Granth 04 Likhat 081: 1 Maghar 2011 Bikarmi Bishan Kaur de Greh Pind Jethuwal Jila Amritsar

੧ ਮੱਘਰ ੨੦੧੧ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਤ੍ਰੈਲੋਕੀ ਨਾਥ ਤਿੰਨ ਦਵਾਰ। ਤਿੰਨਾਂ ਮਿਲਿਆ ਤਿੰਨ ਤਿੰਨ ਵਾਰ। ਤੀਜਾ ਨੇਤਰ ਖੋਲ੍ਹੇ, ਸ਼ਬਦ ਸਰੂਪੀ ਆਤਮ ਬੋਲੇ, ਪਵਣ ਘੋੜੇ ਹਰਿ ਅਸਵਾਰ। ਤਿੰਨਾਂ ਲੋਕਾਂ ਕੁੰਡਾ ਖੋਲ੍ਹੇ, ਤਿੰਨਾਂ ਪੁਰੀਆਂ ਬੰਨ੍ਹੇ ਧਾਰ। ਸ਼ਬਦ ਤੋਲ ਪ੍ਰਭ ਸਾਚਾ ਤੋਲੇ, ਸੋਹੰ ਦੇਵੇ ਇਕ ਹੁਲਾਰ। ਆਤਮ ਪੜਦਾ ਪ੍ਰਭ ਸਾਚਾ ਖੋਲ੍ਹੇ, ਗੁਰਮੁਖ ਨਿਮਾਣਾ ਜਾਏ ਤਾਰ। ਆਪ ਬਹਾਏ ਸ਼ਬਦ ਡੋਲੇ, ਬਣਿਆ ਰਹੇ ਮਾਤ ਕਹਾਰ। ਭਾਗ ਲਗਾਏ ਕਾਇਆ ਚੋਲੇ, ਸ਼ਬਦ ਕਰਾਏ ਤਨ ਸ਼ਿੰਗਾਰ। ਗੁਰਮੁਖ ਸਾਚੇ ਭੋਲੇ ਭਾਲੇ, ਜੋਤੀ ਜਾਮਾ ਦੇਵੇ ਹੁਲਾਰ। ਆਪੇ ਧੋਏ ਦਾਗ਼ ਕਾਲੇ, ਸੋਹੰ ਰੱਖੇ ਤਿੱਖੀ ਧਾਰ। ਮਾਇਆ ਤੋੜੇ ਜਗਤ ਜੰਜ਼ਾਲੇ, ਹੋਏ ਸਹਾਏ ਜੰਗਲ ਜੂਹ ਵਿਚ ਪਹਾੜ। ਅੰਤਮ ਅੰਤ ਦੇਵੇ ਸ਼ਬਦ ਦੁਸ਼ਾਲੇ, ਗੁਰਮੁਖ ਨਾ ਵਿਆਹੇ ਮੌਤ ਲਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰ ਇਕ ਖੁਲ੍ਹਾਏ। , ਦਇਆ ਕਮਾਏ ਸਤਾਰਾਂ ਹਾੜ। ਤ੍ਰੈ ਤਿੰਨ ਤਿੰਨ ਤ੍ਰੈ ਤਿੰਨ ਤੀਨ। ਸਾਧਾਂ ਸੰਤਾਂ ਪ੍ਰਭ ਆਤਮ ਭੰਨੇ ਹੰਕਾਰੀ ਬੀਨ। ਗੁਰਮੁਖਾਂ ਹੋਏ ਸਹਾਈ ਜਿਉਂ ਮਾਲ ਚਰਾਏ ਧੰਨੇ, ਕਰੇ ਕਾਇਆ ਠੰਡੀ ਸੀਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਣੇ ਮਾਰੇ ਸ਼ਬਦ ਬਾਣੇ, ਚਰਨ ਲਗਾਏ ਵਾਲੀ ਸ਼ਾਹ ਰੂਸਾ ਚੀਨ। ਤ੍ਰੈ ਤਿੰਨ ਤ੍ਰੈ ਗੁਣਵੰਤਾ। ਕਰ ਖੇਲ ਜਗਤ ਹਰਿ ਮੇਲ, ਪੂਰਨ ਜੋਤੀ ਹਰਿ ਭਗਵੰਤਾ। ਚਾਰ ਕੁੰਟ ਤਿੰਨ ਦਵਾਰ, ਖੋਲ੍ਹੇ ਕਵਾੜ ਸਤਾਰਾਂ ਹਾੜ, ਪੁਰਖ ਅਬਿਨਾਸ਼ੀ ਸਾਚਾ ਕੰਤ ਵੇਖੇ ਪਰਖੇ ਚੰਗਾ ਮਾੜ, ਜਗੇ ਜੋਤ ਬਹੱਤਰ ਨਾੜ, ਭੇਵ ਰਹੇ ਨਾ ਕੋਇ ਜੀਵ ਸਾਧਾਂ ਸੰਤਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਨ ਭਗਤ ਬਣਾਏ ਸਾਚੀ ਬਣਤਾ। ਤੇਰਾਂ ਤਿੰਨ ਤਿੰਨ ਤਿੰਨ, ਚਾਰ ਕੁੰਟ ਹਰਿ ਜੀ ਵੇਖੇ, ਵੇਖ ਵਖਾਏ ਭਿੰਨ ਭਿੰਨ ਭਿੰਨ। ਗੁਰਮੁਖਾਂ ਲਿਖਾਏ ਸਾਚੇ ਲੇਖੇ, ਅੱਠੇ ਪਹਿਰ ਦਿਵਸ ਰੈਣ ਗਿਨ ਗਿਨ ਗਿਨ। ਬੇਮੁਖਾਂ ਰਹੇ ਭਰਮ ਭੁਲੇਖੇ, ਮਿਟੇ ਨਿਸ਼ਾਨ ਲੋਕ ਤਿੰਨ ਤਿੰਨ ਤਿੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਮਾਤ ਧਰਾਏ, ਦਿਸ ਨਾ ਆਏ ਕੋਈ ਕਿਸੇ ਚਿੰਨ੍ਹ ਚਿੰਨ੍ਹ ਚਿੰਨ੍ਹ। ਸਚ ਦਰਬਾਰ ਗਰੀਬ ਨਿਵਾਜ਼। ਗੁਰਮੁਖਾਂ ਸਾਜਣ ਰਿਹਾ ਸਾਜ। ਜੋਤ ਜਗਾਈ ਵੱਜੀ ਵਧਾਈ, ਤਿੰਨਾਂ ਲੋਕਾਂ ਦੇਸ ਮਾਝ। ਤਿੰਨਾਂ ਲੋਆਂ ਕਰੇ ਰੁਸ਼ਨਾਈ, ਮਾਵਾਂ ਪੁੱਤਰਾਂ ਮਾਤ ਵਡਿਆਈ, ਹਰਿ ਹਰਿ ਹਰਿ ਸਵਾਰੇ ਸਾਚੇ ਕਾਜ। ਜੋਤ ਨੂਰ ਜਗਤ ਸਵਾਈ। ਸ਼ਬਦ ਵੱਜੇ ਸਾਚੀ ਤੂਰ, ਪੰਚਮ ਪੋਹ ਮਿਲੇ ਵਡਿਆਈ। ਖਿੱਚੇ ਜੋਤ ਹਰਿ ਕੋਹਤੂਰ, ਪੀਰ ਫ਼ਕੀਰ ਦੇਣ ਦੁਹਾਈ। ਪ੍ਰਗਟ ਹੋਏ ਇਕ ਸੂਰਬੀਰ, ਵੱਜੇ ਡੰਕ ਹਰਿ ਸਭਨੀ ਥਾਂਈਂ। ਅੱਠ ਸੱਠ ਤੀਰਥ ਖਿੱਚੇ ਨੀਰ, ਗੰਗਾ ਗੋਦਾਵਰੀ ਦਏ ਦੁਹਾਈ। ਸਾਧਾਂ ਸੰਤਾਂ ਲੱਥੇ ਚੀਰ, ਪ੍ਰਭ ਅਬਿਨਾਸ਼ੀ ਦਿਸ ਨਾ ਆਈ। ਗੁਰਮੁਖਾਂ ਵੇਲਾ ਅੰਤ ਅਖ਼ੀਰ, ਛੱਬੀ ਪੋਹ ਕਰੇ ਖੇਲ ਹਰਿ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੀਜ ਫੁੱਲ ਫੁਲਵਾੜੀ, ਸਤਾਰਾਂ ਹਾੜੀ ਰਿਹਾ ਬਿਜਾਈ। ਤ੍ਰੈਲੋਕੀ ਧਾਰ ਬੰਧਾਏ ਪੁਰਖ ਬਿਧਾਤਾ। ਮਾਤਲੋਕ ਦਏ ਵਖਾਏ, ਕਲਜੁਗ ਮਿਟੇ ਅੰਧੇਰੀ ਰਾਤਾ। ਗੁਰਮੁਖ ਸਾਚੇ ਪ੍ਰਭ ਲਏ ਉਪਜਾਏ, ਧੁਰ ਮਸਤਕ ਲਿਖਿਆ ਸਾਚਾ ਨਾਤਾ। ਸਾਚਾ ਸੰਗ ਆਪ ਨਿਭਾਏ, ਦੇਵੇ ਮਾਣ ਤਾਣ ਸਚ ਸ਼ਬਦ ਸੁਗਾਤਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਮਹਾਰਾਜ ਸ਼ੇਰ ਸਿੰਘ ਜਿਸ ਨਰ ਹਰਿ ਪਛਾਤਾ। ਨਰ ਹਰਿ ਹਰੀ ਹਰਿ ਜਾਣ। ਆਪਣੀ ਕਰਨੀ ਰਿਹਾ ਕਰ, ਵਾਲੀ ਦੋ ਜਹਾਨ। ਸਾਚੀ ਸਰਨ ਜਨ ਗਿਆ ਪੜ, ਮਿਲਿਆ ਨਾਮ ਇਕ ਨਿਧਾਨ। ਸੋਹੰ ਅੱਖਰ ਗਿਆ ਪੜ੍ਹ, ਮਿਲੀ ਜੋਤ ਹਰਿ ਭਗਵਾਨ। ਸ਼ਬਦ ਘੋੜੇ ਗਿਆ ਚੜ੍ਹ, ਸਾਚੀ ਲਾਈ ਇਕ ਉਡਾਨ। ਪ੍ਰਭ ਅਬਿਨਾਸ਼ੀ ਲੜ ਲਿਆ ਫੜ, ਮਿਲਿਆ ਮੇਲ ਹਰਿ ਭਗਵਾਨ। ਦਰ ਦਵਾਰੇ ਅੱਗੇ ਖੜ੍ਹ, ਮਾਤਲੋਕ ਕਰੇ ਧਿਆਨ । ਦਰ ਘਰ ਸਾਚੇ ਜਾਣ ਵੜ, ਨੂਰੀ ਜੋਤ ਕਰ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚੇ ਸਚ ਚਲਾਉਣਾ ਇਕ ਬਬਾਣ। ਸਚ ਬਬਾਣ ਇਕ ਚਲਾਉਣਾ। ਚਰਨ ਧਿਆਨ ਇਕ ਰਖਾਉਣਾ। ਮਾਣ ਤਾਣ ਵਿਚ ਜਹਾਨ, ਅੰਤਮ ਕਲ ਆਪ ਰਖਾਉਣਾ। ਝੁਲਦਾ ਰਹੇ ਜਗਤ ਇਕ ਨਿਸ਼ਾਨ, ਮਿਟਦਾ ਰਹੇ ਪੀਣ ਖਾਣ, ਪੂਤ ਸਪੂਤਾ ਸਾਚਾ ਨਾਮ ਇਕ ਚਲਾਉਣਾ। ਸਾਚੇ ਹਰਿ ਸੁਣੀ ਪੁਕਾਰ। ਪੁਰਖ ਅਬਿਨਾਸ਼ੀ ਪਹਿਲੀ ਵਾਰ। ਸਿੰਘ ਪਾਲ ਜਾਏ ਚਰਨ ਬਲਿਹਾਰ। ਪ੍ਰਭ ਹੋਇਆ ਆਪ ਦਿਆਲ, ਰੱਖੇ ਲਾਜ ਵਿਚ ਸੰਸਾਰ। ਧਰੇ ਜੋਤ ਵਿਚ ਸਾਚੇ ਲਾਲ। ਕਾਇਆ ਰੋਸ਼ਨ ਹੋਏ ਮੁਨਾਰ। ਜਗਤ ਅਵਲੜੀ ਚਲੇ ਚਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਤ ਸਪੂਤਾ ਏਕਾ ਰੰਗਣ ਰੰਗ ਰੰਗਾਏ ਸਤਾਰਾਂ ਹਾੜੀ ਲਾਲ ਗੁਲਾਲ। ਕਲਜੁਗ ਅੰਤਮ ਬਣਤ ਬਣਾਈ। ਪ੍ਰਭ ਅਬਿਨਾਸ਼ੀ ਸਾਚੇ ਕੰਤ, ਸਾਚੀ ਨੀਂਹ ਸਤਿਜੁਗ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਢੇ ਤਿੰਨ ਹੱਥ ਦਿਤੀ ਸੀਂ, ਸਿੰਘ ਮਨਜੀਤ ਮਾਤ ਅਤੀਤ ਰਖਾਈ। ਸਾਢੇ ਤਿੰਨ ਹੱਥ ਜਗਤ ਨਿਸ਼ਾਨਾ। ਗੁਰਮੁਖਾਂ ਮਿਲਿਆ ਸਾਚਾ ਰਥ, ਬਣੇ ਰਥਵਾਹੀ ਹਰਿ ਭਗਵਾਨਾ। ਬੇਮੁਖਾਂ ਦਿਸੇ ਘਰ ਸਥ, ਗੁਰਮੁਖਾਂ ਅੰਮ੍ਰਿਤ ਮੇਘ ਹਰਿ ਬਰਸਾਨਾ। ਸਗਲ ਵਸੂਰੇ ਜਾਣ ਲਥ, ਦਰ ਦਵਾਰੇ ਜਿਸ ਦਰਸ਼ਨ ਪਾਨਾ। ਸਾਧਾਂ ਸੰਤਾਂ ਪਾਏ ਨੱਥ, ਸ਼ਬਦ ਡੋਰ ਹੱਥ ਰਖਾਨਾ। ਸਰਬ ਕਲਾ ਸਮਰਥ, ਆਤਮ ਜੋਤੀ ਖਿੱਚ ਲਿਆਨਾ। ਧੁਰਦਰਗਾਹੀ ਸਾਚੀ ਵਥ, ਸਾਚੇ ਧਾਮ ਹਰਿ ਟਿਕਾਣਾ। ਮਹਿੰਮਾ ਜਗਤ ਚਲੇ ਅਕੱਥ, ਅਕੱਥ ਕਥੀ ਨਾ ਕਿਸੇ ਕਥਾਨਾ। ਲੱਖ ਚੁਰਾਸੀ ਜਾਏ ਮੱਥ, ਵੇਲੇ ਅੰਤ ਨਾ ਕਿਸੇ ਛੁਡਾਨਾ। ਵੇਲਾ ਗਿਆ ਨਾ ਆਏ ਹੱਥ, ਜੀਵ ਜੰਤ ਸਰਬ ਪਛੁਤਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੰਦਰ ਏਕਾ ਆਪ ਸੁਹਾਨਾ। ਸਾਚਾ ਮੰਦਰ ਹਰਿ ਸੁਹਾਏ। ਜਗਤ ਸਿੰਘ ਜਗਦੀਸ਼ ਭੇਟ ਚੜ੍ਹਾਏ। ਮਸਤਕ ਧੂੜੀ ਗੁਰਮੁਖ ਲਗਾਏ। ਕਾਇਆ ਰੰਗਣ ਰੰਗੇ ਗੂੜ੍ਹੀ, ਲੱਖ ਚੁਰਾਸੀ ਗੇੜ ਕਟਾਏ। ਕਲ ਜੀਵ ਭੁੱਲੇ ਮੂੜ੍ਹੀ, ਜੂਠੇ ਝੂਠੇ ਧੰਦੇ ਲਾਏ। ਕਲਜੁਗ ਮਾਇਆ ਦਿਸੇ ਕੂੜੀ, ਆਤਮ ਅੰਧੇ ਹੋਏ ਹਲਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਤਾਣ ਚਰਨ ਧਿਆਨ ਗੁਰਮੁਖਾਂ ਕਲ ਰਖਾਏ। ਸਾਚ ਮੰਦਰ ਕਰੇ ਤਿਆਰ। ਜਗੇ ਜੋਤ ਸਾਚੇ ਅੰਦਰ, ਨੂਰ ਨਿਰੰਜਣ ਹਰਿ ਨਿਰੰਕਾਰ। ਕਾਇਆ ਵੇਖੇ ਡੂੰਘੀ ਕੰਦਰ, ਪਾਪਾਂ ਹੋਇਆ ਧੁੰਦੂਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ ਅੱਠੇ ਪਹਿਰ ਪਾਵੇ ਸਾਰ। ਨੌਂ ਦਰ ਜਗਤ ਦਵਾਰੇ। ਪ੍ਰਭ ਅਬਿਨਾਸ਼ੀ ਪਾਏ ਸਾਰੇ। ਸ਼ਬਦ ਘੋੜੇ ਹੋਏ ਅਸਵਾਰੇ। ਪੰਚਮ ਪੋਹ ਦਿਵਸ ਵਿਚਾਰੇ। ਚਾਰ ਕੁੰਟ ਏਕਾ ਧਾਰ ਵਿਚ ਸੰਸਾਰ, ਅੰਤਮ ਕਲ ਪਹਿਲੀ ਵਾਰੇ। ਨਾ ਕੋਈ ਜਾਣੇ ਜੀਵ ਗਵਾਰ, ਲੱਖ ਚੁਰਾਸੀ ਗਈ ਹਰ, ਨਿਹਕਲੰਕੀ ਜਾਮਾ ਧਾਰੇ। ਗੁਰਮੁਖਾਂ ਪ੍ਰਭ ਪਾਵੇ ਸਾਰ, ਅੰਤਮ ਖੋਲ੍ਹੇ ਬੰਦ ਕਵਾੜ, ਸਤਾਰਾਂ ਹਾੜੀ ਜਗਤ ਅਪਾਰੇ। ਜਗੇ ਜੋਤ ਬਹੱਤਰ ਨਾੜ, ਸ਼ਬਦ ਵੱਜੇ ਕਾੜ ਕਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਪਾਰ ਉਤਾਰੇ। ਲੱਖ ਚੁਰਾਸੀ ਉਤਰੇ ਪਾਰ। ਜੋ ਜਨ ਆਏ ਚਲ ਦਵਾਰ। ਧਰਮ ਰਾਏ ਨਾ ਮਾਰੇ ਮਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਦੇਵੇ ਵਰ, ਸਾਚਾ ਹਰਿ ਇਕ ਵਖਾਏ ਦਇਆ ਕਮਾਏ ਦਰ ਦਰਬਾਰ। ਸੋਹੰ ਸਾਚਾ ਨਾਮ ਜਪਾਏ, ਗੁਰਮੁਖ ਸਾਚੇ ਮਾਤ ਜਗਾਏ, ਨੇਤਰ ਨੈਣ ਲੋਚਨ ਖੋਲ੍ਹ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰ। ਨੌਂ ਦਰ ਦਰ ਦਰਵੇਸ਼ਾ। ਵੇਖ ਵਖਾਣੇ ਕਾਇਆ ਘਰ, ਅੱਠੇ ਪਹਿਰ ਗਹਿਰ ਗੰਭੀਰ ਧਾਰੇ ਵੇਸਾ। ਕਲਜੁਗ ਅੰਤਮ ਵਰਤੇ ਕਹਿਰ, ਨਾ ਕੋਈ ਜਾਣੇ ਨਰ ਨਰੇਸ਼ਾ। ਪੰਚਮ ਜੇਠੀ ਵਡ ਦੁਪਹਿਰ, ਜੋਤੀ ਧਾਰੇ ਹਰਿ ਜੀ ਭੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਏ ਸਾਰ, ਆਪ ਚੁਕਾਏ ਦੋ ਜਹਾਨਾਂ ਸਾਚਾ ਲੇਖਾ। ਲੇਖਾ ਚੁੱਕੇ ਦੋ ਜਹਾਨ, ਦੇਵੇ ਮਾਤ ਵਡਿਆਈਆ। ਝੇੜਾ ਛੁੱਟੇ ਆਵਣ ਜਾਣ, ਪਤਤ ਪਾਵਨ ਫੰਦ ਕਟਾਈਆ। ਦਰਗਹਿ ਸਾਚੀ ਮਾਣ ਤਾਣ, ਹਰਿ ਸਾਚਾ ਮਾਣ ਰਖਾਈਆ। ਏਕਾ ਸ਼ਬਦ ਸੁਣਾਏ ਕਾਨ, ਨਾਦ ਧੁਨੀ ਇਕ ਵਜਾਈਆ। ਸ਼ਬਦ ਦੇਵੇ ਪੀਣ ਖਾਣ, ਆਤਮ ਤ੍ਰਿਸ਼ਨਾ ਰੋਗ ਮਿਟਾਈਆ। ਇਕ ਬਿਠਾਏ ਸ਼ਬਦ ਬਬਾਣ, ਪੁਰੀਆਂ ਲੋਆਂ ਬਾਹਰ ਕਢਾਈਆ। ਸਾਚਾ ਦੇਵੇ ਨਾਮ ਦਾਨ, ਤ੍ਰੈਲੋਕੀ ਨਾਥ ਦਇਆ ਕਮਾਈਆ। ਲੋਕਮਾਤ ਕਰ ਹਰਿ ਪਛਾਨ, ਗੁਰਮੁਖ ਸਾਚੇ ਸੰਤ ਜਨ ਆਪਣੀ ਗੋਦ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤ ਸਾਚੇ ਸੰਤ, ਜੁਗਾ ਜੁਗੰਤ ਸਾਧ ਸੰਤ, ਰਿਹਾ ਬਣਤ ਬਣਾਈਆ। ਬਣਾਏ ਬਣਤ ਸੱਚੀ ਸਰਕਾਰਾ। ਕਰੇ ਖੇਲ ਅਪਰ ਅਪਾਰਾ। ਨਾ ਕੋਈ ਜਾਣੇ ਨਾਰੀ ਨਾਰਾ। ਝੂਠਾ ਖੇਲ ਜਗਤ ਵਿਹਾਰਾ। ਪ੍ਰਭ ਚਰਨ ਪ੍ਰੀਤੀ ਸਾਚਾ ਮੇਲ, ਕਲਜੁਗ ਤੇਰੀ ਅੰਤਮ ਵਾਰਾ। ਅਚਰਜ਼ ਪਾਰਬ੍ਰਹਮ ਕਰੀ ਖੇਲ, ਨਾ ਕੋਈ ਜਾਣੇ ਜੀਵ ਗਵਾਰਾ। ਆਪੇ ਗੁਰ ਆਪੇ ਚੇਲ, ਧੁਰਦਰਗਾਹੀ ਸਚ ਸਹਾਰਾ। ਧਰਮ ਰਾਏ ਦੀ ਕਟੇ ਜੇਲ੍ਹ, ਮਾਨਸ ਦੇਹੀ ਜਨਮ ਸੁਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਹਰਿ ਜਗਤ ਨਰ, ਜਿਸ ਜਨ ਮੰਗਿਆ ਇਕ ਦਵਾਰਾ। ਇਕ ਦਰ ਸਚ ਦਰਬਾਰ ਹੈ। ਮਿਲੇ ਨਾਮ ਵਰ, ਭਗਤ ਭੰਡਾਰ ਹੈ। ਗੁਰਮੁਖ ਵਿਰਲਾ ਜਾਏ ਤਰ, ਮਿਲੇ ਮੇਲ ਹਰਿ ਦਾਤਾਰ ਹੈ। ਅੰਮ੍ਰਿਤ ਨੁਹਾਏ ਸਾਚੇ ਸਰ, ਕਾਇਆ ਹੋਏ ਠੰਡੀ ਠਾਰ ਹੈ। ਆਪ ਚੁਕਾਏ ਜਮ ਕਾ ਡਰ, ਦੂਈ ਦਵੈਤੀ ਦਏ ਨਿਵਾਰ ਹੈ। ਇਕ ਵਖਾਏ ਸਾਚਾ ਘਰ, ਜਗੇ ਜੋਤ ਅਗੰਮ ਅਪਾਰ ਹੈ। ਨਾ ਜਨਮੇ ਨਾ ਜਾਏ ਮਰ, ਨਰ ਨਰੇਸ਼ ਸਹਿਜ ਸੁਖ ਧਾਰ ਹੈ। ਆਪਣੀ ਕਰਨੀ ਰਿਹਾ ਕਰ, ਗੁਰਮੁਖ ਸਾਚੇ ਪੈਜ ਸਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਭਾਣਾ ਸਾਚਾ ਰਾਣਾ, ਆਪ ਕਰਾਏ ਕਰਨਹਾਰ ਕਰਤਾਰ ਹੈ। ਕਰਨ ਕਰਾਵਣ ਜੋਗ, ਪ੍ਰਭ ਸਮਰਥ ਹੈ। ਜਨ ਭਗਤਾਂ ਦੇਵੇ ਦਰਸ ਅਮੋਘ, ਸ਼ਬਦ ਚੜ੍ਹਾਏ ਸਾਚੇ ਰਥ ਹੈ। ਹਉਮੈ ਕਟੇ ਚਿੰਤਾ ਰੋਗ, ਪੰਜਾਂ ਚੋਰਾਂ ਦੇਵੇ ਮਥ ਹੈ। ਸਾਚਾ ਰਸ ਰਸਨਾ ਲੈਣਾ ਭੋਗ, ਸੋਹੰ ਸ਼ਬਦ ਜਗਤ ਅਕੱਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਕਲਜੁਗ ਪਾਰ ਉਤਾਰੇ, ਸਦ ਦੇ ਕਰ ਰੱਖੇ ਹੱਥ ਹੈ। ਕਲਜੁਗ ਉਧਰੇ ਪਾਰ, ਸਰਨ ਸਰਨਾਈਆ। ਪੂਰਬ ਕਰਮ ਰਿਹਾ ਵਿਚਾਰ, ਬਣੇ ਮਾਤ ਪਿਤ ਭੈਣ ਭਾਈ ਸਾਕ ਸੱਜਣ ਸੈਣ, ਕਿਸੇ ਭੇਵ ਨਾ ਪਾਈਆ। ਆਪੇ ਜਾਣੇ ਆਪਣੀ ਧਾਰ, ਨਾ ਕੋਈ ਰਸਨਾ ਸਕੇ ਕਹਿਣ, ਆਵਣ ਜਾਵਣ ਜਗਤ ਗੇੜ ਆਪਣੇ ਹੱਥ ਰਖਾਈਆ। ਜਗਤ ਮੁਕਾਏ ਲਹਿਣ ਦੇਣ, ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਪੁਰਖ ਅਬਿਨਾਸ਼ੀ, ਏਕਾ ਰਾਹ ਜਗਤ ਫਾਹ ਕਲਜੁਗ ਅੰਤਮ ਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ਾ ਬੀਸ ਇਕੀਸਾ, ਛਤਰ ਝੁੱਲੇ ਸਾਚੇ ਸੀਸਾ, ਰਾਓ ਰੰਕ ਸ਼ਾਹ ਸੁਲਤਾਨ ਵਿਚ ਜਹਾਨ, ਲਏ ਚਰਨ ਬਹਾਈਆ। ਆਏ ਚਰਨ ਰਾਜ ਰਾਜਾਨਾ। ਏਕਾ ਸਰਨ ਸ੍ਰੀ ਭਗਵਾਨਾ। ਸੋਹੰ ਸ਼ਬਦ ਨਾਮ ਨਿਧਾਨਾ। ਤਿੰਨਾਂ ਲੋਆਂ ਹਰਿ ਜਪਾਨਾ। ਅਵਰ ਨਾ ਜਾਣੇ ਕੋਇਆ, ਗੁਰਮੁਖਾਂ ਹਰਿ ਭੇਵ ਖੁਲ੍ਹਾਨਾ। ਭੇਵ ਚੁਕਾਏ ਦੋਅੰ ਦੋਆ, ਏਕਾ ਰੰਗ ਨਾਮ ਰੰਗਾਨਾ। ਆਪ ਉਠਾਏ ਕਲਜੁਗ ਸੋਇਆ, ਪ੍ਰਭ ਅਬਿਨਾਸ਼ੀ ਵਾਲੀ ਦੋ ਜਹਾਨਾਂ। ਦੁਰਮਤ ਪਾਪਾਂ ਮੈਲ ਧੋਇਆ, ਅੰਮ੍ਰਿਤ ਸੀਰ ਇਕ ਪਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਫੁੱਲ ਫੁੱਲਵਾੜੀ ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ। ਹੱਥੀਂ ਗਾਨਾਂ ਬੰਨ੍ਹ ਧੀਰ ਧਰਾਇੰਦਾ। ਕਲਜੁਗ ਮਾਇਆ ਨਾ ਲੱਗੇ ਤਨ, ਹਉਮੇ ਪੀੜ ਕਢਾਇੰਦਾ। ਭਾਂਡਾ ਭਰਮ ਦੇਵੇ ਭੰਨ, ਆਤਮ ਸਾਚੀ ਜੋਤ ਜਗਾਇੰਦਾ। ਸਾਚਾ ਸ਼ਬਦ ਸੁਣਾਏ ਕੰਨ, ਨਾਦ ਧੁਨ ਇਕ ਰਖਾਇੰਦਾ। ਆਪ ਤੁੜਾਏ ਆਤਮ ਸੁਨ, ਮਾਇਆ ਪੜਦਾ ਪਰੇ ਹਟਾਇੰਦਾ। ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖ ਸਾਚੇ ਲਾਲ ਗੋਦ ਉਠਾਇੰਦਾ। ਕਵਣ ਜਾਣੇ ਹਰਿ ਤੇਰੇ ਗੁਣ, ਬੋਧ ਅਗਾਧ ਅਗਾਧ ਬੋਧਾ ਭੇਵ ਕੋਇ ਨਾ ਪਾਇੰਦਾ। ਧੁਰਦਰਗਾਹੀ ਸਾਚਾ ਮਾਹੀ ਜਨ ਭਗਤਾਂ ਪੁਕਾਰ ਰਿਹਾ ਸੁਣ, ਪੁਰੀਆਂ ਲੋਆਂ ਧਾਰ ਬੰਨ੍ਹਾਇੰਦਾ। ਗੁਰਮੁਖ ਸਾਚੇ ਮਾਤ ਚੁਣ, ਸਾਚੇ ਧਾਮ ਲਿਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ਾ ਛਤਰ ਸੀਸਾ, ਬੀਸ ਇਕੀਸਾ ਏਕਾ ਏਕ ਝੁਲਾਇੰਦਾ। ਸਾਚਾ ਧਾਮ ਹਰਿ ਨਿਆਰਾ। ਨਾ ਕੋਈ ਦਿਸੇ ਪਾਰ ਕਿਨਾਰਾ। ਪੁਰੀਆਂ ਲੋਆਂ ਪਾਏ ਹਿੱਸੇ, ਪ੍ਰਿਥਮੀ ਅਕਾਸ਼ ਘਟ ਘਟ ਵਾਸ, ਵੇਖ ਵਖਾਣੇ ਸਰਬ ਸੰਸਾਰਾ। ਚੌਦਾਂ ਲੋਕ ਮੰਡਲ ਰਾਸ, ਬ੍ਰਹਿਮੰਡ ਵੇਖ ਵਖਾਣੇ ਹਰਿ ਪਛਾਣੇ ਸਾਚੀ ਧਾਰਾ। ਨੌਂ ਖੰਡ ਪ੍ਰਿਥਮੀ ਪਾਈ ਵੰਡ, ਸੱਤਾਂ ਦੀਪਾਂ ਸੋਹੰ ਸ਼ਬਦ ਜੈ ਜੈਕਾਰਾ। ਜਗੀ ਜੋਤ ਵਿਚ ਬ੍ਰਹਿਮੰਡ, ਵੇਖ ਵਖਾਣੇ ਹਰਿ ਪਛਾਣੇ ਵਿਚ ਵਰਭੰਡ, ਹੋਏ ਜੈ ਜੈ ਜੈਕਾਰਾ। ਬੇਮੁਖਾਂ ਅੰਤਮ ਆਈ ਕੰਡ, ਘਰ ਘਰ ਦਿਸੇ ਨਾਰ ਰੰਡ, ਲੱਖ ਚੁਰਾਸੀ ਹਾਹਾਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਕਲਜੁਗ ਅੰਤਮ ਪਾਰ ਉਤਾਰਾ। ਆਪ ਬਣਾਏ ਸਚ ਦੁਲਾਰੇ, ਸਤਿਜੁਗ ਚੜ੍ਹਾਏ ਸਾਚੇ ਚੰਦ, ਸਾਚੇ ਚੰਦ ਜਗਤ ਰੁਸ਼ਨਾਈਆ। ਠੰਡਾ ਸੀਤਲ ਬੰਦ ਬੰਦ, ਇਕ ਉਪਜਾਇਆ ਪਰਮਾਨੰਦ, ਮਦਿਰਾ ਮਾਸ ਰਸਨ ਤਜਾਈਆ। ਸ਼ਬਦ ਸੁਣਾਏ ਸਾਚਾ ਛੰਦ, ਸੋਹੰ ਢੋਲਾ ਗਾਇਆ ਚਾਈਂ ਚਾਈਂਆ। ਆਪੇ ਢਾਹੇ ਭਰਮਾਂ ਕੰਧ, ਆਤਮ ਅੰਧੇਰ ਪੜਦਾ ਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਬਖ਼ਸ਼ੰਦ, ਆਦਿ ਅੰਤ ਮੇਲ ਮਿਲਾਈਆ। ਹਰਿ ਸਮਰਥ, ਜਗਤ ਪਿਤ ਸੁਖਦਾਈਆ। ਦੇਵੇ ਨਾਮ ਸੱਚੀ ਵਥ, ਨਿਤ ਨਵਿਤ ਜੋਤੀ ਨੂਰ ਜਗਤ ਸਵਾਈਆ। ਨਾ ਕੋਈ ਜਾਣੇ ਵਾਰ ਥਿਤ, ਪ੍ਰਭ ਅਬਿਨਾਸ਼ੀ ਮਾਤ ਕਿਸੇ ਨਾ ਜਾਈਆ। ਗੁਰਮੁਖ ਵਿਰਲਾ ਰੱਖੇ ਚਿਤ, ਜਿਸ ਜਨ ਦਇਆ ਕਮਾਈਆ। ਅੰਮ੍ਰਿਤ ਆਤਮ ਕਾਇਆ ਦਏ ਸਿੰਚ, ਕਾਇਆ ਮੰਦਰ ਸਾਚਾ ਅੰਦਰ ਸਾਚਾ ਧਾਮ ਸੁਹਾਈਆ। ਆਪੇ ਬਣੇ ਹਰਿ ਸਾਚਾ ਮਿਤ, ਏਥੇ ਓਥੇ ਹੋਏ ਸਹਾਈਆ। ਮਾਨਸ ਜਨਮ ਕਲ ਲੈਣਾ ਜਿੱਤ, ਜਨਮ ਅਨਮੁੱਲੜਾ ਵਿਚ ਮਾਤ ਦੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਖੁਲ੍ਹੜਾ ਗੁਰਮੁਖ ਵਿਰਲਾ ਪੂਰੇ ਤੋਲ ਤੁਲੜਾ, ਜਿਸ ਜਨ ਤਨ ਚਰਨ ਸਰਨ ਸੀਸ ਹਰਿ ਭੇਟ ਚੜ੍ਹਾਈਆ। ਮਨ ਤਨ ਚਰਨ ਗੁਰ ਭੇਟਾ, ਨਾ ਕੋਈ ਬੇਟੀ ਨਾ ਕੋਈ ਬੇਟਾ, ਧੁਰਦਰਗਾਹੀ ਏਕਾ ਖੇਵਟ ਖੇਟਾ, ਚਾਰ ਕੁੰਟ ਹਰਿ ਚਤੁਰੰਗ ਸੂਰਾ ਸਰਬੰਗ। ਸ੍ਰਿਸ਼ਟ ਸਬਾਈ ਤਾਣਾ ਪੇਟਾ, ਸ਼ਬਦ ਘੋੜੇ ਕਸੇ ਤੰਗ। ਨਾਮ ਸ਼ਸਤਰ ਪਹਿਨੇ ਅੰਗ। ਗੁਰਮੁਖਾਂ ਪ੍ਰੇਮ ਲਾਏ ਮਹਿੰਦੀ ਰੰਗ। ਸ੍ਰਿਸ਼ਟ ਸਬਾਈ ਇਕ ਦੂਜੇ ਦੇ ਨਾਲ ਖਹਿੰਦੀ, ਨੌਂ ਖੰਡ ਪ੍ਰਿਥਮੀ ਲਾਏ ਜੰਗ। ਝੂਠੇ ਵਹਿਣ ਅੰਤਮ ਕਲ ਵਹਿੰਦੀ। ਪ੍ਰਭ ਪ੍ਰਗਟ ਹੋਏ ਭੇਖਾਧਾਰੀ, ਧਾਰ ਭੇਖ ਅਮਾਮ ਮਹਿੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ, ਸੰਗ ਮੁਹੰਮਦ ਚਾਰ ਯਾਰ। ਵੇਖ ਵਖਾਣੇ ਪਾਏ ਸਾਰ। ਈਸਾ ਮੂਸਾ ਬੰਨ੍ਹੇ ਧਾਰ। ਪੰਚਮ ਪੋਹ ਵੇਖ ਵਿਚਾਰ। ਵਾਲੀ ਹਿੰਦ ਪ੍ਰਭ ਕਰੇ ਖ਼ਬਰਦਾਰ। ਪ੍ਰਗਟ ਹੋਇਆ ਵਡਾ ਸ਼ਾਹ ਮਰਗਿੰਦ, ਸ਼ਬਦ ਡੰਕ ਵੱਜੇ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣਾ ਬਾਣਾ ਸ਼ਬਦ ਤਾਣਾ, ਪੰਚਮ ਪੋਹ ਹਰਿ ਸੁਹਾਨਾ, ਵਾਲੀ ਹਿੰਦ ਸੋਇਆ ਮੋਇਆ ਆਪ ਉਠਾਨਾ, ਲੇਖ ਲਿਖਾਏ ਅਪਰ ਅਪਾਰ। ਲੇਖਾ ਲਿਖਣਹਾਰ ਸੁਲਤਾਨਾ। ਵੇਖ ਵਖਾਣੇ ਸ੍ਰੀ ਭਗਵਾਨਾ। ਭੇਖ ਵਟਾਏ ਕ੍ਰਿਸ਼ਨਾ ਕਾਹਨਾ। ਤੀਜੇ ਲੋਇਣ ਦਰਸ ਦਿਖਾਏ, ਨੈਣ ਮੁੰਧਾਰੀ ਨੈਣ ਮੁੰਧਾਨਾ। ਅੰਮ੍ਰਿਤ ਮੇਘ ਬਰਸ ਵਖਾਏ, ਇੰਦ ਇੰਦਰਾਸਣ ਚਰਨ ਬਹਾਏ, ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਜਿਨ ਉਪਾਏ, ਅੰਤਮ ਕਲ ਆਪ ਮਿਟਾਨਾ। ਸਾਚੀ ਜੋਤ ਦਸ ਦਸਮੇਸ਼ ਸ਼ਬਦ ਸ਼ਹੀਦੀ ਬੰਨ੍ਹੇ ਗਾਨਾ। ਕਲਜੁਗ ਅੰਤਮ ਵੇਸ ਕਰਾਏ, ਨਾ ਕੋਈ ਜਾਣੇ ਜੀਵ ਜਹਾਨਾ। ਖੁਲ੍ਹੇ ਹਰਿ ਜੀ ਕੇਸ ਰਖਾਏ, ਆਤਮ ਜੋਤੀ ਨੂਰ ਮਹਾਨਾ। ਮਾਝੇ ਦੇਸ ਹੋਏ ਰੁਸ਼ਨਾਏ, ਵਾਲੀ ਹਿੰਦ ਸਖੀ ਸੁਲਤਾਨਾ। ਵਰਨ ਬਰਨ ਨਾ ਕੋਈ ਰਖਾਏ, ਜਾਤ ਪਾਤ ਹਰਿ ਭੇਵ ਮਿਟਾਨਾ। ਏਕਾ ਸਰਨ ਟੇਕ ਰਖਾਏ ਆਤਮ ਤੀਰ ਨਿਰ ਨਿਸ਼ਾਨਾ। ਗੁਰਮੁਖਾਂ ਆਤਮ ਬੁੱਧ ਬਬੇਕ ਕਰਾਏ, ਸੋਹੰ ਦੇਵੇ ਨਾਮ ਨਿਧਾਨਾ। ਸ੍ਰਿਸ਼ਟ ਸਬਾਈ ਇਕ ਕਰਾਏ। ਰਾਓ ਰੰਕ ਦਵਾਰ ਬੰਕ ਹਰਿ ਇਕ ਸੁਹਾਏ, ਸ਼ਬਦ ਵਜਾਏ ਸਾਚਾ ਡੰਕ, ਚਾਰ ਕੁੰਟ ਹਰਿ ਸੁਹਾਨਾ। ਗੁਰਮੁਖ ਉਧਾਰੇ ਜਿਉਂ ਰਾਜਾ ਜਨਕ, ਪਤਤ ਪਾਵਨ ਪਾਰ ਕਰਾਨਾ। ਪ੍ਰਗਟ ਹੋਏ ਵਾਸੀ ਪੁਰੀ ਘਨਕ, ਮਾਤਲੋਕ ਕਲਜੁਗ ਅੰਤਮ ਵਕਤ ਸੁਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਤਿੰਨਾਂ ਲੋਕਾਂ ਪਾਏ ਸੋ, ਆਪਣਾ ਭਾਣਾ ਆਪਣੇ ਹੱਥ ਰਖਾਨਾ। ਕਾਲਾ ਸੂਸਾ ਤਨ ਸ਼ਿੰਗਾਰ। ਈਸਾ ਮੂਸਾ ਹੋਏ ਖੁਆਰ। ਸੰਗ ਮੁਹੰਮਦ ਚਾਰ ਯਾਰ। ਅਹਿਮਦ ਬੀਰ ਬੈਤਾਲੇ ਦਰ ਦਰ ਭਿਖਾਰ। ਚਾਰੋਂ ਕੁੰਟ ਹੋਏ ਕੰਗਾਲੇ, ਕੋਈ ਨਾ ਪਾਵੇ ਸਾਰ। ਮਸੀਤ ਮੰਦਰ ਨਾ ਦਿਸੇ ਧਨ ਮਾਲੇ, ਚਾਰੋਂ ਕੁੰਟ ਭੱਠ ਅੰਗਿਆਰ। ਫਲ ਨਾ ਦਿਸੇ ਕਿਸੇ ਡਾਲੇ, ਲੱਖ ਚੁਰਾਸੀ ਆਈ ਹਾਰ। ਜਨ ਭਗਤਾਂ ਤੋੜੇ ਜਗਤ ਜੰਜ਼ਾਲੇ, ਸ਼ਬਦ ਪਹਿਨਾਏ ਸਾਚਾ ਹਾਰ। ਸੱਚੀ ਵਸਤ ਨਾਮ ਦੇਵੇ ਧਨ ਮਾਲੇ, ਅੰਤਮ ਅੰਤ ਨਾ ਆਏ ਹਾਰ। ਪ੍ਰਭ ਭੇਖਾ ਧਾਰੀ ਕਰੇ ਭੇਖ, ਸ੍ਰਿਸ਼ਟ ਸਬਾਈ ਵੇਖ ਤਨ ਪਹਿਨਾਏ ਸੂਸੇ ਕਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਰ ਜਗਤ ਦਵਾਰਾ ਦਸਵਾਂ ਘਰ ਹਰਿ ਨਿਰੰਕਾਰਾ ਗੁਰਮੁਖਾਂ ਪਾਵੇ ਸਾਰਾ। ਸਰਬ ਸਹਾਈ ਜੋਤੀ ਨੂਰ ਇਕ ਅਲਾਹੀ। ਨੂਰ ਨਿਰੰਤਰ ਸਰਬ ਘਟ ਅੰਤਰ, ਜਗੇ ਜੋਤ ਇਕ ਬਸੰਤਰ, ਭੇਵ ਕਿਸੇ ਨਾ ਪਾਈ। ਨੂਰ ਅਲਾਹੀ ਅੱਲਾ ਐਲੀ ਹੱਕ। ਨਾ ਕੋਈ ਮਿਲਿਆ ਸਚ ਘਰ ਮਾਹੀ, ਅੰਤਮ ਫਲ ਗਿਆ ਪੱਕ। ਕਵਣ ਦੇਵੇ ਠੰਡੀ ਛਾਂਈ, ਕਲਜੁਗ ਅੰਤਮ ਗਿਆ ਥੱਕ, ਨਾ ਕੋਈ ਪਕੜੇ ਦੋਵੇਂ ਬਾਹੀਂ, ਚਾਰੋਂ ਕੁੰਟ ਪੈਣ ਧੱਕ। ਦਰ ਦਵਾਰੇ ਰੋਵਣ ਗਰੀਬ ਗਊ ਗਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ, ਦੂਰ ਦੁਰਾਡੇ ਰਿਹਾ ਤੱਕ। ਹਰਿ ਭਗਤ ਜਗਤ ਵਡਿਆਈਆ। ਸਾਚੀ ਬੂੰਦ ਰਕਤ, ਪ੍ਰਭ ਜੋਤੀ ਨੂਰ ਸਵਾਈਆ। ਪਵਣ ਸ਼ਬਦੀ ਸਾਚੀ ਸ਼ਕਤ, ਆਦਿ ਅੰਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਇਕ ਰਖਾਏ ਸਚ ਘਰ, ਆਵੇ ਜਾਵੇ ਆਪਣੀ ਖੇਲ ਰਚਾਈਆ। ਆਵਣ ਜਾਵਣ ਖੇਲ ਕਰਤਾਰਾ। ਪਤਤ ਪਾਵਨ ਵਿਚ ਸੰਸਾਰਾ। ਭੇਖਾਧਾਰੀ ਹਰਿ ਬਨਵਾਰੀ, ਜਿਉਂ ਬਲ ਬਾਵਨ ਕਰੇ ਖੇਲ ਅਪਰ ਅਪਾਰਾ। ਜੋਤੀ ਜੋਤ ਸਰੂਪ ਹਰਿ, ਇਕ ਰਖਾਏ ਸਚ ਘਰ, ਆਦਿ ਅੰਤ ਜੁਗਾ ਜੁਗੰਤ, ਤ੍ਰੈ ਲੋਆਂ ਪਾਵੇ ਸਾਰਾ। ਤ੍ਰੈ ਲੋਆਂ ਪਾਏ ਸਾਰ ਸੁਰਤ ਸੰਭਾਲਦਾ। ਕਰੇ ਜੋਤ ਇਕ ਅਕਾਰ, ਲੱਖ ਚੁਰਾਸੀ ਪਸਰ ਪਸਾਰ ਮਾਤ ਪਤਾਲ ਅਕਾਸ਼ ਏਕਾ ਧਾਰ ਰਖਾਇੰਦਾ। ਘੱਟ ਘੱਟ ਹਰਿ ਜੀ ਰੱਖੇ ਵਾਸ, ਏਕਾ ਸ਼ਬਦ ਪਵਣ ਸਵਾਸ, ਗੁਰਮੁਖਾਂ ਧੀਰ ਧਰਾਇੰਦਾ। ਲੱਖ ਚੁਰਾਸੀ ਹੋਣੀ ਨਾਸ, ਮੁਖ ਲਗਾਇਣ ਮਦਿਰਾ ਮਾਸ, ਆਤਮ ਰਸ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਅੰਤਮ ਕਲ ਵਸੇ ਨਿਹਚਲ ਧਾਮ ਅਟਲ, ਭਾਣਾ ਰਾਣਾ ਆਪਣੇ ਹੱਥ ਰਖਾਇੰਦਾ। ਸਾਚਾ ਭਾਣਾ ਹਰਿ ਕਰਤਾਰ। ਨਾ ਕੋਈ ਜਾਣੇ ਜੀਵ ਜੰਤ ਗਵਾਰ। ਕਲਜੁਗ ਭੁੱਲੇ ਮਾਇਆ ਰੁਲੇ, ਡੁੱਬੇ ਵਿਚ ਮੰਝਧਾਰ। ਲੱਗੀ ਅਗਨ ਕਾਇਆ ਕੁਲੇ, ਆਤਮ ਭਰਿਆ ਇਕ ਹੰਕਾਰ। ਗੁਰਮੁਖ ਵਿਰਲਾ ਪੂਰੇ ਤੋਲ ਤੁੱਲੇ, ਮਿਲਿਆ ਜਿਸ ਸ਼ਬਦ ਅਧਾਰ। ਮਾਤ ਫੁਲਵਾੜੀ ਫਲੇ ਫੁੱਲੇ, ਲੋਕਮਾਤੀ ਸਚ ਬਹਾਰ। ਗੁਰਮੁਖਾਂ ਅੰਮ੍ਰਿ਼ਤ ਆਤਮ ਅੰਤ ਨਾ ਡੁੱਲੇ, ਖੁੱਲ੍ਹੇ ਕਵਲ ਜੋਤ ਉਜਿਆਰ। ਬੇਮੁਖਾਂ ਪਾਣੀ ਪਿਆ ਕਾਇਆ ਚੁੱਲ੍ਹੇ, ਹੋਏ ਅੰਧ ਅੰਧਿਆਰ। ਹਰਿ ਸ਼ਬਦ ਭੰਡਾਰਾ ਸਦਾ ਖੁਲ੍ਹੇ, ਦੇਵਣਹਾਰ ਸਰਬ ਸੰਸਾਰ। ਕੋਇ ਨਾ ਲਾਏ ਹਰਿ ਜੀ ਮੁੱਲੇ, ਨਿਹਕਲੰਕ ਲਏ ਅਵਤਾਰ। ਗੁਰਮੁਖ ਵਿਰਲਾ ਪੂਰੇ ਤੋਲ ਤੁਲੇ, ਮਾਇਆ ਰੁਲੇ, ਜੂਠੇ ਝੂਠੇ ਜਗਤ ਵਿਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਸ਼ਬਦ ਘੋੜੇ ਚਿੱਟੇ ਅਸਵ ਰਹੇ ਅਸਵਾਰ। ਸ਼ਬਦ ਘੋੜੇ ਹਰਿ ਅਸਵਾਰਾ। ਚਾਰ ਕੁੰਟ ਪਾਵੇ ਸਾਰਾ। ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਿਚ ਜਹਾਨਾਂ, ਵੇਖੇ ਵਿਗਸੇ ਕਰ ਵਿਚਾਰਾ। ਕਲਜੁਗ ਜੀਵ ਜੂਠਾ ਝੂਠਾ ਪੀਣ ਖਾਣ, ਸਾਚਾ ਨਾਮ ਇਕ ਗਿਰਧਾਰਾ। ਦਰਗਹਿ ਸਾਚੀ ਨਾ ਮਿਲੇ ਮਾਣ, ਮਾਇਆ ਮਮਤਾ ਦੁੱਖ ਲੱਗਾ ਭਾਰਾ। ਜਨ ਭਗਤਾਂ ਚੁਕਾਏ ਜਮ ਕੀ ਕਾਣ, ਦੇਵੇ ਦਰਸ ਅਗੰਮ ਅਪਾਰਾ। ਸ਼ਬਦ ਦੁਸ਼ਾਲਾ ਦੇਵੇ ਤਾਣ, ਜੋਤੀ ਨੂਰਾ ਸਾਚਾ ਸੂਰਾ, ਸਰਬ ਕਲਾ ਭਰਪੂਰਾ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਆਪ ਬਿਠਾਏ ਸ਼ਬਦ ਬਬਾਣ। ਸਚ ਬਬਾਣਾ ਸ਼ਬਦ ਉਡਾਰੀ। ਸਚ ਮਸਾਣਾ ਪੀਣਾ ਖਾਣਾ ਨਾਮ ਅਧਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਨਿਆਰੀ। ਸੰਤ ਸੁਹੇਲਾ ਮੀਤ, ਹਰਿ ਰਾਮ ਰਮਈਆ ਹਰਿ ਰਹਿਮਾਨ। ਮਾਨਸ ਜਨਮ ਜਾਣਾ ਜਗ ਜੀਤ, ਦਰ ਪੁਰਖ ਸੁਜਾਨ। ਆਪ ਚੁਕਾਏ ਜਮ ਕਾ ਡਰ, ਗੁਰਮੁਖ ਆਤਮ ਬੂਝ ਬੁਝਾਨ। ਆਤਮ ਜੋਤੀ ਨੂਰ ਕਰ, ਮੇਟ ਮਿਟਾਏ ਅੰਧ ਅੰਧਿਆਨ। ਏਕਾ ਇਕ ਇਕ ਸ਼ਬਦ ਸਾਚੀ ਤੂਰ, ਧੁਨੀ ਧੁਨ ਧੁਨੀ ਧੁਨਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਅਕੇਲਾ ਸੰਤ ਸੁਹੇਲਾ, ਕਰੇ ਖੇਲ ਕਲ ਅੰਤ ਮਹਾਨ। ਕਲਜੁਗ ਅੰਤਮ ਖੇਲ ਰਚਾਉਣੀ। ਗੁਰਮੁਖ ਸਾਚੇ ਸੰਤ ਪ੍ਰਭ ਬਣਤ ਬਣਾਉਣੀ। ਮਿਲੇ ਮੇਲ ਹਰਿ ਸਾਚੇ ਕੰਤ, ਆਲਸ ਨਿੰਦਰਾ ਮਗਰੋਂ ਲਾਹੁਣੀ। ਨਾ ਕੋਈ ਜਾਣੇ ਜੀਵ ਜੰਤ, ਲੱਖ ਚੁਰਾਸੀ ਜਿਸ ਕਟਾਉਣੀ। ਕਲਜੁਗ ਭੁੱਲੇ ਜੂਠੇ ਝੂਠੇ ਸੰਤ, ਗੁਰ ਗੋਬਿੰਦ ਲਿਖਤ ਭਵਿਖਤ ਹਰਿ ਸਾਚੇ ਪੂਰ ਕਰਾਉਣੀ। ਲੱਖ ਚੁਰਾਸੀ ਦੇਵ ਦੰਤ, ਧਰਮ ਰਾਏ ਤੇਰੇ ਹੱਥ ਫੜਾਉਣੀ। ਜਨ ਭਗਤ ਬਣਾਏ ਸਾਚੀ ਬਣਤ, ਸਤਾਰਾਂ ਹਾੜੀ ਫੁੱਲ ਫੁੱਲਵਾੜੀ ਪ੍ਰਭ ਸਾਚੇ ਮਾਤ ਲਗਾਉਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਦਵਾਰ ਹਰਿ ਭਗਤ ਅਧਾਰ, ਏਕਾ ਧਾਮ ਗੁਰ ਸੰਗਤ ਮੇਲ ਮਿਲਾਉਣੀ। ਹਰਿ ਧਾਮ ਜਗਤ ਅਪਾਰ। ਜੋਤੀ ਰਾਮ ਖੇਲ ਕਰਤਾਰ। ਗੁਰਮੁਖ ਮਾਣਕ ਮੋਤੀ ਕਾਇਆ ਝੂਠਾ ਚਾਮ, ਕਰਾਏ ਸੱਚਾ ਵਣਜ ਵਪਾਰ। ਸੋਹੰ ਜਪਾਏ ਸਾਚਾ ਨਾਮ, ਚਾਰ ਵਰਨ ਇਕ ਪਿਆਰ। ਕਰਾਏ ਗੁਰਸਿਖਾਂ ਪੂਰਨ ਕਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜਿਉਂ ਤਰੇਤਾ ਰਾਮ। ਅੰਤਮ ਕਲ ਜਗਤ ਵਣਜਾਰਾ। ਪ੍ਰਭ ਅਬਿਨਾਸ਼ੀ ਕਰਿਆ ਵਲ ਛਲ, ਭੁੱਲਿਆ ਹਰਿ ਸੰਸਾਰਾ। ਜੋਤੀ ਖੇਲ ਘੜੀ ਘੜੀ ਪਲ ਪਲ, ਬੇਮੁਖ ਜੀਵ ਨਾ ਪਾਇਣ ਸਾਰਾ। ਵੇਖ ਵਖਾਣੇ ਜਲ ਥਲ, ਜੰਗਲ ਜੂਹ ਉਜਾੜ ਪਹਾੜਾ। ਲੱਖ ਚੁਰਾਸੀ ਪਾਏ ਡੂੰਘੀ ਡਲ, ਆਪ ਚਬਾਏ ਆਪਣੀ ਦਾੜ੍ਹਾ। ਗੁਰਮੁਖ ਬਹਾਏ ਨਿਹਚਲ ਧਾਮ ਅਟੱਲ, ਦਰ ਖੁਲ੍ਹਾਏ ਸਤਾਰਾਂ ਹਾੜਾ। ਕਲਜੁਗ ਭਾਣਾ ਨਾ ਜਾਏ ਟਲ, ਬੇਮੁਖਾਂ ਲੱਗੇ ਅਗਨ ਬਹੱਤਰ ਨਾੜਾ। ਸ੍ਰਿਸ਼ਟ ਸਬਾਈ ਜਾਏ ਹੱਲ, ਸ਼ਬਦ ਸਰੂਪੀ ਉਠੇ ਧਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰਾ ਇਕ ਬਣਾਏ ਮਾਤ ਅਖਾੜਾ। ਸੁਰਤ ਸ਼ਬਦ ਹਰਿ ਚਰਨ ਧਿਆਨ ਰਖਾਇੰਦਾ। ਸੋਹੰ ਸਾਚਾ ਨਾਮ ਬਬਾਣ, ਹਰਿ ਸੰਤਾਂ ਆਪ ਚੜ੍ਹਾਇੰਦਾ। ਇਕ ਲਗਾਏ ਸਚ ਉਡਾਨ, ਖੰਡ ਬ੍ਰਹਿਮੰਡ ਵਰਭੰਡ ਪਾਰ ਕਰਾਇੰਦਾ। ਦਰ ਘਰ ਸਾਚੇ ਦੇਵੇ ਮਾਣ, ਚਰਨ ਸਰਨ ਇਕ ਰਖਾਇੰਦਾ। ਨਾ ਕੋਈ ਸਕੇ ਕਲ ਪਛਾਣ, ਜੋਤੀ ਜਾਮਾ ਹਰਿ ਜੀ ਪਾਇੰਦਾ। ਗੁਰ ਨਾਨਕ ਕਰਿਆ ਇਕ ਧਿਆਨ, ਨਿਹਕਲੰਕੀ ਡੰਕ ਵਜਾਇੰਦਾ। ਗੁਰ ਗੋਬਿੰਦ ਰਖਾਈ ਏਕਾ ਆਣ, ਵਿਸ਼ਨੂੰ ਭਗਵਾਨ ਖੇਲ ਖਿਲਾਇੰਦਾ। ਦਰ ਦਵਾਰੇ ਦੇਵੇ ਸਾਚਾ ਮਾਣ, ਅੰਤਮ ਕਲ ਨੂਰ ਨੁਰਾਨਾ ਸ਼ਾਹ ਸੁਲਤਾਨਾ ਵਡ ਮਿਹਰਬਾਨਾ, ਭੇਖ ਅਵੱਲੜਾ ਇਕ ਇਕੱਲੜਾ ਮਾਤ ਰਖਾਇੰਦਾ। ਗੁਰਮੁਖਾਂ ਰੱਖੇ ਭਾਰਾ ਪਲੜਾ, ਸਾਚੀ ਧਾਰ ਹਰਿ ਬੰਨ੍ਹਾਇੰਦਾ। ਦੱਸੇ ਰਾਹ ਇਕ ਸੁਖਲੜਾ, ਸੋਹੰ ਸਾਚਾ ਜਾਪ ਜਪਾਇੰਦਾ। ਆਤਮ ਦਰ ਦਵਾਰੇ ਅੱਗੇ ਖਲੜਾ, ਨਿਜ ਘਰ ਆਤਮ ਦਰਸ ਦਿਖਾਇੰਦਾ। ਕਲਜੁਗ ਅੰਧੇਰ ਏਕਾ ਝੁਲੜਾ, ਨਾ ਕੋਈ ਕਿਸੇ ਛੁਡਾਇੰਦਾ। ਕਲਜੁਗ ਜੀਆਂ ਫਲ ਕਾਇਆ ਅੰਤਮ ਹੁਲੜਾ, ਦੂਜੀ ਵਾਰ ਨਾ ਕੋਈ ਲਗਾਇੰਦਾ। ਲੱਗੀ ਅੱਗ ਕਾਇਆ ਕੁੱਲੜਾ, ਕੋਈ ਨਾ ਦਿਸੇ ਬੁਝਾਇੰਦਾ। ਦਰ ਦਵਾਰਾ ਨਰ ਨਿਰੰਕਾਰਾ ਏਕਾ ਖੁਲ੍ਹੜਾ, ਗੁਰਮੁਖਾਂ ਦਇਆ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਫੜ ਫੜ ਬਾਹੋਂ ਧੁਰ ਦਰਗਾਹੋਂ ਵਿਛੜੇ ਆਪ ਮਿਲਾਇੰਦਾ। ਵਿਛੜੇ ਧੁਰ ਦਰਗਹਿ, ਮੇਲੇ ਹਰਿ ਨਿਰੰਕਾਰਿਆ। ਬਣ ਜਗਤ ਮਲਾਹ, ਨਿਹਕਲੰਕ ਕਲ ਜਾਮਾ ਧਾਰਿਆ। ਗੁਰ ਗੋਬਿੰਦ ਵੇਲੇ ਅੰਤਮ ਮਾਰੀ ਧਾਹ, ਦਰ ਸਾਚੇ ਇਕ ਪੁਕਾਰਿਆ। ਕਵਣ ਪਕੜੇ ਮੇਰੀ ਬਾਂਹ, ਲੋਕਮਾਤ ਦੇਵੇ ਕਵਣ ਸਹਾਰਿਆ। ਪਿਤਾ ਪੂਤ ਵਾਰੀ ਮਾਂ, ਖਾਲੀ ਚਲਿਆ ਤੇਰੇ ਦਵਾਰਿਆ। ਸਿਰ ਰੱਖੀਂ ਠੰਡੀ ਛਾਂ, ਘਰ ਘਰ ਉਡਾਈਂ ਕਾਂ, ਨਿਹਕਲੰਕ ਅੰਤਮ ਕਲ ਆਪ ਆਪਣੀ ਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਦਰਵਾਜ਼ਾ ਹਰਿ ਦਵਾਰ ਸੱਚਾ ਦਰਬਾਰ ਗੁਰ ਪੀਰ ਸਾਧ ਸੰਤ ਔਲੀਏ ਪੀਰ ਸ਼ੇਖ਼ ਗੌਂਸ ਮੰਗਦੇ ਰਹੇ ਵਾਰੋ ਵਾਰਿਆ। ਸੱਚਾ ਇਕ ਦਰਬਾਰ ਨਰ ਨਿਰੰਕਾਰ ਹੈ। ਦੂਜਾ ਕੋਈ ਨਾ ਪਾਵੇ ਸਾਰ, ਲੱਖ ਚੁਰਾਸੀ ਰਹੀ ਝਖ ਮਾਰ ਹੈ। ਤੀਜੇ ਜੋਤੀ ਇਕ ਅਕਾਰ, ਲੱਖ ਚੁਰਾਸੀ ਪਸਰ ਪਸਾਰ ਹੈ। ਚੌਥੀ ਸ਼ਬਦ ਇਕ ਉਡਾਰ, ਤਿੰਨਾਂ ਲੋਆਂ ਖੰਡ ਮੰਡਲ ਬ੍ਰਹਿਮੰਡਾਂ ਦੇਵੇ ਸਚ ਸੱਚੀ ਧੁਨਕਾਰ ਹੈ। ਜੋਤੀ ਜੋਤ ਸਰੂਪ ਹਰਿ, ਪੰਚਮ ਪਵਣ ਅਵਣ ਗਵਣ, ਲੱਖ ਚੁਰਾਸੀ ਦੇਵੇ ਇਕ ਸਵਾਸ ਹੈ। ਛੇਵੇਂ ਛੱਪਰ ਛੰਨ ਨਾ ਕੋਇ, ਜਿਥੇ ਹਰਿ ਜੀ ਸੱਚਾ ਸੋਏ, ਸਾਚੀ ਜੋਤ ਇਕ ਪ੍ਰਕਾਸ਼ ਹੈ। ਸਤਵੇਂ ਘਰ ਜੋਤ ਨਿਰੰਜਣ ਇਕ ਬਲੋਏ, ਸੰਤ ਗੁਰ ਨਾ ਕਰੇ ਕੋਈ ਕਿਆਸ ਹੈ। ਅਠਵੇਂ ਅੱਠ ਤੱਤ ਵਿਚਾਰੇ, ਵਸੇ ਕਾਇਆ ਮਹੱਲ ਮੁਨਾਰੇ, ਨਾ ਕੋਈ ਜਾਣੇ ਜੀਵ ਸੰਸਾਰੇ, ਜਨ ਭਗਤਾਂ ਹੋਇਆ ਦਾਸ ਹੈ। ਨਾਵੇਂ ਰੰਗ ਸੱਚੇ ਗਿਰਧਾਰੇ, ਮਾਤ ਉਪਜਾਏ ਸਚ ਸੁੱਚ ਇਕ ਦਰਬਾਰੇ, ਨੌਂ ਦਰ ਬੇਮੁਖਾਂ ਘਰ ਆਪ ਖੁਲ੍ਹਾਰੇ, ਗੁਰਮੁਖਾਂ ਬੰਦ ਕਰਾਇੰਦਾ। ਦਸਵੇਂ ਦਹਿ ਦਿਸ਼ ਵਿਚਾਰੇ, ਗੁਰਮੁਖਾਂ ਵਸੇ ਆਤਮ ਘਰ ਸੱਚੇ ਦਵਾਰੇ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਧਾਮ ਜਗਤ ਅਟੱਲ ਪੰਚਮ ਪੋਹ ਨੀਂਹ ਰਖਾਇੰਦਾ। ਪੰਚਮ ਪੋਹ ਬੰਨ੍ਹੇ ਧਾਰ। ਆਪ ਉਠਾਏ ਸ਼ਬਦ ਖੰਡਾ ਸਾਚਾ ਡੰਡਾ ਨਾ ਜਾਣੇ ਕੋ, ਰਾਜਾ ਰਾਣਾ ਲਏ ਸੁਧਾਰ। ਗੁਰਮੁਖਾਂ ਬੀਜ ਆਤਮ ਸਾਚਾ ਬੋ, ਸੋਹੰ ਸ਼ਬਦ ਹਰਿ ਅਪਾਰ। ਏਕਾ ਹਲ ਹਰਿ ਰਸਨਾ ਰਿਹਾ ਜੋ, ਆਪ ਬਣਾਏ ਸਤਿ ਸਤਿ ਸਤਿ ਬਹਾਰ। ਬੇਮੁਖ ਗੁਰ ਦਰ ਨਾ ਸਕੇ ਛੋਹ, ਦੇਵੇ ਦਰ ਦੁਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ, ਸਚ ਮਹੱਲ ਦਏ ਉਸਾਰ। ਸਚ ਮਹੱਲ ਕਰ ਉਸਾਰੀ। ਪੁਰੀਆਂ ਲੋਆਂ ਬੰਨ੍ਹੇ ਧਾਰੀ। ਪੂਰਬ ਕਰਮ ਸਰਬ ਵਿਚਾਰੀ। ਬ੍ਰਹਮਲੋਕ ਹਰਿ ਖੇਲ ਨਿਆਰੀ। ਗੁਰਮੁਖ ਜੋਤੀ ਜਗੇ ਅਪਾਰੀ। ਇੰਦਲੋਕ ਸੱਚੀ ਸਰਦਾਰੀ। ਕਰੋੜ ਤੇਤੀਸਾ ਚਰਨ ਨਿਮਸਕਾਰੀ। ਛੋਟੇ ਬਾਲੇ ਸਿਰ ਛਤਰ ਝੁਲਾਰੀ। ਜਗਤ ਜਗਦੀਸ਼ੇ ਆਈ ਵਾਰੀ। ਕਲਜੁਗ ਅੰਤਮ ਖੇਲ ਅਪਾਰੀ। ਸ਼ਿਵ ਸ਼ੰਕਰ ਸੁੰਨ ਸਮਾਧੀ ਆਤਮ ਸਾਧੀ, ਜਟਾ ਜੂਟ ਧਾਰੀ। ਜੋਤ ਨਿਰੰਜਣ ਪ੍ਰਭ ਸਾਚੇ ਲਾਧੀ, ਸ਼ਬਦ ਲੱਗਾ ਮਗਰ ਭਾਰੀ। ਅੰਤਮ ਕਲਜੁਗ ਵਿਚ ਸਾਚਾ ਨਾਦੀ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡਾ ਮਾਧਵ ਮਾਧੀ, ਸਚ ਮਹੱਲ ਇਕ ਅਟੱਲ ਕਰੇ ਸਚ ਉਸਾਰੀ। ਹਰਿ ਬ੍ਰਹਿਮੰਡ ਬ੍ਰਹਿਮੰਡ, ਅਕਾਰ ਵੇਖ ਵਖਾਣੇ। ਸਰਬ ਘਟ ਜਾਣੇ ਹਰਿ ਵਿਚ ਨੌਂ ਖੰਡ, ਕਰੇ ਖੇਲ ਹਰਿ ਮਹਾਨੇ। ਕਲਜੁਗ ਜੀਵਾਂ ਹੋਈ ਆਤਮ ਰੰਡ, ਭੁੱਲੇ ਜੀਵ ਜੰਤ ਬੇਮੁਹਾਣੇ। ਵੇਲੇ ਅੰਤਮ ਪ੍ਰਭ ਦੇਵੇ ਕੰਡ, ਨਾ ਕੋਈ ਕਰੇ ਗੁਰ ਪੀਰ ਸਹਾਨੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਤਮ ਠੰਡ, ਦੇਵੇ ਨਾਮ ਗੁਣ ਨਿਧਾਨੇ। ਦੇਵੇ ਨਾਮ ਹਰਿ ਭਗਤ ਅਧਾਰੀ। ਪੂਰਨ ਕਰੇ ਕਾਮ, ਜੋਤੀ ਨੂਰ ਸਰਬ ਪਸਾਰੀ। ਮਿਟੇ ਕਲ ਰੈਣ ਅੰਧੇਰੀ ਸ਼ਾਮ, ਜਗੇ ਜੋਤ ਇਕ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਚ ਪੁਰਖ ਸੁਜਾਨਾ, ਚਲਾਏ ਸ਼ਬਦ ਤੀਰ ਸਾਚੀ ਧਾਰੀ। ਸ਼ਬਦ ਸਾਚੀ ਧਾਰੀ ਵਿਚ ਜਹਾਨ ਹੈ। ਲੱਖ ਚੁਰਾਸੀ ਪਾਵੇ ਸਾਰੀ, ਏਕਾ ਜਗਤ ਸੱਚੀ ਉਡਾਨ ਹੈ। ਸਾਧਾਂ ਸੰਤਾਂ ਵੇਖ ਵਖਾਣੇ ਵਾਰੋ ਵਾਰੀ। ਸ਼ਬਦ ਘੋੜੇ ਹਰਿ ਬਲਵਾਨ ਹੈ। ਨਾ ਕੋਈ ਜਾਣੇ ਨਰ ਨਾਰੀ, ਨਿਹਕਲੰਕ ਝੁਲਾਏ ਸੱਚਾ ਇਕ ਨਿਸ਼ਾਨ ਹੈ। ਇੱਕੀ ਮਾਘ ਕਰੇ ਤਿਆਰੀ, ਸਿੰਘ ਲਾਭ ਜਾਣਾ ਜਾਗ, ਨਾ ਸੌਣਾ ਬਣ ਨਾਦਾਨ ਹੈ। ਇੱਕੀ ਮਾਘ ਆਏ ਦਵਾਰੇ। ਕਰੇ ਖੇਲ ਹਰਿ ਨਿਰੰਕਾਰੇ। ਸਤਵੇਂ ਘਰ ਸਾਚਾ ਮੇਲ, ਛੇ ਪੰਜ ਨਾ ਹਰਿ ਵਿਚਾਰੇ। ਸ਼ਬਦ ਚੜ੍ਹਨਾ ਸਾਚਾ ਤੇਲ, ਚੌਥੇ ਦਰ ਬੰਦ ਕਵਾੜੇ। ਅਚਰਜ ਖੇਲ ਪਾਰਬ੍ਰਹਮ ਕਲ ਖੇਲ, ਲੱਗੇ ਅਗਨ ਤੱਤੀ ਹਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਵਿਚ ਮਾਤ ਉਪਜਾਏ ਧੁਰਦਰਗਾਹੀ ਸਾਚੇ ਲਾੜੇ। ਇੱਕੀ ਮਾਘ ਹਰਿ ਅਸਵਾਰਾ ਪਵਣ ਘੋੜਾ। ਸ਼ਬਦ ਤਿੱਖੀ ਧਾਰਾ ਨਾਮ ਜੋੜਾ। ਨਾ ਕੋਈ ਪਾਵੇ ਸਾਰਾ, ਵੇਖੇ ਪਰਖੇ ਮਿੱਠਾ ਕੌੜਾ। ਸ਼ਬਦ ਧੁਨੀ ਨਾੜੀ ਤਨ ਮੰਦਰ ਮਹੱਲ ਮੁਨਾਰਾ, ਦਸਮ ਦਵਾਰੇ ਏਕਾ ਸਾਚਾ ਪੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਮਾਰ ਝਾਤ ਇਕ ਇਕਾਂਤ ਧੁਰਦਰਗਾਹੀ ਸਾਚਾ ਮਾਹੀ ਆਇਆ ਦੌੜਾ। ਧੁਰਦਰਗਾਹੀ ਧਾਮ ਅਵੱਲਾ। ਵਸੇ ਹਰਿ ਇਕ ਇਕੱਲਾ। ਲੱਖ ਚੁਰਾਸੀ ਆਪ ਭੁਲਾਏ, ਕਰ ਵਲ ਛਲਾ। ਗੁਰਮੁਖ ਸਾਚੇ ਲਏ ਜਗਾਏ, ਸੋਹੰ ਸ਼ਬਦ ਹੱਥ ਫੜਾਏ ਸਾਚਾ ਭੱਲਾ। ਸਾਧ ਸੰਤ ਆਦਿ ਅੰਤ ਜੁਗਾ ਜੁਗੰਤ ਪ੍ਰਭ ਰਿਹਾ ਪੈਜ ਰਖਾਈ। ਵੇਖ ਵਖਾਣੇ ਜੋ ਜਾਣੇ ਸਚ ਮਹੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਸ਼ਬਦ ਸਰੂਪੀ ਖੇਲ ਰਚਾਇਆ, ਪਵਣ ਸਰੂਪੀ ਮੇਲ ਮਿਲਾਇਆ, ਕਿਸੇ ਹੱਥ ਨਾ ਆਏ ਅੱਲਾ। ਸ਼ਬਦ ਖ਼ਜ਼ਾਨਾ ਆਤਮ ਭਰਪੂਰ। ਗੁਰ ਪੂਰਾ ਹੋਇਆ ਮਿਹਰਬਾਨਾ, ਆਤਮ ਦੀਆ ਜੋਤੀ ਸਾਚਾ ਨੂਰ। ਤਨ ਬੱਧਾ ਨਾਮ ਗਾਨਾ, ਮਾਇਆ ਮਮਤਾ ਕੀਨੀ ਦੂਰ। ਜੋਤ ਪ੍ਰਕਾਸ਼ੀ ਕੋਟਨ ਭਾਨਾ, ਗੁਰ ਪੂਰਾ ਹਾਜ਼ਰ ਹਜ਼ੂਰ। ਜਗਤ ਝੂਠਾ ਪੀਣਾ ਖਾਣਾ, ਏਕਾ ਵਸਤ ਨਾਮ ਸੱਚੀ ਤੂਰ। ਪ੍ਰਭ ਦੇਵੇ ਦਾਨਾ ਬੀਨਾ, ਅੰਦਰ ਬੈਠਾ ਨਾ ਦਿਸੇ ਦੂਰ। ਸੰਤ ਸੁਹਾਗੀ ਠਾਂਡਾ ਸੀਨਾ, ਪੰਚਮ ਦਿਸੇ ਕੂੜੋ ਕੂੜ। ਦਿਵਸ ਰੈਣ ਮਨ ਤਨ ਭੀਨਾ, ਗੁਰ ਚਰਨ ਮਸਤਕ ਸਾਚੀ ਧੂੜ। ਆਪ ਆਪਣੇ ਜਿਹਾ ਕੀਨਾ, ਛੁੱਟੇ ਜਗਤ ਝੇੜਾ ਕੂੜੋ ਕੂੜ। ਸਾਚੇ ਸੰਤ ਮਿਲਿਆ ਮਾਲ ਧਨਾ, ਪੂਰੇ ਧਨਵੰਤ ਜੀਵ ਜੰਤ ਨਾ ਜਾਣੇ ਮੂੜ੍ਹ। ਵੇਖ ਵਖਾਣੇ ਪ੍ਰਭ ਸਾਚਾ ਕੰਤ ਇੱਕੀ ਮਾਘ ਆਤਮ ਲਾਏ ਜਾਗ, ਹੱਥ ਪਕੜੇ ਆਪਣੇ ਵਾਗ, ਵੇਖ ਵਖਾਣੇ ਸ਼ਬਦ ਹੁਲਾਰਾ ਇਕ ਪੰਘੂੜ। ਅੰਦਰ ਗੁਰ ਬਾਹਰ ਗੁਰ, ਗੁਪਤ ਜ਼ਾਹਿਰ ਸਾਚੀ ਸੁਰ, ਆਤਮ ਜੋਤੀ ਨੂਰ ਨਿਰਾਲਮ, ਵੇਖ ਵਖਾਣੇ ਸਰਬ ਘਟ ਆਲਮ, ਸਤਿਗੁਰ ਸਖੀ ਸਰਬ ਸੁਲਤਾਨਾ। ਵਿਚ ਜਹਾਨਾਂ ਸ਼ਬਦ ਡੋਰੀ ਨਾਮ ਬਿਬਾਣਾ, ਏਕਾ ਪੌੜੀ ਦੋਏ ਜਹਾਨਾਂ। ਕਲਜੁਗ ਵੇਲ ਹੋਈ ਕੌੜੀ, ਵੇਖੇ ਜਾਣੇ ਸ੍ਰੀ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਚਾ ਘਰ, ਜੋਤ ਨੂਰੀ ਸ਼ਬਦ ਮਹੱਲਾ ਸਾਚਾ ਨਾਉਂ ਇਕ ਟਿਕਾਣਾ। ਕਾਇਆ ਮੰਦਰ ਮਹੱਲ ਸਚ ਦਵਾਰਾ। ਜਗੇ ਜੋਤ ਕਾਇਆ ਝੂਠੀ ਖੱਲ, ਰੋਸ਼ਨ ਹੋਏ ਤਨ ਮੁਨਾਰਾ। ਨਾ ਕੋਈ ਜਾਣੇ ਜਲ ਥਲ ਕਾਇਆ ਡੂੰਘੀ ਵੇਖੇ ਡਲ, ਬੈਠਾ ਇਕ ਇਕੱਲਾ ਨਰ ਨਿਰੰਕਾਰਾ। ਸ਼ਬਦ ਸਰੂਪੀ ਚਲਾਏ ਹਲ, ਅੰਮ੍ਰਿਤ ਬਰਖੇ ਜਲ ਠੰਡੀ ਧਾਰਾ। ਨਿਹਚਲ ਧਾਮ ਇਕ ਅਟਲ, ਨਾ ਕੋਈ ਜਾਣੇ ਜੰਤ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਣੇ ਸਰਬ ਕਿਛ ਜਾਣੇ, ਸਾਚਾ ਮੇਲ ਦਸਮ ਦਵਾਰਾ। ਕਾਇਆ ਚਿੰਤਾ ਰੋਗ ਆਤਮ ਦੁਖਦਾਈ। ਮੀਠੇ ਕਰੇ ਰਸਨਾ ਭੋਗ, ਨਾ ਹੋਵੇ ਕੋਈ ਸਹਾਈ। ਏਕਾ ਮਿਲੇ ਸ਼ਬਦ ਸੱਚਾ ਜੋਗ, ਕਾਇਆ ਸੁਫ਼ਲ ਕਰਾਈ। ਨਾਮ ਮਿਲੇ ਸੱਚੀ ਚੋਗ, ਤ੍ਰਿਸ਼ਨਾ ਭੁੱਖ ਸਰਬ ਮਿਟ ਜਾਈ। ਹਰਿਜਨ ਜਨ ਹਰਿ ਕਟੇ ਚਿੰਤਾ ਵਿਜੋਗ, ਸਾਚਾ ਸੁਖ ਇਕ ਉਪਜਾਈ। ਦਰ ਘਰ ਮਿਲੇ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਜੋ ਜਨ ਰਸਨਾ ਸਦ ਸਦ ਗਾਈ। ਰਸਨਾ ਗਾਉਣਾ ਗਹਿਰ ਗੰਭੀਰਾ। ਆਤਮ ਸ਼ਾਂਤ ਠੰਡੀ ਧਾਰ, ਦੇਵੇ ਅੰਮ੍ਰਿਤ ਸਾਚਾ ਨੀਰਾ। ਅੰਦਰ ਵੇਖੇ ਮਾਰ ਝਾਤ, ਮਿੱਟੇ ਅੰਧ ਅੰਧੇਰੀ ਰਾਤ, ਦਿਵਸ ਰੈਣੀ ਕੱਢੇ ਪੀੜਾ। ਜੋਤੀ ਜੋਤ ਸਰੂਪ ਹਰਿ, ਹਰਿਜਨ ਜਨ ਭਗਤ ਸੁਹੇਲਾ ਆਪੇ ਬੰਨ੍ਹੇ ਬੇੜਾ। ਬੇੜਾ ਬੰਨ੍ਹੇ ਹਰਿ ਬਨਵਾਰੀ । ਕਾਇਆ ਨਗਰ ਖੇੜਾ ਵਸੇ, ਏਕਾ ਰਾਹ ਸਾਚਾ ਦੱਸੇ, ਭੁੱਲੇ ਰਹਿਣ ਨਾ ਜੀਵ ਗਵਾਰੀ। ਸ਼ਬਦ ਤੀਰ ਸਾਚਾ ਕਸੇ, ਦੁੱਖ ਦਲਿਦਰ ਦਰ ਤੋਂ ਨੱਸੇ, ਕਿਰਪਾ ਕਰੇ ਨਰ ਹਰਿ ਹਰਿ ਨਰ ਸਰਬ ਕਲਧਾਰੀ। ਆਤਮ ਘਰ ਸਾਚੇ ਵਸੇ, ਖਿੜੀ ਰਹੇ ਸੱਚੀ ਗੁਲਜ਼ਾਰੀ। ਦੁੱਖਾਂ ਮਿਟੇ ਅੰਧੇਰੀ ਰੈਣ ਮੱਸੇ, ਆਤਮ ਜੋਤੀ ਹਰਿ ਉਜਿਆਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਵਰ ਜੋ ਜਨ ਆਏ ਚਰਨ ਸਰਨ ਸੱਚੀ ਸਰਕਾਰੀ। ਗੁਰ ਚਰਨ ਸਰਨ ਕਲ ਜਾਣਾ ਜਾਗ। ਮਦਿਰਾ ਮਾਸ ਦੇਣਾ ਤਿਆਗ। ਪ੍ਰਭ ਆਪ ਬੁਝਾਏ ਕਾਇਆ ਅਗਨ ਲੱਗੀ ਝੂਠੀ ਆਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖਾਂ ਰੋਗਾਂ ਧੋਏ ਅਗਲੇ ਪਿਛਲੇ ਦਾਗ਼, ਪਵਣ ਮਸਾਣਾ ਤੀਰ ਨਿਸ਼ਾਨਾ ਮਾਰੇ ਗੁਣ ਨਿਧਾਨਾ, ਆਤਮ ਵਡ ਪ੍ਰਭ ਸਾਚੇ ਸਾਜ ਵਖਾਨਾ। ਕਰੇ ਖੇਲ ਅੰਧ ਘੋਰੀ, ਪਵਣ ਮਸਾਣ ਗੋਰੀ, ਦਰ ਘਰ ਸਾਚੇ ਕੌਣ ਕਰੇ ਚੋਰੀ, ਵੇਖ ਵਖਾਣੇ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਧਿਆਨਾ। ਪਵਣ ਪਵਣ ਪਵਣ ਮਸਾਨ ਮਸਾਨਿਆ ਰਵਿਆ ਸਰਬ ਗਵਨ, ਨਾ ਜਾਣੇ ਜੀਵ ਨਿਧਾਨਿਆ। ਦੀਆ ਏਕਾ ਜਗਤ ਦੁੱਖ ਵਰਤਾ ਨਾ ਕਿਸੇ ਕਲ ਪਛਾਣਿਆ। ਕਾਇਆ ਮੰਦਰ ਅੰਦਰ ਅੰਧੇਰੀ ਰਾਤਾ, ਸੋਇਆ ਜੀਵ ਅਗਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਜਗਤ ਨਿਸ਼ਾਨ ਵਾਲੀ ਦੋ ਜਹਾਨਿਆ।