੩੦ ਹਾੜ ੨੦੧੨ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਰਾਗ ਨਾਦ ਅਭੇਦ ਸ਼ਬਦ ਜਣਾਈਆ। ਸ਼ਬਦ ਜਣਾਈ ਚਾਰੇ ਵੇਦ, ਭੇਵ ਨਾ ਰਾਈਆ। ਪੁਰਾਨ ਅਠਾਰਾਂ ਇਕ ਕਿਤੇਬ, ਰਸਨਾ ਜਿਹਵਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਅਲਖ ਨਿਰੰਜਣ ਦਿਸ ਕਿਸੇ ਨਾ ਆਈਆ। ਵੇਦ ਪੁਰਾਨ ਰਸਨਾ ਗਾਏ। ਪਾਰਬ੍ਰਹਮ ਬ੍ਰਹਮ ਪਾਰ ਦਿਸ ਨਾ ਆਏ। ਵੇਖ ਵਖਾਣੇ ਮਾਨਸ ਦੇਹੀ ਸਚ ਜਨਮ, ਲੱਖ ਚੁਰਾਸੀ ਵਿਚ ਸਮਾਏ। ਜਗਤ ਭੁੱਲਾ ਮਾਇਆ ਭਰਮ, ਕਰਮ ਧਰਮ ਨਾ ਕੋਈ ਵਖਾਏ। ਹਉਮੇ ਲੱਗਾ ਰੋਗ ਜਗਤ ਵਰਮ, ਸਾਚੀ ਸਰਨ ਇਕ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਘਟ ਘਟ ਵਾਸ, ਨਿਜ ਆਤਮ ਰਿਹਾ ਸਮਾਏ। ਵੇਦ ਪੁਰਾਨ ਕਿਤੇਬ ਜਗਤ ਵਖਾਣਿਆ। ਅੰਜੀਲ ਕੁਰਾਨ ਹਰਿ ਪਛਾਣ, ਹਰਿ ਰੰਗ ਸਾਚਾ ਕਿਸੇ ਨਾ ਮਾਣਿਆ। ਸੋਨੀ ਮੋਨੀ ਕਰ ਧਿਆਨ, ਜਗਤ ਜਗਦੀਸ਼ਰ ਵਿਚ ਜਹਾਨ, ਡੁਬੇ ਹੋਏ ਬੇਮੁਹਾਣਿਆ। ਭਗਤ ਭਗਵੰਤੀ ਸਚ ਨਿਸ਼ਾਨ, ਜੀਆ ਜੰਤੀ ਇਕ ਨਿਸ਼ਾਨ, ਪੂਰਨ ਜੋਤ ਸ੍ਰੀ ਭਗਵਾਨ, ਪੁਰਖ ਪੁਰਖੋਤਮ ਨਾ ਕਲ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਮਾਤ ਧਰ, ਵੇਖੇ ਖੇਲ ਸ੍ਰੀ ਭਗਵਾਨਿਆ। ਅੰਜੀਲ ਕੁਰਾਨ ਕੁਰਾਨ ਅੰਜੀਲਿਆ। ਕਾਜੀ ਸ਼ੇਖ਼ ਮੁਸਾਇਕ ਮਾਰ ਧਿਆਨ, ਏਕਾ ਰੰਗ ਨਾ ਹਰਿ ਪਛਾਨਾ, ਸੂਹਾ ਪੀਲਾ ਲਾਲ ਕਾਲਿਆ। ਸੰਗ ਮੁਹੰਮਦ ਚਾਰ ਯਾਰ, ਤਿਖੀ ਰੇਖ ਵੇਖ ਭੇਖ, ਨੇਤਰ ਵੇਖ ਸ਼ਬਦ ਤੰਗ ਕਸਾ ਲਿਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਭੇਖ ਧਰ, ਕਲਜੁਗ ਕਾਲਾ ਵੇਸ ਦਰ ਦਰਵੇਸ਼ ਇਕ ਅਕਾਲਿਆ। ਕਲਜੁਗ ਕਾਲੀ ਰੈਣ ਅੰਜੀਲ ਕੁਰਾਨਿਆ। ਨਾਤਾ ਤੁਟਾ ਭਾਈ ਭੈਣ, ਨਰ ਨਰਾਇਣ ਨਾ ਕਿਸੇ ਪਛਾਣਿਆ। ਸ੍ਰਿਸ਼ਟੀ ਡੁੱਬੀ ਡੁੰਘੇ ਵਹਿਣ, ਨਾ ਕੋਈ ਚੁਕਾਏ ਲਹਿਣ ਦੇਣ, ਵੇਲੇ ਅੰਤ ਸਰਬ ਪਛਤਾਨਿਆ। ਲਾੜੀ ਮੌਤ ਖਾਏ ਡੈਣ, ਨਾ ਕੋਈ ਦਿਸੇ ਸਾਕ ਸੈਣ, ਰਸਨਾ ਕਿਸੇ ਨਾ ਸਕੇ ਕਹਿਣ, ਜਗੇ ਜੋਤ ਇਕ ਭਗਵਾਨਿਆ। ਗੁਰਮੁਖ ਸਾਚੇ ਸੰਤ ਸੁਹੇਲੇ ਲਾਹਾ ਦਰ ਘਰ ਸਾਚੇ ਲੈਣ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਰਗਟ ਹੋਏ ਦਰਸ ਦਿਖਾਏ ਤੀਜੇ ਨੈਣ, ਦਰ ਘਰ ਸਾਚੇ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਮਾਤ ਧਰ, ਬੋਧ ਅਗਾਧ ਅਗਾਧ ਬੋਧ, ਨਾ ਕੋਈ ਰੰਗ ਨਾ ਕੋਈ ਰੂਪ, ਆਪੇ ਜਾਣੇ ਦਾਨਾ ਬੀਨਿਆ। ਅੰਜੀਲ ਕੁਰਾਨ ਕੁਰਾਨ ਅੰਜੀਲਿਆ, ਸਾਚੀ ਸਾਰ ਨਾ ਪਾਈਆ। ਸੰਗ ਮੁਹੰਮਦ ਯਾਰ ਚਾਰ ਕਰ ਖੁਆਰ, ਅੰਤਮ ਵਾਰ ਚਾਰੇ ਕੁੰਟਾ ਦਏ ਦੁਹਾਈਆ। ਪਰਗਟ ਹੋਇਆ ਹਰਿ ਨਿਰੰਕਾਰ ਵਿਚ ਸੰਸਾਰ ਸ਼ਬਦ ਫੜ ਹੱਥ ਕਟਾਰ, ਤਿਖੀ ਰੱਖੇ ਹਰਿ ਦਾਤਾਰ, ਮਾਰੀ ਜਾਏ ਵਾਰੋ ਵਾਰ, ਜੀਆਂ ਜੰਤਾਂ ਸਾਧਾਂ ਸੰਤਾਂ ਦਿਸ ਨਾ ਆਈਆ। ਲੱਖ ਚੁਰਾਸੀ ਕਰੇ ਪਾਰ, ਧਰਮ ਰਾਏ ਦਰ ਖੋਲ੍ਹੇ ਬਾਰ, ਲਾੜੀ ਮੌਤ ਕਰੇ ਸ਼ਿੰਗਾਰ, ਬੇਮੁਖਾਂ ਲਏ ਅੰਤ ਪਰਨਾਈਆ। ਪੁਰਖ ਅਬਿਨਾਸ਼ੀ ਗੁਰਮੁਖ ਸਾਚਾ ਸੰਤ ਅਪਾਰ। ਕਵਲ ਚਰਨ ਚਰਨ ਕਵਲ ਸਰਨ ਚਰਨ ਦੇਵੇ ਕਰ ਪਿਆਰ, ਬਖ਼ਸ਼ੇ ਹਰਿ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਭੇਖ ਕਰ, ਕਲਜੁਗ ਅੰਤਮ ਵੇਖ ਰੇਖ, ਰਚਨਾ ਰਿਹਾ ਰਚਾਈਆ। ਖਾਣੀ ਬਾਣੀ ਹਰਿ ਵਿਚਾਰਿਆ। ਜਗਤ ਰਾਣੀ ਸ਼ਬਦ ਅਧਾਰਿਆ। ਭਗਤ ਜਨਾਂ ਦਰ ਭਰੇ ਪਾਣੀ, ਪਾਰਬ੍ਰਹਮ ਪਸਰ ਪਸਾਰਿਆ। ਏਕਾ ਪਦ ਨਰ ਨਿਰਬਾਣੀ, ਕਵਲ ਧਵਲ ਅਪਰ ਅਪਾਰਿਆ। ਚਾਰੋਂ ਕੁੰਟ ਬ੍ਰਹਮ ਗਿਆਨੀ, ਸ਼ਬਦ ਗਿਆਨ ਨਾ ਕਿਸੇ ਵਿਚਾਰਿਆ। ਤਖ਼ਤ ਸੁਲਤਾਨਾ ਰਾਜ ਰਾਜਾਨਾ ਵਾਲੀ ਦੋ ਜਹਾਨੀ, ਆਪੇ ਆਪ ਭੁਲਾ ਰਿਹਾ। ਸ਼ਬਦ ਮਾਰੇ ਤੀਰ ਨਿਸ਼ਾਨੀ, ਮਾਇਆ ਮਮਤਾ ਰੋਗ ਵਧਾ ਰਿਹਾ। ਬੇਮੁਖ ਜੀਵਾਂ ਮਾਤ ਆਏ ਅੰਤਮ ਹਾਨੀ, ਕਲਜੁਗ ਕਾਲ ਅੰਧੇਰਾ ਛਾ ਰਿਹਾ। ਕਿਸੇ ਹੱਥ ਨਾ ਆਏ ਚਾਰੋਂ ਕੁੰਟ ਪਾਣੀ, ਪੁਰਖ ਅਬਿਨਾਸ਼ੀ ਖੇਲ ਵਰਤਾ ਰਿਹਾ। ਅੰਤਮ ਛਡਣੇ ਪੈਣੇ ਹਾਣੀਆਂ ਹਾਣੀ, ਸਦੀ ਬੀਸਵੀਂ ਭਰਮ ਭਉ ਗਵਾ ਰਿਹਾ। ਮਾਇਆ ਜਾਲ ਲੋਕਮਾਤ ਮਾਇਆ ਰਾਣੀ, ਲੱਖ ਚੁਰਾਸੀ ਆਪ ਪਸਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਰਾਹ ਜਗਤ ਵਖਾ ਰਿਹਾ। ਏਕਾ ਰਾਹ ਹਰਿ ਨਿਰੰਕਾਰ, ਸੱਚੀ ਸਰਕਾਰਿਆ। ਚਾਰ ਵਰਨਾਂ ਕਰ ਪਿਆਰ, ਵਿਚ ਸੰਸਾਰ ਸਾਚੀ ਧਾਰਾ ਆਪ ਬੰਨ੍ਹਾ ਰਿਹਾ। ਊਚਾਂ ਨੀਚਾਂ ਭੇਵ ਨਿਵਾਰ, ਰਾਜ ਰਾਜਾਨਾਂ ਕਰ ਭਿਖਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾ ਰਿਹਾ। ਸ਼ਬਦ ਡੰਕ ਅਪਰ ਅਪਾਰ, ਰਾਓ ਰੰਕ ਇਕ ਦਵਾਰ, ਦਰ ਦਵਾਰਾ ਇਕ ਵਖਾ ਰਿਹਾ। ਮੰਗਦੇ ਰਹਿਣ ਵਾਰੋ ਵਾਰ, ਵਹਿੰਦਾ ਰਹੇ ਕਰ ਵਿਚਾਰ, ਆਪਣੇ ਭਾਣੇ ਆਪ ਸਮਾ ਰਿਹਾ। ਆਪੇ ਪੁਰਖ ਆਪੇ ਨਾਰ, ਆਪੇ ਭਗਤ ਭਗਵੰਤਾ ਸਾਚਾ ਯਾਰ, ਮੀਤ ਮੁਰਾਰ ਆਪ ਅਖਵਾ ਰਿਹਾ। ਆਪੇ ਸੰਤ ਕੰਤ ਸਹਿਜ ਸੁੱਖ ਧਾਰ, ਸਾਚੀ ਬਣਤ ਆਪ ਬਣਾ ਰਿਹਾ। ਜੀਵ ਜੰਤਾਂ ਨਾਮ ਅਧਾਰ, ਇਕ ਇਕੰਤਾ ਨਾਮ ਸਹਾਰਿਆ। ਸੋਹੰ ਸ਼ਬਦ ਅਪਾਰ, ਪਰਗਟ ਹੋਏ ਵਿਚ ਸੰਸਾਰ, ਸਤਿਜੁਗ ਸਾਚੀ ਧਾਰ ਆਪ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਾਮਾ ਰਾਮਾ ਆਪਣਾ ਆਪ ਵਟਾ ਰਿਹਾ। ਸੋਹੰ ਡੰਕ ਅਪਰ ਅਪਾਰਿਆ। ਪੁਰਖ ਅਬਿਨਾਸ਼ੀ ਆਪਣਾ ਆਪ ਉਪਾ ਰਿਹਾ। ਸ਼ਬਦ ਸਿੰਘਾਸਣ ਡੇਰਾ ਲਾਇਆ। ਬਾਲ ਜਵਾਨੀ ਅਲੜ੍ਹ ਵਰੇਸ, ਸ਼ਬਦ ਖੰਡਾ ਹੱਥ ਉਠਾ ਲਿਆ। ਆਦਿ ਅੰਤ ਸਦ ਹਮੇਸ਼, ਕਲਜੁਗ ਅੰਤਮ ਤੇਰਾ ਕੰਢਾ, ਸੋਹੰ ਲਾਇਆ ਸਾਚਾ ਡੰਡਾ, ਨੌਂ ਖੰਡ ਪ੍ਰਿਥਮੀ ਪਾਏ ਵੰਡਾ, ਰਾਜ ਰਾਜਾਨਾਂ ਤੋੜ ਘਮੰਡਾ, ਚੰਡ ਪਰਚੰਡਾ ਇਕ ਚਲਾ ਰਿਹਾ। ਵੇਖ ਵਖਾਣੇ ਹਰਿ ਬ੍ਰਹਿਮੰਡਾ, ਕਲਜੁਗ ਝੂਠਾ ਭੇਖ ਪਖੰਡਾ, ਮਾਨਸ ਦੇਹੀ ਆਤਮ ਰੰਡਾ, ਕੰਤ ਸੁਹਾਗ ਵਡ ਵਡਭਾਗ ਪੁਰਖ ਅਬਿਨਾਸ਼ੀ ਕਿਸੇ ਨਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਭਗਤ ਜਨਾਂ ਤਨ ਪਾਏ ਠੰਡਾ, ਦਰਸ ਅਮੋਘਾ ਹਰਿ ਸੰਜੋਗਾ ਹਰਿ ਆਪਣਾ ਦਰਸ ਦਿਖਾ ਲਿਆ। ਸੰਬਲ ਦੇਸ ਸੁਰਤ ਸੰਭਾਲੀ, ਜੋਤ ਜਗਾਈਆ। ਆਪੇ ਸ਼ਾਹ ਆਪੇ ਕੰਗਾਲੀ, ਦਿਸ ਕਿਸੇ ਨਾ ਆਈਆ। ਸ਼ਬਦ ਸਰੂਪੀ ਵੱਜੇ ਤਾਲ, ਰਾਗਾਂ ਨਾਦਾਂ ਰਿਹਾ ਭੁਲਾਈਆ। ਜੋਤ ਸਰੂਪੀ ਗਗਨ ਥਾਲ, ਦੀਪਕ ਜੋਤੀ ਇਕ ਜਗਾਈਆ। ਜਗਤ ਅਵੱਲੜੀ ਚਲੇ ਚਾਲ, ਭਗਤ ਜਨਾਂ ਕਰੇ ਪ੍ਰਿਤਪਾਲ, ਦੇਵੇ ਨਾਮ ਸੱਚਾ ਧਨ ਮਾਲ, ਆਦਿ ਅੰਤ ਨਿਖੁੱਟ ਨਾ ਜਾਈਆ। ਆਪੇ ਰਿਹਾ ਸੁਰਤ ਸੰਭਾਲ, ਫਲ ਲਗਾਏ ਕਾਇਆ ਡਾਲ੍ਹ, ਧੁਰ ਦਰਗਾਹੀ ਸਚ ਦਲਾਲ, ਦਰਗਾਹ ਸਾਚੀ ਮੇਲ ਮਿਲਾਈਆ। ਅੰਤਕਾਲ ਨਾ ਖਾਏ ਜਮ ਕਾਲ, ਤੋੜੇ ਹਰਿ ਹਰਿ ਜਗਤ ਜੰਜਾਲ, ਦਿਵਸ ਰੈਣ ਚਲੇ ਨਾਲ ਨਾਲ, ਮਧੁਰ ਬੈਣਾ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਦਰ ਦਰਵੇਸ ਇਕ ਇਕੇਲਾ ਸੱਜਣ ਸੁਹੇਲਾ ਸਾਚੇ ਧਾਮ ਰਿਹਾ ਸੁਹਾਈਆ। ਸਾਚਾ ਧਾਮ ਅਵੱਲੜਾ, ਇਕ ਨਿਆਰਾ ਹੈ। ਪੁਰਖ ਅਬਿਨਾਸ਼ੀ ਏਕਾ ਮਲੜਾ, ਨਾ ਕੋਈ ਜਾਣੇ ਪਾਰ ਕਿਨਾਰਾ ਹੈ। ਭਗਤ ਜਨਾਂ ਦਰ ਦਵਾਰੇ ਅਗੇ ਖਲੜਾ, ਬਣਿਆ ਰਹੇ ਭੇਖ ਭਿਖਾਰਾ ਹੈ। ਆਪ ਫੜਾਏ ਆਪਣਾ ਪਲੜਾ, ਤਿੰਨਾਂ ਲੋਆਂ ਵਸੇ ਬਾਹਰਾ ਹੈ। ਏਕਾ ਦੇਵੇ ਨਾਮ ਦੰਮੜਾ, ਸੋਹੰ ਸਾਚਾ ਸ਼ਬਦ ਹੁਲਾਰਾ ਹੈ। ਲੇਖੇ ਲਾਏ ਕਾਇਆ ਮਾਟੀ ਚੰਮੜਾ, ਦਸਮ ਦਵਾਰੀ ਪੜਦਾ ਪਾੜਾ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਦੇਵੇ ਖੋਲ੍ਹ ਸ਼ਬਦ ਬੋਲ ਬੰਦ ਕਿਵਾੜਾ ਏ। ਖੋਲ੍ਹੇ ਬੰਦ ਕਿਵਾੜ ਸ਼ਬਦ ਧੁਨ ਨਾਦਿਆ। ਮਾਇਆ ਮਮਤਾ ਪੜਦੇ ਪਾਏ, ਜਾਪ ਜਪਾਏ ਬੋਧ ਅਗਾਧਿਆ। ਪਰ੍ਹੇ ਹਟਾਏ ਪੰਚਮ ਧਾੜ, ਨਰ ਨਰਾਇਣ ਰਸਨ ਜਿਸ ਅਰਾਧਿਆ। ਦਰ ਘਰ ਸਾਚੇ ਦੇਵੇ ਵਾੜ, ਸੁਰਤੀ ਸ਼ਬਦ ਸ਼ਬਦ ਮਨ ਬਾਧਿਆ। ਆਪੇ ਹੋਏ ਪਿਛਾ ਅਗਾੜ, ਗੁਰ ਪੂਰਾ ਦਾਤਾ ਸੂਰਾ ਜਿਸ ਜਨ ਲੋਕਮਾਤ ਅਰਾਧਿਆ। ਜੋਤ ਜਗਾਏ ਬਹੱਤਰ ਨਾੜ, ਸ਼ਬਦ ਤੀਰ ਕਾੜ ਕਾੜ, ਆਪੇ ਘੜੇ ਸਾਚੇ ਘਾੜ, ਦਰਸ ਦਿਖਾਏ ਖੰਡ ਬ੍ਰਹਿਮੰਡ ਹਰਿ ਬ੍ਰਹਿਮਾਦਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਵੇਸ ਜੁਗ ਜੁਗਾਦਿਆ। ਜੁਗਾ ਜੁਗੰਤਰ ਭੇਖ ਨਿਰੰਕਾਰ, ਸ੍ਰਿਸ਼ਟ ਸਬਾਈ ਰਿਹਾ ਵੇਖ, ਆਦਿ ਅੰਤ ਏਕੰਕਾਰਿਆ। ਆਪੇ ਲੇਖਾ ਲਿਖੇ ਲਿਖਾਏ ਰੇਖ, ਸ੍ਰਿਸ਼ਟ ਸਬਾਈ ਮੇਟ ਮਿਟਾ ਰਿਹਾ। ਜੋਤੀ ਜਾਮਾ ਧਰਿਆ ਭੇਖ, ਸ਼ਬਦ ਡੰਕ ਇਕ ਰੱਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਹਰਿ ਗੁਰਮੁਖ ਸਾਚੇ ਮਾਤ ਜਗਾ ਰਿਹਾ। ਗੁਰਮੁਖ ਧੰਨ ਕਮਾਈ, ਧਰਮ ਪਛਾਣਿਆ। ਪਾਰਬ੍ਰਹਮ ਸਚ ਸਰਨਾਈ, ਦਰ ਘਰ ਸਾਚੇ ਮਿਲੇ ਮਾਣਿਆ। ਹੋਏ ਸਹਾਈ ਸਭਨੀਂ ਥਾਈਂ, ਗਾ ਰਹੇ ਵੇਦ ਪੁਰਾਨਿਆ। ਭਗਤ ਸੁਹੇਲਾ ਪਕੜੇ ਬਾਹੀਂ, ਆਪ ਚਲਾਏ ਆਪਣੇ ਭਾਣਿਆ। ਦਰਗਾਹ ਸਾਚੀ ਠੰਡੀ ਛਾਈਂ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਅੰਤ ਆਪੇ ਕਰੇ ਮਾਤ ਪਛਾਣਿਆ। ਧੰਨ ਕਮਾਈ ਗੁਰਮੁਖ ਵੱਜੀ ਮਨ ਵਧਾਈਆ। ਸਾਚੀ ਸਿਖਿਆ ਲੈਣੀ ਸਿਖ, ਸ਼ਬਦ ਜੋਤੀ ਮੇਲ ਮਿਲਾਈਆ। ਜਗਤ ਤ੍ਰਿਸਨਾ ਮਿਟੀ ਤ੍ਰਿਖ, ਭੁੱਖ ਰੋਗ ਸੋਗ ਗਵਾਈਆ। ਸਾਚਾ ਲੇਖਾ ਰਿਹਾ ਲਿਖ, ਧੁਰ ਸੰਜੋਗ ਮਿਲਾਈਆ। ਦੁਈ ਦੁਵੈਤੀ ਲਾਹੇ ਵਿੱਖ, ਰੰਗਣ ਰੰਗ ਨਾਮ ਚੜ੍ਹਾਈਆ। ਕਿਸੇ ਹੱਥ ਨਾ ਆਏ ਮੁਨ ਰਿਖ, ਜੰਗਲ ਜੂਹ ਉਜਾੜ ਪਹਾੜ ਭਵਾਈਆ। ਅੰਦਰੇ ਅੰਦਰ ਪਾਵੇ ਭਿੱਖ, ਨਿਸ਼ਅੱਖਰ ਵੱਖਰ ਜੋ ਜਨ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਰਾਗ ਜਗਤ ਤਿਆਗ ਏਕਾ ਏਕ ਸੁਣਾਈਆ। ਧੰਨ ਕਮਾਈ ਗੁਰਸਿਖ ਜਾਣੇ ਗੁਰ ਮੰਤਰ। ਮਿਲੇ ਵਡਿਆਈ ਵਿਚ ਮਾਤ, ਹੋਏ ਸਹਾਈ ਆਦਿ ਅੰਤਰ। ਸਾਚੇ ਦਰ ਵੱਜੇ ਵਧਾਈ, ਤਨ ਬੁਝਾਏ ਪੰਚਾਂ ਬਸੰਤਰ। ਪੁਰਖ ਅਬਿਨਾਸ਼ੀ ਸਚ ਸਰਨਾਈ, ਪਾਰ ਕਰਾਏ ਗਗਨ ਗਗਨੰਤਰ। ਦਰਗਾਹ ਸਾਚੀ ਸਾਚੇ ਥਾਈਂ, ਆਪ ਬਣਾਏ ਸਾਚੀ ਬਣਤਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰਿਜਨ ਜਪਾਏ ਏਕਾ ਮੰਤਰ। ਏਕਾ ਮੰਤਰ ਓਅੰ ਆਦਿ। ਸੋਹੰ ਸ਼ਬਦ ਸਚ ਵਿਸਮਾਦ। ਪਾਰਬ੍ਰਹਮ ਬੋਧ ਅਗਾਧ। ਸਾਚਾ ਧਰਮ ਸੁਣ ਸ਼ਬਦ ਧੁਨ ਨਾਦ। ਲੇਖੇ ਲੱਗੇ ਮਾਨਸ ਜਨਮ, ਮਿਲੇ ਮੇਲ ਮਾਧਵ ਮਾਧ। ਪੂਰਨ ਹੋਏ ਮਾਤ ਕਰਮ, ਰਸਨ ਰਸਾਇਣ ਲਿਆ ਅਰਾਧ। ਲੇਖੇ ਲਾਏ ਮਾਟੀ ਚਰਮ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮੇਟ ਮਿਟਾਏ ਵਾਦ ਵਿਵਾਦ। ਧੰਨ ਕਮਾਈ ਗੁਰਸਿਖ ਗੁਰ ਚਰਨ ਪਿਆਸਾ। ਏਕਾ ਦੇਵੇ ਹਰਿ ਸਰਨਾਈ, ਆਪੇ ਵੇਖੇ ਨੌਂ ਦਰ ਤਮਾਸ਼ਾ। ਦਸਮ ਦਵਾਰੀ ਬੂਝ ਬੁਝਾਈ, ਕਾਇਆ ਮੰਦਰ ਪ੍ਰਿਥਮੀ ਅਕਾਸ਼ਾ। ਬਜਰ ਕਪਾਟੀ ਖੋਲ੍ਹ ਵਖਾਈ, ਸਚ ਸਿੰਘਾਸਣ ਹਰਿ ਬਿਰਾਜੇ। ਸਚ ਮੰਡਲ ਦੀ ਸਾਚਾ ਰਾਸਾ, ਸਾਚਾ ਸ਼ਬਦ ਸੀਸ ਤਾਜੇ। ਨਿੱਜ ਘਰ ਸਾਚੇ ਰੱਖੇ ਵਾਸਾ, ਸਾਚਾ ਸ਼ਬਦ ਅਨਾਹਦ ਵਾਜੇ। ਪਵਣ ਸਰੂਪੀ ਮਾਰੇ ਅਵਾਜੇ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭਗਤ ਜਨਾਂ ਕਲ ਰਖੇ ਲਾਜੇ। ਧੰਨ ਕਮਾਈ ਗੁਰਸਿਖ ਦਰ ਦਵਾਰਾ ਏਕਾ ਬੂਜਿਆ। ਧੰਨ ਕਮਾਈ ਗੁਰਸਿਖ, ਪੁਰਖ ਪੁਰਖੋਤਮ ਏਕਾ ਸੂਜਿਆ। ਧੰਨ ਕਮਾਈ ਗੁਰਸਿਖ, ਪੰਚਮ ਤੱਤੀ ਜਾਏ ਜੂਝਿਆ। ਭੌ ਚੁਕਾਏ ਏਕਾ ਦੂਜਿਆ। ਧੰਨ ਕਮਾਈ ਗੁਰਸਿਖ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭੇਵ ਖੁਲ੍ਹਾਏ ਅੰਦਰ ਮੰਦਰ ਗੂਝਿਆ। ਅੰਦਰ ਮੰਦਰ ਭੇਵ ਨਿਆਰਾ, ਜੋਤ ਅਕਾਲੀਆ। ਸਾਚਾ ਮੰਦਰ ਗੁਰੂਦਵਾਰਾ, ਦੀਪਕ ਜੋਤੀ ਬੇਮਿਸਾਲੀਆ। ਰੂਪ ਅਗੰਮਾ ਅਪਰ ਅਪਾਰਾ, ਆਪੇ ਕਰੇ ਖੇਲ ਨਿਰਾਲੀਆ। ਸ਼ਬਦ ਧੁਨ ਅਨਾਹਦ ਧਾਰਾ, ਆਪ ਵਜਾਏ ਤਾਲ ਖੜਤਾਲੀਆ। ਅੰਮ੍ਰਿਤ ਬਰਖੇ ਠੰਡੀ ਧਾਰਾ, ਕਵਲ ਨਾਭੀ ਮੁਖ ਚਵਾਲੀਆ। ਪਾਰਬ੍ਰਹਮ ਬ੍ਰਹਮ ਪਾਏ ਸਾਰਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮੇਟ ਮਿਟਾਏ ਅੰਦਰੇ ਅੰਦਰ ਘਟਾ ਕਾਲੀਆ। ਸਾਚੇ ਮੰਦਰ ਘਟਾ ਕਾਲੀ, ਰੈਣ ਅੰਧੇਰਿਆ। ਦੀਪਕ ਜੋਤੀ ਕਿਸੇ ਨਾ ਬਾਲੀ, ਨਾ ਕੋਈ ਜਾਣੇ ਸੰਞ ਸਵੇਰਿਆ। ਨਾ ਕੋਈ ਬਣਿਆ ਸੱਚਾ ਹਾਲੀ, ਸਾਚਾ ਬੀਜ ਕਿਸੇ ਨਾ ਕੇਰਿਆ। ਭਗਤ ਜਨਾ ਪ੍ਰਭ ਸਾਚਾ ਪਾਲੀ, ਹੋਏ ਸਹਾਈ ਅੰਤਮ ਵੇਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਚਾਰੇ ਕੁੰਟਾਂ ਵੇਖੇ ਖਾਲੀ, ਫਲ ਦਿਸੇ ਨਾ ਕਿਸੇ ਡਾਲ੍ਹੀ, ਸ਼ਬਦ ਸਰੂਪੀ ਪਾਏ ਘੇਰਿਆ। ਸ਼ਬਦ ਸਰੂਪੀ ਪਾਏ ਘੇਰਾ, ਹਰਿ ਬੰਧਨ ਬੰਧ ਬੰਧਾਇਆ ਏ। ਸ੍ਰਿਸ਼ਟ ਸਬਾਈ ਆਪ ਭੁਲਾਏ ਕਰ ਕਰ ਹੇਰਾ ਫੇਰਾ, ਧਰਮ ਰਾਏ ਰਿਹਾ ਸਮਝਾਇਆ ਏ। ਲੱਖ ਚੁਰਾਸੀ ਹੋਏ ਪਰਭਾਸੇ ਡੇਰਾ, ਕਲਜੁਗ ਵੇਲਾ ਅੰਤਮ ਆਇਆ ਏ। ਨਾ ਕੋਈ ਦਿਸੇ ਗੁਰ ਚੇਰਾ, ਪੰਜਾਂ ਝੇੜਾ ਏਕਾ ਲਾਇਆ ਏ। ਆਪੇ ਕਰੇ ਹੱਕ ਨਿਬੇੜਾ, ਨਾ ਕੋਈ ਨਗਰ ਨਾ ਕੋਈ ਖੇੜਾ, ਭਰਮਾਂ ਡੇਰਾ ਆਪੇ ਢਾਹਿਆ ਏ। ਭਗਤ ਜਨਾਂ ਪ੍ਰਭ ਬੰਨ੍ਹੇ ਬੇੜਾ, ਇਕ ਵਖਾਏ ਖੁਲ੍ਹਾ ਵਿਹੜਾ, ਦਰਗਾਹ ਸਾਚੀ ਧਾਮ ਸੁਹਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰੂਪ ਰੰਗ ਆਪਣਾ ਆਪ ਵਟਾਇਆ ਏ। ਕਰੇ ਨਿਬੇੜਾ ਹੱਕ ਨੂਰ ਜਲਾਲਿਆ। ਕਲਜੁਗ ਫਲ ਗਿਆ ਪੱਕ, ਆਪੇ ਝਾੜੇ ਉਚੇ ਡਾਲਿਆ। ਚਾਰ ਯਾਰਾਂ ਸੰਗ ਮੁਹੰਮਦ ਗਿਆ ਥੱਕ, ਸਦੀ ਚੌਧਵੀਂ ਹੋਏ ਬੇਹਾਲਿਆ। ਕਲਜੁਗ ਕਾਲਾ ਕੱਢੇ ਹੱਕ, ਪਿਛੇ ਲੱਗੇ ਸਾਚਾ ਪਾਲੀਆ। ਸ਼ਬਦ ਪਾਏ ਨਕੇਲ ਨੱਕ, ਨਾ ਕੋਈ ਵੇਖੇ ਸ਼ਾਹ ਜਲਾਲੀਆ। ਲਾੜੀ ਮੌਤ ਰਾਹ ਰਹੀ ਤੱਕ, ਕਿਹੜੀ ਕੂਟ ਹੋਵੇ ਖਾਲੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਵੇਖੇ ਸ਼ਾਹ ਕੰਗਾਲੀਆ। ਸ਼ਾਹ ਕੰਗਾਲ ਸੁਲਤਾਨ ਵਡ ਜਰਵਾਣਿਆ। ਕਲਜੁਗ ਕਰੇ ਅੰਤ ਬੇਹਾਲ, ਭੁੰਨੇ ਜਿਉਂ ਭਠਿਆਲੇ ਦਾਣਿਆ। ਪੱਲੇ ਕਿਸੇ ਨਾ ਦਿਸੇ ਧਨ ਮਾਲ, ਜੂਠੇ ਝੂਠੇ ਰਾਜੇ ਰਾਣਿਆ। ਵੇਲੇ ਅੰਤਮ ਖਾਏ ਕਾਲ, ਜੀਵ ਜੰਤ ਸਾਧ ਸੰਤ ਬੇਮੁਹਾਣਿਆ। ਭਗਤ ਜਨਾਂ ਕਰੇ ਪ੍ਰਿਤਪਾਲ, ਸੁਰਤੀ ਸ਼ਬਦ ਰਿਹਾ ਸੰਭਾਲ, ਦੇਵੇ ਨਾਮ ਸੱਚਾ ਪੀਣਾ ਖਾਣਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨ ਦਰ ਦਵਾਰੇ ਏਕਾ ਮਾਣਿਆ। ਦਰ ਦਵਾਰੇ ਏਕਾ ਮਾਣ, ਸ਼ਬਦ ਬਿਬਾਣਿਆ। ਚਰਨ ਪ੍ਰੀਤੀ ਇਕ ਧਿਆਨ, ਸਾਚਾ ਨਾਮ ਜਗਤ ਉਡਾਨਿਆ। ਸਾਚਾ ਵੱਜੇ ਤੀਰ ਨਿਸ਼ਾਨ, ਤੁੱਟੇ ਮਾਣ ਭਗਤ ਅਭਿਮਾਨਿਆ। ਆਤਮ ਉਪਜੇ ਬ੍ਰਹਮ ਗਿਆਨ, ਸਤਿ ਪੁਰਖ ਨਿਰੰਜਣ ਜਿਸ ਪਛਾਣਿਆ। ਦਰ ਦਵਾਰੇ ਹੋਏ ਪਰਵਾਨ, ਰਸਨਾ ਗਾਏ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚਾ ਵੇਖ ਨਰ, ਦਰ ਘਰ ਘਰ ਦਰ ਇਕ ਦਵਾਰਾ ਹਰਿ ਨਿਰੰਕਾਰਾ ਵਿਚ ਸੰਸਾਰਾ ਕਰੇ ਦਰ ਪਰਵਾਨਿਆ। ਉਠ ਜੀਵ ਜਾਗ, ਤਨ ਮੰਦਰ ਲੱਗੇ ਭਾਗ, ਕਲਜੁਗ ਅੰਤਮ ਵੇਲਿਆ। ਉਠ ਜੀਵ ਜਾਗ, ਸੁਣ ਸ਼ਬਦ ਸਾਚਾ ਰਾਗ, ਹਉਮੇ ਰੋਗ ਜਾਏ ਭਾਗ, ਗੁਰ ਸੰਗਤ ਮੇਲ ਸਾਚਾ ਮੇਲਿਆ। ਉਠ ਜੀਵ ਜਾਗ, ਧੋ ਕਲਜੁਗ ਕਾਲਾ ਦਾਗ਼, ਮਿਲੇ ਮੇਲ ਕੰਤ ਸੁਹਾਗ, ਸਚ ਦਵਾਰਾ ਏਕਾ ਖੋਲ੍ਹਿਆ। ਉਠ ਜੀਵ ਜਾਗ ਹੰਸ ਬਣ ਕਾਗ, ਪੁਰਖ ਅਬਿਨਾਸ਼ੀ ਪਕੜੇ ਵਾਗ, ਸੁਣਾਏ ਰਾਗ ਸੱਚਾ ਢੋਲਿਆ। ਉਠ ਜੀਵ ਜਾਗ, ਸਰਨ ਸਰਨਾਈ ਸਾਚੀ ਲਾਗ, ਤਨ ਬੰਨ੍ਹਣਾ ਸ਼ਬਦ ਤਾਗ ਮਿਲੇ ਨਾਮ ਭਗਤ ਵਿਚੋਲਿਆ। ਉਠ ਜੀਵ ਜਾਗ, ਹੋਣ ਮਾਤ ਵਡ ਵਡਭਾਗ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਆਦਿ ਅੰਤ ਕਦੇ ਨਾ ਡੋਲਿਆ। ਉਠ ਜੀਵ ਜਾਗ, ਮਸਤ ਦੀਵਾਨਿਆ। ਕੁਲ ਆਪਣੀ ਲਾ ਭਾਗ, ਜਗ ਦੀਵਾਨਿਆ। ਮਾਇਆ ਡੱਸਣੀ ਝੂਠਾ ਨਾਗ, ਭਰਮੇ ਭੁੱਲਾ ਲੋਭ ਲੁਭਾਨਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਗੁਰ ਸੰਗਤ ਸਾਚਾ ਮੇਲ ਮਿਲਾਨਿਆ। ਗੁਰ ਸੰਗਤ ਸਾਚਾ ਮੇਲ, ਚਰਨ ਦਵਾਰਿਆ। ਸ਼ਬਦ ਚੜ੍ਹਾਏ ਸਾਚਾ ਤੇਲ, ਬੰਨ੍ਹੇ ਗਾਨਾ ਨਾਮ ਅਪਾਰਿਆ। ਕਟੇ ਧਰਮ ਰਾਏ ਦੀ ਜੇਲ੍ਹ, ਝੁੱਲੇ ਨਾਮ ਨਿਸ਼ਾਨਾ ਵਿਚ ਸੰਸਾਰਿਆ। ਆਪੇ ਗੁਰ ਆਪੇ ਚੇਲ, ਜੋਤੀ ਪਵਣੀ ਸ਼ਬਦ ਉਡਾਰਿਆ। ਸਦਾ ਰਹੇ ਰੰਗ ਨਵੇਲ, ਕਰੇ ਖੇਲ ਦੂਸਰ ਵਾਰਿਆ। ਦਰਗਾਹ ਸਾਚੀ ਧਾਮ ਅਕੇਲ, ਜੋਤ ਨਿਰੰਜਣ ਪਸਰ ਪਸਾਰਿਆ। ਲੱਖ ਚੁਰਾਸੀ ਮਾਤ ਉਪਾਈ ਏਕਾ ਵੇਲ, ਦਿਤੀ ਦਾਤ ਵਡ ਕਰਾਮਾਤ ਗਿਰਵਰ ਹਰਿ ਗਿਰਧਾਰਿਆ। ਉਤਮ ਰਖੀ ਏਕਾ ਜ਼ਾਤ, ਮਿਲੇ ਮੇਲ ਕਮਲਾਪਾਤ, ਵਣਜ ਸ਼ਬਦ ਸਾਚੀ ਦਾਤ ਵਡ ਬਲਕਾਰਿਆ। ਧੁਰ ਦਰਗਾਹੀ ਸਾਚਾ ਨਾਉਂ ਜਗਤ ਮਲਾਹੀ ਪੁੱਛੇ ਵਾਤ, ਬੇਪਰਵਾਹੀ ਆਪੇ ਦੇਵੇ ਬੂੰਦ ਸਵਾਂਤ, ਕਾਇਆ ਕਰੇ ਠੰਡੀ ਠਾਰਿਆ। ਮੇਟ ਮਿਟਾਏ ਅੰਧੇਰੀ ਰਾਤ, ਨਾ ਕੋਈ ਪੁੱਛੇ ਜ਼ਾਤ ਪਾਤ, ਚਾਰ ਵਰਨਾਂ ਏਕਾ ਰਾਹ ਵਖਾ ਰਿਹਾ। ਸ਼ਬਦ ਚਲਾਏ ਸਾਚੀ ਗਾਥ, ਸੋਹੰ ਸ਼ਬਦ ਸਾਚਾ ਰਾਥ, ਪਰਗਟ ਹੋਏ ਤ੍ਰੈਲੋਕੀ ਨਾਥ, ਅਕਥਨੀ ਅਕਥ ਕਥਾ ਸੁਣਾ ਰਿਹਾ। ਸਗਲ ਵਸੂਰੇ ਜਾਇਣ ਲਾਥ, ਚਰਨ ਧੂੜੇ ਸਾਚੇ ਮਾਥ, ਦੀਪਕ ਜੋਤੀ ਇਕ ਜਗਾ ਰਿਹਾ। ਅੰਤਮ ਸੀਆਂ ਸਾਢੇ ਤਿੰਨ ਹਾਥ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਖ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣਾ ਭਾਣਾ ਆਪੇ ਆਪ ਵਰਤਾ ਰਿਹਾ। ਸਾਚਾ ਭਾਣਾ ਹਰਿ ਬਲਵਾਨ, ਆਪਣੇ ਹੱਥ ਰਖਾਇਆ ਏ। ਸੋਹੰ ਫੜਿਆ ਸ਼ਬਦ ਨਿਸ਼ਾਨ, ਨੌਵਾਂ ਖੰਡਾਂ ਵੇਖ ਵਖਾਇਆ ਏ। ਆਪੇ ਪਾਏ ਸਭ ਦੀ ਵੰਡਾ, ਕਲਜੁਗ ਤੇਰਾ ਅੰਤਮ ਕੰਢਾ, ਪਾਰ ਕਿਨਾਰਾ ਕਿਸੇ ਦਿਸ ਨਾ ਆਇਆ ਏ। ਲੱਖ ਚੁਰਾਸੀ ਆਤਮ ਰੰਡਾ, ਆਤਮ ਭਰਿਆ ਇਕ ਘਮੰਡਾ, ਸਿਰ ਉਠਾਈ ਪਾਪਾਂ ਪੰਡਾ, ਨਾ ਭਾਰ ਜਾਏ ਉਠਾਇਆ ਏ। ਆਪੇ ਕਰੇ ਖੰਡ ਖੰਡਾ, ਇਕ ਚਲਾਏ ਚੰਡ ਪਰਚੰਡਾ, ਮੇਟ ਮਿਟਾਏ ਭੇਖ ਪਖੰਡਾ, ਜੋਤੀ ਜਾਮਾ ਹਰਿ ਜੀ ਪਾਇਆ ਏ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਮਾਝੇ ਦੇਸ ਵੇਸ ਹਰਿ, ਸੰਬਲ ਦੇਸ ਭੇਸ ਵਟਾਇਆ ਏ। ਸੰਬਲ ਰੁਤ ਸੁਹਾਈ ਸ਼ਬਦ ਜਰਵਾਣਿਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਆਪ ਉਠਾਏ ਰਾਜੇ ਰਾਣਿਆ। ਗੁਰਮੁਖ ਉਪਜਾਏ ਸਾਚੇ ਸੁਤ, ਚੜ੍ਹਾਏ ਸ਼ਬਦ ਸਚ ਬਿਬਾਣਿਆ। ਬੇਮੁਖ ਜੀਵਾਂ ਖਾਲੀ ਦਿਸਣ ਬੁੱਤ, ਭੁਲੇ ਨਰ ਹਰਿ ਸ੍ਰੀ ਭਗਵਾਨਿਆ। ਚਾਰੋਂ ਕੁੰਟ ਪਿਆ ਮੁਖ ਥੁੱਕ, ਵੇਲੇ ਅੰਤ ਸਰਬ ਪਛਤਾਨਿਆ। ਕਲਜੁਗ ਦਾਣਾ ਪਾਣੀ ਗਿਆ ਮੁੱਕ, ਦਰ ਘਰ ਸਾਚੇ ਨਾ ਹੋਏ ਪਰਵਾਨਿਆ। ਵੇਲਾ ਅੰਤਮ ਆਇਆ ਢੁੱਕ, ਲੱਥੇ ਤਾਜ ਰਾਜੇ ਰਾਣਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਜੋਤ ਧਰ, ਪਰਗਟ ਹੋਏ ਵਿਚ ਮੈਦਾਨਿਆ। ਪਰਗਟ ਹੋਏ ਵਾਲੀ ਦੋ ਜਹਾਨ, ਸ਼ਬਦ ਨਗਾਰਿਆ। ਸ਼ਬਦ ਫੜੇ ਤੀਰ ਕਮਾਨ, ਖਿਚੀ ਜਾਏ ਵਾਰੋ ਵਾਰਿਆ। ਆਪ ਉਠਾਏ ਰਾਜ ਰਾਜਾਨ, ਜੋਤ ਸਰੂਪੀ ਨੌਜਵਾਨ, ਚਿੱਟੇ ਅਸਵ ਕਸੇ ਤੰਗ, ਧਰਤ ਮਾਤ ਰੰਗੇ ਰੰਗ, ਕਰੇ ਖੇਲ ਅਪਰ ਅਪਾਰਿਆ। ਚਾਰੋਂ ਕੁੰਟ ਹੋਈ ਨੰਗ, ਕੋਈ ਨਾ ਦੀਸੇ ਅੰਗ ਸੰਗ, ਇਕ ਮੁਹੰਮਦ ਮੰਗੀ ਮੰਗ, ਸਦੀ ਚੌਧਵੀਂ ਭੇਦ ਚੁੱਕਾ ਰਿਹਾ। ਗੁਰ ਗੋਬਿੰਦਾ ਅੰਗ ਸੰਗ, ਨਾਮ ਵਜਾਏ ਇਕ ਮਰਦੰਗ, ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਸਾਚਾ ਸੰਗ ਨਿਭਾ ਰਿਹਾ। ਸੰਬਲ ਦੇਸ ਧਾਮ ਸੁਹਾਇਆ ਏ। ਕਾਇਆ ਨਗਰੀ ਜੋਤੀ ਜਾਮਾ ਪਾਇਆ ਏ। ਗੁਰ ਗੋਬਿੰਦਾ ਵਾਲੀ ਦੋ ਜਹਾਨਾਂ, ਸ਼ਾਹ ਸੁਲਤਾਨਾਂ ਵੇਸ ਅਵੇਸਾ ਕਰ ਕਰ ਆਇਆ ਏ। ਆਪ ਮਿਟਾਏ ਸਗਲੀ ਚਿੰਦਾ, ਵਾਲੀ ਹਿੰਦਾ ਰਿਹਾ ਉਠਾਇਆ ਏ। ਆਤਮ ਤੋੜੇ ਵੱਜਾ ਜਿੰਦਾ, ਤਿਖਾ ਤੀਰ ਹੱਥ ਉਠਾਇਆ ਏ। ਗੁਰਮੁਖ ਉਪਜਾਏ ਸਾਚੀ ਬਿੰਦਾ, ਦਰਸ ਅਮੋਘਾ ਇਕ ਕਰਾਇਆ ਏ। ਲੱਖ ਚੁਰਾਸੀ ਕਰਨੀ ਨਿੰਦਾ, ਭੇਵ ਕਿਸੇ ਨਾ ਪਾਇਆ ਏ। ਵਡ ਦਾਤਾ ਗੁਣੀ ਗਹਿੰਦਾ, ਸਰਬ ਜੀਆਂ ਆਪ ਬਖ਼ਸ਼ਿੰਦਾ, ਆਦਿਨ ਅੰਤਾ ਪੂਰਨ ਭਗਵੰਤਾ, ਸਰਬ ਜੀਆਂ ਏਕਾ ਰਘੁਰਾਇਆ ਏ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਸ਼ਬਦ ਨਗਾਰਾ ਇਕ ਰਖਾਇਆ ਏ। ਸ਼ਬਦ ਨਗਾਰਾ ਹਰਿ ਵਜਾਇੰਦਾ। ਚਰਨ ਟਿਕਾਇਆ ਬਿਆਸ ਪਾਰ ਕਿਨਾਰਾ, ਦੇਸ ਮਾਲਵਾ ਆਪ ਸੁਹਾਇੰਦਾ। ਵੇਖਣ ਜਾਏ ਵਾਰੋ ਵਾਰਾ, ਰਾਣਾ ਸੰਗਰੂਰ ਹਰਿ ਜਗਾਇੰਦਾ। ਚਾਰੋਂ ਕੁੰਟਾਂ ਆਉਣੀ ਹਾਰਾ, ਨਾ ਕੋਈ ਦੀਸੇ ਮੀਤ ਮੁਰਾਰਾ, ਨਾ ਕੋਈ ਨਾਰੀ ਨਾ ਕੋਈ ਨਾਰਾ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਪਰਗਟ ਹੋਏ ਨਿਹਕਲੰਕ ਬਲੀ ਬਲਕਾਰਾ, ਤਿਖੀ ਰਖੇ ਹਰਿ ਜੀ ਧਾਰਾ, ਆਪੇ ਵੇਖੇ ਜਮਨ ਕਿਨਾਰਾ, ਵਾਲੀ ਹਿੰਦ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਹਰਿ, ਸਾਚੀ ਜੋਤ ਜਗਾਇੰਦਾ। ਜਗੀ ਜੋਤ ਨਿਰੰਕਾਰ, ਭਗਤ ਰੁਸ਼ਨਾਈਆ। ਘਰ ਘਰ ਹੋਏ ਵਿਚਾਰ, ਕੋਈ ਨਾ ਪਾਵੇ ਸਾਰ, ਗਿਆਨੀ ਧਿਆਨੀ ਪੜ੍ਹ ਪੜ੍ਹ ਥੱਕੇ ਗਏ ਹਾਰ, ਸਾਚਾ ਲੇਖ ਨਾ ਕੋਈ ਲਿਖਾਈਆ। ਪਵਣ ਘੋੜਾ ਸ਼ਬਦ ਅਸਵਾਰ, ਜੋਤੀ ਜਾਮਾ ਭੇਖ ਨਿਆਰ, ਲੋਆਂ ਪੁਰੀਆਂ ਵਸੇ ਬਾਹਰ, ਨੌਂ ਦਵਾਰੇ ਗੁਪਤ ਜਾਹਰ, ਦਸਵੇਂ ਸਦਾ ਰਹੇ ਸਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰਿਆ ਵੇਸ ਸਾਚੇ ਦੇਸ ਨਰ ਨਰੇਸ਼ ਆਪਣਾ ਆਪ ਸੁਹਾਈਆ। ਆਪ ਸੁਹਾਇਆ ਦੇਸ ਵਣਜ ਵਣਜਾਰਿਆ। ਵੇਖ ਵਖਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਸਚ ਦਵਾਰੇ ਬੰਕ ਅੰਕ ਇਕ ਵਖਾ ਰਿਹਾ। ਜੋਤੀ ਜਾਮਾ ਹਰਿ ਦਸਮੇਸ਼, ਨੇਤਰ ਨੈਣ ਲੋਚਨ ਲੈਣਾ ਪੇਖ, ਸਾਚੀ ਰਚਨਾ ਹਰਿ ਰਚਾ ਰਿਹਾ। ਪਾਰਬ੍ਰਹਮ ਬ੍ਰਹਮ ਪਰਵੇਸ਼, ਰੂਪ ਅਗੰਮਾ ਅਗੰਮ ਨਰੇਸ਼, ਸਚ ਸਿੰਘਾਸਣ ਡੇਰਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣਾ ਭੇਵ ਆਪੇ ਆਪ ਛੁਪਾ ਰਿਹਾ। ਕਵਣ ਫਕੀਰ ਸ਼ਾਹ ਹਕੀਰ ਕਵਣ ਵਜਾ ਤਨ ਜੰਜੀਰ। ਕਵਣ ਦਵਾਰੇ ਰਿਹਾ ਭੱਜਾ, ਅੰਮ੍ਰਿਤ ਨਾ ਮਿਲੇ ਸਾਚਾ ਸੀਰ। ਕਾਇਆ ਪੜਦਾ ਨਾ ਕਿਸੇ ਕੱਜਾ, ਦਰਸ ਨਾ ਪਾਇਆ ਗਹਿਰ ਗੰਭੀਰ। ਭਾਂਡਾ ਭਰਮ ਜਗਤ ਨਾ ਭੱਜਾ, ਹੋਇਆ ਸ਼ਾਂਤ ਨਾ ਤਨ ਸਰੀਰ। ਸਚ ਸਿੰਘਾਸਣ ਬੈਠ ਨਾ ਸਜਾ, ਮਿਲਿਆ ਮੇਲ ਨਾ ਆਤਮ ਸੇਜਾ ਸਾਚੇ ਪੀਰ। ਦੂਈ ਦਵੈਤੀ ਜਿੰਦਾ ਵੱਜਾ, ਹਉਮੇ ਲੱਗੀ ਕਾਇਆ ਪੀੜ। ਅੰਮ੍ਰਿਤ ਧਾਰ ਨਾ ਤਨ ਮਨ ਸਿੰਚਾ, ਵੇਲੇ ਅੰਤ ਨਾ ਕਟੇ ਕੋਈ ਭੀੜ। ਤ੍ਰਿਸਨਾ ਅਗਨੀ ਜਗਤ ਦਝਾ, ਆਪੇ ਵੇਖੇ ਹਸਤ ਕੀੜ। ਨੇਤਰ ਕਿਸੇ ਨਾ ਖੁਲ੍ਹੇ ਤੀਜਾ, ਨਾ ਕੋਈ ਚੜ੍ਹਿਆ ਚੋਟੀ ਇਕ ਅਖ਼ੀਰ। ਗੁਰਮੁਖ ਵਿਰਲੇ ਤਨ ਮਨ ਪ੍ਰਭ ਸ਼ਬਦ ਵਿਧਾ, ਵੇਲੇ ਅੰਤਮ ਬੰਨ੍ਹੇ ਬੀੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਤਨ ਸ਼ਬਦ ਸਾਚੇ ਚੀਰ। ਕਵਣ ਫਕੀਰ ਸ਼ਾਹ ਮੌਲਾਣਾ। ਕਵਣ ਵੇਖੇ ਸਾਚਾ ਨੀਰ, ਕਵਣ ਜੋਤੀ ਮਹਿੰਦੀ ਹੱਥੀਂ ਬੰਨ੍ਹੇ ਗਾਨਾ। ਕਵਣ ਰਸਨਾ ਖਿੱਚੇ ਤੀਰ, ਮਾਰੇ ਪੰਚਾਂ ਇਕ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਜੋਤ ਸਰੂਪੀ ਡਗਮਗਾਨਾ। ਜਗਤ ਫਕੀਰ ਅੱਲਾ ਨੂਰ। ਤਨ ਵੇਖੇ ਚੀਰ, ਹਰਿ ਦਿਸੇ ਦੂਰ। ਕਵਣ ਘਰ ਜੋਤ ਉਜਾਲਾ, ਚੌਦਾਂ ਹੱਟਾਂ ਕੋਹਤੂਰ। ਚੌਦੀਂ ਤਬਕੀਂ ਹੋਏ ਉਜਾਲਾ, ਆਪ ਕਰਾਏ ਵਡ ਵਡ ਸੂਰ। ਭਗਤ ਜਨਾਂ ਸਦ ਹੋਏ ਰਖਵਾਲਾ, ਆਸਾ ਮਨਸਾ ਹਰਿ ਜੀ ਪੂਰ। ਮਨ ਕਾਜੀ ਤਨ ਸ਼ੇਖ਼ ਮੌਲਾਨਾ। ਕਵਣ ਦਵਾਰੇ ਬਣਿਆ ਹਾਜੀ, ਮੱਕਾ ਕਾਅਬਾ ਕਿਸ ਟਿਕਾਨਾ। ਸ਼ਬਦ ਘੋੜਾ ਕਿਹੜਾ ਮਿਲਿਆ ਤਾਜੀ, ਦਹਿ ਦਿਸ਼ਾ ਜਿਸ ਭਵਾਣਾ। ਪੰਜੇ ਚੋਰ ਮਗਰ ਲੱਗੇ ਨਿਮਾਜੀ, ਵੇਲੇ ਅੰਤ ਖਾਕ ਰੁਲਾਣਾ। ਗੁਰਮੁਖ ਵਿਰਲੇ ਸੰਤ ਜਨ ਪ੍ਰਭ ਸਾਜਨ ਸਾਚੀ ਸਾਜੀ, ਦੇਵੇ ਦਰਸ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਜੀਆ ਦਾਨਾ। ਸ਼ੇਖ਼ ਪੀਰ ਮੁਸਾਇਕ ਨੂਰ ਅਲਾਹੀਆ। ਸ੍ਰਿਸ਼ਟ ਸਬਾਈ ਏਕਾ ਨਾਇਕ, ਜਗਤ ਮਲਾਹੀਆ। ਨੂਰ ਅਲਾਹੀ ਪਾਕੀ ਪਾਕ, ਲੱਖ ਚੁਰਾਸੀ ਮਾਟੀ ਖ਼ਾਕ ਅੰਤ ਖਾਕ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਸਚ ਫਕੀਰੀ ਇਕ ਘਰ, ਦੂਜਾ ਨਾ ਕੋਇ ਮੰਗੇ ਵਰ, ਮਿਲੇ ਦਰ ਰਘੁਪਤ ਰਘੁਰਾਈਆ। ਸ਼ਬਦ ਸੁਰਤ ਜਨ ਮੇਲ, ਭਰਮ ਭਉ ਕਟਿਆ। ਸੁਰਤ ਸ਼ਬਦ ਜਨ ਮੇਲ, ਵਖਾਏ ਖੇਲ ਚੌਦਾਂ ਹਟਿਆ। ਸੁਰਤ ਸ਼ਬਦ ਜਨ ਮੇਲ, ਨੁਹਾਏ ਅੰਮ੍ਰਿਤ ਆਤਮ ਸਾਚੇ ਸਰ ਤੀਰਥ ਤੱਟਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪੇ ਆਪ ਲਪੇਟੇ ਸਾਚੇ ਪਟਿਆ। ਸੁਰਤ ਸ਼ਬਦ ਜਨ ਮੇਲ, ਸਚ ਵਖਾਣਿਆ। ਸੁਰਤ ਸ਼ਬਦ ਜਨ ਮੇਲ, ਪਵਣ ਬਿਬਾਣ ਆਪ ਉਡਾਣਿਆ। ਸੁਰਤ ਸ਼ਬਦ ਜਨ ਮੇਲ, ਸੁਰਤੀ ਸੁਰਤ ਬੰਧ ਬੰਧਾਨਿਆ। ਸੁਰਤ ਸ਼ਬਦ ਜਨ ਮੇਲ, ਭਰਮਾਂ ਕੰਧ ਆਤਮ ਅੰਧ ਦੂਰ ਕਰਾਨਿਆ। ਸੁਰਤ ਸ਼ਬਦ ਜਨ ਮੇਲ, ਪੰਚਾਂ ਕਟੇ ਫੰਦ ਦੇਵੇ, ਦਾਨ ਸਾਚਾ ਦਾਨਿਆ। ਸੁਰਤ ਸ਼ਬਦ ਜਨ ਮੇਲ, ਸੋਹੰ ਬੰਨ੍ਹੇ ਕੱਚਾ ਤੰਦ, ਜੋਤੀ ਮੇਲ ਸ੍ਰੀ ਭਗਵਾਨਿਆ। ਸੁਰਤ ਸ਼ਬਦ ਜਨ ਮੇਲ, ਜੋਤ ਜਗਾਏ ਬੰਦ ਬੰਦ, ਬਹੱਤਰ ਨਾੜੀ ਇਕ ਟਿਕਾਣਿਆ। ਸੁਰਤ ਸ਼ਬਦ ਜਨ ਮੇਲ, ਗੁਰਮੁਖ ਚੜ੍ਹਿਆ ਸਾਚਾ ਚੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਸੁਰਤ ਸ਼ਬਦ ਜਨ ਮੇਲ, ਨਿਜ ਘਰ ਵਾਸਿਆ। ਸੁਰਤ ਸ਼ਬਦ ਜਨ ਮੇਲ, ਦੇਵਣਹਾਰ ਇਕ ਭਰਵਾਸਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਖੇਲੇ ਖੇਲ ਜਗਤ ਤਮਾਸ਼ਿਆ। ਅੰਮ੍ਰਿਤ ਧਾਰ ਧਾਰ ਹਰਿ ਵਹਾਇੰਦਾ। ਕਿਰਪਾ ਕਰ ਕਰ ਵਿਚਾਰ, ਹਉਮੇ ਰੋਗ ਗਵਾਇੰਦਾ। ਕਾਇਆ ਭਾਂਡਾ ਕਰ ਉਜਿਆਰ, ਮਾਟੀ ਚਾਟੀ ਪੋਚ ਪੁਚਾਇੰਦਾ। ਸ਼ਬਦ ਰੱਖੇ ਅਪਰ ਅਪਾਰ, ਸਾਚੀ ਵਸਤ ਇਕ ਟਿਕਾਇੰਦਾ। ਅੰਮ੍ਰਿਤ ਦੇਵੇ ਕਰ ਪਿਆਰ, ਜੋ ਜਨ ਆਏ ਦਰ ਦਵਾਰ, ਕਾਇਆ ਰੋਗ ਜਗਤ ਸੋਗ ਸਰਬ ਮਿਟਾਇੰਦਾ। ਏਕਾ ਬਖ਼ਸ਼ੇ ਦਰਸ ਅਮੋਘ, ਸ਼ਬਦ ਚੁਗਣੀ ਸਾਚੀ ਚੋਗ, ਕਾਗ ਹੰਸ ਬਣਾਇੰਦਾ। ਲੇਖਾ ਲੇਖ ਧੁਰ ਸੰਜੋਗ, ਰਸਨ ਰਸ ਲੈਣ ਭੋਗ, ਕਲਜੁਗ ਵਿਜੋਗ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਲੀ ਭੰਡਾਰੇ ਰਿਹਾ ਭਰ, ਜੋ ਜਨ ਇਕ ਧਿਆਨ ਲਗਾਇੰਦਾ। ਖਾਲੀ ਭਰੇ ਭੰਡਾਰ, ਹਰਿ ਭਗਵੰਤਿਆ। ਖੋਲ੍ਹੇ ਸਚ ਦਵਾਰ, ਆਦਿਨ ਅੰਤਿਆ। ਦੁੱਖੜੇ ਰੋਗ ਰਿਹਾ ਨਿਵਾਰ, ਕਾਇਆ ਕਰੇ ਠੰਡੀ ਠਾਰ, ਜਨ ਕਰੇ ਦੋਏ ਜੋੜ ਬੇਨੰਤੀਆ। ਮਿਲਿਆ ਮੇਲ ਸਚ ਭਤਾਰ, ਵੇਖੇ ਬੈਠ ਸੱਚੀ ਸਰਕਾਰ, ਚਾਰ ਵਰਨਾਂ ਇਕ ਸਰਦਾਰ, ਆਪੇ ਬਣਾਏ ਸਾਚੀ ਬਣਤਿਆ। ਕਾਗ ਬਣਾਏ ਹੰਸ ਉਡਾਰ, ਧੋਏ ਦਾਗ ਅੰਮ੍ਰਿਤ ਧਾਰ, ਨਾ ਕੋਈ ਜਾਣੇ ਨਰ ਨਾਰ, ਮਿਲੇ ਵਡਿਆਈ ਜੀਵ ਜੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਸਾਚਾ ਧਾਮ ਆਪ ਸੁਹੰਤਿਆ। ਸਾਚਾ ਧਾਮ ਸੁਹਾਏ ਧਰਮ ਨਿਸ਼ਾਨਿਆ। ਜੋਤੀ ਰਾਮ ਜਗਾਏ ਸ੍ਰੀ ਭਗਵਾਨਿਆ। ਪੂਰਨ ਕਾਮ ਕਰਾਏ ਦੇਵੇ ਦਾਨਿਆ। ਸੁੱਕਾ ਹਰਿਆ ਕਰੇ ਚਾਮ, ਬਖ਼ਸ਼ੇ ਜੀਆ ਦਾਨਿਆ। ਗੁਰਮੁਖਾਂ ਮਿੱਟੇ ਆਤਮ ਰੈਣ ਅੰਧੇਰੀ ਸ਼ਾਮ, ਦੀਪਕ ਜੋਤੀ ਇਕ ਜਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਨਿਸ਼ਾਨਿਆ। ਅੰਮ੍ਰਿਤ ਮੁਖ ਚੁਆਏ, ਰੋਗ ਮਿਟਾਇੰਦਾ। ਏਕਾ ਸੁਖ ਉਪਜਾਏ, ਸੋਗ ਗਵਾਇੰਦਾ। ਹੋਏ ਸਹਾਈ ਸਭਨੀਂ ਥਾਈਂ, ਦਿਵਸ ਰੈਣ ਸੇਵ ਕਮਾਇੰਦਾ। ਵੇਖ ਵਖਾਣੇ ਥਾਉਂ ਥਾਈਂ, ਦੂਰ ਨੇੜੇ ਆਪ ਸਮਾਇੰਦਾ। ਆਪੇ ਪਿਤਾ ਆਪੇ ਮਾਈ, ਬਾਲਕ ਸੀਰ ਆਪ ਪਿਆਇੰਦਾ। ਆਪੇ ਹੰਸ ਬਣਾਏ ਕਾਏ, ਮਾਣਕ ਮੋਤੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਰੋਗ ਚਿੰਤਾ ਸੋਗ ਰਸਨਾ ਰਸ ਭੋਗ ਆਪੇ ਆਪ ਮਿਟਾਇੰਦਾ।।
