Granth 04 Likhat 065: Dyal Bagh Swami Mehta ji de naal shabad duara Bachan ate Shabad Mang prantu Radha Swami Gaddi de Malak Mehta ji koi uttar na de sake

ਦਿਆਲ ਬਾਗ ਸਵਾਮੀ ਮਹਿਤਾ ਜੀ ਦੇ ਨਾਲ ਸ਼ਬਦ ਦੁਆਰਾ ਬਚਨ ਅਤੇ ਸ਼ਬਦ ਮੰਗ, ਪਰੰਤੂ ਰਾਧਾ ਸਵਾਮੀ ਗੱਦੀ ਦੇ ਮਾਲਕ ਮਹਿਤਾ ਜੀ ਕੋਈ ਉਤਰ ਨਾ ਦੇ ਸਕੇ

ਗੁਰ ਸ਼ਬਦ ਜਗਤ ਦਲਾਲ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ। ਪੰਜਾਂ ਤੱਤਾਂ ਮਾਰੇ ਕਾਲ। ਕਰੇ ਸਤਿ ਸਤਿ ਪ੍ਰਿਤਪਾਲ। ਅੰਮ੍ਰਿਤ ਸੋਮਾ ਵਗੇ ਨਹਿਰ, ਕਾਇਆ ਠੰਡੀ ਠਾਰ। ਸਚ ਮੰਡਲ ਤਨ ਮਨ ਕਰਨੀ ਸੈਰ, ਕਰ ਜੋਤ ਅਕਾਰ। ਦੂਜਾ ਕੋਈ ਨਾ ਵੜੇ ਐਰ ਗੈਰ, ਗੁਰ ਪੂਰਾ ਕਰੇ ਸਾਚੀ ਮਿਹਰ। ਕਰੇ ਮਿਹਰ ਗੁਰ ਮਿਹਰਬਾਨ ਹੈ। ਮਿਲਿਆ ਮੇਲ ਧੁਰ, ਆਤਮ ਜੋਤੀ ਜਗੇ ਮਹਾਨ ਹੈ। ਮਾਨਸ ਦੇਹੀ ਤਰਸਣ ਸੁਰ, ਇੰਦਲੋਕ ਕਰ ਧਿਆਨ ਹੈ। ਗੁਰ ਚਰਨ ਪ੍ਰੀਤੀ ਜਾਏ ਜੁੜ, ਆਤਮ ਉਪਜੇ ਬ੍ਰਹਮ ਗਿਆਨ ਹੈ। ਏਕਾ ਮਿਲੇ ਸ਼ਬਦ ਘੋੜ, ਚਰਨ ਧੂੜ ਸੱਚਾ ਇਸ਼ਨਾਨ ਹੈ। ਹੋਏ ਸਹਾਈ ਜੀਵ ਆਤਮ ਮੂਰਖ ਮੁਗਧ ਮੂੜ੍ਹ, ਮਿਲੇ ਸੱਚਾ ਨਾਮ ਦਾਨ ਹੈ। ਸ੍ਰਿਸ਼ਟ ਸਬਾਈ ਕੂੜੋ ਕੂੜ, ਏਕਾ ਜੋਤ ਸਤਿ ਸਤਿਵੰਤਾ, ਪੂਰਨ ਭਗਵੰਤਾ ਹਰਿ ਭਗਵਾਨ ਹੈ। ਪੂਰਨ ਭਗਵਾਨਾ ਗੁਰ ਦਰ ਪਾਈਏ ਨਾਮ ਨਿਧਾਨਾ। ਬੰਧਨ ਕਟ ਕਟਾਏ ਆਤਮ ਜੋਤੀ ਮਿਲੇ ਕੋਟਨ ਭਾਨਾ। ਅੰਦਰੇ ਅੰਦਰ ਗੁਰ ਪੂਰਾ ਪਾਈਏ, ਸ਼ਬਦ ਬੰਨ੍ਹੇ ਹੱਥ ਸਾਚਾ ਗਾਨਾ। ਦੋਏ ਜੋੜ ਮਾਨਸ ਦੇਹੀ ਭੁਲ ਬਖ਼ਸ਼ਾਈਏ, ਜੋਤੀ ਜੋਤ ਸਰੂਪ ਹਰਿ, ਆਤਮ ਖੋਲ੍ਹੇ ਬੰਦ ਦਰ, ਆਪਣੀ ਕਿਰਪਾ ਦੇਵੇ ਕਰ, ਦਸਮ ਦਵਾਰੀ ਸ਼ਬਦ ਅਸਵਾਰੀ ਜੋਤ ਨਿਰੰਕਾਰੀ, ਨਿਜ ਘਰ ਵਾਸ ਦਾਸਨ ਦਾਸ, ਸਰਬ ਸੂਖ ਸੂਖਮ ਦਰ ਪਾਈਏ। ਸੂਖਮ ਦਵਾਰਾ ਹਰਿ ਭਗਵਾਨ। ਮਿਟੇ ਭੂਖ ਦੂਖ ਸਗਲ ਜਹਾਨ। ਮਾਤ ਗਰਭ ਨਾ ਹੋਏ ਉਲਟਾ ਰੁੱਖ, ਆਤਮ ਜੋਤੀ ਮੇਲ ਮਿਲਾਨ। ਜੋਤੀ ਜੋਤ ਸਰੂਪ ਹਰਿ, ਗੁਰ ਪੂਰਾ ਕਿਰਪਾ ਦੇਵੇ ਕਰ, ਜਨ ਮੰਗੇ ਸਾਚਾ ਵਰ, ਮਿਲੇ ਮੇਲ ਨਰ ਹਰਿ ਸ੍ਰੀ ਭਗਵਾਨ। ਹਉਂ ਦਾਸਨ ਦਾਸ, ਦਾਸ ਗੁਰ ਤੇਰਾ। ਨਿਜ ਘਰ ਆਤਮ ਕਰਨਾ ਵਾਸ, ਮਿਟੇ ਜਗਤ ਅੰਧੇਰਾ। ਜੋਤ ਨੂਰ ਨੁਰਾਨੀ ਹੋਏ ਪ੍ਰਕਾਸ਼, ਸ਼ਬਦ ਧੁਨ ਤੁਟੇ ਸੁੰਨ, ਸਾਚਾ ਰਾਗ ਸੁਣਾਏ ਕਾਨਾ। ਦਰ ਭਿਖਾਰੀ ਨਾ ਵਿਚਾਰ ਗੁਣ ਅਵਗੁਣ, ਬਖ਼ਸ਼ੋ ਨਾਮ ਜਗਤ ਨਿਧਾਨਾ। ਸਚ ਦਵਾਰਾ ਲਿਆ ਸੁਣ, ਜਗਤ ਤ੍ਰਿਸ਼ਨਾ ਅਗਨ ਮਿਟਾਨਾ। ਲੱਖ ਚੁਰਾਸੀ ਛਾਣ ਪੁਣ, ਪੂਰਾ ਗੁਰ ਮਿਲਿਆ ਮੇਲ ਲਿਖਿਆ ਧੁਰ, ਮਸਤਕ ਧੂੜੀ ਚਰਨ ਛੁਹਾਨਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਗੁਰ ਪੂਰਾ ਦੇਵੇ ਨਾਮ ਵਰ, ਲੱਖ ਚੁਰਾਸੀ ਗੇੜ ਮਿਟਾਨਾ। ਲੱਖ ਚੁਰਾਸੀ ਤੁੱਟੇ ਗੇੜਾ। ਧਰਮ ਰਾਏ ਨਾ ਦੇਵੇ ਫਾਸੀ, ਰਸਨ ਤਜਾਏ ਮਦਿਰਾ ਮਾਸੀ, ਆਤਮ ਦਰ ਦਵਾਰ ਖੁਲ੍ਹਾ ਦਿਸੇ ਸੱਚਾ ਵਿਹੜਾ। ਦਰ ਘਰ ਸਾਚੇ ਕੋਇ ਨਾ ਲੱਗੇ ਮੁੱਲੇ, ਗੁਰ ਪੂਰਾ ਬੰਨ੍ਹੇ੍ਹ ਮਾਤ ਬੇੜਾ। ਹਰਿਜਨ ਜਨ ਹਰਿ ਪੂਰੇ ਤੋਲ ਤੁਲੇ, ਪੰਚਾਂ ਮਿਟੇ ਕਾਇਆ ਝੇੜਾ। ਗੁਰ ਭੰਡਾਰੇ ਸਦਾ ਖੁਲ੍ਹੇ, ਕਰੇ ਸਤਿ ਨਿਬੇੜਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਏਕਾ ਮੰਗੇ ਸਾਚਾ ਦਰ, ਵਸੇ ਸਾਚਾ ਕਾਇਆ ਨਗਰ ਖੇੜਾ। ਕਾਇਆ ਖੇੜਾ ਮਹੱਲ ਅਟਾਰੀ। ਪੰਚਾਂ ਝੇੜਾ, ਨਾ ਮਿਲੇ ਮੇਲ ਬਨਵਾਰੀ। ਇਕੋ ਦਿਤਾ ਸੱਚਾ ਗੇੜਾ, ਬਜ਼ਰ ਕਪਾਟੀ ਪਾੜੀ। ਦਰ ਘਰ ਸਾਚੇ ਸਚ ਨਿਬੇੜਾ, ਮਾਨਸ ਜਨਮ ਨਾ ਆਏ ਹਾਰੀ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਗੁਰ ਪੂਰਾ ਦੇਵੇ ਸਾਚਾ ਵਰ, ਸੋਹੰ ਸ਼ਬਦ ਫੇਰੇ ਸਿਰ ਪੰਚਾਂ ਤਿੱਖੀ ਆਰੀ। ਤਿੱਖੀ ਆਰੀ ਤਿੱਖੀ ਧਾਰ। ਦੁਰਮਤ ਮੈਲ ਦਏ ਉਤਾਰ। ਜਨਮ ਕਰਮ ਪੂਰਬ ਦਏ ਸਵਾਰ। ਇਕ ਵਖਾਏ ਸਚ ਧਰਮ, ਤਨ ਕਰਾਏ ਸ਼ਬਦ ਸੋਲਾਂ ਸ਼ਿੰਗਾਰ। ਜਗਤ ਮੇਟੇ ਅੰਦੇਸਾ ਭਰਮ, ਨਾਮ ਰਤਨ ਮਿਲੇ ਅਪਾਰ। ਮਾਨਸ ਦੇਹੀ ਸੁਫ਼ਲ ਜਨਮ, ਆਏ ਸਚ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰਾ ਦੇਵੇ ਸਾਚਾ ਵਰ, ਭਰੇ ਰਹਿਣ ਅਤੁੱਟ ਭੰਡਾਰ। ਗੁਰ ਭੰਡਾਰਾ ਜਗਤ ਵਰਤਾਰਾ। ਦੇਂਦਾ ਜਾਏ ਵਾਰੋ ਵਾਰਾ। ਗੁਰਸਿਖ ਸਾਚਾ ਭਾਣਾ ਸਹਿੰਦਾ ਜਾਏ, ਸਚ ਸਿੰਘਾਸਣ ਬਹਿੰਦਾ ਜਾਏ, ਸੱਚਾ ਮਾਣੇ ਪੁਰਖ ਅਬਿਨਾਸ਼ੀ ਸਾਚਾ ਕੰਤਾ ਬਣ ਬਣ ਸਾਚੀ ਨਾਰੀ, ਮਿਲੇ ਮਾਣ ਵਿਚ ਜਹਾਨ ਵਿਰਲੇ ਗੁਰਮੁਖ ਸੰਤਾ ਜਿਸ ਜਨ ਮੰਗਿਆ ਇਕ ਦਵਾਰਾ। ਲੋਕਮਾਤੀ ਵੇਖੇ ਮਾਰ ਝਾਤੀ ਕਵਣ ਬਣਾਏ ਸਾਚੀ ਬਣਤਾ, ਮੰਗਣ ਆਏ ਬਣ ਭਿਖਾਰਾ। ਪੂਰਾ ਗੁਰ ਮਹਿੰਮਾ ਜਗਤ ਅਗਣਤ ਅਗਣਤਾ, ਨਾਮ ਨਿਰੰਜਣ ਦਰਦ ਦੁੱਖ ਭੰਜਨ ਜਗਤ ਪਿਤ ਕਰ ਸਾਚਾ ਹਿੱਤ, ਬਣ ਸਾਕ ਸੱਜਣ ਸੈਣ ਮੀਤ ਮੁਰਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰਾ ਦੇਵੇ ਨਾਮ ਵਰ, ਚਿੰਤਾ ਸੋਗ ਜਗਤ ਵਿਜੋਗ ਰਸਨਾ ਰਸ ਭੋਗ ਨਾ ਕਰੇ ਵਿਚਾਰਾ। ਗੁਰ ਮੂਰਤ ਗੁਰ ਸੂਰਤ ਦਿਆਲਾ। ਗੁਰ ਸ਼ਬਦ ਤੂਰਤ ਸਹਿਜ ਸਹਿਜ ਧੰਨ ਮਾਲਾ। ਜੋਤ ਨੁਰਾਨੀ ਨੂਰ ਨੂਰੋ ਨੂਰਤ, ਕਾਲ ਅਕਾਲ ਅਕਾਲਾ। ਹਰਿਜਨ ਦਿਸੇ ਨਾ ਕਦੇ ਦੂਰਤ, ਜਗਤ ਬਸੰਤਰ ਕਰੇ ਪ੍ਰਿਤਪਾਲਾ। ਆਸਾ ਮਨਸਾ ਸਦਾ ਸਦ ਪੂਰਤ, ਨਿਤ ਨਵਿਤ ਅਵਲੜੀ ਚਾਲਾ। ਅੰਤਮ ਅੰਤ ਰਹਿਣਾ ਝੂਰਤ, ਨਾ ਕੋਈ ਪਛਾਣੇ ਗੁਰ ਗੋਪਾਲਾ। ਜੋਤੀ ਜੋਤ ਸਰੂਪ ਹਰਿ, ਇਕ ਬਣਾਇਆ ਦੋਹਾਂ ਧਿਰਾਂ ਸ਼ਬਦ ਦਲਾਲਾ। ਸ਼ਬਦ ਦਲਾਲ ਹਰਿ ਹਰਿ ਮਿਹਰਬਾਨ। ਮਾਤ ਨਾ ਸਕੇ ਕੋਈ ਪਛਾਣ। ਸਾਹਮਣੇ ਬੈਠ ਤੱਕੇ, ਕਲਜੁਗ ਬੂਟੇ ਸਾਰੇ ਪੱਕੇ, ਗੁਰਮੁਖ ਵਿਰਲੇ ਫਲ ਸਾਚਾ ਖਾਣ। ਗੁਰ ਪੀਰ ਸਭ ਬਾਹਰ ਧੱਕੇ, ਫੇਰਾ ਪਾਏ ਮਦੀਨੇ ਮੱਕੇ, ਕੋਈ ਨਾ ਰੋਕੇ ਵਿਚ ਜਹਾਨ। ਗੁਰਮੁਖ ਵਿਰਲੇ ਸੰਤ ਜਨ ਹਰਿ ਚਰਨ ਕਵਲ ਸ਼ਬਦ ਅਧਾਰੀ ਰੱਖੇ, ਆਦਿ ਤੱਤ ਨਾ ਹੋਏ ਵਿਨਾਸੀ। ਆਦਿ ਅੰਤ ਸ਼ਬਦ ਗੁਰਦੇਵਾ। ਭਗਤ ਭਗਵੰਤ ਦਰ ਦੇਵੇ ਨਾਮ ਸੱਚਾ ਮੇਵਾ। ਨਾਮ ਵਡਿਆਈ ਸਾਚੇ ਸੰਤ, ਏਕਾ ਜਪਿਆ ਨਰ ਨਰਾਇਣ ਜਿਹਵਾ। ਮਿਲਿਆ ਮੇਲ ਪ੍ਰਭ ਸਾਚੇ ਕੰਤ, ਦਰਸ਼ਨ ਪੇਖ ਅਲੱਖ ਅਭੇਵਾ। ਛੁੱਟੇ ਚੁਰਾਸੀ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਆਦਿ ਜੁਗਾਦੀ ਅੰਤਮ ਅੰਤ। ਦਿਆਲ ਬਾਗ਼ ਪ੍ਰਭ ਚਰਨ ਛੁਹਾਇਆ। ਸ਼ਬਦ ਰਾਗ ਇਕ ਉਪਜਾਇਆ। ਤਨ ਮਨ ਸਾਚੇ ਲਾਏ ਜਾਗ, ਪੰਜਾਂ ਚੋਰਾਂ ਬਾਹਰ ਕਢਾਇਆ। ਹਰਿਜਨ ਹਰਿਜਨ ਹਰਿਜਨ ਹੱਥ ਆਪਣੇ ਪਕੜੇ ਵਾਗ, ਸ਼ਬਦ ਘੋੜਾ ਇਕ ਰਖਾਇਆ। ਦੁਰਮਤ ਮੈਲ ਧੋਏ ਦਾਗ, ਨਿਰਮਲ ਕਾਇਆ ਦੇਹ ਕਰਾਇਆ। ਆਪ ਬੁਝਾਏ ਤ੍ਰਿਸ਼ਨਾ ਆਗ, ਅੰਮ੍ਰਿਤ ਝਿਰਨਾ ਦੇ ਝਿਰਾਇਆ। ਹੰਸ ਬਣਾਏ ਗੁਰਸਿਖ ਕਾਗ, ਸ਼ਬਦ ਧੁਨ ਨਾਦ ਤਨ ਮੰਦਰ ਦੇਹ ਵਜਾਇਆ। ਦਰਸ ਦਿਖਾਏ ਮਾਧਵ ਮਾਧ, ਸੁੰਦਰ ਸਾਵਲ ਕ੍ਰਿਸ਼ਨ ਮੁਰਾਰ। ਦਿਵਸ ਰੈਣ ਰੈਣ ਦਿਵਸ ਸਦ ਰੱਖਣਾ ਯਾਦ, ਮਾਨਸ ਦੇਹੀ ਨਾ ਆਏ ਹਾਰ। ਆਦਿ ਭਵਾਨੀ ਸ਼ਕਤੀ ਜੋਤੀ ਨਿਰਗੁਣ ਸਰਗੁਣ ਖੇਲ ਅਪਾਰ। ਕਰੇ ਖੇਲ ਵਿਚ ਬ੍ਰਹਿਮਾਦ, ਭਰਮ ਭੁੱਲੇ ਮਾਇਆ ਰੁੱਲੇ ਕਲਜੁਗ ਜੀਵ ਗਵਾਰ। ਜਨ ਭਗਤਾਂ ਮੇਟੇ ਵਾਦ ਵਿਵਾਦ, ਤਨ ਸ਼ਬਦ ਕਰਾਏ ਇਕ ਅਹਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਜ ਆਤਮ ਬੋਲੇ ਕੁੰਡਾ ਖੋਲ੍ਹੇ, ਦੇਵੇ ਨਾਮ ਇਕ ਅਮੋਲੇ, ਲੋਕਮਾਤ ਪੂਰੇ ਤੋਲ ਤੋਲੇ, ਭਗਤਨ ਦੇਵੇ ਸਾਚੀ ਦਾਦ। ਹਰਿਜਨ ਦਰ ਘਰ ਸਾਚੇ ਬਣਾਏ ਗੋਲੇ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਹਰਿਜਨ ਮੰਗੇ ਸਚ ਦਰ, ਜਗਤ ਵਿਚੋਲਾ ਮਿਟਾਏ ਪੜਦਾ ਉਹਲਾ, ਦਸਮ ਦਵਾਰੇ ਹਰਿ ਬਨਵਾਰੀ ਦਇਆ ਕਮਾਏ, ਪੜਦਾ ਲਾਹੇ ਜੋਤ ਜਗਾਏ, ਮਿਟੇ ਸੁਨ ਸਮਾਧ। ਸੁਨ ਸਮਾਧ ਕਾਇਆ ਤੋੜੇ। ਪ੍ਰਭ ਅਬਿਨਾਸ਼ੀ ਵਾਗਾਂ ਮੋੜੇ। ਚਰਨ ਕਵਲ ਪ੍ਰਭ ਪ੍ਰੀਤੀ ਜੋੜੇ। ਕਲਜੁਗ ਦਿਨ ਰਹਿ ਗਏ ਥੋੜੇ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਜੋਤ ਧਰ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਸੁਣ ਪੁਕਾਰ ਵਿਚ ਸੰਸਾਰ। ਮਾਰੇ ਸ਼ਬਦ ਕਟਾਰ, ਲੱਖ ਚੁਰਾਸੀ ਵੇਖੇ ਪਰਖੇ ਮਿੱਠੇ ਕੌੜੇ। ਨਰ ਨਰਾਇਣਾ ਨਿਹਕਲੰਕਾ ਸ਼ਬਦ ਵਜਾਏ ਸਾਚਾ ਡੰਕਾ, ਆਪ ਉਠਾਏ ਰਾਓ ਰੰਕਾ, ਜਨ ਭਗਤ ਜਗਾਏ ਮਾਤ ਸੋਏ। ਜੋਤੀ ਨੂਰਾ ਸਾਚਾ ਹੀਰਾ ਇਕ ਲਗਾਏ ਆਤਮ ਤਨਕਾ, ਅੰਮ੍ਰਿਤ ਦੇਵੇ ਸਾਚਾ ਸੀਰ, ਗੁਰਮੁਖਾਂ ਆਤਮ ਬੁਝੇ ਹਉਮੈ ਵਿਚੋਂ ਕੱਢੇ ਪੀੜ, ਰਸਨ ਸਵਾਸੀ ਪ੍ਰਭ ਹੋਏ ਵਸ, ਤਨ ਗਵਾਏ ਅਨਰਸ ਫੀਕਾ। ਦਿਆਲ ਬਾਗ਼ ਧਰਤ ਸੁਹਾਇਆ। ਗੁਰ ਸੰਗਤ ਬੁਝਾਏ ਤ੍ਰਿਸ਼ਨਾ ਆਗ, ਸਾਚਾ ਸੰਗ ਅੰਮ੍ਰਿਤ ਆਤਮ ਗੰਗ ਸਰ ਸਰੋਵਰ ਇਸ਼ਨਾਨ ਕਰਾਇਆ। ਜਗਤ ਕਟੇ ਭੁੱਖ ਨੰਗ, ਨਾਮ ਦਾਤ ਜਨ ਲਈ ਮੰਗ, ਮਾਨਸ ਦੇਹੀ ਕਾਚੀ ਵੰਗ, ਸਾਚੀ ਰੰਗਣ ਨਾਮ ਚੜ੍ਹਾਇਆ। ਹੋਏ ਸਹਾਈ ਅੰਗ ਸੰਗ , ਵਡ ਦਾਤਾ ਸੂਰਾ ਸਰਬੰਗ, ਮਾਤ ਪਤਾਲ ਅਕਾਸ਼ ਨਿਜ ਘਰ ਵਾਸ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਆਤਮ ਖੋਲ੍ਹੇ ਸਾਚਾ ਸਰ, ਅੰਮ੍ਰਿਤ ਝਿਰਨਾ ਨਿਝਰ ਧਾਰ ਕਰ ਪਿਆਰ, ਹਰਿਜਨ ਸਾਚੇ ਕਵਲ ਨਾਭ ਮੁਖ ਚੁਆਇਆ। ਉਲਟੀ ਕਵਲ ਨਾਭੀ। ਬਜ਼ਰ ਕਪਾਟੀ ਪਾਟੀ। ਏਕਾ ਵੇਖੇ ਵੇਖ ਵਖਾਣੇ, ਸਾਚਾ ਤੀਰਥ ਸਾਚੀ ਹਾਟੀ। ਅੰਮ੍ਰਿਤ ਭਰਿਆ ਸੀਤਲ ਠਰਿਆ, ਨਾ ਕੋਈ ਤਟ ਨਾ ਕੋੋਈ ਤਾਟੀ। ਤਨ ਮਨ ਕਾਇਆ ਹਰਿਆ ਕਰਿਆ, ਜਗੀ ਜੋਤ ਮਹੱਲ ਲਲਾਟੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪ ਚੜ੍ਹਾਏ ਔਖੀ ਘਾਟੀ। ਔਖੀ ਘਾਟੀ ਜਾਣਾ ਚੜ੍ਹ। ਹਰਿ ਘਰ ਮੰਦਰ ਸਚ ਟਿਕਾਣਾ, ਗੁਰਮੁਖ ਵਿਰਲਾ ਜਾਏ ਵੜ। ਜਗਤ ਅੰਧੇਰੀ ਕਾਇਆ ਕੰਦਰ, ਪੰਜੇ ਚੋਰ ਰਹੇ ਲੜ। ਜਨ ਭਗਤਾਂ ਜਾਇਣ ਅੰਦਰ ਸੜ। ਪ੍ਰਭ ਅਬਿਨਾਸ਼ੀ ਫੜਿਆ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਦੇਵੇ ਕਰ, ਆਪੇ ਤੋੜੇ ਕਾਇਆ ਕਿਲ੍ਹਾ ਹੰਕਾਰੀ ਗੜ੍ਹ।