Granth 04 Likhat 122: 13 Faggan 2011 Bikarmi Sant Randhir Singh Ludhiana nu Shabad Bhejia gia

੧੩ ਫਗਣ ੨੦੧੧ ਬਿਕ੍ਰਮੀ ਸੰਤ ਰਣਧੀਰ ਸਿੰਘ ਲੁਧਿਆਣਾ ਨੂੰ ਸ਼ਬਦ ਭੇਜਿਆ ਗਿਆ

ਸਿੰਘ ਰਣਧੀਰ ਮਨ ਰੱਖ ਧੀਰ। ਪ੍ਰਭ ਅਬਿਨਾਸ਼ੀ ਘਰ ਸਾਚੇ ਆਏ, ਦੂਰ ਦੁਰਾਡਾ ਪੈਂਡਾ ਚੀਰ। ਪੰਜ ਚੋਰ ਨਾ ਝੂਠਾ ਨਾਚੇ, ਆਪੇ ਵੇਖੇ ਆਤਮ ਅੰਦਰ, ਏਕਾ ਚੋਟੀ ਸਿਖ਼ਰ ਅਖ਼ੀਰ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਾਚਾ ਘਰ, ਨਾ ਭੁੱਖ ਪਿਆਸ ਨਾ ਮੰਗੇ ਰੋਟੀ, ਏਕਾ ਅੰਮ੍ਰਿਤ ਮਿਲੇ ਸੱਚਾ ਸੀਰ। ਭੁੱਖ ਪਿਆਸ ਨਾ ਤ੍ਰਿਸ਼ਨਾ ਅੱਗ। ਸਚ ਸਰੋਵਰ ਹਰਿਜਨ ਨਹਾਨਾ ਬਣੇ ਹੰਸ ਕਗ। ਸਾਚੀ ਧਾਰ ਇਕ ਵਹਾਏ, ਦੂਸਰ ਕੋਈ ਦਿਸ ਨਾ ਆਏ, ਸੁਣੇ ਸੁਣਾਏ ਸਾਚਾ ਰਾਗ। ਦੀਪਕ ਜੋਤੀ ਡਗਮਗਾਏ। ਸ਼ਾਹ ਰਗ ਕੋਈ ਦਿਸ ਨਾ ਆਏ, ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਨੂਰ ਨੁਰੰਤਰ ਜੋਤ ਬਸੰਤਰ ਗਗਨ ਗਗਨੰਤਰ ਕਾਇਆ ਮੰਦਰ ਸਚ ਦਵਾਰੇ ਡਗਮਗਾਏ। ਆਉਣਾ ਦਰ ਕਰੋ ਪ੍ਰਵਾਨ। ਚਾਰੋਂ ਕੁੰਟਾਂ ਮਾਰ ਧਿਆਨ। ਨਿਜ ਨੇਤਰ ਵੇਖ ਕਾਇਆ ਖੇਤਰ, ਆਤਮ ਜੋਤੀ ਕਰ ਧਿਆਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖੇ ਨਾਮ ਸਚ ਦੁਕਾਨ। ਸਚ ਨਾਮ ਕਵਣ ਟਿਕਾਣਾ। ਕਵਣ ਰਾਮ ਜਿਸ ਨਾਮ ਉਪਜਾਣਾ। ਕਵਣ ਰਾਮ ਜਿਸ ਜੋਤ ਜਗਾਣਾ। ਕਵਣ ਜੋਤ ਜਿਸ ਭਰਮ ਗਵਾਣਾ। ਜੋਤੀ ਜੋਤ ਸਰੂਪ ਹਰਿ, ਅੰਤਮ ਕਲ ਜੋਤ ਧਰ, ਆਪੇ ਵੇਖੇ ਵੇਖ ਵਖਾਣੇ ਜਨ ਸੰਤ ਜਿਸ ਚੜ੍ਹ ਬੈਠਾ ਕਿਹੜੇ ਸ਼ਬਦ ਬਿਬਾਣਾ। ਕਵਣ ਬਿਬਾਣੇ ਗਿਆ ਚੜ੍ਹ। ਕਵਣ ਰਥਵਾਹੀ ਲਿਆ ਫੜ। ਦੋ ਜਹਾਨਾਂ ਹੱਥ ਰੱਖੇ ਵਾਗਾਂ, ਦਰ ਦਵਾਰੇ ਅੱਗੇ ਖੜ੍ਹ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਵੇਖੇ ਆਤਮ ਮਹੱਲ ਉਚ ਅਟਾਰੀ ਸਾਚੇ ਪੌੜੇ ਅੰਦਰੇ ਅੰਦਰ ਵੜ। ਸੁਰਤ ਸ਼ਬਦ ਪ੍ਰਭ ਦੇਵੇ ਬੰਨ੍ਹ। ਕਲਜੁਗ ਮਾਇਆ ਝੂਠੀ ਛਾਇਆ, ਪੋਹ ਨਾ ਸਕੇ ਗੁਰਮੁਖ ਤਨ। ਸਾਚਾ ਨਾਮ ਇਕ ਸਿਖਾਇਆ, ਸੋਹੰ ਅੱਖਰ ਜਗਤ ਵਖਰ ਸ਼ਬਦ ਪੜ੍ਹਾਇਆ, ਭਾਂਡਾ ਭਰਮ ਹਰਿ ਦੇਵੇ ਭੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਾਂ ਚੋਰਾਂ ਦੇਵੇ ਡੰਨ। ਜਨਮ ਕਰਮ ਪ੍ਰਭ ਹੱਥ, ਭਰਮ ਨਾ ਭੁਲਣਾ। ਜਨਮ ਕਰਮ ਪ੍ਰਭ ਹੱਥ, ਝੂਠੀ ਮਾਇਆ ਵਿਚ ਨਾ ਰੁਲਣਾ। ਜਨਮ ਕਰਮ ਪ੍ਰਭ ਹੱਥ, ਪੂਰੇ ਤੋਲ ਕਲਜੁਗ ਤੁਲਣਾ। ਜਨਮ ਕਰਮ ਪ੍ਰਭ ਹੱਥ, ਸ਼ਬਦ ਚੜ੍ਹਾਏ ਸਾਚੇ ਰਥ, ਸਚ ਦਵਾਰਾ ਗੁਰਮੁਖ ਸਾਚੇ ਤੇਰੀ ਆਤਮ ਦਰ ਖੁਲ੍ਹਣਾ। ਜਨਮ ਕਰਮ ਪ੍ਰਭ ਹੱਥ, ਸ਼ਬਦ ਦੇਵੇ ਸਾਚੀ ਵਥ, ਮਾਇਆ ਮਮਤਾ ਕਰੇ ਸਥ, ਜੋਤੀ ਜੋਤ ਸਰੂਪ ਹਰਿ ਸ਼ਬਦ ਪੰਘੂੜੇ ਆਪ ਝੁਲਾਏ, ਧੁਰਦਰਗਾਹੀ ਸਾਚਾ ਝੂਲਨਾ। ਜਨਮ ਕਰਮ ਪ੍ਰਭ ਹੱਥ, ਬਣਤ ਬਣਾਇੰਦਾ। ਜਨਮ ਕਰਮ ਪ੍ਰਭ ਹੱਥ, ਗੁਰਮੁਖ ਸਾਚੇ ਸੰਤ ਜਨਾਂ ਗੁਰ ਸੰਗਤ ਮੇਲ ਮਿਲਾਇੰਦਾ। ਜਨਮ ਕਰਮ ਪ੍ਰਭ ਹੱਥ, ਏਕਾ ਦਰ ਰਹਿਣਾ ਮੰਗਤ, ਗੁਰਮੁਖ ਸਾਚਾ ਦਰ ਦਰ ਭਿਖਾਰੀ ਨਾ ਅਖਵਾਇੰਦਾ। ਹੋਏ ਸਹਾਈ ਜਿਉਂ ਨਾਨਕ ਅੰਗਦ, ਮਾਨਸ ਦੇਹੀ ਨਾ ਹੋਏ ਭੰਗਤ, ਪ੍ਰਭ ਸਾਚੀ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸ਼ਬਦ ਸਾਚਾ ਪੱਲੂ ਏਕਾ ਲੜ ਫੜਾਇੰਦਾ। ਜਨਮ ਕਰਮ ਪ੍ਰਭ ਹੱਥ, ਵਡ ਗੁਣਵੰਤਿਆ। ਜਨਮ ਕਰਮ ਪ੍ਰਭ ਹੱਥ, ਜੀਆਂ ਜੰਤ ਵੇਖ ਵਖਾਏ ਪੂਰਨ ਭਗਵੰਤਿਆ। ਸੁਰਤ ਸ਼ਬਦ ਆਤਮ ਸਾਚੀ ਮੇਖ ਲਗਾਏ, ਕਾਇਆ ਚਾੜ੍ਹੇ ਰੰਗ ਬਸੰਤਿਆ। ਜਨਮ ਕਰਮ ਪ੍ਰਭ ਹੱਥ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਮੇਲ ਮਿਲਾਏ ਹਰਿਜਨ ਹਰਿ ਹਰਿ ਸਾਚੇ ਕੰਤਿਆ। ਜਨਮ ਕਰਮ ਪ੍ਰਭ ਹੱਥ, ਸ਼ਬਦ ਸਵਾਸਿਆ। ਜਨਮ ਕਰਮ ਪ੍ਰਭ ਹੱਥ, ਕਲਜੁਗ ਅੰਤਮ ਏਕਾ ਦੱਸੇ ਸੋਹੰ ਸ਼ਬਦ ਲੋਕਮਾਤ ਸੱਚਾ ਅਭਿਆਸਿਆ। ਜਨਮ ਕਰਮ ਪ੍ਰਭ ਹੱਥ, ਗੁਰਮੁਖ ਤੇਰੀ ਕਾਇਆ ਮਚੇ ਜੂਠ ਝੂਠ ਨਾ ਤਨ ਨੱਚੇ, ਕਾਇਆ ਮੰਦਰ ਸਾਂਚੇ ਢਾਲੇ ਜਿਉਂ ਸੋਨਾ ਪਾਸਿਆ। ਜਨਮ ਕਰਮ ਪ੍ਰਭ ਹੱਥ, ਜੋਤ ਜਗਾਏ ਅੰਦਰੇ ਅੰਦਰ ਹੋਏ ਉਜਿਆਰਾ ਸਾਚਾ ਮੰਦਰ, ਦੀਪਕ ਜੋਤੀ ਕਰੇ ਪ੍ਰਕਾਸ਼ਿਆ। ਜਨਮ ਕਰਮ ਪ੍ਰਭ ਹੱਥ, ਆਪੇ ਤੋੜੇ ਆਤਮ ਵੱਜਾ ਜੰਦਰ, ਵੇਖ ਵਖਾਏ ਡੂੰਘੀ ਕੰਦਰ, ਪੰਜਾਂ ਚੋਰਾਂ ਪਰੇ ਹਟਾਏ, ਵੇਖੇ ਆਪ ਤਮਾਸ਼ਿਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਸਚ ਵਰ, ਸਚ ਸ਼ਬਦ ਲੈ ਜਾਣਾ ਘਰ, ਨਾ ਵਕਤ ਗਵਾਣਾ ਕਲਜੁਗ ਵੇਲਾ ਅੰਤ ਵਿਚ ਹਾਸਿਆ। ਜਨਮ ਕਰਮ ਪ੍ਰਭ ਹੱਥ, ਦਇਆ ਕਮਾਇੰਦਾ। ਜਨਮ ਕਰਮ ਪ੍ਰਭ ਹੱਥ, ਸਾਚੀ ਨਈਆ ਆਪ ਚੜ੍ਹਾਇੰਦਾ। ਜਨਮ ਕਰਮ ਪ੍ਰਭ ਹੱਥ, ਭੈਣਾਂ ਭਈਆ ਗੁਰ ਸੰਗਤ ਇਕ ਬਣਾਇੰਦਾ। ਜਨਮ ਕਰਮ ਪ੍ਰਭ ਹੱਥ, ਆਪੇ ਪਿਤਾ ਆਪੇ ਮਾਤਾ, ਆਪਣੀ ਗੋਦ ਉਠਾਇੰਦਾ। ਜਨਮ ਕਰਮ ਪ੍ਰਭ ਹੱਥ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਲਹਿਣਾ ਦੇਣਾ ਘਰ ਸਾਚੇ ਬਹਿਣਾ, ਦਰਸ ਕਰਨਾ ਤੀਜੇ ਨੈਣਾਂ, ਸਾਚੀ ਰੀਤੀ ਲੋਕਮਾਤ ਚਲਾਇੰਦਾ। ਨਿਮਸਕਾਰ ਨਿਮਸਕਾਾਰ ਨਿਮਸਕਾਰ ਗੁਰਦੇਵ। ਬਿਰਥਾ ਨਾ ਜਾਏ ਲੋਕਮਾਤ ਗੁਰ ਪੂਰੇ ਕੀਨੀ ਸੇਵ। ਆਤਮ ਤੀਰਥ ਆਪ ਨੁਹਾਏ, ਦਇਆ ਕਰੇ ਵਡ ਦੇਵੀ ਦੇਵ। ਰਸਨਾ ਗੁਣ ਹਰਿ ਸਾਚਾ ਗਾਏ, ਹੋਏ ਸੁਲੱਖਨੀ ਸਾਚੀ ਜਿਹਵ। ਅੰਮ੍ਰਿਤ ਫਲ ਇਕ ਖਵਾਏ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੰਤ ਜਨਾਂ, ਸੋਹੰ ਸ਼ਬਦ ਸਾਚਾ ਮੇਵ। ਗੁਰ ਸੰਗਤ ਵਿਦਾ ਕਰਾਏ। ਨੌਂ ਨਿਧਾਂ ਘਰ ਉਪਜਾਏ। ਸ਼ਬਦ ਤੀਰ ਆਤਮ ਵਿੱਧਾ, ਅੰਮ੍ਰਿਤ ਧਾਰ ਇਕ ਵਹਾਏ। ਪ੍ਰਭ ਮਿਲਣ ਦੀ ਸਾਚੀ ਬਿਧਾ, ਗੁਰਮੁਖ ਵਿਰਲਾ ਸੰਤ ਜਣਾਏ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਕਰ ਕਲ ਮੇਲੇ, ਏਕਾ ਦੂਜਾ ਭਉ ਚੁਕਾਏ। ਗੁਰ ਸੰਗਤ ਹਰਿ ਵਿਦਾ ਕਰਾਈ। ਨਾਮ ਰੰਗਤ ਤਨ ਚੜ੍ਹਾਈ। ਭੁੱਖ ਨੰਗਤ ਦੂਰ ਕਰਾਈ। ਸਾਚੇ ਘਰ ਰਹਿਣਾ ਮੰਗਤ, ਆਦਿ ਅੰਤ ਪ੍ਰਭ ਹੋਏ ਸਹਾਈ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਸਾਚਾ ਵਰ, ਖ਼ੁਸ਼ੀ ਖ਼ੁਸ਼ੀ ਜਾਣਾ ਆਪਣੇ ਘਰ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਉਡਾਰੀ ਇਕ ਲਗਾਈ।

Leave a Reply

This site uses Akismet to reduce spam. Learn how your comment data is processed.