Granth 04 Likhat 111: 2 Magh 2011 Bikarmi Prem Singh de Greh Pind Bugge Jila Amritsar

੨ ਮਾਘ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ

ਮਿਲਿਆ ਕੰਤ ਸੁਹਾਗ, ਹਰਿ ਭਗਵਾਨਿਆ। ਹੱਥ ਰੱਖੇ ਆਪਣੇ ਵਾਗ, ਵਾਲੀ ਦੋ ਜਹਾਨਿਆ। ਧੋਏ ਮਾਤ ਕਾਲੇ ਦਾਗ, ਕਿਰਪਾ ਕਰ ਬੇਮੁਹਾਨਿਆ। ਆਤਮ ਜੋਤੀ ਜਾਏ ਜਾਗ, ਵੱਜੇ ਤੀਰ ਸ਼ਬਦ ਨਿਸ਼ਾਨਿਆ। ਆਤਮ ਤ੍ਰਿਸ਼ਨਾ ਬੁਝੇ ਆਗ, ਅੰਮ੍ਰਿਤ ਸਾਂਤਕ ਸਾਚਾ ਆਪ ਵਰਤਾਨਿਆ। ਗੁਰਮੁਖਾਂ ਬਣਾਏ ਹੰਸ ਕਾਗ, ਹਰਿ ਸਾਚਾ ਬੇਮੁਹਾਨਿਆ। ਚਰਨ ਕਵਲ ਜਾਏ ਲਾਗ, ਦੇਵੇ ਨਾਮ ਨਿਸ਼ਾਨਿਆ। ਪੰਚ ਪੰਚਾਇਨੀ ਜਾਏ ਭਾਗ, ਸਤਿ ਸਰੂਪੀ ਸਤਿ ਵਖਾਨਿਆ। ਇਕ ਉਪਜਾਣਾ ਸਾਚਾ ਰਾਗ ਸੋਹੰ ਸ਼ਬਦ ਨਾਦ ਧੁਨਕਾਨ, ਧੁਨ ਧੁਨੰਤਾ ਹਰਿ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਉਠਾਏ ਕਰ ਕਰ ਵਡ ਮਿਹਰਬਾਨੀਆ। ਮਾਤਲੋਕ ਹਰਿ ਦਇਆ ਕਮਾਏ। ਗੁਰਮੁਖ ਸਾਚੇ ਸੰਤ ਉਪਜਾਏ। ਆਪ ਆਪਣੀ ਸੇਵਾ ਲਾਏ। ਸਚ ਵਸਤ ਹਰਿ ਝੋਲੀ ਪਾਏ। ਆਪ ਆਪਣਾ ਸੰਗ ਨਿਭਾਏ। ਲੋਆਂ ਪੁਰੀਆਂ ਆਪ ਫਿਰਾਏ। ਇੰਦਰ ਬ੍ਰਹਮਾ ਸ਼ਿਵ ਲੋਕ, ਅੰਤਮ ਕਲ ਪਾਰ ਕਰਾਏ। ਇਕ ਸੁਣਾਏ ਸ਼ਬਦ ਸਲੋਕ, ਗੀਤ ਸੁਹਾਗੀ ਸੋਹੰ ਸਾਚਾ ਨਾਦ ਵਜਾਏ। ਕਲਜੁਗ ਤੇਰੀ ਅੰਤਮ ਰੀਤ, ਮੇਟ ਮਿਟਾਏ ਗੁਰਦਵਾਰੇ ਮੰਦਰ ਮਸੀਤ, ਏਕਾ ਰੰਗ ਸਰਬ ਸਰਬੰਗ ਸਚ ਭੇਵ ਖੁਲ੍ਹਾਏ। ਚਰਨ ਕਵਲ ਹਰਿ ਦੱਸੇ ਪ੍ਰੀਤ, ਦੂਸਰ ਨਾ ਕੋਈ ਸੀਸ ਝੁਕਾਏ। ਏਕਾ ਹਰਿ ਹਰਿ ਸਾਚਾ ਮੀਤ, ਅੱਗੇ ਪਿੱਛੇ ਹੋਏ ਸਹਾਏ। ਅੱਠੇ ਪਹਿਰ ਪਰਖੇ ਨੀਤ, ਦਿਵਸ ਰੈਣ ਲੇਖ ਲਿਖਾਏ। ਗੁਰਸਿਖ ਵਿਰਲਾ ਰੱਖੇ ਚੀਤ, ਹਰਿ ਘਰ ਸਾਚੇ ਬੂਝ ਬੁਝਾਏ। ਕਾਇਆ ਰੱਖੇ ਠੰਡੀ ਸੀਤ, ਅੰਮ੍ਰਿਤ ਧਾਰਾ ਝਿਰੇ ਅਪਾਰਾ, ਜੋਤੀ ਜੋਤ ਸਰੂਪ ਹਰਿ, ਸਦਾ ਸਹਾਈ ਸਾਚਾ ਮੀਤ। ਹਰਿ ਨਿਰੰਕਾਰਾ ਸਚ ਦਵਾਰਾ, ਸਚ ਘਰ ਬਾਹਰਾ, ਸਰਬ ਸੁਹੇਲਾ ਸਾਚਾ ਮੇਲਾ ਆਪੇ ਵਸੇ ਲੋਆਂ ਪੁਰੀਆਂ ਬਾਹਰਾ। ਹਰਿਜਨ ਭਗਤ ਸੁਹੇਲੇ ਰਾਹ ਸਾਚਾ ਦੱਸੇ, ਚਰਨ ਕਵਲ ਨੈਣ ਮੁੰਧਾਣ, ਏਕਾ ਦਰਸ ਪੁਰਖ ਅਗੰਮੜਾ ਰੂਪ ਅਪਾਰਾ। ਦੋ ਜਹਾਨਾਂ ਵਾਲੀ ਹਰਿ ਬਨਵਾਲੀ ਦੋਵੀਂ ਹੱਥੀਂ ਰਹੇ ਖ਼ਾਲੀ, ਗੁਰਮੁਖਾਂ ਦੇਵੇ ਨਾਮ ਨਿਸ਼ਾਨੀ ਕਲਜੁਗ ਅੰਤਮ ਖੇਲ ਅਪਾਰਾ। ਸਾਚਾ ਸ਼ਬਦ ਚਲਾਏ ਬਾਣੀ। ਧੁਰਦਰਗਾਹੀ ਏਕਾ ਨਾਦ ਵਜਾਈ, ਚਾਰ ਵਰਨਾਂ ਏਕਾ ਸਰਨਾ, ਆਪ ਰਖਾਏ ਆਦਿ ਸ਼ਕਤ ਆਦਿ ਭਵਾਨੀ। ਜੋਤੀ ਜਾਮਾ ਹਰਿ ਭਗਵਾਨਾ। ਨਿਹਕਲੰਕਾ ਸਾਚਾ ਡੰਕਾ, ਉਚਾ ਦਰ ਸੁਹਾਏ ਬੰਕਾ, ਕਰੇ ਖੇਲ ਆਪ ਮਹਾਨੀ। ਉਚਾ ਦਰ ਸੱਚਾ ਦਰਬਾਰ। ਸੱਚਾ ਘਰ ਹਰਿ ਨਿਰੰਕਾਰ। ਸੱਚਾ ਦਰ ਜਗਤ ਅਧਾਰ। ਸੱਚਾ ਸਰ ਅੰਮ੍ਰਿਤ ਧਾਰ। ਸੱਚਾ ਨਰ ਲੱਖ ਚੁਰਾਸੀ ਆਪ ਉਪਾਏ, ਸਤਿ ਸਰੂਪੀ ਏਕਾ ਨਾਰ। ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਦਵਾਰੇ ਜੋਤ ਅਕਾਰੇ, ਬੈਠਾ ਦਿਸੇ ਸਦ ਨਿਰਾਹਾਰ। ਨਰ ਨਿਰਾਹਾਰ ਜੋਤ ਅਧਾਰਾ। ਆਪੇ ਜਾਣੇ ਆਪਣੀ ਸਾਰਾ। ਪੁਰਖ ਅਗੰਮਾ, ਨਾ ਕੋਈ ਹਾਡੀ ਨਾ ਕੋਈ ਚੰਮਾ, ਨਾ ਕੋਈ ਲਏ ਸਵਾਸੀ ਦਮਾ, ਅੱਠੇ ਪਹਿਰ ਏਕਾ ਧਾਰਾ। ਨਾ ਕਦੇ ਮਰਾ ਨਾ ਕਦੇ ਜੰਮਾ, ਏਕਾ ਜੋਤ ਅਕਾਲ ਅਕਾਲੀ, ਸਚ ਸਿੰਘਾਸਣ ਸਾਚੇ ਧਾਮਾ, ਆਪੇ ਆਪ ਧਰ ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਦਵਾਰੇ ਅੱਠੇ ਪਹਿਰ ਰਹੇ ਖੜ੍ਹਾ। ਸਚ ਦਵਾਰੇ ਹਰਿ ਬਲਵਾਨ। ਅੱਠੇ ਪਹਿਰ ਜੋਤ ਨਿਸ਼ਾਨ। ਸਚ ਸਿੰਘਾਸਣ ਹਰਿ ਬਿਰਾਜੇ, ਨਾ ਕਿਸੇ ਦਿਸੇ ਜਗਤ ਨਿਸ਼ਾਨ। ਆਪ ਪਹਿਨਾਏ ਆਪਣਾ ਤਾਜੇ, ਰਾਜਨ ਰਾਜ ਸ਼ਾਹ ਸੁਲਤਾਨ। ਆਪ ਆਪਣਾ ਸਾਜਨ ਸਾਜੇ, ਕਰੇ ਕਰਾਏ ਏਕਾ ਕਾਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਿਚ ਸਮਾਨ। ਆਪ ਆਪਣੇ ਵਿਚ ਸਮਾਨਾ। ਮਾਤ ਪਿਤ ਨਾ ਕੋਈ ਰਖਾਨਾ। ਨਾ ਕੋਈ ਜਾਣੇ ਭੈਣ ਭਾਈ ਸਾਕ ਸੱਜਣ ਸੈਣ, ਨਾ ਕੋਈ ਨਾਤਾ ਪੁਰਖ ਬਿਧਾਤਾ, ਗੁਰ ਪੀਰ ਨਾ ਕੋਈ ਬਣਾਨਾ। ਉਤਮ ਜ਼ਾਤਾ ਹਰਿ ਰਘੁਰਾਤਾ, ਸਤਿ ਸਿੰਘਾਸਣ ਆਪ ਸੁਹਾਤਾ। ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਰੰਗ ਰੰਗ ਰੰਗੀਲਾ। ਨਾ ਕੋਈ ਜਾਣੇ ਸੂਹਾ ਪੀਲਾ। ਲਾਲ ਚਿੱਟਾ ਨਾ ਕੋਈ ਜਾਣੇ ਅਗਨੀ ਨੀਲਾ। ਜੋਤੀ ਜਾਮਾ ਸ੍ਰੀ ਭਗਵਾਨਾ, ਅੱਠੇ ਪਹਿਰ ਛੈਲ ਛਬੀਲਾ। ਨਰ ਹਰਿ ਜੋਤੀ ਏਕਾ ਧਾਰੀ। ਸਚ ਸਿੰਘਾਸਣ ਪੁਰਖ ਅਪਾਰੀ। ਕੋਈ ਨਾ ਦਿਸੇ ਨਰ ਨਾਰੀ। ਏਕਾ ਝੁੱਲੇ ਛਤਰ ਸੀਸੇ, ਆਪੇ ਕਰੇ ਆਪਣੀ ਕਾਰੀ। ਦਰ ਦਰਬਾਨ ਨਾ ਕੋਈ ਰਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਦਰ ਸੁਹਾਏ, ਸਾਚਾ ਘਰ ਪੁਰਖ ਅਪਾਰੀ। ਕੋਈ ਨਾ ਵੇਖੇ ਜਾਏ ਦਰ, ਆਪ ਆਪਣੇ ਵਿਚ ਸਮਾ ਰਿਹਾ। ਸਚ ਸਿੰਘਾਸਣ ਸਤਵੇਂ ਘਰ, ਦੇਵ ਲੋਕੀ ਬਣਤ ਬਣਾ ਰਿਹਾ। ਨਾ ਕੋਈ ਸ਼ਬਦ ਨਾ ਸਲੋਕੀ, ਨਾ ਕੋਈ ਰਾਗ ਨਾ ਕੋਈ ਤਾਨ, ਨਾ ਕੋਈ ਨਾਦ ਨਾ ਕੋਈ ਧੁਨ, ਨਾ ਕੋਈ ਰਬਾਬ ਵਜਾ ਰਿਹਾ। ਨਾ ਕੋਈ ਮੁਨ ਨਾ ਕੋਈ ਸੁੰਨ, ਨਾ ਕੋਈ ਜਾਣੇ ਹਰਿ ਹਰਿ ਗੁਣ, ਆਪਣੇ ਭਾਣੇ ਆਪ ਸਮਾ ਰਿਹਾ। ਨਾ ਕੋਈ ਸਕੇ ਛਾਣ ਪੁਣ, ਨਾ ਕੋਈ ਸਕੇ ਹਰਿ ਜੀ ਚੁਣ, ਆਪ ਆਪਣੀ ਆਪੇ ਗਣਤ ਗਿਣਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਸਿੰਘਾਸਣ ਸਤਵੇਂ ਆਸਣ, ਪੁਰਖ ਅਬਿਨਾਸ਼ੀ ਆਪਣਾ ਆਪ ਸੁਹਾ ਰਿਹਾ। ਸਤਵੇਂ ਘਰ ਗਰੀਬ ਨਿਵਾਜਾ। ਆਪ ਆਪਣਾ ਸਾਜਣ ਸਾਜਾ। ਵਡਾ ਸ਼ਾਹੋ ਭੂਪ ਰਾਜਨ ਰਾਜਾ। ਨਾ ਕੋਈ ਰੰਗ ਨਾ ਕੋਈ ਰੂਪ, ਏਕਾ ਜੋਤੀ ਸਤਿ ਸਰੂਪ, ਮਹਿੰਮਾ ਅਨੂਪ, ਆਪ ਆਪਣੀ ਰੱਖੇ ਲਾਜਾ, ਹੋਏ ਨਾ ਕਦੇ ਅੰਧ ਕੂਪ, ਜੋਤੀ ਜੋਤ ਸਰੂਪ ਹਰਿ, ਆਪ ਸਵਾਰੇ ਆਪਣੇ ਕਾਜਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਸਿੰਘਾਸਣ ਘਟ ਘਟ ਵਾਸਣ ਆਪੇ ਆਪ ਬਿਰਾਜਾ।

Leave a Reply

This site uses Akismet to reduce spam. Learn how your comment data is processed.