Granth 04 Likhat 109: 30 Poh 2011 Bikarmi Prem Singh de Greh Pind Bugge Jila Amritsar

੩੦ ਪੋਹ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ

ਸਚਖੰਡ ਸੱਚਾ ਦਰਬਾਰਿਆ। ਵਿਚ ਵਰਭੰਡ ਖੇਲ ਅਪਾਰਿਆ। ਜੋਤੀ ਜਾਮਾ ਹਰਿ ਬ੍ਰਹਿਮੰਡ, ਲੋਆਂ ਪੁਰੀਆਂ ਸਰਬ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਆਪ ਬਹਾ ਰਿਹਾ। ਸਾਚੇ ਘਰ ਜੋਤ ਨਿਰੰਕਾਰ ਹੈ। ਏਕਾ ਧਾਰ ਅਪਰ ਅਪਾਰ ਹੈ। ਨਾ ਕੋਈ ਸਕੇ ਵਿਚਾਰ, ਨਾ ਵੇਖੇ ਰੇਖ ਭੇਖ ਨਾ ਕੋਈ ਨਾਰੀ ਨਾਰ ਹੈ। ਏਕਾ ਜੋਤੀ ਬਿਨ ਵਰਨ ਗੋਤੀ, ਪੁਰਖ ਅਕਾਲਾ ਦੀਨ ਦਿਆਲਾ ਆਪੇ ਜਾਣੇ ਆਪਣੀ ਸਾਰ ਹੈ। ਆਪੇ ਜਾਣੇ ਆਪਣੀ ਸਾਰ, ਜੋਤ ਜਗਾਇੰਦਾ। ਵਸੇ ਸਚ ਦਵਾਰ, ਆਪਣਾ ਮਹੱਲ ਸਦਾ ਅਟੱਲ ਏਕਾ ਏਕ ਬਣਾਇੰਦਾ। ਵਸੇ ਰਸੇ ਨਿਹਚਲ ਧਾਮ ਅਟੱਲ, ਕਿਸੇ ਹੱਥ ਨਾ ਆਇੰਦਾ। ਕਿਸੇ ਹੱਥ ਨਾ ਆਵੇ ਜਲ ਥਲ, ਉਚ ਪ੍ਰਬਤ ਨਾ ਕੋਈ ਵਖਾਇੰਦਾ। ਜੋਤੀ ਜਾਮਾ ਵਲ ਛਲ, ਕਲਜੁਗ ਤੇਰੀ ਦਾਤ ਸਾਚੇ ਧਾਮ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੀ ਬਣਤ ਬਣਾਇੰਦਾ। ਸਚਖੰਡ ਸਚ ਅਕਾਲਿਆ। ਜਗੀ ਜੋਤ ਬੇਮਿਸਾਲਿਆ। ਨਾ ਕੋਈ ਵਰਨ ਨਾ ਕੋਈ ਗੋਤ, ਮਾਤ ਪਿਤ ਨਾ ਕਿਸੇ ਪਾ ਲਿਆ। ਨਾ ਕੋਈ ਦੁੱਧ ਨਾ ਕੋਈ ਪੋਤ, ਪੁੱਤਰ ਧੀ ਨਾ ਕਿਸੇ ਅਖਵਾ ਲਿਆ। ਏਕਾ ਏਕ ਨਿਰੰਜਣ ਜੋਤ ਸਾਚੇ ਧਾਮ ਆਪ ਸਮਾ ਲਿਆ। ਜੋਤੀ ਜਾਮਾ ਹਰਿ ਭਗਵਾਨਾ, ਨਿਹਕਲੰਕ ਪਹਿਰੇ ਬਾਣਾ ਕਲਜੁਗ ਅੰਤਮ ਵਾਰ ਲੋਕਮਾਤ ਮਾਰ ਝਾਤ, ਸਾਚੀ ਬਣਤ ਬਣਾ ਰਿਹਾ। ਜੋਤ ਨਿਰੰਜਣ ਨੂਰ ਅਕਾਲੀ, ਕਲਜੁਗ ਰੈਣ ਘਟਾ ਕਾਲੀ, ਪੁਰਖ ਅਬਿਨਾਸ਼ੀ ਵੇਖ ਵਿਚਾਰ ਦੀਪਾਂ ਲੋਆਂ ਪਾਏ ਸਾਰ, ਵਿਚ ਵਰਭੰਡਾਂ ਕਰੇ ਖੇਲ ਨਿਆਰੇ। ਜੋਤੀ ਜਾਮਾ ਸ੍ਰੀ ਭਗਵਾਨਾ, ਪ੍ਰਗਟ ਹੋਏ ਵਿਚ ਸੰਸਾਰੇ। ਸ਼ਬਦ ਜਣਾਏ ਇਕ ਤਰਾਨਾ, ਨਾ ਕੋਈ ਧੁਨ ਨਾ ਕੋਈ ਸੁੰਨ ਪੜਦਾ ਉਹਲਾ ਨਾ ਕੋਈ ਰਖਾਵੇ। ਗੁਰਮੁਖ ਸਾਚੇ ਸੰਤ ਜਨ ਪ੍ਰਭ ਲੋਕਮਾਤ ਚੁਣ ਭੇਵ ਖੁਲ੍ਹਾਏ ਦਇਆ ਕਮਾਏ, ਕਲਜੁਗ ਤੇਰੀ ਅੰਤਮ ਵਾਰੇ। ਨਿਰਗੁਣ ਖੇਲ ਜਗਤ ਹੰਕਾਰਿਆ। ਨਾ ਕੋਈ ਗੁਰ ਨਾ ਕੋਈ ਚੇਲ, ਭੁੱਲਾ ਸਰਬ ਸੰਸਾਰਿਆ। ਨਾ ਕੋਈ ਬਾਣੀ ਨਾ ਕੋਈ ਸ਼ਬਦ ਸੱਚੀ ਧੁਨਕਾਰਿਆ। ਜੋਤੀ ਜੋਤ ਸਰੂਪ ਹਰਿ ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਚਾ ਮੇਲ ਮਿਲਾ ਰਿਹਾ। ਸ਼ਬਦ ਤਰਾਨਾ ਨਾਮ ਮਰਦੰਗ। ਨਾ ਕੋਈ ਚੜ੍ਹਾਏ ਕੰਚਨ ਕਾਇਆ ਸਾਚਾ ਰੰਗ। ਪੰਜ ਤੱਤ ਲੱਗੀ ਝੂਠੀ ਅੰਚਨ, ਜਲਦੇ ਰਹਿਣ ਵਾਂਗ ਪਤੰਗ। ਗੁਰਮੁਖਾਂ ਕਾਇਆ ਆਇਆ ਸਿੰਚਣ, ਹਰਿ ਦਰ ਮੰਗੀ ਸਾਚੀ ਮੰਗ। ਤਨ ਮਨ ਭਿੰਨਾ ਹਰਿ ਹਰਿ ਭਿੰਚਨ, ਮਾਨਸ ਦੇਹੀ ਨਾ ਹੋਏ ਭੰਗ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣਾ ਚਾੜ੍ਹੇ ਰੰਗ। ਸ਼ਬਦ ਧਾਰ ਨਾ ਕੋਈ ਵਿਚਾਰ, ਨਾ ਕੋਈ ਜਾਣੇ ਬ੍ਰਹਮ ਗਿਆਨਿਆ। ਕਵਣ ਦਵਾਰਾ ਕਵਣ ਘਰ ਬਾਹਰਾ, ਜਿੱਥੇ ਵੱਜੇ ਤਾਰ ਮਹਾਨਿਆ। ਕਵਣ ਵਜਾਏ ਤਾਰ ਅਪਾਰ ਰਬਾਨੀਆ। ਕਵਣ ਚਲਾਏ ਸਾਚੀ ਧਾਰਾ, ਕਵਣ ਰਖਾਏ ਧੁਰਦਰਗਾਹੀ ਸਚ ਨਿਸ਼ਾਨੀਆ। ਕਵਣ ਵਖਾਏ ਰਾਰਾ ਰਾਰਾ ਰਾਰਾ, ਰਾਮ ਰਹੀਮ ਕਰੀਮ ਨਾ ਕਿਸੇ ਪਛਾਣਿਆ। ਬੇਮੁਖਾਂ ਆਤਮ ਭਰਿਆ ਹੰਕਾਰ, ਚਾਰੋਂ ਕੁੰਟ ਹੋਏ ਵੈਰਾਨਿਆ। ਕਲਜੁਗ ਤੇਰਾ ਧੁੰਦੂਕਾਰਾ, ਬੇਮੁਖ ਮਾਰੇ ਵਡ ਸ਼ੈਤਾਨਿਆ। ਗੁਰਮੁਖ ਵਿਰਲੇ ਨਾਮ ਅਧਾਰ, ਪ੍ਰਗਟ ਹੋਏ ਵਾਲੀ ਦੋ ਜਹਾਨਿਆ। ਕਾਇਆ ਕਰੇ ਠੰਡੀ ਠਾਰ, ਅੰਮ੍ਰਿਤ ਸਾਚੀ ਬੂੰਦ ਪਿਆ ਰਿਹਾ। ਮੇਟ ਮਿਟਾਏ ਅੰਧ ਅੰਧਿਆਰ, ਏਕਾ ਦੀਪਕ ਜੋਤ ਜਗਾ ਲਿਆ। ਚਰਨ ਪ੍ਰੀਤੀ ਸਚ ਪਿਆਰ, ਚਾਰ ਵਰਨਾਂ ਰੀਤ ਚਲਾਨਿਆਂ। ਲੋਕਮਾਤ ਇਕ ਸਚ ਦਵਾਰਾ, ਸੰਤ ਮਨੀ ਸਿੰਘ ਬਣ ਲਿਖਾਰਾ, ਕਲਮ ਚਲਾਈ ਬੇਮੁਹਾਣਿਆ। ਰਾਜਾ ਰਾਣਾ ਹੋਏ ਖੁਆਰ, ਨਾ ਕੋਈ ਦਿਸੇ ਸ਼ਾਹ ਸਵਾਰ, ਪਵਣ ਝੁੱਲੇ ਏਕਾ ਧਾਰ, ਪ੍ਰਭ ਮਾਰੇ ਸ਼ਬਦ ਤੀਰ ਕਮਾਨਿਆ। ਕਲਜੁਗ ਪਾਸਾ ਆਇਆ ਹਾਰਾ, ਸ੍ਰਿਸ਼ਟ ਸਬਾਈ ਹੋਏ ਦੋ ਫਾੜਾ, ਗੁਰਮੁਖਾਂ ਵੇਲ ਵਧਾਏ ਸਤਾਰਾਂ ਹਾੜਾ, ਲੱਖ ਚੁਰਾਸੀ ਫੰਦ ਕਟਾਨਿਆ। ਜਗੇ ਜੋਤ ਬਹੱਤਰ ਨਾੜਾ, ਕਾਇਆ ਮੰਦਰ ਸਚ ਅਖਾੜਾ, ਪੰਜਾਂ ਚੋਰਾਂ ਮਾਰ ਭਗਾਨਿਆ। ਧੁਰਦਰਗਾਹੀ ਸਾਚਾ ਵਾੜਾ, ਪੁਰਖ ਅਬਿਨਾਸ਼ੀ ਸਾਚਾ ਲਾੜਾ, ਗੁਰਮੁਖ ਨਾਰੀ ਜਿਸ ਪ੍ਰਨਾਨਿਆ। ਕਲਜੁਗ ਪਾਇਆ ਪੜਦਾ ਭਾਰਾ ਆਪ ਚਬਾਏ ਆਪਣੀ ਦਾੜ੍ਹਾ, ਗੁਰਮੁਖਾਂ ਦੇਵੇ ਸੋਹੰ ਸ਼ਬਦ ਬ੍ਰਹਮ ਗਿਆਨਿਆ। ਸ਼ਬਦ ਉਠਾਏ ਸਾਚੀ ਧਾੜਾ, ਵੇਖ ਵਖਾਣੇ ਜੂਹ ਉਜਾੜਾ, ਉਚੇ ਪਰਬਤ ਹਰਿ ਹਿਲਾਨਿਆ। ਸ਼ਬਦ ਚਲੇ ਕਾੜ ਕਾੜਾ, ਬੇਮੁਖ ਜੀਵਾਂ ਮਾਰੇ ਝਾੜਾਂ, ਸੀਸ ਧੜ ਧੜ ਸੀਸ ਨਾ ਕੋਈ ਦਿਸਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣੇ ਭਾਣੇ, ਜੀਵ ਜੰਤ ਨਾ ਸਕੇ ਕੋਈ ਪਛਾਣਿਆ। ਲੋਕਮਾਤ ਬਣਤ ਬਣਾਇੰਦਾ। ਮਿਟੇ ਅੰਧੇਰੀ ਰਾਤ, ਗੁਰਮੁਖ ਸਾਚੇ ਸੰਤ ਉਪਜਾਇੰਦਾ। ਦੇਵੇ ਸਾਚੀ ਸ਼ਬਦ ਦਾਤ, ਹਰਿ ਸੁਗਾਤ ਇਕ ਲਿਆਇੰਦਾ। ਸਤਿ ਪੁਰਖ ਨਿਰੰਜਣ ਸਾਚਾ ਨਾਤ, ਦੁੱਖ ਭੈ ਭੰਜਨ ਮੇਲ ਮਿਲਾਇੰਦਾ। ਧੂੜੀ ਚਰਨ ਨੇਤਰ ਅੰਜਨ, ਕੱਜਲ ਧਾਰ ਸ਼ਿੰਗਾਰ ਕਰਾਇੰਦਾ। ਬਣੇ ਸੁਹੇਲਾ ਸਾਚਾ ਸੱਜਣ, ਜਗਤ ਵਿਛੋੜਾ ਆਪ ਕਟਾਇੰਦਾ। ਅੰਮ੍ਰਿਤ ਦੇਵੇ ਇਕ ਪਿਆਲਾ ਗੁਰਸਿਖ ਪੀ ਪੀ ਰੱਜਣ, ਆਤਮ ਤ੍ਰਿਸ਼ਨ ਮਿਟਾਇੰਦਾ। ਕਾਇਆ ਭਾਂਡੇ ਅੰਤਮ ਭੱਜਣ, ਨਾ ਕੋਈ ਕਿਸੇ ਛੁਡਾਇੰਦਾ। ਜਨ ਭਗਤਾਂ ਆਇਆ ਪੜਦੇ ਕੱਜਣ, ਸ਼ਬਦ ਜੋਤੀ ਖੇਲ ਖਿਲਾਇੰਦਾ। ਬੇਮੁਖ ਜੀਵ ਕਲਜੁਗ ਤੇਰੀ ਅਗਨੀ ਦਗਨ, ਘਰ ਘਰ ਧੂੰਆਂ ਧਾਰ ਰਖਾਇੰਦਾ। ਗੁਰਮੁਖਾਂ ਤਾਲ ਆਤਮ ਸਾਚੇ ਵੱਜਣ, ਪ੍ਰਭ ਸ਼ਬਦ ਡੰਕ ਵਜਾਇੰਦਾ। ਨਾ ਕੋਈ ਹਾਜੀ ਨਾ ਕੋਈ ਹੱਜਣ, ਮਦੀਨਾ ਮੱਕਾ ਵੇਖ ਵਖਾਇੰਦਾ। ਨਾ ਕੋਈ ਤਾਜੀ ਨਾ ਕੋਈ ਤਾਜਨ, ਸ਼ਬਦ ਘੋੜ ਨਾ ਕੋਈ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਆਪਣੀ ਬਣਤ ਬਣਾਇੰਦਾ। ਨਿਰਗੁਣ ਖੇਲ ਅਪਾਰ, ਨਾ ਸਰਗੁਣ ਜਾਣਿਆ। ਜੋਤੀ ਇਕ ਅਕਾਲ, ਜਗਤ ਭਗਵਾਨਿਆ। ਆਵੇ ਜਾਵੇ ਦੀਨ ਦਿਆਲ, ਆਪਣੇ ਭਾਣੇ ਆਪ ਸਦ ਰਹਾਨਿਆ। ਸਾਚੀ ਨੂਰੀ ਜੋਤ ਜਲਾਲ, ਸ਼ਬਦ ਦਲਾਲ ਇਕ ਰਖਾਨਿਆ। ਗੁਰਮੁਖਾਂ ਝੋਲੀ ਦੇਵੇ ਡਾਲ, ਦਰ ਮੰਗਣ ਬਣ ਸਵਾਲੀਆ। ਸਾਚੀ ਜੋਤੀ ਦੀਪਕ ਥਾਲ, ਕਾਇਆ ਜਗੇ ਜੋਤ ਬੇਮੁਹਾਨਿਆ। ਚਿੱਟਾ ਅਸਵ ਸ਼ਬਦ ਘੋੜਾ ਮਾਰੇ ਇੱਕੋ ਛਾਲ, ਕਿਰਪਾ ਕਰੇ ਵਾਲੀ ਦੋ ਜਹਾਨਿਆ। ਗੁਰਮੁਖ ਸਾਚੇ ਰੱਖਣ ਆਇਆ ਲਾਲ, ਦੇਵੇ ਸ਼ਬਦ ਸੱਚਾ ਦੁਸ਼ਾਲਿਆ। ਲੱਖ ਚੁਰਾਸੀ ਮਾਤ ਕੰਗਾਲ, ਪੰਜਾਂ ਲੁੱਟਿਆ ਨਾਮ ਧਨ ਮਾਲਿਆ। ਸੋਹੰ ਸ਼ਬਦ ਵਸਤ ਆਤਮ ਘਰ ਰਖਣੀ ਸੰਭਾਲ, ਹਰਿ ਤੋੜੇ ਜਗਤ ਜੰਜਾਲਿਆ। ਫਲ ਲਗਾਏ ਕਾਇਆ ਸੱਚੇ ਡਾਲ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਕਰੇ ਰਖਵਾਲੀਆ। ਅੰਤ ਕਾਲ ਨਾ ਖਾਏ ਕਾਲ, ਹਰਿ ਗੋਦੀ ਆਪ ਉਠਾ ਲਿਆ। ਦੋ ਜਹਾਨੀ ਚਲੇ ਨਾਲ, ਸਾਚੇ ਧਾਮ ਬਹਾ ਲਿਆ। ਜਗਤ ਅਵਲੜੀ ਚਲੇ ਚਾਲ, ਜੋਤੀ ਜਾਮਾ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨ, ਜਗਤ ਭਗਤ ਵਡ ਦਾਨੀਆ। ਹਰਿ ਸ਼ਬਦ ਕਾਇਆ ਗਾਗਰਾ। ਗੁਰ ਸ਼ਬਦ ਜਗਤ ਉਜਾਗਰਾ। ਹਰਿ ਸ਼ਬਦ ਰਤੀ ਰਤਨਾਗਰਾ। ਗੁਰ ਸ਼ਬਦ ਗੁਰਮੁਖ ਸਾਚੇ ਸੰਤ ਜਨਾਂ, ਆਪੇ ਮੇਲ ਮਿਲਾਏ, ਚਰਨ ਪ੍ਰੀਤੀ ਇਕ ਵਖਾਏ, ਹਰਿ ਸਰਨ ਸੱਚੀ ਜਨ ਲਾਗਰਾ। ਸਰਗੁਣ ਨਿਰਗੁਣ ਏਕਾ ਧਾਰ, ਸ਼ਬਦ ਤਰੰਤਾ ਸਾਚੀ ਧਾਰ, ਲੋਕਮਾਤ ਬੇਮੁਹਾਨਿਆ। ਹਰਿ ਡੋਲੀ ਇਕ ਬਣਾਇੰਦਾ। ਫੂਲਨਹਾਰਾ ਆਪ ਸੁਹਾਇੰਦਾ। ਕਰੇ ਮਾਤ ਸ਼ਿੰਗਾਰਾ, ਤ੍ਰੈ ਲੋਆਂ ਵੇਸ ਕਰਾਇੰਦਾ। ਪੁਰੀਆਂ ਲੋਆਂ ਇਕ ਅਖਾੜਾ, ਆਪੇ ਰਚਨ ਰਚਾਇੰਦਾ। ਸਾਚੀ ਡੋਲੀ ਬਣ ਕਹਾਰਾ, ਆਪਣੇ ਕੰਧ ਉਠਾਇੰਦਾ। ਲੱਖ ਚੁਰਾਸੀ ਕਰੇ ਚੋਰੀ, ਪ੍ਰਭ ਆਪਣਾ ਭੇਵ ਛੁਪਾਇੰਦਾ। ਹੌਲੀ ਹੌਲੀ ਜਾਏ ਤੋਰੀ, ਸਚ ਦਵਾਰਾ ਹਰਿ ਨਿਰੰਕਾਰਾ, ਫੜ ਫੜ ਬਾਹਰ ਕਢਾਇੰਦਾ। ਉਤਰਿਆ ਆਵੇ ਵਾਰੋ ਵਾਰਾ, ਛੇਵੇਂ ਘਰ ਸਚ ਵਿਚੋਲਾ, ਸ਼ਬਦ ਨਾਲ ਰਲਾਇੰਦਾ। ਪੰਚਮ ਹਰਿ ਗਾਵੇ ਢੋਲਾ, ਪਵਣ ਸਵਾਸੀ ਤਾਰ ਵਜਾਇੰਦਾ। ਚੌਥੇ ਘਰ ਲੱਖ ਚੁਰਾਸੀ, ਵਿਚ ਮਾਤ ਮਾਰ ਝਾਤ, ਵੇਖੇ ਕਾਇਆ ਚੋਲਾ, ਅੰਦਰ ਬਾਹਰ ਵੇਖ ਵਖਾਇੰਦਾ। ਚੌਥੇ ਜੁਗ ਤੇਰਾ ਸਾਚਾ ਡੋਲਾ, ਪ੍ਰਭ ਅਬਿਨਾਸ਼ੀ ਚੌਥੇ ਘਰ ਲਿਆਇੰਦਾ। ਕਰੇ ਖੇਲ ਘਨਕਪੁਰ ਵਾਸੀ, ਲਾਲ ਵੇਸ ਹਰਿ ਕਰਾਇੰਦਾ। ਧਰਮ ਰਾਏ ਦੀ ਲਾਹੇ ਉਦਾਸੀ, ਦਿਵਸ ਰੈਣ ਸੀਸ ਨਿਵਾਇੰਦਾ। ਜਨਕ ਰਾਏ ਧਰਮ ਗਲ ਕਟੀ ਫਾਸੀ, ਧਰਮ ਰਾਏ ਬਖ਼ਸ਼ਾਇੰਦਾ। ਕਲਜੁਗ ਵੇਖੇ ਮਦਿਰਾ ਮਾਸੀ, ਯਮ ਰਾਜਾ ਖ਼ੁਸ਼ੀ ਮਨਾਇੰਦਾ। ਲਾੜੀ ਮੌਤ ਕਰੇ ਹਾਸੀ, ਸਾਚੀ ਮਹਿੰਦੀ ਹੱਥੀਂ ਲਾਏ, ਸੋਹਣਾ ਰੰਗ ਚੜ੍ਹਾਇੰਦਾ। ਲੱਖ ਚੁਰਾਸੀ ਦੇਣੀ ਫਾਸੀ, ਸਚ ਦੁਲਾਰੀ ਧੀ ਕਵਾਰੀ, ਲਾੜੀ ਮੌਤ ਆਪੇ ਆਪ ਸਮਝਾਇੰਦਾ। ਚਾਰੇ ਕੁੰਟਾਂ ਵੇਖੇ ਵਾਰੋ ਵਾਰੀ, ਨਾ ਕੋਈ ਛੱਡੀ ਪੁਤ ਮਾਂ ਪਿਆਰੀ, ਸਾਚੀ ਸਿਖਿਆ ਆਪ ਸਮਝਾਇੰਦਾ। ਨਾ ਕੋਈ ਵੇਖੀ ਕੰਤ ਭਤਾਰਾ ਨਾਰੀ, ਨਾ ਕੋਈ ਵੇਖੀ ਭੈਣ ਭਰਾ ਪਿਆਰੀ, ਕਲਜੁਗ ਨਾਤਾ ਆਪ ਤੁੜਾਇੰਦਾ। ਲੋਕਮਾਤ ਨਾ ਕਰੇ ਉਧਾਰੀ, ਚਾਰੋਂ ਕੁੰਟ ਪਏ ਖੁਆਰੀ, ਫੜਾਏ ਏਕਾ ਨਾਲ ਬਹਾਰੀ, ਸਾਚਾ ਹੁਕਮ ਸੁਣਾਇੰਦਾ। ਲਾੜੀ ਮੌਤ ਅਜੇ ਕਵਾਰੀ, ਧਰਮ ਰਾਏ ਅੱਗੇ ਨਿਮਸਕਾਰੀ, ਮੈਂ ਵੇਖਾਂ ਪਹਿਲਾਂ ਚਾਰ ਯਾਰੀ, ਕਵਣ ਵਰ ਕਵਣ ਦਰ ਕਵਣ ਘਰ, ਸਾਚਾ ਕੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਸਾਚੀ ਡੋਲੀ, ਆਪ ਤੁਰਾਏ ਹੋਲੀ ਹੌਲੀ, ਚੌਥੇ ਘਰ ਆਸਣ ਲਾਇਆ, ਵਾਹਵਾ ਸੋਹਣੀ ਬਣਤ ਬਣਾਇੰਦਾ। ਸਾਚੇ ਘਰ ਹਰਿ ਕਰੇ ਵਿਚਾਰ। ਧਰਤ ਮਾਤ ਤੇਰੀ ਸੁਣੇ ਪੁਕਾਰ। ਲੋਕਮਾਤ ਤੇਰੀ ਝੂਠੀ ਧਾਰ। ਕਲਜੁਗ ਅੰਤਮ ਆਈ ਹਾਰ। ਬੇਮੁਖ ਜੀਵ ਮੁਗਧ ਗਵਾਰ। ਮਦਿਰ ਮਾਸੀ ਵਡ ਹੰਕਾਰ। ਸ਼ਬਦ ਸਵਾਸੀ ਗੁਰਮੁਖ ਵਿਰਲਾ, ਪੁਰਖ ਅਬਿਨਾਸ਼ੀ ਕਰੇ ਵਿਚਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਸਾਚੀ ਡੋਲੀ ਕਰੇ ਤਿਆਰ। ਨਾਲ ਰਲਾਏ ਨਾ ਕੋਈ ਸਾਥੀ, ਹੱਥ ਨਾ ਫੜ੍ਹੇ ਤੇਜ ਕਟਾਰ। ਨਾ ਕੋਈ ਵੇਖੇ ਸ਼ਾਹ ਅਸਵਾਰ। ਨਾ ਕੋਈ ਅਸਵ ਘੋੜਾ ਤਾਜੀ ਹਾਥੀ, ਆਪੇ ਚੱਲੇ ਪਵਣ ਅਸਵਾਰ। ਪ੍ਰਗਟ ਹੋਏ ਤ੍ਰੈਲੋਕੀ ਨਾਥੀ, ਕਲਜੁਗ ਤੇਰੀ ਅੰਤਮ ਵਾਰ। ਆਪ ਚਲਾਏ ਸਾਚੀ ਗਾਥੀ, ਸਤਿਜੁਗ ਚਲਾਏ ਸਾਚੀ ਧਾਰ। ਜੋਤੀ ਜਾਮਾ ਸ੍ਰੀ ਭਗਵਾਨਾ ਸਾਚੀ ਡੋਲੀ ਆਪ ਬਿਠਾਵੇ, ਚਾਰੇ ਕੁੰਟਾਂ ਬੰਨ੍ਹੇ ਵਾਰੋ ਵਾਰ। ਇਕ ਦਰਵਾਜਾ ਗਰੀਬ ਨਿਵਾਜਾ ਲਹਿੰਦੀ ਦਿਸ਼ਾ ਵਖਾਇੰਦਾ, ਸਾਚੀ ਡੋਲੀ ਤਣਿਆ ਤਾਣ। ਤਣੀਆਂ ਬੰਨ੍ਹੇ ਸ਼ਬਦ ਡੰਡੇ ਨਾਲ। ਆਪੇ ਪਾਏ ਸਾਚੀ ਵੰਡਾ, ਨਾ ਕੋਈ ਸਕੇ ਸੁਰਤ ਸੰਭਾਲ। ਵੇਖ ਵਖਾਣੇ ਆਤਮ ਦੇਵੇ ਗੰਢਾ, ਸੋਹੰ ਸ਼ਬਦ ਸੱਚਾ ਧੰਨ ਮਾਲ। ਅੰਤਮ ਵੇਲੇ ਪਾਏ ਠੰਡਾਂ, ਕਲਜੁਗ ਤੇਰਾ ਅੰਤਮ ਵੇਖ, ਪ੍ਰਭ ਅਬਿਨਾਸ਼ੀ ਸਚ ਸੁਹੇਲਾ, ਆਪ ਕਰਾਏ ਅੰਤਮ ਵੇਲਾ, ਚਰਨ ਪ੍ਰੀਤੀ ਨਿਭੇ ਨਾਲ। ਜੋਤੀ ਜਾਮਾ ਸ੍ਰੀ ਭਗਵਾਨਾ ਚੋਲੀ ਰੰਗੇ ਲਾੜੀ ਮੌਤ ਸਿਰ ਵਾਹੇ ਕੰਘੀ, ਆਪ ਬਿਠਾਏ ਦਇਆ ਕਮਾਏ, ਆਪਣੇ ਕੰਧੇ ਲਏ ਉਠਾਏ, ਲੋਕਮਾਤ ਦਾ ਰਾਹ ਵਖਾਏ, ਆਪੇ ਚੱਲੇ ਨਾਲ ਨਾਲ। ਹਰਿ ਸਾਚੀ ਡੋਲੀ ਆਪ ਉਠਾਈਆ। ਪਹਿਲੀ ਪੌੜੀ ਦਰਸ ਦਿਖਾਈਆ। ਬ੍ਰਹਮੇ ਪਾਈ ਵੰਡ, ਬ੍ਰਹਮ ਲੋਕ ਵਧਾਈਆ। ਕੀ ਕਰੇ ਖੇਲ੍ਹ ਰਘੁਰਾਈ, ਨਾ ਜਾਣੇ ਕੋਈ ਰਾਈਆ। ਚਾਰੇ ਵੇਦਾਂ ਰਿਹਾ ਲਿਖਾਈਆ। ਹਰਿ ਕੀ ਖੇਲ ਸਮਝ ਨਾ ਆਈਆ। ਨਾ ਹੋਏ ਕੋਈ ਸਹਾਈ, ਕਲਜੁਗ ਵੇਲਾ ਅੰਤਮ ਆਇਆ, ਨਾ ਸਕੇ ਕੋਈ ਛੁਡਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਸਚ ਦਵਾਰੇ ਬੈਠਾ ਆਈਆ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੀ ਡੋਲੀ ਆਪਣੇ ਕੰਧ ਉਠਾਈਆ। ਪ੍ਰਭ ਅਬਿਨਾਸ਼ੀ ਹੁਕਮ ਸੁਣਾਇਆ। ਬ੍ਰਹਮੇ ਅੱਗੋਂ ਸੀਸ ਨਿਵਾਇਆ। ਹਰਿ ਪ੍ਰਭ ਸਾਚਾ ਸ਼ਬਦ ਵਾਚਾ, ਸਾਚਾ ਰਾਹ ਵਖਾਇਆ। ਪੁਰੀਆਂ ਲੋਆਂ ਭਾਂਡਾ ਕਾਚਾ, ਆਪੇ ਭੰਨੇ ਘੜੇ ਆਪੇ ਲਏ ਉਪਜਾਇਆ। ਭਾਣਾ ਮੰਨਣ ਸਾਚੋ ਸਾਚਾ, ਪ੍ਰਭ ਸਾਚਾ ਹੋਏ ਸਹਾਇਆ। ਜੋਤੀ ਜਾਮਾ ਸ੍ਰੀ ਭਗਵਾਨਾ। ਹੱਥੀਂ ਬੰਨਣ ਆਇਆ ਗਾਨਾ। ਕਲਜੁਗ ਅੰਤਮ ਦਰ ਘਰ ਸਾਚੇ ਜਾਣਾ ਗੁਣ ਨਿਧਾਨਾ। ਅੰਤਮ ਮੇਲਾ ਜੋਤ ਮਿਲਾਨਾ। ਬ੍ਰਹਮਾ ਸਾਚੀ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਏਕਾ ਬਖ਼ਸ਼ ਚਰਨ ਪਿਆਰ। ਚਾਰੇ ਮੁਖ ਗਏ ਹਾਰ। ਅੱਠੇ ਨੇਤਰ ਵਾਰੋ ਵਾਰ, ਰੋਂਦੇ ਧਾਂਹ ਮਾਰ। ਉਲਟੀ ਨਾਭੀ ਕਵਲ ਅੰਮ੍ਰਿਤ ਡੁੱਲ੍ਹਾ, ਆਤਮ ਹੋਈ ਦੁਖਿਆਰ। ਇਕ ਦਵਾਰਾ ਹਰਿ ਜੀ ਖੋਲ੍ਹਾ, ਕਰੇ ਸਾਚੀ ਕਾਰ। ਲੋਕਮਾਤ ਨਾ ਲਾਏ ਮੁੱਲਾ, ਗੁਰਮੁਖਾਂ ਦੇਵੇ ਸ਼ਬਦ ਅਪਾਰ। ਗੁਰਮੁਖ ਵਿਰਲਾ ਪੂਰੇ ਤੋਲ ਤੁੱਲਾ, ਪ੍ਰਭ ਸਾਚਾ ਤੋਲਣਹਾਰ। ਚਰਨ ਪ੍ਰੀਤੀ ਘੋਲ ਘੁਲਾ, ਦਰ ਘਰ ਪ੍ਰਭ ਵੇਖ, ਲੇਖ ਲਿਖਾਏ ਦਇਆ ਕਮਾਏ, ਕਲਜੁਗ ਤੇਰੀ ਅੰਤਮ ਵਾਰ। ਸ਼ਬਦ ਬਣਾਏ ਸਾਚਾ ਦੂਲ੍ਹਾ, ਗੁਰਮੁਖ ਸਾਚਾ ਕਰ ਅਸਵਾਰ। ਆਪ ਬਣਾਏ ਸਾਚਾ ਘੋੜਾ, ਦਰ ਘਰ ਸਾਚੇ ਦੇਵੇ ਵਾੜ। ਸ਼ਬਦ ਪਹਿਨਾਏ ਸਾਚਾ ਚੋਲਾ, ਤਿਲਕ ਲਗਾਏ ਅਪਰ ਅਪਾਰ। ਆਤਮ ਪਰਦਾ ਸਾਚਾ ਖੋਲ੍ਹਾ, ਆਤਮ ਜੋਤੀ ਦਸਮ ਦਵਾਰ। ਅੰਦਰੇ ਅੰਦਰ ਹਰਿ ਜੀ ਬੋਲਾ, ਪੁਰੀਆਂ ਲੋਆਂ ਏਕਾ ਧਾਰ। ਚੁੱਕ ਲਿਆਇਆ ਸਾਚਾ ਡੋਲਾ, ਇੰਦਰਪੁਰੀ ਹਰਿ ਕਰੇ ਪਾਰ। ਆਪ ਮਿਟਾਏ ਪੜਦਾ ਉਹਲਾ, ਸ਼ਿਵ ਸ਼ੰਕਰ ਕਰੇ ਨਿਮਸਕਾਰ। ਸ਼ਬਦ ਸੁਣਾਏ ਸਾਚਾ ਢੋਲਾ, ਬ੍ਰਹਮਾ ਵੇਖੇ ਦਰ ਦਰਬਾਰ। ਗੁਰਮੁਖ ਉਤੇ ਜਾਏ ਕੋਲਾ, ਪ੍ਰਭ ਅਬਿਨਾਸ਼ੀ ਪਹਿਰੇਦਾਰ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚਾ ਲੇਖ ਆਪ ਲਿਖਾਏ, ਕਲਜੁਗ ਤੇਰੀ ਅੰਤਮ ਵਾਰ। ਸਾਚਾ ਸਿੱਖ ਗਿਆ ਦਵਾਰੇ। ਪ੍ਰਭ ਅਬਿਨਾਸ਼ੀ ਦਿੱਤੀ ਭਿੱਖ, ਸਾਚਾ ਕੀਆ ਵਣਜ ਵਪਾਰੇ। ਸਾਚੀ ਸਿੱਖਿਆ ਲੈਣੀ ਸਿੱਖ, ਰਸਨਾ ਗਾਇਆ ਹਰਿ ਨਿਰੰਕਾਰੇ। ਆਤਮ ਲਾਹੀ ਦੂਈ ਦਵੈਤੀ ਵਿਖ, ਚੜ੍ਹਿਆ ਰੰਗ ਅਪਰ ਅਪਾਰੇ। ਮਸਤਕ ਲਾਈ ਸਾਚੀ ਮੇਖ, ਕੌਸਤਕ ਮਨੀਆ ਨੂਰ ਉਜਿਆਰੇ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚਾ ਸਾਚੇ ਘਰ ਆਪ ਵਸਾਏ ਬ੍ਰਹਮਾ ਤੇਰੇ ਉਚ ਮਹੱਲ ਮੁਨਾਰੇ। ਉਚ ਮਹੱਲ ਮੁਨਾਰਾ ਸਚ ਟਿਕਾਣਿਆ। ਅੰਤਮ ਮੰਨਣਾ ਪਏ ਭਾਣਾ, ਸਾਚਾ ਰਾਣਾ ਹੁਕਮ ਸੁਣਾ ਰਿਹਾ। ਅੰਤਮ ਛੱਡਣਾ ਪਏ ਮਾਣਾ, ਜੋਤੀ ਮੇਲ ਮਿਲਾ ਰਿਹਾ। ਨਾ ਕੁਛ ਪੀਣਾ ਨਾ ਕੁਛ ਖਾਣਾ, ਇਕ ਅਧਾਰ ਰਖਾ ਰਿਹਾ। ਗੁਰਮੁਖ ਸਾਚੇ ਸੰਤ ਸੁਹੇਲੇ ਸਾਚਾ ਮਾਣ ਦਵਾਣਾ, ਸਚ ਦਵਾਰੇ ਆਪ ਬਹਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਬਣਤ ਬਣਾ ਰਿਹਾ। ਸਾਚੇ ਸਿੱਖ ਮਿਲੀ ਵਡਿਆਈਆ। ਸ਼ਬਦ ਸਿੰਘਾਸਣ ਡੇਰਾ ਲਾਈਆ। ਆਤਮ ਜੋਤੀ ਨੂਰ ਸਵਾਈਆ। ਵਰਨ ਗੋਤੀ ਭੇਵ ਚੁਕਾਈਆ। ਏਕਾ ਬ੍ਰਹਮ ਸਰੂਪੀ ਬ੍ਰਹਮਾ ਬੈਠਾ ਲਿਵ ਲਾਈਆ। ਸਦ ਵਜਾਏ ਸ਼ਬਦ ਨਾਦ, ਅੰਮ੍ਰਿਤ ਧਾਰ ਮੁਖ ਚੁਆਈਆ। ਲੇਖਾ ਜਾਣੇ ਆਦਿ ਜੁਗਾਦਿ, ਜੁਗਾ ਜੁਗੰਤਰ ਹੋਏ ਸਹਾਈਆ। ਸਾਚੀ ਬਖ਼ਸ਼ੇ ਅੰਤਮ ਦਾਦ, ਗੁਰਮੁਖ ਸਾਚੇ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਿੰਘ ਪਾਲ ਸਾਚੇ ਧਾਮ ਵਸਾਈਆ। ਸਾਚੇ ਧਾਮ ਗੁਰਸਿਖ ਵਸਾਇਆ। ਰਮਈਆ ਰਾਮ, ਸਚ ਸਿੰਘਾਸਣ ਡੇਰਾ ਲਾਇਆ। ਲਾੜੀ ਮੌਤ ਲੱਖ ਚੁਰਾਸੀ ਮੰਗੇ ਤਾਮ, ਅੱਠੇ ਪਹਿਰ ਤ੍ਰਿਸ਼ਨ ਵਖਾਇਆ। ਪੂਰ ਕਰਾਏ ਹਰਿ ਜੀ ਕਾਮ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਝੂਠੀ ਡੋਲੀ ਆਪਣੇ ਕੰਧ ਉਠਾਇਆ। ਪ੍ਰਭ ਸਾਚੇ ਬਣਤ ਬਣਾਈਆ। ਸ਼ਿਵਪੁਰੀ ਰਿਹਾ ਤਜਾਈਆ। ਇੰਦਰਪੁਰੀ ਡੇਰਾ ਲਾਈਆ। ਸਾਚਾ ਸ਼ਬਦ ਸਲੋਕ ਸੁਣਾਈਆ। ਨਾ ਕੋਈ ਸਕੇ ਰੋਕ, ਰਸਨਾ ਤੀਰ ਇਕ ਚਲਾਈਆ। ਲੱਖ ਚੁਰਾਸੀ ਦੇਣੀ ਝੋਕ, ਪੁਰੀਆਂ ਲੋਆਂ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਸੁਰਪਤ ਰਾਜੇ ਇੰਦ, ਦੇ ਮਤ ਰਿਹਾ ਸਮਝਾਈਆ। ਸੁਰਪਤ ਰਾਜੇ ਇੰਦ ਕਰ ਵਿਚਾਰ। ਕਰੇ ਖੇਲ ਹਰਿ ਮਰਗਿੰਦ, ਅੰਤਮ ਕਲਜੁਗ ਆਈ ਹਾਰ। ਕਰੋੜ ਤੇਤੀਸਾ ਤੇਰੀ ਬਿੰਦ, ਅੱਠੇ ਪਹਿਰ ਇਕ ਪਿਆਰ। ਪ੍ਰਗਟ ਹੋਇਆ ਹਰਿ ਹਰਿ ਹਰਿ ਵਡ ਮਰfਦੰਗ, ਕਰੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪੇ ਬੰਨ੍ਹੇ ਆਪਣੀ ਧਾਰ। ਸਾਚਾ ਭਾਣਾ ਧੁਰ ਫ਼ਰਮਾਨਿਆ। ਹਰਿ ਦੇਵੇ ਸਾਚਾ ਮਾਣਾ, ਨਾ ਕੋਈ ਜਾਣੇ ਬਾਲ ਅੰਞਾਣਿਆ। ਸੁਰਪ਼ਤ ਰਾਜਾ ਇੰਦ ਹੋਏ ਪਛਤਾਣਾ, ਸੁਘੜ ਸਿਆਣਾ ਨਾ ਵਕਤ ਪਛਾਣਿਆ। ਵੇਲੇ ਅੰਤਮ ਨਾ ਕਿਸੇ ਛੁਡਾਣਾ, ਪ੍ਰਭ ਅਬਿਨਾਸ਼ੀ ਚੱਲੇ ਆਪਣੇ ਭਾਣਿਆ। ਅੰਮ੍ਰਿਤ ਆਤਮ ਰਸ ਛੁੱਟੇ ਪੀਣਾ ਖਾਣਾ, ਕਾਮ ਧੇਨ ਨਾ ਸੀਰ ਮੁਖ ਚੁਆਣਿਆ। ਜੋਤੀ ਜਾਮਾ ਹਰਿ ਭਗਵਾਨਾ, ਸਾਚਾ ਹੁਕਮ ਸੁਨੇਹੜਾ ਆਪਣਾ ਆਪ ਸੁਣਾ ਲਿਆ। ਸਾਚਾ ਹੁਕਮ ਹਰਿ ਸੁਣਾਇਆ। ਇੰਦ ਇੰਦਰਾਸਣ ਦੇ ਤਜਾਈਆ। ਪੁਰਖ ਅਬਿਨਾਸ਼ੀ ਲੋਕਮਾਤ ਮਾਰ ਝਾਤ, ਵਾਹੋ ਦਾਹੀ ਭੱਜਾ ਆਇਆ। ਗੁਰ ਸੰਗਤ ਬਣਾਈ ਇਕ ਬਰਾਤ, ਸਾਚਾ ਲਾੜਾ ਆਪ ਸਜਾਇਆ। ਕਲਜੁਗ ਤੇਰੀ ਵੇਖ ਅੰਧੇਰੀ ਰਾਤ, ਸ਼ਬਦ ਚੰਦਰਮਾ ਸਚ ਚੜ੍ਹਾਇਆ। ਧੁਰਦਰਗਾਹੀ ਸਚ ਸੁਗਾਤ, ਸ਼ਬਦ ਡੋਲਾ ਨਾਲ ਲਿਆਇਆ। ਜਨ ਭਗਤਾਂ ਦੇਵੇ ਸਾਚੀ ਦਾਦ, ਅੰਮ੍ਰਿਤ ਸਾਚਾ ਸੀਰ ਪਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਾਜ ਮਾਤ ਰਚਾਇਆ। ਸਾਚਾ ਕਾਜ ਸ੍ਰੀ ਭਗਵਾਨਾ, ਨਾ ਕੋਈ ਜਾਣੇ ਰਾਜਨ ਰਾਣਿਆ। ਗੁਰਮੁਖਾਂ ਵੇਖੇ ਵੇਖ ਵਖਾਏ, ਹਰਿ ਜੀ ਚੱਲੇ ਆਪਣੇ ਭਾਣਿਆ। ਧੁਰ ਦੀ ਬਾਣ ਮਸਤਕ ਲਿਖੇ ਸਾਚੀ ਰੇਖੇ, ਆਪੇ ਜਾਣੇ ਸੁਘੜ ਸਿਆਣਿਆ। ਲੱਖ ਚੁਰਾਸੀ ਨੇਤਰ ਪੇਖੇ, ਮਿਲੇ ਮਾਣ ਬਾਲ ਨਿਧਾਨਿਆ। ਮੇਟ ਮਿਟਾਏ ਔਲੀਏ ਪੀਰ ਸ਼ੇਖ਼ੇ, ਖਿੱਚੇ ਤੀਰ ਰਸਨ ਕਮਾਨਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਵਿਰਲੇ ਮਾਤ ਪਛਾਣਿਆ। ਰਚਿਆ ਕਾਜ ਹਰਿ ਨਿਰੰਕਾਰੇ। ਆਪ ਆਪਣਾ ਸਾਜੇ ਸਾਜ, ਗੁਰਮੁਖ ਸਾਚੇ ਦਰ ਦਵਾਰੇ। ਗੁਰਮੁਖਾਂ ਸਦਾ ਮਾਰ ਅਵਾਜ, ਸ਼ਬਦ ਭਾਜੀ ਸਾਚੀ ਫੇਰੇ। ਫੂਲਣਹਾਰ ਬਣਾਇਆ ਸਾਚਾ ਦਾਜ, ਆਤਮ ਜੋਤੀ ਨਾਲ ਪ੍ਰਨਾਏ, ਆਪ ਦਿਵਾਏ ਚਾਰੋਂ ਕੁੰਟ ਚਾਰ ਗੇੜੇ ਚਾਰ ਚੁਫੇਰੇ। ਪ੍ਰੇਮ ਮੋਤੀ ਤਨ ਸ਼ਿੰਗਾਰ ਕਰਾਏ, ਸਾਚਾ ਵੇਸ ਨਰ ਨਰੇਸ਼, ਸੋਲਾਂ ਕਲੀਆਂ ਆਪ ਕਰਾਏ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ ਲਾਲ ਦੁਲਾਰੇ, ਸਾਚੀ ਘੋੜੀ ਆਪ ਚੜ੍ਹਾਏ। ਸਾਚੀ ਘੋੜੀ ਚੜ੍ਹਿਆ ਲਾਲ। ਗੁਰਮੁਖਾਂ ਦੱਸੇ ਰਾਹ ਸੁਖਾਲ। ਏਕਾ ਮਾਰੀ ਸ਼ਬਦ ਛਾਲ। ਪ੍ਰਭ ਅਬਿਨਾਸ਼ੀ ਚਲੇ ਨਾਲ। ਫਲ ਲਗਾਏ ਸਾਚੇ ਡਾਲ। ਜਗਤ ਅਵਲੜੀ ਚਲੇ ਚਾਲ। ਸੱਤ ਮਹੀਨੇ ਤਿੰਨ ਦਿਨ ਕੀਤੀ ਮਾਤ ਪ੍ਰਿਤਪਾਲ। ਕਲਜੁਗ ਵੇਖ ਅੰਧੇਰੀ ਰਾਤ ਅੱਗੇ ਲਾਇਆ ਇਕ ਛੋਟਾਂ ਬਾਲਾ ਨੌਜਵਾਨਾ, ਗੁਰਮੁਖਾਂ ਬਣੇ ਸਚ ਦਲਾਲ। ਹੱਥੀਂ ਬੰਨ੍ਹੇ ਹਰਿ ਜੀ ਗਾਨਾ। ਸ਼ਬਦ ਫੜਾਏ ਤੀਰ ਕਮਾਨਾ, ਕਰੋੜ ਤੇਤੀਸਾ ਬੀਸ ਇਕੀਸਾ ਹੋਏ ਸਰਬ ਵੈਰਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਿਠਾਏ ਸ਼ਬਦ ਬਿਬਾਣ। ਸ਼ਬਦ ਬਿਬਾਣੇ ਗਿਆ ਚੜ੍ਹ। ਪ੍ਰਭ ਅਬਿਨਾਸ਼ੀ ਫੜਿਆ ਲੜ। ਦਰ ਘਰ ਸਾਚੇ ਗਿਆ ਵੜ। ਛੋਟਾ ਬਾਲ ਨਿਧਾਨਾ, ਡੰਡਾ ਡੰਡਾ ਰਿਹਾ ਚੜ੍ਹ। ਕਲਜੁਗ ਤੇਰਾ ਅੰਤਮ ਕੰਢਾ, ਆਪ ਕਰਾਈ ਸਾਚੀ ਵੰਡਾ, ਗੁਰਮੁਖਾਂ ਰੱਖੇ ਸੀਨੇ ਠੰਡਾ, ਅੰਮ੍ਰਿਤ ਧਾਰ ਬਹੱਤਰ ਨਾੜ, ਸਾਚੀ ਖਾਰੀ ਗਿਆ ਚੜ੍ਹ। ਮਾਤ ਪਿਤਾ ਲੋਕਮਾਤ ਲੜ, ਸਚ ਦਵਾਰੇ ਗਿਆ ਖੜ੍ਹ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਅੱਗੋਂ ਬਾਂਹ ਲਏ ਫੜ। ਆਤਮ ਲੱਥੀ ਜਗਤ ਉਦਾਸੀ, ਖ਼ੁਸ਼ੀ ਮਨਾਏ ਕਰੇ ਹਾਸੀ, ਏਕਾ ਅੱਖਰ ਲਿਆ ਪੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੰਨ੍ਹਾਏ ਆਪਣੇ ਲੜ। ਗੁਰਮੁਖ ਸਾਚਾ ਸਚ ਦਵਾਰਿਆ। ਪ੍ਰਭ ਅਬਿਨਾਸ਼ੀ ਦੇਵੇ ਵਰ, ਕਿਰਪਾ ਕਰ ਨਿਰੰਕਾਰਿਆ। ਆਪ ਬਹਾਏ ਸਾਚੇ ਦਰ, ਸਚ ਸਿੰਘਾਸਣ ਇਕ ਵਖਾ ਰਿਹਾ। ਇੰਦ ਇੰਦਰਾਸਣ ਜਾਏ ਤਜ, ਗੁਰਮੁਖ ਸਾਚਾ ਜਾਏ ਸਜ, ਮਸਤਕ ਤਿਲਕ ਆਪਣਾ ਆਪ ਲਗਾ ਰਿਹਾ। ਅੰਮ੍ਰਿਤ ਪੀਣਾ ਹਰਿ ਦਰ ਰੱਜ ਸਦਾ ਜੀਣਾ ਗੁਰਮੁਖ ਪਰਦੇ ਕੱਜ, ਹਰਿ ਸਾਚਾ ਹੁਕਮ ਸੁਣਾ ਰਿਹਾ। ਕਾਇਆ ਭਾਂਡਾ ਲੱਖ ਚੁਰਾਸੀ ਜਾਣਾ ਭੱਜ, ਲਾੜੀ ਮੌਤ ਲਾਉਣ ਨਾ ਦੇਵੇ ਅੱਜ ਪੱਜ, ਪ੍ਰਭ ਸਾਚੀ ਡੋਲੀ ਆਪਣੇ ਹੱਥ ਉਠਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ ਸੰਤ ਦੁਲਾਰੇ, ਬਾਲ ਅੰਞਾਣੇ ਸਾਚੇ ਧਾਮ ਸੁਹਾ ਰਿਹਾ। ਛੋਟੇ ਲਾਲੇ ਖ਼ੁਸ਼ੀ ਮਨਾਈ। ਵੇਖ ਵਖਾਣੇ ਸਾਚੇ ਥਾਈਂ। ਨਾ ਕੁਛ ਖਾਣਾ ਨਾ ਕੁਛ ਪੀਣਾ, ਏਕ ਨਾਮ ਸਾਚੀ ਧਾਰ ਪ੍ਰਭ ਅਬਿਨਾਸ਼ੀ ਠੰਡੀ ਛਾਈਂ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਬਹਾਏ ਕਰੇ ਸਚ ਨਿਆਏ, ਫੜ ਫੜ ਦੋਵੇਂ ਬਾਹੀਂ। ਕਰੇ ਸਚ ਨਿਆਉਂ, ਜਗਤ ਕਲ ਰੀਤਿਆ। ਗੁਰਮੁਖਾਂ ਮਾਣ ਦਵਾਏ ਸਾਚੇ ਥਾਉਂ, ਏਕਾ ਰਾਹ ਵਖਾਏ ਚਰਨ ਪ੍ਰੀਤਿਆ। ਆਪੇ ਪਿਤਾ ਆਪੇ ਮਾਉਂ, ਆਪੇ ਆਪ ਸਦਾ ਸੁਰਜੀਤਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚ ਦਇਆ ਕਮਾਏ, ਖ਼ੁਸ਼ੀ ਮਨਾਏ ਸਿੰਘ ਮਨਜੀਤਿਆ। ਮਿਲੀ ਵਡਿਆਈ ਸਚ ਦਰਬਾਰਿਆ। ਆਤਮ ਵੱਜੀ ਵਧਾਈ, ਛੱਡਿਆ ਲੋਕਮਾਤ ਸੰਸਾਰਿਆ। ਗੁਰਮੁਖਾਂ ਗਾਉਣਾ ਚਾਈਂ ਚਾਈਂ, ਕਲਜੁਗ ਤੇਰੀ ਧਾਰ ਬੰਧਾ ਰਿਹਾ। ਸਾਢੇ ਤਿੰਨ ਹੱਥ ਨੀਂਹ ਰਖਾਈ, ਸੋਹਣਾ ਸੁੱਚਾ ਸਚ ਮਹੱਲ ਉਸਾਰਿਆ। ਚਾਰ ਕੁੰਟ ਦਹਿ ਦਿਸ਼ ਵੇਖ ਵਖਾਣਿਆ। ਉਚ ਮੰਦਰ ਦਸਵਾਂ ਘਰ ਬੰਦ ਰਖਾ ਰਿਹਾ। ਸੁਖਮਨ ਨਾੜੀ ਟੇਡੀ ਧਾਰ, ਨਿਰਗੁਣ ਸਰਗੁਣ ਦੋਵੇਂ ਬੰਦ ਬਣਾ ਰਿਹਾ। ਕਲਜੁਗ ਤੇਰੀ ਸਚ ਨਿਸ਼ਾਨੀ, ਆਪ ਬਣਾਏ ਅੰਤਮ ਵਾਰ ਸਾਚਾ ਲੇਖ ਲਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਕਾਲੀ ਡੋਲੀ, ਉਤੋਂ ਲਾਹੇ ਲਾਲ ਚੋਲੀ, ਆਪਣੇ ਕੰਧ ਉਠਾ ਰਿਹਾ। ਕਾਲੀ ਚੋਲੀ ਉਤੇ ਤਾਣ। ਕਰੇ ਖੇਲ ਹਰਿ ਜਾਣੀ ਜਾਣ। ਬਾਸ਼ਕ ਤਸ਼ਕਾ ਕਰ ਪਛਾਣ। ਨੀਲ ਕੰਠ ਰੰਗ ਸਾਚਾ ਮਾਣ। ਜੋਤੀ ਜਾਮਾ ਹਰਿ ਭਗਵਾਨਾ, ਨਾਲ ਰਖਾਏ ਸ਼ਬਦ ਬਾਣ। ਆਇਆ ਦਰ ਸਚ ਦਵਾਰੇ। ਸ਼ਿਵਪੁਰੀ ਹਰਿ ਪਾਵੇ ਸਾਰੇ। ਸ਼ਿਵ ਸ਼ੰਕਰ ਪਾਏ ਸਾਰ, ਨਾ ਕੋਈ ਕਰੇ ਵਿਚਾਰ। ਪੁਰਖ ਅਬਿਨਾਸ਼ੀ ਖੇਲ ਅਪਾਰ। ਜੋਤੀ ਮੇਲ ਮਿਲਾਵਾ ਵਾਰੋ ਵਾਰ। ਸਾਚਾ ਹੁਕਮ ਧੁਰ ਫ਼ਰਮਾਨ, ਸ਼ਬਦ ਢੋਲਾ ਇਕ ਸੁਣਾਏ ਖੋਲ੍ਹੇ ਬੰਦ ਕਵਾੜ। ਅੰਤਮ ਜੋਤੀ ਮੇਲ ਮਿਲਾਏ, ਖੇਲ ਰਚਾਏ ਮਾਣ ਰਖਾਏ, ਕਲਜੁਗ ਤੇਰੀ ਅੰਤਮ ਵਾਰ ਸਤਾਰਾਂ ਹਾੜ੍ਹ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੇ ਘੋੜੇ ਸ਼ਬਦ ਚੜ੍ਹਿਆ, ਸ਼ਬਦ ਤੀਰ ਹੱਥ ਵਿਚ ਫੜ੍ਹਿਆ, ਧੁਰਦਰਗਾਹੀ ਸਚਾ ਲਾੜ। ਸ਼ਿਵ ਸ਼ੰਕਰ ਦਰ ਦਵਾਰ ਪੁਕਾਰਦਾ। ਕਿੰਗਰੇ ਕਿੰਗਰੇ ਵੱਜੇ ਮਰਦੰਗ, ਚਾਰੋਂ ਕੁੰਟ ਰੰਗ ਕੁਫਰ ਹੰਕਾਰ ਦਾ। ਲੱਖ ਚੁਰਾਸੀ ਹੋਈ ਨੰਗ, ਕੋਈ ਨਾ ਦਿਸੇ ਸਾਚਾ ਸੰਗ, ਨਾਤਾ ਤੁੱਟੇ ਸਾਂਝੇ ਯਾਰ ਦਾ। ਧਰਤ ਮਾਤ ਮੰਗੇ ਮੰਗ, ਹੱਥੀਂ ਮਹਿੰਦੀ ਕਵਣ ਰੰਗ, ਸਾਚਾ ਖੇਲ ਹਰਿ ਜੀ ਮੇਲ, ਅੰਤਮ ਕਲ ਪਰਵਰਦਿਗਾਰ ਦਾ। ਲਾੜੀ ਮੌਤ ਚਾੜ੍ਹੇ ਤੇਲ, ਯਮਰਾਜ ਵਟਣਾ ਲਾਏ ਕਰੇ ਖੇਲ ਰੰਗ ਨਵੇਲ ਦਾ। ਹੱਥ ਕਲੀਰੇ ਤਨ ਸ਼ਿੰਗਾਰ ਕਰਾਏ, ਲੱਖ ਚੁਰਾਸੀ ਨਾ ਲੰਘਾਏ, ਬੁਹਾ ਖੋਲ੍ਹੇ ਧਰਮ ਰਾਏ ਦੀ ਜੇਲ ਦਾ। ਸ਼ਿਵ ਸ਼ੰਕਰ ਅੰਕਰ ਕੰਕਰ ਬੋਲੇ ਮਰਦੰਗਾ, ਚਾਰੋਂ ਕੁੰਟ ਤੀਰ ਤੁਫੰਗਾ, ਕਲਜੁਗ ਤੇਰਾ ਸਾਚਾ ਜੰਗਾ, ਮਿਟੇ ਨਿਸ਼ਾਨਾ ਬੇਈਮਾਨ ਦਾ। ਸੁਣੀ ਪੁਕਾਰ ਹਰਿ ਦਾਤਾਰ। ਸ਼ਿਵ ਸ਼ੰਕਰ ਦੇਵੇ ਇਕ ਪਿਆਰ। ਨਿਹਕਲੰਕ ਕਲ ਜਾਮਾ ਪਾਇਆ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਸ਼ਬਦ ਖੰਡਾ ਹੱਥ ਉਠਾਇਆ, ਵੇਖ ਵਖਾਣੇ ਵਾਰੋ ਵਾਰ। ਕਲਜੁਗ ਕੰਢਾ ਅੰਤਮ ਆਇਆ, ਛੱਡਣਾ ਪਏ ਦਰ ਦਵਾਰ। ਹਰਿ ਜੀ ਸਾਚੀ ਵੰਡ ਵੰਡਾਇਆ, ਲੋਕਮਾਤ ਕਰ ਵਿਚਾਰ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੀ ਜਾਣੇ ਧਾਰ। ਸਾਚੀ ਵੰਡ ਹਰਿ ਵੰਡਾਇੰਦਾ। ਕਲਜੁਗ ਜੀਵਾਂ ਦੇਵੇ ਦੰਡ, ਸਾਚੀ ਬਣਤ ਬਣਾਇੰਦਾ। ਗੁਰਮੁਖਾਂ ਸ਼ਬਦ ਦਾਤ ਦੇਵੇ ਵੰਡ, ਸਾਚੀ ਰੀਤ ਮਾਤ ਚਲਾਇੰਦਾ। ਆਪ ਉਠਾਏ ਆਪਣੇ ਕੰਧ, ਗੁਰਮੁਖਾਂ ਪਾਪਾਂ ਭਾਰੀ ਪੰਡ, ਹੌਲਾ ਭਾਰ ਰਖਾਇੰਦਾ। ਆਦਿ ਅੰਤ ਨਾ ਦੇਵੇ ਕੰਡ, ਸਾਧ ਸੰਤ ਆਪ ਤਰਾਇੰਦਾ। ਜੋਤੀ ਜਾਮਾ ਹਰਿ ਭਗਵਾਨਾ, ਕਲਜੁਗ ਤੇਰੀ ਅੰਤਮ ਵਾਰ, ਸਚ ਨਿਸ਼ਾਨਾ ਇਕ ਝੁਲਾਇੰਦਾ। ਸ਼ਿਵ ਸ਼ੰਕਰ ਖ਼ੁਸ਼ੀ ਮਨਾਈ। ਪ੍ਰਭ ਸਾਚੇ ਦਇਆ ਕਮਾਈ। ਮਿਲੇ ਮੇਲ ਹਰਿ ਰਘੁਰਾਈ। ਕਿਲਵਿਖ ਉਤਰ ਸਭ ਜਾਈ। ਜੋਤੀ ਜਾਮਾ ਸ੍ਰੀ ਭਗਵਾਨਾ, ਲੋਕਮਾਤ ਰਿਹਾ ਬਣਤ ਬਣਾਈ। ਲੋਕਮਾਤ ਹਰਿ ਬਣਤ ਬਣਾਈ। ਮਹਿੰਮਾ ਅਗਣਤ ਗਣੀ ਨਾ ਜਾਈ। ਗੁਰਮੁਖ ਸਾਚੇ ਸੰਤ, ਹਰਿ ਲੋਕਮਾਤ ਰਿਹਾ ਉਪਜਾਈ। ਨਾ ਕੋਈ ਜਾਣੇ ਜੀਵ ਜੰਤ, ਪ੍ਰਭ ਸਾਚੇ ਲੇਖ ਰਿਹਾ ਲਿਖਾਈ। ਆਦਿ ਅਪਰੰਪਰ ਆਦਿਨ ਅੰਤਾ ਜੁਗਾ ਜੁਗੰਤ, ਆਪਣੀ ਰਚਨ ਰਿਹਾ ਰਚਾਈ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ ਸੰਤ ਦੁਲਾਰੇ ਸਾਚੀ ਸੇਵਾ ਲਾਈ। ਸਾਚੀ ਸੇਵਾ ਹਰਿ ਜੀ ਲਾਏ। ਧਰਤ ਮਾਤ ਦੀ ਤ੍ਰਿਖਾ ਮਿਟਾਏ। ਲਹੂ ਮਿੱਝ ਦਾ ਘਾਣ ਵਗਾਏ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣਾ ਭੇਵ ਛੁਪਾਏ। ਆਪ ਆਪਣੀ ਬਣਤ ਬਣਾਈ। ਧਰਤ ਮਾਤ ਮਨ ਵੱਜੀ ਵਧਾਈ, ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਆਤਮ ਤ੍ਰਿਖਾ ਮਾਤ ਬੁਝਾਈ। ਛੋਟਾ ਬਾਲਾ ਕਰ ਤਿਆਰੀ। ਉਡਿਆ ਮਾਰ ਸ਼ਬਦ ਉਡਾਰੀ। ਵੇਂਹਦਾ ਜਾਏ ਥਾਉਂ ਥਾਈਂ, ਆਪੇ ਜਾਏ ਆਪਣੀ ਵਾਰੀ। ਸਾਚੇ ਘਰ ਸੱਚੇ ਦਰਬਾਰੀ। ਮਿਲੇ ਹਰਿ ਸਾਚੇ ਘਰ, ਨਾ ਜਨਮੇ ਨਾ ਜਾਏ ਮਰ, ਸਦਾ ਸੁਹੇਲਾ ਠੰਡੀ ਛਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਵਾਰ ਆਪੇ ਦਏ ਬਹਾਈ। ਸਚ ਦਵਾਰੇ ਗੁਰਮੁਖ ਸੁਧਾਰਿਆ। ਕਰੇ ਖੇਲ ਅਪਾਰ ਵਿਚ ਸੰਸਾਰਿਆ। ਚਾਰ ਵਰਨਾਂ ਮੀਤ ਮੁਰਾਰੇ, ਜਗਤ ਚਲੇ ਅਵਲੜੀ ਧਾਰਿਆ। ਜਗਤ ਨਿਸ਼ਾਨਾ ਸਚ ਦਰਬਾਰੇ, ਸਚਖੰਡੀ ਬਣਤ ਬਣਾ ਰਿਹਾ। ਪੰਚਮ ਪੋਹ ਨੀਂਹ ਉਸਾਰੇ, ਸਿੰਘ ਜਗਦੀਸ਼ੇ ਤੇਰੀਆਂ ਹੱਡੀਆਂ ਗੁਰਸਿਖ ਪੈਰਾਂ ਹੇਠ ਦਬਾ ਰਿਹਾ। ਹੱਡ ਮਾਸ ਤੇਰੀ ਨਾੜੀ ਸਾੜੇ, ਸਾਚੀ ਬਣਤ ਬਣਾ ਰਿਹਾ। ਰਾਜੇ ਰਾਣਿਆਂ ਖਿਚ ਦਵਾਰੇ, ਮਸਤਕ ਟਿੱਕਾ ਸ਼ਾਹੀ ਲਾ ਰਿਹਾ। ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰੇ, ਸਚ ਸੁਨੇਹੁੜਾ ਤੇਰਾ ਲੇਖ ਆਪੇ ਆਪ ਘਲਾ ਰਿਹਾ। ਲੱਖ ਚੁਰਾਸੀ ਨੇਤਰ ਲੈਣਾ ਪੇਖ, ਸਤਿਜੁਗ ਤੇਰੀ ਸਾਚੀ ਧਾਰ, ਪੁਰਖ ਅਬਿਨਾਸ਼ੀ ਕਰਮ ਵਿਚਾਰ, ਆਪੇ ਆਪ ਜਣਾਵੇ ਨਾ ਕੋਈ ਜਾਣੇ ਜੀਵ ਗਵਾਰ, ਖੁਲ੍ਹੇ ਰੱਖੇ ਨੌਂ ਕਵਾੜ, ਦਸਵਾਂ ਬੰਦ ਕਰਵਾ ਰਿਹਾ। ਦਸਵੇਂ ਘਰ ਹਰਿ ਨਿਰੰਕਾਰ, ਆਪੇ ਜਾਣੇ ਆਪਣੀ ਸਾਰ, ਪਰਦਾ ਉਹਲਾ ਇਕ ਰਖਾ ਰਿਹਾ। ਗੁਰਮੁਖਾਂ ਦੇਵੇ ਸ਼ਬਦ ਹੁਲਾਰ, ਪਵਣ ਉਨੰਜਾ ਛਤਰ ਝੁਲਾ ਰਿਹਾ। ਆਤਮ ਜੋਤੀ ਕਾਇਆ ਮੰਡਲ ਕਰੇ ਹਰਿ ਉਜਿਆਰਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰਾ ਅੰਤਮ ਖੇਲ ਆਪਣੇ ਹੱਥ ਰਖਾ ਰਿਹਾ। ਜਗਤ ਜਗਦੀਸ਼ੇ ਬਣਤ ਬਣਾਈ। ਪੰਚਮ ਪੋਹ ਲਿਖਤ ਲਿਖਾਈ। ਆਪ ਰਖਾਏ ਸਾਚੀ ਨੀਂਹ, ਗੁਰਮੁਖਾਂ ਬਣਤ ਰਿਹਾ ਬਣਾਈ। ਅੱਠ ਵਾਰ ਅੱਠ ਤੱਤ ਕਾਇਆ ਮੰਦਰ ਤੇਰੇ ਅੰਦਰੇ ਅੰਦਰ ਰਿਹਾ ਦਬਾਈ। ਨੌਵੇਂ ਦਰ ਉਤੇ ਧਰ, ਸਤਾਈ ਵਾਰ ਘੇਰ ਲਿਆਈ। ਕਵਲ ਨਾਭ ਹੋਏ ਬੇਤਾਬ, ਅਮ੍ਰਿਤ ਝਿਰਨਾ ਏਕਾ ਝਿਰੇ, ਆਤਮ ਕਿਰਨਾ ਕਿਰਨਾ ਕਿਰੇ, ਸਾਚਾ ਮੇਘ ਰਿਹਾ ਬਰਸਾਈ। ਜੋਤੀ ਜਾਮਾ ਸ੍ਰੀ ਭਗਵਾਨਾ। ਸਚ ਮਹੱਲ ਸਦਾ ਅਟੱਲ ਏਕਾ ਏਕ ਰਖਾਈ। ਉਚ ਮਹੱਲ ਘਨਕਪੁਰ ਵਾਸੀਆ। ਲੋਕਮਾਤ ਇਕ ਬਣਾਏ ਹਰਿ ਸ਼ਾਹੋ ਸ਼ਾਬਾਸ਼ੀਆ। ਲੋਕਮਾਤ ਫਲਿਆ ਫੁਲਾ, ਪ੍ਰਭ ਮਿਲਿਆ ਪੁਰਖ ਅਬਿਨਾਸ਼ੀਆ। ਗੁਰਮੁਖ ਵਿਰਲਾ ਪੂਰੇ ਤੋਲ ਤੁਲਾ, ਨਾ ਹੋਏ ਮਾਤ ਉਦਾਸੀਆ। ਭਾਗ ਲਗਾਏ ਸਾਚੇ ਕੁੱਲਾ, ਜੋਤੀ ਜਾਮਾ ਸ੍ਰੀ ਭਗਵਾਨਾ, ਆਦਿ ਅੰਤ ਨਾ ਜਾਏ ਵਿਨਾਸੀਆ। ਸਚ ਦਰਬਾਰਾ ਕਰ ਤਿਆਰ। ਗੁਰਮੁਖਾਂ ਕਰੇ ਮਾਤ ਅਧਾਰ। ਸਾਚੀ ਸਿਖਿਆ ਵਿਚ ਸੰਸਾਰ। ਸ਼ਬਦ ਦੇਵੇ ਨਾਮ ਭਿਖਾ, ਆਤਮ ਤ੍ਰਿਸ਼ਨਾ ਭੁੱਖ ਨਿਵਾਰ। ਸਾਚਾ ਲੇਖਾ ਹਰਿ ਜੀ ਲਿਖਾ, ਆਤਮ ਖੋਲ੍ਹੇ ਬੰਦ ਕੁਆੜ। ਲੋਕਮਾਤ ਲਗਾਏ ਸਾਚੀ ਮੇਖਾ, ਨਾ ਸਕੇ ਕੋਈ ਉਖਾੜ। ਲੱਖ ਚੁਰਾਸੀ ਕਰੇ ਲੇਖਾ, ਪੁਰਖ ਅਬਿਨਾਸ਼ੀ ਸਤਾਰਾਂ ਹਾੜ। ਜੋਤੀ ਜਾਮਾ ਹਰਿ ਜੀ ਭੇਖਾ, ਗੁਰਮੁਖਾਂ ਜੋਤ ਜਗਾਏ ਨਾੜ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰ ਲੋਕਮਾਤ ਬਣਾਏ ਸਾਚੇ ਲਾੜ। ਪਾਰਬ੍ਰਹਮ ਸਚ ਧਾਰ ਪੁਰਖ ਸੁਜਾਨਿਆ। ਪਾਰਬ੍ਰਹਮ ਸਚ ਧਾਰ, ਕਰੇ ਖੇਲ ਜੁਗੋ ਜੁਗ ਮਹਾਨਿਆ। ਪਾਰਬ੍ਰਹਮ ਕਲ ਧਾਰ, ਪੁਰੀਆਂ ਲੋਆਂ ਬੰਨ੍ਹ ਵਖਾਨਿਆ। ਪਾਰਬ੍ਰਹਮ ਕਲ ਧਾਰ, ਸਾਚਾ ਧਾਮ ਹਰਿ ਭਗਵਾਨਿਆ। ਪਾਰਬ੍ਰਹਮ ਕਲ ਧਾਰ, ਆਪੇ ਜਾਣੇ ਆਪਣੀ ਸਾਰ, ਚਲੇ ਚਾਲ ਨਿਰਾਲੀਆ। ਪਾਰਬ੍ਰਹਮ ਕਲ ਧਾਰ, ਲੱਖ ਚੁਰਾਸੀ ਚੁੱਕੇ ਆਪ ਕਰਾਏ ਆਰ ਪਾਰ, ਦੋਵੇਂ ਹੱਥ ਰੱਖੇ ਨਾਲਿਆ। ਪਾਰਬ੍ਰਹਮ ਕਲ ਧਾਰ, ਸਾਚੀ ਡੋਲੀ ਕਰ ਤਿਆਰ, ਸ਼ਿਵ ਸ਼ੰਕਰ ਤੇਰੇ ਦਰ ਦਵਾਰ ਸਾਚਾ ਕਰੇ ਅੰਤ ਵਿਹਾਰ। ਜੋਤੀ ਜਾਮਾ ਮੇਲ ਕਰ, ਹੋਏ ਮਾਤ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਾਰ। ਕਾਲੀ ਡੋਲੀ ਕਾਲੀ ਕਾਲਿਆ। ਪ੍ਰਭ ਬਣਾਏ ਝੂਠੀ ਗੋਲੀ, ਸਾਚੀ ਬੋਲੀ ਜਗਤ ਵਿਹਾਲਿਆ। ਪਾਏ ਬਸਤਰ ਕਾਲੀ ਚੋਲੀ, ਜਾਮਾ ਅਬਲੀਸ ਲਿਖਾਈਆ। ਬੇਮੁਖਾਂ ਆਤਮ ਪਰਦੇ ਰਿਹਾ ਖੋਲ੍ਹੀ, ਸ਼ਬਦ ਹਦੀਸ ਇਕ ਰਖਾ ਰਿਹਾ। ਪੂਰੇ ਤੋਲ ਰਿਹਾ ਤੋਲੀ, ਨਰ ਨਰੇਸ਼ ਚਾਰ ਕੁੰਟ ਆਪੇ ਆਪ ਜਗਾ ਰਿਹਾ। ਜੋਤੀ ਜਾਮਾ ਹਰਿ ਭਗਵਾਨਾ ਵਿਚ ਜਹਾਨਾਂ, ਸਾਚਾ ਡੰਕ ਮਾਤ ਵੱਜਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਧਰਮ ਰਾਏ ਤੇਰੀ ਸਾਚੀ ਡੋਲੀ, ਧਰਤ ਮਾਤ ਟਿਕਾ ਰਿਹਾ। ਧਰਤ ਮਾਤ ਕਲ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਬਣਤ ਬਣਾਈ, ਲਾੜੀ ਮੌਤ ਨਾਲ ਰਲਾਈ, ਇਕ ਵਖਾਇਆ ਸੱਚਾ ਥਾਂ। ਚਾਰੋਂ ਕੁੰਟ ਰਿਹਾ ਫਿਰਾਈ, ਵੇਖ ਵਖਾਣੇ ਸਭਨੀਂ ਥਾਈਂ, ਰਾਜਾ ਰਾਣਾ ਕੋਈ ਛੱਡੇ ਨਾ। ਘਰ ਘਰ ਝੂਠੇ ਕਾਗ ਉਡਾਈ, ਮਾਂ ਪੁੱਤ ਵਿਛੋੜਾ ਡਾਹਢਾ ਪਾਈ, ਰਾਹ ਇਕ ਦੂਜੇ ਨੂੰ ਦੱਸੇ ਨਾ। ਏਕਾ ਆਪਣਾ ਡੰਕ ਵਜਾਈ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵਿਚ ਜਹਾਨ ਖ਼ਾਕ ਰੁਲਾਈ, ਕੋਈ ਕਿਸੇ ਛੁਡਾਏ ਨਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਰੰਡ ਕਰਾਈ, ਚੰਡ ਪ੍ਰਚੰਡ ਆਪਣੇ ਹੱਥ ਉਠਾਈ, ਝੂਠੇ ਭਰਮ ਭੁਲਾਈਂ ਨਾ। ਜੋਤੀ ਜਾਮਾ ਹਰਿ ਭਗਵਾਨਾ, ਲੱਖ ਚੁਰਾਸੀ ਬੰਨ੍ਹਣ ਆਇਆ ਗਾਨਾ, ਕੱਚਾ ਤੰਦ ਕੋਈ ਤੁੜਾਏ ਨਾ। ਲਾੜੀ ਮੌਤ ਕਰੇ ਪੁਕਾਰ। ਵਰ ਘਰ ਸਾਚਾ ਹਰਿ ਦਾਤਾਰ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਮੈਂ ਕਰਾਵਾਂ ਆਪਣੀ ਕਾਰ। ਵੇਖ ਵਖਾਣੇ ਨਾਰੀ ਨਰ, ਕਲਜੁਗ ਜੀਵ ਗਵਾਰ। ਗੁਰਮੁਖਾਂ ਦੇਣ ਜਾਵਾਂ ਵਰ, ਦੋਏ ਜੋੜ ਕਰਾਂ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤੀ ਸਚ ਸੱਚੇ ਸਰਦਾਰ।

Leave a Reply

This site uses Akismet to reduce spam. Learn how your comment data is processed.