍ਹ। ਸੱਤਰ ਲੱਖ ਨਾ ਸਕੇ ਕੋਈ ਲੜ। ਚਾਰੋਂ ਤਰਫ ਦਿਸਣ ਧੜ। ਦਿਵਸ ਰੈਣ ਅੱਠੇ ਪਹਿਰ ਹੋਏ ਕੜ ਕੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਆਪ ਮਰਵਾਏ, ਸ਼ਬਦ ਸਰੂਪੀ ਬਾਹੋਂ ਫੜ ਫੜ। ਪੱਟੀ ਪੱਟ ਪਟਆਣੀਆਂ। ਘਰ ਘਰ ਰੋਵਣ ਖਤਰਾਣੀਆਂ। ਵੈਣ ਪਾਇਣ ਵਡ ਵਡ ਰਾਣੀਆਂ। ਫਿਰੇ ਦਰੋਹੀ ਪਠਾਣੀਆਂ। ਨਾ ਕੋਈ ਦੀਸੇ ਕੋਈ ਸ਼ੈਤਾਨੀਆਂ। ਪ੍ਰਭ ਸਾਚੇ ਸਚ ਇਹ ਤੇਰੀ ਨਿਸ਼ਾਨੀਆਂ। ਲੇਖ ਲਿਖਤ ਲਿਖਾਏ ਲਿਖੇ ਲੇਖ ਨਾ ਕੋਈ ਮਿਟਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧਕੇਲ ਆਪ ਲਗਾਨੀਆਂ। ਪੱਟੀ ਪ੍ਰਭ ਦੇਵੇ ਪੁੱਟ। ਆਪੇ ਦੇਵੇ ਸ਼ੌਹ ਦਰਿਆਏ ਸੁੱਟ। ਆਪ ਪਛਾੜੇ ਬੇਮੁੱਖ ਕੁੱਟ ਕੁੱਟ। ਗੁਰਮੁਖਾਂ ਅੰਮ੍ਰਿਤ ਪਿਆਏ ਏਕਾ ਘੁੱਟ। ਭਰੇ ਭੰਡਾਰ ਸਦਾ ਅਤੁਟ। ਆਦਿ ਜੁਗਾਦਿ ਨਾ ਜਾਏ ਕਦੇ ਨਿਖੁੱਟ। ਜੋਤੀ ਜੋਤ ਸਰੂਪ ਹਰਿ, ਬੇਮੁਖਾਂ ਐਸੀ ਪਾਵੇ ਫੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤਾਏ ਨਾ ਕੋਈ ਬੱਧਾ ਸਕੇ ਛੁੱਟ। ਪੱਟੀ ਪਟਵਾਰਨੀ ਅੰਤਮ ਕਲਜੁਗ ਅੰਤਮ ਹਾਰਨੀ। ਸਤਿਜੁਗ ਸਾਚੇ ਪ੍ਰਭ ਲਿਖਾਈ ਗਵਾਰਨੀ। ਵੇਲੇ ਅੰਤ ਹੋਏ ਹੰਕਾਰਨੀ। ਗੁਰਮੁਖ ਸਾਚੇ ਸੰਤ ਦਰ ਘਰ ਆਏ ਗੁਰ ਸੰਗਤ ਬਣਾਏ ਤਾਰਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਹਿੰਮਾ ਅਪਰ ਅਪਾਰਨੀ। ਪੱਟੀ ਬਿਧ ਨਾਤੀ। ਵਰਤੇ ਖੇਲ ਅਚਨ ਅਚਾਨਕ ਰਾਤੀ। ਆਪੇ ਮੇਟ ਮਿਟਾਏ ਜੂਠੀਆਂ ਝੂਠੀਆਂ ਜਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਦਰ ਵਸਿਆ ਵੇਖੋ ਮਾਰ ਝਾਤੀ। ਆਤਮ ਵੇਖੇ ਜਨ ਵਿਚਾਰੇ। ਪ੍ਰਭ ਅਬਿਨਾਸ਼ੀ ਵਿਚ ਪਸਾਰੇ। ਏਕਾ ਜੋਤ ਕਰੇ ਅਕਾਰੇ। ਜਗੇ ਜੋਤ ਅਗੰਮ ਅਪਾਰੇ। ਗੁਰਸਿਖ ਸਾਚੇ ਕੰਨ ਸੁਣ ਮਿਟੇ ਅੰਧੇਰ ਕਾਇਆ ਮਹਿਲ ਮੁਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਪ ਖੁਲ੍ਹਾਏ ਦਸਮ ਦਵਾਰੇ। ਸਾਚੀ ਦੇਵੇ ਸ਼ਬਦ ਧੁਨਕਾਰੇ। ਆਪੇ ਖੋਲ੍ਹ ਦਰ ਦਵਾਰੇ। ਤੁੱਟੇ ਮਨ ਪ੍ਰਭ ਕਿਰਪਾ ਧਾਰੇ। ਜੋਤੀ ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਨਰਾਇਣ ਆਪ ਖੁਲ੍ਹਾਏ ਬੰਦ ਕਵਾੜੇ। ਦਸਮ ਦਵਾਰਾ ਜਾਏ ਖੁਲ੍ਹ। ਅੰਮ੍ਰਿਤ ਆਤਮ ਪ੍ਰਭ ਅਬਿਨਾਸ਼ੀ ਆਪ ਅਨਮੁਲ। ਕਵਲ ਨਾਭ ਆਪ ਉਲਟਾਏ ਉਲਟਾ ਕਰੇ ਕਵਲ ਫੁੱਲ। ਜੋਤੀ ਜੋਤ ਸਰੂਪ ਹਰਿ ਨਰ ਨਰਾਇਣ ਸ੍ਰਿਸ਼ਟ ਸਬਾਈ ਰਿਹਾ ਮਵਲ । ਮਵਲ ਮੌਲਾਣਿਆਂ ਖੇਲ ਖਿਲਾਣਿਆਂ। ਜੋਤ ਜਗਾਣਿਆਂ ਵਕਤ ਸੁਹਾਣਿਆਂ। ਭਗਤ ਤਰਾਣਿਆਂ ਬੇਮੁੱਖ ਖਪਾਣਿਆਂ। ਕਲਜੁਗ ਮਿਟਾਣਿਆਂ ਸਤਿਜੁਗ ਲਗਾਨਿਆਂ। ਸੋਹੰ ਸਾਚਾ ਸ਼ਬਦ ਚਲਾਣਿਆਂ। ਚਾਰ ਕੁੰਟ ਜੈ ਜੈ ਜੈਕਾਰ ਕਰਾਣਿਆਂ। ਘਰ ਘਰ ਹਾਹਾਕਾਰ ਵਰਤਾਣਿਆਂ। ਬੇਮੁਖਾਂ ਕਰ ਖੁਆਰ ਦਰ ਦਰ ਫਿਰਾਨਿਆਂ। ਮਾਝੇ ਦੇਸ ਅਵਤਾਰ ਨਾ ਬੂਝ ਬੁਝਾਨਿਆਂ। ਬੇਮੁਖੱ ਰਹੇ ਝੱਖ ਮਾਰ, ਨਾ ਆਤਮ ਸੂਝ ਵਡ ਵਡ ਗਿਆਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਕਲ ਕਰੇ ਖੇਲ ਖਲਾਨਿਆਂ। ਗੁਰਮੁਖਾਂ ਦੇਵੇ ਦਰਸ ਕਰ ਕਰ ਵਡ ਮਿਹਰਬਾਨੀਆਂ। ਆਤਮ ਸਾਚੀ ਜੋਤ ਧਰ, ਕਰੇ ਰੁਸ਼ਨਾਈ ਬਿਨ ਬਾਤੀ ਬਿਨ ਤੇਲ ਜਗਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਏਕਾ ਰੰਗ ਰੰਗਾਨੀਆਂ। ਰੰਗ ਰੰਗਾਏ ਸੰਗ ਨਿਭਾਏ। ਗੁਰਮੁਖ ਦਰ ਮੰਗਣ ਸਾਚੀ ਮੰਗ, ਪ੍ਰਭ ਅਬਿਨਾਸ਼ੀ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਏ ਪੂਰਨ ਇਛਿਆ ਆਪ ਕਰਾਏ। ਪੂਰਨ ਇਛਿਆ ਪੂਰਨ ਆਸ। ਗੁਰਮੁਖ ਉਪਜਾਏ ਜਿਉਂ ਚੰਦਨ ਪ੍ਰਭਾਸ। ਸੋਹੰ ਸਾਚਾ ਨਾਮ ਦਵਾਏ, ਆਪ ਆਪਣਾ ਵਿਚ ਰੱਖੇ ਵਾਸ। ਕਲਜੁਗ ਸਾਚੇ ਮਾਰਗ ਲਾਏ, ਅਗਿਆਨ ਅੰਧੇਰ ਜਾਏ ਵਿਨਾਸ। ਸਤਿਜੁਗ ਸਾਚਾ ਰਾਹ ਦਿਸਾਏ, ਸੋਹੰ ਵਸਤ ਸਦ ਰੱਖੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਏਕਾ ਪੁਰਖ ਅਬਿਨਾਸ਼। ਪੁਰਖ ਅਬਿਨਾਸ਼ਿਆ, ਜੋਤ ਪ੍ਰਕਾਸ਼ਿਆ, ਸਰਬ ਘਟ ਵਾਸਿਆ, ਘਨਕਪੁਰ ਵਾਸਿਆ। ਗੁਰਮੁਖ ਸਾਚਾ ਰਾਹ ਬਤਾਇਆ, ਬੇਮੁਖਾਂ ਕਰੇ ਨਾਸਿਆ। ਆਪ ਖਪਾਏ ਜੋ ਰਸਨਾ ਲਾਇਣ ਮਦਿਰਾ ਮਾਸਿਆ। ਸੋ ਜਨ ਉਧਰੇ ਪਾਰ ਜੋ ਜਨ ਜਪੇ ਸਵਾਸ ਸਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਬੰਦ ਖਲਾਸਿਆ। ਬੰਦ ਖਲਾਸੀ ਦੇਵੇ ਕਰ। ਚਰਨ ਪ੍ਰੀਤੀ ਸਾਚੀ ਨੀਤੀ ਹਰਿ ਬਖ਼ਸ਼ੇ ਸਾਚੇ ਦਰ। ਆਤਮ ਅਤੀਤੀ ਚੁੱਕੇ ਜਮ ਕਾ ਡਰ। ਬਖ਼ਸ਼ੇ ਭੁੱਲ ਜੋ ਕੀਤੀ, ਚਰਨ ਸਰਨ ਜੋ ਜਨ ਜਾਇਣ ਪੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਕਿਰਪਾ ਕਰੇ ਗੁਣ ਨਿਧਾਨਾ। ਜੋ ਜਨ ਰੱਖੇ ਚਰਨ ਧਿਆਨਾ। ਕਲਜੁਗ ਵੇਖੇ ਹਰਿ ਆਤਮ ਦੇਵੇ ਬ੍ਰਹਮ ਗਿਆਨਾ। ਗੁਰਮੁਖ ਆਤਮ ਕਦੇ ਨਾ ਹੋਏ ਭੁੱਖੇ, ਸੋਹੰ ਦੇਵੇ ਵਡ ਖ਼ਜ਼ਾਨਾ। ਗੁਰਮੁਖ ਸਾਚਾ ਪ੍ਰਭ ਵਿਚ ਮਾਤ ਲਏ ਰੱਖ, ਦੂਤੀ ਦੁਸ਼ਟ ਸਭ ਮੇਟ ਮਿਟਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਨਾ। ਜੋਤ ਸਰੂਪੀ ਹਰਿ ਜਾਮਾ ਧਰਿਆ। ਗੁਰਸਿਖ ਸਾਚਾ ਜਿਸ ਖੁਲ੍ਹਾਵੇ ਆਤਮ ਦਰਿਆ। ਸਾਚੀ ਜੋਤ ਵਿਚ ਹਰਿ ਸਾਚਾ ਧਰਿਆ। ਏਕਾ ਦੀਪਕ ਜੋਤ ਪ੍ਰਕਾਸ਼ ਹਰਿ ਸਾਚੇ ਕਰਿਆ। ਅਗਿਆਨ ਅੰਧੇਰ ਜਾਏ ਵਿਨਾਸ, ਘਟ ਘਟ ਚਾਨਣ ਧਰਿਆ। ਪ੍ਰਭ ਪਾਇਆ ਪੁਰਖ ਅਬਿਨਾਸ਼, ਸੋਹੰ ਜਿਸ ਜਨ ਰਸਨਾ ਗਾਇਆ। ਕਦੇ ਨਾ ਹੋਏ ਉਦਾਸ, ਪ੍ਰਭ ਸਾਚਾ ਸਦ ਸਹਾਇਆ। ਹਰਿ ਹਿਰਦੇ ਰੱਖੇ ਵਾਸ, ਗੁਰਮੁਖਾਂ ਦਇਆ ਕਮਾਇਆ। ਆਤਮ ਸਾਚੀ ਜੋਤ ਕਰੇ ਪ੍ਰਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਚਰਨੀ ਸੀਸ ਝੁਕਾਇਆ। ਚਰਨ ਕਵਲ ਪ੍ਰੀਤ ਜਿਸ ਜਨ ਕਮਾਈ। ਕਲਜੁਗ ਜੀਵ ਭੁੱਲ ਭੁੱਲ ਕਲਜੁਗ ਮਾਇਆ ਵਿਚ ਭੁੱਲ ਨਾ ਜਾਈ। ਰੁਲ ਰੁਲ ਮਦਿਰਾ ਮਾਸ ਨਾ ਰਸਨ ਲਗਾਈ। ਝੂਠੇ ਤੋਲ ਨਾ ਜਾਣਾ ਤੁਲ, ਧਰਮ ਰਾਏ ਦੇ ਸਜਾਈ। ਸੋਹੰ ਨਾਮ ਦੇਵੇ ਹਰਿ ਸਾਚਾ ਅਨਮੁਲ, ਗੁਰਮੁਖ ਸਾਚੇ ਝੋਲੀ ਪਾਈ। ਅੰਮ੍ਰਿਤ ਆਤਮ ਨਾ ਜਾਏ ਡੁੱਲ, ਵੇਲੇ ਅੰਤ ਨਾ ਪਛਤਾਈ। ਸਚ ਭੰਡਾਰਾ ਵਿਚ ਮਾਤ ਗਿਆ ਖੁੱਲ੍ਹ, ਸਚ ਭਿਛਿਆ ਹਰਿ ਸਾਚੇ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਦਾ ਅਡੋਲ ਅਤੋਲ ਅਤੁਲ ਸ੍ਰਿਸ਼ਟ ਸਬਾਈ ਦਏ ਤੁਲਾਈ। ਸ੍ਰਿਸ਼ਟ ਸਬਾਈ ਤੋਲ ਤੁਲਾਏ, ਆਪ ਅਤੁਲ ਰਹਿ ਜਾਏ। ਸ੍ਰਿਸ਼ਟ ਸਬਾਈ ਰੋਲ ਰੁਲਾਏ, ਆਪ ਰੁਲ ਨਾ ਜਾਏ। ਸ੍ਰਿਸ਼ਟ ਸਬਾਈ ਭੁੱਲ ਭੁਲਾਏ, ਆਪ ਅਭੁੱਲ ਇਕ ਰਹਿ ਜਾਏ। ਸ੍ਰਿਸ਼ਟ ਸਬਾਈ ਹਿਲ ਹਿਲਾਏ, ਆਪ ਅਟੱਲ ਇਕ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਜਾਮਾ ਪਾਏ।