੨੮ ਕੱਤਕ ੨੦੧੧ ਬਿਕ੍ਰਮੀ ਬੇਬੇ ਵੀਰੋ ਦੇ ਅੰਤਮ ਸਮੇਂ ਨਵਿਤ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਪੰਚਮ ਜੇਠ ਸਚ ਵਿਹਾਰਾ। ਸਤਿ ਪੁਰਖ ਨਿਰੰਜਣ ਸਾਚੀ ਧਾਰਾ। ਨੇਤਰ ਨੈਣ ਚਰਨ ਧੂੜ ਸਾਚਾ ਅੰਜਨ, ਚਰਨ ਸਰਨ ਸੱਚੀ ਸਰਕਾਰਾ। ਸਚ ਦਵਾਰੇ ਸਾਚਾ ਮਜਨ, ਅੰਮ੍ਰਿਤ ਬਰਖੇ ਠੰਡਾ ਠਾਰਾ। ਆਦਿ ਜੁਗਾਦੀ ਪੜਦੇ ਕੱਜਣ, ਜੋਤੀ ਖੇਲ ਕ੍ਰਿਸ਼ਨ ਮੁਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣ ਵਖਾਣੇ, ਜੀਵ ਜੰਤ ਬੇਮੁਹਾਣੇ, ਨਾ ਕੋਈ ਪਾਵੇ ਸਾਰਾ। ਜੀਵ ਅੰਞਾਣ ਸਾਰ ਨਾ ਪਾਇੰਦਾ। ਪ੍ਰਭ ਅਬਿਨਾਸ਼ੀ ਜਾਣੀ ਜਾਣ ਵਿਚ ਜਹਾਨ, ਪੂਰਬ ਕਰਮ ਲੇਖ ਲਿਖਾਇੰਦਾ। ਇਕ ਰਖਾਏ ਸ਼ਬਦ ਆਣ, ਝੂਠਾ ਭੇਖ ਨਾ ਕੋਈ ਜਣਾਇੰਦਾ। ਦਰ ਘਰ ਮਿਲਦਾ ਸਾਚੇ ਮਾਣ, ਸਾਚਾ ਫਲ ਹਰਿ ਆਪ ਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਆਪਣੇ ਹੱਥ ਰਖਾਇੰਦਾ। ਭਾਣਾ ਭਗਵੰਤ ਰੰਗ ਕਰਤਾਰ। ਵੇਖ ਵਖਾਣੇ ਮਨੀ ਸਿੰਘ ਸੰਤ, ਸ਼ਬਦ ਕਰੇ ਤਨ ਸ਼ਿੰਗਾਰ। ਕਲਜੁਗ ਜੀਵ ਭੁੱਲੇ ਬੇਮੁਹਾਣੇ, ਜੀਵ ਜੰਤ ਨਾ ਕੋਈ ਪਾਵੇ ਸਾਰ। ਨਰ ਨਰੇਸ਼ਾ ਇਕ ਭਗਵੰਤ, ਜੋਤ ਸਰੂਪੀ ਹਰਿ ਦਾਤਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸਵਾਮੀ ਜਗਤ ਨਿਹਕਾਮੀ, ਜੋਤ ਨਿਰੰਜਣ ਸਦ ਅਧਾਰ। ਸ਼ਬਦ ਉਡਾਰੀ ਪਵਣ ਅਸਵਾਰੀ, ਜੋਤ ਨਿਰੰਕਾਰੀ ਕਿਸੇ ਦਿਸ ਨਾ ਆਇੰਦਾ। ਮੇਲ ਮਿਲਾਏ ਵਾਰੋ ਵਾਰੀ, ਵੇਖ ਵਖਾਣੇ ਨਰ ਨਾਰੀ, ਸੁਘੜ ਸਿਆਣਾ ਰਾਜਾ ਰਾਣਾ, ਭੇਵ ਕੋਈ ਨਾ ਪਾਇੰਦਾ। ਫੜ ਫੜ ਬਾਹੋਂ ਜਾਏ ਤਾਰੀ, ਮਾਨਸ ਜਨਮ ਨਾ ਜਾਏ ਹਾਰੀ, ਕਲਜੁਗ ਵੇਲਾ ਅੰਤ ਸੁਹਾਇੰਦਾ। ਅਰਜਨ ਮੇਲ ਕ੍ਰਿਸ਼ਨ ਮੁਰਾਰੀ, ਸੰਤ ਮਨੀ ਸਿੰਘ ਦੂਜੀ ਵਾਰੀ, ਚਰਨ ਛੁਹਾਏ ਸਾਚੀ ਦਾਹੜੀ, ਹਰਿ ਸਾਚਾ ਲਾਜ ਰਖਾਇੰਦਾ। ਆਪੇ ਰਹੇ ਪਿਛੇ ਅਗਾੜੀ, ਸ਼ਬਦ ਘੋੜੀ ਰਿਹਾ ਚਾੜ੍ਹੀ, ਮਾਨਸ ਦੇਹੀ ਨਾਮ ਮਰਦੰਗ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਮੇਲ ਕਰ, ਦਰ ਦਵਾਰੇ ਸਾਚੇ ਮਾਣ ਦਵਾਇੰਦਾ। ਅਰਜਨ ਮੇਲ ਹਰਿ ਭਗਵਾਨ। ਖਿੱਚੇ ਤੀਰ ਇਕ ਕਮਾਨ। ਅੰਮ੍ਰਿਤ ਨੀਰ ਸਾਚਾ ਸੀਰ, ਦੋ ਜਹਾਨ ਅੰਤਮ ਵੇਲੇ ਕਟੇ ਭੀੜ, ਮਿਲਿਆ ਮੇਲ ਜੋਤ ਮਹਾਨ। ਜੋਤੀ ਜੋਤ ਸਰੂਪ ਹਰਿ, ਭਗਤ ਭਗਵੰਤਾ, ਆਪੇ ਜੀ ਜੀਆ ਜੰਤਂ, ਅੰਤਮ ਅੰਤ ਅੰਤ ਜਨ ਆਏ। ਸਾਧ ਸੰਤ ਜੀਵ ਜੰਤ, ਮਾਨਸ ਦੇਹੀ ਝੂਠਾ ਭਾਂਡਾ, ਪ੍ਰਭ ਅਬਿਨਾਸ਼ੀ ਭੰਨ ਵਖਾਏ। ਅਰਜਨ ਮੇਲ ਹਰਿ ਸਾਚੇ ਕੰਤ, ਨੈਣ ਮੁੰਧਾਰੀ ਰਸਨਾ ਗਾਏ। ਜਗਤ ਬਣਾਏ ਸਾਚੀ ਬਣਤ, ਦੋਏ ਜੋੜ ਚਰਨ ਸਰਨ ਸੀਸ ਝੁਕਾਏ। ਕਲਜੁਗ ਵਡਿਆਈ ਮਨੀ ਸਿੰਘ ਸੰਤ, ਮਾਨਸ ਦੇਹੀ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦਰ ਘਰ ਸਚ ਦਵਾਰੇ ਆਤਮ ਜੋਤੀ ਕਰ ਅਕਾਰੇ, ਸ਼ਬਦ ਧਾਰ ਵਿਚ ਸੰਸਾਰ ਏਕਾ ਏਕ ਚਲਾਏ। ਹਰਿ ਚਰਨ ਕਰੀ ਨਿਮਸਕਾਰਾ। ਅਰਜਨ ਪਾਏ ਪ੍ਰਭ ਸਾਚਾ ਸਾਰਾ। ਦੁਰਜਨ ਜੀਵ ਰਹੇ ਗਵਾਰਾ। ਸਤਿ ਸਰ਼ੂਪੀ ਵਡਾ ਸ਼ਾਹੋ ਭੂਪੀ, ਕਲਜੁਗ ਮੇਟ ਅੰੰਧ ਅੰਧਿਆਰਾ। ਰੂਪ ਰੰਗ ਨਾ ਜਾਣੇ ਕੋਈ ਰੇਖ ਰੂਪੀ, ਜੋਤੀ ਖੇਲ ਸ਼ਬਦ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਤਿਗੁਰ ਸਾਚੇ, ਹਰਿ ਮੇਲ ਮਿਲਾਇਆ ਕੰਤ ਭਤਾਰਾ। ਦਵਾਪਰ ਬਣਿਆ ਹਰਿ ਰਥਵਾਹੀ। ਚਾਰੋ ਕੁੰਟਾਂ ਵੇਖ ਵਖਾਣੇ, ਵੇਖੇ ਥਾਉਂ ਥਾਈਂ। ਮਾਰ ਮੁਕਾਏ ਰਾਜ ਰਾਣੇ, ਜਨ ਭਗਤਾਂ ਰੱਖੇ ਠੰਡੀ ਛਾਈ। ਰਸਨਾ ਚਲੇ ਏਕਾ ਬਾਣੇ, ਵਡ ਹੰਕਾਰੀ ਦੀਸੇ ਨਾਹੀ। ਹਰਿ ਸੰਤ ਸੁਹੇਲਾ ਰੰਗ ਸਾਚਾ ਮਾਣੇ, ਦੂਸਰ ਦੀਸੇ ਕੋਈ ਨਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜਾਮਾ ਪਾਇਆ, ਸੰਤ ਮਨੀ ਸਿੰਘ ਕਲਜੁਗ ਤਾਰੇ ਦੋਵੇਂ ਫੜ ਕੇ ਬਾਹੀਂ। ਕਲਜੁਗ ਰਥ ਆਪ ਚਲਾਉਣਾ। ਸੰਤ ਮਨੀ ਸਿੰਘ ਤੇਰਾ ਸਾਚਾ ਸਾਥ, ਪ੍ਰਭ ਅਬਿਨਾਸ਼ੀ ਆਪ ਨਿਭਾਉਣਾ। ਜੋਤੀ ਜਾਮਾ ਤ੍ਰੈਲੋਕੀ ਨਾਥ, ਜਗਤ ਅਕਥ ਸਰਬ ਸਮਰਥ ਭੇਵ ਕਿਸੇ ਨਾ ਪਾਉਣਾ। ਸ੍ਰਿਸ਼ਟ ਸਬਾਈ ਪਾਏ ਨੱਥ, ਰਾਜਾ ਰਾਣਾ ਦਰ ਨਚਾਉਣਾ। ਬੇਮੁਖ ਜੀਵ ਜਾਏ ਮੱਥ, ਹੋ ਸਹਾਈ ਨਾ ਕਿਸੇ ਬਚਾਉਣਾ। ਸਗਲ ਵਸੂਰੇ ਜਾਇਣ ਲੱਥ, ਚਰਨ ਦਵਾਰ ਜਿਸ ਦਰਸ਼ਨ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਏਕਾ ਏਕ, ਧਰਤ ਮਾਤ ਚਾਰੋਂ ਕੁੰਟ ਆਪ ਦੁੜਾਣਾ। ਸ਼ਬਦ ਘੋੜਾ ਹਰਿ ਦੁੜਾਏ। ਤੁੱਟਾ ਨਾਤਾ ਫੇਰ ਬੰਧਾਏ। ਪੁਰਖ ਬਿਧਾਤਾ ਦਇਆ ਕਮਾਏ। ਕਲਜੁਗ ਹੋਈ ਅੰਧੇਰੀ ਰਾਤਾ, ਬੇਮੁਖ ਜੀਵ ਹੋਏ ਹਲਕਾਏ। ਗੁਰਮੁਖਾਂ ਦੇਵੇ ਸਚ ਸੁਗਾਤਾ। ਸੋਹੰ ਦਾਤ ਝੋਲੀ ਪਾਏ। ਆਪੇ ਬਣੇ ਪਿਤਾ ਮਾਤਾ। ਭੈਣ ਭਰਾ ਸਭਨੀ ਥਾਂਏ। ਨਾ ਕੋਈ ਵੇਖੇ ਜਾਤਾਂ ਪਾਤਾਂ, ਊਚ ਨੀਚ ਹਰਿ ਭੇਵ ਚੁਕਾਏ। ਬੈਠਾ ਰਹੇ ਇਕ ਇਕਾਂਤਾ, ਆਤਮ ਸੇਜਾ ਆਸਣ ਲਾਏ। ਅੱਠੇ ਪਹਿਰ ਮਾਰੇ ਝਾਤਾਂ, ਸਾਚਾ ਲੇਖਾ ਰਿਹਾ ਲਿਖਾਏ। ਗੁਰਮੁਖ ਵਿਰਲਾ ਅੰਮ੍ਰਿਤ ਆਤਮ ਤੀਰਥ ਨਹਾਤਾ, ਦੁਰਮਤ ਮੈਲ ਰਿਹਾ ਗਵਾਏ। ਮਿਲਿਆ ਮੇਲ ਸਹਿਜ ਸੁਖ ਦਾਤਾ, ਚਰਨ ਕਵਲ ਕਵਲ ਚਰਨ ਜਨ ਸੇਵ ਕਮਾਏ। ਅੰਤਮ ਵੇਲੇ ਪੁਛੇ ਵਾਤਾ, ਸੰਤ ਮਨੀ ਸਿੰਘ ਤੇਰਾ ਰਥ ਪ੍ਰਭ ਸਮਰਥ ਸ਼ਬਦ ਸਰੂਪੀ ਰਿਹਾ ਚਲਾਏ। ਸ਼ਬਦ ਸਰੂਪੀ ਇਕ ਹੁਲਾਰਾ। ਖਿੱਚੇ ਵਾਗ ਵਾਰੋ ਵਾਰਾ। ਧੋਏ ਦਾਗ਼ ਵਿਚ ਸੰਸਾਰਾ। ਗੁਰਮੁਖ ਵਿਰਲਾ ਜਾਏ ਜਾਗ, ਪ੍ਰਭ ਖਿੱਚ ਲਿਆਏ ਚਰਨ ਦਵਾਰਾ। ਅੱਸੂ ਤਿੰਨ ਹੱਥ ਬੰਨ੍ਹੇ ਤਾਗ, ਕਿਲ੍ਹਾ ਲਾਲ ਖੇਲ ਅਪਾਰਾ। ਇਕ ਚਲਾਉਣਾ ਸ਼ਬਦ ਰਾਗ, ਆਤਮ ਧੁਨੀ ਸੱਚੀ ਧੁਨਕਾਰਾ। ਗੁਰਮੁਖ ਸਾਚਾ ਪ੍ਰਭ ਚਰਨ ਜਾਏ ਲਾਗ, ਬੰਦ ਕਵਾੜੀ ਖੋਲ੍ਹੇ ਦਸਮ ਦਵਾਰਾ। ਆਪ ਬੁਝਾਏ ਤ੍ਰਿਸ਼ਨਾ ਆਗ, ਹਉਮੇ ਕੱਢੇ ਰੋਗ ਭਾਰਾ। ਹੰਸ ਬਣਾਏ ਜੀਵ ਕਾਗ, ਅੰਮ੍ਰਿਤ ਮੁਖ ਚੁਆਏ ਸਾਚਾ ਸੀਰ ਪਾਏ ਸਾਰਾ। ਬੇਮੁਖਾਂ ਡੱਸੇ ਮਾਇਆ ਨਾਗਨੀ ਨਾਗ, ਆਤਮ ਵਿਖ ਦੁੱਖ ਲੱਗਾ ਭਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਚ ਸਵਾਮੀ, ਮਿਲਿਆ ਮੇਲ ਵਡ ਵਡਭਾਗ। ਵਡ ਵਡ ਭਾਗ ਜਗਤ ਵਡਿਆਈਆ। ਸੱਜਣ ਸੁਹੇਲਾ ਗਿਆ ਜਾਗ, ਸਚ ਦਵਾਰਾ ਹਰਿ ਨਿਰੰਕਾਰਾ ਵੇਖ ਵਿਚਾਰਾ ਪਹਿਲੀ ਵਾਰਾ, ਦੇਵੇ ਦਾਤ ਸਚ ਸੁਗਾਤ ਧੁਰਦਰਗਾਹੀ ਸਾਚਾ ਮਾਹੀਆ। ਆਤਮ ਮਿਟੇ ਅੰਧੇਰੀ ਰਾਤ, ਸ਼ਬਦ ਮਿਲੀ ਸੱਚੀ ਦਾਤ, ਜੋਤੀ ਨੂਰ ਹਰਿ ਸਵਾਈਆ। ਕਾਇਆ ਡਾਲ ਫਲ ਫੁੱਲ ਲੱਗੇ ਪਾਤ, ਮਿਲਿਆ ਮੇਲ ਪੁਰਖ ਬਿਧਾਤ, ਸਾਚਾ ਖੇਲ ਜਗਤ ਰਚਾਈਆ। ਪੰਚਮ ਜੇਠ ਸੁਹੰਜਣੀ ਰਾਤ, ਜਨ ਭਗਤਾਂ ਵੇਖੇ ਮਾਰ ਝਾਤ, ਸਾਚੀ ਜੋਤ ਮਾਤ ਧਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਨੂਰ ਧਰ, ਸ਼ਬਦ ਸਰੂਰ ਇਕ ਕਰ, ਸਚ ਸਿੰਘਾਸਣ ਡੇਰਾ ਲਾਏ, ਗੁਰਮੁਖਾਂ ਦੇ ਮਤ ਰਿਹਾ ਸਮਝਾਈਆ। ਦੇਵੇ ਮਤ ਹਰਿ ਕਰਤਾਰਾ। ਚਰਨ ਪ੍ਰੀਤੀ ਸਾਚਾ ਨਾਤ, ਝੂਠਾ ਦਿਸੇ ਜਗਤ ਵਿਹਾਰਾ। ਨਾ ਕੋਈ ਪਿਤਾ ਨਾ ਕੋਈ ਮਾਤ, ਕੂੜ ਕੁਟੰਬਾ ਜੀਵ ਗਵਾਰਾ। ਅੰਤਮ ਵੇਲੇ ਕੋਈ ਨਾ ਪੁੱਛੇ ਵਾਤ, ਜੂਠੇ ਝੂਠੇ ਕਰਨ ਹਾਹਾਕਾਰਾ। ਇਕ ਇਕੇਲੀ ਜਗਤ ਸਹੇਲੀ ਰੈਣ ਅੰਧੇਰੀ ਰਾਤ, ਦੇਵੇ ਇਕ ਸਹਾਰਾ। ਪ੍ਰਭ ਅਬਿਨਾਸ਼ੀ ਪੁਛੇ ਵਾਤ, ਗੁਰਮੁਖਾਂ ਵੇਖੇ ਅੱਠੇ ਪਹਿਰ, ਨਾ ਜਾਣੇ ਕੋਈ ਵੇਲਾ ਪ੍ਰਭਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਬਹਾਏ ਸਚ ਦਵਾਰਾ। ਝੂਠਾ ਨਾਤਾ ਜਗਤ ਵਿਹਾਰ। ਪੁਰਖ ਅਬਿਨਾਸ਼ੀ ਗੁਰਮੁਖ ਵਿਰਲੇ ਕਲ ਪਛਾਤਾ, ਸ਼ਬਦ ਰਖਾਇਆ ਇਕ ਅਧਾਰ। ਨਾ ਕੋਈ ਦਿਵਸ ਰਾਤਾ, ਘੜੀ ਪਲ ਜਲ ਥਲ ਰਿਹਾ ਵਿਚਾਰ। ਬੈਠਾ ਰਹੇ ਇਕ ਇਕਾਂਤਾ। ਜੀਆਂ ਜੰਤਾਂ ਪਾਏ ਸਾਰ। ਨਾ ਕੋਈ ਪਿਤਾ ਨਾ ਕੋਈ ਮਾਤਾ, ਜਨ ਭਗਤਾਂ ਸਾਚਾ ਮੀਤ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਰਿਹਾ ਸਮਝਾਏ, ਗੁਰਮੁਖ ਸਾਚੇ ਰਿਹਾ ਜਗਾਏ, ਲੱਖ ਚੁਰਾਸੀ ਰਹੀ ਝਖ ਮਾਰ। ਸਾਚਾ ਹੁਕਮ ਹਰਿ ਸਰਨਾਈ। ਚਰਨ ਸਰਨ ਇਕ ਓਟ ਰਖਾਈ। ਚੁੱਕੇ ਮਰਨ ਡਰਨ, ਕਾਇਆ ਨਗਾਰੇ ਇਕ ਚੋਟ ਲਗਾਈ। ਹਰਿ ਮੇਲ ਹਰਿ ਤਰਨੀ ਤਰਨ, ਝੂਠਾ ਖੋਟ ਦਏ ਗਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣ ਪਛਾਣੇ, ਜੀਵ ਜੰਤ ਸੁਘੜ ਸਿਆਣੇ, ਭੇਵ ਰਹੇ ਨਾ ਰਾਈ। ਬੀਸ ਦਸ ਬਿਕ੍ਰਮੀ ਖੇਲ ਅਪਾਰ। ਪੰਚਮ ਜੇਠ ਸਚ ਵਿਹਾਰ। ਕਿਰਪਾ ਕਰੀ ਹਰਿ ਕਰਤਾਰ। ਆਪਣਾ ਕੀਆ ਸਚ ਵਿਹਾਰ। ਪੁੱਤਰ ਧੀਆਂ ਸਰਬ ਸੰਸਾਰ। ਹਰਿਜਨ ਕਰਾਏ ਨਿਰਮਲ ਜੀਆ, ਆਤਮ ਦੇਵੇ ਸ਼ਬਦ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਅੰਦਰ ਬਾਹਰ ਗੁਪਤ ਜ਼ਾਹਿਰ ਸਰਬ ਸਾਰ। ਸਚ ਵਿਹਾਰਾ ਦਿਤਾ ਕਰ। ਪ੍ਰਭ ਅਬਿਨਾਸ਼ੀ ਕਿਰਪਾ ਕਰ। ਸਗਨ ਸੁਹਾਗੀ ਝੋਲੀ ਭਰ। ਸੋਈ ਕਾਇਆ ਮਾਤ ਜਗਾਈ, ਮਿਲੇ ਮੇਲ ਲਿਖਿਆ ਧੁਰ। ਆਤਮ ਰਹੇ ਸਦਾ ਬੈਰਾਗੀ, ਨਾ ਕੋਈ ਜਾਣੇ ਦੇਵ ਸੁਰ। ਚਰਨ ਪ੍ਰੀਤੀ ਏਕਾ ਲਾਗੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚੜ੍ਹਾਇਆ ਸ਼ਬਦ ਘੋੜ। ਸਚ ਵਿਹਾਰਾ ਵਿਚ ਸੰਸਾਰਾ। ਸ਼ਬਦ ਖੇਲ ਅਪਾਰਾ, ਨਾ ਭੁੱਲ ਜੀਵ ਗਵਾਰਾ। ਜਨ ਭਗਤਾਂ ਪਾਉਂਦਾ ਆਏ ਸਾਰਾ, ਦੇਵੇ ਮਾਣ ਦਰ ਦਰਬਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰਨੀ ਕਰ ਧਰਨੀ ਧਰ, ਆਤਮ ਜੋਤੀ ਨੂਰ ਨੁਰਾਨਾ, ਇਕ ਅਕਾਲਾ ਤੋੜੇ ਜਗਤ ਜੰਜ਼ਾਲਾ, ਸਰਬ ਪ੍ਰਿਤਪਾਲਾ ਨਾ ਕੋਈ ਪੁਰਖ ਨਾ ਕੋਈ ਨਾਰਾ। ਨਾ ਕੋਈ ਪੁਰਖ ਨਾ ਕੋਈ ਨਾਰੀ। ਏਕਾ ਜੋਤ ਹਰਿ ਨਿਰੰਕਾਰੀ। ਕਾਇਆ ਮੰਦਰ ਝੂਠਾ ਮਹੱਲ ਮਾਤ ਅਟਾਰੀ। ਪ੍ਰਭ ਅਬਿਨਾਸ਼ੀ ਆਪ ਕਰਾਏ ਵਲ ਛਲ, ਅਚਰਜ਼ ਖੇਲ ਵਡ ਸੰਸਾਰੀ। ਸਚ ਦਵਾਰਾ ਲੈਣਾ ਮੱਲ, ਲਿਖਿਆ ਲੇਖ ਧੁਰ ਮਸਤਕ ਮਾਤਲੋਕ ਆਈ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਕਰਮ ਮਾਨਸ ਜਨਮ ਰਿਹਾ ਸਰਬ ਵਿਚਾਰੀ। ਪੂਰਬ ਕਰਮ ਹਰਿ ਲੇਖੇ ਲਾਉਣਾ। ਮਾਨਸ ਜਨਮ ਮਿਟੇ ਭਰਮ, ਜਗਤ ਭੁਲੇਖਾ ਦੂਰ ਕਰਾਉਣਾ। ਵਡ ਵਡਭਾਗੀ ਸੁਣਿਆ ਇਕ ਸੱਚਾ ਰਾਗੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਭਗਤ ਦਾਤ, ਆਪਣੀ ਦਾਤ ਆਪ ਵਰਤਾਉਣਾ। ਸਾਚਾ ਖੇਲ ਹਰਿ ਕਰਤਾਰਾ। ਮਿਲੇ ਮੇਲ ਦੂਜੀ ਵਾਰਾ। ਚੜ੍ਹੇ ਤੇਲ ਵਿਚ ਸੰਸਾਰਾ। ਅਚਰਜ਼ ਖੇਲ ਪਾਰਬ੍ਰਹਮ ਮਾਨਸ ਜਨਮ ਨਾ ਆਈ ਹਾਰਾ। ਸਦ ਵਸੇ ਰੰਗ ਨਵੇਲ, ਨਾ ਕੋਈ ਜਾਣੇ ਉਚ ਮਹੱਲ ਚੁਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸ਼ਬਦ ਗੁਰਮੁਖ ਸਾਚੇ ਲਾਜ ਰਖਾਏ, ਦਰ ਦਵਾਰੇ ਸਾਚੇ ਆਏ, ਸੰਤ ਮਨੀ ਸਿੰਘ ਸਤਿਗੁਰ ਸਾਚੇ ਤੇਰੇ ਸੀਸ ਧਰੇ ਦਸਤਾਰਾ। ਸਾਚੀ ਦਸਤਾਰ ਸੀਸ ਟਿਕਾਇੰਦਾ। ਲੇਖਾ ਚੁੱਕੇ ਬੀਸ ਇਕੀਸ, ਭਗਤ ਭੀਲਣੀ ਪਾਰ ਕਰਾਇੰਦਾ। ਛੱਤਰ ਝੁਲੇ ਹਰਿ ਜਗਦੀਸ਼, ਸੀਸ ਨਿਵਾਇਆ ਲੇਖੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਤਰੇਤਾ ਜੁਗ ਪਿੰਡ ਬੁੱਗ ਲੇਖਾ ਪੂਰ ਕਰਾਇੰਦਾ। ਪੂਰ ਕਰਾਇਆ ਹਰਿ ਜੀ ਲੇਖਾ। ਆਪੇ ਕੱਢੇ ਭਰਮ ਭੁਲੇਖਾ। ਮਾਤ ਪਿਤ ਨਾ ਕਿਸੇ ਨੇਤਰ ਪੇਖਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ਾ। ਨਾ ਕੋਈ ਜਾਣੇ ਵੇਦ ਪੁਰਾਨੀ ਪੰਡਤ ਰੇਖਾ। ਨਾ ਕੋਈ ਜਾਣੇ ਬ੍ਰਹਮ ਗਿਆਨੀ, ਨਾ ਕੋਈ ਜਾਣੇ ਧਾਰੀ ਕੇਸਾ। ਨਾ ਕੋਈ ਜਾਣੇ ਜਗਤ ਇਸ਼ਨਾਨੀ, ਸਾਚੀ ਜੋਤ ਸ੍ਰੀ ਦਸਮੇਸ਼ਾ। ਕਲਜੁਗ ਜੀਵ ਪੜਦਾ ਪਾਏ ਮਾਇਆ ਰਾਣੀ, ਮਿਟੇ ਨਾ ਜਗਤ ਅੰਦੇਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜੋਤੀ ਜਾਮਾ ਭੇਖ ਧਰ ਪਿਛਲਾ ਲੇਖਾ ਪੂਰ ਕਰ, ਆਪੇ ਕੀਆ ਆਪਣਾ ਵੇਸਾ। ਤਰੇਤਾ ਯੁਗ ਲੇਖਾ ਚੁੱਕੇ। ਦਵਾਪਰ ਵੇਲਾ ਆਏ ਢੁਕੇ। ਸ਼ਬਦ ਬਾਣੀ ਨਾ ਕਦੇ ਰੁਕੇ। ਗੁਰਮੁਖ ਮੁਖ ਨਾ ਥੁੱਕ ਸੁਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਹਰਿ ਸੰਤ ਪਿਆਰੇ, ਸ਼ਬਦ ਲਗਾਏ ਏਕਾ ਚੋਟੇ। ਜੁਗ ਦਵਾਪਰ ਤੇਰੀ ਵਾਰੀ। ਦਿਤਾ ਵਰ ਹਰਿ ਬਨਵਾਰੀ। ਮਿਲੇ ਮੇਲ ਭੈਣ ਪਿਆਰੀ। ਕਲਜੁਗ ਵੇਲਾ ਅੰਤਮ ਨਿਹਕਲੰਕੀ ਜੋਤ ਅਪਾਰੀ। ਆਪੇ ਸੱਜਣ ਸੁਹੇਲਾ ਸੰਤ ਮਨੀ ਸਿੰਘ ਪੈਜ ਸਵਾਰੀ। ਆਪ ਕਰਾਏ ਸਾਚਾ ਮੇਲਾ, ਅਰਜਨ ਸੁਭਦਰਾ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜ ਚਾਰ ਕੁੰਟ ਰਿਹਾ ਦੌੜ, ਆਦਿ ਅੰਤ ਏਕਾ ਜੋਤ ਏਕਾ ਅਸਵਾਰੀ। ਸਾਚਾ ਸ਼ਬਦ ਹਰਿ ਜਣਾਇਆ। ਗੁਰਮੁਖ ਸਾਚੇ ਲਏ ਜਗਾਇਆ। ਆਪਣਾ ਭਾਣਾ ਸਾਚਾ ਰਾਣਾ, ਆਪਣੇ ਹੱਥ ਰਿਹਾ ਰਖਾਇਆ। ਗੁਰਮੁਖ ਜਾਣੇ ਚਤੁਰ ਸੁਘੜ ਸਿਆਣਾ, ਜਿਸ ਜਨ ਸਿਰ ਪ੍ਰਭ ਹੱਥ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਅਕਥ, ਸਚ ਵਿਹਾਰਾ ਸੀਸ ਦਸਤਾਰਾ ਆਪ ਸਜਾਇਆ। ਸਚ ਵਿਹਾਰ ਹਰਿ ਆਪ ਕਰਾਇੰਦਾ। ਨਾ ਕਰਨੀ ਜਗਤ ਵਿਚਾਰ, ਭਰਮ ਨਿਵਾਰ ਸਾਚੇ ਰਾਹੇ ਪਾਇੰਦਾ। ਰੱਖਣੀ ਲਾਜ ਸੀਸ ਦਸਤਾਰ ਸੱਚੀ ਸਰਕਾਰ, ਸਾਚਾ ਦਰ ਇਕ ਖੁਲ੍ਹਾਇੰਦਾ। ਜਨਮ ਮਰਨ ਨਾ ਜਾਣੇ ਜੀਵ ਗਵਾਰ, ਆਵਣ ਜਾਣਾ ਆਪਣੇ ਹੱਥ ਰਖਾਇੰਦਾ। ਝੂਠਾ ਨਾਤਾ ਜਗਤ ਵਿਹਾਰ, ਪੁਰਖ ਬਿਧਾਤਾ ਸਾਚੀ ਸੇਵਾ ਇਕ ਕਰਾਇੰਦਾ। ਅੰਮ੍ਰਿਤ ਫਲ ਲੱਗੇ ਸਾਚਾ ਮੇਵਾ, ਤੁਟਾ ਫਲ ਸਾਚੇ ਡਾਲ ਫਿਰ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ, ਪ੍ਰਿਥੀਪਾਲ ਬਣ ਸ਼ਬਦ ਦਲਾਲ, ਚਾਰ ਛੁਹਾਰੇ ਸਾਚੇ ਦਰ ਲਿਆਇੰਦਾ। ਹਰਿ ਦਰ ਸੱਚਾ ਦਰਬਾਰਿਆ। ਹਰਿ ਦਰ ਖੇਲ ਅਪਾਰਿਆ। ਏਕਾ ਰੱਖੇ ਸਾਚੇ ਸਰ, ਅੰਮ੍ਰਿਤ ਸਾਚਾ ਤਾਲ ਸੁਹਾ ਰਿਹਾ। ਗੁਰਮੁਖ ਸਾਚਾ ਜਾਏ ਤਰ, ਸਾਚੇ ਤੀਰਥ ਨਹਾਵਣ ਨਹਾ ਰਿਹਾ। ਨਾ ਜਨਮੇ ਨਾ ਜਾਏ ਮਰ, ਗੁਰ ਚਰਨ ਸੀਸ ਝੁਕਾ ਰਿਹਾ। ਧਰਮ ਰਾਏ ਘਰ ਚੁੱਕੇ ਡਰ, ਨਿਹਕਲੰਕੀ ਲੜ ਫੜਾ ਰਿਹਾ। ਸ਼ਬਦ ਘੋੜੇ ਜਾਏ ਚੜ੍ਹ, ਤਿੰਨਾਂ ਲੋਆਂ ਕਿਲ੍ਹਾ ਕੋਟ ਸਰ ਕਰਾ ਰਿਹਾ। ਪ੍ਰਭ ਅਬਿਨਾਸ਼ੀ ਲਏ ਬਾਹੋਂ ਫੜ, ਸਚ ਦਵਾਰਾ ਇਕ ਰਖਾ ਰਿਹਾ। ਏਕਾ ਅੱਖਰ ਜਾਏ ਪੜ੍ਹ, ਸੋਹੰ ਸ਼ਬਦ ਮਾਤ ਚਲਾ ਰਿਹਾ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਜਾਮਾ ਹਰਿ ਜੀ ਪਾ ਰਿਹਾ। ਗੁਰਮੁਖ ਸਾਚੇ ਬੈਠਾ ਅੰਦਰ ਵੜ, ਰੂਪ ਰੰਗ ਨਾ ਕਿਸੇ ਵਖਾ ਰਿਹਾ। ਪੰਜਾ ਚੋਰਾਂ ਲਏ ਫੜ, ਸ਼ਬਦ ਡੰਡਾ ਹੱਥ ਉਠਾ ਰਿਹਾ। ਗੁਰਮੁਖ ਸਾਚੇ ਤੇਰੇ ਆਤਮ ਦਰ ਦਵਾਰੇ ਖੜ੍ਹ, ਸਤਿ ਸਰੂਪੀ ਦਰਸ ਦਿਖਾ ਰਿਹਾ। ਲੱਖ ਚੁਰਾਸੀ ਵਹਿਣਾ ਝੂਠੇ ਹੜ੍ਹ, ਕਲਜੁਗ ਵੇਲਾ ਅੰਤਮ ਆ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਸਾਚੀ ਬਣਤ ਵਿਚ ਮਾਤ ਬਣਾ ਰਿਹਾ। ਸਾਚੀ ਬਣਤ ਬਣਾਏ ਦਇਆ ਕਮਾਇੰਦਾ। ਜਗਤ ਨਈਆ ਇਕ ਚਲਾਏ, ਗੁਰ ਸੰਗਤ ਭੈਣਾਂ ਭਈਆ ਸਾਚੇ ਧਾਮ ਬਹਾਇੰਦਾ। ਨਾ ਕੋਈ ਵਖਾਣੇ ਪਿਤਾ ਮਈਆ, ਸਾਜਣ ਸਈਆ ਆਪ ਜਣਾਇੰਦਾ। ਸਾਚੇ ਸ਼ਬਦ ਅਸਵਾਰ ਹਰਿ ਨਿਰੰਕਾਰ , ਲੋਆਂ ਪੂਰੀਆਂ ਪਾਵੇ ਸਾਰ, ਆਪ ਬਣਾਏ ਆਪੇ ਅੰਤਮ ਢਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਮਗਰੀ ਕਰ ਤਿਆਰ, ਕਾਇਆ ਗਗਰੀ ਵਿਚ ਸੰਸਾਰ, ਵਸੇ ਨਗਰੀ ਸਚ ਦਰਬਾਰ, ਸਾਚਾ ਖੇਲ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰਾ। ਜਨ ਭਗਤਾਂ ਮੇਲ ਵਿਚ ਸੰਸਾਰਾ। ਸਤਾਰਾਂ ਹਾੜੀ ਚੜ੍ਹਨਾ ਤੇਲ, ਸੰਤ ਸੁਹਾਗਣ ਸਾਚੀ ਨਾਰਾ। ਧਰਮ ਰਾਏ ਦੀ ਕਟੇ ਜੇਲ੍ਹ, ਕਿਰਪਾ ਕਰੇ ਪੁਰਖ ਅਪਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਸੁੰਦਰ ਮੰਦਰ, ਜੋਤ ਜਗਾਏ ਕਾਇਆ ਡੂੰਘੀ ਕੰਦਰ, ਆਤਮ ਜੋਤੀ ਨੂਰ ਉਜਾਲਾ। ਗੁਰ ਗੋਬਿੰਦਾ ਗੁਰ ਗੋਪਾਲਾ। ਹਰਿ ਭਗਤ ਬਖ਼ਸ਼ਿੰਦਾ ਦੀਨ ਦਿਆਲਾ। ਇਕ ਉਪਜਾਏ ਸਾਚੀ ਬਿੰਦਾ, ਸ਼ਬਦ ਪਹਿਨਾਏ ਤਨ ਦੁਸ਼ਾਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਦਰ ਦਵਾਰੇ ਬਣਾਏ ਸੱਚੀ ਧਰਮਸਾਲਾ। ਆਤਮ ਦਰ ਸੱਚਾ ਦਰਬਾਰਾ। ਮਿਲੇ ਮੇਲ ਹਰਿ ਗਿਰਧਾਰਾ। ਜਗੇ ਜੋਤ ਅਗੰਮ ਅਪਾਰਾ। ਸ਼ਬਦ ਧੁਨ ਅਨਹਦ ਧਾਰਾ। ਤੁੱਟੇ ਮੁਨ ਨਾ ਰਹੇ ਸੁੰਨ, ਬਜ਼ਰ ਕਪਾਟੀ ਘਰ ਸਾਚੇ ਪਾਟੀ, ਮੇਟ ਮਿਟਾਏ ਧੁੰਦੂਕਾਰਾ। ਵਣਜ ਕਰਾਏ ਸਾਚੀ ਹਾਟੀ, ਜਗੇ ਜੋਤ ਕਾਇਆ ਮਾਟੀ, ਨਿਰਮਲ ਦੀਪ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਪੜਦਾ ਖੋਲ੍ਹੇ, ਸ਼ਬਦ ਸਰੂਪੀ ਅੰਦਰ ਬੋਲੇ, ਖੋਲ੍ਹ ਵਖਾਏ ਦਸਮ ਦਵਾਰਾ। ਦਸਮ ਦਵਾਰ ਜਾਏ ਖੁਲ੍ਹ। ਸਤਾਰਾਂ ਹਾੜੀ ਪੈਣਾ ਮੁਲ। ਭਾਗ ਲਗਾਉਣਾ ਸਾਚੀ ਕੁੱਲ। ਪੂਰੇ ਤੋਲ ਜਾਣਾ ਤੁੱਲ। ਕਲਜੁਗ ਜੀਵ ਨਾ ਜਾਣਾ ਭੁੱਲ। ਝੂਠੀ ਮਾਇਆ ਜਗਤ ਛਾਇਆ, ਆਤਮ ਅੰਧੇ ਝੂਠੇ ਧੰਦੇ, ਮਦਿਰਾ ਮਾਸੀ ਪਾਪੀ ਗੰਦੇ, ਮਾਤ ਨਾ ਜਾਣਾ ਰੁੱਲ। ਗੁਰਮੁਖ ਚੜ੍ਹਾਏ ਸਾਚੇ ਚੰਦੇ, ਪ੍ਰਗਟ ਹੋਏ ਗੁਰ ਗੋਬਿੰਦੇ, ਸਚ ਦਵਾਰਾ ਜਾਣਾ ਖੁਲ੍ਹ। ਇਕ ਉਪਜਾਏ ਪਰਮਾਨੰਦੇ, ਸਦਾ ਸਦਾ ਹਰਿ ਬਖ਼ਸ਼ਿੰਦੇ, ਅੰਮ੍ਰਿਤ ਆਤਮ ਨਾ ਜਾਏ ਡੁੱਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਚਾ ਘਰ, ਗੁਰਮੁਖ ਵਸੇ ਕਿਹੜੇ ਦਰ, ਧਰਤ ਮਾਤ ਮਾਰ ਝਾਤ, ਚਾਰੋਂ ਕੁੰਟ ਬਖ਼ਸ਼ੇ ਦਾਤ ਸ਼ਬਦ ਸੁਗਾਤ, ਲੋਆਂ ਪੁਰੀਆਂ ਪਾਵੇ ਸਾਰੇ। ਲੋਆਂ ਪੁਰੀਆਂ ਪਾਵੇ ਸਾਰ ਬਣਤ ਬਣਾਇੰਦਾ। ਨਿਹਕਲੰਕੀ ਜਾਮਾ ਧਾਰ, ਹਰਿ ਕਰਤਾਰ ਪਹਿਲੀ ਵਾਰ, ਸਾਚਾ ਛਤਰ ਸੀਸ ਝੁਲਾਇੰਦਾ। ਰਾਜੇ ਰਾਣਿਆਂ ਕਰ ਖੁਆਰ, ਸ਼ਬਦ ਰੱਖੇ ਤਿੱਖੀ ਧਾਰ, ਚਿੱਟੇ ਅਸਵ ਹੋ ਅਸਵਾਰ, ਚਾਰੋਂ ਕੁੰਟਾਂ ਪਾਵੇ ਸਾਰ, ਵੇਖ ਵਖਾਣੇ ਨਰ ਨਾਰ, ਠਗ ਚੋਰ ਯਾਰ ਨਾ ਕੋਈ ਭੁੱਲ ਰਖਾਇੰਦਾ। ਜਨ ਭਗਤਾਂ ਪਾਵੇ ਅੰਤਮ ਸਾਰ, ਖਿੱਚ ਲਿਆਏ ਚਰਨ ਦਵਾਰ, ਆਤਮ ਜੋਤੀ ਨੂਰ ਉਜਿਆਰ, ਵਰਨ ਗੋਤ ਨਾ ਕਰੇ ਵਿਚਾਰ, ਪੂਰਬ ਲੇਖਾ ਹਰਿ ਲਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਸਚ ਦਰਬਾਰ ਵਿਚ ਸੰਸਾਰ ਕਰ ਤਿਆਰ, ਸੋਲਾਂ ਕਲੀਆਂ ਤਨ ਸ਼ਿੰਗਾਰ, ਨੌਂ ਖੰਡ ਸੱਤਾਂ ਦੀਪਾਂ ਪਾਏ ਸਾਰ, ਸੁਰ ਨਰ ਗਣ ਗੰਧਰਬ ਸੁਰਪਤ ਰਾਜਾ ਇੰਦ ਵਡ ਮਰਗਿੰਦ, ਖਿੱਚ ਲਿਆਏ ਚਰਨ ਦਵਾਰ। ਸ਼ਿਵ ਸ਼ੰਕਰ ਸਾਚੀ ਬਿੰਦ, ਜੋਤੀ ਮੇਲਾ ਹਰਿ ਭਤਾਰ। ਬ੍ਰਹਮਾ ਵੇਖ ਵਖਾਣੇ, ਰੰਗ ਰਸ ਸਾਚਾ ਮਾਣੇ, ਅੰਤਮ ਮੇਲਾ ਹਰਿ ਕਰਤਾਰ। ਜਗੇ ਜੋਤ ਨਿਹਕਲੰਕੀ ਬਲੀ ਬਲਵਾਨੇ, ਕਲਜੁਗ ਅੰਤਮ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥ ਸਗਲਾ ਸਾਥ, ਸ਼ਬਦ ਚਲਾਏ ਸਾਚਾ ਰਾਥ, ਪੰਚਮ ਜੇਠੀ ਹੋ ਅਸਵਾਰ। ਸਾਚਾ ਰਥ ਹਰਿ ਰਥਵਾਹੀ ਹੈ। ਸ੍ਰਿਸ਼ਟ ਸਬਾਈ ਰਿਹਾ ਮਥ, ਵੇਖ ਵਖਾਣੇ ਥਾਉਂ ਥਾਈਂ ਹੈ। ਰਾਜੇ ਰਾਣਿਆਂ ਪਾਵੇ ਨੱਥ, ਸ਼ਬਦ ਡੋਰੀ ਆਪਣੇ ਹੱਥ ਰਖਾਈ ਹੈ। ਗੁਰਮੁਖ ਸਾਚੇ ਸੰਤ ਜਨਾਂ ਆਤਮ ਵਸੂਰੇ ਜਾਇਣ ਲਥ, ਦਰ ਘਰ ਸਾਚੇ ਦਰਸ਼ਨ ਪਾਈ ਹੈ। ਸ਼ਬਦ ਚੜ੍ਹਾਏ ਸਾਚਾ ਰਥ, ਖਿੱਚੀ ਜਾਏ ਵਾਹੋ ਦਾਹੀ ਹੈ। ਕਲਜੁਗ ਸੀਆਂ ਸਾਢੇ ਤਿੰਨ ਹੱਥ, ਮੰਡਪ ਮਾੜੀ ਜਗਤ ਪਸਾਰਾ, ਝੂਠੀ ਬਣਤ ਬਣਾਈਆ। ਗੁਰ ਚਰਨ ਸਰਨ ਏਕਾ ਸੱਚਾ ਸਚ ਦਵਾਰਾ, ਆਦਿ ਅੰਤ ਹੋਏ ਸਹਾਈਆ। ਸਾਚਾ ਮੇਲ ਕੰਤ ਭਤਾਰਾ, ਗੁਰਮੁਖ ਸੁਹਾਗਣ ਸਾਚੀ ਨਾਰਾ, ਆਵਣ ਜਾਵਣ ਜਗਤ ਵਿਛੋੜਾ, ਦਏ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਇਕ ਰਖਾਏ ਸਾਚਾ ਘੋੜਾ, ਗੁਰਮੁਖਾਂ ਰਿਹਾ ਚੜ੍ਹਾਈਆ। ਸਾਚੇ ਘੋੜੇ ਆਪ ਚੜ੍ਹਾਇੰਦਾ। ਜੁਗਾਂ ਜੁਗਾਂ ਦੇ ਵਿਛੜੇ ਚਰਨ ਨਾਤੇ ਸਾਚੇ ਜੋੜੇ, ਪ੍ਰਭ ਅਬਿਨਾਸ਼ੀ ਵਾਗਾਂ ਮੋੜੇ, ਸਾਚੀ ਬਣਤ ਬਣਾਇੰਦਾ। ਬੇਮੁਖ ਜੀਵ ਰੀਠੇ ਕੌੜੇ, ਕਲਜੁਗ ਅੰਤਮ ਭੰਨ ਵਖਾਇੰਦਾ। ਗੁਰਮੁਖ ਗੁਰ ਚਰਨ ਸਰਨ ਕਲ ਆਇਣ ਦੌੜੇ, ਧਰਮ ਰਾਏ ਡੰਨ ਚੁਕਾਇੰਦਾ। ਤਿੰਨਾਂ ਲੋਆਂ ਲਾਏ ਸ਼ਬਦ ਪੌੜੇ, ਸਾਚੇ ਧਾਮ ਆਪ ਵਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਮ ਆਪਣਾ ਆਪ, ਅੰਤਮ ਕਲ ਕਰ ਵਲ ਛਲ, ਮਾਤ ਆਣ ਕਰਾਇੰਦਾ। ਸਾਚਾ ਤਨ ਸ਼ਿੰਗਾਰ, ਸ਼ਬਦ ਕਰਾਇੰਦਾ। ਫੂਲਨ ਬਖ਼ਸ਼ੇ ਹਾਰ ਹਰਿ ਦਾਤਾਰ, ਕਿਰਪਾ ਕਰ ਧੀਰ ਧਰਾਇੰਦਾ। ਕਾਇਆ ਕਰੇ ਠੰਡੀ ਠਾਰ ਵਿਚ ਸੰਸਾਰ, ਮੀਤ ਮੁਰਾਰ ਆਪ ਅਖਵਾਇੰਦਾ। ਨਿਰਮਲ ਜੋਤੀ ਕਰ ਅਕਾਰ, ਕਾਇਆ ਸੋਤੀ ਹੋਏ ਉਜਿਆਰ, ਸਚ ਭੰਡਾਰ ਹਰਿ ਵਰਤਾਰ, ਕਾਇਆ ਮੰਦਰ ਇਕ ਸੁਹਾਇੰਦਾ। ਗੁਣਵੰਤਾ ਹਰਿ ਗੁਣ ਵਿਚਾਰ, ਪੂਰਨ ਭਗਵੰਤਾ ਚਰਨ ਪਿਆਰ, ਹਰਿ ਸਾਚਾ ਸੀਰ ਪਿਲਾਇੰਦਾ। ਮਾਤ ਬਣਾਏ ਸਾਚੀ ਬਣਤਾ, ਮਹਿੰਮਾ ਜਗਤ ਸਦਾ ਅਗਣਤਾ, ਲੇਖਾ ਲੇਖ ਨਾ ਕੋਇ ਚੁਕਾਇੰਦਾ। ਵੇਖ ਵਖਾਣੇ ਜੀਆਂ ਜੰਤਾ, ਕਰੇ ਧਿਆਨੇ ਸਾਧਨ ਸੰਤਾ, ਬ੍ਰਹਮ ਗਿਆਨੇ ਆਦਿਨ ਅੰਤਾ, ਜੋਤੀ ਦੀਪਕ ਇਕ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਤਾਣ ਵਿਚ ਜਹਾਨ ਗੁਣ ਨਿਧਾਨ, ਗੁਰਮੁਖ ਸਾਚੇ ਆਪ ਮਾਣ ਰਖਾਇੰਦਾ। ਸਾਚਾ ਹਰਿ ਤਨ ਫੁਲਵਾੜੀ। ਫਲ ਫੁੱਲ ਲੱਗੇ ਸਤਾਰਾਂ ਹਾੜੀ। ਦੀਪਕ ਜੋਤੀ ਆਤਮ ਜਗੇ, ਹੋਏ ਰੁਸ਼ਨਾਈ ਬਹੱਤਰ ਨਾੜੀ। ਸ਼ਬਦ ਬੰਨ੍ਹੇ ਹੱਥੀਂ ਤਗੇ, ਪਰੇ੍ਹ ਹਟਾਏ ਚੋਰਾਂ ਝੂਠੀ ਧਾੜੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਲੇਖੇ ਲਾਏ ਭਰਮ ਭੁਲੇਖੇ ਦੂਰ ਕਰਾਏ, ਗੁਰਮੁਖ ਸਾਚੇ ਨੇੜ ਨਾ ਆਏ ਮੌਤ ਲਾੜੀ। ਮੌਤ ਲਾੜੀ ਦਰ ਦੁਰਕਾਰੇ। ਸ਼ਬਦ ਖੰਡਾ ਏਕਾ ਮਾਰੇ। ਗੁਰਮੁਖਾਂ ਪਾਈ ਸਾਚੀ ਵੰਡਾ, ਚਰਨ ਪ੍ਰੀਤੀ ਉਪਰ ਧਵਲਾਰੇ। ਆਤਮ ਸਦਾ ਸੁਹਾਗਣ ਨਾ ਹੋਏ ਰੰਡਾ, ਮਿਲੇ ਮੇਲ ਹਰਿ ਕੰਤ ਪਿਆਰੇ। ਜੋਤੀ ਨੂਰ ਸ਼ਬਦ ਬ੍ਰਹਿਮੰਡਾ, ਮਾਤ ਪਤਾਲ ਅਕਾਸ਼, ਏਕਾ ਰੰਗ ਸੱਚੀ ਸਰਕਾਰੇ। ਗੁਰਮੁਖ ਆਤਮ ਕਰੇ ਵਾਸ, ਜੋਤ ਪ੍ਰਕਾਸ਼ ਪ੍ਰਭ ਅਬਿਨਾਸ਼, ਭਾਗ ਲਗਾਏ ਕਾਇਆ ਮਹੱਲ ਸਚ ਚੁਬਾਰੇ। ਜੋਤ ਸਰੂਪੀ ਪਾਏ ਰਾਸ, ਸ਼ਬਦ ਚਲਾਏ ਸਵਾਸ ਸਵਾਸ, ਦਰਸ ਦਿਖਾਏ ਅਗੰਮ ਅਪਾਰੇ। ਰਸਨ ਤਜਾਏ ਮਦਿਰਾ ਮਾਸ, ਹਉਮੇ ਦੁੱਖੜਾ ਹੋਏ ਨਾਸ, ਹਰਿ ਜੀ ਵਸੇ ਸਦਾ ਪਾਸ, ਕਦੇ ਗੁਪਤ ਕਦੇ ਜ਼ਾਹਿਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਵਡਿਆਈ ਸੱਚੀ ਸਰਕਾਰੇ। ਸਾਚਾ ਸ਼ਬਦ ਤਨ ਸ਼ਿੰਗਾਰੀ। ਨਾ ਡੋਲੇ ਮਨ ਦਹਿ ਦਿਸ਼ ਵਿਚਾਰੀ। ਸਾਚਾ ਰਾਗ ਸੁਣਨਾ ਕੰਨ, ਨਾਦ ਧੁਨ ਧੁਨੀ ਧੁਨਕਾਰੀ। ਲੱਖ ਚੁਰਾਸੀ ਵਿਚੋਂ ਚੁਣ, ਮਿਲੇ ਮੇਲ ਹਰਿ ਬਨਵਾਰੀ। ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖ ਸਾਚੇ ਰਿਹਾ ਨਿਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੰਦੇਸ਼ਾ ਮਾਝੇ ਦੇਸਾ, ਜੋਤ ਸਰੂਪੀ ਧਾਰੇ ਭੇਸਾ, ਅੰਤਮ ਰੱਖੇ ਖੁਲ੍ਹੜੇ ਕੇਸਾ, ਜਨ ਭਗਤ ਜਗਾਏ ਵਿਚ ਸੰਸਾਰੀ। ਹਰਿਜਨ ਸੋਇਆ, ਆਪ ਜਗਾਏ। ਅਵਰ ਨਾ ਜਾਣੇ ਜੀਵ ਕੋਇਆ, ਪ੍ਰਭ ਅਬਿਨਾਸ਼ੀ ਦਇਆ ਕਮਾਏ। ਸਾਚਾ ਹਲ ਪ੍ਰਭ ਸਾਚੇ ਜੋਇਆ, ਸੋਹੰ ਬੀਜ ਬਿਜਾਏ ਧੁਰਦਰਗਾਹੀ ਸੱਚਾ ਢੋਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਕਲ ਆਪਣੀ ਹੱਥੀਂ ਝੋਲੀ ਪਾਏ। ਸ਼ਬਦ ਨਾਮ ਜਗਤ ਪੰਘੂੜਾ। ਕਾਇਆ ਚਾਮ ਰੰਗ ਚਾੜ੍ਹੇ ਗੂੜ੍ਹਾ। ਮਿੱਟੇ ਅੰਧੇਰੀ ਸ਼ਾਮ, ਜਨ ਮਸਤਕ ਲਾਏ ਧੂੜਾ। ਕੋਈ ਨਾ ਲੱਗੇ ਦਰ ਸਾਚੇ ਦਾਮ, ਚਤੁਰ ਸੁਜਾਨ ਕਰੇ ਮਨ ਮੂਰਖ ਮੂੜ੍ਹਾ। ਮੇਲ ਮਿਲਾਵਾ ਸਾਚੇ ਰਾਮ, ਸ੍ਰਿਸ਼ਟ ਸਬਾਈ ਨਾਤਾ ਕੂੜਾ। ਇਕ ਪਿਆਏ ਅੰਮ੍ਰਿਤ ਜਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰਾ। ਸੋਹੰ ਸ਼ਬਦ ਰਸਨਾ ਰਸ ਗੀਤ। ਮਿਲੇ ਮੇਲ ਪ੍ਰਭ ਸਾਚੇ ਮੀਤ। ਹਰਿ ਹਿਰਦੇ ਜਾਏ ਵਸ, ਕਾਇਆ ਕਰੇ ਠੰਡੀ ਸੀਤ। ਪੰਚ ਪੰਚਾਇਨ ਜਾਇਣ ਨੱਸ, ਇਕ ਦਿਸਾਏ ਸਾਚੀ ਰੀਤ। ਸ਼ਬਦ ਬਾਣ ਲਾਏ ਕਸ, ਗੁਰਮੁਖ ਸਾਚੇ ਏਕਾ ਅੰਦਰ ਸਾਚਾ ਮੰਦਰ, ਨਾ ਕੋਈ ਵਖਾਣੇ ਦਿਹੁਰਾ ਮਸੀਤ। ਆਤਮ ਤੋੜੇ ਵੱਜਾ ਜੰਦਰ, ਨਰ ਹਰਿ ਸਾਚਾ ਰਾਖੋ ਚੀਤ। ਦਰ ਦਰ ਭੌਂਦੇ ਫਿਰਦੇ ਬੰਦਰ, ਕੋਈ ਨਾ ਪਰਖੇ ਕਿਸੇ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਝੋਲੀ ਪਾਏ, ਦਰਸ ਦਿਖਾਏ ਦਇਆ ਕਮਾਏ ਸਦਾ ਗਾਉਣਾ ਸੁਹਾਗੀ ਗੀਤਾ। ਰਸਨਾ ਗੀਤ ਸੁਹਾਗੀ ਗਾਉਣਾ। ਪੁਰਖ ਅਬਿਨਾਸ਼ੀ ਰਖਣਾ ਚੀਤ, ਕਾਇਆ ਮੰਦਰ ਭਾਗ ਲਗਾਉਣਾ। ਜਗਤ ਅਵਲੜੀ ਦੱਸੇ ਰੀਤ, ਮਦਿਰਾ ਮਾਸ ਰਸਨ ਤਜਾਉਣਾ। ਗੁਰ ਸੰਗਤ ਸਾਚਾ ਮੇਲ ਮਿਲਾਉਣਾ। ਚਰਨ ਪ੍ਰੀਤੀ ਕਾਇਆ ਡਾਲ, ਅੰਮ੍ਰਿਤ ਫਲ ਲਗਾਉਣਾ। ਨਾ ਕੋਈ ਮੰਦਰ ਨਾ ਮਸੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਦਵਾਰੇ ਸਾਚੇ ਅੰਦਰ, ਨਿਜ ਘਰ ਵਾਸੀ ਜੋਤ ਪ੍ਰਕਾਸ਼ੀ, ਸਵਛ ਸਰੂਪੀ ਦਰਸ਼ਨ ਪਾਉਣਾ। ਨੇਤਨ ਨੇਤ ਨੇਤ ਗੁਰ ਅੰਤਰ। ਦਿਵਸ ਰੈਣ ਜਨ ਰਸਨਾ ਚੀਤ, ਹਰਿ ਸ਼ਬਦ ਜਗ ਸਾਚਾ ਮੰਤਰ। ਕਾਇਆ ਵਖਾਣੇ ਸਾਚਾ ਖੇਤ, ਅੱਠੇ ਪਹਿਰ ਲੱਗੀ ਰਹੇ ਬਸੰਤਰ। ਜੋਤੀ ਜੋਤ ਸਰੂਪ ਹਰਿ, ਸਾਚੀ ਕਿਰਪਾ ਦੇਵੇ ਕਰ, ਨਰ ਹਰਿ ਸਾਚਾ ਨੇਤਨ ਨੀਤ। ਸਚ ਸ਼ਬਦ ਸ਼ਬਦ ਧੁਨਕਾਰਾ। ਪ੍ਰਭ ਅਬਿਨਾਸ਼ੀ ਰਿਹਾ ਪੁਕਾਰ ਸੁਣ, ਹਰਿਜਨ ਆਏ ਚਰਨ ਦੁਆਰਾ। ਵੇਖ ਵਖਾਣੇ ਗੁਣ ਅਵਗੁਣ, ਦੇਵੇ ਨਾਮ ਇਕ ਭੰਡਾਰਾ। ਸੰਤ ਸੁਹੇਲੇ ਸਾਚੇ ਚੁਣ, ਚਰਨ ਲਗਾਏ ਵਾਰੋ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਏ, ਗੁਰਮੁਖ ਮੰਗੇ ਬਣ ਭਿਖਾਰਾ। ਗੁਰਮੁਖ ਸਾਚਾ ਦਰ ਭਿਖਾਰੀ। ਪ੍ਰਭ ਅਬਿਨਾਸ਼ੀ ਲਿਖਣਾ ਲੇਖ, ਆਤਮ ਕਰੇ ਸਾਚੀ ਕਾਰੀ। ਸੱਜਣ ਸੁਹੇਲਾ ਸਾਚਾ ਸਖ, ਫਲ ਲਗਾਏ ਸੱਚੀ ਫੁਲਵਾੜੀ। ਅੱਠੇ ਪਹਿਰ ਰਹੇ ਰੱਖ, ਪਵਣ ਸਵਾਸੀ ਜੋਤੀ ਰਹਿਰਾਸੀ ਬਹੱਤਰ ਨਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਾਪ ਮਾਰੇ ਤੀਨੋ ਤਾਪ, ਸਦਾ ਸਦਾ ਸਦਾ ਬਲ ਬਲ ਜਾਸੀ। ਸੋਹੰ ਨਾਮ ਰਸਨਾ ਗਾਉਣਾ। ਪੁਰਖ ਅਬਿਨਾਸ਼ੀ ਸਾਚਾ ਪਾਉਣਾ। ਘਟ ਘਟ ਵਾਸੀ ਨਿਜ ਘਰ ਵਾਸ ਇਕ ਰਖਾਉਣਾ। ਕਾਇਆ ਮੰਡਲ ਸਾਚੀ ਰਾਸੀ, ਸ਼ਬਦ ਸਵਾਸ ਜਗਤ ਧਰਵਾਸ ਹਰਿ ਰਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਜਾਪ, ਚਾਰ ਵਰਨ ਅੰਤਮ ਏਕਾ ਏਕ ਜਪਾਉਣਾ। ਸੋਹੰ ਜਾਪ, ਜਪੇ ਜਪ ਅਜਪਾ ਜਪ ਜਪ ਜਾਪੇ। ਕੋਟਨ ਕੋਟ ਉਤਾਰੇ ਪਾਪ, ਲੋਕਮਾਤੀ ਵਡ ਪ੍ਰਤਾਪੇ। ਆਪੇ ਬਣੇ ਮਾਈ ਬਾਪ, ਗੁਰਮੁਖ ਸਾਚੇ ਏਕਾ ਰੰਗ ਰੰਗਾਣੇ ਆਪਣੇ ਆਪੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਨਿਭਾਏ, ਆਪ ਕਲ ਸਾਗਰ ਪਾਰ ਕਰਾਏ, ਦੇਵੇ ਦਾਤ ਵਡ ਕਰਾਮਾਤ, ਸੋਹੰ ਦਾਤ ਜਗਤ ਸੁਗਾਤੇ। ਜਗਤ ਜੰਜ਼ਾਲਾ ਝੂਠਾ ਨਾਤਾ। ਗੁਰ ਗੋਪਾਲਾ ਪਿਤਾ ਮਾਤਾ। ਕਰੇ ਪ੍ਰਿਤਪਾਲਾ ਦਿਵਸ ਰਾਤਾ। ਤੋੜੇ ਜਗਤ ਜੰਜ਼ਾਲਾ, ਬੈਠਾ ਰਹੇ ਇਕ ਇਕਾਂਤਾ। ਜੋਤੀ ਜੋਤ ਅਕਾਲ ਅਕਾਲਾ, ਚਰਨ ਪ੍ਰੀਤੀ ਦਿਸੇ ਨਾਤਾ। ਸ਼ਬਦ ਸਰੂਪੀ ਵੱਜੇ ਤਾਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬੈਠਾ ਮਾਰੇ ਝਾਤਾ। ਆਤਮ ਝਾਕੀ ਖੋਲ੍ਹੇ ਤਾਕੀ। ਜਨ ਭਗਤਾਂ ਚੁਕਾਏ ਲੇਖਾ ਬਾਕੀ। ਸ੍ਰਿਸ਼ਟ ਸਬਾਈ ਅੰਤਮ ਬਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਇਕ ਵਖਾਏ, ਜਗਤ ਫਾਹ ਦਏ ਕਟਾਏ, ਵੇਲੇ ਅੰਤਮ ਪੜਦੇ ਢਾਕੀ। ਜਗਤ ਜੰਜਾਲਾ ਮਾਤ ਕਟਾਉਣਾ। ਗੁਰ ਗੋਪਾਲਾ ਰਿਦੇ ਵਸਾਉਣਾ। ਸ਼ਬਦ ਦੁਸ਼ਾਲਾ ਤਨ ਪਹਿਨਾਉਣਾ। ਨਾ ਹੋਏ ਮਾਤ ਕੰਗਾਲਾ, ਸੋਹੰ ਲਾਲ ਹੱਥ ਫੜਾਉਣਾ। ਬਣਿਆ ਰਹੇ ਸ਼ਬਦ ਦਲਾਲਾ, ਦੋ ਜਹਾਨਾਂ ਪਾਰ ਕਰਾਉਣਾ। ਦਰ ਘਰ ਸਾਚੇ ਏਕਾ ਨਾਮ ਸੱਚਾ ਧਨ ਮਾਲਾ, ਪ੍ਰਭ ਅਬਿਨਾਸ਼ੀ ਝੋਲੀ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਕਰੇ ਉਜਾਲਾ, ਚਰਨ ਸਰਨ ਗੁਰ ਧਿਆਨ ਰਖਾਉਣਾ। ਚਰਨ ਸਰਨ ਹਰਿ ਸਰਨਾਈ। ਮਿਲੇ ਮਾਣ ਜਗਤ ਵਡਿਆਈ। ਜੀਵ ਜਹਾਨ ਭੁੱਲ ਨਾ ਰਾਈ। ਸ਼ਬਦ ਬਬਾਣ ਰਿਹਾ ਚੜ੍ਹਾਈ। ਆਪ ਚੁਕਾਏ ਝੂਠੀ ਕਾਨ, ਏਕਾ ਆਣ ਨਾਮ ਰਖਾਈ। ਦਰ ਘਰ ਸਾਚੇ ਦੇਵੇ ਥਾਨ, ਬੰਕ ਦਵਾਰ ਰਿਹਾ ਸੁਹਾਈ। ਜਗਤ ਨਿਮਾਣਿਆਂ ਦੇਵੇ ਮਾਣ, ਪਾਰ ਲੰਘਾਏ ਫੜ ਕੇ ਬਾਹੀਂ। ਸਾਚਾ ਸ਼ਬਦ ਪੀਣ ਖਾਣ, ਅੱਠੇ ਪਹਿਰ ਠੰਡੀ ਛਾਈਂ। ਗੁਰ ਚਰਨ ਤੀਰਥ ਸਾਚਾ ਨਹਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਭਨੀ ਥਾਈਂ। ਰਸਨਾ ਗਾਓ ਗਹਿਰ ਗੰਭੀਰਾ। ਅਮਰਾਪਦ ਪਾਓ, ਸੁਖ ਸਹਿਜ ਸਮਾਓ, ਅੰਮ੍ਰਿਤ ਧਾਰਾ ਬਖ਼ਸ਼ੇ ਸਾਚਾ ਨੀਰਾ। ਹਉਮੇ ਚਿੰਤਾ ਰੋਗ ਗਵਾਓ, ਸ਼ਬਦ ਰਸਨਾ ਰਸ ਭੋਗ ਲਗਾਓ, ਕੱਢੇ ਹਉਮੇ ਪੀੜਾ। ਗੁਰ ਚਰਨ ਪ੍ਰੀਤੀ ਜੋਗ ਕਮਾਓ, ਲੇਖਾ ਧੁਰ ਸੰਜੋਗ ਜਗਤ ਵਿਜੋਗ ਚੁਕਾਓ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪੇ ਕਟੇ ਮਾਤ ਭੀੜਾ। ਤਨ ਜੋਬਨ ਸ਼ਬਦ ਸ਼ਿੰਗਾਰਾ। ਕਟੇ ਹਉਮੇ ਰੋਗਣ, ਪੂਰਬ ਕਰਮ ਵਿਚਾਰਾ। ਦਰ ਘਰ ਸਾਚੇ ਏਕਾ ਜੋਤੀ ਜੋਗਣ, ਨਾ ਕੋਈ ਪੁਰਖ ਨਾ ਕੋਈ ਨਾਰਾ। ਗੁਰਮੁਖ ਸਾਚਾ ਰਸਨ ਆਤਮ ਭੋਗਣ, ਫੂਲਨ ਕਲੀਆਂ ਤਨ ਸ਼ਿੰਗਾਰਾ। ਮਿਲਿਆ ਮੇਲ ਧੁਰ ਸੰਜੋਗਣ, ਕੰਤ ਮਿਲਾਵਾ ਮੀਤ ਮੁਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦਰ ਸਾਚਾ ਜਗਤ ਰਖਾਇਆ ਦਰ ਸੱਚਾ ਦਰਬਾਰਾ। ਸੋਭਾਵੰਤੀ ਨਾਰ, ਤਨ ਸ਼ਿੰਗਾਰਿਆ। ਮਿਲਿਆ ਕੰਤ ਪਿਆਰ, ਆਤਮ ਸੇਜਾ ਹੋਈ ਤਿਆਰ, ਹਰਿ ਸੁੱਤਾ ਚਰਨ ਪਸਾਰਿਆ। ਗੁਰਮੁਖਾਂ ਵਾਜਾਂ ਰਿਹਾ ਮਾਰ, ਸ਼ਬਦ ਬਾਜਾ ਇਕ ਉਡਾਰ, ਚਾਰੇ ਕੁੰਟਾਂ ਵੇਖ ਵਖਾ ਰਿਹਾ। ਦਰ ਘਰ ਪਾਉਂਦਾ ਸਾਚੀ ਸਾਰ, ਮਾਨਸ ਦੇਹੀ ਪੈਜ ਸਵਾਰ, ਨਾ ਕੋਈ ਜਾਣੇ ਰਾਜੇ ਰਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਤੁਰ ਸੁਜਾਨ, ਰੰਗ ਸੰਗ ਸਾਚਾ ਮਾਣਿਆਂ। ਸਾਚਾ ਸੰਗ ਸੱਚੀ ਸਰਕਾਰਾ। ਚਿੱਟੇ ਅਸਵ ਕਸੇ ਤੰਗ, ਅੱਠੇ ਪਹਿਰ ਰਹੇ ਅਸਵਾਰਾ। ਜਨ ਭਗਤਾਂ ਕਟੇ ਭੁੱਖ ਨੰਗ, ਆਤਮ ਭਰੇ ਇਕ ਭੰਡਾਰਾ। ਸ਼ਬਦ ਚੜ੍ਹਾਏ ਸਾਚਾ ਰੰਗ, ਮਾਇਆ ਮਮਤਾ ਲਾਹੇ ਤਨ ਅਫਾਰਾ। ਵਡ ਦਾਤਾ ਸੂਰਾ ਸਰਬੰਗ, ਦੇਵਣਹਾਰ ਸਦਾ ਦਾਤਾਰਾ। ਗੁਰਮੁਖ ਸਾਚਾ ਪਾਰ ਜਾਏ ਲੰਘ, ਮੰਗੀ ਮੰਗ ਪ੍ਰਭ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਏ, ਪੁਰਖ ਅਬਿਨਾਸ਼ ਦਇਆ ਕਮਾਏ, ਹਰਿਜਨ ਬਣਿਆ ਸਚ ਭਿਖਾਰਾ। ਮੰਗੇ ਭਿਖ ਚਰਨ ਦਵਾਰਿਆ। ਆਤਮ ਤ੍ਰਿਸ਼ਨਾ ਲਾਹੇ ਵਿਖ, ਦੇਵੇ ਸ਼ਬਦ ਅਪਰ ਅਪਾਰਿਆ। ਸਾਚੀ ਸਿੱਖਿਆ ਲੈਣੀ ਸਿੱਖ, ਮਾਨਸ ਦੇਹੀ ਭਾਗ ਲਗਾ ਰਿਹਾ। ਨਾ ਕੋਈ ਜਾਣੇ ਮੁਨ ਰਿਖ, ਜੋਤੀ ਜਾਮਾ ਹਰਿ ਸੰਸਾਰਿਆ। ਦਰ ਦਵਾਰੇ ਮਿਲੇ ਏਕਾ ਨਾਮ ਭਿਖ, ਗੁਰਮੁਖ ਮੰਗਣ ਦਰ ਦਰਬਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਭਰੇ ਰਹਿਣ ਸਦ ਭੰਡਾਰਿਆ। ਹਰਿ ਭੰਡਾਰ ਸਦਾ ਭਰਪੂਰਿਆ। ਗੁਰਮੁਖਾਂ ਜਾਏ ਤਾਰ ਵਿਚ ਸੰਸਾਰ, ਦੇਵੇ ਸ਼ਬਦ ਸਤਿ ਸਰੂਰਿਆ। ਸਚ ਕਰਾਏ ਵਣਜ ਵਪਾਰ, ਮਾਨਸ ਜਨਮ ਨਾ ਆਏ ਹਾਰ, ਮੰਗਣ ਆਏ ਸਚ ਦਵਾਰਿਆ। ਸੋਲਾਂ ਕਰੇ ਤਨ ਸ਼ਿੰਗਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਦਵਾਰਾ ਅੰਮ੍ਰਿਤ ਸਾਚਾ ਆਪ ਚੁਆ ਰਿਹਾ। ਉਠ ਉਠ ਜਾਗ ਹਰਿ ਜੋਤ ਜਗਈਆ। ਗੁਰਮੁਖ ਸਾਚੇ ਜਾਗੇ ਭਾਗ, ਪ੍ਰਭ ਸ਼ਬਦ ਚੜ੍ਹਾਏ ਸੱਚੀ ਨਈਆ। ਕਲਜੁਗ ਮਾਇਆ ਧੋਏ ਦਾਗ਼, ਨਿਰਮਲ ਕਾਇਆ ਬੁੱਧ ਬਿਬੇਕ ਕਰਈਆ। ਇਕ ਸੁਣਾਏ ਸਾਚਾ ਰਾਗ, ਸੋਹੰ ਜਾਪ ਜਗਤ ਜਪਈਆ। ਤਨ ਬੰਨ੍ਹਾਏ ਸਾਚਾ ਤਾਗ, ਨਾ ਕੋਈ ਤੋੜੇ ਤੋੜ ਤੁੜਈਆ। ਆਪ ਬੁਝਾਏ ਤ੍ਰਿਸ਼ਨਾ ਆਗ, ਅੰਮ੍ਰਿਤ ਮੇਘ ਹਰਿ ਛਿੜਕਈਆ। ਗੁਰਮੁਖ ਬਣਾਏ ਹੰਸ ਕਾਗ, ਮਾਣਕ ਮੋਤੀ ਸੋਹੰ ਚੋਗ ਚੁਗਈਆ। ਅੰਤਮ ਵੇਲੇ ਪਕੜੇ ਵਾਗ, ਭਵ ਸਾਗਰ ਪਾਰ ਕਰਈਆ। ਜਨ ਮਿਲਿਆ ਸਾਚਾ ਕੰਤ ਸੁਹਾਗ, ਜਗਤ ਵਛੋੜਾ ਦੂਰ ਕਰਈਆ। ਚਰਨ ਕਵਲ ਜਨ ਜਾਏ ਲਾਗ, ਲੱਖ ਚੁਰਾਸੀ ਪ੍ਰਭ ਫੰਦ ਕਟਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਡਿਆਏ ਵਡ ਵਡਭਾਗ, ਦਰਸ ਅਮੋਘ ਸ਼ਬਦ ਜੋਗ ਇਕ ਦਵਈਆ। ਸ਼ਬਦ ਜੋਗ ਰਸਨ ਰਸ ਭੋਗ। ਨਰ ਹਰਿ ਦਿਤਾ ਵਰ ਕਿਰਪਾ ਕਰ, ਆਤਮ ਘਰ ਕਟੇ ਹਉਮੇ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਮਸਤਕ ਲਿਖਿਆ ਧੁਰ, ਧੁਰ ਮਸਤਕ ਸਚ ਸੰਜੋਗ। ਸਰਬ ਕਲਾ ਸਮਰਥ, ਹਰਿ ਮਿਹਰਬਾਨ ਹੈ। ਸਰਬ ਕਲਾ ਸਮਰਥ, ਵਾਲੀ ਦੋ ਜਹਾਨ ਹੈ। ਸਰਬ ਕਲਾ ਸਮਰਥ, ਤਿੰਨਾਂ ਲੋਆਂ ਬੰਧ ਬੰਧਾਨ ਹੈ। ਸਰਬ ਕਲਾ ਸਮਰਥ, ਚੌਦਾਂ ਲੋਕਾਂ ਹਟ ਖੁਲ੍ਹਾਨ ਹੈ। ਸਰਬ ਕਲਾ ਸਮਰਥ, ਸਮੇਰੂ ਰੱਖੇ ਇਕ ਨਿਸ਼ਾਨ ਹੈ। ਸਰਬ ਕਲਾ ਸਮਰਥ, ਬ੍ਰਹਮਾ ਬਹਾਏ ਵਿਚ ਸੱਚੀ ਦੁਕਾਨ ਹੈ। ਸਰਬ ਕਲਾ ਸਮਰਥ, ਸ਼ਿਵ ਸ਼ੰਕਰ ਬਾਸ਼ਕ ਤਸ਼ਕ ਗਲ ਲਟਕਾਨ ਹੈ। ਸਰਬ ਕਲਾ ਸਮਰਥ, ਇੰਦ ਇਦਰਾਸਣ ਸਿੰਘ ਸਿੰਘਾਸਣ ਕਰੋੜ ਤੇਤੀਸਾ ਛਤਰ ਝੁਲਾਨ ਹੈ। ਸਰਬ ਕਲਾ ਸਮਰਥ, ਹਰਿ ਸੁਰਸਤੀ ਪ੍ਰਗਟੀ ਵਿਚ ਜਹਾਨ ਹੈ। ਸਰਬ ਕਲਾ ਸਮਰਥ, ਨਾਰਦ ਉਪਜੇ ਬ੍ਰਹਮ ਗਿਆਨ ਹੈ। ਸਰਬ ਕਲਾ ਸਮਰਥ, ਛੱਤੀ ਰਾਗਾਂ ਧੁਨ ਧੁਨਕਾਨ ਹੈ। ਸਰਬ ਕਲਾ ਸਮਰਥ, ਜੁਗਾਂ ਜੁਗੰਤਾ ਆਦਿਨ ਅੰਤਾ ਬਣਾਏ ਬਣਤਾ, ਨਾ ਕੋਈ ਜਾਣੇ ਜੀਵ ਨਿਧਾਨ ਹੈ। ਸਰਬ ਕਲਾ ਸਮਰਥ, ਬਣਤ ਬਣਾਇੰਦਾ। ਸਰਬ ਕਲਾ ਸਮਰਥ, ਮਾਤ ਪਤਾਲ ਅਕਾਸ਼ ਏਕਾ ਤਾਣ ਤਣਾਇੰਦਾ। ਸਰਬ ਕਲਾ ਸਮਰਥ, ਘਟ ਘਟ ਰੱਖੇ ਵਾਸ, ਦਿਸ ਨਾ ਆਇੰਦਾ। ਸਰਬ ਕਲਾ ਸਮਰਥ, ਸਾਚੀ ਜੋਤ ਇਕ ਪ੍ਰਕਾਸ਼, ਰੰਗਣ ਰੰਗ ਧੁਨ ਵਖਾਇੰਦਾ। ਸਰਬ ਕਲਾ ਸਮਰਥ, ਨਾ ਕੋਈ ਵਖਾਣੇ ਰੂਪ ਰੰਗ ਜਿਨ ਪ੍ਰਗਟ ਹੋ ਛਿੰਨ ਛਿੰਨ ਭਿੰਨ ਭਿੰਨ ਹਰਿ ਸਮਾਇੰਦਾ। ਸਰਬ ਕਲਾ ਸਮਰਥ, ਲੱਖ ਚੁਰਾਸੀ ਬੁਝਾਏ ਗਿਣ ਗਿਣ, ਨੌਂ ਦਸ ਗਿਆਰਾਂ ਬੀਸ ਤੀਸ ਚਾਰ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਰੱਖੇ ਸਚ ਦਰ, ਚਾਰ ਕੁੰਟ ਦਹਿ ਦਿਸ਼ ਵੰਡ ਕਰਾਇੰਦਾ। ਸਾਚੀ ਵੰਡ ਮਾਤ ਕਰਾਈ। ਲੱਖ ਚੁਰਾਸੀ ਵਰਭੰਡ ਉਪਜਾਈ। ਸੱਤ ਦੀਪ ਨੌਂ ਖੰਡ ਗਣਤ ਗਿਣਾਈ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਅੰਡਜ ਜੇਰਜ ਉਤਭੁਜ ਸੇਤਜ, ਦਿਸ ਕਿਸੇ ਨਾ ਆਈ। ਜੋਤੀ ਜੋਤ ਸਰੂਪ ਹਰਿ, ਪੁਰੀਆਂ ਲੋਆਂ ਧਾਰ ਬੰਨ੍ਹਾਈ। ਬੰਨ੍ਹੇ ਧਾਰਾ ਸੱਚੀ ਸਰਕਾਰਾ। ਲੋਕਮਾਤੀ ਕਰ ਵਿਚਾਰ, ਲੱਖ ਚੁਰਾਸੀ ਜੋਤ ਅਧਾਰਾ। ਪ੍ਰਭ ਅਬਿਨਾਸ਼ੀ ਸਾਚੀ ਕਾਰ, ਬਣਤ ਬਣਾਏ ਗਿਰਵਰ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਚਾਰ ਜੁਗ ਪਾਏ ਵੰਡ, ਤਰਤਾਲੀ ਲੱਖ ਸੰਗ ਰਲਾਏ ਬੀਸ ਹਜ਼ਾਰਾ। ਤਰਤਾਲੀ ਲੱਖ ਬੀਸ ਹਜ਼ਾਰ। ਸਤਿਜੁਗ ਤਰੇਤਾ ਕੀਨੇ ਵਖ, ਕੀਨੀ ਖੇਲ ਅਪਰ ਅਪਾਰ। ਅਠਾਰਾਂ ਜਾਮੇ ਹਰਿ ਪ੍ਰਤਖ, ਸਤਿਜੁਗ ਸਾਚੇ ਸਹਿਜੇ ਸੁਖ ਧਾਰ। ਤ੍ਰੇਤੇ ਪ੍ਰਗਟੇ ਅਲਖਣਾ ਅਲੱਖ, ਏਕਾ ਜੋਤੀ ਦੋਏ ਅਧਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਜੁਗ ਦਵਾਪਰ ਵੇਖ ਵਿਚਾਰੇ। ਦੋਏ ਜਾਮੇ ਹਰਿ ਜੀ ਧਾਰੇ। ਅੰਤਮ ਵੇਖੇ ਵੇਖ ਵਖਾਣੇ, ਜੀਵ ਜੰਤ ਜਾਏ ਹਾਰੇ। ਜੋਤੀ ਜੋਤ ਸਰੂਪ ਹਰਿ, ਅੰਤਮ ਕਲ ਪ੍ਰਗਟ ਜੋਤ ਹਰਿ ਮਾਲਨ ਕਰੇ ਤਿਆਰੀਆ। ਸਿਰ ਉਠਾਏ ਸਾਚੀ ਖਾਰੀਆ। ਗੁਰਮੁਖ ਸਾਚੇ ਸੰਤ ਜਨ, ਵਿਚ ਮਾਤ ਵੇਖੇ ਲੱਗੀ ਸੱਚੀ ਫੁਲਵਾੜੀਆ। ਜੋਤੀ ਜੋਤ ਸਰੂਪ ਹਰਿ, ਸਾਚਾ ਕਰਮ ਕਮਾਏ ਦਇਆ ਕਮਾਏ, ਵੇਖ ਵਖਾਣੇ ਸਤਾਰਾਂ ਹਾੜੀਆ। ਸਾਚੀ ਖਾਰੀ ਸੀਸ ਉਠਾਇੰਦਾ। ਹਰਿ ਜਗਦੀਸ਼ ਦਇਆ ਕਮਾਇੰਦਾ। ਪ੍ਰਭ ਭੇਵ ਖੁਲ੍ਹਾਉਣਾ ਬੀਸ ਇਕੀਸ, ਛਤਰ ਸੀਸ ਇਕ ਝੁਲਾਇੰਦਾ। ਲੱਖ ਚੁਰਾਸੀ ਜਾਣੀ ਪੀਸ, ਨਾ ਕੋਈ ਕਿਸੇ ਛੁਡਾਇੰਦਾ। ਨਾ ਕੋਈ ਦਏ ਸਹਾਰਾ ਖਾਣੀ ਬਾਣੀ ਅੰਜ਼ੀਲ ਕੁਰਾਨੀ ਸ਼ਬਦ ਹਦੀਸ, ਵੇਦ ਪੁਰਾਨਾਂ ਵਕਤ ਚੁਕਾਇੰਦਾ। ਅੰਤਮ ਛੱਡਣੇ ਹਾਣੀਆਂ ਹਾਣੀ, ਕਿਸੇ ਨਾ ਮਿਲਣਾ ਘਰ ਘਰ ਪਾਣੀ, ਰਾਜੇ ਛੱਡਣ ਸੁਤੀਆਂ ਰਾਣੀ, ਅਮੀਰ ਵਜ਼ੀਰ ਦਰ ਦਰਬਾਨ ਸ਼ਾਹ ਸੁਲਤਾਨ ਤਖ਼ਤ ਜਹਾਨ ਨਜ਼ਰ ਕੋਈ ਨਾ ਆਇੰਦਾ। ਪ੍ਰਗਟ ਹੋਇਆ ਨਰ ਹਰਿ ਬਲੀ ਬਲਵਾਨ ਵਿਚ ਜਹਾਨ, ਸ਼ਬਦ ਡੰਕ ਇਕ ਵਜਾਇੰਦਾ। ਫੜ ਫੜ ਮਾਰੇ ਬੇਈਮਾਨ ਸ਼ੈਤਾਨ, ਧਰਮ ਰਾਏ ਦੁਲਾਰੀ ਸਚ ਪਿਆਰੀ, ਲਾੜੀ ਮੌਤ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਗੁਰਮੁਖ ਸਾਚੇ ਦਰ ਘਰ ਸਾਚੇ ਜਾਏ ਵਾੜੀ। ਸਦਾ ਠੰਡੀ ਛਾਂ ਰਖਾਇੰਦਾ। ਜਗਤ ਫੁਲਵਾੜੀ ਫੁੱਲ ਕਿਆਰਾ। ਗੁਰਮੁਖਾਂ ਪਾਏ ਕਲ ਜਗਤ ਪਿੱਤ ਵਿਚ ਸੰਸਾਰਾ। ਭਾਗ ਲਗਾਏ ਸਾਚੀ ਕੁਲ, ਨਿਤ ਨਵਿਤ ਨਰਾਇਣ ਨਰ ਨਿਰੰਕਾਰਾ। ਨਾ ਕੋਈ ਜਾਣੇ ਧੀ ਪੁੱਤ, ਮਾਤ ਪਿਤ ਨਾ ਪਾਵੇ ਸਾਰਾ। ਗੁਰਮੁਖਾਂ ਅੰਮ੍ਰਿਤ ਆਤਮ ਰਿਹਾ ਸਿੰਚ, ਕਾਇਆ ਕਰੇ ਠੰਡੀ ਠਾਰਾ। ਸਤਾਰਾਂ ਹਾੜੀ ਸੁਹਾਏ ਥਿਤ, ਮਾਤ ਗਰਭ ਨਾ ਆਏ ਰਿੱਤ, ਮਿਲੇ ਜੋਤ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਬਹਾਏ ਵਕਤ ਸੁਹਾਏ, ਕੌਸਤਕ ਮਨੀਆ ਤਿਲਕ ਲਗਾਏ, ਨੌਂ ਚੰਦ ਚੜ੍ਹਾਏ ਵਿਚ ਸੰਸਾਰਾ। ਨੌਂ ਚੰਦ ਨੌਂ ਨੌਂ ਖੰਡੇ। ਜਗੇ ਜੋਤ ਹਰਿ ਬ੍ਰਹਿਮੰਡੇ । ਕਲਜੁਗ ਅੰਤਮ ਆਇਆ ਕੰਢੇ। ਸਤਿਜੁਗ ਸਾਚਾ ਮਾਰੇ ਡੰਡੇ। ਸ਼ਬਦ ਫੜਿਆ ਹਰਿ ਜੀ ਖੰਡੇ। ਚਾਰੇ ਕੁੰਟ ਪਾਏ ਵੰਡੇ। ਜੀਵ ਜੰਤ ਹੋਏ ਘੁਮੰਡੇ। ਘਰ ਘਰ ਦੀਸੇ ਨਾਰ ਰੰਡੇ। ਧਰਤ ਮਾਤ ਕਰ ਪੁਕਾਰ, ਹਰਿ ਦਾਤਾਰ ਵਰ ਏਕਾ ਮੰਗੇ। ਲੱਖ ਚੁਰਾਸੀ ਕਰ ਖੁਆਰ ਵਿਚ ਸੰਸਾਰ, ਰਾਜੇ ਰਾਣੇ ਫਿਰਨ ਪੈਰ ਨੰਗੇ। ਨਿਹਕਲੰਕ ਜਾਮਾ ਧਾਰ। ਸ਼ਬਦ ਘੋੜੇ ਹੋ ਅਸਵਾਰ, ਅੰਤਮ ਕਲ ਮਾਰੇ ਡੰਡੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੂਲਨਹਾਰ ਗੁਰਸਿਖ ਪਿਆਰ, ਜਗਤ ਵਿਹਾਰ ਕਰੇ ਵਿਚ ਵਰਭੰਡੇ। ਵਰਭੰਡ ਵਰਭੰਡ ਵਰਭੰਡ ਹਰਿ ਭੰਡੀ ਪਾਈ। ਕਿਸੇ ਨਾ ਦਿਸੇ ਰਾਹ ਡੰਡੀ, ਮਾਵਾਂ ਪੁਤਰਾਂ ਸੁਧ ਨਾ ਰਾਈ। ਲੁਕਦੇ ਫਿਰਨ ਕਰੀਰ ਜੰਡੀ, ਆਪੇ ਕਰੇ ਖੰਡ ਖੰਡੀ, ਜਗਤ ਪਖੰਡੀ ਦਏ ਮਿਟਾਈ। ਸ਼ਬਦ ਫੜੇ ਸਾਚੀ ਚੰਡੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਦਏ ਮਿਟਾਈ। ਕਲਜੁਗ ਅੰਤਮ ਮੇਟ ਮਿਟਾਉਣਾ। ਸਤਾਰਾਂ ਹਾੜੀ ਲੇਖ ਲਿਖਾਉਣਾ। ਵੇਖ ਵੇਖ ਗੁਰਸਿਖ ਜਗਾਉਣਾ। ਮਸਤਕ ਸਾਚੀ ਮੇਖ ਲਗਾਉਣਾ। ਔਲੀਆ ਪੀਰ ਸ਼ੇਖ਼ ਮਿਟਾਉਣਾ। ਪੀਰ ਦਸਤਗੀਰ ਕੋਈ ਦਿਸ ਨਾ ਆਉਣਾ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਬੀਆ ਬਾਨ ਵਿਚ ਜਹਾਨ, ਡੂੰਘੀ ਕੰਦਰ ਉਜਾੜ ਪਹਾੜ ਉਚਾ ਟਿੱਲਾ ਬੂਰਾ ਕੱਕਾ ਬਿੱਲਾ, ਕੋਈ ਰਹਿਣ ਨਾ ਪਾਉਣਾ। ਰਸਨਾ ਤੀਰ ਸ਼ਬਦ ਚਿੱਲਾ, ਗਗਨ ਪਤਾਲਾਂ ਥੰਮ ਹਿੱਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਡੰਕ ਸ਼ਬਦ ਅੰਕ ਰਾਓ ਰੰਕ ਦਵਾਰ ਬੰਕ ਘਰ ਘਰ ਚਲਾਉਣਾ। ਜਗਤ ਸੂਰਾ ਸਖੀ ਸੁਲਤਾਨ। ਸ਼ਬਦ ਗੁਣੀ ਪੂਰਾ ਨੌਜਵਾਨ। ਆਤਮ ਬਖ਼ਸ਼ੇ ਹਰਿ ਸਤਿ ਸਰੂਰਾ, ਸਾਚਾ ਦੇਵੇ ਸ਼ਬਦ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਅੰਤਮ ਕਿਰਪਾ ਦੇਵੇ ਕਰ, ਆਪ ਬਿਠਾਏ ਇਕ ਬਬਾਣ। ਸਚ ਬਬਾਣੇ ਜਾਣਾ ਚੜ੍ਹ। ਹਰਿ ਚਰਨ ਧਿਆਨੇ ਫੜਿਆ ਲੜ। ਕਲਜੁਗ ਹੋਇਆ ਬੇਮੁਹਾਨੇ, ਅੰਤਮ ਵੇਲੇ ਜਾਏ ਹੜ੍ਹ। ਗੁਰਮੁਖ ਸਾਚੇ ਸੁਘੜ ਸਿਆਣੇ, ਪ੍ਰਭ ਅਬਿਨਾਸ਼ੀ ਬਾਹੋਂ ਲਏ ਫੜ। ਦਰ ਘਰ ਸਾਚੇ ਦੇਵੇ ਮਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਇਕ ਇਕੱਲਾ, ਹਰਿ ਭਗਤਨ ਮੇਲਾ, ਜੋਤ ਸਰੂਪ ਅੰਦਰ ਬੈਠਾ ਵੜ। ਰੱਖੇ ਲਾਜ ਦੇਸ ਮਾਝ, ਭਗਤ ਬਨਵਾਰਿਆ। ਸ਼ਬਦ ਸੀਸ ਸਾਚਾ ਤਾਜ, ਖੇਲ ਨਰ ਨਿਰੰਕਾਰਿਆ। ਚਾਰ ਕੁੰਟ ਪੈਣੀ ਭਾਜ, ਆਵੇ ਵਾਰੀ ਵਾਰੋ ਵਾਰਿਆ। ਗੁਰਮੁਖਾਂ ਸਵਾਰੇ ਆਪ ਕਾਜ, ਸ਼ਬਦ ਦੇਵੇ ਸਚ ਵਸਤ ਹੱਥ ਸਮਰਥ, ਨਾ ਪੁਛੇ ਕੋਈ ਵਾਰਿਆ। ਨਾਮ ਗਹਿਣਾ ਤਨ ਸ਼ਬਦ ਬਸਤ, ਏਕਾ ਅਸਤ ਨਰ ਨਿਰੰਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਰਿ ਦਰ ਪਿਆਰੇ, ਕਰ ਕਿਰਪਾ ਪਾਰ ਉਤਾਰਿਆ। ਉਤਰੇ ਪਾਰ ਬੰਨ੍ਹੇ ਬੇੜਾ। ਵਿਚ ਸੰਸਾਰ ਝੂਠਾ ਝੇੜਾ। ਪ੍ਰਭ ਜਾਏ ਪੈਜ ਸਵਾਰ, ਚੁੱਕੇ ਚੁਰਾਸੀ ਗੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਤਮ ਦਰ ਦਵਾਰੇ ਦਇਆ ਕਮਾਏ, ਖੁਲ੍ਹਾ ਰਖਾਏ ਸਦਾ ਵਿਹੜਾ। ਖੁਲ੍ਹਾ ਵਿਹੜਾ ਕਾਇਆ ਨਗਰ ਖੇੜਾ। ਦਰ ਘਰ ਸਾਚੇ ਸਦਾ ਸਚ ਨਿਬੇੜਾ। ਪੁਰਖ ਅਬਿਨਾਸ਼ੀ ਹਰਿ ਜਨ ਹਿਰਦੇ ਵਾਚੇ ਅੰਤਮ ਬੰਨ੍ਹੇ ਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਦਇਆ ਕਮਾਏ, ਜਗਤ ਜਗਦੀਸ਼ਾ ਲੱਖ ਚਾਰ ਚੁਰਾਸੀ ਗੇੜਾ। ਲੱਖ ਚੁਰਾਸੀ ਚਾਰ ਯਾਰ। ਸੰਗ ਮੁਹੰਮਦ ਹੋਏ ਖ਼ਵਾਰ। ਕੋਈ ਨਾ ਪਾਵੇ ਅੰਤਮ ਸਾਰ। ਅੱਲਾ ਰਾਣੀ ਨਾ ਮਾਤ ਜੰਮਦੀ, ਨਾ ਹੋਏ ਕਲ ਖੁਆਰ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਅੰਤ ਇਕ ਮੁਹੰਮਦ ਵਾਰੋ ਵਾਰ ਬੁਲਾਇਆ, ਵੇਖੇ ਪੁਛੇ ਕੀ ਵਰਤੇ ਸੰਸਾਰ। ਆਏ ਦਰ ਹੋਏ ਨਿਮਾਣਾ। ਜਗਤ ਭੁਲਾਇਆ ਰਾਜਾ ਰਾਣਾ। ਸਾਚਾ ਰਾਹ ਕਿਸੇ ਦਿਸ ਨਾ ਆਇਆ, ਪੀਰ ਫਕੀਰਾਂ ਛਡਿਆ ਭਾਣਾ। ਜੋਤੀ ਜੋਤ ਸਰੂਪ ਹਰਿ, ਲੋਕਮਾਤੀ ਜੋਤ ਧਰ, ਵਰਨ ਗੋਤ ਇਕ ਕਰ, ਰਾਓ ਰੰਕ ਰਾਜ ਰਾਜਾਨਾ। ਦਵਾਰ ਬੰਕ ਸ਼ਾਹ ਸੁਲਤਾਨਾ। ਏਕਾ ਰੰਗ ਦਏ ਚੜ੍ਹਾਈਆ। ਫੂਲਨ ਬਰਖਾ ਹਰਿ ਨਰ ਲਾਈਆ। ਗੁਰਮੁਖਾਂ ਆਤਮ ਵਜਦੀ ਰਹੇ ਵਧਾਈਆ। ਸ਼ਬਦ ਸੁਹਾਗੀ ਗੀਤ, ਗਾਉਂਦੇ ਰਹਿਣਾ ਚਾਈਂ ਚਾਈਂਆ। ਕਲਜੁਗ ਅੰਤਮ ਜਾਣਾ ਬੀਤ, ਸਤਿਜੁਗ ਸਾਚੇ ਮਿਲੀ ਵਡਿਆਈਆ। ਜਨ ਭਗਤਾਂ ਕਰੇ ਕਾਇਆ ਠੰਡੀ ਸੀਤ, ਅੰਮ੍ਰਿਤ ਸਚ ਭੰਡਾਰ ਖੁਲ੍ਹਾਈਆ। ਮਾਨਸ ਜਨਮ ਜਾਣਾ ਜੀਤ, ਨਿਹਕਲੰਕੀ ਚਰਨੀ ਚੀਤ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਫੂਲਨ ਬਰਖਾ ਅੰਮ੍ਰਿਤ ਮੇਘ ਬਰਸਾਈਆ। ਫੂਲਨ ਬਰਖਾ ਸੋਭਾਵੰਤ, ਕਰੇ ਖੇਲ ਹਰਿ ਭਗਵੰਤ, ਭਗਤ ਵਡਿਆਈ ਸੰਤ ਸਹਾਈ। ਮੇਲ ਮਿਲਾਵਾ ਸਾਚੇ ਕੰਤ, ਜਗਤ ਵਿਛੋੜਾ ਦਏ ਕਟਾਈ। ਚਰਨ ਪ੍ਰੀਤੀ ਨਾਤਾ ਜੋੜਾ, ਜਗਤ ਛਡੇ ਭੈਣਾਂ ਭਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਇਕ ਵਸੇ ਅਟੱਲਾ, ਵਸੇ ਹਰਿ ਸਦ ਇਕੱਲਾ, ਦੂਰ ਦੁਰਾਡਾ ਇਕ ਮਹੱਲਾ, ਦੀਪਕ ਜੋਤੀ ਰਿਹਾ ਜਗਾਈ। ਸੱਚਾ ਭੋਗ ਭਗਤ ਦਵਾਰ। ਭਰੇ ਰਹਿਣ ਸਦ ਭੰਡਾਰ। ਤੋਟ ਨਾ ਆਵੇ ਵਿਚ ਸੰਸਾਰ। ਸਾਚੀ ਲੱਗੇ ਸ਼ਬਦ ਚੋਟ, ਕਾਇਆ ਵੱਜੇ ਇਕ ਨਗਾਰ। ਜੂਠਾ ਝੂਠਾ ਕੱਢੇ ਖੋਟ, ਦੇਵੇ ਨਾਮ ਸ਼ਬਦ ਅਪਾਰ। ਬੇਮੁਖ ਜੀਵ ਆਲ੍ਹਣਿਉਂ ਡਿੱਗੇ ਬੋਟ, ਕੋਈ ਨਾ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਨਿਆਰ। ਜਗੇ ਜੋਤ ਹਰਿ ਭਗਵਾਨਾ। ਆਤਮ ਜੋਤੀ ਜਗੇ, ਝੂਲਦਾ ਰਹੇ ਜਗਤ ਨਿਸ਼ਾਨਾ। ਏਕਾ ਵਾ ਠੰਡੀ ਵਗੇ, ਗੁਰਮੁਖ ਅੰਤਮ ਤ੍ਰਿਖਾ ਬੁਝਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੰਕ ਦਵਾਰ, ਸਹਿਜ ਸੁਖ ਧਾਰ ਆਪ ਸੁਹਾਨਾ। ਰਸਨਾ ਭੋਗ ਭਗਤ ਵਡਿਆਈਆ। ਸ਼ਬਦ ਜੋਗ ਸਚ ਕਮਾਈਆ। ਨਿਖੁੱਟ ਨਾ ਜਾਏ ਚੋਗ, ਹਰਿ ਹੋਏ ਆਪ ਸਹਾਈਆ। ਗੁਰਮੁਖਾਂ ਦਰਸ ਅਮੋਘ, ਆਤਮ ਦਰ ਦਵਾਰ ਦਰ ਦਰਸਾਈਆ। ਦੂਈ ਦਵੈਤੀ ਕਟੇ ਰੋਗ, ਰੰਗਣ ਨਾਮ ਮਜੀਠ ਚੜ੍ਹਾਈਆ। ਨਾ ਕੋਈ ਚਿੰਤਾ ਨਾ ਕੋਈ ਸੋਗ, ਹਰਿ ਭਾਣੇ ਸਦ ਸਮਾਈਆ। ਹਰਿ ਆਪ ਚੁਗਾਏ ਸ਼ਬਦ ਸਾਚੀ ਚੋਗ, ਗੁਰਮੁਖ ਸਾਚੇ ਗੋਦ ਉਠਾਈਆ। ਮਿਲਿਆ ਮੇਲ ਲਿਖਿਆ ਧੁਰ ਸੰਜੋਗ, ਚਰਨ ਪ੍ਰੀਤੀ ਤੋੜ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨ ਲਾਏ ਸਾਚਾ ਭੋਗ, ਗੁਰ ਸੰਗਤ ਮੁਖ ਛੁਹਾਈਆ। ਗੁਰ ਸੰਗਤ, ਗੁਰ ਚਰਨ ਦਾਸ। ਦੂਜੇ ਦਰ ਨਾ ਜਾਏ ਮੰਗਤ, ਪ੍ਰਗਟ ਜੋਤ ਕਰੇ ਪ੍ਰਕਾਸ਼। ਹੋਏ ਸਹਾਈ ਜਿਉਂ ਨਾਨਕ ਅੰਗਦ, ਸ਼ਬਦ ਸੁਹੇਲਾ ਮਾਨਸ ਜਨਮ ਰਹਿਰਾਸ। ਲੱਖ ਚੁਰਾਸੀ ਜਮ ਕੀ ਫਾਸੀ ਆਪ ਕਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਾਚਾ ਹੋਏ ਦਾਸ। ਦਾਸਨ ਦਾਸ ਦਰ ਦਵਾਰੇ। ਪ੍ਰਭ ਪੂਰ ਕਰਾਏ ਆਸ, ਮੰਗੇ ਮੰਗ ਬਣ ਭਿਖਾਰੇ। ਜਗੇ ਜੋਤ ਪ੍ਰਿਥਮੀ ਅਕਾਸ਼, ਏਕਾ ਏਕ ਅਪਰ ਅਪਾਰੇ। ਨਿਜ ਘਰ ਆਤਮ ਰਖੇ ਵਾਸ ਦਾਸਨ ਦਾਸ ਦਾਸ ਹਰਿ ਚਰਨ ਪਨਿਹਾਰੇ। ਸਦਾ ਸਹਾਈ ਅੰਗ ਸੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗੇ ਮੰਗ ਇਕ ਨਾਮ ਦਰ ਦਵਾਰੇ।
