੧੫ ਚੇਤ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਗੁਰ ਮੰਤਰ ਸ਼ਬਦ ਨਿਧਾਨ, ਆਤਮ ਲਾਧਿਆ ਅੰਤਰ। ਲੋਕਮਾਤ ਕਰੇ ਪਛਾਣ, ਤਨ ਬੁਝਾਏ ਪੰਜਾਂ ਬਸੰਤਰ। ਅੰਮ੍ਰਿਤ ਧਾਰ ਇਕ ਮਹਾਨ, ਜੋਤੀ ਨੂਰ ਗਗਨ ਗਗਨੰਤਰ। ਚਤੁਰਭੁਜ ਹਰਿ ਬਲਵਾਨ, ਹਰਿਜਨ ਬਣਾਏ ਸਾਚੀ ਬਣਤਰ। ਜਿਸ ਜਨ ਹੋਏ ਆਪ ਮਿਹਰਵਾਨ, ਕਾਇਆ ਮੰਦਰ ਸਚ ਧਾਮ ਰਹੰਤਰ। ਸਾਚੀ ਮਧ ਪਿਆਏ ਅੰਮ੍ਰਿਤ ਜਾਮ, ਏਕਾ ਤੋੜੇ ਹੰਕਾਰੀ ਜੰਦਰ। ਮੇਟ ਮਿਟਾਏ ਅੰਧ ਅੰਧੇਰੀ ਸ਼ਾਮ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚੇ ਕੋਈ ਨਾ ਲਾਏ ਦਾਮ। ਨਾ ਕੋਈ ਮੰਗੇ ਦਾਨ, ਨਾ ਧਨ ਖਜ਼ੀਨਾ। ਕਿਸੇ ਦਿਸ ਨਾ ਆਏ ਹੱਡ ਮਾਸ ਨਾੜੀ ਚਾਮ, ਜੋਤੀ ਨੂਰ ਹਰਿ ਪਰਬੀਨਾ। ਜੋਤ ਨਿਰੰਜਣ ਜੋਤੀ ਰਾਮ, ਗੁਰੂਆਂ ਪੀਰਾ ਦਾਨਾ ਬੀਨਾ। ਦਰਦ ਦੁੱਖ ਭੈ ਭੰਜਨ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਸੁਹੇਲਾ ਲੱਖ ਚੁਰਾਸੀ ਵਿਚੋਂ ਵਖ ਕੀਨਾ। ਆਤਮ ਬੋਧ ਸ਼ਬਦ ਅਗਾਧਾ। ਹਿਰਦਾ ਸੋਧ ਧੁਨ ਅਨਾਦ ਅਨਾਦਾ। ਪੁਰਖ ਅਬਿਨਾਸ਼ੀ ਵਡ ਜੋਧਨ ਜੋਧ ਆਦਿ ਜੁਗਾਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡਾ ਮਾਧਵ ਮਾਧਾ। ਆਤਮ ਚੜ੍ਹ ਸਚ ਦਵਾਰ। ਹੱਥ ਫੜ ਸ਼ਬਦ ਕਟਾਰ। ਪੰਜਾਂ ਤੱਤਾਂ ਨਾਲ ਲੜ, ਮਾਨਸ ਦੇਹੀ ਨਾ ਆਏ ਹਾਰ। ਦਰ ਘਰ ਸਾਚੇ ਏਕਾ ਵੜ, ਸੋਲਾਂ ਕਲੀਆਂ ਤਨ ਸ਼ਿੰਗਾਰ। ਸਾਚਾ ਲੜ ਏਕਾ ਫੜ, ਜੋਤ ਨਿਰੰਜਣ ਹਰਿ ਨਿਰੰਕਾਰ। ਗੁਰ ਨਾਨਕ ਗੁਰ ਗੋਬਿੰਦ ਜਨ ਭਾਂਡਾ ਮਾਤ ਲਿਆ ਘੜ, ਆਦਿਨ ਅੰਤਾ ਏਕਾ ਧਾਰ। ਸਿੰਘ ਪੂਰਨ ਵਿਚ ਬੈਠਾ ਵੜ, ਸ਼ਬਦ ਰੱਖੇ ਤਿਖੀ ਧਾਰ। ਕਰੇ ਉਜਿਆਰ ਬਹੱਤਰ ਨਾੜ, ਨਾਥ ਤ੍ਰਿਲੋਕੀ ਮਾਤ ਪਤਾਲ ਅਕਾਸ਼ ਪੁਰੀਆਂ ਲੋਆਂ ਪਾਵੇ ਸਾਰ। ਸ੍ਰਿਸ਼ਟ ਸਬਾਈ ਰਿਹਾ ਝੋਕੀ, ਰਾਜੇ ਰਾਣਿਆਂ ਵਡ ਜਰਵਾਣਿਆਂ ਗੁਰੂਆਂ ਪੀਰਾਂ ਸਾਧਾਂ ਸੰਤਾਂ ਪਾਵੇ ਸਾਰ। ਕਲਜੁਗ ਬੇੜਾ ਅੰਤਮ ਅੰਤ ਬੇਮੁਹਾਣਿਆ। ਮਾਤਾ ਬਾਲ ਨਾ ਕਿਸੇ ਪਛਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਦਰਸ ਅਮੋਘ ਇਕ ਵਖਾਏ, ਧੁਰ ਸੰਜੋਗ ਮੇਲ ਮਿਲਾਏ, ਦੇਵੇ ਸ਼ਬਦ ਸੋਹੰ ਸਾਚੀ ਵਸਤ ਦਸਤ ਅਸਤ ਨਿਰੰਕਾਰਿਆ। ਏਕਾ ਜੋਤੀ ਨੂਰ ਅਕਾਲਾ। ਨਾ ਕੋਈ ਵਰਨ ਨਾ ਕੋਈ ਗੋਤੀ, ਨਰ ਹਰਿ ਹਰਿ ਨਰ ਗੋਪਾਲਾ। ਗੁਰਮੁਖ ਵੇਖੇ ਪ੍ਰਭ ਸਾਚੇ ਮਾਣਕ ਮੋਤੀ, ਕਾਇਆ ਮੰਦਰ ਅੰਦਰ ਵੇਖੇ ਸਚ ਧਰਮਸਾਲਾ। ਦੁਰਮਤ ਮੈਲ ਜਾਏ ਧੋਤੀ, ਆਪ ਉਠਾਏ ਆਤਮ ਕਾਇਆ ਸੋਤੀ, ਜੋਤੀ ਅਗਨੀ ਇਕ ਜਵਾਲਾ। ਹਉਮੇ ਕੱਢੇ ਵਾਸਨਾ ਖੋਟੀ, ਗੁਰਮੁਖ ਵਿਰਲਾ ਚੜ੍ਹੇ ਸਚ ਮਹੱਲੇ ਉਪਰ ਚੋਟੀ। ਬੇਮੁਖਾਂ ਮੁਖ ਰਖਾਏ ਜੂਠੀ ਝੂਠੀ ਬੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਖੰਡਾ ਹੱਥ ਉਠਾਇਆ, ਸੋਹੰ ਡੰਡਾ ਸੰਗ ਰਲਾਇਆ, ਬੇਮੁਖ ਜੀਵ ਪਕੜ ਪਛਾੜੇ ਕਲਜੁਗ ਕੋਟਨ ਕੋਟੀ। ਕਵਣ ਧਾਮ ਹਰਿ ਬਿਰਾਜੇ। ਕਵਣ ਰਾਮ ਕਲ ਸਾਜਨ ਸਾਜੇ। ਕਵਣ ਕਾਇਆ ਚਾਮ, ਕਵਣ ਰਖਾਏ ਮਾਤ ਲਾਜੇ। ਕਵਣ ਰਾਮ ਰਮਈਆ ਸ਼ਾਮ, ਕਵਣ ਵਖਾਣੇ ਖੇਲ ਕਲ ਕਿ ਆਜੇ। ਜੂਠੇ ਝੂਠੇ ਭੈਣਾਂ ਭਈਆ ਮਈਆ ਰਾਮ, ਵੇਲੇ ਅੰਤ ਨਾ ਰੱਖੇ ਕੋਈ ਲਾਜੇ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਪੂਰਨ ਕਰੇ ਕਾਮ, ਵੇਲੇ ਅੰਤ ਮਾਰੇ ਅਵਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਨੇਹੜਾ ਸਾਚਾ ਦੇਵੇ ਸਤਾਰਾਂ ਹਾੜੀ ਫੁਲ ਫੁਲਵਾੜੀ, ਲੋਕਮਾਤ ਸਾਚਾ ਸਾਜਨ ਸਾਜੇ। ਰਾਜ ਜੋਗ ਹਰਿ ਸ਼ਬਦ ਧਿਆਨ। ਮਿਟੇ ਕਾਮ ਕਰੋਧ ਲੋਭ ਅਭਿਮਾਨ। ਪਰਗਟ ਹੋਏ ਹਰਿ ਜੋਧਨ ਜੋਧ, ਸ਼ਬਦ ਜਣਾਏ ਹਰਿ ਬੋਧ ਅਗਾਧ, ਹਰਿ ਜੋਤੀ ਸਾਚਾ ਮੇਲ ਮਿਲਾਨ। ਏਕਾ ਨਾਦ ਧੁਨ ਉਪਜਾਏ, ਸੁਨ ਮੁਨ ਹਰਿ ਬੂਝ ਬੁਝਾਨ। ਗੁਰਮੁਖ ਸਾਚੇ ਸੰਤ ਸੁਹੇਲੇ ਚੁਣ ਵਖਾਏ, ਅੰਤਮ ਕਲ ਮਾਤ ਕਰ ਪਛਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਨਿਧਾਨ। ਨਾਮ ਨਿਧਾਨ ਅਨਮੁਲ ਗੁਣਵੰਤਿਆ। ਆਪੇ ਦੇਵੇ ਭਾਗ ਲਗਾਵੇ ਸਾਚੀ ਕੁਲ ਸਾਚੇ ਸੰਤਿਆ। ਲੋਕਮਾਤ ਬਣਾਵੇ ਸਾਚੀ ਬਣਤਰ, ਸਾਚਾ ਕਰੇ ਤਨ ਸ਼ਿੰਗਾਰ ਹਰਿ ਭਗਵੰਤਿਆ। ਲੱਖ ਚੁਰਾਸੀ ਵੇਖ ਵਿਚਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਬਣਾਏ ਸਾਚੀ ਬਣਤਿਆ। ਲੋਆਂ ਪੁਰੀਆਂ ਵਸੇ ਬਾਹਰ, ਜੋਤ ਅਕਾਲੀਆ। ਏਕਾ ਜੋਤੀ ਸ਼ਬਦ ਉਡਾਰ, ਵੇਖ ਵਖਾਣੇ ਕਲਜੁਗ ਤੇਰੀ ਘਟਾ ਕਾਲੀਆ। ਲੱਖ ਚੁਰਾਸੀ ਗਈ ਹਾਰ, ਪੂਰਨ ਬ੍ਰਹਮ ਨਾ ਕਰੇ ਵਿਚਾਰ, ਨਾ ਕੋਈ ਪਾਏ ਤਨ ਸ਼ਬਦ ਵਡ ਦੁਸ਼ਾਲੀਆ। ਜੋਤੀ ਜਾਮਾ ਹਰਿ ਨਿਰੰਕਾਰ, ਕ੍ਰਿਸ਼ਨਾ ਸ਼ਾਮਾ ਖੇਲ ਅਪਾਰ, ਨਾ ਹਰਿ ਪੁਰਖ ਨਾ ਹਰਿ ਨਾਰ, ਏਕਾ ਰੰਗ ਮਹਾਨਿਆ। ਸ਼ਬਦ ਸਰੂਪੀ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚੇ ਸੋਹੰ ਦੇਵੇ ਸੱਚੀ ਵਸਤ ਅਪਾਰ ਮਾਤ ਨਿਸ਼ਾਨੀਆ। ਸਤਿਜੁਗ ਸਾਚੇ ਕਾਜ ਰਚਾਇਆ। ਪ੍ਰਭ ਅਬਿਨਾਸ਼ੀ ਦੇਵੇ ਦਾਜ, ਸੋਹੰ ਸ਼ਬਦ ਸੰਗ ਰਲਾਇਆ। ਪਰਗਟ ਹੋਏ ਦੇਸ ਮਾਝ, ਵੇਦ ਵਿਆਸਾ ਭੇਵ ਖੁਲ੍ਹਾਇਆ। ਚਾਰ ਵਰਨਾਂ ਏਕਾ ਸਾਂਝ, ਊਚਾਂ ਨੀਚਾਂ ਭੇਵ ਮਿਟਾਇਆ। ਚਾਰੋਂ ਕੁੰਟ ਪੈਣੀ ਭਾਜ, ਦੇਵੀ ਦੇਵ ਨਾ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜੋਤ ਧਰ, ਭਾਣਾ ਆਪਣੇ ਹੱਥ ਰਖਾਇਆ। ਨਾ ਕੋਈ ਜਾਣੇ ਜੀਵ ਜੰਤ ਸਾਧ ਸੰਤ, ਪੁਰਖ ਅਬਿਨਾਸ਼ੀ ਖੇਲ ਅਪਾਰਿਆ। ਗੁਰਮੁਖ ਸਾਚੇ ਸੰਤ ਸੁਹੇਲੇ ਮੇਲ ਮਿਲਾਵਾ ਸਾਚੇ ਕੰਤ, ਆਤਮ ਸੇਜਾ ਸਾਚਾ ਰੰਗ ਸਾਚੇ ਘਰ ਸੁਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਕਸ ਤੰਗ, ਲੱਖ ਚੁਰਾਸੀ ਕਰੇ ਭੰਗ, ਗੁਰਮੁਖ ਕਾਇਆ ਸਾਚੀ ਚੋਲੀ ਅੰਦਰ ਮੰਦਰ ਇਕ ਰੰਗਾ ਰਿਹਾ। ਕਾਇਆ ਚੋਲੀ ਰੰਗ ਗੁਲਾਲ। ਗੁਰਮੁਖ ਡੋਲੀ ਹਰਿ ਰਖਵਾਲ। ਆਤਮ ਪੜਦੇ ਰਿਹਾ ਖੋਲ੍ਹੀ, ਸੰਤ ਸੁਹੇਲੇ ਸਾਚੇ ਭਾਲ। ਸੋਹੰ ਸ਼ਬਦ ਸੁਣਾਏ ਏਕਾ ਬੋਲੀ, ਲੋਕਮਾਤ ਨਾ ਹੋਏ ਕੰਗਾਲ। ਹਰਿਜਨ ਬਣਾਏ ਦਰ ਘਰ ਸਾਚੇ ਏਕਾ ਗੋਲੀ, ਸਦਾ ਕਰੇ ਪ੍ਰਿਤਪਾਲ। ਸ਼ਬਦੀ ਜੋਤੀ ਕਾਇਆ ਮੌਲੀ, ਚੜ੍ਹਿਆ ਰੰਗ ਇਕ ਗੁਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸੋਹੰ ਦੇਵੇ ਸ਼ਬਦ ਦੁਸ਼ਾਲ। ਸੋਹੰ ਸ਼ਬਦ ਦੁਸ਼ਾਲ, ਨਾਮ ਦਸਤਾਰਿਆ। ਆਤਮ ਝੋਲੀ ਕਰੇ ਮਾਲਾ ਮਾਲ, ਬਣੇ ਆਪ ਵਰਤਾਰਿਆ। ਗੁਰਮੁਖਾਂ ਰਿਹਾ ਸੁਰਤ ਸੰਭਾਲ, ਫਲ ਲਗਾਏ ਸਾਚੇ ਡਾਲਿਆ। ਏਕਾ ਮਾਰੇ ਸਚ ਉਛਾਲ, ਰਤਨ ਅਮੋਲਕ ਹੀਰਾ ਨਾਮ ਕਾਇਆ ਗਾਗਰ ਵਡ ਵਡ ਸਾਗਰ ਆਪ ਉਪਾ ਰਿਹਾ। ਜੋਤੀ ਜਗੇ ਕਾਇਆ ਖਾਲ, ਦੀਪਕ ਸਾਚਾ ਰਿਹਾ ਬਾਲ, ਅਗਿਆਨ ਅੰਧੇਰ ਮਿਟਾ ਰਿਹਾ। ਮਸਤਕ ਨੂਰੀ ਸਾਚਾ ਥਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਰਾਗ ਜਗਤ ਤਿਆਗ ਸੁਰਤ ਵੈਰਾਗ, ਸ਼ਬਦ ਡੋਰੀ ਨਾਲ ਬੰਧਾ ਰਿਹਾ। ਸ਼ਬਦ ਡੋਰੀ ਬੰਨ੍ਹ ਕਰਤਾਰ। ਵੇਖ ਵਖਾਣੇ ਕਾਇਆ ਮੰਦਰ ਅੰਧ ਘੋਰੀ, ਅੰਦਰੇ ਅੰਦਰ ਪਾਵੇ ਸਾਰ। ਪੰਜਾਂ ਫੜੇ ਚੋਰੀ ਚੋਰੀ, ਸ਼ਬਦ ਘੋੜੇ ਹੋ ਅਸਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਵਸਤ ਅਪਾਰ। ਸਾਚੀ ਵਸਤ ਨਾਮ ਵਣਜਾਰਾ। ਕਲਜੁਗ ਤੇਰੀ ਅੰਤਮ ਵਾਰਾ। ਹਰਿ ਆਪ ਭੁਲਾਏ ਸਾਧ ਸੰਤ, ਆਤਮ ਭਰਿਆ ਇਕ ਹੰਕਾਰਾ। ਕਲਜੁਗ ਮਾਇਆ ਪਾਏ ਬੇਅੰਤ, ਜੂਠੀ ਝੂਠੀ ਵਹਿੰਦੀ ਧਾਰਾ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਨਿਰਮਲ ਜੋਤੀ ਜੋਤ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਆਤਮ ਖੋਲ੍ਹ ਬੰਦ ਕਿਵਾੜਾ। ਖੋਲ੍ਹੇ ਬੰਦ ਕਿਵਾੜ, ਜੋਤ ਨੁਰਾਨੀਆ। ਮਾਇਆ ਪੜਦਾ ਦੇਵੇ ਪਾੜ, ਮਾਰੇ ਸ਼ਬਦ ਤੀਰ ਨਿਸ਼ਾਨੀਆ। ਨੇੜ ਨਾ ਆਏ ਪੰਚਮ ਧਾੜ, ਸੋਹੰ ਗਾਏ ਸਾਚੀ ਬਾਣੀਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਦਿਵਸ ਰੈਣ ਰੈਣ ਰੈਣਾਨੀਆ। ਕਾਇਆ ਮੰਦਰ ਅੰਦਰ ਲੱਗਾ ਸੱਚਾ ਅਖਾੜ, ਵੇਖੇ ਖੇਲ ਹਰਿ ਭਗਵਾਨੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਨਾਉਂ ਕਰੇ ਨਿਆਉਂ ਵਡ ਵਡ ਦਾਨੀਆ। ਵਡ ਦਾਤਾ ਦਾਤਾ ਸੂਰ। ਗੁਰਮੁਖ ਵਿਰਲੇ ਮਾਤ ਪਛਾਤਾ, ਹਉਮੇ ਰੋਗ ਕੀਤਾ ਦੂਰ। ਆਤਮ ਬੰਧਾ ਸ਼ਬਦ ਗਾਨਾ, ਮਿਲਿਆ ਹਰਿ ਸਰਬ ਭਰਪੂਰ। ਏਕਾ ਸੁਣਿਆ ਨਾਮ ਤਰਾਨਾ, ਜੋਤੀ ਨੂਰਾ ਸਤਿ ਸਰੂਰ। ਪੁਰਖ ਅਬਿਨਾਸ਼ੀ ਇਕ ਪਛਾਨਾ, ਸਦਾ ਸੁਹੇਲਾ ਹਾਜਰ ਹਜੂਰ। ਆਤਮ ਜੋਤੀ ਨੂਰ ਉਜਾਲਾ ਕੋਟਨ ਭਾਨਾ, ਕਾਇਆ ਅੰਧੇਰਾ ਹੋਇਆ ਦੂਰ। ਆਤਮ ਸਰ ਸਰੋਵਰ ਸਚ ਇਸ਼ਨਾਨਾ, ਦੁਰਮਤ ਮੈਲ ਉਤਰੇ ਕੂੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਬਖ਼ਸ਼ੇ ਮਸਤਕ ਸਾਚੀ ਚਰਨ ਧੂੜ। ਮਸਤਕ ਚਰਨ ਧੂੜ ਜੋਤ ਲਿਲਾਟਿਆ। ਚਤੁਰ ਬਣਾਏ ਮੂਰਖ ਮੂੜ੍ਹ, ਪੂਰ ਕਰਾਏ ਪਿਛਲਾ ਘਾਟਿਆ। ਰੰਗਣ ਰੰਗ ਚੜ੍ਹਾਏ ਏਕਾ ਗੂੜ੍ਹ, ਨੇੜੇ ਆਈ ਕਲਜੁਗ ਵਾਟਿਆ। ਰਾਜੇ ਰਾਣਿਆਂ ਪਾਏ ਜੂੜ, ਵੇਖ ਵਖਾਣੇ ਤੀਰਥ ਤਾਟਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ, ਆਪ ਕਟਾਏ ਗੇੜਾ ਆਨ ਬਾਟਿਆ। ਪਰ੍ਹਾ ਪਸੰਤੀ ਹਰਿ ਨਾਮ ਪਿਆਰ। ਅਗੰਮ ਨਿਗਮ ਆਤਮ ਧਾਰ। ਪੂਰਨ ਬ੍ਰਹਮ ਹਰਿ ਵਿਚਾਰ। ਮੇਟ ਮਿਟਾਏ ਅੰਦੇਸਾ ਭਰਮ, ਪੂਰਬ ਕਰਮ ਰਿਹਾ ਵਿਚਾਰ। ਦੂਸਰ ਨਾ ਕੋਈ ਜਾਣੇ ਵਰਨ, ਸਚ ਦਵਾਰੇ ਸਚ ਪੁਕਾਰ। ਸਚ ਉਪਜਾਈ ਮਾਨਸ ਦੇਹੀ ਸੱਚਾ ਜਨਮ, ਸੁਨ ਸਮਾਧੀ ਸਹਿਜ ਸੁਖ ਧਾਰ। ਭਗਤ ਸੁਨੇਹੜਾ ਪਰ੍ਹਾ ਪਸੰਤੀ ਕਰੇ ਵਿਚਾਰ। ਸੁਰਸਤੀ ਹੱਥ ਨਾ ਮਾਨਸ ਦੇਹੀ, ਕਰੇ ਕਰਾਏ ਇਕ ਵਿਚਾਰ। ਜੋਤੀ ਜੋਤ ਸਰੂਪ ਹਰਿ, ਅੰਦਰੇ ਅੰਦਰ ਸਾਚੇ ਮੰਦਰ ਸੁਨ ਸਮਾਧੀ ਬੋਧ ਅਗਾਧੀ ਸ਼ਬਦ ਅਨਾਦੀ ਪਾਵੇ ਸਾਚੀ ਸਾਰ। ਪਰ੍ਹਾ ਪ੍ਰੀਤਮ ਪ੍ਰੇਮ ਉਪਰ ਸੁਨੀ ਸ਼ਬਦ ਉਪਜੇ ਧੁਨ, ਨਾ ਕੋਈ ਗਣੇ ਸੁਣੇ ਸੁਣਾਰ। ਆਪੇ ਰਵਿਆ ਆਪਣੇ ਗੁਣੀ, ਨਾ ਕੋਈ ਵੇਖੇ ਕਰੇ ਵਪਾਰ। ਸਚ ਪੁਕਾਰਾ ਰਿਹਾ ਸੁਣ, ਅੰਦਰੇ ਅੰਦਰ ਕਰ ਪਿਆਰ। ਕਵਣ ਜਾਣੇ ਹਰਿ ਤੇਰੇ ਗੁਣ, ਜੋਤੀ ਨੂਰ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਰ੍ਹਾ ਪ੍ਰੇਮੀ ਰਿਹਾ ਪਾਏ ਸਾਰ। ਇਕ ਇਕੇਲਾ ਹਰਿ ਨਿਰੰਕਾਰਿਆ। ਦੂਜਾ ਰੱਖੇ ਸ਼ਬਦ ਚੇਲਾ ਵਡ ਸੰਸਾਰਿਆ। ਤੀਜੇ ਪਵਣ ਸਵਾਸੀ ਇਕ ਫੜਾਏ ਸਾਚਾ ਪਲਾ, ਪੁਰੀਆਂ ਲੋਆਂ ਪਾਏ ਸਾਰਿਆ। ਚੌਥਾ ਘਰ ਪੁਰਖ ਅਬਿਨਾਸ਼ ਏਕਾ ਮੱਲਾ, ਗੁਰੂਆਂ ਪੀਰਾਂ ਮਹੱਲ ਉਸਾਰਿਆ। ਪੰਜਵੇਂ ਵਸੇ ਨਿਹਚਲ ਧਾਮ ਅਟੱਲਾ, ਨਾ ਕੋਈ ਜਾਣੇ ਜੰਤ ਗਵਾਰਿਆ। ਛੇਵੇਂ ਦਰ ਦਵਾਰੇ ਸਾਚੇ ਖੱਲਾ, ਗੁਰਮੁਖਾਂ ਦਰਸ ਦਿਖਾਏ ਅਗੰਮ ਅਪਾਰਿਆ। ਸੱਤਵੇਂ ਜੋਤੀ ਸ਼ਬਦ ਰਲਾ, ਦੀਪਕ ਇਕ ਸਾਚਾ ਬਲਾ, ਮਿਟਾਏ ਅੰਧ ਅੰਧਿਆਰਿਆ। ਅਠਵੇਂ ਅਠਾਂ ਤੱਤਾਂ ਮਾਰੇ ਖਲਾ, ਇਕ ਮਹੱਲ ਹਰਿ ਉਸਾਰਿਆ। ਨੌਵੇਂ ਨਾਵੇਂ ਦਰ ਵੇਖ ਵਖਾਣੇ ਜਲ ਥਲਾ, ਪੁਰਖ ਅਬਿਨਾਸ਼ੀ ਨਾ ਪਾਏ ਸਾਰਿਆ। ਦਸਵੇਂ ਦਰ ਸਾਚਾ ਹਰਿ ਆਪਣਾ ਆਪ ਮਲਾ, ਸੰਤ ਅਸੰਤ ਚੜ੍ਹ ਚੜ੍ਹ ਥੱਕੇ ਕਿਸੇ ਹੱਥ ਨਾ ਆਏ ਮਦੀਨੇ ਮੱਕੇ, ਨਾ ਕੋਈ ਵੇਖੇ ਸਚ ਮਹੱਲ ਅਟੱਲ ਮੁਨਾਰਿਆ। ਦਸ ਇਕ ਗਿਆਰਾ ਸ਼ਬਦ ਧਾਰਾ, ਆਵੇ ਜਾਵੇ ਵਾਰੋ ਵਾਰਿਆ। ਦਸ ਦੋ ਬਾਰਾਂ ਜੋਤੀ ਅਕਾਰਾ, ਬਾਰਾਂ ਕਵਲਾਂ ਖੇਲ ਅਪਾਰਿਆ। ਦਸ ਤਿੰਨ ਤੇਰਾਂ ਗੁਰਸਿਖਾਂ ਦਿਸੇ ਨੇਰਨ ਨੇਰਾ, ਦੂਈ ਦਵੈਤੀ ਪੜਦਾ ਲਾਹ ਰਿਹਾ। ਦਸ ਚਾਰ ਚੌਦਾਂ ਵਸੇ ਕਾਇਆ ਹਟ, ਜਿਉਂ ਖੇਲ ਬਾਜੀਗਰ ਨਟ, ਆਪੇ ਜਾਣੇ ਘਟਾਂ ਘਟ, ਚੌਦਾਂ ਲੋਕ ਹਰਿ ਮੰਝਧਾਰਾ। ਦਸ ਪੰਜ ਪੰਦਰ੍ਹਾਂ, ਪੁਰਖ ਅਬਿਨਾਸ਼ੀ ਤੋੜੇ ਵੱਜਾ ਹੰਕਾਰੀ ਜੰਦਰਾਂ, ਸਚ ਖੁਲ੍ਹਾਏ ਦਰ ਮਹੱਲ ਇਕ ਅਪਾਰਾ। ਦਸ ਛੇ ਸੋਲਾਂ, ਪੁਰਖ ਅਬਿਨਾਸ਼ੀ ਜੋਤ ਸਰੂਪੀ ਪਹਿਰੇ ਚੋਲਾ, ਚਾਰੋਂ ਕੁੰਟ ਕਰਾਏ ਜੈ ਜੈ ਜੈਕਾਰਿਆ। ਦਸ ਸੱਤ ਸਤਾਰਾਂ, ਪ੍ਰਭ ਅਬਿਨਾਸ਼ੀ ਏਕਾ ਭਤਾਰਾ, ਸ੍ਰਿਸ਼ਟ ਸਬਾਈ ਸੰਸਾਰੀ ਨਾਰਿਆ। ਦਸ ਅਠ ਅਠਾਰਾਂ, ਨਾ ਕੋਈ ਦੀਸੇ ਪੰਜਾਂ ਧਾੜਾ, ਜਗੇ ਜੋਤ ਬਹੱਤਰ ਨਾੜਾ, ਸੰਝ ਸਵੇਰ ਇਕ ਰਿਹਾ। ਦਸ ਨੌਂ ਉਨੀ, ਸੋਹੰ ਦੇਵੇ ਪੰਜਾਂ ਚੋਰਾਂ ਸਿਰ ਚੁੰਨੀ, ਸਾਚਾ ਹਰਿ ਖੋਲ੍ਹੇ ਦਰ ਵੇਖ ਨਰ, ਨਾ ਕੋਈ ਜਾਣੇ ਵਡ ਗਿਆਨੀ ਗੁਣੀ। ਦਸ ਦਸ ਬੀਸ, ਦਸ ਦਵਾਰੇ ਨਾ ਦੇਵ ਲੋਕ ਪਛਾਨਣ, ਕਵਣ ਘਰ ਜਾਈਏ ਕੰਤ ਸੁਹੇਲਾ ਪਾਈਏ, ਮਿਲੇ ਮੇਲ ਹਰਿ ਜੋਤੀ ਜਗਦੀਸ। ਬੀਸ ਇਕ ਇੱਕੀ, ਨਿਹਕਲੰਕ ਨਰਾਇਣ ਨਰ, ਸੋਹੰ ਧਾਰ ਰਖੇ ਤਿਖੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਛਤਰ ਝੁਲਾਏ ਲੋਕਮਾਤ ਮਾਰ ਝਾਤ, ਗੁਰਮੁਖ ਬਣਾ ਸਚ ਜਮਾਤ, ਅੰਤਮ ਕਲ ਸਾਚੇ ਸੀਸ। ਕਵਣ ਮਤ ਹਰਿ ਮੰਦਰ ਦਵਾਰ। ਕਵਣ ਤੋੜੇ ਆਤਮ ਵੱਜਾ ਜੰਦਰ, ਸ਼ਬਦ ਉਡਾਰ। ਕਵਣ ਰਤ ਜੋਤ ਜਗਾਏ ਅੰਦਰੇ ਅੰਦਰ, ਕਵਣ ਨਾੜੀ ਹਰਿ ਪਸਾਰ। ਕਵਣ ਪਿਤ ਨਾ ਕੋਈ ਤੀਰਥ ਨਾ ਕੋਈ ਤਟ ਮਿਲੇ ਮੇਲ ਪੁਰਖ ਭਤਾਰ। ਕਵਣ ਵੇਖੇ ਭਰਮਾਂ ਵਟ, ਸ਼ਬਦ ਮਾਰੇ ਖੰਡਾ ਦੋ ਧਾਰ। ਕਵਣ ਰਸ ਨਿੱਝਰ ਲਈਏ ਚੱਟ, ਜਗਤ ਤ੍ਰਿਸ਼ਨਾ ਉਤਰੇ ਤਨ ਬੁਖਾਰ। ਕਵਣ ਦਿਸੇ ਘਟ ਘਟ, ਰੂਪ ਰੰਗ ਰੇਖ ਭੇਖ ਨਾ ਕੋਈ ਵਿਚ ਸੰਸਾਰ। ਕਵਣ ਜੋਤੀ ਕਾਇਆ ਮਟ ਜਗੇ ਲਟ ਲਟ, ਕਵਣ ਦਵਾਰੇ ਸ਼ਬਦ ਧੁਨ ਸੁਨ ਮੁਨ ਨਾ ਕੋਇ ਸੁਨਾਰ। ਕਵਣ ਜਿਹਵਾ ਕਵਣ ਨਾਮ ਜਗਤ ਰਟ, ਆਤਮ ਖੁਲ੍ਹੇ ਬੰਦ ਕਿਵਾੜ। ਫ਼ਕੀਰ ਫ਼ਕੀਰੀ ਕਿਹੜੇ ਹੱਟ, ਚੌਦਾਂ ਲੋਕਾਂ ਕਿਹੜਾ ਪੱਟ, ਕਾਇਆ ਕਰੇ ਤਨ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਇਕ ਕਰੇ ਕਰਾਏ ਸੋਹੰ ਸ਼ਬਦ ਸੱਚਾ ਵਣਜ ਵਪਾਰ। ਇਕ ਇਕੇਲਾ ਇਕ ਇਕਾਂਤ। ਅੰਦਰੇ ਅੰਦਰ ਸਾਚਾ ਮੇਲਾ, ਪੀਵੇ ਪਿਆਏ ਅੰਮ੍ਰਿਤ ਬੂੰਦ ਸਵਾਂਤ। ਆਪੇ ਗੁਰ ਆਪੇ ਚੇਲਾ, ਸ਼ਬਦ ਜੋਤੀ ਏਕਾ ਨਾਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਵਣ ਦਵਾਰੇ ਆਵੇ ਜਾਵੇ ਵਿਚ ਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸੋਹੰ ਸ਼ਬਦ ਚਲਾਇਆ ਸਾਚੀ ਗਾਥ। ਚੰਦ ਫ਼ਕੀਰ ਸ਼ਬਦ ਚੋਟ। ਸੋਹੰ ਵੱਜੇ ਸੱਚਾ ਤੀਰ, ਹਉਮੇ ਕੱਢੇ ਕਾਇਆ ਖੋਟ। ਸਾਧਾਂ ਸੰਤਾਂ ਆਤਮ ਭੇੜ, ਕਲਜੁਗ ਡਿਗੇ ਆਲ੍ਹਣਿਓ ਬੋਟ। ਤਨ ਮੰਦਰ ਅੰਦਰ ਲੱਗੀ ਹਉਮੇ ਪੀੜ, ਸ਼ਬਦ ਨਗਾਰਾ ਨਾ ਤਨ ਲਾਏ ਚੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਗੁਰਮੁਖ ਉਧਾਰੇ ਵਿਚ ਸੰਸਾਰੇ ਵਿਚੋਂ ਕੋਟੀ ਕੋਟ।
